ਮੁਨਾਫ਼ਾਖੋਰੀ ਦੀ ਅੱਗ ਵਿੱਚ ਝੁਲਸਦੀ ਮਜ਼ਦੂਰ ਜਮਾਤ •ਲਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਹ ਲੁਧਿਆਣੇ ਦੇ ਇੱਕ ਕਾਰਖਾਨਾ ਮਜ਼ਦੂਰ ਰਾਜਾ ਰਾਮ ਦੀ ਤਸਵੀਰ ਹੈ। ਇਹ ਸਿਰਫ਼ ਇੱਕ ਮਜ਼ਦੂਰ ਦੀ ਨਹੀਂ ਸਗੋਂ ਸਮੁੱਚੀ ਮਜ਼ਦੂਰ ਜਮਾਤ ਦੀ ਤਸਵੀਰ ਹੈ ਜੋ ਮਾਲਕਾਂ ਦੀ ਮੁਨਾਫ਼ੇ ਦੀ ਹਵਸ ਕਾਰਨ ਕਾਰਖਾਨਿਆਂ ਵਿੱਚ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੀ ਹੈ। ਇਹ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿਚਲੇ ਕਾਰਖਾਨੇ ਮਜ਼ਦੂਰ ਜਮਾਤ ਲਈ ਕਿਸੇ ਤਸ਼ੱਦਦ ਕੇਂਦਰ ਤੋਂ ਘੱਟ ਨਹੀਂ ਹਨ।

ਰਾਜਾ ਰਾਮ ਅਗਸਤ ’16 ਵਿੱਚ ਉਧੇਰਾ ਮਕੈਨੀਕਲ ਵਰਕਸ, ਡੀ-88, ਫੇਜ਼-5, ਫੋਕਲ ਪੁਆਂਇੰਟ, ਲੁਧਿਆਣਾ ਵਿੱਚ ਬਤੌਰ ਫੋਰਮੈਨ ਕੰਮ ‘ਤੇ ਲੱਗਾ ਸੀ। ਇਸ ਕਾਰਖਾਨੇ ਵਿੱਚ ਮਸ਼ੀਨਾਂ ਅਤੇ ਰੇਲਾਂ ਦੇ ਨਟ-ਬੋਲਟ ਬਣਦੇ ਹਨ। ਤਕਰੀਬਨ 150 ਮਜ਼ਦੂਰਾਂ ਵਾਲ਼ੇ ਇਸ ਕਾਰਖਾਨੇ ਵਿੱਚ 20-25 ਮਜ਼ਦੂਰਾਂ ਦੇ ਪੱਕੇ ਰਜਿਸਟਰ ‘ਤੇ ਨਾਂ ਹਨ ਜਿਹਨਾਂ ਨੂੰ ਈ.ਐਸ.ਆਈ. ਦੀ ਸਹੂਲਤ ਹਾਸਿਲ ਹੈ। ਬਾਕੀ ਸਾਰੇ ਮਜ਼ਦੂਰਾਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਜ਼ਬੂਰੀ ਵਸ ਬਿਨਾਂ ਕਿਸੇ ਕਨੂੰਨੀ ਹੱਕ ਤੋਂ, ਕਾਰਖਾਨੇ ਵਿੱਚ ਕੰਮ ਕਰਨ ਦੇ ਬਿਨਾਂ ਕਿਸੇ ਸਬੂਤ ਤੋਂ, ਭਿਆਅਕ ਅਸੁਰੱਖਿਅਤ ਹਾਲਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ।

ਰਾਜਾ ਰਾਮ ਜਦ ਇਸ ਕਾਰਖਾਨੇ ਵਿੱਚ ਕੰਮ ‘ਤੇ ਲੱਗਾ ਤਾਂ ਉਸਨੇ ਵੇਖਿਆ ਕਿ ਗੈਸ ਪਾਈਪ ਦਾ ਗੇਟ-ਵਾਲਵ ਭੱਠੀ ਦੇ ਐਨ ਨੇੜੇ ਹੈ। ਉਸਨੇ ਮਾਲਕ ਨੂੰ ਕਿਹਾ ਕਿ ਗੇਟ-ਵਾਲਵ ਚੋਂ ਗੈਸ ਲੀਕ ਹੋਣ ‘ਤੇ ਇਸਦੇ ਭੱਠੀ ਨੇੜੇ ਹੋਣ ਕਰਕੇ ਅੱਗ ਭੜਕ ਸਕਦੀ ਹੈ ਤੇ ਹਾਦਸਾ ਵਾਪਰ ਸਕਦਾ ਹੈ। ਉਸਨੇ ਮਾਲਕ ਨੂੰ ਕਿਹਾ ਕਿ ਇਹ ਚੀਜ ਦਰੁੱਸਤ ਹੋਣੀ ਚਾਹੀਦੀ ਹੈ। ਪਰ ਮਾਲਕ ਨੇ ਉਸਦੀ ਇੱਕ ਨਾ ਸੁਣੀ।

21 ਦਸਬੰਰ ਦੀ ਰਾਤ ਤਿੰਨ ਵਜੇ ਗੇਟ-ਵਾਲਵ ‘ਚੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਇੱਕ ਮਜ਼ਦੂਰ ਬੁਰੀ ਤਰਾਂ ਝੁਲਸਿਆ ਗਿਆ ਜਿਸਨੂੰ ਮਾਲਕ ਨੇ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾ ਦਿੱਤਾ। ਮਾਲਕ ਨਹੀਂ ਚਾਹੁੰਦਾ ਸੀ ਕਿ ਕੰਮ ਜ਼ਿਆਦਾ ਦੇਰ ਰੁਕੇ। ਗੈਸ ਲੀਕ ਨੂੰ ਕੰਮ ਚਲਾਊ ਢੰਗ ਨਾਲ਼ ਠੀਕ ਕਰਕੇ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਅਗਲੇ ਦਿਨ ਰਾਜਾ ਰਾਮ ਦੀ ਡਿਊਟੀ ਸੀ। ਫਿਰ ਤੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਗੇਟ-ਵਾਲਵ ਠੀਕ ਕਰਦੇ ਸਮੇਂ ਗੈਸ ਹੋਰ ਵਧੇਰੇ ਲੀਕ ਹੋਣੀ ਸ਼ੁਰੂ ਹੋ ਗਈ। ਭੱਠੀ ਨਜ਼ਦੀਕ ਹੀ ਹੋਣ ਕਾਰਨ ਅੱਗ ਭੜਕ ਗਈ ਅਤੇ ਇਸ ਵਿੱਚ ਰਾਜਾ ਰਾਮ ਦਾ ਚਿਹਰਾ, ਹੱਥ ਤੇ ਪੈਰ ਬੁਰੀ ਤਰਾਂ ਝੁਲਸੇ ਗਏ। ਉਸਨੂੰ ਵੀ ਮਾਲਕ ਨੇ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਰਾਜਾ ਰਾਮ ਵੱਲੋਂ ਪੁਲੀਸ ਕੋਲ ਇਸ ਹਾਦਸੇ ਦੀ ਰਿਪੋਰਟ ਦਰਜ ਕਰਵਾਈ ਜਾਂਦੀ। ਸਰਕਾਰੀ ਹਸਪਤਾਲ ਤੋਂ ਉਸਦੀ ਐਮ.ਐਲ.ਆਰ. ਬਣਦੀ। ਇਸ ਨਾਲ਼ ਮਾਲਕ ਖਿਲਾਫ਼ ਕਾਰਵਾਈ ਦਾ ਅਤੇ ਮੁਆਵਜੇ ਦਾ ਅਧਾਰ ਤਿਆਰ ਹੋਣਾ ਸੀ। ਮਾਲਕ ਇਸੇ ਗੱਲ ਤੋਂ ਡਰਦਾ ਸੀ। ਮਾਲਕ ਨੇ ਉਸਨੂੰ ਲਾਰਾ ਲਾਇਆ ਕਿ ਉਹ ਉਸਦਾ ਪੂਰਾ ਇਲਾਜ ਕਰਵਾਏਗਾ। ਠੀਕ ਹੋਣ ਤੱਕ ਉਸਨੂੰ ਤਨਖਾਹ ਦਿੱਤੀ ਜਾਵੇਗੀ ਅਤੇ ਮੁੜ ਕੰਮ ‘ਤੇ ਰੱਖਿਆ ਜਾਵੇਗਾ। ਹਫਤੇ ਕੁ ਬਾਅਦ ਹੀ ਮਾਲਕ ਨੇ ਉਸਦਾ ਇਲਾਜ ਬੰਦ ਕਰਵਾ ਦਿੱਤਾ ਅਤੇ ਕੁੱਝ ਪੈਸੇ ਦੇ ਕੇ ਤੇ ਹਿਸਾਬ ਦੇ ਕਾਗਜਾਂ ‘ਤੇ ਜ਼ਬਰੀ ਹਸਤਾਖਰ ਕਰਵਾ ਕੇ ਕੰਮ ਤੋਂ ਕੱਢ ਦਿੱਤਾ।

ਮੁਨਾਫੇ ਦੀ ਹਵਸ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਭਿਆਨਕ ਅਣਦੇਖੀ ਕਰਨ ਵਾਲ਼ੇ ਮਾਲਕ ਦੇ ਅਣਮਨੁੱਖੀਪੁਣੇ ਦਾ ਸ਼ਿਕਾਰ ਹੋਏ ਰਾਜਾ ਰਾਮ ਦੇ ਜਖ਼ਮ ਭਾਵੇਂ ਭਰ ਗਏ ਹਨ ਪਰ ਹੁਣ ਉਸਨੂੰ ਸੱਜੀ ਅੱਖ ਤੋਂ ਬਹੁਤ ਘੱਟ ਵਿਖਾਈ ਦਿੰਦਾ ਹੈ। ਉਹ ਬੇਰੁਜ਼ਗਾਰ ਹੈ। ਇੱਕ ਅੱਖ ਨਾਲ਼ ਉਹ ਪਹਿਲਾਂ ਵਾਂਗ ਕੰਮ ਕਰ ਸਕਣ ਦੇ ਯੋਗ ਨਹੀਂ। ਕਿਤੇ ਕੰਮ ਮਿਲਣ ‘ਤੇ ਉਸਦੀ ਤਨਖਾਹ ਹੁਣ ਪਹਿਲਾਂ ਨਾਲੋਂ ਘੱਟ ਹੋਵੇਗੀ। ਉਹ ਇਨਸਾਫ਼ ਚਾਹੁੰਦਾ ਹੈ। ਉਸਦੀ ਜ਼ਿੰਦਗੀ ਨਾਲ਼ ਖਿਲਵਾੜ ਕਰਨ ਵਾਲੇ ਮਾਲਕ ਨੂੰ ਉਹ ਸਬਕ ਸਿਖਾਉਣਾ ਚਾਹੁੰਦਾ ਹੈ। ਉਸਦੀ ਸ਼ਾਇਦ ਕਿਤੇ ਸੁਣਵਾਈ ਹੋ ਜਾਵੇ ਇਸ ਖਾਤਰ ਉਹ ਹਨੇਰੇ ਵਿੱਚ ਹੱਥ-ਪੈਰ ਮਾਰ ਰਿਹਾ ਹੈ। ਨਿੱਜੀ ਹਸਪਤਾਲ ਤੋਂ ਇਲਾਜ ਦੀ ਪਰਚੀ ਤੇ ਝੁਲਸੇ ਹੋਏ ਸਰੀਰ ਦੀ ਤਸਵੀਰ ਚੁੱਕੀ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰ ਪੁਲੀਸ-ਪ੍ਰਸ਼ਾਸਨ, ਅਦਾਲਤਾਂ, ਸਰਕਾਰ ਤੋਂ ਇਨਸਾਫ਼ ਦੀ ਉਮੀਦ ਦੀ ਕਿਰਨ ਉਸਨੂੰ ਕਿਤੇ ਨਜ਼ਰ ਨਹੀਂ ਆਉਂਦੀ। ਉਹ ਲਾਚਾਰ ਨਜ਼ਰ ਆ ਰਿਹਾ ਹੈ। ਰਾਜਾ ਰਾਮ ਆਪਣੇ ਜਿਹੇ ਅਣਗਿਣਤ ਮਜ਼ਦੂਰਾਂ ਵਾਂਗ ਉਹ ਸਬਰ ਦਾ ਕੌੜਾ ਘੁੱਟ ਭਰਨ ਲਈ ਮਜ਼ਬੂਰ ਹੈ।

ਮੌਜੂਦਾ ਸਮੇਂ ਵਿੱਚ ਬਹੁਤ ਘੱਟ ਮਜ਼ਦੂਰਾਂ ਨੂੰ ਹੀ ਕਿਰਤ ਕਨੂੰਨਾਂ ਤਹਿਤ ਹੱਕ ਹਾਸਲ ਹੁੰਦੇ ਹਨ। ਕਾਰਖਾਨਿਆਂ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਰੋਜ਼ਾਨਾਂ ਅਣਗਿਣਤ ਮਜ਼ਦੂਰ ਸਰਮਾਏਦਾਰਾਂ ਦੀ ਮੁਨਾਫੇ ਦੀ ਹਵਸ ਦੀ ਬਲੀ ਚੜਦੇ ਹਨ। ਸਰਮਾਏਦਾਰ ਜਮਾਤ ਮਜ਼ਦੂਰਾਂ ਨੂੰ ਮਿਲ਼ੇ ਨਿਗੂਣੇ ਕਿਰਤ ਹੱਕਾਂ ਤੋਂ ਵੀ ਵਾਂਝਾ ਕਰ ਦੇਣ ਲਈ ਪੱਬਾਂ ਭਾਰ ਹੈ। ਭਾਜਪਾ, ਕਾਂਗਰਸ, ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਜਿਹੀਆਂ ਸਭ ਸਰਮਾਏਦਾਰਾ ਪਾਰਟੀਆਂ ਸਰਮਾਏਦਾਰਾਂ ਨੂੰ ”ਇੰਸਪੈਕਟਰ ਰਾਜ” ਤੋਂ ਛੁਟਕਾਰੇ, ਭਾਵ ਕਿਰਤ ਕਨੂੰਨਾਂ ਤੋਂ ਛੁਟਕਾਰੇ ਦੁਆਉਣ ਲਈ ਚੀਕ-ਚਿਹਾੜਾ ਪਾ ਰਹੀਆਂ ਹਨ। ਇਹ ਹੋਰ ਕਿੰਨੀਆਂ ਭਿਆਨਕ ਹਾਲਤਾਂ ਪੈਦਾ ਕਰਨਾ ਚਾਹੁੰਦੇ ਹਨ ਇਹ ਸੋਚ ਕੇ ਵੀ ਕੰਬਣੀ ਛਿੜਦੀ ਹੈ।

ਇਸ ਮੁਨਾਫਾਖੋਰ ਪ੍ਰਬੰਧ ਖਿਲਾਫ਼ ਜਾਗਰੂਕ ਤੇ ਜਥੇਬੰਦ ਹੋਏ ਬਿਨਾਂ ਮਜ਼ਦੂਰ ਜਮਾਤ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋ ਸਕਦਾ। ਅਸਲ ਵਿੱਚ ਜਦ ਤੱਕ ਮੁਨਾਫਾਖੋਰੀ ਦੀ ਅੱਗ ਬਲ ਰਹੀ ਹੈ ਉਦੋਂ ਤੱਕ ਮਜ਼ਦੂਰ ਜਮਾਤ ਇਸ ਵਿੱਚ ਝੁਲਸਦੀ ਰਹੇਗੀ, ਮਜ਼ਦੂਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ। ਸਰਮਾਏਦਾਰ ਜਮਾਤ ਨੂੰ ਇਸਦੇ ਕੁਕਰਮਾਂ ਦੀ ਸਜ਼ਾ ਲਾਜ਼ਮੀ ਦਿੱਤੀ ਜਾਣੀ ਚਾਹੀਦੀ ਹੈ। ਮਜ਼ਦੂਰ ਜਮਾਤ ਨੂੰ ਸਰਮਾਏਦਾਰਾ ਪ੍ਰਬੰਧ ਦੀ ਲਾਸ਼ ‘ਤੇ ਪੈਰ ਰੱਖ ਕੇ ਅੱਗੇ ਵਧਣ ਦੀਆਂ ਤਿਆਰੀਆਂ ਪੁਰਜ਼ੋਰ ਢੰਗ ਨਾਲ਼ ਕਰਨੀਆਂ ਹੋਣਗੀਆਂ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements