ਮੋਦੀ ਲਾਣੇ ਨੂੰ ਹੋਇਆ ਯੋਗ ਦਾ ਰੋਗ ਫਿਰਕੂ ਏਜੰਡੇ ‘ਤੇ ਹਿੰਦੂ ਸੰਘੀਆਂ ਦਾ ਨਵਾਂ ਤਮਾਸ਼ਾ •ਰੌਸ਼ਨ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਕਾਰ ਬਣਨ ਦੇ 1 ਸਾਲ ਅੰਦਰ ਹੀ ਮੋਦੀ ਦੇ “ਅੱਛੇ ਦਿਨਾਂ” ਦੇ ਵਾਅਦਿਆਂ ਦਾ ਜਲੂਸ ਨਿੱਕਲ਼ ਚੁੱਕਾ ਹੈ। ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਮੋਦੀ ਦਿਨੋਂ-ਦਿਨ ਲੋਕਾਂ ਦੀ ਨਜ਼ਰਾਂ ਵਿੱਚ ਨੰਗਾ ਹੁੰਦਾ ਜਾ ਰਿਹਾ ਹੈ। ਆਪਣੇ ਇਸ ਸਿਆਸੀ ਸੰਕਟ ਤੋਂ ਨਿਜਾਤ ਪਾਉਣ ਲਈ ਮੋਦੀ ਰੰਗ-ਬਰੰਗੀਆਂ ਡੱਫਲੀਆਂ ਕੁੱਟਦਾ ਰਹਿੰਦਾ ਹੈ। ਇੱਕ ਅੱਛਾ ਖਾਸਾ ਸਮਾਂ ਤਾਂ ਕੇਜਰੀਵਾਲ, ‘ਆਪ’, ਦਿੱਲੀ ਚੋਣਾਂ ਅਤੇ ‘ਆਪ’ ਦੇ ਅੰਦਰੂਨੀ ਕਾਟੋ-ਕਲੇਸ਼ ਨੇ ਅਹਿਮ ਚਰਚਾ ਦਾ ਵਿਸ਼ਾ ਬਣਕੇ ਮੋਦੀ ਦੀਆਂ ਕਰਤੂਤਾਂ ਨੂੰ ਪਿੱਠ ਭੂਮੀ ਵਿੱਚ ਧੱਕੀ ਰੱਖਿਆ ਹੈ। ਕੇਜਰੀਵਾਲ ਦੀ ਢੋਲਕੀ ਪਾਟਣ ਤੋਂ ਬਾਅਦ ਹੁਣ ਸਿਆਸੀ ਮਸਲਿਆਂ ਵਿੱਚ ਮੋਦੀ ਫੇਰ ਖਿੱਚ ਦਾ ਕੇਂਦਰ ਹੈ। ਆਪਣੇ ਨਾਕਾਮੀ ਨੂੰ ਲੁਕਾਉਣ ਲਈ ਮੋਦੀ ਨੇ ਕੇਜਰੀਵਾਲ ਤੋਂ ਬਾਅਦ ਹੁਣ ਆਪਣੀ ਮਦਾਰੀ ਝੋਲ਼ੀ ਵਿੱਚੋਂ ਯੋਗ ਦਾ ਨਵਾਂ ਤਮਾਸ਼ਾ ਕੱਢਿਆ ਹੈ। ਲੰਘੀ 21 ਜੂਨ ਨੂੰ ਮੋਦੀ ਦੇ ਸਮੁੱਚੇ ਸੰਘੀ ਤੇ ਭਾਜਪਈ ਲਾਣੇ ਨੇ ‘ਕੌਮਾਂਤਰੀ ਯੋਗ ਦਿਵਸ’ ਦੇ ਨਾਮ ‘ਤੇ ਖੂਬ ਢੰਡੋਰਾ ਪਿੱਟਿਆ ਹੈ। ਯੋਗਾ ਦਾ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਗਿਆ, ਇਸਦਾ ਗੁਣਗਾਣ ਕੀਤਾ ਗਿਆ ਤੇ 21 ਜੂਨ ਨੂੰ ਦਿੱਲੀ ਦੇ ਰਾਜਪਥ ਵਿਖੇ ਮੋਦੀ ਨੇ 35000 ਦੇ ਕਰੀਬ ਸਕੂਲੀ ਬੱਚਿਆਂ, ਪੁਲਿਸ ਮੁਲਾਜ਼ਮਾਂ, ਸਰਕਾਰੀ ਨੌਕਰਸ਼ਾਹਾਂ ਨਾਲ਼ ਯੋਗ ਕਰਕੇ “ਪੂਰੇ ਦੇਸ਼” ਦਾ ਧਿਆਨ ਆਪਣੇ ਇਸ ਨਵੇਂ ਤਮਾਸ਼ੇ ਵੱਲ ਖਿੱਚਿਆ ਹੈ। ਜਿੱਥੇ ਯੋਗ ਦੇ ਇਸ ਨਵੇਂ ਲੋਕ-ਲੁਭਾਊ ਤਮਾਸ਼ੇ ਨਾਲ਼ ਮੋਦੀ ਨੇ ਆਪਣੇ ਸਿਆਸੀ ਸੰਕਟ ਨੂੰ ਢਕਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਇਸਨੂੰ ਮੋਦੀ ਸਰਕਾਰ ਦੇ ਫਿਰਕੂ ਏਜੰਡੇ ਦੇ ਇੱਕ ਅਹਿਮ ਹਥਿਆਰ ਵਜੋਂ ਵੀ ਵਰਤਿਆ ਗਿਆ ਹੈ।

ਜਿੱਥੋਂ ਤੱਕ ਯੋਗ ਦਾ ਸਵਾਲ ਹੈ ਤਾਂ ਇਸਨੂੰ ਸਿਰੇ ਤੋਂ ਖਾਰਜ ਨਹੀਂ ਕੀਤਾ ਜਾ ਸਕਦਾ। ਯੋਗ ਇੱਕ ਪੁਰਾਤਨ ਭਾਰਤੀ ਫਲਸਫਾ ਹੈ ਜੋ ਸੱਤਵੀਂ ਜਾਂ ਛੇਵੀਂ ਸਦੀ ਈਸਵੀ ਪੂਰਵ ‘ਚ ਹੋਂਦ ‘ਚ ਆਇਆ ਮੰਨਿਆਂ ਜਾਂਦਾ ਹੈ। ਯੋਗਾ ਸਿਸਟਮ ਦਾ ਪੇਸ਼ਕਾਰ ਪਤੰਜਲੀ ਸੀ, ਪਰ ਪਤੰਜਲੀ ਯੋਗਾ ਸਿਸਟਮ ਦਾ ਮੋਢੀ ਨਹੀਂ ਸੀ, ਜਿਵੇਂ ਕਿ ਰਾਮਦੇਵ ਪ੍ਰਚਾਰਦਾ ਹੈ, ਸਗੋਂ ਪਤੰਜਲੀ ਯੋਗਾ ਸਿਸਟਮ ਦਾ ਸੰਪਾਦਕ ਸੀ। ਬਹੁਤ ਸਾਰੇ ਯੋਗ ਸੂਤਰ ਪਤੰਜਲੀ ਦੇ ਸਮੇਂ ਤੋਂ ਪਹਿਲਾਂ ਹੀ ਮੌਜੂਦ ਸਨ। ਪਤੰਜਲੀ ਨੇ ਇਹਨਾਂ ਯੋਗ ਸੂਤਰਾਂ ਨੂੰ ਇਕੱਠੇ ਕੀਤਾ। ਇਸ ਮਾਮਲੇ ‘ਚ ਪਤੰਜਲੀ ਦਾ ਯੋਗਦਾਨ ਮਹਾਨ ਹੈ।

ਫਲਸਫੇ ਦਾ ਯੋਗਾ ਸਿਸਟਮ, ਪੁਰਾਤਨ ਭਾਰਤੀ ਪਦਾਰਥਵਾਦੀ ਫਲਸਫੇ ਸਾਂਖਯ ਫਲਸਫੇ ਦਾ ਸਮਕਾਲੀ ਹੀ ਹੈ। ਸਾਂਖਯ ਦਰਸ਼ਨ ਦਾ ਮੋਢੀ ਮਹਾਨ ਦਾਰਸ਼ਨਿਕ ਕਪਿਲਾ ਸੀ। ਯੋਗਾ ਅਤੇ ਸਾਂਖਯ ਦੇ ਉਦੇਸ਼ ਲਗਭਗ ਇੱਕੋ ਜਿਹੇ ਹਨ। ਸਾਂਖਯ ਦਰਸ਼ਨ ਰੱਬ ਦੀ ਹੋਂਦ ਤੋਂ ਮੁਨਕਰ ਸੀ, ਜਦ ਕਿ ਯੋਗ ਦਰਸ਼ਨ ਰੱਬ ਦੀ ਹੋਂਦ ਨੂੰ ਮੰਨਦਾ ਸੀ। ਪਰ ਯੋਗ ਦਾ ਰੱਬ ਦਾ ਸੰਕਲਪ ਬ੍ਰਹਿਮੰਡ ਦੇ ਸਿਰਜਣਹਾਰ ਦੇ ਰੂਪ ‘ਚ ਨਹੀਂ ਸੀ। ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ਯੋਗ ਸੂਤਰਾਂ ‘ਚ ਰੱਬ ਦੀ “ਹੋਦ” ਪੂਰੀ ਤਰਾਂ ਅਪ੍ਰਸੰਗਿਕ ਹੈ। ਪਤੰਜਲੀ ਨੇ ਇਹ ਸਿਰਫ ਵਿਚਾਰਵਾਦੀ ਸਿਧਾਂਤਕਾਰਾਂ ਦੀ ਤਸੱਲੀ ਲਈ ਇਸ ‘ਚ ਸ਼ਾਮਲ ਕਰ ਲਿਆ ਸੀ ਤਾਂ ਕਿ ਸਾਂਖਯ ਸਿਧਾਂਤ ਦੇ ਪ੍ਰਚਾਰ ਨੂੰ ਸੌਖਾ ਬਣਾਇਆ ਜਾ ਸਕੇ। ਪਰ ਤਾਂ ਵੀ ਇਹ ਨਤੀਜਾ ਨਹੀਂ ਕੱਢਿਆ ਜਾ ਸਕਦਾ ਕਿ ਯੋਗ ਇੱਕ ਪਦਾਰਥਵਾਦੀ ਫਲਸਫਾ ਸੀ। ਭਾਵੇਂ ਇਹ ਸਾਂਖਯ ਦਰਸ਼ਨ ਦੇ ਅਨੇਕਾਂ ਪੱਖਾਂ ਨਾਲ਼ ਸਹਿਮਤ ਸੀ। ਪਰ ਯੋਗਾ ਦਾ ਮੁੱਖ ਜ਼ੋਰ ਮਨ ‘ਤੇ ਕਾਬੂ ਪਾਉਣ ਅਤੇ ਮਾਨਸਿਕ-ਸਰੀਰਿਕ ਅਨੁਸ਼ਾਸਨ ਅਤੇ ਸੰਕੇਂਦਰਣ ਜ਼ਰੀਏ ਸੋਚ ਦੇ ਭੇਤਭਰੇ ਨਿਖੇੜੇ ‘ਤੇ ਸੀ। ਵਕਤ ਦੇ ਨਾਲ਼ ਯੋਗਾ ਦਾ ਦਾਰਸ਼ਨਿਕ ਅਧਾਰ ਖੁੱਸ ਗਿਆ ਅਤੇ ਇਹ ਸਿਰਫ ਇੱਕ ਕਸਰਤ ਦੇ ਰੂਪ ‘ਚ ਬਚਿਆ ਰਿਹਾ। ਪੁਰਾਤਨ ਭਾਰਤ ‘ਚ ਹੋਂਦ ‘ਚ ਆਏ ਯੋਗ ਸਿਸਟਮ ਨਾਲ਼ੋਂ ਜੇਕਰ ਇਸਦੇ ਵਿਚਾਰਵਾਦੀ ਦਰਸ਼ਨ ਨੂੰ ਅਲੱਗ ਕਰ ਦਿੱਤਾ ਜਾਵੇ, ਤਾਂ ਕਸਰਤ ਦੇ ਇੱਕ ਪ੍ਰਬੰਧ ਵਜੋਂ ਇਸਦੀ ਅੱਜ ਵੀ ਪ੍ਰਸੰਗਿਕਤਾ ਹੈ।

ਕਸਰਤ ਨੂੰ ਵਿਗਿਆਨਕ ਦੋ ਵਰਗਾਂ ‘ਚ ਵੰਡਦੇ ਹਨ ਉੱਚ ਤੀਖਣਤਾ (ਜਿਵੇਂ ਕਿ ਵੇਟ ਟ੍ਰੇਨਿੰਗ, ਦੌੜਨਾ) ਅਤੇ ਨੀਵੀਂ ਤੀਖਣਤਾ (ਜਿਵੇਂ ਤੁਰਨਾ, ਜੌਗਿੰਗ) ਦੀਆਂ ਕਸਰਤਾਂ। ਯੋਗਾ ਇਸ ਪਿਛਲੇ ਵਰਗ ‘ਚ ਆਉਂਦਾ ਹੈ। ਯੋਗਾ ਸ਼ਰੀਰ ਨੂੰ ਤੰਦਰੁਸਤ, ਤਾਕਤਵਰ, ਲਚਕੀਲਾ ਬਣਾਉਣ (ਬਣਾਈ ਰੱਖਣ)’ਚ ਬੇਹੱਦ ਸਹਾਈ ਹੁੰਦਾ ਹੈ, ਪਰ ਇਹ ਪਹਿਲੀ ਕਿਸਮ ਦੀਆਂ ਕਸਰਤਾਂ ਦੀ ਥਾਂ ਨਹੀਂ ਲੈ ਸਕਦਾ।
ਪਰ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਹਿੰਦੂਤਵੀ ਫਿਰਕੂ ਏਜੰਡੇ ਤਹਿਤ ਯੋਗ ਨੂੰ ਸੋਧ ਕੇ ਮੁਨਾਫਾ ਕਮਾਉਣ ਤੇ ਫਿਰਕੂ ਏਜੰਡੇ ਦਾ ਹਥਿਆਰ ਬਣਾ ਦਿੱਤਾ ਗਿਆ ਹੈ। ਯੋਗ ਜਰੀਏ ਸਰਵਾਈਕਲ, ਪਿੱਠ ਦਰਦ ਜਿਹੀਆਂ ਕੁੱਝ ਬਿਮਾਰੀਆਂ ਵਿੱਚ ਰਾਹਤ ਮਿਲ਼ਦੀ ਹੈ, ਪਰ ਅੱਜਕੱਲ ਯੋਗ ਜਰੀਏ ਬਿਮਾਰੀਆਂ ਦੇ ਇਲਾਜ ਬਾਰੇ ਵਧਾ-ਚੜਾ ਕੇ ਦਾਅਵੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਯੋਗ ਅੱਜ ਸਮੁੱਚੇ ਭਾਰਤ ਵਿੱਚ ਮੁਨਾਫੇ ਕਮਾਉਣ ਦਾ ਇੱਕ ਵੱਡਾ ਧੰਦਾ ਹੈ ਜਿਸ ਵਿੱਚ ਗੋਗੜਾਂ ਘਟਾਉਣ ਤੋਂ ਲੈ ਕੇ ਕੈਂਸਰ ਆਦਿ ਜਿਹੀਆਂ ਬਿਮਾਰੀਆਂ ਦੇ ਇਲਾਜ ਦੇ ਅਨੇਕਾਂ ਗਲਤ ਦਾਅਵੇ ਕੀਤੇ ਜਾਂਦੇ ਹਨ। ਰਾਮਦੇਵ ਦੀ ਮੰਡਲ਼ੀ ਇਸਦੀ ਮਿਸਾਲ ਹੈ। ਰਾਮਦੇਵ ਤਾਂ ਸਗੋਂ ਆਪਣੇ ‘ਪਤੰਜਲੀ’ ਬ੍ਰਾਂਡ ਦੀਆਂ ਦਵਾਈਆਂ ਤੋਂ ਲੈ ਕੇ ਅਨੇਕਾਂ ਵਸਤਾਂ ਨੂੰ ਵੇਚਣ ਲਈ ਯੋਗ ਨੂੰ ਪ੍ਰਚਾਰ ਦਾ ਸਾਧਨ ਵੀ ਬਣਾਉਂਦਾ ਹੈ।

ਜਿੱਥੇ ਤੱਕ ਯੋਗ ਰਾਹੀਂ ਫਿਰਕੂ ਏਜੰਡੇ ਦਾ ਸਵਾਲ ਹੈ ਤਾਂ  ਯੋਗ ਨੂੰ “ਅਮੀਰ” ਪੁਰਾਤਨ “ਹਿੰਦੂ ਪ੍ਰੰਪਰਾ” ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਇਸ ਤਰ੍ਹਾਂ ਇਹ ਹਿੰਦੂ ਅਬਾਦੀ ਨੂੰ ਅੰਨ੍ਹੇ ਕੌਮਵਾਦ ਦਾ ਸ਼ਿਕਾਰ ਬਣਾਉਣ ਅਤੇ ਗੈਰ-ਹਿੰਦੂ ਅਬਾਦੀ ਖਿਲਾਫ ਨਫਰਤ ਫੈਲਾਉਣ ਦਾ ਸਾਧਨ ਬਣ ਗਿਆ ਹੈ। ਯੋਗ ਦੇ ਮਾਮਲੇ ਵਿੱਚ ਸੰਘੀ ਪ੍ਰਚਾਰਕਾਂ ਦੇ ਯੋਗ ਨੂੰ ਲੈ ਕੇ ਮੁਸਲਿਮ ਅਬਾਦੀ ਸਬੰਧੀ ਬਿਆਨ (“ਜੇ ਯੋਗ ਨਹੀਂ ਕਰਨਾ ਤਾਂ ਪਾਕਿਸਤਾਨ ਚਲੇ ਜਾਓ”) ਅਤੇ ਮੁਲਮਾਨਾਂ ਵਿਚਲੇ ਕੱਟੜਪੰਥੀ ਹਿੱਸਿਆਂ ਦੇ ਪ੍ਰਤੀਕਰਮਾਂ ਤੋਂ ਸਾਫ ਜਾਹਿਰ ਹੁੰਦਾ ਹੈ। ਦੂਜਾ ਰਾਮਦੇਵ ਮਾਰਕਾ ਯੋਗਾ ਜਾਂ ਸੰਘੀ ਕਸਰਤਸ਼ਾਲਾਵਾਂ ਵਿੱਚ ਹੁੰਦੇ ਯੋਗਾ ਵਿੱਚ ਅਸਲ ਯੋਗ ਵਾਂਗ ਨਿਰੋਲ ਕਸਰਤ ਦੀ ਥਾਂ ਕਸਰਤ ਦੇ ਨਾਲ਼ ਕਈ ਤਰ੍ਹਾਂ ਦੇ ਹਿੰਦੂ ਧਾਰਮਿਕ ਮੰਤਰ ਉਚਾਰੇ ਜਾਂਦੇ ਹਨ ਤੇ ਚੇਲੇ ਫਿਰਕੂ ਪ੍ਰਵਚਨ ਸੁਣਾਏ ਜਾਂਦੇ ਹਨ। ‘ਯੋਗ ਦਿਵਸ’ ਅਜਿਹੀ ਕਈ ਪਹਿਲੀ ਕੋਝੀ ਸਾਜਿਸ਼ ਨਹੀਂ ਹੈ, ਇਸਤੋਂ ਪਹਿਲਾਂ ਵੀ ‘ਲਵ-ਜਿਹਾਦ’, ‘ਘਰ-ਵਾਪਸੀ’, ‘ਬੀਫ ਉੱਤੇ ਪਾਬੰਦੀ’ ਦੇ ਅਨੇਕਾਂ ਪੱਤੇ ਪਿਛਲੇ ਇੱਕ ਸਾਲ ਅੰਦਰ ਹੀ ਮੋਦੀ ਲਾਣੇ ਵੱਲੋਂ ਖੇਡੇ ਗਏ ਹਨ।

ਮੋਦੀ ਭਗਤ ਇਸ ਮਸਲੇ ਨੂੰ “ਨਫਰਤ ਦੀਆਂ ਐਨਕਾਂ” ਲਾਹ ਕੇ ਸਰੀਰਕ ਤੰਦਰੁਸਤੀ ਦੇ ਪੱਖ ਤੋਂ ਇਸ ਮਸਲੇ ਨੂੰ ਦੇਖਣ ਦੀ ਗੱਲ ਕਰ ਰਹੇ ਹਨ। ਚਲੋ ਇਸ ਪੱਖ ਤੋਂ ਵੀ ਗੱਲ ਕਰ ਹੀ ਲੈਂਦੇ ਹਾਂ। ਜੇ ਵਾਕਈ ਮੋਦੀ ਨੂੰ ਲੋਕਾਂ ਦੀ ਸਿਹਤ ਤੇ ਤੰਦਰੁਸਤੀ ਦੀ ਫਿਕਰ ਹੈ ਤਾਂ ਪਹਿਲਾਂ ਤਾਂ ਦੇਸ਼ ਦੇ 20 ਕਰੋੜ ਦੇ ਕਰੀਬ ਭੁੱਖਮਰੀ ਦੇ ਸ਼ਿਕਾਰ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਰੋਜ਼ਾਨਾ ਭੁੱਖਮਰੀ ਕਾਰਨ ਮਾਰੇ ਜਾਂਦੇ 9000 ਬੱਚਿਆਂ ਦੀ ਸਿਹਤ ਦਾ ਖਿਆਲ ਕਰਨਾ ਚਾਹੀਦਾ ਹੈ, ਦਿਨੋਂ-ਦਿਨ ਨਿੱਘਰਦੇ ਜਾਂਦੇ ਸਰਕਾਰੀ ਸਿਹਤ ਢਾਂਚੇ ਦਾ ਖਿਆਲ ਕਰਨਾ ਚਾਹੀਦਾ ਹੈ। ਮੋਦੀ ਨੇ ਇਹਨਾਂ ਦਾ ਕਿੰਨਾ ਖਿਆਲ ਕੀਤਾ ਹੈ, ਇਹ ਗੱਲ ਤਾਂ ਇੱਥੋਂ ਹੀ ਸਪੱਸ਼ਟ ਹੁੰਦੀ ਹੈ ਕਿ ਇਸ ਵਾਰ ਸਿਹਤ ਦਾ ਬਜਟ ਪਿਛਲੇ ਵਰ੍ਹੇ ਦੇ ਬਜਟ ਨਾਲ਼ੋਂ 20 ਫੀਸਦੀ ਘੱਟ ਰੱਖਿਆ ਗਿਆ ਹੈ ਜੋ ਪਹਿਲਾਂ ਹੀ ਬਹੁਤ ਨਿਗੂਣੀ ਰਾਸ਼ੀ ਹੈ। ਹੋਰ ਗੱਲ ਕਰੀਏ ਤਾਂ ਮੋਦੀ ਨੂੰ ਯੋਗ ਦਾ ਹੀ ਕਿਉਂ ਐਨਾ ਮੋਹ ਆ ਰਿਹਾ ਹੈ? ਯੋਗ ਤੋਂ ਬਿਨਾਂ ਹੋਰ ਅਨੇਕਾਂ ਖੇਡਾਂ ਤੇ ਕਸਰਤਾਂ ਹਨ ਅਤੇ ਦੇਸ਼ ਭਰ ਦੇ ਸਕੂਲਾਂ, ਕਾਲਜਾਂ ਤੇ ਖੇਡ ਦੇ ਮੈਦਾਨਾਂ ਵਿੱਚ ਕਰੋੜਾਂ ਨੌਜਵਾਨ ਖੇਡਣ ਦੀਆਂ ਸਹੂਲਤਾਂ ਲਈ ਸਰਕਾਰ ਤੋਂ ਫੰਡਾਂ ਦੀ ਝਾਕ ਵਿੱਚ ਬੈਠੇ ਹਨ, ਪਰ ਉਹਨਾਂ ਦੀ ਝੋਲ਼ੀ ਵਿੱਚ ਇੱਕ-ਅੱਧਾ ਜੂਠਾ ਬੇਰ ਵੀ ਨਹੀਂ ਡਿੱਗ ਰਿਹਾ। ਦੂਜੇ ਪਾਸੇ 21 ਜੂਨ ਨੂੰ ਰਾਜਪਥ ਵਿਖੇ ਹੋਏ 1 ਦਿਨਾਂ ਯੋਗ ਦੇ ਤਮਾਸ਼ੇ ਉੱਤੇ 30 ਕਰੋੜ ਦਾ ਖਰਚਾ ਕੀਤਾ ਗਿਆ ਹੈ। ਕਾਰਨ ਸਾਫ ਹੈ ਕਿ ਮੋਦੀ ਨੂੰ ਲੋਕਾਂ ਦੀ ਸਿਹਤ ਜਾਂ ਖੇਡਾਂ ਦੀ ਫਿਕਰ ਨਹੀਂ ਹੈ ਸਗੋਂ ਉਸਨੂੰ ਆਪਣੇ ਲਾਣੇ ਦੇ ਲੋਕਾਂ ਨੂੰ ਆਪਣ ਵਿੱਚ ਲੜਾਉਣ ਦੇ ਫਿਰਕੂ ਏਜੰਡੇ ਤੇ ਆਪਣੀ ਨਾਕਾਮੀ ਨੂੰ ਢੱਕਣ ਲਈ ਲੋਕ-ਲੁਭਾਊ ਸਿਆਸਤ ਦੀ ਹੀ ਫਿਕਰ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s