ਮੁਹੰਮਦ ਅਲੀ- ਇੱਕ ਸ਼ਰਧਾਂਜਲੀ •ਕੁਲਵਿੰਦਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਪਣੇ ਜਿਉਂਦੇ ਜੀਅ ਦੰਤ-ਕਥਾ ਬਣ ਚੁੱਕਿਆ ਮੁਹੰਮਦ ਅਲੀ ਨਹੀਂ ਰਿਹਾ। ਲੰਘੇ ਹਫ਼ਤੇ 74 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਆਪਣੇ ਜੀਵਨ ਦੇ ਅੰਤਮ ਦੋ ਦਹਾਕਿਆਂ ਵਿੱਚ ਉਹ ਜਨਤਕ ਤੌਰ ‘ਤੇ ਬਹੁਤ ਘੱਟ ਹੀ ਨਜ਼ਰ ਆਇਆ।  ਪਰ ਉਸ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਹੋਈ ਹਿੱਲ-ਜੁੱਲ ਇਹ ਸਾਬਤ ਕਰਦੀ ਹੈ ਕਿ ਏਨਾ ਲੰਮਾਂ ਸਮਾਂ ਗੁਜ਼ਰਨ ਦੇ ਬਾਅਦ ਵੀ ਜੇ ਕਿਸੇ ਸ਼ਖ਼ਸ ਦਾ ਬਿੰਬ ਜਨਤਕ ਚੇਤਨਾ ਵਿੱਚ ਬਣਿਆ ਰਹਿੰਦਾ ਹੈ ਤਾਂ ਜ਼ਰੂਰ ਉਸ ਦੀ ਤੰਦ ਲੋਕਾਂ ਨਾਲ਼ ਜੁੜੀ ਹੋਵੇਗੀ।  

17 ਜਨਵਰੀ, 1942 ਨੂੰ ਕਾਸਿਅਸ ਕਲੇ ਜੂਨੀਅਰ ਦਾ ਜਨਮ ਇੱਕ ਬਹੁਤ ਹੀ ਸਧਾਰਨ ਪਰਿਵਾਰ ਵਿੱਚ ਹੋਇਆ। ਪਿਤਾ ਕਾਸਿਅਸ ਕਲੇ ਸੀਨੀਅਰ ਇਸ਼ਤਿਹਾਰਾਂ ਦੇ ਬੋਰਡ ਪੇਂਟ ਕਰਦਾ ਸੀ ਅਤੇ ਮਾਂ ਓਡੇਸਾ ਓਗ੍ਰੈਡੀ ਘਰੇਲੂ ਔਰਤ ਸੀ। ਕਿਸੇ ਵਿਅਕਤੀ ਦੇ ਜੀਵਨ ਵਿੱਚ ਦੀ ਕੋਈ ਘਟਨਾ ਅਜਿਹੀ ਵਾਪਰਦੀ ਹੈ ਜੋ ਉਸ ਦੇ ਭਵਿੱਖੀ ਜੀਵਨ ਦਾ ਰਾਹ ਤੈਅ ਕਰਦੀ ਹੈ। ਕਾਸਿਅਸ ਕਲੇ ਦੇ ਬਚਪਨ ਵਿੱਚ ਇਹ ਘਟਨਾ ਉਸ ਦਾ ਸਾਈਕਲ ਚੋਰੀ ਹੋ ਜਾਣ ਦੀ ਬਣਦੀ ਹੈ। ਉਹ ਚੋਰੀ ਦੀ ਰਿਪੋਰਟ ਲਿਖਾਉਣ ਲਈ ਥਾਣੇ ਜਾਂਦਾ ਹੈ ਅਤੇ ਪੁਲਿਸ ਅਧਿਕਾਰੀ ਨੂੰ ਕਹਿੰਦਾ ਹੈ ਕਿ ਜੇ ਉਸ ਨੂੰ ਚੋਰ ਲੱਭ ਪਿਆ ਤਾਂ ਉਹ ਉਸ ਦਾ ਮੂੰਹ ਭੰਨ ਸੁੱਟੇਗਾ। ਇਸ ‘ਤੇ ਉਸ ਪੁਲਿਸ ਅਧਿਕਾਰੀ ਜੁਆਬ ਦਿੰਦਾ ਹੈ ਕਿ ਇਸ ਲਈ ਪਹਿਲਾਂ ਉਸ ਨੂੰ ਮੁੱਕੇਬਾਜ਼ੀ ਸਿੱਖਣੀ ਪਵੇਗੀ। ਉਹ ਪੁਲਿਸ ਅਧਿਕਾਰੀ ਜੋਅ ਮਾਰਟਿਨ ਸੀ, ਜੋ ਮੁੱਕੇਬਾਜ਼ੀ ਦਾ ਕੋਚ ਸੀ। ਇਸ ਤਰ੍ਹਾਂ ਮੁਹੰਮਦ ਅਲੀ ਦੀ ਮੁੱਕੇਬਾਜ਼ੀ ਦੀ ਸ਼ੁਰੂਆਤ ਹੁੰਦੀ ਹੈ।

ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਮੁੱਕੇਬਾਜ਼ੀ ਸ਼ੁਰੂ ਵਿੱਚ ਗ਼ਰੀਬਾਂ ਦੀ ਖੇਡ ਹੁੰਦੀ ਸੀ। ਅਮਰੀਕਾ ਦੇ ਪਹਿਲੇ ਮੁੱਕੇਬਾਜ਼ ਗ਼ੁਲਾਮ ਸਨ। ਉਨ੍ਹਾਂ ਦੇ ਗੋਰੇ ਮਾਲਕ ਉਨ੍ਹਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਸ਼ੁਗਲ ਮੇਲਾ ਕਰਦੇ ਸਨ। ਜਦ ਅਮਰੀਕਾ ਵਿੱਚ ਗ਼ੁਲਾਮ ਪ੍ਰਥਾ ਨੂੰ ਖ਼ਤਮ ਕੀਤਾ ਗਿਆ ਤਾਂ ਇਸ ਨੂੰ ਉਤਸ਼ਾਹਤ ਕਰਨ ਵਾਲ਼ਿਆਂ ਨੇ ਇਸ ਖੇਡ ਦੀ ਵਹਿਸ਼ਤ ਵਿੱਚ ਪੈਸਾ ਕਮਾਉਣ ਦਾ ਮੌਕਾ ਦੇਖਿਆ। ਇਸ ਤਰ੍ਹਾਂ ਇੱਕ ਖੇਡ ਵਜੋਂ ਛੇਤੀਂ ਹੀ ਹਰਮਨ ਪਿਆਰੀ ਹੋ ਗਈ। ਬਾਅਦ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਗੋਰੀ ਅਤੇ ਕਾਲ਼ੀ ਨਸਲ ਦੀ ਸਰਵਉੱਚਤਾ ਨੂੰ ਤੈਅ ਕੀਤਾ ਜਾਣ ਲੱਗਿਆ।  

ਕਾਸਿਅਸ ਕਲੇ ਇਸ ਖੇਡ ਦਾ ਨਵਾਂ ਸਿਤਾਰਾ ਸੀ। 1954 ਵਿੱਚ 12 ਸਾਲਾਂ ਦੀ ਉਮਰ ਵਿੱਚ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਉੱਤਰੇ ਇਸ ਖਿਡਾਰੀ ਨੇ ਛੇ ਸਾਲ ਬਾਅਦ 1960 ਵਿੱਚ ਰੋਮ ਉਲੰਪਿਕ ਵਿੱਚ ਲਾਈਟ ਹੈਵੀਵੇਟ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਉਸ ਵੇਲ਼ੇ ਉਸ ਦੀ ਉਮਰ ਸਿਰਫ਼ 18 ਸਾਲਾਂ ਦੀ ਸੀ। ਕਾਸਿਅਸ ਆਪਣੇ ਇਸ ਤਮਗੇ ਨੂੰ ਏਨਾ ਪਿਆਰ ਕਰਦਾ ਸੀ ਕਿ ਹਰ ਵੇਲ਼ੇ ਗਲ਼ ਵਿੱਚ ਪਾਈ ਰੱਖਦਾ ਸੀ। ਪਰ ਇਸ ਤੋਂ ਬਾਅਦ ਹੀ ਉਸ ਨਾਲ਼ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਸ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਲਿਆਂਦਾ। ਕਾਸਿਅਸ ਨੂੰ ਰੰਗ ਦੇ ਅਧਾਰ ‘ਤੇ ਕੀਤੇ ਜਾਂਦੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਗੋਰਿਆਂ ਨੇ ਇੱਕ ਹੋਟਲ ਵਿੱਚ ਉਸ ਨੂੰ ਖਾਣਾ ਖਵਾਉਣੋਂ ਇਨਕਾਰ ਕੀਤਾ। ਗੁੱਸੇ ਵਿੱਚ ਆਏ ਕਾਸਿਅਸ ਨੇ ਆਪਣਾ ਉਲੰਪਿਕ ਤਮਗਾ ਨੇੜੇ ਵਹਿੰਦੀ ਓਸਲੋ ਨਦੀ ਵਿੱਚ ਵਗਾਹ ਮਾਰਿਆ। ਉਸ ਨੇ ਸੋਚਿਆ ਕਿ ਜੇ ਅਮਰੀਕਾ ਲਈ ਉਲੰਪਿਕ ਵਿੱਚ ਸੋਨੇ ਦਾ ਤਮਗਾ ਜਿੱਤਣ ਤੋਂ ਬਾਅਦ ਵੀ ਉਸ ਨਾਲ਼ ਰੰਗ ਦੇ ਅਧਾਰ ‘ਤੇ ਵਿਤਕਰਾ ਹੁੰਦਾ ਹੈ ਤਾਂ ਫਿਰ ਚੰਗੇ ਸਮਾਜ ਨੂੰ ਸਿਰਜਣ ਦਾ ਰਾਹ ਕੋਈ ਹੋਰ ਹੈ।  

ਏਸੇ ਸਾਲ ਹੀ ਉਸ ਨੇ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਕਦਮ ਰੱਖਿਆ ਅਤੇ 1963 ਤੱਕ 19 ਮੁਕਾਬਲੇ ਜਿੱਤੇ। ਇਸ ਸਫ਼ਰ ਦਾ ਅਗਲਾ ਪੜਾਅ 25 ਫਰਵਰੀ, 1965 ਨੂੰ ਆਇਆ, ਜਦ ਉਹ ਸੋਨੀ ਲਿਸਟਨ ਨੂੰ ਹਰਾ ਕੇ ਹੈਵੀਵੇਟ ਚੈਂਪੀਅਨ ਬਣ ਗਿਆ।    

ਹੁਣ ਉਸ ਨੇ ਨਸਲੀ ਵਿਤਕਰੇ ਬਾਰੇ ਸੋਚਣਾ ਸ਼ੁਰੂ ਕੀਤਾ। ਇਸ ਦੌਰਾਨ ਉਹ ਮੈਲਕਾਮ ਐਕਸ ਦੇ ਨੇੜੇ ਆਇਆ ਜੋ ਕਿ ਇਲੀਜਾਹ ਮੁਹੰਮਦ ਵੱਲੋਂ ਚਲਾਈ ਜਾ ਰਹੀ ”ਨੇਸ਼ਨ ਆਫ਼ ਇਸਲਾਮ” ਵਿੱਚ ਸ਼ਾਮਲ ਸੀ। ”ਨੇਸ਼ਨ ਆਫ਼ ਇਸਲਾਮ” ਇੱਕ ਕੱਟੜ ਜਥੇਬੰਦੀ ਸੀ ਜੋ ਕਾਲ਼ਿਆਂ ਨੂੰ ਗੋਰਿਆਂ ਤੋਂ ਉੱਤਮ ਮੰਨਦੀ ਸੀ। ਮਾਰਟਿਨ ਲੂਥਰ ਕਿੰਗ ਵੱਲੋਂ ਚਲਾਈ ਜਾ ਰਹੀ ਨਾਗਰਿਕ ਹੱਕਾਂ ਦੀ ਧਰਮਨਿਰਪੱਖ ਲੜਾਈ ਦੇ ਉਲ਼ਟ ”ਨੇਸ਼ਨ ਆਫ਼ ਇਸਲਾਮ” ਕਾਲ਼ਿਆਂ ਦੇ ਵਖਰੇਵੇਂ ਦੀ ਹਮਾਇਤੀ ਸੀ। ਕਾਸਿਅਸ ਕਲੇ ਨੂੰ ਆਪਣੇ ਨਾਂ ਦੇ ਨਾਲ਼ ਹੀ ਇਸਾਈ ਧਰਮ ਵਿੱਚ ਗ਼ੁਲਾਮੀ ਨਜ਼ਰ ਆਉਣ ਲੱਗੀ ਅਤੇ ਉਸ ਨੇ ਇਸਲਾਮ ਧਰਮ ਕਬੂਲ ਕੀਤਾ ਅਤੇ ਪੁਰਾਣੇ ਨਾਂ ਨੂੰ ਛੱਡਕੇ ਨਵਾਂ ਨਾਂ ਮੁਹੰਮਦ ਅਲੀ ਅਪਣਾ ਲਿਆ। ਬਾਅਦ ਵਿੱਚ ਜਦ ਮੈਲਕਾਮ ਐਕਸ ਅਤੇ ਇਲੀਜਾਹ ਮੁਹੰਮਦ ਵਿੱਚ ਮੱਤਭੇਦ ਪੈਦਾ ਹੋਏ ਤਾਂ ਉਸ ਨੇ ਮੈਲਕਾਮ ਐਕਸ ਨੂੰ ਛੱਡ ਕੇ ਇਲੀਜਾਹ ਮੁਹੰਮਦ ਦਾ ਸਾਥ ਚੁਣਿਆ। ਇਹ ਵੱਖਰੀ ਗੱਲ ਹੈ ਕਿ ਅਲੀ ਬਾਅਦ ਵਿੱਚ ਇਸ ਨੂੰ ਇੱਕ ਗ਼ਲਤੀ ਮੰਨਦਾ ਰਿਹਾ। ਭਾਵੇਂ ਅਲੀ ਆਪਣੀ ਧਰਮ-ਬਦਲੀ ਨੂੰ ਸਿਰਫ਼ ਧਾਰਮਿਕ ਵਿਚਾਰਾਂ ਨਾਲ਼ ਸਬੰਧਤ ਦੱਸਦਾ ਰਿਹਾ ਅਤੇ ਸਿਆਸਤ ਨਾਲ਼ ਸਬੰਧ ਹੋਣੋ ਇਨਕਾਰੀ ਰਿਹਾ।

ਉਸ ਵੇਲ਼ੇ ਅਮਰੀਕਾ ਉਥਲ-ਪੁਥਲ ਦੇ ਦੌਰ ‘ਚੋਂ ਲੰਘ ਰਿਹਾ ਸੀ। ਰੰਗਭੇਦ ਖਿਲਾਫ਼ ਰੈਡੀਕਲ ਲਹਿਰ ਜ਼ੋਰ ਫੜ ਰਹੀ ਸੀ। ਅਲੀ ਕਾਲ਼ੇ ਲੋਕਾਂ ਦੀ ਹੱਕਾਂ ਲਈ ਚੱਲ ਰਹੀ ਲਹਿਰ ਦਾ ਹਿੱਸਾ ਬਣ ਗਿਆ ਜਾਂ ਕਿਹਾ ਜਾਵੇ ਕਿ ਉਹ ਉਸ ਨੂੰ ਹਲੂਣਾ ਦੇਣ ਦੀ ਇੱਕ ਕਾਰਕ ਸ਼ਕਤੀ ਬਣ ਗਿਆ। ਉਹ ਕਾਲ਼ਿਆਂ ਵੱਲੋਂ ਵਿਤਕਰੇ ਦੇ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ ਨਾਲ਼ ਜੁੜਿਆ।  

ਇਸ ਦੌਰਾਨ ਅਮਰੀਕਾ ਨੇ ਵੀਅਤਨਾਮ ‘ਤੇ ਹਮਲਾ ਕਰ ਦਿੱਤਾ। ਉਸ ਜੰਗ ਦੇ ਹੱਕ ਵਿੱਚ ਲੋਕ ਰਾਏ ਪੈਦਾ ਕਰਨ ਲਈ ਅਲੀ ਨੂੰ ਇਸ ਲੜਾਈ ਵਿੱਚ ਫੌਜ ਵਿੱਚ ਭਰਤੀ ਹੋਣ ਲਈ ਕਿਹਾ ਗਿਆ। ਮੁਹੰਮਦ ਅਲੀ ਨੇ ਇਹ ਕਹਿੰਦਿਆਂ ਵੀਅਤਨਾਮ ਜਾਣੋਂ ਇਨਕਾਰ ਕਰ ਦਿੱਤਾ:

”ਮੈਂ ਆਪਣੇ ਘਰ ਤੋਂ 10,000 ਮੀਲ ਦੂਰ ਸਿਰਫ਼ ਗੋਰੇ ਗ਼ੁਲਾਮ ਮਾਲਕਾਂ ਦੇ ਦਾਬੇ ਨੂੰ ਕਾਇਮ ਰੱਖਣ ਲਈ ਗਰੀਬ ਦੇਸ਼ ਵਿੱਚ ਕਤਲ ਕਰਨ ਅਤੇ ਅੱਗ ਲਗਾਉਣ ਵਿੱਚ ਮਦਦ ਕਰਨ ਲਈ ਨਹੀਂ ਜਾਵਾਂਗਾ।”  

ਮਾਰਚ, 1966 ਵਿੱਚ ਉਸ ‘ਤੇ ਫੌਜੀ ਮੁਹਿੰਮ ਵਿੱਚ ਸ਼ਾਮਲ ਹੋਣੋਂ ਇਨਕਾਰ ਕਰਨ ਦੇ ਜ਼ੁਰਮ ਹੇਠ ਮੁੱਕਦਮਾ ਚਲਾਇਆ ਗਿਆ। ਤਿੰਨ ਮਹੀਨੇ ਬਾਅਦ ਜੂਨ 1966 ਨੂੰ ਮੁਹੰਮਦ ਅਲੀ ਨੂੰ ਪੰਜ ਸਾਲ ਕੈਦ ਅਤੇ 10,000 ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਪਰ ਲੋਕਾਂ ਰੋਹ ਤੋਂ ਡਰਦਿਆਂ ਹਾਕਮ ਜਮਾਤ ਉਸ ਨੂੰ ਜੇਲ੍ਹ ਬੰਦ ਨਹੀਂ ਕਰ ਸਕੀ ਅਤੇ ਅਲੀ ਅਜ਼ਾਦ ਰਿਹਾ। ਉਨ੍ਹਾਂ ਨੂੰ ਵੰਗਾਰਦਾ ਰਿਹਾ। ਚਾਰ ਸਾਲ ਬਾਅਦ 1971 ਵਿੱਚ ਸਰਵਉੱਚ ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਉਲੱਦ ਕੇ ਉਸ ਨੂੰ ਬਰੀ ਕਰ ਦਿੱਤਾ।

ਚਾਰ ਸਾਲਾਂ ਬਾਅਦ ਅਲੀ ਫਿਰ ਮੁੱਕੇਬਾਜ਼ੀ ਵਿੱਚ ਸਰਗਰਮ ਹੋਇਆ ਅਤੇ ਅੱਠ ਸਾਲ ਬਾਅਦ 24 ਅਕਤੂਬਰ, 1974 ਨੂੰ ਦੁਬਾਰਾ ਹੈਵੀਵੇਟ ਚੈਂਪੀਅਨ ਬਣਿਆ। ਫਰਵਰੀ 1977 ਵਿੱਚ ਤੀਜੀ ਵਾਰ ਹੈਵੀਵੇਟ ਚੈਂਪੀਅਨ ਜਿੱਤ ਕੇ ਅਲੀ ਇਸ ਖਿਤਾਬ ਨੂੰ ਤਿੰਨ ਵਾਰ ਜਿੱਤਣ ਵਾਲ਼ਾ ਪਹਿਲਾ ਮੁੱਕੇਬਾਜ਼ ਬਣਿਆ। ਅਗਲੇ ਸਾਲ ਮੁਹੰਮਦ ਅਲੀ ਨੇ ਮੁੱਕੇਬਾਜ਼ੀ ਦੀ ਦੁਨੀਆਂ ਨੂੰ ਅਲਵਿਦਾ ਆਖ ਦਿੱਤੀ।    

ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਤੋਂ ਬਾਅਦ ਅਲੀ ਪ੍ਰੈਕਿਨਸਨ ਨਾਂ ਦੀ ਬਿਮਾਰੀ ਤੋਂ ਗ੍ਰਸਤ ਹੋ ਗਿਆ। ਇਸ ਬਿਮਾਰੀ ਕਰਕੇ ਉਸ ਦੀ ਸਰੀਰਕ ਤਾਕਤ ਬਹੁਤ ਘਟ ਗਈ। ਉਸ ਨੂੰ ਆਪਣੀ ਸਰਗਰਮੀ ਦਾ ਘੇਰਾ ਸੀਮਤ ਕਰਨਾ ਪਿਆ। ਪਰ ਫਿਰ ਵੀ ਮੁਹੰਮਦ ਅਲੀ ਕਈ ਵਾਰ ਜਨਤਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਾ ਸੀ।  

ਭਾਵੇਂ ਅਲੀ ਤੋਂ ਬਾਅਦ ਵੀ ਮੁੱਕੇਬਾਜ਼ੀ ਦੇ ਖੇਤਰ ਵਿੱਚ ਕਈ ਸਿਤਾਰੇ ਉੱਭਰੇ, ਪਰ ਅਲੀ ਦੇ ਮੁਕਾਬਲੇ ਸਭ ਬੌਣੇ ਸਾਬਤ ਹੋਏ।

ਅਲੀ ਉਨ੍ਹਾਂ ਖਿਡਾਰੀਆਂ ਦੀ ਕਤਾਰ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਖਿਡਾਰੀਆਂ ਨੂੰ ਸਿਰਫ਼ ਖੇਡ ਤੱਕ ਮਹਿਦੂਦ ਰਹਿਣ ਦੀ ਬਜਾਏ ਆਪਣੇ ਆਪ ਨੂੰ ਆਮ ਲੋਕਾਂ ਦੀਆਂ ਲੜਾਈਆਂ ਨਾਲ਼ ਜੋੜਿਆ ਅਤੇ ਸਹੀ ਅਰਥਾਂ ਵਿੱਚ ਲੋਕਾਂ ਦਾ ਖਿਡਾਰੀ ਬਣਿਆ। ਉਹ ਆਪਣੇ ਲੋਕਾਂ ਦੇ ਹੱਕਾਂ ਲਈ ਲੜਾਈ ਦੀਆਂ ਅਗਲੀਆਂ ਕਤਾਰਾਂ ਵਿੱਚ ਸ਼ਾਮਲ ਹੋਇਆ।

ਭਾਵੇਂ ਅਲੀ ਦੇ ”ਨੇਸ਼ਨ ਆਫ਼ ਇਸਲਾਮ” ਵਿੱਚ ਸਰਗਰਮ ਹੋਣ ਦੀ ਵਿਆਪਕ ਨਾਗਰਿਕ ਹੱਕਾਂ ਦੇ ਕਾਰਕੁੰਨਾ ਵੱਲੋਂ ਅਲੋਚਨਾ ਵੀ ਕੀਤੀ ਗਈ, ਕਿਉਂਕਿ ਇਹ ਲਹਿਰ ਵਿਆਪਕ ਏਕੇ ਨੂੰ ਕਮਜ਼ੋਰ ਕਰਦੀ ਸੀ। ਫਿਰ ਵੀ ਉਹ ਇਹ ਮਹਿਸੂਸ ਕਰਦੇ ਸਨ ਕਿ ਇੱਕ ਚੈਂਪੀਅਨ ਦੇ ਸਮਾਜਕ ਸਰੋਕਾਰਾਂ ਲਈ ਸਰਗਰਮ ਹੋਣ ਨਾਲ਼ ਕਾਲ਼ੇ ਲੋਕਾਂ ਵਿੱਚ ਆਪਣੇ ਹੱਕਾਂ ਲਈ ਲੜਨ ਦੀ ਇੱਕ ਭਾਵਨਾ ਪੈਦਾ ਹੋਈ ਹੈ। ਬਾਅਦ ਵਿੱਚ ਭਾਵੇਂ ਲਹਿਰ ਦੇ ਨਿਵਾਣ ਮੌਕੇ ਕਈ ਹੋਰਨਾ ਵਾਂਗ ਅਲੀ ਨੂੰ ਵੀ ਹਾਕਮ ਧਿਰ ਨੇ ਆਪਣੇ ਵਿੱਚ ਸਮੋ ਲਿਆ।

ਜਦ ਉਸ ਨੇ ਵੀਅਤਨਾਮ ਦੇ ਯੁੱਧ ਵਿੱਚ ਅਮਰੀਕੀ ਸਮਾਜਰਾਜਵਾਦ ਵਿਰੋਧੀ ਲਹਿਰ ਨਾਲ਼ ਖੜ੍ਹਿਆ ਤਾਂ ਉਸ ਦਾ ਕੈਰੀਅਰ ਆਪਣੇ ਸਿਖਰ ‘ਤੇ ਸੀ। ਉਹ ਜਾਣਦਾ ਸੀ ਕਿ ਪੈਸੇ ਪੱਖੋਂ ਉਸ ਦਾ ਕਿੰਨਾ ਨੁਕਸਾਨ ਹੋਵੇਗਾ। ਅਲੀ ਨੂੰ ਪਤਾ ਸੀ ਉਹ ਵਹਿਣ ਦੇ ਉਲ਼ਟ ਜਾ ਰਿਹਾ ਸੀ। ਦੂਜਾ ਉਸ ਵੇਲ਼ੇ ਵੀਅਤਨਾਮ ਜੰਗ ਵਿਰੋਧੀ ਮੁਹਿੰਮ ਹਾਲੇ ਭਰੂਣ ਰੂਪ ਵਿੱਚ ਹੀ ਮੌਜੂਦ ਸੀ। ਲੋਕ ਹਿੱਤਾਂ ਦੇ ਹੱਕ ਵਿੱਚ ਖੜ੍ਹਨ ਲਈ ਅਲੀ ਨੇ ਕਿਸੇ ਵੀ ਨੁਕਸਾਨ ਦੀ ਪ੍ਰਵਾਹ ਨਹੀਂ ਕੀਤੀ। ਉਸ ਨੂੰ ਆਪਣੀ ਪੁਜ਼ੀਸ਼ਨ ਬਦਲਣ ਲਈ ਕਈ ਮੌਕੇ ਦਿੱਤੇ ਗਏ, ਪਰ ਅਲੀ ਆਪਣੇ ਫੈਸਲੇ ‘ਤੇ ਅਡਿੱਗ ਰਿਹਾ। ਇਸ ਫੈਸਲੇ ਦੀ ਅਲੀ ਨੂੰ ਭਾਰੀ ਕੀਮਤ ਚੁਕਾਉਣੀ ਪਈ। ਉਸ ਨੂੰ ਦਿੱਤੇ ਮਾਨ-ਸਨਮਾਨ ਖੋਹ ਲਏ ਗਏ ਅਤੇ ਉਸ ਦਾ ਮੁੱਕੇਬਾਜ਼ੀ ਦਾ ਲਇਸੈਂਸ ਰੱਦ ਕਰ ਦਿੱਤਾ ਗਿਆ। ਭਾਵਂੇ ਉਹ ਮੁੱਕੇਬਾਜ਼ੀ ਮੁਕਾਲਿਆਂ ਵਿੱਚ ਹਿੱਸਾ ਨਹੀਂ ਲੈ ਸਕਦਾ ਸੀ, ਪਰ ਉਹ ਅਨੇਕਾਂ ਥਾਵਾਂ ‘ਤੇ ਆਪਣੇ ਵਿਰੋਧੀਆਂ ਨੂੰ ਉਸ ਦਾ ਮੁਕਾਬਲਾ ਕਰਨ ਦੀ ਚੁਣੌਤੀ ਦਿੰਦਾ ਰਿਹਾ। ਪਰ ਅਲੀ ਘਬਰਾਇਆ ਨਹੀਂ। ਸਗੋਂ ਉਸ ਨੇ ਇਸ ਮੌਕੇ ਦੀ ਵਰਤੋਂ ਯੁੱਧ ਦੇ ਖਿਲਾਫ਼ ਲੋਕਰਾਏ ਬਣਾਉਣ ਲਈ ਕੀਤੀ। ਇਨ੍ਹਾਂ ਚਾਰ ਸਾਲਾਂ ਵਿੱਚ ਉਹ ਅਮਰੀਕਾ ਦੇ ਅਨੇਕਾਂ ਕਾਲਜ ਕਂੈਪਸਾਂ ਵਿੱਚ ਗਿਆ ਅਤੇ ਯੁੱਧ ਦੇ ਖਿਲਾਫ਼ ਲੋਕਾਂ ਨੂੰ ਪ੍ਰੇਰਿਆ।

ਭਾਵੇਂ ਸਮਾਂ ਬਦਲਣ ਨਾਲ਼ ਮੁਹੰਮਦ ਅਲੀ ਦੀ ਤੌਰ-ਏ ਜ਼ਿੰਦਗੀ ਵੀ ਬਦਲੀ, ਪਰ ਉਸ ਨੇ ਕਦੇ ਵੀ ਆਪਣੇ ਲਏ ਫੈਸਲੇ ‘ਤੇ ਅਫਸੋਸ ਜਾਹਰ ਨਹੀਂ ਕੀਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਮੁਹੰਮਦ ਅਲੀ ਵੱਲੋਂ ਇਹ ਫੈਸਲਾ ਜ਼ਲਦਬਾਜ਼ੀ ਵਿੱਚ ਲਿਆ ਗਿਆ ਭਾਵੁਕ ਕਦਮ ਨਹੀਂ ਸਗੋਂ ਸਾਮਰਾਜਵਾਦ ਦੇ ਖਿਲਾਫ਼ ਲਈ ਸੋਚੀ ਸਮਝੀ ਪੁਜ਼ੀਸ਼ਨ ਸੀ।

ਆਪਣੇ ਏਸੇ ਗੁਣਾਂ ਕਰਕੇ ਮੁਹੰਦਮ ਅਲੀ ਨੂੰ ਆਮ ਲੋਕਾਂ ਵੱਲੋਂ ਸਦਾ ਯਾਦ ਕੀਤਾ ਜਾਂਦਾ ਰਹੇਗਾ।  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements