ਮੋਦੀ-ਰਾਜ ਵਿੱਚ ਰੋਜ਼ਾਨਾ 64 ਬੱਚਿਆਂ ਦੀ ਮੌਤ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੱਧ-ਪ੍ਰਦੇਸ਼ ਜੋ ਭਾਰਤ ਦਾ ਦੂਜਾ ਵੱਡਾ ਰਾਜ ਹੈ, 2015-16 ਦੌਰਾਨ ਇੱਥੇ ਹਰ ਰੋਜ 64 ਬੱਚਿਆਂ ਦੀ ਮੌਤ ਦਾ ਅੰਕੜਾ ਸਾਹਮਣੇ ਆਇਆ ਹੈ। ਨਵਜਨਮੇ ਬੱਚਿਆਂ ਦੀ ਮੌਤ ਦਾ ਇਹ ਅੰਕੜਾ ਕਿਸੇ ਅਫਰੀਕੀ ਦੇਸ਼ ਦੇ ਮੁਕਾਬਲੇ ਵੀ ਬਦਤਰ ਤੇ ਭਿਆਨਕ ਹੈ।

ਜ਼ਿਕਰਯੋਗ ਹੈ ਕਿ 2015-16 ਦੌਰਾਨ ਮੱਧ-ਪ੍ਰਦੇਸ਼ ਵਿੱਚ ਨਮੋਂ ਜਾਣੀ ਕਿ ਭਾਜਪਾ ਦੀ ਸਰਕਾਰ ਰਹੀ ਹੈ। ਅੰਗਰੇਜ਼ੀ ਦੇ ਇਕ ਰਸਾਲੇ ਆਊਟਲੁਕ ਅਨੁਸਾਰ ਮੱਧ-ਪ੍ਰਦੇਸ਼ ਦੇ ਸ਼ਿਓਪੁਰ ਜਿਲੇ ਵਿੱਚ ਕੁਪੋਸ਼ਣ ਨਾਲ਼ ਹੋਈਆਂ ਬੱਚਿਆਂ ਦੀਆਂ ਮੌਤਾਂ ਸਬੰਧੀ ਸਰਕਾਰ ਵੱਲੋਂ ਸੋਧੇ ਹੋਏ ਅੰਕੜੇ ਪੇਸ਼ ਕਰਨ ਦਾ ਦਬਾਅ ਪਾਉਣ ਤੋਂ ਬਾਅਦ ਮੱਧ-ਪ੍ਰਦੇਸ਼ ਦੇ ਸਾਬਕਾ ਮੁੱਖ-ਮੰਤਰੀ ਬਾਬੂਲਾਲ ਗੌਰ ਨੇ ਦੋਸ਼ ਲਾਇਆ ਕਿ ਬੱਚਿਆਂ ਦੀਆਂ ਮੌਤਾਂ ਸਬੰਧੀ ਵਿਧਾਨ-ਸਭਾ ਵਿੱਚ ਗਲਤ ਜਾਣਕਾਰੀ ਪੇਸ਼ ਕੀਤੀ ਗਈ ਹੈ। ਗੌਰ ਨੇ ਕਿਹਾ ਕਿ ਸਿਹਤ ਵਿਭਾਗ ਨੇ ਰਿਪੋਰਟ ਕੀਤੀ ਸੀ ਕਿ 2015-16 ਦੌਰਾਨ 116 ਬੱਚਿਆਂ ਦੀ ਮੌਤ ਕੁਪੋਸ਼ਣ ਨਾਲ਼ ਹੋਈ ਜਦਕਿ ਔਰਤ ਤੇ ਬਾਲ-ਵਿਕਾਸ ਮੰਤਰੀ ਅਰਚਨਾ ਚਿਤਨਿਸ ਨੇ ਦਾਅਵਾ ਕੀਤਾ ਕਿ ਇਸ ਸਾਲ ਦੌਰਾਨ ਕਿਸੇ ਵੀ ਬੱਚੇ ਦੀ ਮੌਤ ਕੁਪੋਸ਼ਣ ਨਾਲ਼ ਨਹੀਂ ਹੋਈ।

ਹਿੰਦੂਸਤਾਨ ਟਾਇਮਜ਼ ਦੀ ਇਕ ਰਿਪੋਰਟ ਅਨੁਸਾਰ ਬਾਅਦ ਵਿੱਚ ਔਰਤ ਤੇ ਬਾਲ-ਵਿਕਾਸ ਮੰਤਰੀ ਅਰਚਨਾ ਨੇ ਰਾਜ-ਵਿਧਾਨ ਸਭਾ ਵਿੱਚ ਖੁਲਾਸਾ ਕੀਤਾ ਕਿ 0-6 ਸਾਲ ਤੱਕ ਦੇ 25,440 ਬੱਚੇ ਇਕ ਸਾਲ ਅੰਦਰ ਦਸਤ ਤੇ ਖਸਰੇ ਵਰਗੇ ਰੋਗਾਂ ਕਾਰਨ ਆਪਣੀ ਜਾਨ ਗਵਾ ਦਿੰਦੇ ਹਨ।

ਮੱਧ-ਪ੍ਰਦੇਸ਼ ਭਾਰਤ ਦੇ ਗਰੀਬੀ ਰੇਖਾ ਵਿੱਚ ਸਭ ਤੋਂ ਉਪਰਲੇ 14 ਰਾਜਾਂ ਵਿੱਚ ਸ਼ਾਮਿਲ ਹੈ ਤੇ ਸਭ ਤੋਂ ਵੱਧ ਮੌਤ-ਦਰ ਵਾਲੇ ਸੂਬਿਆਂ ਵਿੱਚੋਂ ਇਕ ਹੈ। ਇੱਥੇ 1000 ਪਿੱਛੇ 52 ਬੱਚਿਆਂ ਦੀ ਮੌਤ ਇੱਕ ਸਾਲ ਦੀ ਉਮਰ ਹੋਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਅਤੇ ਨਵਜਨਮੇਂ ਬੱਚਿਆਂ ਦਾ ਭਾਰ ਢਾਈ ਕਿੱਲੋ ਤੋਂ ਵੀ ਘੱਟ ਹੁੰਦਾ ਹੈ। ਭਾਰਤ ਵਿੱਚ 31% ਬੱਚਿਆਂ ਦਾ ਕੱਦ ਉਮਰ ਅਨੁਸਾਰ ਘੱਟ ਹੈ ਅਤੇ 42% ਬੱਚਿਆਂ ਦਾ ਭਾਰ ਉਹਨਾਂ ਦੀ ਉਮਰ ਅਨੁਸਾਰ ਘੱਟ ਹੈ। ਇਸ ਵਿੱਚ ਸਿਰਫ ਝਾਰਖੰਡ ਤੇ ਮੱਧ ਪ੍ਰਦੇਸ਼ ਵਿੱਚ 60 ਫੀਸਦੀ ਬੱਚੇ ਕੁਪੋਸ਼ਿਤ ਹਨ।

ਬੱਚਿਆਂ ਦੀ ਸਿਹਤ ਲਈ ਵਿਗਿਆਨ ਅਨੁਸਾਰ ਤਿੰਨ ਸਾਲ ਤੱਕ ਦੇ ਬੱਚੇ ਨੂੰ ਰੋਜ਼ਾਨਾ 300 ਮਿ.ਗ੍ਰਾ. ਦੁੱਧ ਦੀ ਲੋੜ ਹੁੰਦੀ ਹੈ ਜਦ ਕਿ ਉਹਨਾਂ ਨੂੰ ਸਿਰਫ 80 ਮਿ.ਗ੍ਰਾ. ਦੁੱਧ ਮਿਲ਼ਦਾ ਹੈ। ਨਤੀਜਾ ਇਹ ਕਿ ਕੁਪੋਸ਼ਣ ਕਾਰਣ ਉਹਨਾਂ ਦਾ ਸਰੀਰ ਬਿਮਾਰਿਆਂ ਦਾ ਮੁਕਾਬਲਾ ਨਹੀਂ ਕਰ ਪਾਉਂਦਾ ਅਤੇ ਹੈਜ਼ਾ ਤੇ ਬੁਖਾਰ ਵਰਗੀਆਂ ਬਿਮਾਰੀਆਂ ਨਾਲ਼ ਬੱਚਿਆਂ ਦੀ ਮੌਤ ਦਰ ਲਗਾਤਾਰ ਵਧਦੀ ਜਾਂਦੀ ਹੈ।

ਬੱਚਿਆਂ ਦੀਆਂ ਇਹਨਾਂ ਮੌਤਾਂ ਨੂੰ ਅਸੀਂ ਕੁਦਰਤੀ ਨਹੀਂ ਕਹਿ ਸਕਦੇ ਸਗੋਂ ਇਹ ਅਣਮਨੁੱਖੀ ਕਤਲ ਹਨ ਜਿੱਥੇ ਇੱਕ ਪਾਸੇ ਅਨਾਜ਼ ਦੇ ਭਰੇ ਗੋਦਾਮ ਸੜ ਰਹੇ ਹਨ ਉੱਥੇ ਦੂਜੇ ਪਾਸੇ ਹਲਾਤ ਇਹ ਹਨ ਕਿ ਬੱਚੇ ਜਨਮ ਲੈਣ ਤੋਂ ਪਹਿਲਾਂ ਜਾਂ ਜੰਮਦੇ ਹੀ ਮੌਤ ਦੇ ਮੂੰਹ ਵਿੱਚ ਪੈ ਜਾਂਦੇ ਹਨ।

ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਅੱਛੇ ਦਿਨ ਲਿਆਉਣ ਦੀ ਰਟ ਲਗਾ ਰਹੀ ਹੈ ਪਰ ਇਸਦਾ ਧਿਆਨ ਮਨੁੱਖਤਾ ਦੀ ਆਉਣ ਵਾਲ਼ੀ ਪੀੜੀ ਨੂੰ ਬਚਾਉਣ ਵੱਲ ਨਾ ਹੋ ਕੇ ਗਊ ਰੱਖਿਆ ਅਤੇ ਹਿੰਦੂਤਵ ਦੇ ਪ੍ਰਚਾਰ-ਪ੍ਰਸਾਰ ਤੱਕ ਕੇਂਦਰਤ ਹੈ। ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਹਲਾਤ ਭਾਜਪਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦਾ ਅਸਲੀ ਚਿਹਰਾ ਪੇਸ਼ ਕਰਦੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

Advertisements