ਮੋਦੀ ਜੀ ਗੰਗਾ ਮਾਂ ਨੇ ਬੁਲਾਇਆ ਹੈ! •ਗੁਰਪ੍ਰੀਤ ਗੁਰੀ

12.jpg

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਹਰ ਸਾਲ ਜਿਹੜੀ ਵੀ ਸਰਕਾਰ ਹੋਵੇ ਹਮੇਸ਼ਾ ਬਜਟ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ ਜਾਂ ਇਹ ਕਹਿ ਕਿ ਪੇਸ਼ ਕਰਦੀ ਹੈ ਕਿ ਇਸ ਵਾਰ ਦਾ ਬਜਟ ਗਰੀਬਾਂ ਦਾ ਬਜਟ ਹੈ, ਗਰੀਬਾਂ ਲਈ ਬਜਟ ਹੈ ਅਤੇ ਅਮੀਰਾਂ ਉੱਪਰ ਇਹ ਬੋਝ ਪਾਵੇਗਾ। ਪਰ ਫਿਰ ਪਤਾ ਨਹੀਂ ਕਿਉਂ ਗਰੀਬ ਹਰ ਸਾਲ ਹੋਰ ਗਰੀਬ ਕਿਵੇਂ ਹੋ ਜਾਂਦੇ ਹਨ? ਕੀ ਸੱਚਮੁੱਚ ਹੀ ਅਸਲੀਅਤ ਇਹ ਹੁੰਦੀ ਹੈ। ਜਿਵੇਂ ਸ਼ੋਸ਼ਲ ਮੀਡੀਆ ਉੱਪਰ ਇੱਕ ਟਰੌਲ ਵੀ ਚੱਲ ਰਿਹਾ ਹੈ ਕਿ ਸਰਕਾਰ ਦੀ ਇਹ ਗੱਲ ਤਾਂ ਗਲਤ ਹੈ ਕਿ ਹਰ ਵਾਰ ਗਰੀਬਾਂ ਲਈ ਹੀ ਬਜਟ ਬਣਾਉਂਦੀ ਹੈ ਤੇ ਇਹ ਤਾਂ ਅਮੀਰਾਂ ਨਾਲ ਬੇਇਨਸਾਫੀ ਹੈ। ਲੋਕ ਇਸ ਤਰ੍ਹਾਂ ਸਰਕਾਰ ਦਾ ਮਜ਼ਾਕ ਉਡਾ ਰਹੇ ਹਨ।

ਇਸ ਬਜਟ ਵਿੱਚ ਵੀ ਹਰ ਵਾਰ ਦੀ ਤਰ੍ਹਾਂ ਅਲੱਗ-ਅਲੱਗ ਸਕੀਮਾਂ ਦਾ ਰੌਲਾ ਪਾਇਆ ਗਿਆ। 2014 ਵਿੱਚ ਆਉਣ ਤੋਂ ਪਹਿਲਾਂ “ਮੁਝੇ ਮਾਂ ਗੰਗਾ ਨੇ ਬੁਲਾਇਆ ਹੈ” ਇਹਨਾਂ ਸ਼ਬਦਾਂ ਨਾਲ ਹੀ ਮੋਦੀ ਨੇ ਗੰਗਾ ਦੀ ਸਫਾਈ ਦੀ ਜਿੰਮੇਵਾਰੀ ਚੁੱਕੀ ਸੀ। ਗੰਗਾ ਨੂੰ ਮਾਂ-ਮਾਂ ਕਹਿ ਕੇ ਉਹਦੀ ਸਫਾਈ ਕਰਨ ਦਾ ਚੀਕ ਚਿਹਾੜਾ ਪਾ ਮੋਦੀ ਵੋਟਾਂ ਲੈਣ ਵਿੱਚ ਕਾਫੀ ਕਾਮਯਾਬ ਰਿਹਾ।

ਪਰ ਵੋਟਾਂ ਤੋਂ ਬਾਅਦ ਗੰਗਾ ਲਈ ਕੀ ਕੀਤਾ ਆਉ ਉਸ ਉੱਪਰ ਨਜਰ ਮਾਰਦੇ ਹਾਂ

ਮੋਦੀ ਅਤੇ ਗੰਗਾ ਦਾ ਮਿਲਾਪ- ਉਂਝ ਗੰਗਾ ਤਾਂ ਬਹੁਤ ਪਹਿਲਾਂ ਤੋਂ ਭਾਰਤ ਵਿੱਚੋਂ ਦੀ ਗੁਜ਼ਰ ਰਹੀ ਹੈ ਅਤੇ ਇਸਦਾ ਪਾਣੀ ਵੀ ਬਹੁਤ ਪਹਿਲਾਂ ਤੋਂ ਲੋਕ ਗੰਦਾ ਕਰਦੇ ਆ ਰਹੇ ਹਨ, ਪਰ ਮੋਦੀ ਦਾ ਮਿਲਾਪ ਜਾਂ ਕਹਿ ਲਈਏ ਗੰਗਾ ਨੂੰ ਉਹਦਾ ਅਸਲੀ ਬੇਟਾ 2014 ਵਿੱਚ ਹੀ ਮਿਲਿਆ ਜਦੋਂ ਮੋਦੀ ਨੇ ਗੰਗਾ ਦੀ ਸਫਾਈ ਦੀ ਮੁਹਿੰਮ, ਨਹੀਂ ਸਗੋਂ ਡਰਾਮੇਬਾਜ਼ੀ ਸ਼ੁਰੂ ਕੀਤੀ। ਉਸ ਵੇਲੇ ਮੋਦੀ ਅੱਛੇ ਦਿਨਾਂ ਦੀਆਂ ਗੱਲਾਂ ਕਰ ਰਿਹਾ ਸੀ ਜਿਸ ਵਿੱਚ ਉਹ ਕਿ ਮੋਦੀ ਲੋਕਾਂ ਦੇ ਅੱਛੇ ਦਿਨਾਂ ਦੇ ਨਾਲ ਨਾਲ ਗੰਗਾ ਦੇ ਅੱਛੇ ਦਿਨਾਂ ਦੀ ਵੀ ਗੱਲ ਕਰ ਰਿਹਾ ਸੀ। ਲੋਕਾਂ ਦੇ ਅੱਛੇ ਦਿਨ ਤਾਂ ਆਉਣੇ ਨਹੀਂ ਸਨ ਪਰ ਕੁਝ ਨੂੰ ਭੁਲੇਖੇ ਸਨ ਕਿ ਸ਼ਾਇਦ ਗੰਗਾ ਦੇ ਹੀ ਅੱਛੈ ਦਿਨ ਹੀ ਆ ਜਾਣ, ਪਰ ਮੋਦੀ ਜੀ ਸਰਮਾਏਦਾਰ ਤੋਂ ਬਿਨਾਂ ਕਿਸੇ ਦੀਆਂ ਵੀ ਆਸਾਂ ਉੱਪਰ ਖਰੇ ਨਹੀਂ ਉੱਤਰੇ।

ਗੰਗਾ ਨੂੰ ਸਾਫ ਕਰਨ ਲਈ ਹੁਣ ਤੱਕ ਦਿੱਤੇ ਗਏ ਫੰਡ 2014 ਵਿੱਚ ਗੰਗਾ ਦੀ ਸਫਾਈ ਲਈ ਇੱਕ ਅਲੱਗ ਤੋਂ ਵਿਭਾਗ ਬਣਾਇਆ ਊਮਾ ਭਾਰਤੀ ਦੀ ਪ੍ਰਧਾਨਗੀ ਹੇਠ ਅਤੇ 20,000 ਕਰੋੜ ਰੁਪਏ ਦਿੱਤੇ ਗਏ ਅਤੇ ਇਸ ਵਿਭਾਗ ਨੂੰ 2015 ਤੋਂ 2020 ਤੱਕ ਗੰਗਾ ਨੁੰ ਸਾਫ ਕਰਨ ਲਈ ਹਰ ਸਾਲ 4000 ਕਰੋੜ ਰੁਪਏ ਦਿੱਤੇ ਗਏ। ਇਹ ਫੰਡ ‘ਨਮਾਮੀ ਗੰਗਾ’ ਨਾਂ ਦੇ ਪ੍ਰੋਜੈਕਟ ਨੂੰ ਦਿੱਤੇ ਗਏ। ਇਸ ਤੋਂ ਬਾਅਦ ਵੀ ਹੋਰ ਫੰਡ ਇਕੱਠੇ ਕੀਤੇ ਗਏ ਜਿਹਨਾਂ ਦੀ ਕੁੱਲ ਰਕਮ ਮਾਰਚ 2018 ਤੱਕ 26601 ਕਰੋੜ ਰੁਪਏ ਹੋ ਚੁੱਕਿਆ ਹੈ। ਇਹ ਰੁਪਏ 193 ਪ੍ਰੋਜੈਕਟਾਂ ਲਈ ਆਏ ਹਨ ਜਿਸ ਵਿੱਚ ਕਿ ਗੰਗਾ ਦੀ ਸਫਾਈ, ਸੀਵਰੇਜ, ਘਾਟ ਆਦਿ ਹਨ।

ਇਸ ਵਿੱਚ ਮੋਦੀ ਨੇ ਇੱਕ ਫੰਡ ਬਣਾਇਆ ਗਿਆ ਸੀ ਜਿਸਦਾ ਨਾਮ ‘ਕਲੀਨ ਗੰਗਾ ਫੰਡ’ ਜਿਸ ਵਿੱਚ ਲੋਕਾਂ ਨੇ ਵੀ ਫੰਡ ਜਮ੍ਹਾਂ ਕੀਤਾ ਸੀ। 15ਅਕਤੂਬਰ 2018 ਤੱਕ ਇਸ ਫੰਡ ਵਿੱਚ 266.94 ਕਰੋੜ ਰੁਪਏ ਜਮ੍ਹਾਂ ਹੋ ਗਏ ਸੀ।

ਹੁਣ ਇਹਨਾਂ ਫੰਡਾਂ ਦੇ ਖਰਚ ਹੋਣ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੇ ਸਿਰਫ 20 ਫੀਸਦੀ ਹੀ ਖਰਚਿਆ ਹੈ। 26601 ਕਰੋੜ ਵਿੱਚੋਂ ਸਿਰਫ 4254 ਕਰੋੜ ਹੀ ਖਰਚੇ ਹਨ, ਬਾਕੀਆਂ ਦਾ ਫਿਲਹਾਲ ਪਤਾ ਨਹੀਂ ਕਿਸਦੇ ਢਿੱਡ ਵਿੱਚ ਗਏ ਹੋਏ ਹੋਣੇ। ਕਲੀਨ ਗੰਗਾ ਫੰਡ ਅਧੀਨ ਇਕੱਠੇ ਹੋਏ ਰੁਪਏ ਤੇ ਸਰਕਾਰ ਨੂੰ 107 ਕਰੋੜ ਰੁਪਏ ਵਿਆਜ ਵੀ ਆ ਗਿਆ ਹੈ ਜੋ ਕਿ ਲੋਕਾਂ ਦੇ ਪੈਸੇ ਤੋਂ ਮਿਲਿਆ ਹੈ। ਵੋਟਾਂ ਤੋਂ ਬਾਅਦ ਇਹਨਾਂ ਪੈਸਾ ਇਕੱਠਾ ਕਰ ਗੰਗਾ ਦੀ ਸਫਾਈ ਕਿੰਨੀ ਹੋਈ ਹੈ ਇਹ ਤਾਂ ਤੁਸੀਂ ਆਮ ਹੀ ਦੇਖ ਲਿਆ ਹੋਣਾ। ਇਹਨਾਂ ਪੈਸਾ ਇਕੱਠਾ ਕਰਨ ਤੋਂ ਬਾਅਦ ਵੀ ਪੂਰਾ ਨਹੀਂ ਖਰਚਿਆ ਗਿਆ ਕਿਉਂਕਿ ਵੋਟਾਂ ਲੰਘਣ ਤੋਂ ਬਾਅਦ ਮੋਦੀ ਲਈ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਫਿਰ ਮਤਲਬ ਕੀਹਦਾ ਰਹਿ ਜਾਂਦਾ ਆਓ ਅੱਗੇ ਗੱਲ ਕਰਦੇ ਹਾਂ।

ਗੰਗਾ ਦੀ ਸਫਾਈ ਦੀਆਂ ਮਸ਼ਹੂਰੀਆਂ ‘ਤੇ ਖਰਚ- ਮੋਦੀ ਜੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੈਮਰੇ ਤੇ ਆਉਣ ਲਈ ਸਭ ਤੋਂ ਵੱਧ ਇਛੁੱਕ ਰਹਿੰਦੇ ਹਨ, ਇੰਟਰਵਿਊ ਦੇਣ ਲਈ ਨਹੀਂ ਸਗੋਂ ਫੋਟੋਆਂ ਖਿਚਵਾਉਣ ਲਈ। ਗੰਗਾ ਲਈ ਦਿੱਤੇ 20000 ਕਰੋੜ ਦਾ ਪ੍ਰਚਾਰ ਵੀ ਤਾਂ ਕਰਨਾ ਸੀ ਤਾਂ ਫਿਰ ਇਹ ਕੰਮ ਦੇ ਸੋਹਲੇ ਗਵਾਉਣ ਲਈ ਮੀਡੀਆ ਤਾਂ ਹੈ ਹੀ ਅਤੇ ਇਸ ਉੱਪਰ ਮੋਦੀ ਸਰਕਾਰ ਨੇ 100 ਕਰੋੜ ਰੁਪਏ ਤੋਂ ਉੱਪਰ ਖਰਚਾ ਕੀਤਾ। ਹੁਣ ਤੁਸੀਂ ਦੱਸੋ ਕਿ ਇਹ ਪੈਸਾ ਜੋ ਵਾਧੂ ਖਰਚ ਕੀਤਾ ਹੈ ਇਹ ਕਿੱਥੋਂ ਆਇਆ? ਇਹਨਾਂ ਪੈਸਾ ਗੰਗਾ ਲਈ ਵੀ ਲਾਗੂ ਕੀਤਾ ਅਤੇ ਫਿਰ ਉਹਦੇ ਪ੍ਰਚਾਰ ਲਈ ਵੀ ਲੋਕਾਂ ਦਾ ਪੈਸਾ ਹੀ ਵਹਾਇਆ। ਹੁਣ ਇਹਨੇ ਪੈਸੇ ਦੇ ਬਾਵਜੂਦ ਗੰਗਾ ਦਾ ਕੀ ਹਾਲ ਹੈ ਉਹਦੇ ਤੇ ਵੀ ਨਿਗਾਹ ਮਾਰਦੇ ਹਾਂ।

ਗੰਗਾ ਦੀ ਸਫਾਈ ਦੀ ਰਿਪੋਰਟ- ਗੰਗਾ ਦੀ ਹਕੀਕਤ ਕੀ ਹੈ ੳਹਦਾ ਅੰਦਾਜ਼ਾ ਤਾਂ ਉਂਝ ਕੋਈ ਗੰਗਾ ਨੂੰ ਵੇਖ ਕੇ ਵੀ ਲਗਾ ਸਕਦਾ ਹੈ ਪਰ ਫਿਰ ਵੀ ਜੇ ਯਕੀਨ ਨਹੀਂ ਤਾਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਰਿਪੋਰਟ ਤੋਂ ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹਨਾਂ ਦਾ ਕਹਿਣਾ ਹੈ ਕਿ 2014 ਤੋਂ ਬਾਅਦ ਗੰਗਾ ਪਹਿਲਾਂ ਨਾਲੋਂ ਹੋਰ ਵੀ ਜਿਆਦਾ ਗੰਦੀ ਹੋ ਚੁੱਕੀ ਹੈ। ਇਹ ਕੀ ਗੰਗਾ ਮਾਂ ਨੇ ਆਪਣੇ ਬੇਟੇ ਨੂੰ ਸਫਾਈ ਕਰਨ ਲਈ ਬੁਲਾਇਆ ਸੀ ਜਾਂ ਫਿਰ ਹੋਰ ਮੈਲੀ ਕਰਨ ਲਈ? ਬੋਰਡ ਅਨੁਸਾਰ ਇਸਦਾ ਪਾਣੀ ਨਹਾਉਣ, ਪੀਣ, ਕੱਪੜੇ ਧੋਣ ਲਾਇਕ ਵੀ ਨਹੀਂ ਰਿਹਾ ਹੈ। ਪਾਣੀ ਵਿੱਚ ਘੁਲੀ ਆਕਸੀਜਨ (ਡੀਓ) ਦਾ ਪੱਧਰ ਵੀ ਘੱਟ ਗਿਆ ਹੈ। ਪਾਣੀ ਵਿੱਚ ਮਿਲਣ ਵਾਲੇ ਪ੍ਰਦੂਸ਼ਣ ਨੂੰ ਦੂਰ ਕਰਨ ਦੇ ਲਈ ਛੋਟੇ ਜੀਵ ਜੰਤੂਆਂ ਨੂੰ ਆਕਸੀਜਨ ਦੀ ਜਰੂਰਤ ਹੁੰਦੀ ਹੈ। ਜੇਕਰ ਪਾਣੀ ਵਿੱਚ ਘੁਲੀ ਆਕਸੀਜਨ ਦੀ ਮਾਤਰਾ ਜਿਆਦਾ ਹੈ ਤਾਂ ਇਹਦਾ ਮਤਲਬ ਹੈ ਕਿ ਪਾਣੀ ‘ਚ ਪ੍ਰਦੂਸ਼ਣ ਘੱਟ ਹੈ। ਪਰ ਗੰਗਾ ਵਿੱਚ ਡੀਓ ਦੀ ਮਾਤਰਾ ਘੱਟਦੀ ਜਾ ਰਹੀ ਹੈ ਅਤੇ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਬੋਰਡ ਨੇ ਇਹ ਰਿਪੋਰਟ 80 ਜਗ੍ਹਾਂ ਤੋਂ ਜਾਂਚ ਕਰਨ ਤੋਂ ਬਾਅਦ ਪੇਸ਼ ਕੀਤੀ ਹੈ।

ਇਹ ਹਾਲ ਹੈ ਗੰਗਾ ਦਾ ਹਾਲ ਮੋਦੀ ਸਰਕਾਰ ਵੇਲੇ ਜੋ ਗੰਗਾ ਦੇ ਨਾਮ ’ਤੇ ਲੋਕਂ ਤੋਂ ਵੋਟਾਂ ਵੀ ਲੈਂਦੀ ਹੈ ਅਤੇ ਉਹਨਾਂ ਦੀ ਭਾਵਨਾਵਾਂ ਨੂੰ ਵਰਤ ਦੀ ਹੈ। ਬਾਕੀ ਵਾਅਦਿਆਂ ਦੀ ਤਰ੍ਹਾਂ ਇਹ ਵੀ ਇੱਕ ਜੁਮਲਾ ਹੀ ਨਿੱਕਲਿਆ। ਇਸ ਤਰ੍ਹਾਂ ਮੋਦੀ ਨੂੰ ਗੰਗਾ ਨੇ ਨਹੀਂ ਬੁਲਾਇਆ ਸੀ, ਮੋਦੀ ਜੀ ਤਾਂ ਉਹਨਾਂ ਦੇ ਕਹੇ ’ਤੇ ਵੀ ਨਹੀਂ ਗਏ ਜੋ ਗੰਗਾ ਦੀ ਸਫਾਈ ਲਈ ਆਪਣੀ ਜਾਨ ਤੱਕ ਦੇ ਗਏ ਪਰ ਮੋਦੀ ਜੀ ਦੇ ਤਾਂ ਕੰਨ ਉੱਪਰ ਜੂੰ ਵੀ ਨਹੀਂ ਸਰਕੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 12-13, ਅਗਸਤ 2019 ਵਿੱਚ ਪਰ੍ਕਾਸ਼ਿਤ