ਮੋਗਾ ਗੋਲ਼ੀ ਕਾਂਡ ਵਿਰੁੱਧ ਉੱਠੀ ਵਿਦਿਆਰਥੀ ਲਹਿਰ •ਗੁਰਪ੍ਰੀਤ

3

ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਸ਼ਾਨਾਮੱਤ੍ਹਾ ਪੰਨਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਕਤੂਬਰ 1972 ਵਿੱਚ ਪੰਜਾਬ ਦੇ ਸ਼ਹਿਰ ਮੋਗੇ ਵਿਖੇ ਇੱਕ ਅਜਿਹਾ ਗੋਲ਼ੀ ਕਾਂਡ ਵਾਪਰਿਆ ਜਿਸਨੇ ਉਸ ਵੇਲ਼ੇ ਪੰਜਾਬ ਦੀ ਲੋਕਾਈ ਦੇ ਗੁੱਸੇ ਤੇ ਨਫ਼ਰਤ ਨੂੰ ਲਾਵੇ ਦੇ ਰੂਪ ਵਿੱਚ ਫੁੱਟਣ ਦਾ ਮੌਕਾ ਦਿੱਤਾ ਤੇ ਸਮੁੱਚੇ ਸੂਬੇ ਵਿੱਚ ਇਨਕਲਾਬੀ ਊਰਜਾ ਦਾ ਸੰਚਾਰ ਕੀਤਾ। ਇਸ ਕਾਂਡ ਨੇ ਪੰਜਾਬ ਵਿੱਚ ਨਵੇਂ ਸਿਰਿਓਂ ਨਾ ਸਿਰਫ਼ ਵਿਦਿਆਰਥੀ ਲਹਿਰ ਦੇ ਜਥੇਬੰਦ ਹੋਣ ਦਾ ਮੁੱਢ ਬੰਨ੍ਹਿਆ ਸਗੋਂ ਇਸਤੋਂ ਵੀ ਅੱਗੇ ਵਧ ਕੇ ਇਸਨੇ ਪੰਜਾਬ ਦੇ ਨੌਜਵਾਨਾਂ, ਕਿਰਤੀਆਂ, ਕਿਸਾਨਾਂ ਤੇ ਮੁਲਾਜ਼ਮਾਂ ਨੂੰ ਵੀ ਜਥੇਬੰਦ ਲਹਿਰਾਂ ਦੇ ਰੂਪ ਵਿੱਚ ਉੱਭਰਨ ਵਿੱਚ ਮਦਦ ਕੀਤੀ। ਆਪਣੀ ਇਸੇ ਅਹਿਮ ਮਹੱਤਤਾ ਕਾਰਨ ਇਹ ਅੱਜ ਵੀ ਨਾ ਸਿਰਫ਼ ਪੰਜਾਬ ਦੇ ਵਿਦਿਆਰਥੀਆਂ ਸਗੋਂ ਸਮੁੱਚੀ ਜੁਝਾਰੂ ਲੋਕਾਈ ਲਈ ਪ੍ਰੇਰਣਾ ਦਾ ਸੋਮਾ ਬਣਿਆ ਹੋਇਆ ਹੈ। ਇਸ ਘਟਨਾ ਨੂੰ ਅੱਜ 43 ਸਾਲ ਦਾ ਸਮਾਂ ਬੀਤ ਚੁੱਕਾ ਹੈ, ਇਸ ਲਈ ਅੱਜ ਨਵੀਂ ਪੀੜੀ ਨੂੰ ਇਸ ਮਹਾਨ ਵਿਰਸੇ ਤੋਂ ਜਾਣੂ ਕਰਵਾਉਣ ਲਈ ਇਸਦੀ ਚਰਚਾ ਕਰਨ ਦੀ ਅਹਿਮ ਲੋੜ ਹੈ।

ਮੋਗਾ ਗੋਲ਼ੀ ਕਾਂਡ ਦੇ ਨਾਮ ਨਾਲ਼ ਜਾਣਿਆ ਜਾਂਦਾ ਇਹ ਸੁਰਖ਼ ਪੰਨਾ ਉਸ ਵੇਲ਼ੇ ਮੋਗੇ ਵਿਖੇ ਚਲਦੇ ਰੀਗਲ ਸਿਨੇਮੇ ਨਾਲ਼ ਜੁੜਿਆ ਹੋਇਆ ਹੈ। ਇਸ ਸਿਨੇਮਾ ਦਾ ਮਾਲਕ ਇੱਕ ਤਕੜੀ ਆਰਥਿਕ ਹੈਸੀਅਤ ਵਾਲ਼ਾ ਸੀ ਜਿਸਦੇ 82 ਸਿਨੇਮਾ ਚਲਦੇ ਸਨ। ਇਸ ਕਾਰਨ ਉਸਦੀ ਸਰਕਾਰੀ ਦਰਬਾਰੇ ਵੀ ਪਹੁੰਚ ਸੀ ਤੇ ਉਸਨੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਗੁੰਡੇ ਵੀ ਪਾਲ਼ੇ ਹੋਏ ਸਨ। ਉਸ ਵੇਲ਼ੇ ਵਿਦਿਆਰਥੀਆਂ ਲਈ ਸਿਨੇਮੇ ਦੀ ਅੱਧੀ ਟਿਕਟ ਦੀ ਸਹੂਲਤ ਸੀ। ਪਰ ਰੀਗਲ ਸਿਨੇਮੇ ਦੇ ਮਾਲਕ ਵੱਲੋਂ ਬਿਠਾਏ ਗੁੰਡੇ ਅਕਸਰ ਵਿਦਿਆਰਥੀਆਂ ਨਾਲ਼ ਧੱਕੇਸ਼ਾਹੀ ਕਰਦੇ ਸਨ ਤੇ ਵਿਦਿਆਰਥੀਆਂ ਨੂੰ ਰਿਆਇਤ ਹਾਸਲ ਕਰਨ ਤੋਂ ਰੋਕਦੇ ਸਨ। ਇਸ ਤੋਂ ਬਿਨਾਂ ਟਿਕਟਾਂ ਦੀ ਬਲੈਕ ਰੋਕਣ, ਵਿਦਿਆਰਥੀਆਂ ਲਈ ਵੱਖਰੀ ਟਿਕਟ ਖਿੜਕੀ ਸਮੇਤ ਸਿਨੇਮੇ ਵਿੱਚ ਪਾਰਕਿੰਗ ਜਿਹੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਉਸ ਵੇਲ਼ੇ ਬਣੀ ਹੋਈ ‘ਸਟੂਡੈਂਟਸ ਵੈਲਫੇਅਰ ਕਮੇਟੀ’ ਅਤੇ ਭਾਕਪਾ ਦੀ ਵਿਦਿਆਰਥੀ ਜਥੇਬੰਦੀ ਏ.ਆਈ.ਐੱਸ.ਐੱਫ. ਦੇ ਨੁਮਾਇੰਦੇ ਸਿਨੇਮਾ ਪ੍ਰਬੰਧਕਾਂ ਨੂੰ ਮਿਲ਼ਣ ਗਏ ਤਾਂ ਪਹਿਲਾਂ ਤੋਂ ਤਿਆਰ ਬੈਠੇ ਉਹਨਾਂ ਦੇ ਗੁੰਡਿਆਂ ਨੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਜਿਸ ਵਿੱਚ ਕਈ ਵਿਦਿਆਰਥੀ ਜਖ਼ਮੀ ਹੋਏ। ਪੁਲਿਸ ਨੇ ਕੋਈ ਕਾਰਵਾਈ ਕਰਨ ਦੀ ਥਾਂ ਵਿਦਿਆਰਥੀਆਂ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਵਿਦਿਆਰਥੀ ਆਪਣੀਆਂ ਇਹਨਾਂ ਮੰਗਾਂ ਨੂੰ ਲੈ ਕੇ 5 ਅਕਤੂਬਰ ਨੂੰ ਵਿਸ਼ਾਲ ਇਕੱਠ ਕੀਤਾ। ਇਸ ਇਕੱਠ ਨੂੰ ਖਿੰਡਾਉਣ ਲਈ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਜਿਸਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਹਰ ਹਰਬਾ ਵਰਤਿਆ —ਵਿਦਿਆਰਥੀਆਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਸੁੱਟੇ ਗਏ, ਹੱਥੋਪਾਈ ਕੀਤੀ ਗਈ। ਇਸ ਖਿੱਚ-ਧੂਹ ਵਿੱਚ ਵਿਦਿਆਰਥੀਆਂ ਦਾ ਜਥਾ ਡੀ.ਐੱਸ.ਪੀ. ਚੀਮਾ ਤੱਕ ਪੁੱਜਿਆ ਜਿਸਨੇ ਕੋਈ ਗੱਲ ਸੁਣਨ ਦੀ ਥਾਂ ਵਿਦਿਆਰਥੀਆਂ ਨਾਲ਼ ਝੜਪ ਸ਼ੁਰੂ ਕਰ ਦਿੱਤੀ ਤੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਇਸ ਗੋਲ਼ੀ ਕਾਂਡ ਵਿੱਚ ਮੋਗਾ ਨੇੜਲੇ ਪਿੰਡ ਚੜਿੱਕ ਦੇ ਦੋ ਵਿਦਿਆਰਥੀਆਂ, ਸਵਰਨ ਤੇ ਹਰਜੀਤ ਸ਼ਹੀਦ ਹੋਏ ਤੇ ਇਸਤੋਂ ਬਿਨ੍ਹਾਂ ਇੱਕ ਰਿਕਸ਼ਾ ਚਾਲਕ, ਇੱਕ ਅਧਿਆਪਕ ਤੇ ਇੱਕ ਬੱਚੀ ਇਸ ਵਿੱਚ ਮਾਰੀ ਗਈ। ਇਸ ਦੌਰਾਨ ਕਈ ਜਖ਼ਮੀ ਹੋਏ ਤੇ ਇਸ ਦੌਰਾਨ ਪੁਲਿਸ ਵਿਦਿਆਰਥੀਆਂ ਉੱਤੇ ਬਰਬਰ ਜਬਰ ਢਾਹੁਦੀ ਰਹੀ ਤੇ ਸ਼ਾਮ ਤੱਕ ਮਗਰੋਂ ਇਹ ਮੁਜ਼ਾਹਰਾ ਖਿੰਡਾ ਦਿੱਤਾ ਗਿਆ।

ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੁੜ-ਗਠਨ ਦੀ ਪ੍ਰਕਿਰਿਆ ਸ਼ੁਰੂਆਤੀ ਪੜਾਅ ਉੱਤੇ ਸੀ ਜੋ ਕਿ 1965 ਵਿੱਚ ਬਣਨ ਮਗਰੋਂ ਦਹਿਸ਼ਤਗਰਦ ਮਾਅਰਕੇਬਾਜ਼ੀ ਤੇ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਣ ਕਾਰਨ 1969 ਤੱਕ ਖਿੰਡ ਗਈ ਸੀ। ਮੋਗਾ ਵਿਖੇ 7 ਅਕਤੂਬਰ ਨੂੰ ਫੇਰ ਇੱਕ ਵੱਡਾ ਮੁਜ਼ਾਹਰਾ ਰੱਖਿਆ ਗਿਆ। ਇਸ ਮੁਜ਼ਾਹਰੇ ਵਿੱਚ ਏ.ਆਈ.ਐੱਸ.ਐੱਫ. ਦੇ ਨਾਲ਼ ਪੰਜਾਬ ਸਟੂਡੈਂਟਸ ਯੂਨੀਅਨ ਵੀ ਸ਼ਾਮਲ ਹੋਈ। ਇਸ ਦਿਨ ਪੁਲਿਸ ਨੇ ਫੇਰ ਮੁਜ਼ਾਹਰੇ ਉੱਤੇ ਗੋਲ਼ੀਬਾਰੀ ਕੀਤੀ ਤੇ ਮੁਜ਼ਾਹਰੇ ਨੂੰ ਖਿੰਡਾ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਗੋਲ਼ੀਆਂ ਚਲਾ ਕੇ ਵਿਦਿਆਰਥੀਆਂ ਨੂੰ ਸ਼ਹੀਦ ਕੀਤੇ ਜਾਣ ਦੀ ਖ਼ਬਰ ਅੱਗ ਵਾਂਗ ਸੂਬੇ ਵਿੱਚ ਫੈਲ ਗਈ ਤੇ ਇਸ ਵਿਰੁੱਧ ਲੋਕਾਂ ਦਾ ਗੁੱਸਾ ਲਾਵਾ ਬਣ ਸੜਕਾਂ ਉੱਤੇ ਵਹਿ ਤੁਰਿਆ। ਇਸ ਮਗਰੋਂ ਲੋਕਾਂ ਦੇ ਰੋਹਮਈ ਸੰਘਰਸ਼ਾਂ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ। ਥਾਂ-ਥਾਂ ਲੋਕਾਂ ਤੇ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਸ਼ਰਮਨਾਕ ਕਾਰੇ ਵਿਰੁੱਧ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਕਈ ਥਾਵਾਂ ‘ਤੇ ਬੱਸਾਂ ਭੰਨੀਆਂ ਗਈਆਂ, ਸਰਕਾਰੀ ਦਫ਼ਤਰ ਘੇਰੇ ਗਏ। ਲੁਧਿਆਣਾ, ਜਗਰਾਓਂ, ਮੋਗਾ, ਰੋਡੇ, ਫਰੀਦਕੋਟ, ਅੰਮ੍ਰਿਤਸਰ ਸਮੇਤ ਅਨੇਕਾਂ ਥਾਵਾਂ ‘ਤੇ ਵਿਦਿਆਰਥੀਆਂ-ਨੌਜਵਾਨਾਂ ਦੀਆਂ ਪੁਲਿਸ ਨਾਲ਼ ਝੜਪਾਂ ਹੁੰਦੀਆਂ ਰਹੀਆਂ। ਪੰਜਾਬ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਤੇ ਦਫ਼ਾ 144 ਲਾ ਦਿੱਤੀ ਗਈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਪਰ ਲੋਕਾਂ ਦਾ ਰੋਹ ਥੰਮਣ ਦਾ ਨਾਮ ਨਹੀਂ ਲੈ ਰਿਹਾ ਸੀ। 11 ਅਕਤੂਬਰ ਨੂੰ ਪੀ.ਐੱਸ.ਯੂ. ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਜਿਸਨੂੰ ਲੋਕਾਂ ਨੇ ਭਰਵਾਂ ਹੁੰਘਾਰਾ ਦਿੱਤਾ। ਇਸ ਦੌਰਾਨ 16 ਅਕਤੂਬਰ ਨੂੰ ਏ.ਆਈ.ਐੱਸ.ਐੱਫ. ਘੋਲ਼ ਵਾਪਸ ਲੈਣ ਦਾ ਐਲਾਨ ਕਰਕੇ ਇਸ ਸੰਘਰਸ਼ ਨੂੰ ਦਗਾ ਦੇ ਗਈ। ਪਰ ਲੋਕਾਂ ਦੇ ਬੇਅੰਤ ਗੁੱਸੇ ਕਾਰਨ ਇਹ ਸੰਘਰਸ਼ ਜਲਦੀ ਰੁਕਣ ਵਾਲ਼ਾ ਨਹੀਂ ਸੀ ਤੇ ਇਸਦੀ ਅਗਵਾਈ ਪੂਰੀ ਤਰ੍ਹਾਂ ਪੀ.ਐੱਸ.ਯੂ. ਦੀ ਕਮਾਂਡ ਹੇਠ ਆ ਗਈ। ਥਾਂ-ਥਾਂ ਵਿਦਿਆਰਥੀ ਪੀ.ਐੱਸ.ਯੂ. ਦੇ ਝੰਡੇ ਹੇਠ ਇਕੱਠੇ ਹੋਣ ਲੱਗੇ। ਆਮ ਨੌਜਵਾਨਾਂ, ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਨੇ ਵੀ ਵਧ ਚੜ੍ਹ ਕੇ ਇਸ ਸੰਘਰਸ਼ ਦਾ ਸਾਥ ਦਿੱਤਾ। ਇਸ ਜੁਝਾਰੂ ਘੋਲ਼ ਮਗਰੋਂ ਰੀਗਲ ਸਿਨੇਮਾ ਉਸਦੇ ਮਾਲਕ, ਸਰਕਾਰ ਤੇ ਪ੍ਰਸ਼ਾਸਨ ਦੀਆਂ ਅਨੇਕਾਂ ਕੋਸ਼ਿਸ਼ਾਂ ਮਗਰੋਂ ਵੀ ਚੱਲ ਨਾ ਸਕਿਆ। ਕਈ ਮਹੀਨਿਆਂ ਦੇ ਲੰਮੇ ਸੰਘਰਸ਼ ਮਗਰੋਂ ਦੋਸ਼ੀ ਪੁਲਿਸ ਮੁਲਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਤਾਂ ਪੂਰੀ ਨਾ ਹੋ ਸਕੀ ਪਰ ਰੀਗਲ ਸਿਨੇਮੇ ਨੂੰ ਬੰਦ ਕਰਕੇ ਉਸਦੀ ਥਾਂ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦਗਾਰ ਬਣਾਉਣ ਦੀ ਮੰਗ ਮੰਨਣ ਲਈ ਸਰਕਾਰ ਨੂੰ ਮਜ਼ਬੂਰ ਹੋਣਾ ਪਿਆ ਜਿੱਥੇ ਮਗਰੋਂ ਸ਼ਹੀਦ ਯਾਦਗਾਰੀ ਲਾਇਬ੍ਰੇਰੀ ਉਸਾਰੀ ਗਈ।

ਇਸ ਸੰਘਰਸ਼ ਦੀ ਮਹੱਤਤਾ ਸਿਰਫ਼ ਇਸ ਗੱਲ ਵਿੱਚ ਨਹੀਂ ਕਿ ਇਹ ਸੰਘਰਸ਼ ਕਿੰਨੀਆਂ ਜਾਂ ਕਿਹੜੀਆਂ ਮੰਗਾਂ ਮੰਨਵਾ ਸਕਿਆ, ਸਗੋਂ ਇਸਦੀ ਇਸ ਨਾਲ਼ੋਂ ਕਿਤੇ ਜ਼ਿਆਦਾ ਅਹਿਮ ਮਹੱਤਤਾ ਇਸ ਗੱਲ ਵਿੱਚ ਹੈ ਕਿ ਇਸਨੇ ਬਦਹਾਲੀ ਤੇ ਬੇਚੈਨੀ ਵਿੱਚ ਰਹਿ ਰਹੀ ਪੰਜਾਬ ਦੀ ਲੋਕਾਈ ਨੂੰ ਲੁੱਟ, ਜ਼ਬਰ ਤੇ ਬੇਇਨਸਾਫ਼ੀ ਦਾ ਜਥੇਬੰਦ ਹੋਕੇ ਟਾਕਰਾ ਕਰਨ ਲਈ ਪ੍ਰੇਰਿਆ। ਇਸਨੇ ਇੱਕ ਤਰ੍ਹਾਂ ਖੜੋਤ ਤੇ ਨਿਰਾਸ਼ਾ ਦੇ ਸ਼ਿਕਾਰ ਨੌਜਵਾਨਾਂ-ਵਿਦਿਆਰਥੀਆਂ ਵਿੱਚ ਨਵੀਂ ਇਨਕਲਾਬੀ ਰੂਹ ਫੂਕੀ। ਇਸਨੇ ਵਿਦਿਆਰਥੀਆਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਤੇ ਮੁਲਜ਼ਮਾਂ ਨੂੰ ਜਨਤਕ ਲੀਹ ਹੇਠ ਜਥੇਬੰਦ ਹੋਕੇ ਸੰਘਰਸ਼ ਕਰਨ ਦੀ ਪਿਰਤ ਪਾਈ। ਇਸ ਘਟਨਾ ਮਗਰੋਂ ਵਿੱਚੋਂ ਪੈਦਾ ਹੋਈ ਇਨਕਲਾਬੀ ਊਰਜਾ, ਜੋਸ਼ ਤੇ ਉਤਸ਼ਾਹ ਸਕਦਾ ਇੱਕ ਅਜਿਹੀ ਮਜ਼ਬੂਤ ਤੇ ਵਿਸ਼ਾਲ ਵਿਦਿਆਰਥੀ ਲਹਿਰ ਉੱਸਰੀ ਜੋ ਲਗਭਗ ਇੱਕ ਦਹਾਕੇ ਲਈ ਸੂਬੇ ਵਿੱਚ ਆਪਣੀ ਆਥਾਹ ਪ੍ਰਾਪਤੀਆਂ, ਕੁਰਬਾਨੀਆਂ ਤੇ ਸੰਘਰਸ਼ਾਂ ਦੀ ਸ਼ਾਨਾਮੱਤ੍ਹੀ ਵਿਰਾਸਤ ਨੂੰ ਹੋਰ ਅਮੀਰ ਕਰਦੀ ਰਹੀ। ਇਹੋ ਸ਼ਾਨਾਮੱਤ੍ਹੀ ਵਿਰਾਸਤ ਅੱਜ ਵੀ ਆਪਣੇ ਤਜ਼ਰਬੇ, ਪ੍ਰਾਪਤੀਆਂ, ਕੁਰਬਾਨੀਆਂ ਤੇ ਪ੍ਰੇਰਨਾ ਸਕਦਾ ਵਿਦਿਆਰਥੀ ਲਹਿਰ ਦਾ ਰਾਹ ਰੁਸ਼ਨਾ ਰਹੀ ਹੈ। ਅੱਜ ਦੀ ਵਿਦਿਆਰਥੀ ਲਹਿਰ ’70ਵਿਆਂ ਦੀ ਲਹਿਰ ਨਾਲ਼ੋਂ ਕਾਫ਼ੀ ਕਮਜ਼ੋਰ ਹਾਲਤ ਵਿੱਚ ਹੈ ਤੇ ਨਵੇਂ ਸਿਰਿਓਂ ਇੱਕ ਜ਼ੋਰਦਾਰ ਹੰਭਲ਼ਾ ਮਾਰਨ ਦੀ ਮੰਗ ਕਰਦੀ ਹੈ। ਅਜਿਹੀ ਨਵੀਂ ਸ਼ੁਰੂਆਤ ਲਈ ਵਿਦਿਆਰਥੀ ਲਹਿਰ ਦੇ ਇਸ ਸ਼ਾਨਾਮੱਤ੍ਹੇ ਇਤਿਹਾਸ ਵੱਲ ਵੇਖਦੇ ਹੋਏ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਕੋਈ ਖਲਾਅ ਵਿੱਚੋਂ ਸ਼ੁਰੂਆਤ ਨਹੀਂ ਕਰ ਰਹੇ ਸਗੋਂ ਸਾਨੂੰ ਸਹਾਰਾ ਦੇਣ ਲਈ ਸਾਡੇ ਕੋਲ਼ ਸਾਡੇ ਪੁਰਖਿਆਂ ਦੀ ਅਮੀਰ ਵਿਰਾਸਤ ਹੈ।

ਅੱਜ ਜਦੋਂ ਅਸੀਂ ਉਸ ਘਟਨਾ ਨਾਲ਼ੋਂ ਇੱਕ ਇਤਿਹਾਸਕ ਦੂਰੀ ‘ਤੇ ਖੜੇ ਹਾਂ ਤਾਂ ਇਸ ਵੇਲ਼ੇ ਅਸੀਂ ਪਿੱਛੇ ਮੁੜਕੇ ਵੇਖਦੇ ਹੋਏ ਇਸ ਘਟਨਾ ਵਿੱਚ ਲੋਕਾਂ ਦੇ ਭਾਂਬੜ ਬਣ ਫੈਲਣ ਦੇ ਕਾਰਨਾਂ ਨੂੰ ਹੋਰ ਵਧੇਰੇ ਸਪੱਸ਼ਟਤਾ ਨਾਲ਼ ਸਮਝ ਸਕਦੇ ਹਾਂ। ਇਸਨੂੰ ਸਮਝਣ ਲਈ ਉਸ ਵੇਲ਼ੇ ਦੀਆਂ ਕੁੱਝ ਕੌਮੀ ਤੇ ਕੌਮਾਂਤਰੀ ਘਟਨਾਵਾਂ ਉੱਤੇ ਨਜ਼ਰ ਮਾਰਨ ਦੀ ਲੋੜ ਹੈ। ਕੌਮੀ ਹਾਲਤਾਂ ਉੱਤੇ ਗੱਲ ਕਰੀਏ ਤਾਂ 1964-65 ਤੱਕ ਨਹਿਰੂ ਦੇ ਮਿਸ਼ਰਤ ਅਰਥਚਾਰੇ ਵਾਲ਼ੇ ਨਕਲੀ ਸਮਾਜਵਾਦ ਦੀ ਕਲੀ ਉੱਤਰਨੀ ਸ਼ੁਰੂ ਹੋ ਗਈ ਸੀ। ਇਸ 1965 ਤੋਂ ਭਾਰਤੀ ਅਰਥਚਾਰਾ ਸੰਕਟ ਦਾ ਸ਼ਿਕਾਰ ਹੋਣਾ ਸ਼ੁਰੂ ਹੋਇਆ ਤੇ ਇਸਦੀ ਵਿਕਾਸ ਦੀ ਦਰ ਹੇਠਾਂ ਡਿੱਗਣੀ ਸ਼ੁਰੂ ਹੋਈ। ਇਸ ਨਾਲ਼ ਸਮੁੱਚੇ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ ਤੇ ਆਰਥਿਕ ਅਸੁਰੱਖਿਆ ਫੈਲਣ ਲੱਗੀ। ਵਿਦਿਆਰਥੀਆਂ-ਨੌਜਵਾਨਾਂ ਨੂੰ ਵੀ ਦੂਰ ਹੁੰਦੀ ਸਿੱਖਿਆ ਤੇ ਵਧ ਰਹੀ ਬੇਰੁਜ਼ਗਾਰੀ ਵਿੱਚ ਆਪਣਾ ਭਵਿੱਖ ਧੁੰਦਲ਼ਾ ਨਜ਼ਰ ਆਉਣ ਲੱਗਾ। ਅਜ਼ਾਦੀ ਮਗਰੋਂ ਬਿਹਤਰ ਜ਼ਿੰਦਗੀ ਦੇ ਲੋਕਾਂ ਦੇ ਸੁਪਨਿਆਂ ਨੂੰ ਵਧ ਰਹੀ ਗਰੀਬੀ, ਬਦਹਾਲੀ ਦੀ ਤਲਖ਼ ਹਕੀਕਤ ਨੇ ਤੋੜਿਆਂ ਤੇ ਲੋਕਾਂ ਵਿੱਚ ਗੁੱਸਾ ਤੇ ਬੇਚੈਨ ਫੈਲਣ ਲੱਗੀ ਜੋ 1971-72 ਤੱਕ ਆਪਣੇ ਸਿਖ਼ਰਾਂ ‘ਤੇ ਸੀ।

ਦੂਜੀ ਅਹਿਮ ਘਟਨਾ ਨਕਸਲਬਾੜੀ ਲਹਿਰ ਸੀ। 1967 ਵਿੱਚ ਸ਼ੁਰੂ ਹੋਈ ਇਹ ਲਹਿਰ ਪੰਜਾਬ ਵਿੱਚ ਵੀ ਜੰਗਲ਼ ਦੀ ਅੱਗ ਵਾਂਗ ਫੈਲ ਗਈ। ਇਸ ਲਹਿਰ ਦੇ ਨਾਲ਼ ਹੀ ਸਰਕਾਰੀ ਜ਼ਬਰ ਵੀ ਸ਼ੁਰੂ ਹੋ ਗਿਆ। ਪੰਜਾਬ ਵਿੱਚ ਵੀ ਵੱਡੇ ਪੱਧਰ ‘ਤੇ ਨੌਜਵਾਨਾਂ, ਸਿਆਸੀ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ, ਝੂਠੇ ਮੁਕੱਦਮਿਆਂ, ਫਰਜ਼ੀ ਮੁਕਾਬਲਿਆਂ ਤੇ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪੰਜਾਬ ਦੇ  ਨੌਜਵਾਨਾਂ ਨੂੰ  ਕੋਹ-ਕੋਹ ਕੇ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਿਆ ਗਿਆ। ਪੰਜਾਬ ਦੀ ਲੋਕਾਈ ਨੇ ਆਪਣਾ ਜਵਾਨ ਲਹੂ ਸੱਤ੍ਹਾ ਦੇ ਜ਼ਬਰ ਹੇਠ ਗਲ਼ੀਆਂ-ਨਾਲ਼ੀਆਂ ਵਿੱਚ ਰੁੜਦਾ ਵੇਖਿਆ। ਕਈ ਸਾਲ ਪੰਜਾਬ ਦੇ ਅਨੇਕਾਂ ਘਰਾਂ ਵਿੱਚ ਬੇਵਕਤੀਆਂ ਸੱਥਰਾਂ ਵਿਛੀਆਂ, ਨੌਜਵਾਨਾਂ ਦੇ ਸਿਵੇ ਬਲ਼ੇ ਤੇ ਲੋਕਾਂ ਨੇ ਖੂਨ ਦੇ ਹੰਝੂ ਵਹਾਏ। ਇਸ ਕਾਰਨ ਵੀ ਵੇਲ਼ੇ ਦੇ ਹਾਕਮਾਂ ਵਿਰੁੱਧ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਦੀ ਅੱਗ ਬਲਣ ਲੱਗੀ।

ਇਸੇ ਤਰ੍ਹਾਂ ਕੌਮਾਂਤਰੀ ਹਾਲਤਾਂ ਦੀ ਗੱਲ ਕਰੀਏ ਤਾਂ ਪਹਿਲੀ ਅਹਿਮ ਘਟਨਾ ਇਹ ਸੀ ਕਿ ਉਸ ਵੇਲ਼ੇ ਸੰਸਾਰ ਦੇ ਵੱਡੇ ਹਿੱਸੇ ਵਿੱਚ ਵਿਦਿਆਰਥੀ ਲਹਿਰਾਂ ਦਾ ਜ਼ੋਰ ਸੀ। ਖਾਸ ਕਰਕੇ 1968 ਤੋਂ ਫਰਾਂਸ, ਜਰਮਨੀ, ਇੰਗਲੈਂਡ, ਇਟਲੀ, ਅਮਰੀਕਾ, ਮੈਕਸੀਕੋ ਸਮੇਤ ਸੰਸਾਰ ਦੇ ਕਾਫ਼ੀ ਹਿੱਸੇ ਵਿੱਚ ਵਿਦਿਆਰਥੀਆਂ ਲਹਿਰਾਂ ਦਾ ਹੜ੍ਹ ਵਗ ਰਿਹਾ ਸੀ। ਕੌਮਾਂਤਰੀ ਪੱਧਰ ‘ਤੇ ਚੱਲ ਰਹੀ ਇਸ ਹਵਾ ਦਾ ਪ੍ਰਭਾਵ ਭਾਰਤ ਉੱਤੇ ਪੈਣਾ ਵੀ ਲਾਜ਼ਮੀ ਹੀ ਸੀ। ਇਸ ਮਹੌਲ ਨੇ ਵੀ ਪੰਜਾਬ ਵਿੱਚ ਵਿਦਿਆਰਥੀ ਲਹਿਰ ਦੇ ਉਭਾਰ ਨੂੰ ਹੱਲਾਸ਼ੇਰੀ ਦਿੱਤੀ।

ਕੌਮਾਂਤਰੀ ਪੱਧਰ ਉੱਤੇ ਦੂਜੀ ਘਟਨਾ ਅਮਰੀਕੀ ਸਾਮਰਾਜ ਵੱਲੋਂ ਵੀਅਤਨਾਮ ਉੱਤੇ ਥੋਪੀ ਘਿਨਾਉਣੀ ਜੰਗ ਸੀ ਜਿਸ ਵਿੱਚ ਵੀਅਤਨਾਮ ਦੀ ਲੋਕ ਮੁਕਤੀ ਫੌਜ 1971-72 ਤੱਕ ਅਮਰੀਕਾ ਨੂੰ ਮਿੱਟੀ ‘ਚ ਰੋਲ਼ਦੇ ਹੋਏ ਜਿੱਤ ਕੰਢੇ ਪਹੁੰਚ ਚੁੱਕੀ ਸੀ। ਸੰਸਾਰ ਭਰ ਵਿੱਚ ਅਮਰੀਕੀ ਸਾਮਰਾਜ ਦੇ ਇਹਨਾਂ ਕੁਕਰਮਾਂ ਕਾਰਨ ਸਾਮਰਾਜੀ ਪ੍ਰਬੰਧ ਖਿਲਾਫ਼ ਲੋਕਾਂ ਵਿੱਚ ਰੋਹ ਤੇ ਨਫ਼ਰਤ ਅਤੇ ਵੀਅਤਨਾਮ ਲਈ ਹਮਦਰਦੀ ਸੀ। ਸੰਸਾਰ ਭਰ ਵਿੱਚ ਅਮਰੀਕੀ ਸਾਮਰਾਜ ਵਿਰੁੱਧ ਮੁਜ਼ਾਹਰੇ, ਲਹਿਰਾਂ ਜ਼ੋਰਾਂ ‘ਤੇ ਸਨ। ਇਹ ਲਹਿਰਾਂ ਤੇ ਸਾਮਰਾਜੀ ਪ੍ਰਬੰਧ ਖਿਲਾਫ਼ ਨਫ਼ਰਤ ਪੰਜਾਬ ਸਮੇਤ ਭਾਰਤ ਵਿੱਚ ਵੀ ਵੱਡੇ ਪੱਧਰ ‘ਤੇ ਸੀ। ਇਹ ਘਟਨਾ ਵੀ ਪੰਜਾਬ ਦੇ ਲੋਕਾਂ, ਖਾਸਕਰ ਨੌਜਵਾਨਾਂ-ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਬੇਇਨਸਾਫ਼ੀ ਖਿਲਾਫ਼ ਡਟਣ ਲਈ ਪ੍ਰੇਰ ਰਹੀ ਸੀ।

ਇਸ ਤਰ੍ਹਾਂ ਮੋਗਾ ਗੋਲ਼ੀ ਕਾਂਡ ਮਗਰੋਂ ਉੱਭਰਿਆ ਵਿਸ਼ਾਲ ਲੋਕ ਰੋਹ ਕੋਈ ਅਣਕਿਆਸੀ ਘਟਨਾ ਜਾਂ ਕੋਈ ਖਲਾਅ ਵਿੱਚੋਂ ਪੈਦਾ ਹੋਇਆ ਵਰਤਾਰਾ ਨਹੀਂ ਸੀ। ਉਪਰੋਕਤ ਖਾਸ ਕੌਮੀ ਤੇ ਕੌਮਾਂਤਰੀ ਹਾਲਤਾਂ ਵਿੱਚ ਪੰਜਾਬ ਦੇ ਲੋਕਾਂ ਵਿੱਚ ਗੁੱਸੇ, ਨਫ਼ਰਤ ਤੇ ਬੇਚੈਨੀ ਦਾ ਇੱਕ ਵੱਡਾ ਸਮੁੰਦਰ ਪਲ਼ ਰਿਹਾ ਸੀ। 1972 ਦੇ ਮੋਗਾ ਗੋਲ਼ੀ ਕਾਂਡ ਨੇ ਇਸ ਸਮੁੰਦਰ ਨੂੰ ਇੱਕ ਲਹਿਰ ਬਣ ਉੱਭਰਨ ਦਾ ਰਾਹ ਦਿੱਤਾ। ਅਜਿਹੀ ਲਹਿਰ ਜਿਸਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ ਜਹਾਲਤ ਤੇ ਜ਼ਿੱਲਤ ਨੂੰ ਪੂੰਝ ਦਿੱਤਾ ਤੇ ਉਸਦੀ ਥਾਂ ਸੰਘਰਸ਼ਾਂ, ਕੁਰਬਾਨੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਪੰਜਾਬ ਦੀ ਲੋਕਾਂ ਨੇ ਹਰ ਤਰ੍ਹਾਂ ਦੀ ਲੁੱਟ, ਗੁਲਾਮੀ, ਜ਼ਬਰ ਤੇ  ਬੇਇਨਸਾਫੀ ਸਹਿੰਦੇ ਹੋਏ ਧਰਤੀ ‘ਤੇ ਰੀਂਗਦੇ ਕੀੜਿਆਂ ਵਰਗੀ ਜ਼ਿੰਦਗੀ ਹੋਰ ਜਿਉਣ ਤੋਂ ਨਾਂਹ ਕਰਕੇ ਆਪਣੇ ਹਿੱਸੇ ਦੇ ਹਰ ਪਲ ਲਈ, ਹਰ ਸਾਹ ਲਈ ਸੰਘਰਸ਼ ਕਰਦੇ ਹੋਏ ਇੱਕ ਬਹਾਦਰੀ ਤੇ ਸਵੈਮਾਣ ਵਾਲ਼ੀ ਜ਼ਿੰਦਗੀ ਜਿਉਣ ਦਾ ਰਾਹ ਲੱਭ ਲਿਆ। ਭਾਵੇਂ ਕੁੱਝ ਕਾਰਨਾਂ ਕਰਕੇ (ਜਿਨ੍ਹਾਂ ਦੀ ਚਰਚਾ ਇੱਥੇ ਬੇਲੋੜੀ ਹੈ) ਇਹ ਲਹਿਰ ਮਨੁੱਖਤਾ ਦੀ ਮੁਕਤੀ ਦੇ ਅਸਲ ਨਿਸ਼ਾਨੇ ਤੱਕ ਤਾਂ ਨਾ ਪੁੱਜ ਸਕੀ ਪਰ ਫੇਰ ਵੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਗੁਲਾਮੀ ਨੂੰ ਸਹਿਦੇ ਰਹਿਣ ਦੀ ਥਾਂ ਉਸ ਨੂੰ ਖਤਮ ਕਰਨ ਲਈ ਸੰਘਰਸ਼ ਕਰਦੇ ਹੋਏ ਜਿਉਣਾ ਸਿਖਾ ਗਈ ਤੇ  ਕੁਰਬਾਨੀਆਂ, ਇਨਕਲਾਬੀ ਜਜ਼ਬੇ ਤੇ ਸੰਘਰਸ਼ਾਂ ਨਾਲ਼ ਭਰੇ ਤਜ਼ਰਬੇ ਤੇ ਵੰਗਾਰ ਦੀ ਇੱਕ ਵਿਰਾਸਤ ਛੱਡ ਗਈ। ਇਹ ਆਉਣ ਵਾਲ਼ੀਆਂ ਪੀੜੀਆਂ ਵਿੱਚ ਜਥੇਬੰਦ ਸੰਘਰਸ਼ਾਂ ਦੀ ਪਿਰਤ ਪਾ ਗਈ ਤੇ ਉਹਨਾਂ ਲਈ ਇਸ ਪਿਰਤ ਨੂੰ ਹੋਰ ਅੱਗੇ ਉੱਚੇ ਮੁਕਾਮ ‘ਤੇ ਲਿਜਾਣ ਦੀ ਵੰਗਾਰ ਛੱਡ ਗਈ। ਅੱਜ ਫੇਰ ਪੰਜਾਬ ਦੇ ਨੌਜਵਾਨਾਂ-ਵਿਦਿਆਰਥੀਆਂ ਸਮੇਤ ਲੋਕਾਂ ਦਾ ਵੱਡਾ ਹਿੱਸਾ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵਿੱਚ ਜਿਉਣ ਦੀ ਥਾਂ ਉਹਨਾਂ ਨੂੰ ਪ੍ਰਵਾਨ ਕਰਦੇ ਹੋਏ ਜਿਉਂ ਰਿਹਾ ਹੈ। ਇਹਨਾਂ ਹਾਲਤਾਂ ਵਿੱਚ 1972 ਦੇ ਮੋਗਾ ਗੋਲ਼ੀ ਕਾਂਡ ਤੇ ਉਸ ਮਗਰੋਂ ਖੜੀ ਹੋਈ ਸਮੁੱਚੀ ਜਨਤਕ ਲਹਿਰ ਦੀ ਵਿਰਾਸਤ ਨੂੰ ਅੱਜ ਮੁੜ ਯਾਦ ਕਰਨ ਤੇ ਲੋਕਾਂ ਵਿੱਚ ਲਿਜਾਣ ਦੀ ਲੋੜ ਹੈ। ਅੱਜ ਆਪਣੀ ਇਸ ਇਨਕਲਾਬੀ ਵਿਰਾਸਤ ਨੂੰ ਯਾਦ ਕਰਨ ਦਾ ਮਤਲਬ ਇਸਦੀ ਵੰਗਾਰ ਨੂੰ ਕਬੂਲਣਾ ਹੈ, ਇਸਦੇ ਛੱਡੇ ਹੋਏ ਸਿਰੇ ਨੂੰ ਫੜ ਕੇ ਮਨੁੱਖਤਾ ਦੀ ਮੁਕਤੀ ਦੇ ਸਫਰ ਨੂੰ ਅੱਗੇ ਤੋਰਨਾ ਹੈ। ਇਸ ਸਫ਼ਰ ਵਿੱਚ ਵਕਤੀ ਠਹਿਰਾਅ ਤੇ ਪਿੱਛੇ ਹਟਣਾ ਤਾਂ ਹੋ ਸਕਦਾ ਹੈ ਪਰ ਇਸ ਸਫ਼ਰ ਨੇ ਜਿੱਤ ਤੋਂ ਬਿਨਾਂ ਮੁੱਕਣਾ ਨਹੀਂ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ