ਮੋਦੀ ਮੰਡਲੀ ਦੀਆਂ ਲੋਕ ਭਲਾਈ ਦੀਆਂ ਫੜ੍ਹਾਂ ਬਨਾਮ ਦੌਲਤ ਦੀ ਕਾਣੀ ਵੰਡ ਵਿੱਚ ਤਿੱਖਾ ਵਾਧਾ : ਅਖੌਤੀ ਦੇਸ਼ ਭਗਤਾਂ ਦੇ ਦਾਅਵਿਆਂ ਦੀ ਫੂਕ ਕੱਢਦੇ ਤਾਜ਼ਾ ਅੰਕੜੇ •ਰਣਬੀਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀਂ ਫੋਕੀ ਬਹਿਸਬਾਜੀ ਦੇ ਅੱਡੇ ਸੰਸਦ ਵਿੱਚ ਫੜ੍ਹ ਮਾਰਦੇ ਹੋਏ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਸੀ ਕਿ ਭਾਰਤ ਦਾ ਅਰਥਚਾਰਾ ਮੋਦੀ ਸਰਕਾਰ ਤੋਂ ਪਹਿਲਾਂ ਬੇਹੱਦ ਮਾੜੀ ਹਾਲਤ ਵਿੱਚ ਸੀ, ਕਿ ਮੋਦੀ ਸਰਕਾਰ ਦੌਰਾਨ ਅਰਥਚਾਰੇ ਦਾ ਬੜਾ ਵਿਕਾਸ ਹੋਇਆ ਹੈ, ਕਿ ਭਾਰਤ ਦਾ ਅਰਥਚਾਰਾ ਹੁਣ ਇੱਕ ਮਜ਼ਬੂਤ ਅਰਥਚਾਰਾ ਬਣ ਗਿਆ ਹੈ। ਮੋਦੀ ਮੰਡਲੀ ਜੋਰ-ਸ਼ੋਰ ਨਾਲ਼ ਪ੍ਰਚਾਰ ਰਹੀ ਹੈ ਕਿ ਅਰਥਚਾਰੇ ਦੀ ”ਮਜ਼ਬੂਤੀ” ਨਾਲ਼ ਲੋਕਾਂ ਦੀ ਹਾਲਤ ਸੁਧਰ ਰਹੀ ਹੈ। ਦਾਅਵੇ ਕੀਤੇ ਜਾ ਰਹੇ ਹਨ ਕਿ ”ਦੇਸ਼ ਬਦਲ ਰਿਹਾ ਹੈ, ਅੱਗੇ ਵੱਧ ਰਿਹਾ ਹੈ”। ਮੋਦੀ ਭਗਤ ਹਰ ਥਾਂ ਇਹ ਕਾਂ-ਕਾਂ ਕਰਨ ਲੱਗੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਤਾਂ ਬਦਲ ਹੀ ਰਿਹਾ ਹੈ, ਅੱਗੇ ਵੀ ਵਧ ਰਿਹਾ ਹੈ- ਪਰ ਆਖਰ ਕੀ ਬਦਲਿਆ ਹੈ, ਕਿੱਧਰ ਨੂੰ ਅੱਗੇ ਵਧਿਆ ਹੈ? ਆਓ ਵੇਖੀਏ : 

ਮੋਦੀ ਸਰਕਾਰ ਦੇ ਢਾਈ ਸਾਲਾਂ ਦੌਰਾਨ ਭਾਰਤ ਦੇ ਸਰਮਾਏਦਾਰਾ ਪ੍ਰਬੰਧ ਦੇ ਗੰਦੇ ਨਾਲ਼ੇ ਵਿੱਚੋਂ ਬਹੁਤ ਪਾਣੀ ਲੰਘ ਚੁੱਕਾ ਹੈ। ਬਹੁਤ ਕੁੱਝ ਸਾਡੇ ਸਾਹਮਣੇ ਹੈ।।ਪਰ ਦੇਸ਼ ਕਿਸ ਪਾਸੇ ਨੂੰ ਬਦਲ ਰਿਹਾ ਹੈ, ਕਿੱਧਰ ਨੂੰ ਅੱਗੇ ਵੱਧ ਰਿਹਾ ਹੈ, ਦੇਸ਼ ਦਾ ਅਰਥਚਾਰਾ ਕਿਸ ਢੰਗ ਨਾਲ਼ ਵਿਕਸਿਤ ਹੋਇਆ ਹੈ, ਮਜ਼ਬੂਤ ਹੋਇਆ ਹੈ। ਇਸ ਵਾਸਤੇ ਇੱਥੇ ਸਿਰਫ਼ ਇੱਕ ਪੱਖ ਹੀ ਦੇਖ ਲੈਣਾ ਕਾਫੀ ਹੋਵੇਗਾ। ਸਵਾਲ ਹੈ ਦੇਸ਼ ਵਿੱਚ ਕਿਰਤੀ ਲੋਕਾਂ ਦੀ ਮਿਹਨਤ-ਮੁਸ਼ੱਕਤ ਨਾਲ਼ ਜੋ ਧਨ-ਦੌਲਤ ਪੈਦਾ ਹੋ ਰਹੀ ਹੈ ਉਸਦੀ ਵੰਡ ਕਿਵੇਂ ਹੋਈ ਹੈ। ਦੇਖਣਾ ਪਵੇਗਾ ਕਿ ਅਮੀਰੀ-ਗਰੀਬੀ ਦਾ ਪਾੜਾ ਵਧਿਆ ਹੈ ਕਿ ਘਟਿਆ ਹੈ। ਆਖਰ ਦੇਸ਼ ਦਾ ਮਤਲਬ ਤਾਂ ਇੱਥੋਂ ਦੇ ਮਜ਼ਦੂਰ-ਕਿਰਤੀ ਹਨ, ਉਹਨਾਂ ਦੀ ਹਾਲਤ ਵਿੱਚ ਕੀ ਫ਼ਰਕ ਪਿਆ ਹੈ ਇਹ ਵੇਖਣਾ ਪਵੇਗਾ।

ਅਸੀਂ ਜੇਕਰ ਥੋੜੀ ਜਿਹੀ ਵੀ ਆਮ ਸਮਝ ਰੱਖਦੇ ਹਾਂ ਤਾਂ ਆਪਣੇ ਆਲੇ-ਦੁਆਲੇ ਸਮਾਜ ਵਿੱਚ ਲਗਾਤਾਰ ਵਧ ਰਹੇ ਆਰਥਿਕ ਪਾੜੇ ਨੂੰ ਸਾਫ਼ ਵੇਖ ਸਕਦੇ ਹਾਂ।।ਆਰਥਿਕ ਪੱਖਾਂ ਬਾਰੇ ਸਮੇਂ-ਸਮੇਂ ‘ਤੇ ਵੱਖ-ਵੱਖ ਸੰਸਥਾਵਾਂ ਸਰਵੇਖਣ ਕਰਕੇ ਰਿਪੋਰਟਾਂ ਵੀ ਜਾਰੀ ਕਰਦੀਆਂ ਹਨ ਜਿਹਨਾਂ ਤੋਂ ਇਹ ਹਕੀਕਤ ਹੋਰ ਵੀ ਸਪੱਸ਼ਟ ਰੂਪ ਵਿੱਚ ਵੇਖਣ ਵਿੱਚ ਮਦਦ ਮਿਲਦੀ ਹੈ। ਪਿਛਲੇ ਦਿਨੀਂ ਇੱਕ ਹੋਰ ਅਹਿਮ ਰਿਪੋਰਟ ਜਾਰੀ ਹੋਈ ਹੈ।।ਇਹ ਹੈ ਕ੍ਰੈਡਿਟ ਸੁਈਸ ਨਾਂ ਦੀ ਸੰਸਥਾਂ ਵੱਲੋਂ ਜਾਰੀ ਕੀਤੀ ਗਈ। ਸੰਸਰ ਦੇ ਅਰਥਚਾਰੇ ਬਾਰੇ ਰਿਪੋਰਟ (ਗਲੋਬਲ ਵੈਲਥ ਰਿਪੋਰਟ)। ਇਸ ਰਿਪੋਰਟ ਵਿੱਚ ਸਾਰੇ ਸੰਸਾਰ ਦੇ ਦੇਸ਼ਾਂ ਦੇ ਅਰਥਚਾਰਿਆਂ ਦੇ ਅੰਕੜੇ ਹਨ। ਇਸ ਰਿਪੋਰਟ ਮੁਤਾਬਿਕ ਸਾਰੀ ਦੁਨੀਆਂ ਵਿੱਚ ਅਮੀਰੀ-ਗਰੀਬੀ ਦਾ ਪਾੜਾ ਪਿਛਲੇ ਦਿਨਾਂ ਵਿੱਚ ਹੋਰ ਵਧਿਆ ਹੈ। ਇਸ ਰਿਪੋਰਟ ਵਿੱਚ ਪੇਸ਼ ਹੋਰ ਦੇਸ਼ਾਂ ਦੇ ਅਰਥਚਾਰਿਆਂ ਬਾਰੇ ਜਾਣਕਾਰੀ ਵੀ ਕਾਫੀ ਅਹਿਮ ਹੈ। ਜਿਸ ਵਾਸਤੇ ਵੱਖਰੇ ਤੌਰ ‘ਤੇ ਲਿਖਿਆ ਜਾਣਾ ਚਾਹੀਦਾ ਹੈ। ਫਿਲਹਾਲ, ਇੱਥੇ ਅਸੀਂ ਇਸ ਰਿਪੋਰਟ ਵਿੱਚ ਪੇਸ਼ ਭਾਰਤ ਬਾਰੇ ਜਾਣਕਾਰੀ ਉੱਤੇ ਨਜ਼ਰ ਮਾਰਾਂਗੇ ਅਤੇ ਵੇਖਾਂਗੇ ਕਿ ਮੋਦੀ ਸਰਕਾਰ ਨੇ ਦੇਸ਼ ਕਿਸ ਤਰ੍ਹਾਂ ਬਦਲਿਆ ਹੈ ਅਤੇ ਕਿਸ ਪਾਸੇ ਨੂੰ ਬਦਲਿਆ ਹੈ। 

ਉਪਰੋਕਤ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਮੇਂ ਸਿਰਫ਼ ਇੱਕ ਫੀਸਦੀ ਭਾਰਤੀਆਂ ਦਾ ਦੇਸ਼ ਦੀ 58.4 ਦੌਲਤ ਉੱਤੇ ਕਬਜਾ ਹੈ। ਭਾਵ ਭਾਰਤ ਦੀ 99 ਫੀਸਦੀ ਕੋਲ਼ ਬਾਕੀ ਭਾਵ 41.6 ਫੀਸਦੀ ਦੌਲਤ ਹੈ। ਪਰ ਇਸ 99 ਫੀਸਦੀ ਵਿੱਚ ਵੀ ਬੇਹੱਦ ਅਮੀਰ ਅਬਾਦੀ ਸ਼ਾਮਲ ਹੈ। ਹੋਰ ਅੱਗੇ ਅੰਕੜੇ ਵੇਖਣ ‘ਤੇ ”ਭਾਰਤ ਮਹਾਨ” ਦੇ ”ਮਜ਼ਬੂਤ ਅਰਥਚਾਰੇ” ਦੀ ਹੋਰ ਵੀ ਭਿਆਨਕ ਤਸਵੀਰ ਸਾਹਮਣੇ ਆਉਂਦੀ ਹੈ।।ਸਭ ਤੋਂ ਅਮੀਰ 10 ਫੀਸਦੀ ਅਬਾਦੀ ਦਾ ਭਾਰਤ ਦੀ 80.7 ਫੀਸਦੀ ਦੌਲਤ ਉੱਤੇ ਕਬਜਾ ਹੈ। ਭਾਵ ਬਾਕੀ 90 ਫੀਸਦੀ ਕੋਲ ਸਿਰਫ਼ 19.3 ਫੀਸਦੀ ਦੌਲਤ ਹੈ। ਹੇਠਲੀ 50 ਫੀਸਦੀ ਅਬਾਦੀ ਕੋਲ਼ ਤਾਂ ਦੇਸ਼ ਦੀ ਕੁੱਲ ਦੌਲਤ ਦਾ ਸਿਰਫ਼ 1 ਫੀਸਦੀ ਹੀ ਹੈ।

ਇਹਨਾਂ ਅੰਕੜਿਆਂ ਤੋਂ ਬੜੀ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ ਕਿ ਸਾਡੇ ਸਮਾਜ ਵਿੱਚ ਇਸ ਸਮੇਂ ਕਿਰਤੀ ਲੋਕਾਂ ਦੇ ਖੂਨ-ਪਸੀਨੇ ਨਾਲ਼ ਪੈਦਾ ਹੋਈ ਦੌਲਤ ਉੱਤੇ ਵਿਹਲੜ ਜੋਕਾਂ ਨੇ ਕਿੰਨੇ ਵੱਡੇ ਪੱਧਰ ਉੱਤੇ ਕਬਜ਼ਾ ਕੀਤਾ ਹੋਇਆ ਹੈ।

ਹੁਣ ਮੋਦੀ ਭਗਤ ਸਵਾਲ ਉਠਾਉਣਗੇ ਕਿ ਦੌਲਤ ਦੀ ਕਾਣੀ ਵੰਡ ਤਾਂ ਮੋਦੀ ਸਰਕਾਰ ਤੋਂ ਪਹਿਲਾਂ ਹੀ ਮੌਜੂਦ ਹੈ। ਉਹ ਕਹਿਣਗੇ ਕਿ ਇਹ ਤਾਂ ਕਾਂਗਰਸ ਦੀਆਂ ਸਰਕਾਰਾਂ ਦਾ ਹੀ ਕਾਰਾ ਹੈ। ਬਿਲਕੁਲ ਦਰੁਸਤ ਕਾਣੀ ਵੰਡ ਪਹਿਲਾਂ ਤੋਂ ਹੀ ਮੌਜੂਦ ਹੈ।।ਕਾਂਗਰਸ ਦੀਆਂ ਜਾਂ ਇਸਦੀ ਅਗਵਾਈ ਵਾਲ਼ੀਆਂ ਸਰਕਾਰਾਂ ਨੇ ਦੇਸ਼ ਦੇ ਧਨਾਢਾਂ ਦੀ ਹੀ ਸੇਵਾ ਕੀਤੀ ਹੈ। ਨਾਲ਼ੇ, ਮੋਦੀ ਸਰਕਾਰ ਤੋਂ ਪਹਿਲਾਂ ਦੀਆਂ ਭਾਜਪਾ ਦੀਆਂ ਅਗਵਾਈ ਵਾਲ਼ੀਆਂ ਕੇਂਦਰ ਸਰਕਾਰਾਂ ਨੇ ਵੀ ਤਾਂ ਇਹੋ ਕੁੱਝ ਕੀਤਾ ਹੈ। ਕਾਂਗਰਸ ਤੇ ਮੌਜੂਦਾ ਸਰਕਾਰ ਦੀਆਂ ਹੋਰ ਸਭਨਾਂ ਵਿਰੋਧੀ ਪਾਰਟੀਆਂ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਪੂਰੇ ਜੀ-ਜਾਨ ਨਾਲ਼ ਸਰਮਾਏਦਾਰ ਜਮਾਤ ਦੀ ਸੇਵਾ ਕਰਦੀਆਂ ਰਹੀਆਂ ਹਨ। ਇਹ ਵੀ ਕਿਰਤੀ ਲੋਕਾਂ ਨੂੰ ਸਰਮਾਏਦਾਰ ਜਮਾਤ ਲਈ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਹੀ ਕੰਮ ਕਰਦੀਆਂ ਰਹੀਆਂ ਹਨ। ਕ੍ਰੇਡਿਟ ਸੁਈਸ ਦੀ ਰਿਪੋਰਟ ਦੱਸਦੀ ਹੈ ਕਿ 1 ਫੀਸਦੀ ਅਬਾਦੀ ਦੀ ਦੌਲਤ ਸੰਨ 2010 ਤੋਂ 2014 ਤੱਕ 40.3 ਫੀਸਦੀ ਤੋਂ ਵੱਧ ਕੇ 49 ਫੀਸਦੀ ਹੋ ਗਈ। ਇਸ ਲਈ ਮੋਦੀ ਭਗਤਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਸਮਾਜ ਵਿਚਲੀ ਕਾਣੀ ਵੰਡੀ ਲਈ ਅਸੀਂ ਸਿਰਫ਼ ਮੋਦੀ ਸਰਕਾਰ ਨੂੰ ਹੀ ਦੋਸ਼ੀ ਨਹੀਂ ਠਹਿਰਾਉਂਦੇ। ਪਰ ਇਹ ਵੀ ਹਕੀਕਤ ਹੈ ਕਿ ਸਰਮਾਏਦਾਰ ਜਮਾਤ ਦੀ ਸੇਵਾ ਕਰਨ ਵਿੱਚ, ਦੌਲਤ ਦੀ ਕਾਣੀ ਵੰਡ ਵਧਾਉਣ ਵਿੱਚ ਮੌਜੂਦਾ ਮੋਦੀ ਸਰਕਾਰ ਦਾ ਹੋਰ ਕੋਈ ਸਾਨੀ ਨਹੀਂ ਹੈ। ਉਪਰੋਕਤ ਰਿਪੋਰਟ ਵਿੱਚ ਪੇਸ਼ ਅੰਕੜੇ ਇਹ ਵੀ ਚੰਗੀ ਤਰ੍ਹਾਂ ਸਪੱਸ਼ਟ ਕਰਦੇ ਹਨ।।ਦੇਖੋ ਅੰਕੜੇ ਕੀ ਕਹਿੰਦੇ ਹਨ –

ਰਿਪੋਰਟ ਦੱਸਦੀ ਹੈ ਕਿ ਸੰਨ 2014 ਤੋਂ 2016 ਤੱਕ ਉੱਪਰਲੀ 1 ਫੀਸਦੀ ਅਬਾਦੀ ਕੋਲ਼ ਭਾਰਤ ਵਿੱਚ ਕੁੱਲ ਦੌਲਤ ਵਿੱਚ ਹਿੱਸਾ 49 ਫੀਸਦੀ ਤੋਂ 58.4 ਫੀਸਦੀ ਹੋ ਗਿਆ ਹੈ। ਇਸੇ ਤਰ੍ਹਾਂ ਉੱਪਰਲੀ 10 ਫੀਸਦੀ ਅਬਾਦੀ ਦੀ ਦੌਲਤ ਵਿੱਚ ਵੀ ਤਿੱਖਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਿਕ 80.7 ਫੀਸਦੀ ਦੌਲਤ ਦੀ ਮਾਲਕ ਇਹ ਉਪਰਲੀ 10 ਫੀਸਦੀ ਅਬਾਦੀ ਸੰਨ 2010 ਵਿੱਚ 68.8 ਫੀਸਦੀ ਦੀ ਮਾਲਕ ਸੀ। ਇਹ ਅਬਾਦੀ ਵੀ ਮੋਦੀ ਸਰਕਾਰ ਦੇ ਸਮੇਂ ਵਿੱਚ ਹੋਰ ਵੀ ਤੇਜ਼ੀ ਨਾਲ਼ ਮਾਲਾ-ਮਾਲ ਹੋਈ ਹੈ।

ਮੋਦੀ ਮੰਡਲੀ ਭ੍ਰਿਸ਼ਟਾਚਾਰ ਖਿਲਾਫ਼ ਲੜਨ ਦੇ ਵੱਡੇ- ਵੱਡੇ ਦਾਅਵੇ ਕਰ ਰਹੀ ਹੈ।।ਕਾਲੇਧਨ ਦੇ ਖਾਤਮੇ ਬਹਾਨੇ ਨੋਟਬੰਦੀ ਕਰ ਦਿੱਤੀ ਹੈ। ਉਪਰੋਕਤ ਅੰਕੜੇ ਮੋਦੀ ਮੰਡਲੀ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ। ਸਾਬਤ ਕਰ ਰਹੀ ਹੈ ਕਿ ਮੋਦੀ ਦੇ ਲੋਕ ਭਲਾਈ, ਭ੍ਰਿਸ਼ਟਾਚਾਰ ਦੇ ਖਾਤਮੇ ਆਦਿ ਦੇ ਨਾਂ ‘ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਿੰਨੀਆਂ ਵੱਡੀਆਂ ਡਰਾਮੇਬਾਜ਼ੀਆਂ ਹਨ। ਇਹ ਡਰਾਮਾ-ਮੰਡਲੀ ਪਰਦੇ ਪਿੱਛੇ ਅਸਲ ਵਿੱਚ ਜੋ ਕੁੱਝ ਕਰ ਰਹੀ ਹੈ ਉਸਦਾ ਮਕਸਦ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣਾ ਹੈ। ਮੋਦੀ ਸਰਕਾਰ ਤੋਂ ਪਹਿਲਾਂ ਦੀਆਂ ਸਰਕਾਰਾਂ ਵੀ ਤੇਜ਼ੀ ਅਤੇ ਸਖ਼ਤੀ ਨਾਲ਼ ਸਰਮਾਏਦਾਰ ਜਮਾਤ ਪੱਖੀ ਨੀਤੀਆਂ (ਜਿਵੇਂ ਕਿ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਤੇ ਸਰਮਾਏਦਾਰ ਜਮਾਤ ਪੱਖੀ ਸੋਧਾਂ, ਕਿਸਾਨਾਂ ਤੋਂ ਜਮੀਨਾਂ ਜ਼ਬਰੀ ਖੋਹ ਕੇ ਸਰਮਾਏਦਾਰਾਂ ਨੂੰ ਸੌਂਪਣ, ਲੋਕਾਂ ਤੋਂ ਸਰਕਾਰੀ ਜਨਤਕ ਸਹੂਲਤਾਂ ਖੋਹਣ, ਲੋਕਾਂ ਉੱਤੇ ਕਰਾਂ ਦਾ ਬੋਝ ਲੱਦਣ ਆਦਿ ਅਨੇਕ ਨੀਤੀਆਂ) ਲਾਗੂ ਕਰਨਾ ਚਾਹੁੰਦੀਆਂ ਸਨ।।ਪਰ ਅਨੇਕਾਂ ਸਿਆਸੀ ਮਜ਼ਬੂਰੀਆਂ ਕਾਰਨ ਉਹ ਇਹਨਾਂ ਨੀਤੀਆਂ ਨੂੰ ਇੱਛਤ ਢੰਗ ਨਾਲ਼ ਲਾਗੂ ਨਹੀਂ ਕਰ ਪਾ ਰਹੀਆਂ ਸਨ। ਪਰ ਸਰਮਾਏਦਾਰਾਂ ਤੋਂ ਮਿਲੇ ਹਜਾਰਾਂ ਕਰੋੜ ਰੁਪਏ ਖਰਚ ਕੇ, ਲੋਕਾਂ ਨੂੰ ਧਰਮ-ਜਾਤ ਆਦਿ ਦੇ ਨਾਂ ‘ਤੇ ਵੰਡ ਕੇ, ਸਮਾਜ ਵਿੱਚ ਵੱਡੇ ਪੱਧਰ ਉੱਤੇ ਫਿਰਕੂ ਜ਼ਹਿਰ ਫੈਲਾ ਕੇ ਭਾਜਪਾ ਨੇ ਕੇਂਦਰ ਵਿੱਚ ਇੱਕ ਮਜ਼ਬੂਤ ਸਰਕਾਰ ਬਣਾਈ ਹੈ।।ਅਜਿਹੀ ਸਰਕਾਰ ਰਾਹੀਂ ਸਰਮਾਏਦਾਰ ਜਮਾਤ ਦੀ ਧਨ-ਦੌਲਤ ਵਿੱਚ ਤਿੱਖਾ ਵਾਧਾ ਹੋਣਾ ਹੀ ਸੀ।

ਸਪੱਸ਼ਟ ਹੈ ਮੋਦੀ ਰਾਜ ਵਿੱਚ ਦੇਸ਼ ਕਿਸ ਢੰਗ ਨਾਲ਼ ਬਦਲਿਆ ਹੈ, ਕਿਸ ਪਾਸੇ ਨੂੰ ਅੱਗੇ ਵਧਿਆ ਹੈ, ਦੌਲਤ ਦੀ ਕਾਣੀ ਵੰਡ, ਲੋਕਾਂ ਦੀ ਬਦਹਾਲੀ ਤੇ ਜੋਕਾਂ ਦੀ ਖੁਸ਼ਹਾਲੀ ਵਿੱਚ ਤਿੱਖਾ ਵਾਧਾ- ਇਸੇ ਨੂੰ ਮੋਦੀ ਮੰਡਲੀ ਸਮੇਤ ਸਰਮਾਏਦਾਰ ਜਮਾਤ ਦੇ ਸਾਰੇ ਸੇਵਕ ”ਮਜ਼ਬੂਤ ਅਰਥਚਾਰਾ” ਆਖਦੇ ਹਨ। ਅਜਿਹਾ ”ਮਜ਼ਬੂਤ ਅਰਥਚਾਰਾ” ਜਿੰਨਾਂ ਜਲਦੀ ਢਹਿ-ਢੇਰੀ ਹੋ ਜਾਵੇ ਓਨਾ ਚੰਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

Advertisements