ਮੋਦੀ ਦੇ ‘ਕੌਮੀ ਸੁਰੱਖਿਆ ਸਲਾਹਕਾਰ’ ਅਜੀਤ ਦੋਵਾਲ ਦਾ ਪਾਕਿਸਤਾਨ ਵਿਰੋਧੀ ਜਨੂੰਨ •ਕੁਲਦੀਪ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਜਿੱਥੇ ਇੱਕ ਪਾਸੇ ਮੋਦੀ ਦੀ ਅਗਵਾਈ ਵਾਲ਼ੀ ਭਾਜਪਾ ਸਰਕਾਰ ਆਪਣੀਆਂ ਲੋਕ-ਵਿਰੋਧੀ ਆਰਥਿਕ ਤੇ ਸਿਆਸੀ ਨੀਤੀਆਂ ਨੂੰ ਧੜੱਲੇ ਨਾਲ਼ ਲਾਗੂ ਕਰ ਰਹੀ ਹੈ, ਉੱਥੇ ਦੂਜੇ ਪਾਸੇ ਕੌਮਾਂਤਰੀ ਪੱਧਰ ‘ਤੇ ਭਾਰਤੀ ਹਾਕਮ ਜਮਾਤ ਦੀ ਵਿਸਥਾਰਵਾਦੀ ਨੀਤੀ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ‘ਚ ਵੀ ਰੁੱਝੀ ਹੋਈ ਹੈ। ਇਸਦੀ ਇੱਕ ਮਿਸਾਲ ਦੋਵਾਲ-ਮੋਦੀ ਦੀ ਵਿਦੇਸ਼ੀ ਸੁਰੱਖਿਆ ਨੀਤੀ ਤੋਂ ਦੇਖੀ ਜਾ ਸਕਦੀ ਹੈ। ਕਿਉਂਕਿ ਅੱਜ-ਕੱਲ੍ਹ ਮੋਦੀ ਵਿਦੇਸ਼ੀ ਸੁਰੱਖਿਆ ਮਸਲਿਆਂ ਸਬੰਧੀ, ਖਾਸ ਕਰਕੇ ਪਾਕਿਸਤਾਨ ਸਬੰਧੀ ਆਪਣੇ ‘ਕੌਮੀ ਸੁਰੱਖਿਆ ਸਲਾਹਕਾਰ’ ਅਜੀਤ ਦੋਵਾਲ ਦੀ ਨੀਤੀ ‘ਤੇ ਚੱਲ ਰਿਹਾ ਹੈ। ਇਹ ਨੀਤੀ ਨਾ ਸਿਰਫ ਪਾਕਿਸਤਾਨ ਵਿਰੁੱਧ ਅੰਨ੍ਹੇ ਜਨੂੰਨ ਨਾਲ਼ ਭਰੀ ਹੋਈ ਹੈ ਸਗੋਂ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਲਈ ਵੀ ਮਾਰੂ ਹੈ।

ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਮੋਦੀ ਦੇ ‘ਕੌਮੀ ਸੁਰੱਖਿਆ ਸਲਾਹਕਾਰ’ (ਐਨਐਸਏ) ਅਜੀਤ ਦੋਵਾਲ ਦੀ ਮੋਦੀ ਨਾਲ਼ ਨੇੜਲੇ ਸਬੰਧਾਂ ਕਰਕੇ ਕਾਫ਼ੀ ਚਰਚਾ ਹੈ। ਮੀਡੀਆ ਨੇ ਉਸਦੀ ਤਸਵੀਰ ਇੱਕ ਨਾਇਕ ਦੀ ਬਣਾ ਛੱਡੀ ਹੈ, ਭਾਵੇਂ ਕਿ ਖੁੱਲ੍ਹੇਆਮ ਮੀਡੀਆ ‘ਚ ਇਸਦੀ ਚਰਚਾ ਨਹੀਂ ਹੋਈ ਪਰ ਜਿੰਨੇ ਕੁ ਅਖ਼ਬਾਰਾਂ, ਰਸਾਲਿਆਂ ਆਦਿ ‘ਚ ਉਸ ਬਾਰੇ ਚਰਚਾ ਹੋਈ ਉਸਨੂੰ ਬਹੁਤ ਸਾਰੇ ਔਖੇ ਕਾਰਜਾਂ ਨੂੰ ਅੰਜ਼ਾਮ ਦੇਣ ਵਾਲ਼ਾ, 1999 ‘ਚ ਕੰਧਾਰ ਜਹਾਜ਼ ਅਗਵਾਕਾਰਾਂ ਤੋਂ ਜਹਾਜ਼ ਛੁਡਾਉਣ ਵਾਲ਼ਾ, ਆਈਐਸ ਤੋਂ 45 ਭਾਰਤੀਆਂ ਨੂੰ ਇਰਾਕ ‘ਚੋਂ ਰਿਹਾਅ ਕਰਾਉਣ ਵਾਲ਼ਾ ਆਦਿ-ਆਦਿ ਕਿਹਾ ਗਿਆ। ਭਾਵੇਂ ਕਿ ਇਹਦੇ ‘ਚ ਕਾਫ਼ੀ ਗੱਲਾਂ ਸਤਹੀ ਤੌਰ ‘ਤੇ ਸੱਚ ਹਨ ਪਰ ਕੁਝ ਗੱਲਾਂ ਮੀਡੀਆ ਜਾਣ ਬੁੱਝ ਕੇ ਲੁਕਾ ਗਿਆ ਜਾਂ ਲੁਕਾ ਦਿੱਤੀਆਂ ਗਈਆਂ। ਤਾਂ ਪਹਿਲਾਂ ਥੋੜ੍ਹਾ ਅਜੀਤ ਦੋਵਾਲ ਦੇ “ਨਾਇਕਤਵ” ਬਾਰੇ ਜਾਣਦੇ ਹਾਂ। ਅਜੀਤ ਦੋਵਾਲ ਭਾਰਤ ਦੇ ਕੇਰਲ ਕਾਡਰ ਦੇ ਆਈਪੀਐਸ ਦੇ 1968 ਬੈਚ ਦਾ ਮੁਲਾਜ਼ਮ ਸੀ। ਉਹ ਭਾਰਤ ਦੀ ਖ਼ੁਫ਼ੀਆ ਏਜੰਸੀ ਇੰਟੈਲੀਜੈਂਸ ਬਿਊਰੋ (ਆਈਬੀ) ਦਾ ਡਾਇਰੈਕਟਰ ਰਹਿ ਚੁੱਕਾ ਹੈ ਜਿੱਥੋਂ ਉਹ 2005 ‘ਚ ਸੇਵਾ ਮੁਕਤ ਹੋਇਆ ਅਤੇ ਇਸ ਤੋਂ ਇਲਾਵਾ ਰਿਸਰਚ ਐਂਡ ਅਨੈਲਸਿਸ ਵਿੰਗ ਭਾਰਤ ਦੇ ਵਿਦੇਸ਼ੀ ਮਸਲਿਆਂ ਸਬੰਧੀ (ਆਰਏਡਬਲਿਯੂ) – ਨਾਮੀ ਇੱਕ ਹੋਰ ਭਾਰਤੀ ਖ਼ੁਫ਼ੀਆ ਏਜੰਸੀ ਦੀਆਂ ਕਈ ਸ਼ਾਖ਼ਾਵਾਂ ਨਾਲ਼ ਵੀ ਉਹ ਜੁੜਿਆ ਰਿਹਾ ਹੈ। ਅਸਾਮ ਤੇ ਮਿਜ਼ੋਰਮ ‘ਚ ਉਹ ਐਮ.ਐੱਨ.ਐੱਫ਼. (ਮਿਜ਼ੋ ਨੈਸ਼ਨਲ ਫਰੰਟ – ਭਾਰਤ ਸਰਕਾਰ ਦੀਆਂ ਮਿਜ਼ੋ ਲੋਕਾਂ ਨਾਲ਼ ਕੀਤੀਆਂ ਜਾਂਦੀਆਂ ਵਧੀਕੀਆਂ ਤੇ ਵਿਤਕਰਿਆਂ ਦੇ ਵਿਰੋਧ ‘ਚ 1966 ‘ਚ ਬਣੀ ਮਿਜ਼ੋ ਕੌਮੀ ਰੈਡੀਕਲ ਜਥੇਬੰਦੀ) ਦੇ ਖਾੜਕੂ ਦੌਰ ‘ਚ ਉਸ ‘ਚ ਵੜਿਆ ਅਤੇ ਇਸ ਜਥੇਬੰਦੀ ਦੇ ਬਹੁਤ ਸਾਰੇ ਲੀਡਰਾਂ ਨੂੰ ਜਿੱਤਣ ‘ਚ ਸਫ਼ਲ ਹੋਇਆ ਅਤੇ 1986 ‘ਚ ਹੋਏ ਮਿਜ਼ੋ ਤੇ ਭਾਰਤ ਸਰਕਾਰ ਦੇ ਸਮਝੌਤੇ ‘ਚ ਉਸਦਾ ਵੱਡਾ ਹੱਥ ਸੀ। ਸਿੱਕਮ ਨੂੰ ਭਾਰਤ ‘ਚ ਰਲ਼ਾਉਣ ‘ਚ ਵੀ ਉਸਦਾ ਹੱਥ ਦੱਸਿਆ ਜਾਂਦਾ ਹੈ। ਉੱਤਰ-ਪੂਰਬੀ ਰਾਜਾਂ ‘ਚ 1947 ਤੋਂ ਬਾਅਦ ਹੀ ਜੋ ਭਾਰਤੀ ਫ਼ੌਜ ਤੇ ਖ਼ੁਫ਼ੀਆ ਏਜੰਸੀਆਂ ਨੇ ਹੜਦੁੰਗ ਮਚਾਇਆ ਸੀ ਉਹ ਤਾਂ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ। ਇਸ ਤੋਂ ਬਿਨਾਂ ਉਹ 1990 ਦੇ ਸਮੇਂ ਦੌਰਾਨ ਕਸ਼ਮੀਰ ‘ਚ ਖਾੜਕੂ ਕਾਰਵਾਈਆਂ ਰੋਕਣ ਦੀਆਂ ਖ਼ੁਫ਼ੀਆ ਮੁਹਿੰਮਾਂ ‘ਚ ਸ਼ਾਮਲ ਰਹਿ ਚੁੱਕਿਆ ਹੈ, ਪਾਠਕਾਂ ਦੀ ਯਾਦ ਲਈ ਦੱਸ ਦੇਈਏ ਕਿ ਇਹ ਉਹੀ ਸਮਾਂ ਸੀ ਜਦ ਕਸ਼ਮੀਰ ‘ਚ ਅਫਸਪਾ (ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ) ਨਾਮੀ ਖੂੰਖਾਰ ਕਨੂੰਨ ਲਾਗੂ ਹੋਇਆ ਅਤੇ ਭਾਰਤੀ ਫ਼ੌਜ ਦੁਆਰਾ ਝੂਠੇ ਪੁਲਿਸ ਮੁਕਾਬਲਿਆਂ ਤੇ ਔਰਤਾਂ ਦੇ ਬਲਾਤਕਾਰਾਂ ਦੀਆਂ ਖ਼ਬਰਾਂ ਨੇ ਲੋਕਾਂ ਨੂੰ ਦਹਿਲਾ ਦਿੱਤਾ ਸੀ, ਇਸ ‘ਚ ਦੋਵਾਲ ਵਰਗੇ ਖ਼ੁਫ਼ੀਆਂ ਏਜੰਸੀਆਂ ਦੇ ਬੰਦੇ ਅਸਿੱਧੇ ਰੂਪ ‘ਚ ਦੋਸ਼ੀ ਹਨ। 1984 ‘ਚ ਪੰਜਾਬ ਵਿੱਚ ‘ਅਪਰੇਸ਼ਨ ਬਲਿਊ ਸਟਾਰ’ ਤੋਂ ਪਹਿਲਾਂ ਉਹ ਹਰਮਿੰਦਰ ਸਾਹਿਬ ‘ਚ ਪਾਕਿਸਤਾਨੀ ਏਜੰਟ ਦੇ ਨਾਂ ਹੇਠ ਖ਼ਾਲਿਸਤਾਨੀ ਖਾੜਕੂਆਂ ਨਾਲ਼ ਰਿਹਾ ਅਤੇ ਉਹਨਾਂ ਦੀਆਂ ਅੰਦਰੂਨੀ ਜਾਣਕਾਰੀਆਂ ਪ੍ਰਾਪਤ ਕੀਤੀਆਂ ਅਤੇ ਇੱਥੋਂ ਸਭ ਜਾਣਕਾਰੀਆਂ ਦੋਵਾਲ ਰਾਹੀਂ ਭਾਰਤੀ ਖ਼ੁਫ਼ੀਆਂ ਏਜੰਸੀ ਤੇ ਫ਼ੌਜ ਨੇ ਲਈਆਂ, ਸ਼ਾਇਦ ਇਸੇ ਕਰਕੇ ‘ਅਪਰੇਸ਼ਨ ਬਲਿਊ ਸਟਾਰ’ ਵਿੱਚ ਉਸਦੀ ਕਾਫ਼ੀ ਸਰਗਰਮ ਭੂਮਿਕਾ ਦੱਸੀ ਜਾਂਦੀ ਹੈ ਜੋ ਹਮੇਸ਼ਾ ਪਰਦੇ ਹੇਠ ਰਹੀ ਹੈ। ਉਸਨੇ ‘ਖ਼ੁਫ਼ੀਆ ਕਾਮੇ’ ਵਜੋਂ ਸੱਤ ਸਾਲ ਪਾਕਿਸਤਾਨ ‘ਚ ਵੀ ਲਾਏ ਹਨ ਅਤੇ ਹੋਰ ਅਨੇਕਾਂ ਅਜਿਹੇ ਖ਼ੁਫ਼ੀਆਂ ਅਪ੍ਰੇਸ਼ਨਾਂ ‘ਚ ਸ਼ਾਮਲ ਰਹਿ ਚੁੱਕਾ ਹੈ। ਇਹਨਾਂ ਅਪ੍ਰੇਸ਼ਨਾਂ ਵਿੱਚ ਲੱਖਾਂ ਭਾਰਤੀ ਬੇਕਸੂਰੇ ਲੋਕਾਂ ਦਾ ਲਹੂ ਵੀ ਡੁੱਲ੍ਹਿਆ ਹੈ। ਇਸ ਤੋਂ ਬਿਨਾਂ ਉਹ ਟਾਡਾ (ਟੀਏਟੀਏ), ਪੋਟਾ (ਪੀਓਟੀਏ), ਐਨਸੀਟੀਸੀ, ਅਫਸਪਾ ਵਰਗੇ ਖੂੰਖਾਰ ਤੇ ਲੋਕ ਦੋਖੀ ਕਨੂੰਨਾਂ ਦਾ ਕੱਟੜ-ਹਮਾਇਤੀ ਹੈ, ਇਹਨਾਂ ਕਨੂੰਨਾਂ ਤਹਿਤ ਉੱਤਰ-ਪੂਰਬੀ ਰਾਜਾਂ ਤੇ ਜੰਮੂ-ਕਸ਼ਮੀਰ ‘ਚ ਲੋਕਾਂ ‘ਤੇ ਜੋ ਜ਼ਬਰ ਹੋਏ ਹਨ ਉਸਦੀ ਕਹਾਣੀ ਦਿਲ ਦਹਿਲਾਉਣ ਵਾਲ਼ੀ ਹੈ। ਇਸ ਤੋਂ ਇਲਾਵਾ ਉਹ ਇੱਕ ‘ਵਿਵੇਕਾਨੰਦ ਇੰਟਰਨੈਸ਼ਨਲ ਫਾਉਂਡੇਸ਼ਨ’ ਦਾ ਮੁਖੀ ਵੀ ਰਹਿ ਚੁੱਕਾ ਹੈ ਤੇ ਉਹਦਾ ਮੁੰਡਾ ‘ਇੰਦਰਾ ਫਾਉਂਡੇਸ਼ਨ’ ਦਾ ਮੁਖੀ ਹੈ। ਇਹਨਾਂ ਦੋਵਾਂ ਦੀਆਂ ਵੈਬ-ਸਾਇਟਾਂ ਹਿੰਦੂਵਾਦੀ ਫਿਰਕੂ ਜਹਿਰ ਭਰਨ ‘ਚ ਕੋਈ ਘੱਟ ਭੂਮਿਕਾ ਨਹੀਂ ਨਿਭਾਉਂਦੀਆਂ ਤੇ ਨਾ ਕੇਵਲ ਸਾਇਟਾਂ ਸਗੋਂ ਇਹਨਾਂ ਫਾਉਂਡੇਸ਼ਨਾਂ ਦਾ ਕੰਮ ਵੀ ਇਹੀ ਹੈ। ਪਾਕਿਸਤਾਨ ਵਿਰੁੱਧ ਦੋਵਾਲ ਬਹੁਤ ਤੱਤਾ ਬੋਲਦਾ ਹੈ ਅਤੇ ਨਾ ਸਿਰਫ ਤੱਤਾ ਬੋਲਦਾ ਹੈ ਸਗੋਂ ਅੰਦਰੇ-ਅੰਦਰ ਆਪਣਾ ਪਾਕਿਸਤਾਨ ਵਿਰੋਧੀ ਏਜੰਡਾ ਵੀ ਲਾਗੂ ਕਰ ਰਿਹਾ ਹੈ ਜਿਸ ਬਾਰੇ ਅਸੀਂ ਅੱਗੇ ਆਵਾਂਗੇ। ਪੈਂਤੜੈਬਾਜ਼ੀ, ਜੋੜ-ਤੋੜ ਕਰਨਾ, ਕੱਟੜ-ਹਿੰਦੂਵਾਦ, ਕੱਟੜ-ਨੌਕਰਸ਼ਾਹ ਆਦਿ ਸ਼੍ਰੀ ਦੋਵਾਲ ਜੀ ਦੀ ਸ਼ਖ਼ਸ਼ੀਅਤ ਦੇ ਉੱਘੜਵੇਂ “ਗੁਣ” ਹਨ।

30 ਮਈ, 2014 ਨੂੰ ਦੋਵਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਕੌਮੀ ਸੁਰੱਖਿਆ ਸਲਾਹਕਾਰ’ ਬਣਨ ‘ਚ ਸ਼ਾਇਦ ਇਹਨਾਂ “ਗੁਣਾਂ” ਦੀ ਵੱਡੀ ਭੂਮਿਕਾ ਹੈ। ਐਨਐਸਏ ਦਾ ਅਹੁਦਾ ਸੰਭਾਲ਼ਦਿਆਂ ਹੀ ਉਸਨੇ ਭਾਰਤੀ ਹਾਕਮ ਜਮਾਤ ਦੀਆਂ ਵਿਸਥਾਰਵਾਦੀ ਨੀਤੀਆਂ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਿਸਦੀ ਝਲਕ ਉਸਦੇ 22 ਨਵੰਬਰ, 2014 ਦੇ ਇੱਕ ਭਾਸ਼ਣ ‘ਚੋ ਮਿਲ਼ਦੀ ਹੈ ਜਦ ਉਹ ਕਹਿੰਦਾ ਹੈ, “ਭਾਰਤ ਨੂੰ ਦੋ ਮੋਰਚਿਆਂ ਦੀ ਜੰਗ ਲਈ ਤਿਆਰੀ ਰਹਿਣਾ ਚਾਹੀਦਾ ਹੈ ਅਤੇ ਆਪਣੀਆਂ ਰੋਕਾਂ ਉਸਾਰਨੀਆਂ ਚਾਹੀਦੀਆਂ ਹਨ।… ਭਾਰਤ ਦੇ ਦੋ ਵੈਰੀ ਗੁਆਂਢੀ ਹਨ, ਦੋਵੇਂ ਪ੍ਰਮਾਣੂ ਤਾਕਤਾਂ ਹਨ ਤੇ ਇੱਕ-ਦੂਜੇ ਨਾਲ਼ ਸਬੰਧ ਸਾਂਝੇ ਕਰਦੇ ਰਹਿੰਦੇ ਹਨ…।” ਸਪੱਸ਼ਟ ਹੈ ਕਿ ਦੋਵਾਲ ਦਾ ਇਸ਼ਾਰਾ ਇੱਥੇ ਚੀਨ ਤੇ ਪਾਕਿਸਤਾਨ ਵੱਲ ਹੈ। ਚੀਨ ਨਾਲ਼ ਤਾਂ ਦੋਵਾਲ ਸਰਹੱਦ ਵਿਸਥਾਰਾਂ, ਨਹਿਰੂ ਤੇ ਚਾਉ-ਇਨ-ਲਾਈ ਵਿਚਕਾਰ ਮੈਨਮੋਹਨ ਰੇਖਾ ਤੇ ਸਿਨੋ-ਬਰਮੇਜ਼ ਸਮਝੌਤਿਆਂ (1960-65) ਆਦਿ ਦੇ ਠੀਕ ਜਾਂ ਗ਼ਲਤ ਹੋਣ ਆਦਿ ਬਾਰੇ ਕੋਈ ਨਾ ਕੋਈ ਬਿਆਨ ਦਾਗ਼ਦਾ ਹੀ ਰਹਿੰਦਾ ਹੈ। 20 ਅਕਤੂਬਰ, 2014 ਨੂੰ ਉਹਨੇ ਮਿਊਨਿਖ਼ ਸਕਿਊਰਟੀ ਕਾਨਫਰੰਸ, ‘ਚ ਮੰਨਿਆ ਕੀਤਾ ਕਿ ਭਾਰਤ ਦੇ ਚੀਨ ਨਾਲ਼ ਸਬੰਧ ਚੰਗੇ ਬਣ ਰਹੇ ਹਨ, ਪਰ ਨਾਲ਼ ਹੀ ਉਹਨੇ ਚੀਨ ਨੂੰ ਸਾਵਧਾਨ ਕੀਤਾ ਕਿ ਭਾਰਤ ਆਪਣੇ ਪ੍ਰਦੇਸ਼ਿਕ ਹਿੱਤਾਂ ਸਬੰਧੀ ਕੋਈ ਸਮਝੌਤਾ ਨਹੀਂ ਕਰੇਗਾ।

ਪਰ ਦੋਵਾਲ ਜਿੱਥੇ ਬਹੁਤ ਤੀਖਣਤਾ ਨਾਲ਼ ਦਿਮਾਗ਼ ਵਰਤ ਰਿਹਾ ਹੈ ਉਹ ਪਾਕਿਸਤਾਨ ਹੈ, ਕਿਉਂਕਿ ਪਾਕਿਸਤਾਨ ਵਿਰੋਧੀ ਕਾਰਵਾਈਆਂ ‘ਚ ਉਹ ਆਈਬੀ ਦਾ ਡਾਇਰੈਕਟਰ ਬਣਨ ਵੇਲ਼ੇ ਤੋਂ ਹੀ ਸਰਗਰਮ ਹੈ। ਉਦੋਂ ਤੋਂ ਹੀ ਉਹ ਪਾਕਿਸਤਾਨ ‘ਚ ਖ਼ੁਫ਼ੀਆ ਕੰਮਾਂ ਨੂੰ ਅੰਜ਼ਾਮ ਦੇਣ ਬਾਰੇ ਸੋਚਦਾ ਆ ਰਿਹਾ ਹੈ, ਜਿਸ ‘ਚ ਉਸਦੀ ਸਭ ਤੋਂ ਵੱਧ “ਮੌਲਿਕ” ਨੀਤੀ ਇਹੀ ਸੀ ਕਿ ਭਾਰਤ ਨੂੰ ਪਾਕਿਸਤਾਨ ਦੇ ਵਿਦਰੋਹੀ ਕਬੀਲੇ ਜਾਂ ਲੋਕਾਂ ਨੂੰ ਸ਼ਹਿ ਦੇਣੀ ਚਾਹੀਦੀ ਹੈ ਜੋ ਪਾਕਿਸਤਾਨ ਸਰਕਾਰ ਵਿਰੁੱਧ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਘੋਲ਼ ਕਰ ਰਹੇ ਹਨ। ਇਹ ਲੀਹ ਉਹ 2004 ‘ਚ ਆਪਣੇ ਆਈਬੀ ਦੇ ਕਾਰਜਕਾਲ ਦੌਰਾਨ ਹੀ ਲੈ ਆਇਆ ਸੀ ਜਿਸ ‘ਤੇ ਉਦੋਂ ਤੋਂ ਹੀ ਕਿਸੇ ਨਾ ਕਿਸੇ ਰੂਪ ‘ਚ ਅੰਦਰੋ-ਅੰਦਰ ਅਮਲ ਹੋ ਰਿਹਾ ਸੀ। ਪਰ ਇਸਦਾ ਪਹਿਲਾ ਖੁਲਾਸਾ ਭਾਰਤੀ ਫ਼ੌਜ ਦੁਆਰਾ ‘ਤਕਨੀਕੀ ਸੇਵਾ ਡਵੀਜ਼ਨ’ (ਟੀਐਸਡੀ- ਭਾਰਤੀ ਫ਼ੌਜ ਦਾ ਖ਼ੁਫ਼ੀਆ ਵਿੰਗ) ਦੇ ਦਸਤਾਵੇਜ਼ ਜਲਾਉਣ ਤੋਂ ਬਾਅਦ ਹੋਇਆ ਕਿ ਟੀਐਸਡੀ ਨੇ ਗੁਆਂਢੀ ਮੁਲਕ ਦੇ ਕਿਸੇ ਸੂਬੇ ਦੇ ਵੱਖਵਾਦੀ ਆਗੂ ਨੂੰ ਭਾਰਤ ‘ਚ ਦਾਖਲ ਕਰਨ ਤੇ ਉਸ ਵੱਖਵਾਦੀ ਲਹਿਰ ਲਈ ਬਹੁਤ ਵੱਡੀ ਰਕਮ ਖ਼ੁਫ਼ੀਆ ਸੇਵਾ ਫੰਡ ‘ਚੋਂ ਦਿੱਤੀ ਸੀ। ਬਾਅਦ ‘ਚ ਜਾ ਕੇ ਖੁਲਾਸਾ (ਨਵੰਬਰ, 2011) ਹੋਇਆ ਕਿ ਇਹ ਦੇਸ਼ ਪਾਕਿਸਤਾਨ ਅਤੇ ਉਸਦਾ ਸੂਬਾ ਬਲੋਚਿਸਤਾਨ ਸੀ। ਇਹ ਗੱਲ ਅਕਤੂਬਰ, 2015 ‘ਚ ਲੋਕਾਂ ‘ਚ ਜ਼ਾਹਰ ਹੋਈ ਜਦ ਬੀਐਲਓ (ਬਲੋਚਿਸਤਾਨ ਲਿਬਰੇਸ਼ਨ ਆਰਗੇਨਾਇਜ਼ੇਸ਼ਨ) ਦੇ ਨੁਮਾਇੰਦਿਆਂ ਨੇ ਦਿੱਲੀ ਪ੍ਰੈੱਸ ਕਾਨਫ੍ਰੰਸ ‘ਚ ਸ਼ਿਰਕਤ ਕੀਤੀ ਅਤੇ ਬਲੋਚ ਆਗੂ ਬਾਲਾਚ ਪਰਦਿਲਾਈ ਨੇ ਇੱਕ ਇਕੱਠ ਨੂੰ ਸੰਬੋਧਿਤ ਕੀਤਾ। ਪਰਦਿਲਾਈ 2009 ਤੋਂ ਦਿੱਲੀ ਰਹਿ ਰਿਹਾ ਹੈ। ਉਸਨੇ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਦੇ ਲੀਡਰ ਨਵਾਬਜ਼ਾਦਾ ਹਇਰਬਿਆਰ ਮੈਰੀ, ਜੋ ਪਾਕਿਸਾਤਨ ਵਿਰੁੱਧ ਹਥਿਆਰਬੰਦ ਵਿਦਰੋਹ ਦਾ ਹਮਾਇਤੀ ਹੈ ਤੇ ਇਸ ਵੇਲ਼ੇ ਲੰਡਨ ਰਹਿ ਰਿਹਾ ਹੈ – ਨਾਲ਼ ਆਪਣੇ ਸਬੰਧ ਦੀ ਗੱਲ ਕੀਤੀ ਅਤੇ ਕਿਹਾ ਕਿ, “ਮੈਨੂੰ ਆਸ ਹੈ ਕਿ ਭਵਿੱਖ ‘ਚ ਨਵਾਬਜ਼ਾਦਾ ਮੈਰੀ ਵੀ ਦਿੱਲੀ ਆਵੇਗਾ…।” ਇਸ ਤੋਂ ਬਿਨਾਂ ਬਲੋਚ ਆਗੂ ਨੇ ਦਿੱਲੀ ‘ਚ ਆਪਣੀ ਮਹਿਫ਼ੂਜ਼ੀ ਦੀ ਤੇ ਭਾਜਪਾ ਦੁਆਰਾ ਉਸਨੂੰ ਮਿਲ਼ਦੀ ਹਮਾਇਤ ਬਾਰੇ ਦੱਸਿਆ।

ਦੋਵਾਲ ਨੇ ਕਿਸੇ ਸਮੇਂ ਇਹ ਗੱਲ ਕਹੀ ਸੀ, “ਸਾਨੂੰ ਪਾਕਿਸਤਾਨ ਦੀ ਲੋੜ ਨਹੀਂ। ਜੇ ਪਾਕਸਿਤਾਨ ਅੱਤਵਾਦ ਨੂੰ ਆਪਣੀ ਸੱਤ੍ਹਾ ਦੀ ਨੀਤੀ ਦੇ ਇੱਕ ਸੰਦ ਵਜੋਂ ਨਹੀਂ ਤਿਆਗਦਾ ਤਾਂ ਉਸਨੂੰ ਤਾਲਿਬਾਨ ਨਾਲ਼ ਲੜਨ ਦਿਉ। ਦੂਜਾ ਮਸਲਾ  ਅੱਤਵਾਦੀਆਂ ਪ੍ਰਤੀ ਰਵੱਈਅਏ ਦੀ ਹੈ। ਤੀਜਾ ਮਸਲਾ ਉਹਨਾਂ ਨੂੰ ਹਥਿਆਰ, ਪੈਸਾ, ਮਨੁੱਖੀ ਤਾਕਤ ਦੇਣ ਤੋਂ ਰੋਕਣ ਦਾ ਹੈ। ਹੁਣ ਫੰਡ, ਵਧਕੇ ਵਿਰੋਧੀ ਫੰਡ ਦੇਣ ਨਾਲ਼ ਹੀ ਰੋਕੇ ਜਾ ਸਕਦੇ ਹਨ। ਜੇ ਉਹਨਾਂ ਦਾ 500 ਕਰੋੜ ਦਾ ਬਜਟ ਹੈ ਤਾਂ ਅਸੀਂ 1800 ਕਰ ਸਕਦੇ ਹਾਂ। ਉਹ ਭਾੜੇ ਦੇ ਸਿਪਾਹੀ ਹਨ। ਕੀ ਤੁਸੀਂ ਸੋਚਦੇ ਹੋ ਕਿ ਉਹ ਮਹਾਨ ਜਰਨੈਲ ਹਨ। ਨਹੀਂ। ਇਸ ਲਈ ਸਾਨੂੰ ਮੁਸਲਿਮ ਜਥੇਬੰਦੀਆਂ ‘ਚ ਕੰਮ ਕਰਨਾ ਚਾਹੀਦਾ ਹੈ… ਅੰਤ ‘ਚ, ਆਉ ਇੱਕ ਅਹਿਮ ਕਦਮ ਚੁੱਕੀਏ। ਉੱਚ ਤਕਨੀਕ ਵੱਲ ਵਧੀਏ ਤੇ ਜੁਆਬ ਵਿੱਚ ਜਸੂਸੀ ਰਾਹੀਂ ਕੀਤੀਆਂ ਜਾਣ ਵਾਲ਼ੀਆਂ ਕਾਰਵਾਈਆਂ ਦੀ ਤਿਆਰੀ ਕਰੀਏੴ”। ਇੱਥੇ ਗੱਲ ਸਾਫ਼ ਹੈ ਕਿ ਅਜਿਹੀਆਂ ਮੁਸਲਿਮ ਜਥੇਬੰਦੀਆਂ ਜੋ ਪਾਕਿਸਤਾਨ ਸਰਕਾਰ ਵਿਰੁੱਧ ਘੋਲ਼ ਕਰ ਰਹੀਆਂ ਹਨ।

ਤੇ ਉਸਦੀ ਇਹ ਸਲਾਹ ਭਾਰਤੀ ਹਾਕਮਾਂ ਨੇ ਪ੍ਰਵਾਨ ਕਰ ਲਈ ਤੇ ਜਿਸ ‘ਤੇ ਅਮਲ ਵੀ ਸ਼ੁਰੂ ਕਰ ਦਿੱਤਾ ਹੈ, ਜਿਸਦੀ ਲਗਾਮ ਅਜੀਤ ਦੋਵਾਲ ਰਾਹੀਂ ਮੋਦੀ ਦੇ ਹੱਥ ਹੈ। ਇਸ ਤੋਂ ਬਿਨਾਂ ਨੇਪਾਲ ‘ਚ ਮਧੇਸੀ ਵਿਦਰੋਹੀਆਂ ਨੂੰ ਵੀ ਭਾਰਤੀ ਖ਼ੁਫ਼ੀਆਂ ਏਜੰਸੀਆਂ ਕਿਸੇ ਨਾ ਕਿਸੇ ਰੂਪ ‘ਚ ਵੱਸ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ ਜੋ ਹਾਲੇ ਸਫ਼ਲ ਨਹੀਂ ਹੋ ਰਹੀਆਂ ਹਨ। ਪਰ ਬਲੋਚਿਸਤਾਨ ‘ਚ ਦੋਵਾਲ ਵੱਲੋਂ ਖੇਡਿਆ ਪੱਤਾ ਚੱਲ ਗਿਆ ਹੈ। ਭਾਵੇਂ ਕਿ ਇਹ ਕੋਈ ਮੌਲਿਕ ਨੀਤੀ ਨਹੀਂ ਹੈ। ਅਮਰੀਕਾ ਦੇ ਡੋਲਾਨਡ ਰਮਸਫੀਲਡ, ਕੋਂਡੋਲੀਜ਼ਾਰਾਇਸ ਅਤੇ ਪਾਲ ਵੁਲਫੋਵਿਟਜ਼ ਵਰਗੇ ਇਸੇ ਘਿਨਾਉਣੀ ਨੀਤੀ ‘ਤੇ ਚੱਲਦੇ ਰਹੇ ਹਨ ਅਤੇ ਅੱਜ ਕੱਲ੍ਹ ਵੀ ਸੀਆਈਏ (ਕੇਂਦਰੀ ਜਾਂਚ ਏਜੰਸੀ) ਮੱਧ-ਪੂਰਬ ‘ਚ ਰਾਜਪਲਟੇ ਕਰਾਉਣ ਲਈ ਇਸੇ ਨੀਤੀ ਦੀ ਵਰਤੋਂ ਕਰ ਰਹੀ ਹੈ। ਇਸ ਨੀਤੀ ਤਹਿਤ ਹੀ ਅਫ਼ਗਾਨਿਸਤਾਨ ‘ਚ ਮੁਜਾਹੁਦੀਨਾਂ ਨੂੰ ਸੀਆਈਏ ਦੁਆਰਾ ਟ੍ਰੇਨਿੰਗ ਦੇ ਕੇ ਆਮ ਲੋਕਾਂ ਦਾ ਲਹੂ ਡੋਲ੍ਹਣਾ, ਲੀਬਿਆ ਦਾ ਰਾਜ-ਪਲਟਾ, ਇਰਾਕ ‘ਚ ਸੱਦਾਮ ਦਾ ਰਾਜ ਪਲਟਾ, ਮਿਸਰ ‘ਚ ਹੋਸਨੀ ਮੁਬਾਰਕ ਦਾ ਰਾਜ ਪਲਟਾ ਅਤੇ ਹੁਣੇ ਹੀ ਸੀਰੀਆ ਜੰਗ ‘ਚ ਅਮਰੀਕਾ ਦੁਆਰਾ ਅਸਦ ਵਿਰੋਧੀ ਸੀਰੀਆਈ ਵਿਦਰੋਹੀਆਂ ਨੂੰ ਹਥਿਆਰ, ਪੈਸਾ, ਟ੍ਰੇਨਿੰਗ ਦੇ ਕੇ ਮਦਦ ਕਰਨਾ ਆਦਿ ਇਸ ਨੀਤੀ ਦੇ ਨਤੀਜਿਆਂ ਦੀਆਂ ਕੁਝ ਠੋਸ ਉਦਾਹਰਨਾਂ ਹਨ। ਪਰ ਅਮਰੀਕਾ ਦੀਆਂ ਇਹਨਾਂ ਨੀਤੀਆਂ ਕਰਕੇ ਆਮ ਲੋਕਾਂ ਦਾ ਲਹੂ ਪਿਛਲੇ 25 ਸਾਲਾਂ ਤੋਂ ਡੁੱਲ੍ਹ ਰਿਹਾ ਹੈ।

ਅਜੀਤ ਦੋਵਾਲ ਦੀ ਇਹ “ਮੌਲਿਕ” ਨੀਤੀ ਵੀ ਜੇਕਰ ਸਫ਼ਲ ਹੋ ਜਾਂਦੀ ਹੈ ਤਾਂ ਇਹ ਅਫ਼ਗਾਨਿਸਤਾਨ, ਲਿਬੀਆ, ਸੀਰੀਆ ਵਾਂਗ ਅੰਤ ਭਾਰਤ ਤੇ ਪਾਕਿਸਤਾਨ ਦੇ ਆਮ ਲੋਕਾਂ ਦਾ ਲਹੂ ਡੋਲ੍ਹਣ ਦੀ ਵਾਹਕ ਬਣੇਗੀ। ਕਿਉਂਕਿ ਜਿਸ ਤਰ੍ਹਾਂ ਬਲੋਚਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਭੜਕਾਇਆ ਜਾ ਰਿਹਾ ਹੈ, ਇਸਦਾ ਨਤੀਜਾ ਅੰਤ ਨੂੰ ਲੋਕਾਂ ਦਾ ਲਹੂ ਡੁੱਲ੍ਹਣ ‘ਚ ਹੀ ਨਿੱਕਲ਼ੇਗਾ। ਬਲੋਚ ਲਿਬਰੇਸ਼ਨ ਆਰਮੀ ਤਾਂ ਪਾਕਿਸਤਾਨ ਸਰਕਾਰ ਵਿਰੁੱਧ ਹਥਿਆਰਬੰਦ ਵਿਦਰੋਹ ਦੀ ਹਮਾਇਤੀ ਹੀ ਹੈ। ਤਾਂ ਜੇਕਰ ਭਾਰਤ ਨੇ ਉਹਨਾਂ ਨੂੰ ਸਿਖਲਾਈ ਤੇ ਹਥਿਆਰ ਦੇ ਦਿੱਤੇ ਤਾਂ ਕੀ ਹੋਵੇਗਾ, ਇਸਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਾਕਿਸਤਾਨ ਵੀ ਦੂਜੇ ਪਾਸੇ ਘੱਟ ਨਹੀਂ ਹੈ ਉਹ ਵੀ ਕਸ਼ਮੀਰ ‘ਚ ਸਰਗਰਮ ਬਹੁਤ ਸਾਰੇ ਰੈਡੀਕਲ ਗਰੁੱਪਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ ਤੇ ਸਿਖਲਾਈ ਦਿੰਦਾ ਹੈ।

ਅਸਲ ‘ਚ ਇਹ ਨੀਤੀ ਜੰਗਵਾਦ ਨੂੰ ਉਗਾਸਾ ਦਿੰਦੀ ਹੈ। ਦੋਵਾਂ ਦੇਸ਼ਾਂ ‘ਚ ਸਮੇਂ ਦੇ ਹਾਕਮ ਇੱਕ-ਦੂਜੇ ਦੇਸ਼ ਪ੍ਰਤੀ ਲੋਕਾਂ ‘ਚ ਉਹਨਾਂ ਦੇ ਤੁਅੱਸਬਾਂ, ਅਗਿਆਨਤਾ ਨੂੰ ਵਰਤ ਕੇ ਨਫ਼ਰਤ ਭਰਦੇ ਹਨ ਅਤੇ ਉਸਦੀ ਓਟ ‘ਚ ਆਪਣੇ ਹਿੱਤ ਸਾਧਦੇ ਹਨ। ਕਿਉਂਕਿ ਸੰਸਾਰ ਆਰਥਿਕ ਸੰਕਟ ਦੇ ਇਸ ਦੌਰ ‘ਚ ਹਰ ਦੇਸ਼ ਦੇ ਹਾਕਮਾਂ ਨੂੰ ਮੰਡੀ ਦਾ ਵਿਸਥਾਰ ਚਾਹੀਦਾ ਹੈ ਜਿਸਦੇ ਲਈ ਉਹ ਲੜਦੇ ਰਹਿੰਦੇ ਹਨ ਤੇ ਹਰ ਤਰ੍ਹਾਂ ਦੇ “ਪਾਪੜ ਵੇਲਦੇ” ਹਨ। ਮਿਸਾਲ ਵਜੋਂ ਕਸ਼ਮੀਰ ਲਈ ਭਾਰਤ ਤੇ ਪਾਕਿਸਤਾਨ ਦਾ ਮੁੱਖ ਮੁੱਦਾ ਤਾਂ ਕਸ਼ਮੀਰ ਤੋਂ ਹੁੰਦੀ ਸੈਰ-ਸਪਾਟੇ ਦੀ ਮੋਟੀ ਕਮਾਈ ਹੈ ਜਿਸਨੂੰ ਭਾਰਤ ਤੇ ਪਾਕਿਸਤਾਨ ਦੇ ਸਰਮਾਏਦਾਰ ਲਲਚਾਈਆਂ ਨਜ਼ਰਾਂ ਨਾਲ਼ ਦੇਖਦੇ ਹਨ। ਇਸੇ ਲਈ ਅੰਨ੍ਹਾ-ਕੌਮਵਾਦ, ਧਰਮ, ਨਸਲ ਆਦਿ ਫਿਰਕੂ ਤੁਅੱਸਬਾਂ ਰਾਹੀਂ ਆਪਣੇ ਹਿੱਤ ਸਾਧ ਰਹੇ ਹਨ। ਦੋਵਾਲ ਦੀ ਇਹ ਨੀਤੀ ਵੀ ਇਹਨਾਂ ਹੀ ਆਸਾਂ ਨੂੰ “ਬੂਰ” ਪਾਉਣਾ ਵਾਲ਼ੀ ਖਾਦ ਦਾ ਕੰਮ ਭਾਰਤੀ ਹਾਕਮਾਂ ਲਈ ਕਰੇਗੀ।

ਪਰ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਹਨਾਂ ਲੂੰਬੜ-ਚਾਲਾਂ ਨੂੰ ਸਮਝਦੇ ਹੋਏ ਅਸਲੀ ਲੋਕ ਏਕਤਾ ਕਾਇਮ ਕਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਕਿਉਂਕਿ ਇਹਨਾਂ ਜੰਗਾਂ ‘ਚ ਪਿਛਲੇ ਸਮਿਆਂ ਤੋਂ ਮੁੱਖ ਤੌਰ ‘ਤੇ ਨੁਕਸਾਨ ਤਾਂ ਲੋਕਾਂ ਦਾ ਹੀ ਹੋ ਰਿਹਾ ਹੈ। ਦੂਜੇ ਪਾਸੇ ਭਾਰਤ ਦੇ ਵਾਂਗ ਪਾਕਿਸਤਾਨ ਵਿੱਚ ਵੀ ਆਮ ਲੋਕ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ ਆਦਿ ਅਲਾਮਤਾਂ ਦੇ ਸ਼ਿਕਾਰ ਹਨ। ਪਰ ਉੱਥੇ ਵੀ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਲੋਕਾਂ ਨੂੰ ਦਗ਼ਾ ਦੇ ਕੇ ਹਾਕਮਾਂ ਦੀ ਸੇਵਾ ‘ਚ ਲੱਗੀਆਂ ਰਹੀਆਂ ਹਨ ਅਤੇ ਭਾਰਤ ਵਿੱਚ ਵੀ ਇਹੋ ਹਾਲਤ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਅਜੀਤ ਦੋਵਾਲ ਵਰਗੇ ਇਹ ਨੀਤੀਆਂ ਕਿਹਨਾਂ ਲਈ ਬਣਾ ਰਹੇ ਹਨ? ਆਪਣੇ ਅਪ੍ਰੇਸ਼ਨਾਂ ‘ਚ ਅਜੀਤ ਦੋਵਾਲ ਨੇ ਕਿਹਨਾਂ ਲਈ ਆਪਣੀ “ਜਾਨ ਖ਼ਤਰੇ” ‘ਚ ਪਾਈ? ਇਹ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਕਿ ਹਾਕਮਾਂ ਤੋਂ ਮੋਟੀਆਂ ਤਨਖ਼ਾਹਾਂ ਦੇ ਰੂਪ ‘ਚ ਰਿਸ਼ਵਤਾਂ ਲੈਣ ਵਾਲ਼ੇ ਇਹ ਲੋਕ ਆਪਣੇ ਮਾਲਕਾਂ ਤੋਂ ਬਿਨਾਂ ਕਿਸਦੀ ਸੇਵਾ ਕਰ ਸਕਦੇ ਹਨ ਅਤੇ ਇਸ ਸੇਵਾ ਵਿੱਚ ਜੇਕਰ ਲੋਕਾਂ ਦਾ ਖ਼ੂਨ ਵਹਾਉਣਾ ਪਵੇ ਤਾਂ ਇਸ ‘ਚ ਇਹਨਾਂ ਲਈ “ਬੁਰੀ ਗੱਲ ਵੀ ਕੀ ਹੈ”? ਪਰ ਜੇਕਰ ਅਜਿਹੀਆਂ ਚਾਲਾਂ ਨੂੰ ਅਸੀਂ ਨਾ ਸਮਝਿਆ ਤਾਂ ਭਾਰਤ ਤੇ ਪਾਕਿਸਤਾਨ ਨੂੰ ਵੀ ਇਹ ਹਾਕਮ ਸੀਰੀਆ ਵਰਗੀ ਜਾਂ ਉਸ ਤੋਂ ਵੀ ਭਿਅੰਕਰ ਜੰਗ ‘ਚ ਧੱਕਣ ਤੋਂ ਗੁਰੇਜ਼ ਨਹੀਂ ਕਰਨਗੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements