ਮਦਰ ਟੈਰੇਸਾ ਵੱਲੋਂ ਅਣਥੱਕ ਸੇਵਾ, ਪਰ ਕਿਸਦੀ? •ਗੁਰਪ੍ਰੀਤ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੈਥੋਲਿਕ ਚਰਚ ਦੇ ਪੋਪ ਫਰਾਂਸਿਸ ਵੱਲੋਂ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦੇਣ ਨਾਲ਼ ਉਹ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣ ਗਈ ਹੈ। ਮਦਰ ਟੈਰੇਸਾ ਇੱਕ ਅਜਿਹਾ ਨਾਮ ਹੈ ਜਿਸ ਦੁਆਲੇ ਇੱਕ ਆਭਾ ਮੰਡਲ ਉੱਸਰਿਆ ਹੋਇਆ ਹੈ ਤੇ ਉਸਨੂੰ ਸਤਿਕਾਰ ਦੀ ਨਿਗ੍ਹਾ ਨਾਲ਼ ਦੇਖਿਆ ਜਾਂਦਾ ਹੈ। ਅਜਿਹੀਆਂ ਸਖਸ਼ੀਅਤਾਂ ਉੱਪਰ ਸਵਾਲ ਖੜੇ ਕਰਨਾ, ਉਹਨਾਂ ਦੀ ਅਲੋਚਨਾ ਕਰਨੀ ਔਖਾ ਕੰਮ ਹੁੰਦੀ ਹੈ ਕਿਉਂਕਿ ਭਾਰਤ ਵਰਗੇ ਸਮਾਜਾਂ ‘ਚ, ਜਿੱਥੇ ਅਜ਼ਾਦ ਸੋਚਣੀ ਤੇ ਅਲੋਚਨਾਤਮਕ ਚਿੰਤਨ ਦੀ ਕਾਫੀ ਘਾਟ ਹੈ, ਉੱਥੇ ਲੋਕ ਅਜਿਹੀ ਸਖਸ਼ੀਅਤ ਵਿਰੁੱਧ ਇੱਕ ਵੀ ਸ਼ਬਦ ਸੁਣਨ ਨੂੰ ਤਿਆਰ ਨਹੀਂ ਹੁੰਦੇ, ਪਰ ਠੀਕ ਇਸੇ ਕਾਰਨ ਕਰਕੇ ਅਜਿਹੀ ਅਲੋਚਨਾ ਵਧੇਰੇ ਲੋੜੀਂਦੀ ਹੁੰਦੀ ਹੈ ਤਾਂ ਕਿ ਲੋਕਾਂ ਦੀਆਂ ਅੱਖਾਂ ਅੱਗੋਂ ਕਿਸੇ ਵਿਅਕਤੀ ਨੂੰ ਸਵਾਲਾਂ, ਅਲੋਚਨਾ ਤੋਂ ਉੱਪਰ ਮੰਨਣ ਵਾਲ਼ੀ  ਪੂਜਾ ਦਾ ਜਾਲ਼ਾ ਝਾੜਿਆ ਜਾ ਸਕੇ ਤੇ ਉਹਨਾਂ ਨੂੰ ਅਲੋਚਨਾਤਮਕ ਢੰਗ ਨਾਲ਼ ਸੋਚਣ ਲਾਇਆ ਜਾ ਸਕੇ। ਮਦਰ ਟੈਰੇਸਾ ਨੇ ਜਿਸ ਤਰ੍ਹਾਂ ਗਰੀਬਾਂ ਦੀ ਮਦਦ ਕਰਕੇ ਨਮਾਣਾ ਖੱਟਿਆ ਹੈ ਅਸੀਂ ਉਸ ਮਦਦ ਦੀਆਂ ਸੀਮਤਾਈਆਂ ਅਤੇ ਨੁਕਸਾਨਾਂ ਦੀ ਗੱਲ ਕਰਾਂਗੇ। ਇਹ ਇਕੱਲੀ ਮਦਰ ਟੈਰੇਸਾ ਦੀ ਪੜਚੋਲ ਨਹੀਂ ਹੈ ਸਗੋਂ ਉਸਦੀ ਸੰਸਥਾ ‘ਮਿਸ਼ਨਰੀਜ ਆਫ ਚੈਰਿਟੀ’ ਅਤੇ ਇਸ ਤਰ੍ਹਾਂ ਦੇ ਹੋਰ ਦਾਨ-ਪੁੰਨ ਤੇ ਸੇਵਾ ਰਾਹੀਂ ਗਰੀਬਾਂ ਦੀ ਮਦਦ ਕਰਨ ਦੇ ਢੰਗਾਂ ਦੀ ਪੜਚੋਲ ਹੈ ਕਿ ਇਹ ਮਦਦ ਅਸਲ ਵਿੱਚ ਕਿਸਦੀ ਕੀ ਮਦਦ ਕਰਦੀ ਹੈ।

1910 ‘ਚ ਅਲਬਾਨੀਆ ਚ ਪੈਦਾ ਹੋਈ ਮਦਰ ਟੈਰੇਸਾ ਦਾ ਅਸਲ ਨਾਮ ਐਗਨੇਜ ਬੋਜਾਯਿਹੂ ਸੀ। 1929 ‘ਚ ਭਾਰਤ ‘ਚ ਕੈਥੋਲਿਕ ਫਿਰਕੇ ਦੇ ਇੱਕ ਰਈਸ ਤਬਕੇ ਦੇ ਸਕੂਲ ਚ ਪੜਾਉਣ ਲਈ ਭਾਰਤ ਆਈ। 1950 ‘ਚ ਕਲਕੱਤਾ ‘ਚ ਗਰੀਬਾਂ ਲਈ ‘ਮਿਸ਼ਨਰਜੀ ਆਫ ਚੈਰਿਟੀ’ ਦੀ ਸਥਾਪਨਾ ਕੀਤੀ। ਜਿਸਦਾ ਮਕਸਦ “ਗਰੀਬਾਂ ਤੇ ਵਿਚਾਰਿਆਂ ਲਈ ਯੀਸੂ ਦੇ ਸਰੋਕਾਰਾਂ ਨੂੰ ਜਾਰੀ ਰੱਖਣਾ” ਸੀ। ਇਸ ਸੰਸਥਾ ਨੇ ਬੇਘਰਿਆਂ ਲਈ ਆਸ਼ਰਮ ਬਣਾਏ, ਕੋਹੜ ਰੋਗੀਆਂ ਲਈ ਇੱਕ ਪਿੰਡ ਬਣਾਇਆ। ਇੱਥੋਂ ਹੀ ਉਸਦੀ ਚਰਚਾ ਹੋਣੀ ਸ਼ੁਰੂ ਹੁੰਦੀ ਹੈ। 1969 ਵਿੱਚ ਉਸ ਬਾਰੇ ਇੱਕ ਦਸਤਾਵੇਜੀ ਫਿਲਮ ‘ਸਮਥਿੰਗ ਬਿਊਟੀਫੁੱਲ ਫਾਰ ਗੌਡ’ ਅਤੇ ਇਸੇ ਨਾਮ ਹੇਠ 1971 ਵਿੱਚ ਛਪੀ ਪੁਸਤਕ ਤੋਂ ਬਾਅਦ ਉਸਨੂੰ ਹੋਰ ਵੀ ਪ੍ਰਸਿੱਧੀ ਹਾਸਲ ਹੋਈ। ਇਸਤੋਂ ਬਾਅਦ ਭਾਰਤ ਤੇ ਅਮਰੀਕਾ ਦੀ ਸਰਕਾਰ, ਸੰਯੁਕਤ ਰਾਸ਼ਟਰ ਤੇ ਵੈਟੀਕਨ ਵੱਲੋਂ ਉਸਨੂੰ ਕਈ ਪੁਰਸਕਾਰ ਦਿੱਤੇ ਗਏ। 1979 ਵਿੱਚ ਉਸਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਦਿੱਤਾ ਗਿਆ।

1997 ‘ਚ ਮਦਰ ਟੈਰੇਸਾ ਦੀ ਮੌਤ ਤੋਂ ਬਾਅਦ ਉਸਦਾ ਅਹੁਦਾ ਸੰਭਾਲਣ ਵਾਲੀ ਸਿਸਟਰ ਨਿਰਮਲਾ ਨੇ ਟਾਈਮਜ ਆਫ ਇੰਡੀਆ ਨਾਲ਼ ਇੱਕ ਮੁਲਾਕਾਤ ‘ਚ ਕਿਹਾ ਕਿ, “ਗਰੀਬੀ ਰੱਬ ਦੀ ਦਾਤ ਹੈ ਤੇ ਇਹ ਹਮੇਸ਼ਾ ਬਣੀ ਰਹੇਗੀ। ਜੇ ਦੁਨੀਆਂ ‘ਚੋਂ ਗਰੀਬੀ ਦਾ ਖਾਤਮਾ ਹੋ ਜਾਵੇ ਤਾਂ ਅਸੀਂ ਬੇਰੁਜਗਾਰ ਹੋ ਜਾਵਾਂਗੇ। … ਗਰੀਬੀ ਰੱਬ ਦੀ ਦਾਤ ਹੈ ਤੇ ਇਸਦੀ ਸਹੀ ਢੰਗ ਨਾਲ਼ ਵਰਤੋਂ ਕਰਨੀ ਚਾਹੀਦੀ ਹੈ। ਸਹੀ ਢੰਗ ਦੀ ਵਰਤੋਂ ਤੋਂ ਭਾਵ ਉਹ ਆਪਣੀ ਗਰੀਬੀ ਨੂੰ ਪ੍ਰਵਾਨ ਕਰਨ ਤੇ ਜੋ ਕੁੱਝ ਵੀ ਰੱਬ ਨੇ ਦਿੱਤਾ ਹੈ ਉਸ ਨਾਲ਼ ਸੰਤੁਸ਼ਟ ਰਹਿਣ।” ਇਹ ਬਿਆਨ ਮਦਰ ਟੈਰੇਸਾ ਤੇ ਉਸਦੀ ਸੇਵਾ ਸੰਸਥਾ ਦੀ ਵਿਚਾਰਧਾਰਾ ਨੂੰ ਸਪੱਸ਼ਟ ਕਰਦਾ ਹੈ।

ਮਦਰ ਟੈਰੇਸਾ ਦੇ ਰੋਗੀਆਂ ਵਾਲੇ ਆਸ਼ਰਮ ਅਸਲ ਵਿੱਚ ਇਲਾਜ ਕੇਂਦਰਾਂ ਨਾਲ਼ੋਂ ਤਸੀਹਾਘਰ ਜਿਆਦਾ ਸਨ। ਇੱਕ-ਇੱਕ ਕਮਰੇ ਵਿੱਚ 50-60 ਮਰੀਜ ਦਰਦ ਨਾਲ਼ ਹੂੰਘਦੇ ਪਏ ਰਹਿੰਦੇ ਸਨ। ਇੱਥੇ ਰੋਗੀਆਂ ਦਾ ਇਲਾਜ ਚਕਿਤਸਾ ਵਿਗਿਆਨ ਨਾਲ਼ ਨਹੀਂ ਸਗੋਂ ਪਿਆਰ ਦੀ ਮੱਲ੍ਹਮ ਨਾਲ਼ ਕੀਤਾ ਜਾਂਦਾ ਸੀ। ਆਧੁਨਿਕ ਤਕਨੀਕਾਂ ਦੀ ਥਾਂ ਮੁੱਢਲੇ ਪੱਧਰ ਦੀ ਮੈਡੀਕਲ ਸਹਾਇਤਾ ਨਾਲ਼ ਹੀ ਕੰਮ ਸਾਰਿਆ ਜਾਂਦਾ ਸੀ। ਕਿਉਂਕਿ ਉਹ ਰੱਬ ‘ਤੇ ਭਰੋਸਾ ਕਰਕੇ ਚਲਦੇ ਸਨ ਨਾ ਕਿ ਵਿਗਿਆਨ ‘ਤੇ। ਅਸਲ ‘ਚ ਮਦਰ ਟੈਰੇਸਾ ਦੀ ਸੰਸਥਾ ਦੁੱਖਾਂ, ਦਰਦਾਂ ਤੇ ਬਿਮਾਰੀਆਂ ਰੱਬ ਦੀ ਦਾਤ ਮੰਨਦੀ ਸੀ ਤੇ ਇਹਨਾਂ ਨੂੰ ਰੱਬ ਦੀ ਰਜਾ ‘ਚ ਰਹਿੰਦੇ ਹੋਏ ਸਹਿਣ ਕਰਨ ‘ਚ ਯਕੀਨ ਰੱਖਦੀ ਸੀ, ਇਸ ਲਈ ਇਲਾਜ਼ ਕਰਨਾ ਉਹਨਾਂ ਦਾ ਮੰਤਵ ਹੁੰਦਾ ਹੀ ਨਹੀਂ ਸੀ। ਇੱਥੇ ਇਹ ਤੱਥ ਵੀ ਵਰਨਣਯੋਗ ਹੈ ਕਿ ਦੁੱਖਾਂ, ਗਰੀਬੀ ਨੂੰ ਰੱਬ ਦੀ ਦਾਤ ਮੰਨ ਉਹਨਾਂ ਨੂੰ ਸਹਿਣ ਕਰਨ ਦਾ ਸੁਨੇਹਾ ਦੇਣ ਵਾਲੀ ਮਦਰ ਟੈਰੇਸਾ ਖੁਦ ਆਪਣੀ ਬਿਮਾਰੀ ਸਮੇਂ ਆਧੁਨਿਕ ਸਹੂਲਤਾਂ ਵਾਲੇ ਹਸਪਤਾਲਾਂ ‘ਚ ਇਲਾਜ ਕਰਵਾਉਂਦੀ ਰਹੀ ਹੈ।

ਮਿਸ਼ਨਰੀਜ ਆਫ ਚੈਰਿਟੀ ਦੇ ਕਲਕੱਤਾ ਵਿਚਲੇ ਆਸ਼ਰਮਾਂ ਦੀ ਫੇਰੀ ਦੌਰਾਨ ਪੱਤਰਕਾਰ ਮੈਰੀ ਲਾਉਡਨ ਇੱਕ ਦਸਤਾਵੇਜੀ ਫਿਲਮ ‘ਮਦਰ ਟੈਰੇਸਾ : ਹਿੱਲ’ਜ ਏਂਜਲ’ ‘ਚ ਦੱਸਦੀ ਹੈ ਕਿ “ਇੱਕ ਕਮਰੇ ਵਿੱਚ 50-60 ਰੋਗੀਆਂ ਨੂੰ ਸਟ੍ਰੇਚਰ ‘ਤੇ ਲਿਟਾਇਆ ਜਾਂਦਾ ਸੀ ਤੇ ਉੱਥੇ ਕੋਈ ਕੁਰਸੀ ਨਹੀਂ ਸੀ। ਉਹਨਾਂ ਨੂੰ ਕੋਈ ਦਰਦ ਨਿਵਾਰਕ ਵੀ ਨਹੀਂ ਦਿੱਤਾ ਜਾਂਦਾ ਸੀ। ਵੱਖ-ਵੱਖ ਰੋਗੀਆਂ ਨੂੰ ਟੀਕੇ ਲਾਉਣ ਲਈ ਇੱਕੋ ਹੀ ਸਰਿੰਜ ਵਰਤੀ ਜਾਂਦੀ ਸੀ ਤੇ ਉਸਨੂੰ ਰੋਗਾਣੂ ਰਹਿਤ ਕਰਨ ਦੀ ਥਾਂ ਸਿਰਫ ਟੂਟੀ ਦੇ ਪਾਣੀ ਹੇਠ ਧੋ ਲਿਆ ਜਾਂਦਾ ਸੀ। ਮਰਦਾਂ ਦੇ ਵਾਰਡ ਚ ਇੱਕ 15 ਸਾਲ ਦਾ ਲੜਕਾ ਸੀ। ਇੱਕ ਅਮਰੀਕੀ ਡਾਕਟਰ ਨੇ ਮੈਨੂੰ ਦੱਸਿਆ ਕਿ ਉਸਨੂੰ ਗੁਰਦੇ ਦੀ ਸਮੱਸਿਆ ਹੈ ਤੇ ਇਹ ਦਿਨੋਂ ਦਿਨ ਖਰਾਬ ਹੋ ਰਿਹਾ ਹੈ। ਇਸਦਾ ਅਪਰੇਸ਼ਨ ਕੀਤੇ ਜਾਣ ਲਈ ਹਸਪਤਾਲ ਲਿਜਾਣ ਜਾਣ ਦੀ ਲੋੜ ਹੈ। ਉਸਨੇ ਅੱਗੇ ਦੱਸਿਆ ਕਿ ਪਰ ਅਜਿਹਾ ਕੀਤਾ ਨਹੀਂ ਜਾਵੇਗਾ ਕਿਉਂਕਿ ਜੇ ਇੱਕ ਲਈ ਇਹ ਕੀਤਾ ਜਾਂਦਾ ਹੈ ਤਾਂ ਬਾਕੀਆਂ ਲਈ ਵੀ ਕਰਨਾ ਪਵੇਗਾ।”

ਮਦਰ ਟੈਰੇਸਾ ਵੱਲੋਂ ਗਰੀਬਾਂ ਦੀ ਕੀਤੀ ਸੇਵਾ ਵਿੱਚ ਕੋਈ ਸੇਵਾ ਵਾਲੀ ਗੱਲ ਨਹੀਂ ਹੈ ਕਿਉਂਕਿ ਉਹਨਾਂ ਦੇ ਦੁੱਖ-ਦਰਦ ਤਾਂ ਉਸੇ ਤਰਾਂ ਬਰਕਰਾਰ ਰਹਿੰਦੇ ਹਨ ਸਗੋਂ ਉੱਪਰੋਂ ਉਹਨਾਂ ਨੂੰ ਰੱਬ ਦੀ ਦਾਤ ਮੰਨ ਕੇ ਦੁੱਖਾਂ ਨੂੰ ਸਹਿਣ ਦੇ ਕਿਸਮਤਵਾਦ ਦੇ ਰਾਹ ਤੋਰ ਦਿੱਤਾ ਜਾਂਦਾ ਹੈ। ਉਹਨਾਂ ਦੇ ਦੁੱਖਾਂ, ਤਕਲੀਫਾਂ ਨੂੰ ਦੂਰ ਕਰਨ ਦੀ ਥਾਂ ਉਹਨਾਂ ਨੂੰ ਉਚਿਆਇਆ ਜਾਂਦਾ ਹੈ ਤੇ ਇਹਨਾਂ ਦੁੱਖਾਂ-ਤਕਲੀਫਾਂ ਨੂੰ ਚੁੱਪਚਾਪ ਸਹਿੰਦੇ ਰਹਿਣ ਦਾ ਮਹਿਮਾ-ਮੰਡਨ ਕੀਤਾ ਜਾਂਦਾ ਹੈ। ਜੇ ਕੋਈ ਸੰਸਥਾ ਆਪਣਾ ਧੰਦਾ ਚਲਾਉਣ ਲਈ ਗਰੀਬੀ ਜਿਹੀਆਂ ਅਲਾਮਤਾਂ ਦੇ ਬਰਕਰਾਰ ਰਹਿਣ ਦੀ ਕਾਮਨਾ ਕਰਦੀ ਹੈ ਤਾਂ ਇਹ ਮਨੁੱਖਤਾ ਦੀ ਨਿਰਸੁਆਰਥ ਸੇਵਾ ਕਿਵੇਂ ਹੋਈ? ਮਦਰ ਟੈਰੇਸਾ ਉੱਪਰ ਭਰਵੀਂ ਖੋਜਬੀਣ ਕਰਕੇ ‘ਦ ਮਿਸ਼ਨਰੀ ਪੁਜੀਸ਼ਨ : ਮਦਰ ਟੈਰੇਸਾ ਇਨ ਥਿਊਰੀ ਐਂਡ ਪ੍ਰੈਕਟਿਸ’ ਨਾਮ ਦੀ ਵਿਵਾਦਤ ਕਿਤਾਬ ਲਿਖਣ ਵਾਲਾ ਕ੍ਰਿਸਟੋਫਰ ਹਿਚਨਸ ਲਿਖਦਾ ਹੈ, “ਸਵਾਲ ਇਮਾਨਦਾਰੀ ਨਾਲ਼ ਪੀੜਤਾਂ ਨੂੰ ਰਾਹਤ ਦੇਣ ਦਾ ਨਹੀਂ ਸਗੋਂ ਮੌਤ, ਤਕਲੀਫ ਅਤੇ ਗੁਲਾਮੀ ‘ਤੇ ਅਧਾਰਤ ਇੱਕ ‘ਕਲਟ’ ਦੀ ਸ਼ੁਰੂਆਤ ਕਰਨ ਦਾ ਹੈ। ਬੇਸਹਾਰਾ ਬੱਚੇ, ਨਾਕਾਰਾ ਲੋਕ, ਕੋਹੜੀ ਅਤੇ ਮਰਨ ਕੰਢੇ ਪਏ ਲੋਕ ਕਰੁਣਾ ਦੇ ਪ੍ਰਦਰਸ਼ਨ ਲਈ ਕੱਚਾ ਮਾਲ ਹਨ। ਉਹ ਕਿਸੇ ਤਰ੍ਹਾਂ ਦੀ ਸ਼ਿਕਾਇਤ ਕਰਨ ਦੀ ਹਾਲਤ ‘ਚ ਨਹੀਂ ਹੁੰਦੇ ਅਤੇ ਉਹਨਾਂ ਦੀ ਸਹਿਣਸ਼ੀਲਤਾ ਅਤੇ ਬਹੁਤ ਅਧੋਗਤੀ ਵਿੱਚ ਜਿਉਂਦੇ ਰਹਿਣ ਦੀ ਸਮਰੱਥਾ ਇੱਕ ਸ਼ਾਨਦਾਰ ਗੁਣ ਮੰਨਿਆਂ ਜਾਂਦਾ ਹੈ।”

ਇੱਥੇ ਹੀ ਬੱਸ ਨਹੀਂ, ਅਸਲ ਵਿੱਚ ਮਦਰ ਟੈਰੇਸਾ ਵੱਲੋਂ ਕੀਤੀ ਸੇਵਾ ਉਸ ਢਾਂਚੇ ਦੀ ਸੇਵਾ ਹੈ ਜੋ ਗਰੀਬੀ ਪੈਦਾ ਕਰਦਾ ਹੈ ਅਤੇ ਉਹਨਾਂ ਲੋਕਾਂ ਦੀ ਸੇਵਾ ਹੈ ਜਿਹਨਾਂ ਨੇ ਹੋਰਨਾਂ ਨੂੰ ਇਸ ਤਰ੍ਹਾਂ ਗਰੀਬੀ ‘ਚ ਧੱਕ ਕੇ ਖੁਦ ਜਾਇਦਾਦ ਦੇ ਅੰਬਾਰ ਲਾਏ ਹਨ। ਕਿਰਤੀਆਂ-ਮਜਦੂਰਾਂ ਦੀ ਮਿਹਨਤ ਦੀ ਲੁੱਟ ਕਰਕੇ ਜਾਇਦਾਦ ਦੇ ਅੰਬਰ ਛੂੰਹਦੇ ਮੀਨਾਰਾਂ ਉੱਪਰ ਬੈਠੇ ਇਹ ਸਰਮਾਏਦਾਰ ਇਹਨਾਂ ਦੱਬੇ-ਲੁੱਟੇ ਜਾਂਦੇ ਕਿਰਤੀਆਂ-ਮਜਦੂਰਾਂ ਦੇ ਆਪਣੇ ਹੱਕਾਂ ਲਈ ਉੱਠ ਖਲੋਣ ਤੋਂ ਡਰਦੇ ਹਨ, ਉਹ ਉਹਨਾਂ ਦੀ ਉਸ ਬਗਾਵਤ ਤੋਂ ਡਰਦੇ ਹਨ ਜਿਸਨੇ ਉਹਨਾਂ ਦੇ ਸਵਰਗ ਦਾ ਅੰਤ ਕਰ ਦੇਣਾ ਹੈ। ਇਸ ਲਈ ਉਹ ਇਹਨਾਂ ਲੋਕਾਂ ਦਰਮਿਆਨ ਸ਼ਾਂਤੀ ਚਾਹੁੰਦੇ ਹਨ। ਮਦਰ ਟੈਰੇਸਾ ਦਾ ਰਾਹ ਬਿਲਕੁਲ ਇਹੋ ਕੰਮ ਕਰਦਾ ਹੈ, ਕਿਉਂਕਿ ਜੇ ਦੁੱਖ, ਗਰੀਬੀ ਰੱਬ ਦੀ ਦਾਤ ਹਨ ਤੇ ਇਹਨਾਂ ਨੂੰ ਸਹਿਣਾ ਚਾਹੀਦਾ ਹੈ ਤਾਂ ਇਸਦੇ ਕਾਰਨਾਂ ਨੂੰ ਲੱਭ ਕੇ ਇਹਨਾਂ ਨੂੰ ਹੱਲ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਤੇ ਧਨਾਢਾਂ, ਸਰਮਾਏਦਾਰਾਂ ਦਾ ਸਵਰਗ ਵੀ ਸੁਰੱਖਿਅਤ ਰਹੇਗਾ। ਇਸੇ ਕਾਰਨ ਮਦਰ ਟੈਰੇਸਾ ਤੇ ਉਸਦੀ ਸੰਸਥਾ ਨੂੰ ਅਨੇਕਾਂ ਬਹੁਕੌਮੀ ਕੰਪਨੀਆਂ, ਸਰਮਾਏਦਾਰ ਘਰਾਣਿਆਂ ਤੋਂ ਮੋਟਾ ਚੰਦਾ ਮਿਲਦਾ ਸੀ ਤੇ ਥਾਂ-ਥਾਂ ਉਸਦਾ ਮਾਨ-ਸਨਮਾਨ ਹੁੰਦਾ ਸੀ, ਉਸਨੂੰ ਉਚਿਆਇਆ ਜਾਂਦਾ ਸੀ। ਸਿੱਧੀ ਸਮਝ ਆਉਣ ਵਾਲੀ ਇੱਕ ਗੱਲ ਇਹ ਵੀ ਹੈ ਕਿ ਮਦਰ ਟੈਰੇਸਾ ਦੀ ਸੰਸਥਾ ਨੂੰ ਲੱਖਾਂ-ਕਰੋੜਾਂ ਰੁਪਏ ਦਾਨ ਕਰਕੇ ਗਰੀਬਾਂ ਦਾ ਭਲਾ ਕਰਨ ਵਾਲੇ ਖੁਦ ਆਪਣੇ ਮਜਦੂਰਾਂ, ਕਾਮਿਆਂ ਦੀਆਂ ਤਨਖਾਹਾਂ ਕਿਉਂ ਨਹੀਂ ਵਧਾਉਂਦੇ? ਉਹਨਾਂ ਨੂੰ ਚੰਗੀਆਂ ਕੰਮ ਦੀਆਂ ਹਾਲਤਾਂ ਕਿਉਂ ਨਹੀਂ ਮੁਹੱਈਆ ਕਰਵਾਉਂਦੇ? ਇਹ ਗੱਲ ਵੀ ਸੋਚਣ ਵਾਲੀ ਹੈ ਕਿ ਮਦਰ ਟੈਰੇਸਾ ਦੇ ਰਾਹ ਨੂੰ ਉਚਿਆਉਣ ਵਾਲਾ ਇਹ ਤਬਕਾ ਖੁਦ ਉਸਦੇ ਰਾਹ ਕਿਉਂ ਨਹੀਂ ਚਲਦਾ? ਉਹ ਕਿਉਂ ਆਪਣੀ ਜਾਇਦਾਦ ਛੱਡ ਕੇ ਦੁੱਖ ਤੇ ਗਰੀਬੀ ਜਿਹੀਆਂ “ਰੱਬ ਦੀਆਂ ਦਾਤਾਂ” ਨੂੰ ਹਾਸਲ ਕਰਨ ਦੇ ਰਾਹ ਨਹੀਂ ਪੈਂਦਾ?

ਇਸ ਨਾਲ਼ ਜੁੜੇ ਕੁੱਝ ਤੱਥ ਧਿਆਨ ਮੰਗਦੇ ਹਨ। ਮਦਰ ਟੈਰੇਸਾ ਆਪਣੇ ਮਜ਼ਦੂਰਾਂ, ਕਾਮਿਆਂ ਦੀ ਲੁੱਟ ਰਾਹੀਂ ਜਾਇਦਾਦ ਜੋੜਨ ਵਾਲੇ (ਤੇ ਉਹਨਾਂ ਨੂੰ ਦੁੱਖਾਂ ਤੇ ਗਰੀਬੀ ਦੀਆਂ “ਰੱਬੀ ਦਾਤਾਂ” ਦੇਣ ਵਾਲੇ) ਅਨੇਕਾਂ ਸਰਮਾਏਦਾਰ ਘਰਾਣਿਆਂ ਤੋਂ ਤਾਂ ਚੰਦਾ ਲੈਂਦੀ ਹੀ ਰਹੀ ਹੈ, ਸਗੋਂ ਉਹ ਚਾਰਲਸ ਕੀਟਿੰਗ ਦੇ ਮਾਮਲੇ ਕਰਕੇ ਵੀ ਬਦਨਾਮ ਹੈ। ਚਾਰਲਸ ਕੀਟਿੰਗ ਦੀ ਕੰਪਨੀ ‘ਸੇਵਿੰਗਜ ਐਂਡ ਲੋਨ’ ਜਿਸ ਉੱਪਰ ਠੱਗੀ ਤੇ ਧੋਖਾਧੜੀ ਦੇ 70 ਮੁਕੱਦਮੇ ਦਰਜ ਸਨ। ਉਸਨੇ ਠੱਗੀਆਂ ਰਾਹੀਂ ਅਮਰੀਕਾ ਦੇ ਕਾਮਿਆਂ ਤੋਂ ਕਰੋੜਾਂ ਰੁਪਏ ਠੱਗੇ ਸਗੋਂ ਉਸਨੇ ਆਪਣੀ ਸਜਾ ਰੁਕਵਾਉਣ ਲਈ 5 ਸੈਨੇਟ ਮੈਂਬਰਾਂ ਨੂੰ ਰਿਸ਼ਵਤ ਦਿੱਤੀ ਸੀ। ਉਸਨੇ ਮਦਰ ਟੈਰੇਸਾ ਨੂੰ 12.5 ਲੱਖ ਡਾਲਰ ਦਾ ਚੰਦਾ ਦਿੱਤਾ ਤੇ ਉਸਦੇ ਦੌਰਿਆਂ ਲਈ ਉਸਨੂੰ ਆਪਣਾ ਨਿੱਜੀ ਜ਼ਹਾਜ਼ ਦਿੱਤਾ। ਕੀਟਿੰਗ ‘ਤੇ ਜਦੋਂ 1992 ‘ਚ ਮੁਕੱਦਮਾ ਚੱਲ ਰਿਹਾ ਸੀ ਤਾਂ 18 ਜਨਵਰੀ 1992 ਨੂੰ ਮਦਰ ਟੈਰੇਸਾ ਨੇ ਜੱਜ ਨੂੰ ਚਿੱਠੀ ਵਿੱਚ ਲਿਖਿਆ “ਮੈਂ ਸ਼੍ਰੀਮਾਨ ਚਾਰਲਸ ਕੀਟਿੰਗ ਦੇ ਕੰਮ ਅਤੇ ਵਪਾਰ ਜਾਂ ਉਹਨਾਂ ਮਾਮਲਿਆਂ ਬਾਰੇ, ਜੋ ਤੁਹਾਡੇ ਵਿਚਾਰ ਅਧੀਨ ਹਨ, ਕੁੱਝ ਨਹੀਂ ਜਾਣਦੀ, ਮੈਂ ਤਾਂ ਸਿਰਫ ਇੰਨਾ ਜਾਣਦੀ ਹਾਂ ਕਿ ਉਹ ਗਰੀਬਾਂ ਲਈ ਹਮੇਸ਼ਾ ਦਿਆਲੂ ਤੇ ਸਨੇਹੀ ਰਹੇ ਹਨ ਅਤੇ ਜਿੱਥੇ ਲੋੜ ਹੋਵੇ ਮਦਦ ਪਹੁੰਚਾਉਣ ਨੂੰ ਤਿਆਰ ਰਹਿੰਦੇ ਹਨ।”

ਇੱਕ ਹੋਰ ਮਿਸਾਲ ਜਿਕਰਯੋਗ ਹੈ। 2-3 ਦਸੰਬਰ 1984 ਦੀ ਰਾਤ ਭੋਪਾਲ ‘ਚ ਯੂਨੀਅਨ ਕਾਰਬਾਈਡ ਦੇ ਕਾਰਖਾਨੇ ਚ ਜਹਿਰੀਲਲ ਗੈਸ ਲੀਕ ਹੋਣ ਨਾਲ਼ ਹਜਾਰਾਂ ਲੋਕ ਮਾਰੇ ਗਏ ਤੇ ਲੱਖਾਂ ਇਸਦੇ ਜਹਿਰੀਲੇ ਅਸਰ ਨਾਲ਼ ਪ੍ਰਭਾਵਿਤ ਹੋਏ ਸਨ। ਇਹ ਮੁਨਾਫੇ ਦੀ ਹਵਸ ਲਈ ਕੀਤਾ ਸਭ ਤੋਂ ਘਿਨਾਉਣਾ ਤੇ ਵੱਡਾ ਕਤਲੇਆਮ ਸੀ। 10 ਅਰਬ ਡਾਲਰ ਦੀ ਜਾਇਦਾਦ ਵਾਲੇ ਇਸ ਕਾਰਖਾਨੇ ਦੇ ਸੁਰੱਖਿਆ ਸਾਧਨਾਂ ਉੱਪਰ ਮਾਮੂਲੀ ਖਰਚਾ ਕਰਨ ਨੂੰ ਵੀ ਤਿਆਰ ਨਹੀਂ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ। ਸਰਕਾਰ ਨੇ ਇਸਦੇ ਮੁੱਖ ਦੋਸ਼ੀ ਐਂਡਰਸਨ ਨੂੰ ਰਾਤੋ-ਰਾਤ ਅਮਰੀਕਾ ਭੇਜ ਦਿੱਤਾ ਸੀ। ਉਸ ਵੇਲੇ ਜਦੋਂ ਪੀੜਤ ਮਜ਼ਦੂਰ ਇਨਸਾਫ ਦੀ ਮੰਗ ਕਰ ਰਹੇ ਸਨ ਤਾਂ ਮਦਰ ਟੈਰੇਸਾ ਉੱਥੇ ਸੇਵਾ ਲਈ ਪਹੁੰਚੀ ਤੇ ਪੀੜਤਾਂ ਨੂੰ ਜਾ ਕੇ ਕਹਿੰਦੀ ਰਹੀ, “ਇਹ ਇੱਕ ਦੁਰਘਟਨਾ ਹੈ। ਇਸ ਲਈ ਮਾਫ ਕਰਨਾ ਜਰੂਰੀ ਹੈ। ਮਾਫ ਕਰਨ ਨਾਲ਼ ਦਿਲ ਹਲਕਾ ਹੋ ਜਾਂਦਾ ਹੈ ਅਤੇ ਮਾਫ ਕਰਨ ਤੋਂ ਬਾਅਦ ਲੋਕ ਹਜ਼ਾਰ ਗੁਣਾ ਬਿਹਤਰ ਮਹਿਸੂਸ ਕਰਦੇ ਹਨ।”

ਇਸ ਤਰਾਂ ਮਦਰ ਟੈਰੇਸਾ ਸੇਵਾ ਦੇ ਨਾਮ ‘ਤੇ ਗਰੀਬਾਂ ਨੂੰ ਸ਼ਾਂਤ ਰੱਖ ਕੇ ਸਰਮਾਏਦਾਰਾਂ ਨੂੰ ਖੁਸ਼ ਕਰਦੀ ਰਹੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਸਲ ਵਿੱਚ ਉਸਨੇ ਗਰੀਬਾਂ ਦੀ ਸੇਵਾ ਦੇ ਨਾਮ ‘ਤੇ ਅਮੀਰਾਂ, ਸਰਮਾਏਦਾਰਾਂ ਦੀ ਹੀ ਸੇਵਾ ਕੀਤੀ ਹੈ। ਇਸ ਸੇਵਾ ਵਜੋਂ ਉਸਨੂੰ ਸੇਵਾਫਲ ਵੀ ਮਿਲਦਾ ਰਿਹਾ ਹੈ। ਉਸਦੀ ਸੰਸਥਾ ਨੂੰ ਮੋਟੇ ਫੰਡ ਤਾਂ ਮਿਲਦੇ ਹੀ ਰਹੇ ਹਨ ਸਗੋਂ ਖੁਦ ਮਦਰ ਟੈਰੇਸਾ ਵੀ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਕਲਕੱਤਾ ਦੇ ਗਰੀਬਾਂ ਵਿੱਚ ਬਿਤਾਉਣ ਦੀ ਥਾਂ ਵਿਦੇਸ਼ਾਂ ਵਿੱਚ ਮਹਿੰਗੇ ਹੋਟਲਾਂ, ਮਕਾਨਾਂ ਵਿੱਚ ਰਹਿਣ ਤੇ ਜ਼ਹਾਜਾਂ ‘ਚ ਘੁੰਮਣ ‘ਚ ਬਿਤਾਉਂਦੀ ਰਹੀ ਹੈ। ਗਰੀਬਾਂ ਨੂੰ ਸ਼ਾਂਤੀ ਦੀਆਂ ਨਸੀਹਤਾਂ ਦੇਣ ਕਾਰਨ ਹੀ ਉਸਨੂੰ ਨੋਬਲ ਸ਼ਾਂਤੀ ਪੁਰਸਕਾਰ ਸਮੇਤ ਅਨੇਕਾਂ ਤਰ੍ਹਾਂ ਦੇ ਪੁਰਸਕਾਰ ਵੀ ਮਿਲਦੇ ਰਹੇ ਹਨ। ਇਹਨਾਂ ਪੁਰਸਕਾਰਾਂ ਦੀ ਵੀ ਆਪਣੀ ਹੀ ਸਿਆਸਤ ਹੁੰਦੀ ਹੈ। ਇਹ ਪੁਰਸਕਾਰ ਅਸਲ ਵਿੱਚ ਸਿਰਫ ਵਿਅਕਤੀ ਦਾ ਮਾਨ-ਸਨਮਾਨ ਨਹੀਂ ਹੁੰਦੇ ਸਗੋਂ ਉਸਦੇ ਵਿਚਾਰਾਂ, ਕਰਨੀਆਂ ਨੂੰ ਆਦਰਸ਼ਿਆਉਣ ਦਾ ਕੰਮ ਵੀ ਕਰਦੇ ਹਨ। ਜਿੱਥੇ ਇਹਨਾਂ ਪੁਰਸਕਾਰਾਂ ਰਾਹੀਂ ਮਦਰ ਟੈਰੇਸਾ ਨੂੰ ਪ੍ਰਸਿੱਧੀ ਮਿਲੀ ਉੱਥੇ ਇਸ ਪ੍ਰਸਿੱਧੀ ਰਾਹੀਂ ਗਰੀਬਾਂ ਨੂੰ ਸਬਰ ਕਰਨ ਦਾ ਸੁਨੇਹਾ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਗਿਆ। ਹੁਣ ਸੰਤ ਦੀ ਉਪਾਧੀ ਦੇ ਕੇ ਫੇਰ ਤੋਂ ਉਸਨੂੰ ਚਰਚਾ ਦਾ ਵਿਸ਼ਾ ਬਣਾਉਣ ਦਾ ਮਤਲਬ ਇੱਕ ਵਾਰ ਫੇਰ ਨਿਤਾਣੇ ਬਣੇ ਰਹਿਣ ਦੀਆਂ ਉਸਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਦਾ ਹੀ ਹਿੱਸਾ ਹੈ।

ਅੱਜ ਸੰਸਾਰ ਭਰ ‘ਚ ਮਦਰ ਟੈਰੇਸਾ ਦੀ ਤਰਜ਼ ‘ਤੇ ਪੁੰਨ-ਦਾਨ ਤੇ ਸੇਵਾ ਕਰਨ ਵਾਲੀਆਂ ਸੰਸਥਾਵਾਂ ਦਾ ਬਹੁਤ ਵੱਡਾ ਜਾਲ ਵਿਛਿਆ ਹੋਇਆ ਹੈ। ਕੁੱਝ ਅੰਕੜਿਆਂ ਮੁਤਾਬਕ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਇਹਨਾਂ ਵਿੱਚ 3 ਟ੍ਰਿਲੀਅਨ (3000 ਅਰਬ) ਡਾਲਰ ਦੀ ਸੰਪੱਤੀ ਲੱਗੀ ਹੋਈ ਹੈ। ਸੰਸਾਰ ਦਾ ਜਾਇਦਾਦ ਉੱਪਰ ਕਾਬਜ ਜੋ ਤਬਕਾ ਇੱਕ ਪਾਸੇ ਕਿਰਤ ਦੀ ਲੁੱਟ ਰਾਹੀਂ ਆਪਣੀ ਜਾਇਦਾਦ ਦੇ ਢੇਰ ਵਿੱਚ ਵਾਧਾ ਕਰਦਾ ਜਾਂਦਾ ਹੈ ਉਹੀ ਤਬਕਾ ਸੇਵਾ ਤੇ ਦਾਨ ਦੇ ਨਾਮ ‘ਤੇ ਆਪਣੇ ਮੁਨਾਫਿਆਂ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਖਰਚਦਾ ਹੈ। ਇਹ ਅਸਲ ਵਿੱਚ ਕੋਈ ਦਾਨ ਨਹੀਂ ਸਗੋਂ ਉਹਨਾਂ ਦੇ ਕਾਰੋਬਾਰ ਦੇ ਸੁਚਾਰੂ ਤੇ ਸ਼ਾਂਤਮਈ ਢੰਗ ਨਾਲ਼ ਚਲਦੇ ਰਹਿਣ ਦਾ ਇੱਕ ਜਰੂਰੀ ਖਰਚਾ ਹੈ। ਇਹ ਖਰਚਾ ਗਰੀਬਾਂ ਨੂੰ ਆਪਣੀ ਗਰੀਬੀ ਦੇ ਕਾਰਨ ਲੱਭ ਕੇ ਉਹਨਾਂ ਵਿਰੁੱਧ ਲੜਨ ਦੀ ਥਾਂ ਗਰੀਬੀ ਨੂੰ ਹੋਣੀ ਮੰਨ ਕੇ ਪ੍ਰਵਾਨ ਕਰ ਲੈਣ ਤੇ ਆਪਣੀ ਮਦਦ ਲਈ ਭਲੀ ਆਤਮਾ ਵਾਲੇ ਮਸੀਹਿਆਂ ਨੂੰ ਉਡੀਕਦੇ ਰਹਿਣ ਦਾ ਸੁਨੇਹਾ ਦਿੰਦਾ ਹੈ। ਇਹ ਰਾਹ ਊਰਜਾਵਾਨ ਤੇ ਸਮਾਜ ਲਈ ਕੁੱਝ ਕਰਨ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਵੀ ‘ਲੋਕ-ਭਲਾਈ’ ਦੇ ਸਭ ਤੋਂ ਨਖਿੱਧ, ਸਗੋਂ ਲੋਕ-ਵਿਰੋਧੀ ਰਾਹ ਵਿੱਚ ਉਲਝਾਉਂਦਾ ਹੈ। ਇਹ ਰਾਹ ਦੱਬੇ-ਕੁਚਲਿਆਂ ਨੂੰ ਹੋਰ ਹੀਣੇ ਬਣਾ ਕੇ ਰੱਖਣ ਅਤੇ ਉਹਨਾਂ ਨੂੰ ਦਬਾਉਣ, ਲੁੱਟਣ ਵਾਲਿਆਂ ਨੂੰ ਮਸੀਹੇ ਬਣਾ ਕੇ ਪੇਸ਼ ਕਰਨ ਦਾ ਰਾਹ ਹੈ।

ਗਰੀਬੀ ਨੂੰ ਖਤਮ ਕਰਨਾ ਜਾਂ ਜਾਰੀ ਰੱਖਣਾ ਮਦਰ ਟੈਰੇਸਾ ਜਾਂ ਕਿਸੇ ਵੀ ਤਰ੍ਹਾਂ ਦੇ ਮਹਾਤਮਾ ਜਾਂ ਸੇਵਾ ਸੰਥਥਾ ਦੇ ਵੱਸ ਦੀ ਗੱਲ ਨਹੀਂ ਹੈ। ਮਦਰ ਟੈਰੇਸਾ ਸਮੇਤ ਜਿੰਨੀਆਂ ਵੀ ਸੇਵਾ ਦੀਆਂ ਸੰਸਥਾਵਾਂ ਭਾਵੇਂ ਜਿੰਨੀ ਮਰਜੀ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰਨ, ਪਰ ਅਜਿਹੀ ਸ਼ਾਂਤੀ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਦੀ, ਇਸ ਸਾਂਤੀ ਨੇ ਭੰਗ ਹੋਣਾ ਹੀ ਹੈ, ਧਰਤੀ ਦੇ ਦੱਬਿਆਂ-ਲਤਾੜਿਆਂ ਨੇ ਇਸ ਸ਼ਾਂਤੀ ਨੂੰ ਬੇਚੈਨੀ ਤੇ ਉੱਥਲ-ਪੁੱਥਲ ‘ਚ ਤਬਦੀਲ ਕਰ ਦੇਣਾ ਹੈ। ਸਰਮਾਏ ਦੀਆਂ ਤਾਕਤਾਂ ਵੀ ਇਹ ਖੁਦ ਜਾਣਦੀਆਂ ਹਨ। ਇਸ ਲਈ ਉਹ ਇਸ ਅਖੌਤੀ ‘ਲੋਕ ਭਲਾਈ’ ਉੱਪਰ ਇੰਨਾ ਖਰਚਾ ਕਰ ਰਹੀਆਂ ਹਨ। ਇਸੇ ਕਰਕੇ ਹੀ ਕਦੇ ਬਿਲ ਗੇਟਸ ਤੇ ਵਾਰਨ ਬੂਫੇ ਵਰਗੇ ਸੰਸਾਰ ਦੇ ਸਿਖਰਲੇ ਧਨਾਢ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਦਾਨ ਕਰਨ ਦਾ ਐਲਾਨ ਕਰਦੇ ਹਨ ਤੇ ਕਦੇ ਮਦਰ ਟੈਰੇਸਾ ਵਰਗੀਆਂ ਸਖਸ਼ੀਅਤਾਂ ਨੂੰ ਕਬਰਾਂ ‘ਚੋਂ ਕੱਢ ਕੇ ਮੁੜ ਤੋਂ ਪੂਜਿਆ, ਉਚਿਆਇਆ ਜਾਂਦਾ ਹੈ। ਪਰ ਇਹ ਸਭ ਰਾਹ ਵਿਅਰਥ ਸਿੱਧ ਹੋ ਰਹੇ ਹਨ। ਸਮਾਜ ਵਿੱਚ ਵਧਦੇ ਆਰਥਿਕ ਪਾੜੇ, ਗਰੀਬੀ ਤੇ ਬੇਰੁਜ਼ਗਾਰੀ ਨਾਲ਼ ਜੋ ਬੇਚੈਨੀ ਤੇ ਰੋਹ ਦੀ ਜਵਾਲਾ ਸੁਲਘ ਰਹੀ ਹੈ ਉਸਨੇ ਦਾਨ ਦੇ ਛਿੱਟਿਆਂ ਨਾਲ਼ ਸ਼ਾਂਤ ਨਹੀਂ ਹੋਣਾ ਸਗੋਂ ਇਸ ਆਰਥਿਕ ਪਾੜੇ ਤੇ ਗਰੀਬੀ ਆਦਿ ਦੇ ਖਾਤਮੇ ਨਾਲ਼ ਹੀ ਖਤਮ ਹੋਣਾ ਹੈ। ਇਸ ਲਈ ਅੱਜ ਸੱਚੇ ਅਰਥਾਂ ‘ਚ ਸ਼ਾਂਤੀ ਤੇ ਮਨੁੱਖਤਾ ਦੇ ਭਲੇ ਲਈ ਅੱਜ ਦੇ ਸਮਾਜ ਨੂੰ ਮਦਰ ਟੈਰੇਸਾ ਵਾਲੀ ਸ਼ਾਂਤੀ ਤੇ ਸੇਵਾ ਦੀ ਨਹੀਂ ਸਗੋਂ ਉਸ ਬੇਚੈਨੀ ਤੇ ਉੱਥਲ-ਪੁੱਥਲ ਦੀ ਹੀ ਲੋੜ ਹੈ ਜਿਸਨੂੰ ਦਬਾਉਣ ਲਈ ਮਦਰ ਟੈਰੇਸਾ ਸਮੇਤ ਅਨੇਕਾਂ ਸੰਸਥਾਵਾਂ ਕੰਮ ਕਰਦੀਆਂ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements