ਮੁੰਬਈ ਮੇਲੇ ‘ਚ ਮੋਦੀ ਦੇ ‘ਮੇਕ ਇਨ ਇੰਡੀਆ’ ਦੀ ਨਿੱਕਲ਼ੀ ਫੂਕ •ਕੈਲਾਸ਼

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੋਦੀ ਸਰਕਾਰ ਨੇ ਬੜਾ ਗੱਜ-ਵੱਜ ਕੇ ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ‘ਚ ਅਸਲ ‘ਚ ਮੋਦੀ ਸਰਕਾਰ ਦੀ ਕੋਈ ਮੌਲਿਕਤਾ ਨਹੀਂ ਸੀ ਸਗੋਂ ਇਹ ਚੀਨ ਵਲੋਂ ਕਿਸੇ ਸਮੇਂ ਅਪਣਾਈ ਨੀਤੀ ਦੀ ਹੀ ਨਕਲ ਸੀ।

1980 ਤੋਂ ਬਾਅਦ ਚੀਨ ਵੱਡੀ ਪੱਧਰ ‘ਤੇ ਸਾਮਰਾਜੀ ਸਰਮਾਇਆ ਖਿੱਚਣ ‘ਚ ਕਾਮਯਾਬ ਰਿਹਾ। ਇਸ ਦੀ ਇੱਕ ਵਜਾਹ ਤਾਂ ਚੀਨ ਦਾ ਬਿਹਤਰ ਆਲ ਜੰਜਾਲ ਅਤੇ ਇੱਥੇ ਉਪਲਬਧ ਸਸਤੀ ਅਤੇ ਕੁਸ਼ਲ ਕਿਰਤ ਸ਼ਕਤੀ ਸੀ। ਦੂਸਰੀ ਵਜਾਹ ਸੀ ਸਾਮਰਾਜੀ ਦੇਸ਼ਾਂ ‘ਚ 1973 ਤੋਂ ਬਾਅਦ ਛਾ ਰਹੀ ਮੰਦੀ। ਇਸ ਕਾਰਨ ਇੱਥੇ ਵਡੇਰੇ ਮੁਨਾਫ਼ਿਆਂ ਕਾਰਨ ਸਾਮਰਾਜੀ ਸਰਮਾਇਆ ਆਫਰਿਆ ਹੋਇਆ ਸੀ ਅਤੇ ਇਹ ਨਿਵੇਸ਼ ਦੇ ਨਵੇਂ-ਨਵੇਂ ਟਿਕਾਣੇ ਲੱਭ ਰਿਹਾ ਸੀ। ਇਸ ਮਹੌਲ ‘ਚ ਸਾਮਰਾਜੀ ਸਰਮਾਏ ਦਾ ਵਹਾਅ ਤੀਜੀ ਦੁਨੀਆਂ ਦੇ ਦੇਸ਼ਾਂ ਵੱਲ ਵਧਣ ਲੱਗਾ। ਪਹਿਲਾਂ ਲਾਤੀਨੀ ਅਮਰੀਕਾ ਨੂੰ ਇਸਨੇ ਆਪਣੀ ਸ਼ਿਕਾਰਗਾਹ ਬਣਾਇਆ ਅਤੇ ਫਿਰ ਏਸ਼ੀਆ ਨੂੰ। ਏਸ਼ੀਆ ਦੇ ਦੇਸ਼ਾਂ ‘ਚ ਆ ਰਹੇ ਕੁੱਲ ਸਾਮਰਾਜੀ ਸਰਮਾਏ ‘ਚੋਂ ਕਿਸੇ ਵੇਲੇ ਵੱਡਾ ਹਿੱਸਾ (ਲਗਭਗ 50 ਫੀਸਦੀ) ਚੀਨ ਹੀ ਖਿੱਚ ਲੈ ਜਾਂਦਾ ਸੀ। 1976 ‘ਚ ਮਾਓ ਦੀ ਮੌਤ ਤੋਂ ਬਾਅਦ ਇੱਕ ਰਾਜਪਲਟੇ ਰਾਹੀਂ ਚੀਨ ਵਿੱਚ ਸੋਧਵਾਦੀ ਡੇਂਗ ਜੁੰਡਲੀ ਚੀਨ ਦੀ ਸੱਤਾ, ਤੇ ਕਾਬਜ਼ ਹੋ ਗਈ ਸੀ ਜਿਸ ਨੇ ਸਮਾਜਵਾਦੀ ਦੌਰ ਦੀਆਂ ਪ੍ਰਾਪਤੀਆਂ ਨੂੰ ਚੀਨ ਦੇ ਕਿਰਤੀ ਲੋਕਾਂ ਤੋਂ ਖੋਹਣਾ ਸ਼ੁਰੂ ਕਰ ਦਿੱਤਾ ਸੀ। ਚੀਨੀ ਅਰਥਚਾਰੇ ਦੇ ਦਰਵਾਜ਼ੇ ਕਦਮ-ਬ-ਕਦਮ ਸਾਮਰਾਜੀ ਸਰਮਾਏ ਲਈ ਚੁਪੱਟ ਖੋਲ੍ਹ ਦਿੱਤੇ ਸਨ। 1976 ਤੋਂ ਬਾਅਦ ਦੇਸ਼ੀ-ਵਿਦੇਸ਼ੀ ਸਰਮਾਏ ਨੂੰ ਮਿਲ਼ੀਆਂ ਖੁੱਲ੍ਹਾਂ ਦੀ ਬਦੌਲਤ ਚੀਨ ਪਿਛਲੇ ਕੁਝ ਸਾਲਾਂ ‘ਚ ਦੁਨੀਆਂ ਦੀ ਵੱਡੀ ਆਰਥਿਕ ਤਾਕਤ ਬਣ ਕੇ ਉੱਭਰਿਆ। ਇਹ ਸੰਸਾਰ ਦੀਆਂ ਹੋਰ ਤਾਕਤਾਂ ਦਾ ਸ਼ਰੀਕ ਬਣਕੇ ਸੰਸਾਰ ਦੀਆਂ ਹੋਰ ਸਾਮਰਾਜੀ ਤਾਕਤਾਂ ਨਾਲ਼ ਖਹਿਭੇੜ ‘ਚ ਸ਼ਾਮਿਲ ਹੋ ਗਿਆ ਹੈ। ਇੱਥੇ ਇਹ ਵੀ ਸਪੱਸ਼ਟ ਕਰ ਦੇਈਏ ਕਿ ਚੀਨ ਦੇ ਇੱਕ ਵੱਡੀ ਆਰਥਿਕ ਤਾਕਤ ਬਣਕੇ ਉੱਭਰਨ ‘ਚ ਚੀਨ ਦੇ ਕਿਰਤੀ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ ਹੈ। ਸਗੋਂ 1976 ਤੋਂ ਬਾਅਦ ਉਹਨਾਂ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਹੀ ਗਈ ਹੈ। ਚੀਨ ਵਿੱਚ ਅਮੀਰ-ਗਰੀਬ ਦਰਮਿਆਨ ਪਾੜਾ ਭਿਆਨਕ ਹੱਦ ਤੱਕ ਵਧ ਚੁੱਕਾ ਹੈ। ਬੇਰੁਜ਼ਗਾਰੀ ਵਿਸਫੋਟਕ ਰੂਪ ਧਾਰਨ ਕਰ ਚੁੱਕੀ ਹੈ।

ਮੋਦੀ ਸਰਕਾਰ ਚੀਨ ਦੇ ਇਸੇ ਹੀ ਨਕਸ਼ੇ ਕਦਮ ‘ਤੇ ਚੱਲਣਾ ਚਹੁੰਦੀ ਹੈ। ਪਰ ਮੋਦੀ ਲਾਣਾ ਇਹ ਨਹੀਂ ਸਮਝ ਰਿਹਾ ਕਿ 1980 ਵਿਆਂ ‘ਚ ਜਦੋਂ ਚੀਨ ਨੇ ਵਿਦੇਸ਼ੀ ਸਰਮਾਏ ਲਈ ਆਪਣੇ ਬੂਹੇ ਖੋਲ੍ਹੇ ਸਨ ਉਦੋਂ ਹਾਲਤਾਂ ਹੋਰ ਸਨ ਅਤੇ ਹੁਣ ਹੋਰ। ਉਦੋਂ ਸੰਸਾਰ ਸਰਮਾਏਦਾਰੀ ਦਾ ਸੰਕਟ ਇਸ ਕਦਰ ਡੂੰਘਾ ਨਹੀਂ ਸੀ ਜਿਵੇਂ ਕਿ ਹੁਣ ਹੈ। ਇਸੇ ਸੰਕਟ ‘ਚ ਹੁਣ ਚੀਨ ਖੁਦ ਵੀ ਬੁਰੀ ਤਰ੍ਹਾਂ ਫਸ ਚੁੱਕਾ ਹੈ।

‘ਮੇਕ ਇਨ ਇੰਡੀਆ’ ਪਿੱਛੇ ਮੋਦੀ ਸਰਕਾਰ ਦੀ ਸੋਚ ਭਾਰਤ ਵਿੱਚ ਉਪਲੱਬਧ ਸਸਤੇ ਕੱਚੇ ਮਾਲ ਅਤੇ ਸਸਤੀ ਕਿਰਤ ਸ਼ਕਤੀ ਦਾ ਲਾਲਚ ਦੇ ਕੇ ਸਮਰਾਜੀ ਸਰਮਾਏ ਨੂੰ ਖਿੱਚਣਾ, ਭਾਰਤ ਨੂੰ ਸੰਸਾਰ ਦੀ ‘ਮੈਨੂੰਫੈਕਚਰਿੰਗ ਹੱਬ’ (!!) ਵਜੋਂ ਉਭਾਰਨਾ ਹੈ। ਪਰ ਇਸ ਸਮੇਂ ਪੂਰੇ ਸੰਸਾਰ ‘ਚ ਭਿਆਨਕ ਮੰਦੀ ਛਾਈ ਹੋਈ ਹੈ। ਬਹੁਕੌਮੀ ਕਾਰਪੋਰੇਸ਼ਨਾਂ ਇਹ ਸਮਝ ਰਹੀਆਂ ਹਨ ਕਿ ਭਾਰਤ ਵਰਗੇ ਮੁਲਕਾਂ ‘ਚ ਜੇਕਰ ਸਸਤਾ ਮਾਲ ਤਿਆਰ ਹੋ ਵੀ ਜਾਵੇਗਾ ਤਾਂ ਉਸ ਨੂੰ ਵੇਚਣ ਲਈ ਕਿਧਰੇ ਵੀ ਮੰਡੀ ਨਹੀਂ ਹੈ। ਭਾਰਤ ਮੁੱਖ ਤੌਰ ‘ਤੇ ਆਪਣਾ ਮਾਲ ਅਮਰੀਕਾ ਅਤੇ ਯੂਰਪੀ ਯੂਨੀਅਨ ਨੂੰ ਨਿਰਯਾਤ ਕਰਦਾ ਹੈ ਅਤੇ ਸੰਸਾਰ ਅਰਥਚਾਰੇ ਦਾ ਇਹ ਖਿੱਤਾ ਹੀ ਸਭ ਤੋਂ ਵੱਧ ਮੰਦੀ ਦੀ ਲਪੇਟ ‘ਚ ਹੈ।

ਇਹੀ ਵਜ੍ਹਾ ਹੈ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਹੈ, ਇਹ ਸਾਮਰਾਜੀ ਸਰਮਾਏ ਨੂੰ ਖਿੱਚਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਮੋਦੀ ਲਗਾਤਾਰ ਵਿਦੇਸ਼ੀ ਦੌਰੇ ਕਰ ਰਿਹਾ ਹੈ। ਪਰ ਉਸ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ।

ਸਾਮਰਾਜੀ ਸਰਮਾਇਆ ਖਿੱਚਣ ਦੀ ਨੀਤੀ ਤਹਿਤ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਕ ਇਨ ਇੰਡੀਆ’ ਮੁਹਿੰਮ ਤਹਿਤ ਪਿਛਲੇ ਦਿਨੀ ਮੁੰਬਈ ‘ਚ ਹਫਤੇ ਭਰ ਦਾ ‘ਮੇਕ ਇਨ ਇੰਡੀਆ’ ਮੇਲਾ ਆਯੋਜਿਤ ਕੀਤਾ ਗਿਆ। ਜਿਸਦੇ ਮੰਡੀਕਰਨ ‘ਤੇ ਸਰਕਾਰ ਨੇ 100 ਕਰੋੜ ਰੁਪਇਆ ਖਰਚ ਦਿੱਤਾ। ਪਰ ਇਸਦੇ ਪੱਲੇ ਕੁੱਝ ਨਹੀਂ ਪਿਆ। ਇਸ ਵਿੱਚ ਵੱਡੀਆਂ ਕਾਰਪੋਰੇਸ਼ਨਾ ਦੀ ਹਾਜ਼ਰੀ ਬਹੁਤ ਹੀ ਘੱਟ ਰਹੀ। ਜੋ ਕੰਪਨੀਆਂ ਮੋਦੀ ਮੇਲੇ ‘ਚ ਸ਼ਾਮਿਲ ਹੋਈਆਂ ਉਹਨਾਂ ਨੇ 222 ਬਿਲੀਅਨ ਡਾਲਰ (15.2 ਲੱਖ ਕਰੋੜ) ਦੇ ਨਿਵੇਸ਼ ਦਾ ਵਾਅਦਾ ਕੀਤਾ। ਪਰ ਕਈ ਆਰਥਿਕ ਮਾਹਰਾਂ ਦਾ ਦਾਅਵਾ ਹੈ ਕਿ ਇਹਨਾਂ ਵਾਅਦਿਆਂ ਦਾ ਹਕੀਕਤ ‘ਚ ਪਲਟਣਾ ਬਹੁਤ ਮੁਸ਼ਕਿਲ ਹੈ। ਇਕ ਸਾਲ ਪਹਿਲਾਂ ਮੋਦੀ ਸਰਕਾਰ ਵਲੋਂ ਆਯੋਜਿਤ ਕੀਤੇ ਮੇਲੇ ‘ਵਾਈਬਰੈਂਟ ਗੁਜਰਾਤ’ ਦੀ ਉਦਾਹਰਣ ਲਈ ਜਾ ਸਕਦੀ ਹੈ। ਜਿਸ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 25 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਸਦਾ ਸਿਰਫ 13 ਫੀਸਦੀ ਹੀ ਹਕੀਕਤ ‘ਚ ਢਲ਼ਿਆ ਹੈ।

ਮੋਦੀ ਸਰਕਾਰ ਨੇ ਭਾਰਤੀ ਅਰਥਚਾਰੇ ਦੇ ਲਗਭਗ ਸਾਰੇ ਖੇਤਰ ਦੇਸੀ-ਵਿਦੇਸ਼ੀ ਸਰਮਾਏ ਲਈ ਚੁਪੱਟ ਖੋਲ੍ਹ ਦਿੱਤੇ ਹਨ। ਕਿਰਤ ਕਨੂੰਨਾਂ ‘ਚ ਮਜ਼ਦੂਰ ਵਿਰੋਧੀ ਬਦਲਾਅ ਕਰਕੇ ਭਾਰਤ ਦੇ ਮਜ਼ਦੂਰਾਂ ਦੀ ਕਿਰਤ ਸ਼ਕਤੀ ਨੂੰ ਦੇਸੀ-ਵਿਦੇਸ਼ੀ ਗਿਰਝਾਂ ਅੱਗੇ ਪਰੋਸ ਦਿੱਤਾ ਹੈ। ਪਰ ਸਭ ਕੁਝ ਕਰਕੇ ਵੀ ਉਹ ਭਾਰਤ ਦੇ ਧੂੰਆਂ ਛੱਡ ਰਹੇ ਅਰਥਚਾਰੇ ਨੂੰ ਗਤੀ ਦੇਣ ‘ਚ ਨਾਕਾਮਯਾਬ ਸਾਬਿਤ ਹੋ ਰਹੀ ਹੈ। ਇਸ ਸਮੇਂ ਸੰਸਾਰ ਅਰਥਚਾਰੇ ‘ਚ ਜੋ ਮੰਦਵਾੜਾ ਛਾਇਆ ਹੋਇਆ ਹੈ ਉਸ ‘ਚ ਭਾਰਤੀ ਅਰਥਚਾਰੇ ਦੁਆਰਾ ਗਤੀ ਫੜਨਾ ਤਾਂ ਕੀ ਸਗੋਂ ਇਹ ਹੋਰ ਵੀ ਡੂੰਘੇ ਸੰਕਟ ਵਿੱਚ ਧਸੇਗਾ।  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ