ਮੋਦੀ ਦੇ “ਗੁਜ਼ਰਾਤ ਮਾਡਲ” ਦਾ ਸੱਚ ਬਿਆਨ ਕਰਦੀ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਭੜਕੀ ਹਿੰਸਾ •ਸਤਪਾਲ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਕੁੱਝ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਜਰਾਤ ’ਚ ਰਹਿੰਦੇ ਪ੍ਰਵਾਸੀ ਮਜ਼ਦੂਰ ਗੁਜਰਾਤ ਛੱਡ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਏ। ਇਸ ਦੌਰਾਨ ਸੋਸ਼ਲ ਮੀਡੀਆ ਅਤੇ ਟੀ.ਵੀ ਮੀਡੀਆ ਉੱਤੇ ਅਜਿਹੀਆਂ ਤਸਵੀਰਾਂ ਅਤੇ ਵੀਡਿਓ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਗੁਜਰਾਤੀ ਲੋਕਾਂ ਦੀ ਭੀੜ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਰਹੀ ਹੈ, ਕਮਰਿਆਂ ਵਿੱਚੋਂ ਉਹਨਾਂ ਦਾ ਸਮਾਨ ਬਾਹਰ ਸੁੱਟਿਆ ਜਾ ਰਿਹਾ, ਉਹਨਾਂ ਨਾਲ਼ ਕੁੱਟ-ਮਾਰ ਕੀਤੀ ਜਾ ਰਹੀ ਹੈ ਅਤੇ ‘ਗੁਜਰਾਤ ਸਿਰਫ ਗੁਜ਼ਰਾਤੀਆਂ ਲਈ’ ਦੇ ਨਾਰੇ ਲਾਉਂਦੇ ਹੋਏ ਉਹਨਾਂ ਨੂੰ ਗੁਜਰਾਤ ਛੱਡ ਕੇ ਆਪਣੇ ਘਰਾਂ ਨੂੰ ਪਰਤ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਗੁਜਰਾਤ ਵਿੱਚ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਭੜਕੀ ਇਹ ਹਿੰਸਾ 28 ਸੰਤਬਰ ਨੂੰ ਗੁਜਰਾਤ ਦੇ ਸਾਬਰਕੰਠ ਜ਼ਿਲੇ੍ਹ ਵਿੱਚ ਇੱਕ 14 ਸਾਲ ਦੀ ਬੱਚੀ ਨਾਲ਼ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਗਿ੍ਰਫ਼ਤਾਰੀ ਤੋਂ ਬਾਅਦ ਗੁਜਰਾਤ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਇੱਕ ਨਫ਼ਰਤ ਭਰੀ ਮੁਹਿੰਮ ਦੇ ਰੂਪ ਵਿੱਚ ਸ਼ੁਰੂ ਹੋਈ। ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡਿਓ ਵਾਇਰਲ ਹੁੰਦਾ ਹੈ ਜਿਸ ਵਿੱਚ ਗੁਜਰਾਤੀ ਲੋਕਾਂ ਦੀ ਇੱਕ ਭੀੜ ਪ੍ਰਵਾਸੀ ਮਜ਼ਦੂਰਾਂ ਨੂੰ ਅਗਲੇ ਦਿਨ ਤੱਕ ਗੁਜਰਾਤ ਛੱਡ ਕੇ ਚਲੇ ਜਾਣ ਲਈ ਧਮਕਾਉਂਦੀ ਨਜ਼ਰ ਆਉਂਦੀ ਹੈ ਅਤੇ ਅਗਲੇ ਦਿਨਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣ ਲੱਗੇ। ਕਈ ਥਾਵਾਂ ਉੱਤੇ ਸਥਾਨਕ ਲੋਕਾਂ ਦੀ ਭੀੜ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ ਵਾਲ਼ੇ ਇਲਾਕਿਆਂ ਵਿੱਚ ਹਮਲੇ ਕੀਤੇ ਗਏ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ ਉਹਨਾਂ ਨੂੰ ਕੁੱਟਿਆ-ਮਾਰਿਆ ਗਿਆ ਅਤੇ ਜ਼ਖਮੀ ਕੀਤਾ ਗਿਆ। ਪ੍ਰਵਾਸੀ ਮਜ਼ਦੂਰਾਂ ਨਾਲ਼ ਹਿੰਸਾ ਦੀਆਂ ਇਹ ਘਟਨਾਵਾਂ ਸਾਬਰਕੰਠ, ਪਤਨ, ਮਹਿਸਾਨਾ, ਗਾਂਧੀਨਗਰ ਅਤੇ ਅਰਾਵਲੀ ਜ਼ਿਲਿ੍ਹਆਂ ਵਿੱਚ ਹੋਈਆਂ। ਗੁਜਰਾਤ ਭਾਰਤ ਦਾ ਇੱਕ ਸੱਨਅਤੀ ਸੂੁਬਾ ਹੈ ਅਤੇ ਇਸ ਨੂੰ ਭਾਰਤ ਦੀ ‘ਪੈਟ੍ਰੋਲਿਅਮ ਰਾਜਧਾਨੀ’ ਵੀ ਕਿਹਾ ਜਾਂਦਾ ਹੈ। ਪੈਟ੍ਰੋਲ ਤੋਂ ਇਲਾਵਾ ਗੁਜਰਾਤ ਵਿੱਚ ਹੀਰਿਆਂ ਅਤੇ ਸੂਤੀ ਕਪੜੇ ਦੀ ਵੱਡੀ ਸੱਨਅਤ ਹੈ। ਗੁਜ਼ਰਾਤ ਦੀ ਆਰਥਕਿਤਾ ਮੁੱਖ ਰੂਪ ਵਿੱਚ ਇਹਨਾਂ ਸੱਨਅਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਉੱਤੇ ਟਿਕੀ ਹੋਈ ਹੈ ਜੋ ਕਿ ਬਿਹਾਰ, ਉੱਤਰ-ਪ੍ਰਦੇਸ਼ ਅਤੇ ਮੱਧ-ਪ੍ਰਦੇਸ਼ ਜਿਹੇ ਖੇਤੀ ਪ੍ਰਧਾਨ ਸੂਬਿਆਂ ਤੋਂ ਇੱਥੇ ਕੰਮ ਕਰਨ ਆਉਂਦੇ ਹਨ। ਇਤਿਹਾਸਕ ਤੌਰ ’ਤੇ ਵੀ ਭਾਰਤ ਦੀ ਆਰਥਕਿਤਾ ਦਾ ਕੇਂਦਰ ਹੋਣ ਕਾਰਨ ਪਿਛਲੀਆਂ ਕਈ ਸਦੀਆਂ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਗੁਜਰਾਤ ਵਿੱਚ ਪ੍ਰਵਾਸ ਕਰਦੇ ਰਹੇ ਹਨ। ਗੁਜਰਾਤ ਵਿੱਚ ਰਹਿੰਦੇ ਬੋਧੀ ਅਤੇ ਪਾਰਸੀ ਸਮੂਹਾਂ ਦੇ ਲੋਕ ਗੁਜਰਾਤ ਦੀ ਇਸ ਸਦੀਆਂ ਪੁਰਾਣੀ ਪ੍ਰਵਾਸ ਦੀ ਵਿਰਾਸਤ ਦੇ ਗਵਾਹ ਹਨ। ਪਰ ਧਰਮਾਂ-ਜਾਤਾਂ ਅਤੇ ਸੱਭਿਆਚਾਰ ਦੇ ਵਖਰੇਵੇਂ ਕਾਰਨ ਭਾਰਤ ਦਾ ਇਹ ਸੂਬਾ ਅਜ਼ਾਦੀ ਤੋਂ ਬਾਅਦ ਇੱਥੋਂ ਦੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਵੀ ਵਰਤਿਆ ਜਾਂਦਾ ਰਿਹਾ ਹੈ ਅਤੇ ਇੱਥੇ ਹਿੰਦੂ-ਮੁਸਲਮਾਨ ਦੰਗਿਆਂ ਦਾ ਵੀ ਆਪਣਾ ਇੱਕ ਪੁਰਾਣਾ ਇਤਿਹਾਸ ਹੈ। 2014 ਦੀਆਂ ਚੋਣਾਂ ਵੇਲੇ ਆਪਣੇ ਇਸੇ ਹੀ ਕਿਸਮ ਦੇ ਅਖੌਤੀ ‘ਗੁਜਰਾਤ ਮਾਡਲ’ ਦੇ ਸੁਫਨੇ ਵਿਖਾ ਕੇ ਭਾਰਤ ਦੇ ਮੌਜੂਦਾ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ। ਪਰ ਅੱਜ ਮੋਦੀ ਦੇ ਸੱਤ੍ਹਾ ਵਿੱਚ ਆਏ ਨੂੰ 4 ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ ਨਾ ਤਾਂ ਕਿਸੇ ਨੂੰ ਗੁਜਰਾਤ ਮਾਡਲ ਨਜ਼ਰ ਆਇਆ ਹੈ ਅਤੇ ਨਾ ਹੀ ਉਹ ‘ਚੰਗੇ ਦਿਨ’ ਜਿਨ੍ਹਾਂ ਦੀ ਧੁਨ ਭੋਲੇ-ਭਾਲੇ ਲੋਕਾਂ ਨੂੰ ਚਾਰਾ ਪਾਉਣ ਲਈ ਮੋਦੀ ਆਪਣੇ ਭਾਸ਼ਣਾਂ ਵਿੱਚ ਖੂਬ ਗੁਣਗੁਣਾਂਦਾ ਸੀ। ਖੈਰ ਆਪਾਂ ਵਿਸ਼ੇ ਵੱਲ ਆਉਂਦੇ ਹਾਂ। ਮਜ਼ਦੂਰਾਂ ਦੇ ਪ੍ਰਵਾਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਹਿੰਸਾਂ ਦੀਆਂ ਖ਼ਬਰਾਂ ਝੂਠੀਆਂ ਹਨ ਅਤੇ ਇਹ ਲੋਕ ਨਵਰਾਤਰੀ, ਦਿਵਾਲੀ ਜਾਂ ਛੱਠ ਪੂਜਾ ਜਿਹੇ ਤਿਉਹਾਰਾਂ ਲਈ ਆਪਣੇ ਘਰਾਂ ਨੂੰ ਜਾ ਰਹੇ ਹਨ। ਪਰ ਇਹਨਾਂ ਮਜ਼ਦੂਰਾਂ ਦਾ ਗੁਜ਼ਾਰਾ ਹਰ ਰੋਜ਼ ਫੈਕਟਰੀ ਵਿੱਚ ਕੀਤੇ ਗਏ ਕੰਮ ਦੀ ਦਿਹਾੜੀ ’ਤੇ ਚੱਲਦਾ ਹੈ। ਇਹਨਾਂ ਮਜ਼ਦੂਰਾਂ ਲਈ ਗੁਜ਼ਾਰੇ ਦਾ ਹੋਰ ਕੋਈ ਸਾਧਨ ਨਹੀਂ ਹੈ ਅਤੇ ਹਰ ਰੋਜ਼ ਫੈਕਟਰੀ ਵਿੱਚ ਪੂਰੇ ਕੀਤੇ ਗਏ ਪੀਸ ਰੇਟ ਦੇ ਹਿਸਾਬ ’ਤੇ ਮਿਲ਼ਣ ਵਾਲ਼ੀ ਦਿਹਾੜੀ ਨਾਲ਼ ਹੀ ਇਹਨਾਂ ਦਾ ਗੁਜ਼ਾਰਾ ਚੱਲਦਾ ਹੈ ਇਹਨਾਂ ਨੂੰ ਜਿਉਂਦੇ ਰਹਿਣ ਲਈ ਹਰ ਰੋਜ਼ ਕੰਮ ਕਰਨਾ ਪੈਂਦਾ ਹੈ ਅਤੇ ਇੱਕ ਦਿਨ ਦੀ ਦਿਹਾੜੀ ਤੋੜਨੀ ਇਹਨਾਂ ਲਈ ਬਹੁਤ ਵੱਡੀ ਮੁਸੀਬਤ ਦੀ ਗੱਲ ਹੁੰਦੀ ਹੈ। ਤਾਂ ਫਿਰ ਇਹ ਮਜ਼ਦੂਰ ਤਿਉਹਾਰਾਂ ਤੋਂ ਮਹੀਨਾ ਪਹਿਲਾਂ ਹੀ ਕਿਉਂ ਕੰਮ ਬੰਦ ਕਰਕੇ ਜਾ ਰਹੇ ਹਨ ਅਤੇ ਦੂਜੀ ਗੱਲ ਪੁਲਿਸ ਵੱਲੋਂ ਹਿੰਸਾ ਸਬੰਧੀ ਜੋ ਗਿ੍ਰਫਤਾਰੀਆਂ ਹੋਈਆਂ ਹਨ ਉਹਨਾਂ ਦਾ ਕੀ ਮਤਲਬ ਹੈ? ਇੱਥੇ ਸੱਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਆਖਰਕਾਰ 14 ਸਾਲ ਦੀ ਕੁੜੀ ਨਾਲ਼ ਹੋਈ ਬਲਾਤਕਾਰ ਦੀ ਘਟਨਾ ਗੁਜ਼ਰਾਤ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਨਫਰਤ ਦੀ ਮੁਹਿੰਮ ਵਿੱਚ ਕਿਵੇਂ ਬਦਲ ਗਈ। ਭਾਜਪਾ ਵੱਲੋਂ ਕਾਂਗਰਸ ਦੇ ਐਮ.ਐਲ.ਏ ਅਪਲੇਸ਼ ਠਾਕੁਰ ’ਤੇ ਹਿੰਸਾ ਭੜਕਾਉਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਅਪਲੇਸ਼ ਠਾਕੁਰ ਗੁਜ਼ਰਾਤ ’ਚ ਇੱਕ ਦਲਿਤ ਨੇਤਾ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ 28 ਸੰਤਬਰ ਨੂੰ ਜਿਸ ਕੁੜੀ ਨਾਲ਼ ਬਲਾਤਕਾਰ ਹੋਇਆ ਉਹ ਠਾਕੁਰ ਸਮਾਜ ਵਿੱਚੋਂ ਸੀ ਅਤੇ ਅਪਲੇਸ਼ ਠਾਕੁਰ ਜੋ ਕਿ ‘ਕਸ਼ਤਰੀਆ ਠਾਕੁਰ ਸੇਨਾ’ (ਜਿਸਦੀ ਮੈਂਬਰਸ਼ਿੱਪ ਤਕਰੀਬਨ 7 ਲੱਖ ਹੈ) ਦੇ ਪ੍ਰਧਾਨ ਹਨ ਵੱਲੋਂ ਬਦਲਾ ਲੈਣ ਦੀ ਭਾਵਨਾ ਨਾਲ਼ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਇਹ ਹਿੰਸਾ ਭੜਕਾਈ ਗਈ। ਇਹ ਉਹੀ ਅਪਲੇਸ਼ ਠਾਕੁਰ ਹੈ ਜੋ ਕਿ 2014 ਦੀਆਂ ਚੋਣਾਂ ਵੇਲੇ ਹਾਰਦਿਕ ਪਟੇਲ ਦੀ ਅਗਵਾਈ ਵਿੱਚ ਚੱਲੇ ਪਾਟੀਦਾਰ ਅੰਦੋਲਨ ਵਿੱਚ ਸ਼ਾਮਲ ਸੀ ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਸੀ। ਆਪਣੇ ’ਤੇ ਲੱਗੇ ਇਹਨਾਂ ਇਲਜ਼ਾਮਾਂ ਬਾਰੇ ਅਪਲੇਸ਼ ਨੇ ਕਿਹਾ ਕਿ ਇਹ ਵਿਰੋਧੀ ਧਿਰ ਦੀ ਸਾਜਿਸ਼ ਹੈ ਉਹ ਗਰੀਬਾਂ ਦਾ ਸੇਵਕ ਹੈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਭਰਾ ਮੰਨਦਾ ਹੈ। ਪਰ ਇਸੇ ਹੀ ਸਮੇਂ ਅਪਲੇਸ਼ ਠਾਕੁੁਰ ਦੀ ਇੱਕ ਹੋਰ ਵੀਡਿਓ ਸਾਹਮਣੇ ਆਈ ਜਿਸ ਵਿੱਚ ਉਹ ਆਪਣੇ ਭਾਸ਼ਣ ਵਿੱਚ ਪ੍ਰਵਾਸੀ ਮਜ਼ਦੂਰਾਂ ਬਾਰੇ ਕਹਿੰਦਾ ਹੈ ਕਿ ਉਹ ਗੁਜ਼ਰਾਤ ਵਿੱਚ ਆ ਕੇ ਗੁੰਡਾਗਰਦੀ ਕਰਦੇ ਨੇ, ਪਿੰਡਾਂ ਵਿੱਚ ਲੋਕਾਂ ਨੂੰ ਮਾਰਦੇ ਨੇ, ਉਹਨਾਂ ਦੇ ਆਉਣ ਨਾਲ਼ ਗੁਜ਼ਰਾਤ ਵਿੱਚ ਅਪਰਾਧ ਵਧੇ ਹਨ ਅਤੇ ਉਹ ਗੁਜ਼ਰਾਤੀ ਲੋਕਾਂ ਦਾ ਰੁਜ਼ਗਾਰ ਖੋਹ ਲੈਂਦੇ ਹਨ ਜਿਸ ਕਾਰਨ ਇੱਥੇ ਬੇਰੁਜ਼ਗਾਰੀ ਫੈਲਦੀ ਹੈ। ਅੱਗੇ ਉਹ ਕਹਿੰਦਾ ਹੈ ਕਿ ਗੁਜ਼ਰਾਤ ਵਿੱਚ ਰੁਜ਼ਗਾਰ ਉੱਤੇ ਸਿਰਫ ਗੁਜ਼ਰਾਤੀ ਲੋਕਾਂ ਦਾ ਹੱਕ ਹੈ ਅਤੇ ਗੁਜ਼ਰਾਤੀ ਲੋਕ ਉਹਨਾਂ ਨੂੰ ਗੁਜ਼ਰਾਤ ਵਿੱਚੋਂ ਖਦੇੜਨ ਲਈ ਤਿਆਰ ਹਨ। ਦਰਅਸਲ ਗੁਜ਼ਰਾਤ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ਼ ਹੋਈ ਹਿੰਸਾ ਦੀ ਇਸ ਘਟਨਾ ਨੂੰ ਭਾਰਤ ਦੇ ਮੌਜੂਦਾ ਸਿਆਸੀ-ਆਰਥਿਕ ਹਾਲਤਾਂ ਦੇੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਅੱਜ ਗੁਜ਼ਰਾਤ ਵਿੱਚ ਜੋ ਹੋਇਆ ਹੈ ਉਹ ਇਹਨਾਂ ਹੀ ਸਿਆਸੀ-ਆਰਥਿਕ ਹਾਲਤਾਂ ਦੀ ਕੁੱਖ ਵਿੱਚ ਪਲ਼ ਰਹੇ ਉਸ ਭਰੂਣ ਦਾ ਇੱਕ ਪ੍ਰਗਟਾਵਾ ਸੀ ਜੋ ਕਿ ਭਵਿੱਖ ਵਿੱਚ ਇਸ ਤੋਂ ਕਈ ਗੁਣਾ ਵੱਧ ਭਿੰਅਕਰ ਰੂਪ ਲੈ ਸਕਦਾ ਹੈ। ਅੱਜ ਸਾਰੇ ਸੰਸਾਰ ਦੇ ਨਾਲ਼-ਨਾਲ਼ ਭਾਰਤ ਵੀ ਆਰਥਕ ਸੰਕਟ ’ਚੋਂ ਲੰਘ ਰਿਹਾ ਹੈ। ਅੱਜ ਜਦੋਂ ਆਰਥਿਕਤਾ ਵਿੱਚ ਖੜੌਤ ਨਾਲ਼ ਵੱਡੇ-ਵੱਡੇ ਸਰਮਾਏਦਾਰਾਂ ਦੇ ਕਰੋੜਾਂ ਦੇ ਬੈਂਕ ਘਪਲੇ ਸਾਹਮਣੇ ਆ ਰਹੇ ਹਨ ਅਤੇ ਮੋਦੀ ਸਰਕਾਰ ਸਰਮਾਏਦਾਰਾਂ ਦੇ ਮੁਨਾਫਿਆਂ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਉਹ ਚਾਹੇ ਨੋਟਬੰਦੀ ਹੋਵੇ, ਡਿਜ਼ੀਟਲ ਇੰਡੀਆ ਜਿਹੀਆਂ ਮੁਹਿੰਮਾਂ ਹੋਣ ਜਾਂ ਫਿਰ ਸਿੱਧੇ-ਸਿੱਧੇ ਰਾਫ਼ੇਲ ਜਿਹੇ ਘੋਟਾਲ਼ੇ ਅਤੇ ਇਹ ਸਾਰਾ ਕੁੱਝ ਉਹ ਆਮ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰ ਕੇ ਕਰ ਰਹੀ ਹੈ। ਸਰਕਾਰ ਮੰਹਿਗਾਈ ਤੋਂ ਲੈ ਕੇ ਰੁਜ਼ਗਾਰ ਤੱਕ ਹਰ ਖੇਤਰ ਵਿੱਚ ਫੇਲ ਹੋ ਰਹੀ ਹੈ। ਲੋਕਾਂ ਤੇ ਖਾਸਕਰ ਨੌਜਵਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਲਗਾਤਾਰ ਬੇ-ਭਰੋਸਗੀ ਵਧਦੀ ਜਾ ਰਹੀ ਹੈ। 2019 ਦੀਆਂ ਚੋਣਾਂ ਜਿੱਤਣ ਲਈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ ਉੱਥੇ ਹੀ ਭਾਜਪਾ ਵੀ ਇਸ ਸੁਨਹਿਰੀ ਮੌਕੇ ਨੂੰ ਹੱਥਾਂ ਵਿੱਚੋਂ ਜਾਣ ਨਹੀਂ ਦੇਵੇਗੀ। ਪਰ ਲੋਕ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਚੁਣਨ ਇਸ ਲਈ ਜ਼ਰੂਰੀ ਹੈ ਕਿ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਦੇ ਚੇਤਿਆਂ ਵਿੱਚੋਂ ਕੱਢਿਆ ਜਾਵੇ ਅਤੇ ਲੋਕਾਂ ਵਿੱਚ ਸਰਕਾਰ ਨੂੰ ਲੈ ਕੇ ਫੈਲੀ ਬੇ-ਭਰੋਸਗੀ ਅਤੇ ਗੁੱਸੇ ਨੂੰ ਕਿਸੇ ਹੋਰ ਪਾਸੇ ਲਾਇਆ ਜਾਵੇ ਅਤੇ ਇਤਿਹਾਸ ਇਹ ਦਿਖਾਉਂਦਾ ਹੈ ਕਿ ਲੋਕਾਂ ਦੇ ਚੇਤਿਆਂ ਵਿੱਚੋਂ ਸਰਕਾਰ ਦੀਆਂ ਨਾਕਾਮੀਆਂ ਨੂੰ ਕੱਢਣ ਲਈ ਲੋਕਾਂ ਨੂੰ ਆਪਸ ਵਿੱਚ ਲੜਾ ਦੇਣ ਨਾਲ਼ੋਂ ਵਧੀਆ ਢੰਗ ਹੋਰ ਕੋਈ ਨਹੀਂ ਹੋ ਸਕਦਾ ਅਤੇ 1992 ਦਾ ਬਾਬਰੀ-ਮਸਜ਼ਿਦ ਕਾਂਡ ਤੇ 2002 ਦੇ ਗੁਜ਼ਰਾਤ ਦੰਗਿਆਂ ਨੇ ਪਹਿਲਾਂ ਹੀ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੂੰ ਇਸ ਵਿੱਚ ਮੁਹਾਰਤ ਹਾਸਲ ਹੈ। ਇਸੇ ਹੀ ਸੰਦਰਭ ਵਿੱਚ ਜੇਕਰ ਗੁਜ਼ਰਾਤ ਨੂੰ ਵੇਖਿਆ ਜਾਵੇ ਤਾਂ ਮੋਦੀ ਦਾ ਖਿਆਲੀ ਗੁੁਜ਼ਰਾਤ ਮਾਡਲ ਵਿਕਾਸ ਦਾ ਨਹੀਂ ਸਗੋਂ ਤਬਾਹੀ ਦਾ ਮਾਡਲ ਹੈ। ਜੇਕਰ ਗੁਜ਼ਰਾਤ ਦੀ ਸਮਾਜਕ-ਆਰਥਿਤ ਹਾਲਤਾਂ ਦੀ ਗੱਲ ਕਰੀ ਜਾਵੇ ਤਾਂ ਇਹ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਭੈੜੀ ਹੀ ਹੈ। ਜੇਕਰ ਗਰੀਬੀ ਦੀ ਗੱਲ ਕਰੀ ਜਾਵੇ ਤਾਂ ਗੁਜ਼ਰਾਤ ਦੀ ਹਾਲਤ ਹੈਤੀ ਜਾਂ ਜਿੰਬਾਬੇ ਜਿਹੇ ਸੰਸਾਰ ਦੇ ਸੱਭ ਤੋਂ ਵੱਧ ਗਰੀਬ ਮੁਲਕਾਂ ਤੋਂ ਵੀ ਭੈੜੀ ਹੈ। ਗੁਜ਼ਰਾਤ ਵਿੱਚ ਪ੍ਰਤੀ ਵਿਅਕਤੀ ਆਮਦਨ ਸਿਰਫ 1338 ਰੁਪਏ ਮਹੀਨਾ ਹੈ। ਸਿਹਤ ਖੇਤਰ ਦਾ ਇਹ ਹਾਲ ਹੈ ਕਿ ਗੁਜ਼ਰਾਤ ਵਿੱਚ ਹਰ ਦੂਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਅਤੇ ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ 1 ਲੱਖ ਲੋਕਾਂ ਪਿੱਛੇ ਸਿਰਫ 58 ਸਰਕਾਰੀ ਬੈਡ ਹਨ। ਜਿੱਥੋਂ ਤੱਕ ਬੇਰੁਜ਼ਗਾਰੀ ਦਾ ਸਵਾਲ ਹੈ ਤਾਂ ਸੂਬੇ ਵਿੱਚ ਇਸ ਸਮੇਂ ਲਗਭਗ 9 ਲੱਖ ਨੌਜਵਾਨ ਬੇਰੁਜ਼ਗਾਰ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੜੇ੍ਹ-ਲਿਖੇ ਨੌਜਵਾਨਾਂ ਦੀ ਹੈ। ਗੁਜ਼ਰਾਤ ਦਾ ਸਮਾਜਿਕ ਮਾਹੋਲ ਵੀ ਲੋਕਾਂ ਵਿੱਚ ਧਰਮ-ਜਾਤ ਨੂੰ ਲੈ ਕੇ ਬਣੇ ਮੱਧ-ਯੁੱਗੀ ਤੁਅਸਬਾਂ ਨਾਲ਼ ਜ਼ਹਿਰੀਲਾ ਹੋੋਇਆ ਪਿਆ ਹੈ। ਇੱਕ ਗੈਰ ਸਰਕਾਰੀ ਸੰਸਥਾਂ ਦੇ ਅੰਕੜਿਆ ਮੁਤਾਬਿਕ ਗੁਜ਼ਰਾਤ ਦੇ 98 ਫੀਸਦੀ ਪਿੰਡਾਂ ਵਿੱਚ ਇਸ ਤਰ੍ਹਾਂ ਦੀਆਂ ਕੁੱਝ ਪਬੰਦੀਆਂ ਹਨ ਜੋ ਦਖਾਉਂਦੀਆਂ ਹਨ ਕਿ ਉੱਥੇ ਦਲਿਤ ਅਤੇ ਗੈਰ-ਦਲਿਤ ਅਬਾਦੀ ਵਿੱਚ ਬਹੁਤ ਵੱਡਾ ਪਾੜਾ ਹੈ ਜਿਸ ਨੂੰ ਕਿ ਸਿਆਸੀ ਪਾਰਟੀਆਂ ਦੰਗਿਆਂ ਜਿਹੇ ਆਪਣੇ ਘਿਣਾਉਣੇ ਹੱਥ-ਕੰਢਿਆ ਲਈ ਵਰਤਦੀਆਂ ਹਨ-

1. ਕਿਸੇ ਵੀ ਇਲਾਕੇ ਵਿੱਚ ਦਲਿਤ ਅਤੇ ਗੈਰ-ਦਲਿਤ ਅਬਾਦੀ ਇਕੱਠੀ ਨਹੀਂ ਰਹਿ ਸਕਦੀ।

2. ਦਲਿਤਾਂ ਦਾ ਗੈਰ-ਦਲਿਤਾਂ ਦੇ ਬਰਤਨਾਂ ਨੂੰ ਛੁਹਣਾ ਮਨਾ ਹੈ।

3. ਦਲਿਤਾਂ ਨੂੰ ਗੈਰ-ਦਲਿਤਾਂ ਦੇ ਘਰਾਂ ਵਿੱਚ ਜਾਣ ਦੀ ਮਨਾਹੀ ਹੈ ਜਾਂ ਸਮੂਹਕ ਥਾਵਾਂ ’ਤੇ ਉਹਨਾਂ ਨੂੰ ਵੱਖਰੇ ਬਠਾਇਆ ਜਾਂਦਾ ਹੈ ਅਤੇ ਵੱਖਰੇ ਦਲਿਤ ਬਰਤਨ ਵਿੱਚ ਚਾਹ-ਪਾਣੀ ਦਿੱਤਾ ਜਾਂਦਾ ਹੈ।

4. ਪਿੰਡ ਵਿੱਚ ਕੋਈ ਵੀ ਦਲਿਤ ਵਿਅਕਤੀ ਪੰਚਾਇਤ ਦੇ ਬਰਾਬਰ ਕੁਰਸੀ ’ਤੇ ਨਹੀਂ ਬੈਠ ਸਕਦਾ, ਉਸ ਨੂੰ ਭੂੰਜੇ ਬੈਠਣਾ ਪੈਂਦਾ ਹੈ ਅਤੇ ਪਿੰਡ ਵਿੱਚ ਧਾਰਮਿਕ ਥਾਵਾਂ ’ਤੇ ਜਾਣ ਦੀ ਦਲਿਤਾਂ ਨੂੰ ਮਨਾਹੀ ਹੈ।

ਅੱਜ ਜਦੋਂ ਗੁਜ਼ਰਾਤ ਸਰਕਾਰ ਗੁਜ਼ਰਾਤ ਦੇ ਲੋਕਾਂ ਨੂੰ ਕੁੱਝ ਵੀ ਦੇਣ ਵਿੱਚ ਅਸਫਲ ਹੈ ਤਾਂ ਮੌਜੂਦਾ ਸਰਕਾਰ ਪ੍ਰਤੀ ਲੋਕਾਂ ਦੇ ਗੁੱਸੇ ਨੂੰ ਪ੍ਰਵਾਸੀ ਮਜ਼ਦੂਰਾਂ ਵੱਲ ਮੋੜ ਦਿੱਤਾ ਗਿਆ। ਪ੍ਰਵਾਸੀ ਮਜ਼ਦੂਰਾਂ ਨਾਲ਼ ਕੁੱਟ-ਮਾਰ ਕਰਦੇ ਹੋਏ ਅਤੇ ਉਹਨਾਂ ਨੂੰ ਗੁਜ਼ਰਾਤ ਛੱਡ ਕੇ ਚਲੇ ਜਾਣ ਦੀਆਂ ਧਮਕੀਆਂ ਦਿੰਦੇ ਹੋਏ ਗਲ਼ੀਆਂ ਵਿੱਚ ਵਹਿਸ਼ੀ ਭੀੜ ਦੇ ਰੂਪ ਵਿੱਚ ਫਿਰਦੇ ਇਹ ਉਹੀ ਗੁਜ਼ਰਾਤ ਦੇ ਨੌਜਵਾਨ ਹਨ ਜੋ ਕਿ ਬੇਰੁਜ਼ਗਾਰੀ ਨਾਲ਼ ਜੂਝ ਰਹੇ ਹਨ। ਬਲਾਤਕਾਰ ਦੀ ਘਟਨਾ ਨੂੰ ਕਿਵੇਂ ਝੂਠੀਆਂ ਅਫਵਾਹਾਂ ਜ਼ਰੀਏ ਹਿੰਸਾ ਵਿੱਚ ਬਦਲ ਦਿੱਤਾ ਗਿਆ ਇਹ ਭਾਜਪਾ ਆਗੂ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਪੂਰੀ ਤਰਾਂ ਸਪੱਸ਼ਟ ਹੋ ਜਾਂਦਾ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ “ਯੂ.ਪੀ ਚੋਣਾਂ ਦੌਰਾਨ ਸਾਡੇ ਕੋਲ 30 ਲੱਖ ਵਟਸ ਐਪ ਗਰੁੱਪ ਸਨ ਅਤੇ ਅਖਿਲੇਸ਼ ਵੱਲੋਂ ਮੁਲਾਇਮ ਦੇ ਥੱਪੜ ਮਾਰਨ ਦੀ ਅਫਵਾਹ ਫੈਲਾਈ ਗਈ। ਹੋ ਸਕਦਾ ਹੈ ਅਜਿਹਾ ਕੁੱਝ ਹੋਇਆ ਹੀ ਨਾ ਹੋਵੇ ਪਰ ਇਹ ਅਫਵਾਹ ਫੈਲੀ। ਅਫਵਾਹ ਫੈਲਾਉਣਾ ਗਲਤ ਹੈ ਪਰ ਅੱਜ ਹਰ ਕੋਈ ਇਸ ਤਰ੍ਹਾਂ ਕਰਦਾ ਹੈ ਅਤੇ ਕਰਨਾ ਵੀ ਪੈਂਦਾ ਹੈ।” ਗੁਜ਼ਰਾਤ ਦੀ ਘਟਨਾ ਵੀ ਕੁੱਝ ਇਸੇ ਤਰ੍ਹਾਂ ਹੀ ਘੱਟਦੀ ਹੈ। ਪਹਿਲਾਂ ਸਿਆਸੀ ਲੀਡਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਨਫ਼ਰਤ ਭਰੇ ਬਿਆਨ ਆਉਂਦੇ ਹਨ ਜਿਸ ਵਿੱਚ ਉਹਨਾਂ ਨੂੰ ਗੁਜ਼ਰਾਤੀ ਲੋਕਾਂ ਦੀਆਂ ਸਮੱਸਿਆਵਾਂ ਦੇ ਜ਼ਿੰਮੇਦਾਰ ਦੱਸਿਆ ਜਾਂਦਾ ਹੈ ਮਤਲਬ ਕਿ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਦਾ ਪੂਰਾ ਮਾਹੌਲ ਸਿਰਜਿਆ ਜਾਂਦਾ ਹੈ। ਫਿਰ ਇਸ ਬਲਾਤਕਾਰ ਦੀ ਘਟਨਾ ਤੋਂ ਬਾਅਦ ਇੱਕ ਵੀਡਿਓ ਵਿੱਚ ਗੁਜ਼ਰਾਤੀ ਲੋਕਾਂ ਦੀ ਇੱਕ ਭੀੜ ਪ੍ਰਵਾਸੀ ਮਜ਼ਦੂਰਾਂ ਨੂੰ ਗੁਜ਼ਰਾਤ ਵਿੱਚੋਂ ਚਲੇ ਜਾਣ ਦੀਆਂ ਧਮਕੀਆਂ ਦਿੰਦੇ ਦਿਖਾਇਆ ਜਾਂਦਾ ਹੈ, ਵਟਸ ਐਪ ’ਤੇ ਨਫ਼ਰਤ ਭਰੇ ਮੈਸਿਜ ਪਾਏ ਜਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦੇ ਹਮਲੇ ਹੁੰਦੇ ਹਨ, ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾਂਦਾ ਹੈ ਅਤੇ ਇਸ ਸਾਰੀ ਘਟਨਾ ’ਤੇ ਸਰਕਾਰ ਸਿਰਫ ਇਲਜ਼ਾਮ ਲਾਉਣ ਦੀ ਉਹੀ ਪੁਰਾਣੀ ਸਿਆਸਤ ਖੇਡਦੀ ਹੈ। ਮੋਦੀ ਰਾਜ ਵਿੱਚ ਇਸ ਤਰ੍ਹਾਂ ਦਾ ਇਹ ਨਾ ਤਾਂ ਪਹਿਲਾ ਮਾਮਲਾ ਹੈ ਨਾ ਅਖੀਰੀ। ਗਊ-ਰੱਖਿਆ ਦੇ ਨਾਂਅ ’ਤੇ ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਉੱਤੇ ਜ਼ਬਰ ਤੋਂ ਲੈ ਕੇ ਯੂ.ਪੀ ਵਿੱਚ ਭਾਜਪਾ ਦੇ ਯੋਗੀ ਦੀ ਅਗਵਾਈ ਵਿੱਚ ਚੋਣਾਂ ਦੇ ਮਾਹੌਲ ਵਿੱਚ ਲਗਾਤਾਰ ਧਰਮ-ਜਾਤ ਅਧਾਰਤ ਝੜਪਾਂ ਹੋ ਰਹੀਆਂ ਹਨ। ਅਜਿਹਾ ਨਹੀਂ ਹੈ ਕਿ ਭਾਜਪਾ ਤੋਂ ਪਹਿਲਾਂ ਕਦੇ ਕਿਸੇ ਸਿਆਸੀ ਪਾਰਟੀ ਨੇ ਫਿਰਕੂ ਹਿੰਸਾ ਨੂੰ ਆਪਣੇ ਸਿਆਸੀ ਹਿੱਤਾਂ ਲਈ ਨਹੀਂ ਵਰਤਿਆ। ਦਰਅਸਲ ਆਪਣੀ ਸਮਾਜਿਕ-ਆਰਥਕ ਬਣਤਰ ਕਾਰਨ ਭਾਰਤ ਅੰਗ੍ਰੇਜ਼ਾਂ ਦੇ ਸਮੇਂ ਤੋਂ ਹੁੱਣ ਤੱਕ ਲਗਾਤਾਰ ਸਿਆਸੀ ਹਿੱਤਾਂ ਲਈ ਹੁੰਦੇ ਧਰਮ ਅਤੇ ਜਾਤ ਅਧਾਰਿਤ ਹਿੰਸਾ ਦਾ ਘਰ ਰਿਹਾ ਹੈ। ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਅੰਗਰੇਜ਼ਾਂ ਤੋਂ ਮਿਲ਼ੀ ਧਰਮ-ਜਾਤ ਅਧਾਰਿਤ ਸਿਆਸਤ ਦੀ ਵਿਰਾਸਤ ਨੂੰ ਅੱਗੇ ਤੋਰਿਆ। ਪਰ ਪਿਛਲੇ ਕੁੱਝ ਸਮੇਂ ਤੋਂ ਭਾਜਪਾ ਦੇ ਸੱਤ੍ਹਾ ਵਿੱਚ ਆ ਜਾਣ ਤੋਂ ਬਾਅਦ ਲੋਕਾਂ ਨੂੰ ਧਰਮ-ਜਾਤ ਦੇ ਅਧਾਰ ’ਤੇ ਧਰੁਵੀਕਰਣ ਦੀ ਸਿਆਸਤ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਹੈ ਜੋ ਅਜ਼ਾਦੀ ਦੇ ਹੁੱਣ ਤੱਕ ਦੇ ਇਤਿਹਾਸ ਵਿੱਚ ਆਪਣੇ ਸੱਭ ਤੋਂ ਵੱਧ ਖਤਰਨਾਕ ਰੂਪਾਂ ਵਿੱਚ ਸਾਹਮਣੇ ਆ ਰਿਹਾ ਹੈ। ਕਿਉਂਕੀ ਭਾਜਪਾ ਦੂਜੀਆਂ ਸਿਆਸੀ ਪਾਰਟੀਆਂ ਵਾਂਗ ਰਸਮੀ ਸਿਆਸੀ ਪਾਰਟੀ ਹੋਣ ਤੋਂ ਵੱਧ ਰਾਸ਼ਟਰੀ ਸਵੈ ਸੇਵਕ ਸੰਘ ਜਿਹੇ (ਆਰ.ਐਸ.ਐਸ) ਇੱਕ ਅਜਿਹੀ ਜਥੇਬੰਦੀ ਦਾ ਹਿੱਸਾ ਹੈ ਜਿਸਦੀ ਕਿ ਹਿੰਦੂਵਾਦ ਦੇ ਰੂਪ ਵਿੱਚ ਆਪਣੀ ਇੱਕ ਵਿਚਾਰਧਾਰਾ ਹੈ ਅਤੇ ਮਨੂਸਿਮਿ੍ਰਤੀ ਦੇ ਰੂਪ ਵਿੱਚ ਜਮਹੂਰੀਅਤ ਅਤੇ ਹਿੰਦੂ ਕੌਮ ਦੇ ਰੂਪ ਵਿੱਚ ਦੇਸ਼ ਦੇ ਸੰਕਲਪ ਪ੍ਰਤੀ ਆਪਣੀ ਇੱਕ ਸਮਝ ਹੈ। ਭਾਜਪਾ ਦੇ ਸੱਤ੍ਹਾ ਵਿੱਚ ਆ ਜਾਣ ਤੋਂ ਬਾਅਦ ਉਹ ਤੇਜ਼ੀ ਨਾਲ਼ ਆਪਣੀ ਵਿਚਾਰਧਾਰਾ ਨੂੰ ਅਮਲ ਵਿੱਚ ਲਿਆ ਰਹੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ