ਮੌਤ ਦੀ ਗਲਿਓਂ ਪਾਰ -3 •ਗੁਰਚਰਨ ਸਿੰਘ ਸਹਿੰਸਰਾ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

(ਲੜੀ ਜੋੜਨ ਲਈ ਦੇਖੋ ਅੰਕ – 16 ਤੋਂ 31 ਦਸੰਬਰ 2019)

ਸੁਰੰਗ ਤਾਂ ਮੈਂ ਬਹੁਤ ਹੀ ਡਰਕੇ ਲੰਘੀ। ਅਗਲੇ ਖ਼ਤਰੇ ਦੇ ਡਰ ਤੋਂ ਨਹੀਂ, ਸਗੋਂ ਪਿਛਲੇ ਦੇ। ਡਰ ਸੀ ਕਿ ਮਤਾਂ ਦੁਕਾਨਾਂ ਤੋਂ ਕੋਈ ਕਮ ਅਕਲ ‘ਸਨੇਹੀ’ ਜਾਂ ‘ਫ਼ਰਜ਼ਾਂ ਦਾ ਪੂਰਾ’ ਪੁਲਸੀਆ ਗਲੇ ਵਿਚ ਤੁਰੇ ਜਾਂਦੇ ਨੂੰ ਆਵਾਜ਼ ਮਾਰ ਬੈਠੇ, ‘ਓਏ ਭਲਿਆ ਮਾਣਸਾ ਕਿਧਰ ਜਾਣਾ ਏਂ? ਲੁੱਟਿਆ ਮਾਰਿਆ ਜਾਏਂਗਾ। ਹੁਣ ਤਾਂ ਐਡੀ ਵੱਡੀ ਅੰਗਰੇਜ਼ੀ ਸਰਕਾਰ ਵੀ ਇਥੋਂ ਨਹੀਂ ਲੰਘਦੀ, ਤੂੰ ਇਕੱਲਾ ਮੌਤ ਦੇ ਮੂੰਹ ਕਿਉਂ ਪੈਨਾ ਏਂ? ‘ਇਸ ਰੋਕਣ ਵਾਲੀ ਆਵਾਜ਼ ਤੋਂ, ਜੋ ਸੁਖੈਣ ਹਾਲਤਾਂ ਵਿਚ ਭਾਵੇਂ ਨਿਹਮਤ ਹੁੰਦੀ, ਪਰ ਹੁਣ ਤਾਂ ਘਾਤਕ ਸੀ। ਜੋ ਆਵਾਜ਼ ਦੇਣ ਵਾਲੇ ਵਾਸਤੇ ਤਾਂ ਭਾਵੇਂ ਪਰਉਪਕਾਰ ਸੀ, ਪਰ ਮੇਰੇ ਵਾਸਤੇ ਗਰਿਫ਼ਤਾਰੀ ਦੀ ਲਾਜ਼ਮੀ ਸੱਦ ਸੀ। ਪਰ ਮੇਰੀ ਕਿਸਮਤ ਨੂੰ ਇਹ ਖ਼ਤਰਾ ਹਕੀਕੀ ਨ ਬਣਿਆਂ ਤੇ ਮੇਰੇ ਵੱਲ ਕਿਸੇ ਦਾ ਧਿਆਨ ਨ ਪਿਆ।

ਜਦ ਸੁਰੰਗ ਲੰਘ ਲਈ ਤਾਂ ਮੈਂ ਸ਼ੇਰ ਹੋ ਗਿਆ। ਹੁਣ ਪਿਛੋਂ ਕਿਸੇ ਦੇ ਵੇਖਣ ਤੇ ਆਵਾਜ਼ ਮਾਰਨ ਦਾ ਖ਼ਤਰਾ ਨਹੀਂ ਸੀ ਰਹਿ ਗਿਆ।

ਕਿਉਂਕਿ ਸੁਰੰਗ ਸਤਰੰਗੀ ਪੀਂਘ ਵਾਂਗ ਖੱਬੇ ਹੱਥ ਨੂੰ ਮੁੜਵੀਂ ਜਿਹੀ ਸੀ ਤੇ ਉਸ ਦਾ ਅਗਲਾ ਸਿਰਾ ਪਿਛਲੇ ਸਿਰੇ ਤੋਂ ਉਹਲੇ ਹੋ ਜਾਂਦਾ ਸੀ। ਹੁਣ ਮੈਂ ਪਿਛੋਂ ਦੁਕਾਨਾਂ ਤੋਂ ਆਉਣ ਵਾਲੀ ਆਵਾਜ਼ ਦੇ ਖ਼ਤਰੇ ਤੋਂ ਤਾਂ ਸੁਰਖਰੂ ਹੋ ਗਿਆ ਸਾਂ ਪਰ ਅੱਗੇ ਉਹ ਖ਼ਤਰਾ ਸੀ, ਜਿਸ ਤੋਂ ਡਰਦੀ ਪੰਜਾ ਮਹਾਂ ਦੀਪਾਂ ਤੇ ਰਾਜ ਕਰ ਰਹੀ ਅੰਗਰੇਜ਼ੀ ਸਾਮਰਾਜ ਤਾਕਤ ਵੀ ਪਰਾਣ ਛੱਡ ਬੈਠੀ ਸੀ। ਇਹ ਉਸ ਦਾ ਨਿੱਤ ਦਾ ਕਿੱਤਾ ਸੀ। ਹਰ ਰੋਜ਼ ਦੋ ਵਜੇ ਤੋਂ ਬਾਅਦ ਅਗਲੇ ਸਵੇਰ ਦੇ ਛੇ ਵਜੇ ਤਕ ਇਥੋਂ ਅੰਗਰੇਜ਼ੀ ਰਾਜ ਨੂੰ ਵਾਪਸ ਬੁਲਾ ਲਿਆ ਜਾਂਦਾ ਸੀ ਤੇ ਐਤਵਾਰ ਨੂੰ ਤਾਂ ਬਿਲਕੁਲ ਹੀ ਮੂੰਹ ਨਹੀਂ ਸੀ ਵਿਖਾਇਆ ਜਾਂਦਾ ਤੇ ਸਾਰਾ ਦਿਨ ਆਵਾਜਾਈ ਬੰਦ ਰਹਿੰਦੀ।

ਮੈਂ, ਇਸ ਬਿਗਾਨੀ ਹਕੂਮਤ ਦੀ ਗ਼ੁਲਾਮੀ ਤੋਂ ਦੇਸ਼ ਆਜ਼ਾਦ ਕਰਵਾਉਣ ਵਾਲੀ ਕੌਮੀ ਆਜ਼ਾਦੀ ਦੀ ਲਹਿਰ ਦੇ ਇਨਕਲਾਬੀ ਪੱਖ ਦੀ ਇਕ ਜਥੇਬੰਦ ਸਿਆਸੀ ਸ਼ਕਤੀ ਦਾ ਨਾਚੀਜ਼ ਜਿਹਾ ਸਿਪਾਹੀ ਇਸ ਖ਼ਤਰੇ ਨੂੰ ਅੱਖਾਂ ਅਗੇ ਨਚਦਾ ਵੇਖ ਕੇ ਵੀ ਇਸ ਮੌਤ ਦੀ ਘਾਟੀ ਵਿਚ ਦੁੜੰਗੇ ਮਾਰਦਾ ਜਾ ਰਿਹਾ ਸਾਂ।

ਮੇਰੇ ਸੱਜੇ ਹੱਥ ਉੱਚਾ ਪਹਾੜ ਸੀ, ਜਿਸ ਦੀ ਵੱਖੀ ਵਿਚ ਇਹ ਸੜਕ ਬਣੀ ਹੋਈ ਸੀ ਤੇ ਖੱਬੇ ਹੱਥ ਡੂੰਘੀ ਖਡ ਵਿਚ ਇਕ ਸੁੱਕਾ ਨਾਲਾ ਸੀ, ਜੋ ਸੜਕ ਦੇ ਨਾਲ ਨਾਲ ਹੇਠਾਂ ਦੱਖਣ ਨੂੰ ਉਤਰਦਾ ਜਾਂਦਾ ਸੀ ਤੇ ਦੋ ਕੁ ਮੀਲ ਜਾ ਕੇ ਚੜ੍ਹਦੇ ਵੱਲ ਅਟਕ ਦਰਿਆ ਵਿਚ ਪੈਣ ਲਈ ਮੁੜ ਗਿਆ ਸੀ। ਇਸ ਨਾਲੇ ਦੇ ਪਰਲੇ ਕੰਢੇ ਪਹਾੜ ਫੇਰ ਉੱਚਾ ਚੜ੍ਹ ਗਿਆ ਸੀ। ਜਾਣੋ ਇਹ ਦਰਿਸ਼ ਇਸ ਤਰ੍ਹਾਂ ਸੀ, ਜਿਸ ਤਰ੍ਹਾਂ ਲੰਘਦੇ ਹੋਏ ਸੱਪ ਨੇ ਪਹਾੜ ਨੂੰ ਘਸਰ ਦੇ ਨਾਲੇ ਵਾਸਤੇ ਖੱਡ ਬਣਾ ਦਿੱਤੀ ਹੋਵੇ।

ਚਿਟੇ ਪਹਾੜ ਦੀ ਇਹ ਸੜਕ ਪਹਾੜ ਵਾਂਗ ਹੀ ਰੁਖਾਂ ਦਰਖਤਾਂ ਤੋਂ ਸੱਖਣੀ ਸੀ। ਨਾਲਿਉਂ ਪਾਰ ਤੇ ਉਰਾਰ ਦੇ ਪਹਾੜਾਂ ਦੀਆਂ ਨੇੜੇ ਦੂਰ ਦਿਸ ਰਹੀਆਂ ਬੂਥੀਆਂ ਤੇ ਕਮਰੋੜਾਂ ਉਤੇ ਧੁਪ ਨਾਲ ਚਿਟਿਆਇਆ ਹੋਇਆ ਨੀਲਾ ਆਕਾਸ਼ ਇਸ ਤਰ੍ਹਾਂ ਜਾਪਦਾ ਸੀ, ਜਿਸ ਤਰ੍ਹਾਂ ਕਲਰਾਠੇ ਪਾਣੀ ਦੀ ਸਾਫ ਤੇ ਨਿਰਮਲ ਝੀਲ ਗਲੇ ਨੂੰ ਢੱਕਣ ਲਈ ਪਹਾੜਾਂ ਉਤੇ ਮੂਧੀ ਮਾਰ ਦਿੱਤੀ ਗਈ ਹੋਵੇ।

ਖ਼ਤਰੇ ਨਾਲ ਧਕ ਧਕ ਵਜ ਰਿਹਾ ਦਿਲ ਤੇ ਗਲੇ ਨੂੰ ਛੇਤੀ ਲੰਘ ਜਾਣ ਦੀ ਮਨ ਵਿਚ ਸਮਾਈ ਚੇਸ਼ਟਾ ਕੁਦਰਤ ਦੀ ਇਸ ਖੇਡ ਨੂੰ ਪ੍ਰਤੀਤ ਕਰਨ ਤੇ ਵੇਖਣ ਤੋਂ ਨਾ ਰਹਿ ਸਕੇ।

ਜੂਨ ਮਹੀਨੇ ਦੀ ਪਿਛਲੇ ਪਹਿਰ ਦੀ ਕੜਕਵੀਂ ਧੁਪ ਨੇ ਪਹਾੜ ਦੀ ਡੱਕ ਲੱਗ ਕੇ ਪੈਰਾਂ ਹੇਠਲੀ ਲੁਕ ਵਾਲੀ ਸਲੇਟੀ ਸੜਕ ਨੂੰ ਤਵੇ ਵਾਂਗ ਤਪਾਇਆ ਹੋਇਆ ਸੀ। ਉਤੋਂ ਧੁਪ ਤੇ ਹੇਠੋਂ ਸੜਕ ਦੇ ਸੇਕ ਨਾਲ ਮੈਂ ਮੱਛੀ ਵਾਂਗ ਭੁਜ ਰਿਹਾ ਸਾਂ। ਪਰ ਮੈਂ ਵਜ਼ੀਰੀਆਂ ਦੇ ਹਮਲੇ ਦੇ ਡਰ ਵਾਲਾ ਇਹ ਮੌਤ ਦਾ ਟੋਟਾ ਲੰਘ ਜਾਣ ਦੀ ਧੁੰਨ ਵਿਚ ਸ਼ਮਸ ਤਬਰੇਜ਼ ਬਣਿਆ ਵਾਹੋ ਦਾਹੀ ਰਿੜ੍ਹੀ ਜਾ ਰਿਹਾ ਸਾਂ। ਮੈਨੂੰ ਮੌਤ ਦਾ ਡੁਬਕਾ ਪਿੱਛੋਂ ਧੱਕ ਰਿਹਾ ਸੀ ਤੇ ਦੇਸ਼ ਦੀ ਆਜ਼ਾਦੀ ਦੀ ਲਗਣ ਅੱਗੋਂ ਖਿੱਚ ਰਹੀ ਸੀ ਤੇ ਮੈਂ ਤਾਂਗੇ ਦੇ ਅੱਖ-ਪਟੀਆਂ ਲੱਗੇ ਘੋੜੇ ਵਾਂਗ ਬਿਨਾਂ ਆਸੇ ਪਾਸੇ ਵੇਖੇ ਸਿੱਧਾ ਸੜਕੇ ਸੜਕ ਧਮਕੜੇ ਪਿਆ ਹੋਇਆ ਸਾਂ।

ਰਾਹ ਵਿਚ ਨ ਕੋਈ ਬੰਦਾ ਨਜ਼ਰੀਂ ਆਇਆ ਤੇ ਨ ਪਰਿੰਦਾ। ਸਭ ਉਜਾੜ ਹੀ ਉਜਾੜ। ਪਹਾੜ ਦੀਆਂ ਖੱਡਾਂ, ਵੱਖੀਆਂ, ਖੋਰਾਂ ਤੇ ਉਤਰਦੀਆਂ ਚੜ੍ਹਾਈਆਂ ਸਭ ਸੁੰਞੀਆਂ, ਇਸ ਤਰ੍ਹਾਂ ਜਾਪਦਾ ਸੀ, ਕਿ ਵਜ਼ੀਰੀਆਂ ਤੋਂ ਨਿਰਾ ਅੰਗਰੇਜ਼ੀ ਰਾਜ ਹੀ ਡਰ ਕੇ ਮੈਦਾਨ ਨਹੀਂ ਸੀ ਛੱਡ ਗਿਆ, ਸਗੋਂ ਕੁਦਰਤ ਦੇ ਹੋਰ ਜੀ ਵੀ ਨੱਸ ਗਏ ਸਨ।

ਜਿਵੇਂ ਜਿਵੇਂ ਮੈਂ ਗਲੇ ਦੇ ਪੰਧ ਨੂੰ ਨਬੇੜੀ ਜਾ ਰਿਹਾ ਸਾਂ, ਮੇਰਾ ‘ਕੋਈ ਆ ਨ ਜਾਵੇ, ਕੋਈ ਆ ਨ ਜਾਵੇ’ ਵਾਲਾ ਧੜਕੂ ਘੱਟਦਾ ਜਾਂਦਾ ਸੀ ਤੇ ਲੁਟੇ ਮਾਰੇ ਜਾਣ ਦੀ ਸੰਭਾਵਨਾ ਤਕਰੀਬਨ ਹਟ ਹੀ ਗਈ ਸੀ, ਹੁਣ ਸਗੋਂ ਇਕ ਹੋਰ ਭੈ ਇਸ ਦੀ ਥਾਂ ਲੈਂਦਾ ਜਾ ਰਿਹਾ ਸੀ, ਜੋ ਦਾਈ ਦੇ ਪੁਗਾਅ ਦੇ ਨੇੜੇ ਜਾਂਦਿਆਂ ਇਕ ਵੱਡਾ ਸਾਰਾ ਸਵਾਲ ਬਣ ਗਿਆ। ਉਹ ਇਹ, ਕਿ ‘ਗਲਾਅ ਲੰਘ ਕੇ ਕਰਕ ਕਿਸ ਤਰ੍ਹਾਂ ਪਹੁੰਚਾਂਗਾ?’ ਅੱਗੇ ਸਾਰਾ ਹੀ ਰਸਤਾ ਓਬੜ ਸੀ। ਜਿਧਰ ਮੈਂ ਅਗੇ ਕਦੀ ਨਹੀਂ ਸਾਂ ਗਿਆ। ‘ਭਲਾ ਜੇ ਉਥੇ ਪਹੁੰਚ ਹੀ ਗਿਆ ਤਾਂ ਕਾਕੇ ਨੂੰ ਕਿਸ ਤਰ੍ਹਾਂ ਲੱਭਾਂਗਾ?’ ਫਿਰ ਤੋਂਖਲਾ ਇਹ ਸੀ ਕਿ ‘ਜੇ ਕਾਕਾ ਓਥੇ ਵੀ ਨ ਹੋਇਆ ਤਾਂ ਕੀ ਬਣੂ?’ ਇਨ੍ਹਾਂ ਹੀ ਡਰਾਕਲ ਸੋਚਾਂ ਦੇ ਸਮੁੰਦਰ ਵਿਚ ਡੁਬਦਾ ਤਰਦਾ ਮੈਂ ਗਲਾਅ ਲੰਘ ਕੇ ਕਰਕ ਵਾਲੀ ਸੜਕ ਦੇ ਮੋੜ ਉਤੇ ਜਾ ਖ਼ਲੋਤਾ।

‘ਲਲੂ ਕਰੇ ਵਲੱਲੀਆਂ ਸਮਾਂ ਸਿੱਧੀਆਂ ਪਾਵੇ।’ ਮੈਂ ਦੁਸੜਕੇ ਉਤੇ ਗੱਡੀ ਹੋਈ ਫੱਟੀ ਤੋਂ ਅੰਗਰੇਜ਼ੀ ਵਿਚ ਲਿਖਿਆ ‘ਕਰਕ ਅੱਠ ਮੀਲ’ ਪੜ੍ਹ ਕੇ ਅਜੇ ਪਿਛਾਂ ਹਟਿਆ ਹੀ ਸਾਂ ਕਿ ਬੰਨੂੰ ਵਲੋਂ ਇਕ ਲਾਰੀ ਆਈ ਤੇ ਭੌੌਂ ਕੇ ਕਰਕ ਵਾਲੀ ਸੜਕ ਤੇ ਖਲੋ ਗਈ। ਉਸ ਨੇ ਕਰਕ ਜਾਣਾ ਸੀ। ਕੁਝ ਸਵਾਰੀਆਂ ਉਤਰੀਆਂ। ਉਸ ਮੈਨੂੰ ਵੀ ਚੜ੍ਹਾ ਲਿਆ। ਹੇਠਾਂ ਸੀਟਾਂ ਤੇ ਪੈਰਾਂ ਵਾਲੀ ਥਾਂ ਤੇ ਸਭ ਸਵਾਰੀਆਂ ਭਰੀਆਂ ਹੋਈਆਂ ਸਨ ਤੇ ਛੱਤ ਉਤੇ ਵੀ ਦਸ ਪੰਦਰਾਂ ਬੰਦੇ ਬੈਠੇ ਸਨ। ਮੈਨੂੰ ਛੱਤ ਉਤੇ ਥਾਂ ਮਿਲੀ। ਮੇਰਾ ਚਵਾਨੀ ਵਿਚ ਹੀ ਸਰ ਗਿਆ ਤੇ ਅੱਠ ਮੀਲਾਂ ਦੇ ਨਾ ਕੇਵਲ ਪੈਂਡੇ ਤੋਂ ਸਗੋਂ ਢਾਈ ਘੰਟੇ ਦਾ ਸਮਾਂ ਖਰਾਬ ਕਰਨੋਂ ਵੀ ਬਚ ਗਿਆ। ਮੈਂ ਵੀਹਾਂ ਮਿੰਟਾਂ ਵਿਚ ਕਰਕ ਪਹੁੰਚ ਗਿਆ। ਅਜੇ ਢਾਈ ਘੰਟੇ ਸੂਰਜ ਡੁਬਣ ਵਿਚ ਸਨ।

ਮੈਂ ਪੁਛ ਪੁਛਾ ਕੇ ਹਸਪਤਾਲ ਪੁਜ ਗਿਆ। ਇਹ ਹਸਪਤਾਲ ਇਲਾਕੇ ਦੇ ਪਛੜੇਵੇਂ ਤੇ ਇਸ ਵੱਲ ਅੰਗਰੇਜ਼ੀ ਹਕੂਮਤ ਦੀ ਲਾਪਰਵਾਹੀ ਦੀ ਮੂੰਹ ਬੋਲਦੀ ਤਸਵੀਰ ਸੀ। ਇਹ ਨਿਕੇ ਜਿਹੇ ਵਿਹੜੇ ਵਾਲਾ ਤਿੰਨਾਂ ਚਹੁੰ ਕੋਠੜੀਆਂ ਦਾ ਅਨਸੰਵਾਰਿਆ ਕੱਚਾ ਘਰ ਸੀ, ਜਿਸ ਦੇ ਫਰਸ਼ ਵੀ ਕੱਚੇ ਸਨ ਤੇ ਵਿਹੜੇ ਵਿਚ ਗੋਡੇ ਗੋਡੇ ਘੱਟਾ ਸੀ। ਕਾਕਾ ਇਕ ਨਿੱਕੀ ਜਿਹੀ ਸਬਾਤ ਵਿਚ ਟੁਟੀ ਜਿਹੀ ਮੰਜੀ ਉਤੇ ਇਕੱਲਾ ਹੀ ਪਿਆ ਸੀ। ਉਹ ਟਾਈਫਾਈਡ ਦਾ ਬੀਮਾਰ ਸੀ। ਦਵਾਈਆਂ ਤੇ ਖੁਰਾਕ ਰੱਖਣ ਵਾਲੀ ਕੋਈ ਡੋਲੀ ਡਾਲੀ ਉਥੇ ਨਹੀਂ ਸੀ ਤੇ ਨਾ ਕੋਈ ਕੰਧ ਵਿਚ ਅਲਮਾਰੀ ਜਾਂ ਆਲਾ ਸੀ। ਦਵਾਈਆਂ ਦੀਆਂ ਸ਼ੀਸ਼ੀਆਂ ਤੇ ਪਾਣੀ ਦਾ ਲੋਟਾ ਭੁੰਜੇ ਜ਼ਮੀਨ ਤੇ ਪਏ ਸਨ।

ਕਾਕੇ ਨੇ ਮੈਨੂੰ ਵੇਖ ਕੇ ਸਲਾਮਦੁਆ ਕੀਤੀ, ਪਰ ਉਹ ਪਹਿਲੀਆਂ ਮਿਲਣੀਆਂ ਵਾਂਗ ਚਿਹਰੇ ਤੇ ਖੇੜਾ ਨਾ ਲਿਆ ਸਕਿਆ। ਉਹ ਡਰਿਆ ਜਿਹਾ ਤੇ ਘਾਬਰਿਆ ਜਿਹਾ ਪ੍ਰਤੀਤ ਹੋਣ ਲੱਗ ਪਿਆ।

ਇਸ ਦੀ ਵਜ੍ਹਾ ਉਸ ਨੇ ਇਹ ਦੱਸੀ ਕਿ ਸਰਹੱਦ ਦੀ ਸਰਕਾਰ ਨੂੰ ਮੇਰੇ ਬਹਾਦਰ ਖੇਲ ਆਉਣ ਤੇ ਕਾਕੇ ਨਾਲ ਫਿਰਨ ਤੁਰਨ ਦੀ ਸੂਹ ਮਿਲ ਗਈ ਹੋਈ ਸੀ ਤੇ ਪੁਲਸ ਨੇ ਪਿੰਡ ਵਿਚ ਤੇ ਸੁਰੰਗ ਦੇ ਬੂਹੇ ਅੱਗੇ ਮੇਰਾ ਪਤਾ ਲਾਉਣ ਤੇ ਮੈਨੂੰ ਗਰਫ਼ਿਤਾਰ ਕਰਨ ਲਈ ਉਚੇਚੇ ਪੁਲਸੀਏ ਲਾਏ ਹੋਏ ਸਨ। ਇਸ ਕਰਕੇ ਸੀ. ਆਈ. ਡੀ. ਦਾ ਬੰਦਾ ਕਾਕੇ ਦੇ ਪਿਛੇ ਫਿਰ ਕੇ ਨਿਗਰਾਨੀ ਕਰਦਾ ਸੀ ਤੇ ਉਹ ਕਾਕੇ ਨਾਲ ਏਥੇ ਕਰਕ ਹਸਪਤਾਲ ਆਇਆ ਹੋਇਆ ਸੀ। ਮੇਰੇ ਚੰਗੇ ਕਰਮਾਂ ਨੂੰ ਉਹ ਦੋ ਮਿੰਟ ਹੋਏ, ਹਸਪਤਾਲ ਵਿਚੋਂ ਕਿਤੇ ਬਾਹਰ ਗਿਆ ਸੀ।

ਮੈਂ ਰੱਬ ਤਵੱਕਲੀ ਬਚ ਗਿਆ ਸਾਂ। ਪੁਲਸ ਦੀ ਨਿਗਰਾਨੀ ਨੇ ਸਮੇਂ ਨਾਲ ਵਾਰਾ ਨਹੀਂ ਸੀ ਖਾਂਦਾ। ਮੈਂ ਲਾਗੇ ਹੀ ਕਾਕੇ ਦੇ ਦਸੇ ਹੋਏ ਇਕ ਪਿੰਡ ਚਲਿਆ ਗਿਆ।

(ਸਮਾਪਤ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 22-23, ਜਨਵਰੀ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ