ਮੁਨਾਫੇ ਦੇ ਗੋਰਖਧੰਦੇ ‘ਚ ਬਲੀ ਚੜਦਾ ਵਿਗਿਆਨ ਤੇ ਤੜਫਦਾ ਇਨਸਾਨ •ਨਵਮੀਤ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਹਿਣ ਨੂੰ ਤਾਂ ਵਿਗਿਆਨ ਮਨੁੱਖ ਦਾ ਸੇਵਕ ਹੈ, ਪਰ ਸਰਮਾਏਦਾਰੀ ਵਿੱਚ ਇਹ ਸਿਰਫ ਮੁਨਾਫਾ ਕਮਾਉਣ ਦਾ ਇੱਕ ਸਾਧਨ ਬਣਕੇ ਰਹਿ ਗਿਆ ਹੈ। ਮੁਨਾਫੇ ਦੀ ਕਦੇ ਨਾ ਮਿਟਣ ਵਾਲ਼ੀ ਭੁੱਖ ਨਾਲ਼ ਗ੍ਰਸਤ ਇਹ ਸਰਮਾਏਦਾਰਾ ਢਾਂਚਾ ਮਨੁੱਖ ਦੇ ਨਾਲ਼-ਨਾਲ਼ ਮਨੁੱਖੀ ਕਦਰਾਂ ਤੇ ਸੰਵੇਦਨਾਵਾਂ ਨੂੰ ਵੀ ਨਿਗਲ਼ਦਾ ਜਾ ਰਿਹਾ ਹੈ। ਵਿਗਿਆਨ ਦੇ ਹੀ ਇੱਕ ਖੇਤਰ ਚਕਿਤਸਾ ਵਿਗਿਆਨ ਦੀ ਮਿਸਾਲ ਅਸੀਂ ਵੇਖ ਸਕਦੇ ਹਾਂ। ਵਿਗਿਆਨ ਦੇ ਕਿਸੇ ਹੋਰ ਖੇਤਰ ਵਾਂਗ ਚਕਿਤਸਾ ਵਿਗਿਆਨ ਨੇ ਵੀ ਪਿਛਲੇ ਕੁੱਝ ਦਹਾਕਿਆਂ ਵਿੱਚ ਲਾਮਿਸਾਲ ਤਰੱਕੀ ਕੀਤੀ ਹੈ ਅਤੇ ਇਸਦੀ ਬਦੌਲਤ ਅਸੀਂ ਲਾਮਿਸਾਲ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ। ਇਸ ਨਾਲ਼ ਅਨੇਕ ਬਿਮਾਰੀਆਂ ‘ਤੇ ਜਿੱਤ ਹਾਸਲ ਕੀਤੀ ਹੈ ਤੇ ਅਨੇਕਾਂ ਬਿਮਾਰੀਆਂ ਨਾਲ਼ ਲੜਨ ਦੇ ਮਨੁੱਖ ਸਮਰੱਥ ਹੋਇਆ ਹੈ। ਪਰ ਵਿਗਿਆਨ ਦੇ ਹੋਰਨਾਂ ਖੇਤਰਾਂ ਵਾਂਗ ਚਕਿਤਸਾ ਵਿਗਿਆਨ ਵੀ ਸਰਮਾਏਦਾਰੀ ਦੇ ਚੁੰਗਲ਼ ਵਿੱਚ ਇੰਨਾ ਜਕੜਿਆ ਹੋਇਆ ਹੈ ਕਿ ਉੱਚੀਆਂ ਮਨੁੱਖੀ ਕਦਰਾਂ ‘ਤੇ ਅਧਾਰਤ ਇਹ ਵਿਗਿਆਨ ਵੀ ਸਿਰਫ ਮੁਨਾਫੇ ਕਮਾਉਣ ਦਾ ਖੇਤਰ ਬਣਕੇ ਰਹਿ ਗਿਆ ਹੈ। ਇਸ ਢਾਂਚੇ ਵਿੱਚ ਮਰੀਜ ਨੂੰ ਮਰੀਜ ਨਹੀਂ ਸਗੋਂ ਗਾਹਕ ਸਮਝਿਆ ਜਾਂਦਾ ਹੈ ਜਿਸਨੂੰ ਦਵਾਈਆਂ ਅਤੇ ਇਲਾਜ ਵੇਚਿਆ ਜਾਂਦਾ ਹੈ। ਡਾਕਟਰਾਂ, ਦਵਾ ਕੰਪਨੀਆਂ ਤੋਂ ਲੈ ਕੇ ਇਸ ਕਿੱਤੇ ਨਾਲ਼ ਜੁੜੇ ਜਿਆਦਾਤਰ ਲੋਕ ਮੁਨਾਫੇ ਦੀ ਇਸ ਦਲਦਲ ਵਿੱਚ ਬੁਰੀ ਤਰਾਂ ਖੁੱਭੇ ਹੋਏ ਹਨ।

ਇਸ ਸਬੰਧੀ ਕੁੱਝ ਦਿਨ ਪਹਿਲਾਂ ਦੀ ਖਬਰ ਹੈ ਕਿ ਅਮਰੀਕਾ ਵਿੱਚ ਇੱਕ ਦਵਾ ਕੰਪਨੀ ਟੂਰਿੰਗ ਫਾਰਮ ਨੇ “ਡੈਰਾਪ੍ਰਿਮ” ਨਾਮਕ ਦਵਾਈ ਨੂੰ ਬਣਾਉਣ ਤੇ ਵੇਚਣ ਦੇ ਹੱਕ ਖਰੀਦੇ ਹਨ। ਇਹ ਦਵਾਈ ‘ਟਾਕਸੋਪਲਾਜਮੋਸਿਸ’ ਨਾਂ ਦੀ ਇੱਕ ਬਿਮਾਰੀ ਤੇ ਕੁੱਝ ਹੋਰ ਦਵਾਈਆਂ ਸਮੇਤ ਏਡਜ਼ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ। ਲੱਖਾਂ ਏਡਜ਼ ਗ੍ਰਸਤ ਲੋਕਾਂ ਲਈ ਇਹ ਦਵਾਈ ਸੰਜੀਵਨੀ ਦਾ ਕੰਮ ਕਰਦੀ ਹੈ। ਇਸ ਦਵਾਈ ਦੇ ਹੱਕ ਖਰੀਦਣ ਸਾਰ ਹੀ ਇਸ ਕੰਪਨੀ ਨੇ ਜੋ ਪਹਿਲਾ ਕੰਮ ਕੀਤਾ ਉਹ ਇਹ ਕਿ ਇਸ ਦਵਾਈ ਦੀ ਕੀਮਤ, ਜੋ ਪਹਿਲਾਂ ਪ੍ਰਤੀ ਗੋਲ਼ੀ 13.50 ਡਾਲਰ ਸੀ ਅਗਲੇ ਹੀ ਦਿਨ ਵਧਾਕੇ 750 ਅਮਰੀਕੀ ਡਾਲਰ ਪ੍ਰਤੀ ਗੋਲ਼ੀ ਕਰ ਦਿੱਤੀ। ਮਰੀਜ ਦੇ ਇਲਾਜ ਉੱਤੇ ਹੋਣ ਵਾਲ਼ਾ ਖਰਚਾ ਜੋ ਪਹਿਲਾਂ ਸਿਰਫ਼ 1130 ਡਾਲਰ ਸੀ, ਵਧਕੇ 63,000 ਡਾਲਰ ਹੋ ਗਿਆ ਹੈ। ਇਸ ਹਿਸਾਬ ਨਾਲ਼ ਜੇਕਰ ਇੱਕ ਸਾਲ ਦੇ ਇਲਾਜ ਦਾ ਖਰਚਾ ਵੇਖੀਏ ਤਾਂ ਇਹ ਹੁਣ 6,00,000 ਡਾਲਰ ਯਾਨੀ ਤਕਰੀਬਨ 3,90,00,000 ਰੁਪਏ ਹੋ ਜਾਂਦਾ ਹੈ। ਕੰਪਨੀ ਦੇ ਸੀ.ਈ.ਓ. ਮਾਰਟਿਨ ਸ਼ਕਰੇਲੀ ਨੇ ਇਸ ਵਾਧੇ ਬਾਰੇ ਬੇਸ਼ਰਮੀ ਨਾਲ਼ ਕਿਹਾ ਕਿ ਉਸਨੇ ਆਪਣੀ ਕੰਪਨੀ ਦੇ ਸ਼ੇਅਰ ਧਾਰਕਾਂ ਦੇ ਹਿਤਾਂ ਦਾ ਧਿਆਨ ਰੱਖਣਾ ਹੈ। ਸਾਫ਼ ਹੈ ਕਿ ਲੋਕਾਂ ਦੇ ਇਲਾਜ ਨਾਲ਼ ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਹੈ। ਭਾਵੇਂ 20%, 50%, 100% ਜਾਂ 200% ਤੱਕ ਵੀ ਕੀਮਤਾਂ ਵਿੱਚ ਵਾਧਾ ਅਕਸਰ ਹੁੰਦਾ ਰਹਿੰਦਾ ਹੈ ਪਰ ਇਸ ਵਾਰ ਤਾਂ ਇੰਨਾ ਵਾਧਾ ਕੀਤਾ ਗਿਆ ਹੈ ਕਿ ਇਸਦਾ ਵਿਰੋਧ ਸਰਮਾਏਦਾਰਾ ਮੀਡਿਆ ਵਿੱਚ ਵੀ ਦੇਖਣ ਨੂੰ ਮਿਲ਼ ਰਿਹਾ ਹੈ। ਚੌਤਰਫਾ ਥੂ-ਥੂ ਹੋਣ ਪਿੱਛੋਂ ਇੰਨੇ ਵੱਡੇ ਵਾਧੇ ਨੂੰ ਤਾਂ ਸ਼ਾਇਦ ਇਹ ਕੰਪਨੀ ਘੱਟ ਵੀ ਕਰ ਦੇਵੇ, ਪਰ ਗੱਲ ਸਿਰਫ ਇੱਕ ਕੰਪਨੀ ਜਾਂ ਇੱਕ ਦਵਾਈ ਦੀ ਨਹੀਂ ਹੈ। ਅਸਲ ਵਿੱਚ ਇਹ ਘਟਨਾ ਪਾਣੀ ਵਿੱਚ ਡੁੱਬੇ ਹਿਮਾਲਿਆ ਪਰਬਤ ਦਾ ਬਹੁਤ ਥੋੜ੍ਹਾ ਜਿਹਾ ਦਿਸਣ ਵਾਲ਼ਾ ਹਿੱਸਾ ਹੀ ਹੈ। ਪੂਰਾ ਹਿਮਾਲਿਆ ਪਰਬਤ ਤਾਂ ਬਹੁਤ ਵੱਡਾ ਹੈ ਜੋ ਵਿਖਾਈ ਹੀ ਨਹੀਂ ਦਿੰਦਾ। ਹਾਂ, ਅਸੀਂ ਇਹ ਜਰੂਰ ਕਹਿ ਸਕਦੇ ਹਾਂ ਕਿ ਇਹ ਘਟਨਾ ਮੁਨਾਫੇ ਉੱਤੇ ਆਧਾਰਿਤ ਇਸ ਢਾਂਚੇ ਨੂੰ ਨੰਗਾ ਕਰਨ ਵਾਲ਼ੀ ਇੱਕ ਵੱਡੀ ਮਿਸਾਲ ਹੈ।

ਇਹ ਸਭ ਕੰਪਨੀਆਂ ਨਵੀਆਂ ਦਵਾਈਆਂ ਦੀ ਸਿਰਫ ਮਾਰਕਿਟਿੰਗ ਅਤੇ ਕਾਰੋਬਾਰ ਕਰਦੀਆਂ ਹਨ, ਕੋਈ ਖੋਜ ਨਹੀਂ। ਇਸ ਤਰਾਂ ਇਹਨਾਂ ਕੰਪਨੀਆਂ ਨੂੰ ਲਗਾਤਾਰ ਲਾਭ ਹੀ ਹੋਇਆ ਹੈ। ਇਹਨਾਂ ਦੇ ਇਸ ਲਾਭ ਦਾ ਕਿਰਤੀ ਲੋਕਾਂ ਦੀ ਜੇਬ ਉੱਤੇ ਬਹੁਤ ਭਾਰ ਪੈਂਦਾ ਹੈ। ਮੌਜੂਦਾ  ਸੰਸਾਰ ਵਿਆਪੀ ਆਰਥਕ ਸੰਕਟ ਕਾਰਨ ਦਾ ਅਸਰ ਦਵਾ ਸੱਨਅਤ ‘ਤੇ ਵੀ ਦਿਸ ਰਿਹਾ ਹੈ। ਆਰਥਕ ਸੰਕਟ ਵਿੱਚ ਮੰਡੀਆਂ ਜਿਣਸਾਂ ਨਾਲ਼ ਡੱਕੀਆਂ ਪਈਆਂ ਹੁੰਦੀਆਂ ਹਨ ਤੇ ਵਿਆਪਕ ਲੋਕਾਂ ਦੀ ਸਾਪੇਖ ਖਰੀਦ ਸ਼ਕਤੀ ਨਾਂਹ ਬਰਾਬਰ ਹੁੰਦੀ ਹੈ ਜਿਸ ਕਾਰਨ ਜ਼ਿਆਦਾਤਰ ਜਿਣਸਾਂ ਨਹੀਂ ਵਿਕਦੀਆਂ ਤੇ ਨਤੀਜਾ ਸਰਮਾਏਦਾਰਾਂ ਨੂੰ ਮੁਨਾਫਾ ਨਹੀਂ ਮਿਲ਼ਦਾ। ਸਰਮਾਇਆ ਫਸਣ ਕਾਰਨ ਵਿਆਪਕ ਰੂਪ ‘ਚ ਬੇਰੁਜਗਾਰੀ ਫੈਲ ਜਾਂਦੀ ਹੈ, ਜਿਸ ਨਾਲ਼ ਸੰਕਟ ਹੋਰ ਜ਼ਿਆਦਾ ਵਧ ਜਾਂਦਾ ਹੈ। ਇਸਨੂੰ ਦਵਾ ਸੱਨਅਤ ਨਾਲ਼ ਜੋੜ ਕੇ ਵੇਖੀਏ ਕਿ ਕਿਸੇ ਵੀ ਹੋਰ ਉਪਜ ਵਾਂਗ ਦਵਾਈ ਵੀ ਇੱਕ ਜਿਣਸ ਹੁੰਦੀ ਹੈ। ਜਦੋਂ ਆਰਥਕ ਸੰਕਟ ਆਉਂਦਾ ਹੈ ਤਾਂ ਹਰ ਖੇਤਰ ਵਾਂਗ ਇਹ ਇਸਨੂੰ ਵੀ ਚਪੇਟ ਵਿੱਚ ਲੈ ਲੈਂਦਾ ਹੈ। ਅਜੋਕੇ ਸਮੇਂ ਵਿੱਚ ਦਵਾ ਸੱਨਅਤ ਵੀ ਸੰਕਟ ਦਾ ਸ਼ਿਕਾਰ ਹੈ। ਦੂਜੇ ਪਾਸੇ ਅਗਲੇ ਇੱਕ ਦਹਾਕੇ ਅੰਦਰ ਜਿਆਦਾਤਰ ਦਵਾਈਆਂ ਦੇ ਪੇਟੇਂਟ ਵੀ ਖਤਮ ਹੋਣ ਵਾਲ਼ੇ ਹਨ, ਤਾਂ ਏਕਾਧਿਕਾਰ ਖਤਮ ਹੋਣ ‘ਤੇ ਇਹਨਾਂ ਦੇ ਅਰਬਾਂ ਡਾਲਰ ਦੇ ਮੁਨਾਫੇ ਵਿੱਚ ਕੁੱਝ ਕਮੀ ਆ ਜਾਵੇਗੀ। ਇਸ ਲਈ ਇਹ ਹੁਣ ਆਪਣਾ ਧਿਆਨ ਘੱਟ ਇਸਤੇਮਾਲ ਹੋਣ ਵਾਲ਼ੀਆਂ ਦਵਾਈਆਂ ਉੱਤੇ ਕੇਂਦਰਤ ਕਰ ਰਹੇ ਹਨ ਜਿਨ੍ਹਾਂ ਵਿੱਚ ਮੁਕਾਬਲਾ ਬਹੁਤ ਘੱਟ ਹੈ। ਸਾਫ਼ ਹੈ ਕਿ ਇਸ ਖੇਤਰ ਵਿੱਚ ਮਨਮਰਜੀ ਦੀਆਂ ਕੀਮਤਾਂ ਵਧਾ ਕੇ ਮੁਨਾਫੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੂਰਿੰਗ ਫਾਰਮਾ ਦਾ ਇਹ ਕਦਮ ਵੀ ਇਸ ਗੱਲ ਨੂੰ ਸਾਬਤ ਕਰਦਾ ਹੈ।

ਦਵਾਈ ਦੀ ਕੀਮਤ ਵਿੱਚ ਵਾਧੇ ਨੂੰ ਜਾਇਜ ਸਿੱਧ ਕਰਨ ਦੀ ਕੋਸ਼ਸ਼ ਕਰਦੇ ਹੋਏ ਸ਼ਕਰੇਲੀ ਕਹਿ ਰਿਹਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਦਰਅਸਲ ਮਰੀਜਾਂ ਦੇ ਭਲੇ ਲਈ ਹੀ ਹੈ। ਸ਼ਕਰੇਲੀ ਨੇ ਦਲੀਲ ਦਿੱਤੀ ਹੈ ਕਿ ਇਸ ਵਾਧੂ ਮੁਨਾਫੇ ਦੀ ਵਰਤੋਂ ਮੈਡੀਕਲ ਖੋਜ ਲਈ ਕੀਤੀ ਜਾਵੇਗੀ ਜਿਸ ਨਾਲ਼ ਅੱਗੇ ਚਕਿਤਸਾ ਵਿਗਿਆਨ ਅਤੇ ਮਰੀਜਾਂ ਨੂੰ ਹੀ ਫਾਇਦਾ ਹੋਵੇਗਾ। ਪਰ ਜਿਸ ਤਰ੍ਹਾਂ ਦੀ ਖੋਜ ਸਰਮਾਏਦਾਰ ਕਰਦੇ ਹਨ ਉਹ ਵੀ ਕਿਸੇ ਤੋਂ ਲੁਕੀ ਨਹੀਂ ਹੋਈ ਹੈ। ਏਡਜ਼ ਇੱਕ ਲਾਇਲਾਜ਼ ਰੋਗ ਹੈ ਜਿਸਦੀ ਹੁਣੇ ਤੱਕ ਕੋਈ ਵੀ ਅਜਿਹੀ ਦਵਾਈ ਨਹੀਂ ਬਣੀ ਹੈ ਜੋ ਇਸਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇ ਅਤੇ ਨਾ ਹੀ ਇਸਦੀ ਕੋਈ ਵੈਕਸੀਨ ਹੁਣ ਤੱਕ ਇਜਾਦ ਹੋ ਸਕੀ ਹੈ। ਇਸ ਦਿਸ਼ਾ ਵਿੱਚ ਜੋ ਵੀ ਖੋਜ ਕਾਰਜ ਸ਼ੁਰੂ ਹੁੰਦਾ ਹੈ ਉਹ ਕਦੇ ਵੀ ਪੂਰਾ ਨਹੀਂ ਹੁੰਦਾ ਕਿਉਂਕਿ ਜਾਂ ਤਾਂ ਵੱਡੇ ਦਵਾਈ ਨਿਰਮਾਤਾ ਲਾਬਿੰਗ ਕਰਕੇ ਉਸਨੂੰ ਰੁਕਵਾ ਦਿੰਦੇ ਹਨ ਜਾਂ ਫਿਰ ਪੈਸੇ ਦੀ ਘਾਟ ਕਾਰਨ ਉਹ ਅੱਗੇ ਹੀ ਨਹੀਂ ਵਧਦਾ। ਇਸ ਪਿੱਛੇ ਕਾਰਨ ਇਹ ਹੈ ਕਿ ਜੇਕਰ ਕੋਈ ਵੈਕਸੀਨ ਜਾਂ ਅਜਿਹੀ ਦਵਾਈ ਇਜਾਦ ਹੋ ਗਈ ਜੋ ਇਸ ਰੋਗ ਨੂੰ ਜੜੋਂ ਖਤਮ ਕਰ ਦੇਵੇ ਤਾਂ ਇਹਨਾਂ ਕੰਪਨੀਆਂ ਦਾ ਉਹ ਮੁਨਾਫਾ ਘਟ ਜਾਵੇਗਾ ਜੋ ਇਹ ਮਰੀਜ ਨੂੰ ਸਾਲਾਂ ਤੱਕ ਦਵਾਈ ਵੇਚ ਕੇ ਕਮਾਉਂਦੀਆਂ ਹਨ। ਇਹ ਸਿਰਫ ਏਡਜ ਦੀ ਦਵਾਈ ਦੀ ਗੱਲ ਨਹੀਂ ਹੈ। 2007 ਵਿੱਚ ਅਲਬਰਟਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵੇਖਿਆ ਸੀ ਕਿ ਡੀਸੀਏ ਨਾਮ ਦਾ ਇੱਕ ਯੌਗਿਕ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਕੁਦਰਤੀ ਰੂਪ ਵਿੱਚ ਖਤਮ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦਾ ਹੈ। ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਪ੍ਰਯੋਗਾਂ ਵਿੱਚ ਇਹ ਰਸਾਇਣ ਕਈ ਤਰ੍ਹਾਂ ਦੇ ਕੈਂਸਰ ਨਾਲ਼ ਲੜਨ ਵਿੱਚ ਕਾਰਗਰ ਸਾਬਤ ਹੋਇਆ ਸੀ। ਕੈਂਸਰ ਤੋਂ ਬਿਨਾਂ ਵੀ ਮਾਇਟੋਕਾਂਡਰਿਆ ਨਾਲ਼ ਸਬੰਧਿਤ ਕਈ ਬਿਮਾਰੀਆਂ ਵਿੱਚ ਇਹ ਯੋਗਿਕ ਲੰਬੇ ਸਮਾਂ ਤੋਂ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਇਸਦੇ ਮਨੁੱਖੀ ਸਰੀਰ ਉੱਤੇ ਪੈਣ ਵਾਲੇ ਪ੍ਰਭਾਵ ਵੀ ਵਿਗਿਆਨੀਆਂ ਨੂੰ ਪਤਾ ਸਨ। ਪਰ ਇਸ ਯੋਗਿਕ ਦੀ ਇੱਕ ਦਿੱਕਤ ਸੀ। ਇਸਦਾ ਪੇਟੇਂਟ ਨਹੀਂ ਕਰਵਾਇਆ ਜਾ ਸਕਦਾ ਸੀ। ਸਾਫ਼ ਹੈ ਬਿਨਾਂ ਪੇਟੇਂਟ ਤੋਂ ਇਸ ਵਿੱਚ ਮੁਨਾਫਾ ਬਹੁਤ ਘੱਟ ਹੋਣਾ ਸੀ, ਇਸ ਲਈ ਇਸਤੋਂ ਅੱਗੇ ਖੋਜ ਲਈ ਕਿਸੇ ਕੰਪਨੀ ਨੇ ਪੈਸਾ ਨਹੀਂ ਦਿੱਤਾ। ਕੁੱਝ ਸਮੇਂ ਤੱਕ ਤਾਂ ਖੋਜਕਾਰਾਂ ਨੇ ਆਪਣੇ ਪੈਸੇ ਨਾਲ਼ ਜਾਂਚ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਪੈਸੇ ਦੀ ਗੰਭੀਰ ਤੋਟ ਕਾਰਨ ਪਿਛਲੇ ਦੋ ਸਾਲ ਤੋਂ ਇਸ ਦਿਸ਼ਾ ਵਿੱਚ ਕੋਈ ਖਾਸ ਕੰਮ ਨਹੀਂ ਹੋ ਸਕਿਆ ਹੈ। ਆਪਣੀ ਖੋਜ ਦੇ ਨਾਮ ‘ਤੇ ਵੱਡੀਆਂ (ਇੱਥੋਂ ਤੱਕ ਕਿ ਦਰਮਿਆਨੀਆਂ ਵੀ) ਦਵਾਈ ਕੰਪਨੀਆਂ ਸਿਰਫ ਇੰਨਾ ਕਰਦੀਆਂ ਹਨ ਕਿ ਛੋਟੀਆਂ ਬਾਇਓਟੈਕ ਕੰਪਨੀਆਂ ਤੋਂ ਮੂਲ ਖੋਜ ਦੇ ਫਾਰਮੂਲੇ ਖਰੀਦ ਲੈਂਦੀਆਂ ਹਨ ਤੇ ਉਨ੍ਹਾਂ ਦਾ ਪੇਟੇਂਟ ਕਰਵਾਕੇ ਮਨਮਰਜੀ ਦੀਆਂ ਕੀਮਤ ‘ਤੇ ਵੇਚਦੀਆਂ ਹਨ।

ਇਹਨਾਂ ਗੱਲਾਂ ਤੋਂ ਇਹ ਬਿਲਕੁਲ ਸਾਫ਼ ਦਿਸਦਾ ਹੈ ਕਿ ਇਹ ਦਵਾਈ ਕੰਪਨੀਆਂ ਇਲਾਜ ਲਈ ਨਾ ਤਾਂ ਕੁੱਝ ਖਾਸ ਖੋਜ ਕਰ ਰਹੀਆਂ ਹਨ ਤੇ ਨਾ ਹੀ ਖੋਜ ਉੱਤੇ ਪੈਸਾ ਲਾ ਰਹੀਆਂ ਹਨ। ਇਨ੍ਹਾਂ ਦਾ ਮੁੱਖ ਟੀਚਾ ਜਾਨਲੇਵਾ ਬਿਮਾਰੀਆਂ ਦੇ ਇਲਾਜ ਦੀ ਦਵਾਈ ਬਣਾਉਣਾ ਨਹੀਂ ਹੈ ਸਗੋਂ ਅਜਿਹੀਆਂ ਦਵਾਈਆਂ ਦਾ ਵਪਾਰ ਕਰਨਾ ਹੈ ਜਿਨ੍ਹਾਂ ਨਾਲ਼ ਰੋਗ ਲੰਬਾ ਖਿੱਚੇ। 1975 ਤੋਂ 1997 ਵਿਚਕਾਰ ਬਹੁਕੌਮੀ ਦਵਾਈ ਕੰਪਨੀਆਂ ਨੇ 1233 ਨਵੀਆਂ ਦਵਾਈਆਂ ਮੰਡੀ ਵਿੱਚ ਉਤਾਰੀਆਂ ਸਨ ਜਿਨ੍ਹਾਂ ਵਿੱਚੋਂ ਸਿਰਫ 1 ਫ਼ੀਸਦੀ ਯਾਨੀ 13 ਦਵਾਈਆਂ ਹੀ ਅਜਿਹੀਆਂ ਸਨ ਜੋ ਵਿਕਾਸਸ਼ੀਲ ਦੇਸ਼ਾਂ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਲੈਣ ਵਾਲ਼ੇ ਊਸ਼ਣਕਟੀਬੰਧੀ ਰੋਗਾਂ ਦੇ ਇਲਾਜ ਵਿੱਚ ਕੰਮ ਆਉਂਦੀਆਂ ਸਨ ਜਦਕਿ ਬੁਹਤੀਆਂ ਦਵਾਈਆਂ ‘ਲਾਇਫ ਸਟਾਇਲ ਡਿਸੀਜਸ’ ਯਾਨੀ ਅੱਯਾਸ਼ੀ ਕਾਰਨ ਹੋਣ ਵਾਲ਼ੀ ਬਿਮਾਰੀਆਂ ਜਿਵੇਂ ਮੋਟਾਪਾ, ਸੁਹੱਪਣ, ਗੰਜਾਪਣ, ਝੁਰੜੀਆਂ ਤੇ ਨਪੁੰਸਕਤਾ ਆਦਿ ਲਈ ਸਨ। ਕਾਰਨ ਸਾਫ਼ ਹੈ ਇਸ ਦੇਸ਼ਾਂ ਦੇ ਕਿਰਤੀ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਕਿਉਂਕਿ ਉਹ ਲੋਕ ਮਹਿੰਗੀਆਂ ਦਵਾਈਆਂ ਨੂੰ ਖਰੀਦਣ ਦੀ ਸਮਰੱਥਾ ਨਹੀਂ ਰੱਖਦੇ, ਇਸ ਲਈ ਉਹਨਾਂ ਨੂੰ ਅਮੀਰਾਂ ਦੀਆਂ ਸਹੇੜੀਆਂ ਬਿਮਾਰੀਆਂ ਦੀ ਵਧੇਰੇ ਫਿਕਰ ਹੈ। ਮਰਕ ਨਾਮਕ ਇੱਕ ਵੱਡੀ ਬਹੁਕੌਮੀ ਕੰਪਨੀ ਦਾ ਸਾਬਕਾ ਪ੍ਰਮੁੱਖ ਰਾਏ ਵੈਜਲਸ ਇਸ ਗੱਲ ਨੂੰ ਖੁੱਲੇਆਮ ਪ੍ਰਵਾਨ ਕਰਦਾ ਹੈ ਕਿ ਸਟਾਕ ਹੋਲਡਰਾਂ ਵਾਲ਼ੀ ਕੋਈ ਵੀ ਕੰਪਨੀ ਆਪਣੀ ਖੋਜ ਨੂੰ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਹੋਣ ਵਾਲ਼ੀਆਂ ਬਿਮਾਰੀਆਂ ਦੇ ਇਲਾਜ ਲੱਭਣ ਉੱਤੇ ਨਹੀਂ ਲਾ ਸਕਦੀ ਕਿਉਂਕਿ ਇਸ ਨਾਲ਼ ਉਸਦਾ ਦੀਵਾਲ਼ਾ ਨਿੱਕਲ਼ ਜਾਵੇਗਾ। ਇੱਕ ਦਵਾਈ ਕੰਪਨੀ ਵਿੱਚ ਕੰਮ ਕਰਨ ਵਾਲ਼ੇ ਖੋਜਕਾਰ ਏ. ਜੇ. ਸਲੈਟਰ ਨੇ ‘ਰਾਇਲ ਸੁਸਾਇਟੀ ਆਫ ਟਰਾਪਿਕਲ ਮੈਡੀਸਿਨ ਐਂਡ ਹਾਇਜੀਨ’ ਨਾਮਕ ਇੱਕ ਨਾਮੀ ਪਰਚੇ ਵਿੱਚ ਛਪੇ ਇੱਕ ਪਰਚੇ ਵਿੱਚ ਸਿੱਟਾ ਕੱਢਿਆ ਸੀ ਕਿ ਕਿਸੇ ਨਵੇਂ ਐਂਟੀਬਾਇਓਟਿਕ ਨੂੰ ਬਣਾਉਣਾ ਬਹੁਤ ਮਹਿੰਗਾ ਪੈਂਦਾ ਹੈ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਉਸ ਦਵਾਈ ਨੂੰ ਵੇਚਕੇ ਬਹੁਤ ਮੁਨਾਫਾ ਨਹੀਂ ਕਮਾਇਆ ਜਾ ਸਕਦਾ। ਸਾਫ਼ ਹੈ ਕਿ ਇਨ੍ਹਾਂ ਲਈ ਮਨੁੱਖੀ ਜ਼ਿੰਦਗੀ ਤੋਂ ਜ਼ਿਆਦਾ ਕੀਮਤ ਮੁਨਾਫੇ ਦੀ ਹੈ।

ਹੁਣ ਜੇਕਰ ਪੇਟੈਂਟ ਦੀ ਗੱਲ ਕਰੀਏ ਤਾਂ ‘ਸੰਸਾਰ ਵਪਾਰ ਸੰਸਥਾ’ ਦਾ ਇੱਕ ਸਮਝੌਤਾ ਹੈ ਜੋ “ਬੌਧਿਕ ਜਾਇਦਾਦ ਹੱਕ ਦੇ ਵਪਾਰ ਨਾਲ਼ ਸਬੰਧਤ ਪੱਖਾਂ” ਉੱਤੇ ਅਧਾਰਤ ਹੈ। ਅੰਗਰੇਜ਼ੀ ਵਿੱਚ ਇਸਨੂੰ Trade Related Aspects of Intellectual Property Rights (Trips) ਕਿਹਾ ਜਾਂਦਾ ਹੈ। ਸੰਸਾਰ ਸਿਹਤ ਸੰਸਥਾ ਦੇ ਸਾਰੇ ਮੈਬਰਾਂ ਲਈ ਇਸਨੂੰ ਮੰਨਣਾ ਲਾਜ਼ਮੀ ਹੁੰਦਾ ਹੈ। ਇਸ ਸਮਝੌਤੇ ਅਨੁਸਾਰ ਕਿਸੇ ਵੀ ਕੰਪਨੀ ਨੂੰ ਆਪਣੇ ਪੇਟੇਂਟ ਦਾ ਹੱਕ 20 ਸਾਲ ਤੱਕ ਮਿਲ਼ਦਾ ਹੈ। ਮਤਲਬ ਸਬੰਧਿਤ ਦਵਾਈ ਬਣਾਉਣ ਅਤੇ ਵੇਚਣ ਦੇ ਸਾਰੇ ਹੱਕ ਉਸ ਕੰਪਨੀ ਕੋਲ਼ 20 ਸਾਲ ਤੱਕ ਰਹਿੰਦੇ ਹਨ। ਕਹਿਣ ਨੂੰ ਤਾਂ ਇਸ ਸਮੱਝੌਤੇ ਵਿੱਚ ਇੱਕ ਅਨੁਛੇਦ ਇਹ ਵੀ ਰੱਖਿਆ ਗਿਆ ਹੈ ਕਿ ਆਪਤਕਾਲੀ ਹਾਲਤ ਵਿੱਚ ਕੋਈ ਸਰਕਾਰ ਉਸ ਦੇਸ਼ ਵਿੱਚ ਵਪਾਰ ਕਰਨ ਵਾਲ਼ੀ ਕਿਸੇ ਵੀ ਕੰਪਨੀ ਨੂੰ ਕਿਸੇ ਪੇਟੈਂਟ ਦਵਾਈ ਦਾ ਫਾਰਮੂਲਾ ਦੇਣ ਲਈ ਮਜਬੂਰ ਕਰ ਸਕਦੀ ਹੈ ਅਤੇ ਅਮਰੀਕਾ ਸਹਿਤ ਯੂਰੋਪ ਦੇ ਹੋਰ ਵਿਕਸਿਤ ਸਰਮਾਏਦਾਰਾ ਦੇਸ਼ਾਂ ਨੇ ਇਸ ਉੱਤੇ ਸਹਿਮਤੀ ਵੀ ਜਤਾਈ ਸੀ। ਪਰ ਇਹ ਸਾਰੇ ਸਾਮਰਾਜੀ ਦੇਸ਼ ਭਾਰਤ ਸਮੇਤ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਵਿਕਾਸਸ਼ੀਲ ਦੇਸ਼ਾਂ ਉੱਤੇ ਲਗਾਤਾਰ ਦਬਾਅ ਬਣਾਈ ਰੱਖਦੇ ਹਨ ਤਾਂਕਿ ਇਸ ਅਨੁਛੇਦ ਦਾ ਕਦੇ ਪ੍ਰਯੋਗ ਹੀ ਨਾ ਹੋ ਸਕੇ। ਸਾਫ਼ ਹੈ ਇਸ ਤਰ੍ਹਾਂ ਦਾ ਕੋਈ ਵੀ ਪ੍ਰਸਤਾਵ, ਜੋ ਸਾਮਰਾਜੀਆਂ ਦੇ ਹਿਤਾਂ ਦੇ ਵਿਰੁੱਧ ਹੋਵੇ, ਕਦੇ ਵੀ ਵਰਤੋਂ ਵਿੱਚ ਆ ਹੀ ਨਹੀਂ ਸਕਦਾ। 2001 ਵਿੱਚ ਦੱਖਣੀ ਅਫਰੀਕਾ ਦੀ ਸਰਕਾਰ ਨੇ ਜਦੋਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅਮਰੀਕਾ ਨੇ ਦੱਖਣੀ ਅਫਰੀਕਾ ਨੂੰ ਆਰਥਿਕ ਪਬੰਦੀ ਲਗਾਉਣ ਦੀ ਧਮਕੀ ਦਿੰਦੇ ਹੋਏ ‘ਵਪਾਰ ਨਿਗਰਾਨੀ ਸੂਚੀ’ ਵਿੱਚ ਪਾ ਦਿੱਤਾ ਸੀ। ਸਾਫ਼ ਹੈ ਕਿ ਅਮਰੀਕਾ ਜਾਂ ਕੋਈ ਵੀ ਸਾਮਰਾਜੀ ਦੇਸ਼ ਸਰਮਾਏਦਾਰਾਂ ਦੇ ਮੁਨਾਫੇ ਦੀ ਰੱਖਿਆ ਲਈ ਕੁੱਝ ਵੀ ਕਰ ਸਕਦਾ ਹੈ।

ਇਸ ਤਰਾਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਸਰਮਾਏਦਾਰੀ ਲਈ ਮੁਨਾਫਾ ਹੀ ਇੱਕੋ-ਇੱਕ ਮਕਸਦ ਹੁੰਦਾ ਹੈ ਅਤੇ ਸਰਮਾਏਦਾਰ ਜੋ ਵੀ ਕਰਦੇ ਹਨ ਮੁਨਾਫੇ ਲਈ ਕਰਦੇ ਹਨ। ਇਹ ਇੱਕ ਸਪੱਸ਼ਟ ਗੱਲ ਹੈ ਕਿ ਮੁਨਾਫੇ ਲਈ ਦਵਾਈ ਕੰਪਨੀਆਂ ਕਿਸੇ ਰੋਗ ਦੇ ਇਲਾਜ ਦੀ ਥਾਂ ਉਹਨੂੰ ਲੰਬਾ ਖਿੱਚਣ ਲਈ ਪੈਸਾ ਲਗਾਉਂਦੀਆਂ ਹਨ। ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ, ਪੇਟੈਂਟ ਲਈ ਕੁੱਤਾ-ਘੜੀਸੀ ਅਤੇ ਨਵੀਆਂ ਖੋਜਾਂ ਨੂੰ ਰੋਕਣ ਵਰਗੀਆਂ ਗੱਲਾਂ ਤਾਂ ਬਹੁਤ ਪਹਿਲਾਂ ਤੋਂ ਲਗਾਤਾਰ ਹੁੰਦੀਆਂ ਰਹੀਆਂ ਹਨ ਪਰ ਅਜੋਕੇ ਸਮੇਂ ਵਿੱਚ ਇਹ ਆਪਣੇ ਨੰਗੇ ਤੇ ਭਿਆਨਕ ਰੂਪ ਵਿੱਚ ਸਭ ਸਾਹਮਣੇ ਹਨ। ਅਸੀਂ ਉੱਪਰ ਚਰਚਾ ਕਰ ਚੁੱਕੇ ਹਾਂ ਕਿ ਇਸਦਾ ਕਾਰਨ ਸਰਮਾਏਦਾਰਾਂ ਦੇ ਮੁਨਾਫੇ ਦੀ ਕਦੇ ਨਾ ਮਿਟਣ ਵਾਲ਼ੀ ਹਵਸ ਹੈ। ਸ਼ੁਰੂਆਤੀ ਕੁੱਝ ਸਮੇਂ ਨੂੰ ਛੱਡ ਦਿੱਤਾ ਜਾਵੇ ਤਾਂ ਪੂਰੇ ਇਤਿਹਾਸ ਵਿੱਚ ਸਰਮਾਏਦਾਰੀ ਤੇ ਸਰਮਾਏਦਾਰ ਜਮਾਤ ਇੱਕ ਪਰਜੀਵੀ ਦੀ ਤਰ੍ਹਾਂ ਸਮਾਜ ਨੂੰ ਚਿੰਬੜਿਆ ਰਿਹਾ ਹੈ ਜੋ ਸਮਾਜ ਦਾ ਖੂਨ ਚੂਸ ਕੇ ਜਿਉਂਦਾ ਰਹਿੰਦਾ ਹੈ ਤੇ ਬਦਲੇ ਵਿੱਚ ਰੋਗ ਤੋਂ ਬਿਨਾਂ ਕੁੱਝ ਨਹੀਂ ਦਿੰਦਾ। ਇਸਦੀ ਥਾਂ ਜੇ ਅਸੀਂ ਜੇ ਸਮਾਜਵਾਦੀ ਰੂਸ ਤੇ ਚੀਨ ਦੀਆਂ ਉਦਾਹਰਨਾਂ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਵਿਉਂਤਬੱਧ ਸਮਾਜਵਾਦੀ ਅਰਥਚਾਰੇ ਦੁਆਰੇ ਕਿਸੇ ਵੀ ਹੋਰ ਖੇਤਰ ਵਾਂਗ ਹੀ ਚਕਿਤਸਾ ਵਿਗਿਆਨ ਅਤੇ ਲੋਕਾਂ ਦੀ ਸਿਹਤ ਵਿੱਚ ਵੀ ਅਨੋਖੇ ਕਾਰਨਾਮੇ ਕੀਤੇ ਜਾ ਸਕਦੇ ਹਾਂ। ਇਹਨਾਂ ਦੇਸ਼ਾਂ ਦੀਆਂ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ਕਿ ਜੇਕਰ ਅਸੀਂ ਮੁਨਾਫੇ ਦੀ ਥਾਂ ਇਲਾਜ ਉੱਤੇ ਧਿਆਨ ਕੇਂਦਰਤ ਕਰੀਏ ਤਾਂ ਬਹੁਤ ਕੁੱਝ ਹਾਸਲ ਕੀਤਾ ਜਾ ਸਕਦਾ। ਪਰ ਉਸਦੇ ਲਈ ਜਰੂਰੀ ਹੈ ਕਿ ਗਲ਼ੇ-ਸੜੇ ਹੇ ਇਸ ਪਰਜੀਵੀ ਢਾਂਚੇ ਨੂੰ ਉਖਾੜ ਸੁੱਟਿਆ ਜਾਵੇ ਤੇ ਬਾਰਾਬਰੀ ‘ਤੇ ਅਧਾਰਤ ਕਿਰਤੀ ਲੋਕਾਂ ਦਾ ਸਵਰਾਜ, ਭਾਵ ਸਮਾਜਵਾਦੀ ਢਾਂਚੇ ਦੀ ਉਸਾਰੀ ਕੀਤਾ ਜਾਵੇ। ਸਮਾਜਵਾਦ ਵਿੱਚ ਮੁਨਾਫੇ ‘ਤੇ ਟਿਕੀਆਂ ਕੰਪਨੀਆਂ ਦਾ ਕੌਮੀਕਰਨ ਕਰਕੇ ਉਹਨਾਂ ਨੂੰ ਕਿਰਤੀ ਜਮਾਤ ਦੇ ਕੰਟਰੋਲ ਵਿੱਚ ਕਰ ਦਿੱਤਾ ਜਾਵੇਗਾ। ਮਨੁੱਖੀ ਕਦਰਾਂ ਉੱਤੇ ਅਧਾਰਿਤ ਚਕਿਤਸਾ ਵਿਗਿਆਨ ਤੇ ਖੋਜਾਂ ਨੂੰ ਸਰਮਾਏ ਦੀ ਗ੍ਰਿਫਤ ਵਿੱਚੋਂ ਛੁਡਾ ਕੇ ਅਜ਼ਾਦ ਕਰ ਦਿੱਤਾ ਜਾਵੇਗਾ। ਉਦੋਂ ਵਿਗਿਆਨ ਦੇ ਹੋਰਨਾਂ ਖੇਤਰਾਂ ਵਾਂਗ ਚਕਿਤਸਾ ਵਿਗਿਆਨ ਵੀ ਕਿਸੇ ਦੇ ਮੁਨਾਫੇ ਦਾ ਗੁਲਾਮ ਨਾ ਰਹਿਕੇ ਮਨੁੱਖ ਦਾ ਸੇਵਕ ਬਣ ਜਾਵੇਗਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements