‘ਮੋਦੀ ਅਧੀਨ ਭਾਰਤ ਇੱਕ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਹੈ’ : ਤਰਕਹੀਣਤਾ ਦੇ ਮਸਲੇ ‘ਤੇ ਉੱਘੇ ਇਤਿਹਾਸਕਾਰ ਪ੍ਰੋ. ਡੀ.ਐਨ.ਝਾਅ ਨਾਲ਼ ਤੀਸਤਾ ਸੀਤਲਵਾੜ ਦੀ ਗੱਲਬਾਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨਾਮੀ ਇਤਿਹਾਸਕਾਰ ਪ੍ਰੋ. ਡੀ.ਐੇਨ.ਝਾਅ ਇਸ ਸੰਕਲਪ ਨਾਲ਼ ਸਹਿਮਤ ਨਹੀਂ ਹਨ ਕਿ ਭਾਰਤੀਆਂ ਦਾ ਇੱਕ ਵੱਡਾ ਹਿੱਸਾ ਸ਼ਾਕਾਹਾਰੀ ਰਿਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸਲਾਮ ਦੀ ਆਮਦ ਤੋਂ ਬਹੁਤ ਪਹਿਲਾਂ ਹੀ ਇਥੇ ਲੋਕ ਬੀਫ ਖਾਂਦੇ ਸਨ। ਖਾਸ ਕਰਕੇ ਵੈਦਿਕ ਕਾਲ ‘ਚ ਇਹਦੀ ਵਰਤੋਂ ਕਾਫ਼ੀ ਸੀ। ਉਹਨਾਂ ਦੇ ਇਸ ਸੰਕਲਪ ਤੋਂ ਗੁੱਸੇ ਹੋਏ ਸੰਘ ਪਰਿਵਾਰ ਨੇ ਉਹਨਾਂ ਵਿਰੁੱਧ ਮੁਹਿੰਮ ਚਲਾ ਦਿੱਤੀ ਹੈ। ਪ੍ਰੋ. ਝਾਅ ਇਹ ਵੀ ਦੱਸਦੇ ਹਨ ਕਿ ਮੰਦਰਾਂ ‘ਤੇ ਜਿਹੜੇ ਹਮਲੇ ਹੋਏ ਉਹਨਾਂ ਪਿੱਛੇ ਹਮੇਸ਼ਾ ਧਾਰਮਿਕ ਮਕਸਦ ਨਹੀਂ ਰਿਹਾ। ਸਾਰੇ ਰਾਜਿਆਂ ਨੇ ਧਾਰਮਿਕ ਥਾਂਵਾਂ ‘ਤੇ ਵੱਖ-ਵੱਖ ਕਾਰਨਾਂ ਕਰਕੇ ਹਮਲੇ ਕੀਤੇ ਸਨ। ਹਿੰਦੂ ਰਾਜਿਆਂ ਨੇ ਕਈ ਬੁੱਧ ਵਿਹਾਰਾਂ ਨੂੰ ਢਾਹਿਆ ਅਤੇ ਉਥੋਂ ਧਨ ਲੁੱਟ ਕੇ ਮੰਦਰ ਉਸਾਰੇ… ਦਰਅਸਲ ਤਰਕ ਤੇ ਨਿਰਪੱਖ ਨਜ਼ਰੀਏ ਨਾਲ਼ ਹੀ ਇਤਿਹਾਸ ਦਾ ਅਧਿਐਨ ਕਰਨਾ ਚਾਹੀਦਾ ਹੈ।  

ਪੁਰਾਤਨ ਭਾਰਤ ਦੀ ਜੀਵਨਸ਼ੈਲੀ ਤੇ ਖਾਣ-ਪਾਣ ਦੀ ਰਵਾਇਤ ਬਾਰੇ ਇਤਿਹਾਸ ਦੇ ਸਰੋਤਾਂ ਤੋਂ ਤੁਸੀਂ ਜੋ ਅਧਿਐਨ ਕੀਤਾ ਹੈ …ਉਸਦੇ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਤੇ ਇਸਦੀ ਪਾਰਲੀਮਾਨੀ ਬ੍ਰਾਂਚ ਭਾਜਪਾ ਦੇ ਲੋਕਾਂ ਵਿਚਲੇ ਜੋ ਖਟਾਸ ਪੈਦਾ ਹੋਈ ਹੈ, ਉਸਦੇ ਪਿੱਛੇ ਅਸਲੀ ਕਾਰਨ ਕੀ ਹਨ? ਇਸ ਮਸਲੇ ‘ਚ ਤੁਹਾਨੂੰ ਕਿਹੜੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ?

ਉਹਨਾਂ ਨੇ (ਆਰ.ਐਸ.ਐਸ, ਵਿਹਿਪ, ਭਾਜਪਾ) ਮੇਰੇ ‘ਤੇ ਹਮਲਾ ਕੀਤਾ। ਮੈਨੂੰ ਧਮਕੀ ਦਿੱਤੀ ਅਤੇ 2001 ‘ਚ ਮੇਰੇ ‘ਤੇ ਮੁਕਦੱਮਾ ਵੀ ਦਰਜ ਕਰਵਾਇਆ। ਅਸਲ ‘ਚ ਉਹ ਚਾਹੁੰਦੇ ਹਨ ਕਿ ਭਾਰਤ ਨੂੰ ਇੱਕ ਸ਼ਾਕਾਹਾਰੀ ਦੇਸ਼ ਐਲਾਨਿਆ ਜਾਵੇ। ਕੁੱਝ ਲੋਕਾਂ ਦਾ ਸੁਝਾਅ ਵੀ ਸੀ ਕਿ ਗਊ ਨੂੰ ਇੱਕ ਕੌਮੀ ਪਸ਼ੂ ਦਾ ਦਰਜਾ ਦਿੱਤਾ ਜਾਵੇ। ਉਹਨਾਂ ਦਾ ਮੁੱਖ ਮਕਸਦ ਭਾਰਤ ਨੂੰ ਇੱਕ ਸ਼ਾਕਾਹਾਰੀ ਦੇਸ਼ ਐਲਾਨ ਕਰਨਾ ਹੈ ਪਰ ਇਤਿਹਾਸ ਦੇ ਤੱਥਾਂ ਨੂੰ ਦੇਖੇਏ ਤਾਂ ਇਹ ਗੱਲ ਝੂਠ ਸਾਬਿਤ ਹੁੰਦੀ ਹੈ। ਅੱਜ ਵੀ ਭਾਰਤੀਆਂ ਦਾ ਇੱਕ ਵੱਡਾ ਹਿੱਸਾ ਅਜਿਹਾ ਹੈ ਜਿਹੜਾ ਮਾਸਾਹਾਰੀ ਹੈ। ਕੇਰਲਾ, ਕਰਨਾਟਕਾ, ਬਿਹਾਰ, ਉਤੱਰ-ਪੂਰਬ ਦੇ ਸਾਰੇ ਰਾਜਾਂ ‘ਚ ਜੇਕਰ ਦੇਖਿਆ ਜਾਵੇ ਤਾਂ ਵਧੇਰੇ ਗਿਣਤੀ ‘ਚ ਮਾਸਾਹਾਰੀ ਹਨ ਜਿਹੜੇ ਅਪਣੀਆਂ ਸੱਭਿਆਚਾਰਕ ਆਦਤਾਂ ਪੱਖੋਂ ਹੀ ਮਾਸਾਹਾਰੀ ਹਨ। ਇਹਦੇ ਵਿੱਚ ਬ੍ਰਾਹਮਣ ਤੇ ਗੈਰ ਬ੍ਰਾਹਮਣ ਦੋਵੇਂ ਸ਼ਾਮਿਲ ਹਨ। ਇਸ ਲਈ ਇਹ ਕਹਿਣਾ ਗਲ਼ਤ ਹੈ ਕਿ ਭਾਰਤੀ ਅਤੇ ਭਾਰਤੀਆਂ ਦਾ ਬਹੁਤ ਵੱਡਾ ਹਿੱਸਾ ਸ਼ਾਕਾਹਾਰੀ ਰਿਹਾ ਹੈ। ਇਹ ਤਾਂ ਇੱਕ ਗੱਲ ਹੋਈ। ਦੂਜੀ ਗੱਲ ਦੇਖੀਏ ਤਾਂ ਗਊ ਵੀ ਭੋਜਨ ਸੱਭਿਆਚਾਰ ਦਾ ਇੱਕ ਹਿੱਸਾ ਹੈ। ਇਹਨਾਂ ਦਾ ਤਰਕ ਸਿਰਫ਼ ਇਸ ਬੁਨਿਆਦ ‘ਤੇ ਟਿਕਿਆ ਹੋਇਆ ਹੈ ਕਿ ‘ਗਊ ਤਾਂ ਸਾਡੀ ਮਾਤਾ ਹੇ ਜਿਸ ਕਰਕੇ ਨਾ ਇਹਨੂੰ ਮਾਰਿਆ ਜਾ ਸਕਦਾ ਤੇ ਨਾ ਹੀ ਖਾਇਆ ਜਾ ਸਕਦਾ ਹੈ।’

2001 ‘ਚ ਤੁਹਾਡੇ ‘ਤੇ ਜੋ ਹਮਲਾ ਹੋਇਆ ਉਸ ਤੋਂ ਬਾਅਦ ਹੈਦਰਾਬਾਦ ਦੀ ਅਦਾਲਤ ਨੇ ਤੁਹਾਡੇ ਕਿਤਾਬ ਦੋ  ਉੱਤੇ ਸਾਲਾਂ ਤੱਕ ਪ੍ਰਕਾਸ਼ਿਤ ਹੋਣ ਤੋਂ ਰੋਕ ਲਗਾ ਦਿੱਤੀ।  ਫਿਰ ਕਿਤਾਬ ਲੰਡਨ ‘ਚ ਪ੍ਰਕਾਸ਼ਿਤ ਹੋਈ। ਇਸ ਕਿਤਾਬ ਨੂੰ ਲੈ ਕੇ ਉਹਨਾਂ ਦਾ ਵਿਰੋਧ ਕਿਸ ਤਰ੍ਹਾਂ ਦਾ ਸੀ?  

ਇਸ ਕਿਤਾਬ ‘ਚ ਉਚੇਚੇ ਤੌਰ ‘ਤੇ ਇਹ ਦੱਸਿਆ ਹੈ ਕਿ ਭਾਰਤ ‘ਚ ਇਸਲਾਮ ਦੀ ਆਮਦ ਤੋਂ ਬਹੁਤ ਪਹਿਲਾਂ ਹੀ ਇਥੇ ਲੋਕ ਬੀਫ ਖਾਂਦੇ ਸਨ। ਇਹ ਉਹਨਾਂ ਨੂੰ ਚੁੱਭਿਆ ਕਿਉਂ ਜੋ ਸੰਘ ਪਰਿਵਾਰ ਦੇ ਸੰਕਲਪ ਦੀ ਬੁਨਿਆਦ ਹੀ ਇਸ ‘ਤੇ ਟਿਕੀ ਹੈ ਕਿ ਸਿਰਫ਼ ਮੁਸਲਮ ਹੀ ਬੀਫ਼ ਖਾਂਦੇ ਹਨ। ਅਸਲੀਅਤ ਤਾਂ ਇਹ ਹੈ ਕਿ ਇਸ ਉਪਮਹਾਂਦੀਪ ਵਿੱਚ ਇਸਲਾਮ ਦੇ ਆਉਣ ਤੋਂ ਬਹੁਤ ਪਹਿਲਾਂ ਹੀ ਬੀਫ  ਖਾਧਾ ਜਾਂਦਾ ਸੀ। ਖਾਸ ਕਰਕੇ ਵੈਦਿਕ ਕਾਲ਼ ‘ਚ ਇਹ ਵਧੇਰੇ ਖਾਧਾ ਜਾਂਦਾ ਸੀ। ਮੈਂ ਇਸ ਕਿਤਾਬ ‘ਚ ਸਾਰੇ ਤੱਥਾਂ ਨੂੰ ਪੇਸ਼ ਕਰਦੇ ਹੋਏ ਇਹੀ ਸਾਬਿਤ ਕੀਤਾ ਹੈ।

ਵੈਦਿਕ ਕਾਲ ‘ਚ ਬਲੀ ਪ੍ਰਥਾ ਆਮ ਸੀ ਤੇ ਯੱਗ ਦੌਰਾਨ ਲੋਕ ਪਸ਼ੂਆਂ ਦੀ ਬਲੀ ਦਿੰਦੇ ਸਨ ਜਿਸ ‘ਚ ਗਊ ਵੀ ਸ਼ਾਮਿਲ ਸੀ। ਰਿਸ਼ੀ ਯਾਘਵਲਕ ਨੇ ਨਰਮ ਗੋਸ਼ਤ ਲਈ ਪਸੰਦਗੀ ਜ਼ਾਹਿਰ ਕੀਤੀ ਸੀ। (ਤੇਤਰੀਏ ਬ੍ਰਾਹਮਣ ‘ਚ ਸਪੱਸ਼ਟ ਰੂਪ ‘ਚ ਲਿਖਿਆ ਹੈ – ਅਥੋ ਅੰਨ ਵਿਆ ਗੌ ਭਾਵ ਨਰਮ ਮਾਸ ਲੈ ਕੇ ਆਉ ਤੇ ਉਹਨਾਂ ਦੀ ਪਸੰਦ ਸਾਰੇ ਲੋਕ ਜਾਣਦੇ ਸਨ)। ਜਿਹੜੇ ਦਿਮਾਗ ਭਾਰਤ ਨੂੰ ਸ਼ਾਕਾਹਾਰੀ ਐਲਾਨਣਾ ਚਾਹੁੰਦੇ ਸਨ ਉਹ ਇਸ ਤੱਥ ਨੂੰ ਲੋਕਾਂ ਤੋਂ ਉਹਲੇ ਰੱਖਦੇ ਸਨ। ਇਸ ਖੋਜ ਤੋਂ ਬਾਅਦ ਮੇਰੇ ‘ਤੇ ਹਰ ਤਰ੍ਹਾਂ ਦੇ ਹਮਲੇ ਹੋਣ ਲੱਗੇ – ਸਰੀਰਕ ਹਮਲਾ ਵੀ ਹੋਇਆ ਤੇ ਮੇਰੇ ‘ਤੇ ਮੁਕਦੱਮਾ ਵੀ ਦਰਜ ਕਰਵਾਇਆ ਗਿਆ। ਪਰ ਉਹਨਾਂ ਦਾ ਇਹ ਯਤਨ ਕਾਮਯਾਬ ਨਹੀਂ ਹੋਇਆ।    

ਕੀ ਤੁਸੀਂ ਅਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੋ ਤੇ ਆਰ.ਐਸ.ਐਸ ਤੋਂ ਜਾਂ ਸਰਕਾਰ ਤੋਂ ਕੋਈ ਡਰ ਹੈ?

ਡਰ ਤੇ ਅਸੁਰੱਖਿਆ ਦੋਵੇਂ ਇੱਕਸਾਰ ਬਣੇ ਰਹਿੰਦੇ ਹਨ। ਬੀਤੇ ‘ਚ ਵੀ ਇਹਨਾਂ ਨੇ ਐੱਮ.ਐੱਫ.ਹੁਸੈਨ ਤੇ ਹੋਰ ਕਈਆਂ ‘ਤੇ ਹਮਲੇ ਕੀਤੇ ਸਨ।  

ਬੀਤੇ ਸਾਲ ਨਾਲੰਦਾ ਵਿਹਾਰ ‘ਤੇ ਅਲਾਉਦੀਨ ਖਿਲਜੀ ਦੇ ਹਮਲੇ ਬਾਰੇ ਅਰੁਣ ਜੇਟਲੀ ਦੀ ਦਿੱਤੀ ਗਈ ਵਿਆਖਿਆ ‘ਤੇ ਤੁਸੀਂ ਸਵਾਲ ਖੜ੍ਹਾ ਕੀਤਾ ਸੀ? ਤੁਹਾਡੀ ਇਸ ਕੋਸ਼ਿਸ਼ ਪਿੱਛੇ ਕੀ ਸਿਆਸਤ ਸੀ?

ਇੱਕ ਗੱਲ ਤਾਂ ਸਪਸ਼ਟ ਹੈ ਕਿ ਮੱਧ ਕਾਲ਼ ‘ਚ ਮੰਦਰਾਂ ‘ਤੇ ਬੁੱਧ ਵਿਹਾਰਾਂ ‘ਤੇ ਹਮਲੇ ਹੋਏ ਸਨ ਤੇ ਉਹਨਾਂ ਨੂੰ ਤਬਾਹ ਕੀਤਾ ਗਿਆ ਸੀ। ਮੈਂ ਦ੍ਰਿੜਤਾ ਨਾਲ਼ ਸਿਰਫ ਨਾਲੰਦਾ ਵਿਹਾਰ ‘ਤੇ ਅੱਲਾਉਦੀਨ ਖਿਲਜੀ ਦੇ ਹਮਲਾ ਕਰਨ ਦਾ ਖੰਡਨ ਕੀਤਾ ਹੈ ਕਿਉਂਕਿ ਇਹਦਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਮਿਲਦਾ ਜੋ ਸਾਬਿਤ ਕਰੇ ਕਿ ਉਹ ਨਾਲੰਦਾ ਗਿਆ ਸੀ। ਸ਼ਰਤੀਆ ਜੇਕਰ ਉਹ ਉੱਥੇ ਗਿਆ ਹੁੰਦਾ ਤਾਂ ਉਹਨੇ ਯੂਨੀਵਰਸਿਟੀ ‘ਤੇ ਵੀ ਧਾਵਾ ਬੋਲਣਾ ਸੀ। ਅੰਤ ਉਹ ਬਿਹਾਰ ਸ਼ਰੀਫ ਤਾਂ ਗਿਆ ਹੀ ਸੀ ਜਿਥੇ ਉਹਨੇ ਬੁੱਧ ਮੱਠਾਂ ਅਤੇ ਭਾਗਲਪੁਰ ਦੇ ਨੇੜਲੇ ਮੰਦਰਾਂ ‘ਤੇ ਹਮਲੇ ਕੀਤੇ। ਮੁਸਲਮ ਹਕੂਮਤ ਨੇ ਸਾਡੀਆਂ ਧਾਰਮਿਕ ਥਾਵਾਂ ਨੂੰ ਤਬਾਹ ਕੀਤਾ ਸੀ, ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹਾਂ। ਮੇਰੇ ਕਹਿਣ ਦਾ ਭਾਵ ਤਾਂ ਇਹ ਸੀ ਕਿ ਨਾਲੰਦਾ ਵਿਹਾਰ ਦੀ ਯੂਨੀਵਰਸਿਟੀ ਜੋ ਪੁਰਾਤਨ ਭਾਰਤੀ ਵਿਦਵਤਾ ਦਾ ਕੇਂਦਰ ਸੀ ਉਥੇ ਖਿਲਜੀ ਨੇ ਕਦੇ ਹਮਲਾ ਨਹੀਂ ਕੀਤਾ।

ਮੱਧਕਾਲੀਨ ਭਾਰਤ ‘ਚ ਧਾਰਮਿਕ ਥਾਵਾਂ ‘ਤੇ ਜਿਹੜੇ ਹਮਲੇ ਹੁੰਦੇ ਸਨ ਉਹਦੇ ਪਿੱਛੇ ਕੀ ਕਾਰਨ ਰਹੇ ਸਨ?  

ਉਸ ਦੌਰ ‘ਚ ਭਾਰਤ ਤੇ ਭਾਰਤ ਤੋਂ ਬਾਹਰ ਤੱਕ ਕਈ ਧਾਰਮਿਕ ਸੰਸਥਾਵਾਂ ਤੇ ਗਿਰਜਾਘਰਾਂ ਅਤੇ ਮਸਜਿਦਾਂ ‘ਤੇ ਵੀ ਹਮਲੇ ਹੋਏ। ਇਸ ਸੱਚਾਈ ਨੂੰ ਉਹਲੇ ਰੱਖਣ ਦੀ ਲੋੜ ਨਹੀਂ ਹੈ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਤਬਾਹੀ ਪਿੱਛੇ ਸਦਾ ਧਾਰਮਿਕ ਉਦੇਸ਼ ਨਹੀਂ ਰਹੇ। ਇਹਦੇ ਪਿੱਛੇ ਸਿਆਸੀ ਤੇ ਕੁੱਝ ਹੋਰ ਕਾਰਨ ਵੀ ਸਨ। ਇਸ ਗੁੰਝਲ ਨੂੰ ਸਮਝਣ ਦੀ ਲੋੜ ਹੈ। ਸੋਮਨਾਥ ਮੰਦਰ ‘ਤੇ ਜੋ ਹਮਲਾ ਹੋਇਆ ਸੀ ਅਸਲ ‘ਚ ਉਹਦਾ ਮਕਸਦ ਉਥੇ ਦੀ ਜਾਇਦਾਦ ‘ਤੇ ਕਬਜ਼ਾ ਕਰਨਾ ਸੀ। ਪਰ ਸਾਰੀਆਂ ਘਟਨਾਵਾਂ ਦਾ ਮਕਸਦ ਸਿਰਫ ਇਹੀ ਨਹੀਂ ਰਿਹਾ। ਆਮ ਤੌਰ ‘ਤੇ ਹਮਲਾਵਾਰ ਮੰਦਰ ‘ਚ ਸਥਾਪਿਤ ਕੁੱਲ ਦੇਵਤੇ ਦੀ ਮੂਰਤੀ ਨੂੰ ਤਬਾਹ ਕਰਨਾ ਚਾਹੁੰਦੇ ਸਨ ਕਿਉਂ ਜੋ ਇਲਾਕੇ ਦਾ ਰਾਜਾ ਕੁੱਲ ਦੇਵਤੇ ਨੂੰ ਪੂਜਦਾ ਸੀ ਤੇ ਕੁੱਲ ਦੇਵਤੇ ਨਾਲ ਹੀ ਰਾਜੇ ਨੂੰ ਜਾਇਜ਼ਤਾ ਮਿਲਦੀ ਸੀ। ਦੱਖਣ ਭਾਰਤ ‘ਚ ਸਾਨੂੰ ਅਜਿਹੀਆਂ ਕਈ ਮਿਸਾਲਾਂ ਮਿਲ ਜਾਣਗੀਆਂ ਜਿਥੇ ਹਮਲੇ ਦਾ ਕਾਰਨ ਉੱਥੇ ਦੀਆਂ ਮੂਰਤੀਆਂ ਹਾਸਲ ਕਰਨਾ ਸੀ। ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਏ ਕਿ ਮੁਸਲਮ ਰਾਜਿਆਂ ਨੇ ਹੀ ਨਹੀਂ ਸਗੋਂ ਹਿੰਦੂ ਰਾਜਿਆਂ ਨੇ ਵੀ ਇਹ ਰਣਨੀਤੀ ਅਪਣਾਈ ਸੀ। ਅਤੇ ਇਹਦੀ ਮਿਸਾਲ ਕਸ਼ਮੀਰ ਦੇ ਹਿੰਦੂ ਰਾਜੇ ਦੀ ਹਕੂਮਤ ‘ਚ ਦੇਖਿਆ ਜਾ ਸਕਦਾ ਹੈ। ਕਲਹਣ ਲਿਖਤ ‘ਰਾਜਤਰੰਗਿਣੀ’  ‘ਚ  ਸਬੂਤ ਮਿਲਦੇ ਹਨ ਕਿ ਹਿੰਦੂ ਰਾਜਿਆਂ ਦੁਆਰਾ ਬੁੱਧ ਵਿਹਾਰਾਂ ਨੂੰ ਤਬਾਹ ਕੀਤਾ ਗਿਆ। ਅਜਿਹੀਆਂ ਕਈ ਉਦਾਹਰਨਾਂ ਹਨ ਜਦੋਂ ਹਿੰਦੂ ਰਾਜਿਆਂ ਨੇ ਬੁੱਧ ਵਿਹਾਰਾਂ ਤੋਂ ਲੁੱਟੇ ਧਨ ਨਾਲ਼ ਮੰਦਰ ਉਸਾਰੇ ਸਨ। ਇਹਨਾਂ ਤੱਥਾਂ ਤੋਂ ਅਯੋਧਿਆ ਬਾਬਰੀ ਮਸਜਿਦ ਲਈ ਦਿੱਤੀ ਗਈ ਸੰਘੀਆਂ ਦੀ ਦਲੀਲ ਵੀ ਇਹਨਾਂ ਵਿਰੁੱਧ ਖੜ੍ਹੀ ਹੋ ਜਾਂਦੀ ਹੈ ਕਿਉਂਕਿ ਇਹਨਾਂ ਦੇ ਪ੍ਰਚਾਰ ਦਾ ਅਧਾਰ ਹੀ ਇਹ ਹੈ ਕਿ ਮੁਸਲਮਾਨਾ ਨੇ ਹੀ ਮੰਦਰਾਂ ਨੂੰ ਤਬਾਹ ਕੀਤਾ ਸੀ। ਅਸਲ ‘ਚ ਤਰਕ ਤੇ ਨਿਰਪੱਖ ਨਜ਼ਰੀਏ ਦੇ ਨਾਲ਼ ਇਤਿਹਾਸ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ।        

ਪ੍ਰੋ.ਝਾਅ ਅੱਜ ਅਸੀਂ ਪ੍ਰਧਾਨਮੰਤਰੀ ਤੋਂ ਲੈ ਕੇ ਸਰਕਾਰ ਦੇ ਮਹੱਤਵਪੂਰਨ ਅਹੁਦਿਆਂ ‘ਤੇ ਬੈਠੇ ਲੋਕਾਂ ਰਾਹੀਂ ਸੰਵਾਦ ਦਾ ਇੱਕ ਸਿਲਸਿਲਾ ਦੇਖ ਰਹੇ ਹਾਂ ਜਿਹੜਾ ਤਰਕਹੀਣ ਤੇ ਅਵਿਗਿਆਨਕ ਨਜ਼ਰੀਏ ਦੀ ਹਮਾਇਤ ਕਰਦਾ ਹੈ। ਮੈਂ ਉਚੇਚੇ ਤੌਰ ‘ਤੇ ਉਹਨਾਂ ਗੱਲਾਂ ਦਾ ਹਵਾਲਾ ਦੇਵਾਂਗੀ ਜਿਹਨਾਂ ਵਿੱਚ ਪੁਰਾਤਨ ਭਾਰਤ ਵਿੱਚ ਪਲਾਸਟਿਕ ਸਰਜਰੀ ਜਾਂ ਮਹਾਂਭਾਰਤ ਕਾਲ ਵਿੱਚ ਸਟੈਮ ਸੈੱਲ ਦੇ  ਪ੍ਰਮਾਣ ਜਾਂ ਹਵਾਈ ਜਹਾਜ਼ ਸੰਬੰਧੀ ਟੈਕਨੋਲੋਜੀ ਦੇ ਵਿਕਾਸ ਆਦਿ ਬਾਰੇ ਬਿਆਨ ਦਿੱਤੇ ਗਏ ਹਨ।  ਦੀਨਾ ਨਾਥ ਬੱਤਰਾ ਦੀਆਂ ਤਿਆਰ ਕੀਤੀਆਂ ਕਿਤਾਬਾਂ ਸਰਕਾਰੀ ਤੌਰ ਉੱਤੇ ਗੁਜਰਾਤ ਤੇ ਹਰਿਆਣਾ  ਦੇ ਸਕੂਲੀ ਕੋਰਸਾਂ  ਵਿੱਚ ਲਗਾਈਆਂ ਗਈਆਂ ਹਨ  ਜਿਸ ਨਾਲ਼ ਬੱਚਿਆਂ ਵਿੱਚ ਅਵਿਗਿਆਨਕ ਤੇ ਤਰਕਹੀਣ ਮਾਨਸਿਕਤਾ ਨੂੰ ਹਮਾਇਤ ਮਿਲ਼  ਰਹੀ ਹੈ। 21 ਵੀਂ ਸਦੀ ਵਿੱਚ ਭਾਰਤ ਦੀਆਂ ਭਾਵੀ ਪੀੜ੍ਹੀਆਂ ਲਈ ਇਹ ਕਿਸ ਹੱਦ ਤੱਕ ਖ਼ਤਰਨਾਕ ਹੋ ਸਕਦਾ ਹੈ?  

ਇਸ ਦਾ ਖਤਰਾ ਬਹੁਤ ਗੰਭੀਰ ਹੈ। ਮੇਰਾ ਮੰਨਣਾ ਹੈ ਕਿ ਮੋਦੀ ਦੀ ਹਕੂਮਤ ਵਿੱਚ ਭਾਰਤ ਇੱਕ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਹੈ। ਇਹਨੂੰ ਇੱਕ ਹਾਦਸਾ ਹੀ ਕਹਾਂਗੇ ਕਿ ਆਧੁਨਿਕ ਭਾਰਤ ਦਾ ਪ੍ਰਧਾਨਮੰਤਰੀ ਅਜਿਹੇ ਬਿਆਨ ਦੇਵੇ ਜਿਸ ਨਾਲ਼ ਅੰਧਵਿਸ਼ਵਾਸ ਅਤੇ ਤਰਕਹੀਣਤਾ ਨੂੰ ਜਾਇਜ਼ਤਾ ਮਿਲੇ। ਉਦਾਹਰਨ ਵਜੋਂ ਪ੍ਰਧਾਨਮੰਤਰੀ ਜੀ ਦਾ ਇਹ ਕਹਿਣਾ ਕਿ ਪਲਾਸਟਿਕ ਸਰਜਰੀ ਜਾਂ ਸਟੈਮ ਸੈੱਲ ਦੀ ਖੋਜ ਜਾਂ ਏਅਰਕਰਾਫਟ ਟੈਕਨੋਲੋਜੀ ਦਾ ਵਿਕਾਸ ਪੁਰਾਤਨ ਭਾਰਤ ‘ਚ ਹੀ ਹੋ ਚੁੱਕਿਆ ਸੀ। ਘੱਟੋ ਘੱਟ ਇੱਕ ਪ੍ਰਧਾਨਮੰਤਰੀ ਹੋਣ ਨਾਤੇ ਹੀ ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ਼ ਅੰਧਵਿਸ਼ਵਾਸ, ਤਰਕਹੀਣਤਾ ਅਤੇ ਅਗਿਆਨ ਨੂੰ ਉਤਸ਼ਾਹ ਮਿਲੇ। ਇਹਦੇ ਨਾਲ਼ ਇਤਿਹਾਸ ਨੂੰ ਸਮਝਣ ਦੇ ਸ੍ਰੋਤਾਂ ਤੇ ਤੱਥਾਂ ਦੀ ਥਾਂ ਸ਼ਰਧਾ ਤੇ ਤਰਕਹੀਣਤਾ ਨੂੰ ਮਿਲ ਜਾਂਦੀ ਹੈ। ਜੋ ਅੱਜ ਅਸੀਂ ਵੇਖ ਰਹੇ ਹਾਂ ਉਹ ਅਸਲ ਵਿੱਚ ਸ਼ਰਧਾ ਅਤੇ ਤਰਕ ਵਿਚਲਾ ਘੋਲ਼ ਹੈ।

ਸੰਘ ਪਰਿਵਾਰ ਇਤਿਹਾਸ ਦਾ ਜੋ ਸਬਕ ਪੜ੍ਹਾ ਰਿਹਾ ਹੈ, ਉਸ ਦੁਆਰਾ ਉਹਨਾਂ ਦੀ ਇੱਕ ਕੋਸ਼ਿਸ਼ ਇਹ ਵੀ ਹੈ ਕਿ ਵੇਦਾਂ, ਮਹਾਂਭਾਰਤ ਅਤੇ ਰਮਾਇਣ ਕਾਲ਼ ਨੂੰ ਹਜ਼ਾਰਾਂ ਨਹੀਂ ਤਾਂ ਘੱਟੋ ਘੱਟ ਕੁਝ ਸੌ ਸਾਲ ਪਿੱਛੇ ਧੱਕ ਦਿੱਤਾ ਜਾਵੇ ਤਾਂ ਜੋ ਭਾਰਤੀਆਂ ‘ਤੇ ਹਿੰਦੂ ਹੋਣ ਦਾ ਠੱਪਾ ਲੱਗ ਸਕੇ। ਅੱਜ ਰਾਜ ਮਸ਼ੀਨਰੀ ਦੀ ਗਲ਼ਤ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਤਰਕਹੀਣ ਇਤਿਹਾਸ ਦੇ ਸਬਕਾਂ ਨੂੰ ਮੁੜ ਤਿਆਰ ਕੀਤਾ ਜਾ ਸਕੇ। ਇਹਦਾ ਮੁਕਾਬਲਾ ਅਸੀਂ ਕਿਵੇਂ ਕਰ ਸਕਦੇ ਹਾਂ?      

ਰਾਸ਼ਟਰੀ ਸਵੈ ਸੇਵਕਸੰਘ ਅਤੇ ਸੰਘ ਪਰਿਵਾਰ ਇਹ ਪ੍ਰਚਾਰਦਾ ਹੈ ਕਿ ਇੱਥੇ ਦੇ ਮੂਲ ਨਿਵਾਸੀ ਹਿੰਦੂ ਹਨ ਤੇ ਮੁਸਲਿਮ ਹਮਲਾਵਰ ਹਨ ਜਾਂ ਬਾਹਰੋਂ ਆਏ ਲੋਕ ਹਨ। ਇਹਦੇ ਪਿੱਛੇ ਉਹਨਾਂ ਦਾ ਮਨਸ਼ਾ ਇਹੀ ਹੈ ਕਿ ਹਿੰਦੂਆਂ ਨੂੰ ਇੱਥੇ ਦੇ ਮੂਲ ਨਿਵਾਸੀ ਹੋਣ ਦਾ ਦਰਜਾ ਦਿੱਤਾ ਜਾਵੇ। ਇਸ ਲਈ ਇਹ ਉਹਨਾਂ ਲਈ ਲੋੜੀਂਦਾ ਹੈ ਕਿ ਵੇਦਾਂ ਨੂੰ ਬਹੁਤੇ ਪੁਰਾਤਨ ਦੌਰ ਦਾ ਪੇਸ਼ ਕੀਤਾ ਜਾਵੇ। ਜੇਕਰ ਅਮਰੀਕਾ ਦੀ ਗਲੋਬਲ ਹਿੰਦੂ ਫਾਉਂਡੇਸ਼ਨ ਦੀ ਵੈੱਬਸਾਈਟ ਨੂੰ ਦੇਖਿਆ ਜਾਵੇ ਤਾਂ ਉਥੇ ਹਿੰਦੂ ਸੱਭਿਅਤਾ 1 ਲੱਖ 18 ਹਜ਼ਾਰ ਸਾਲ ਪੁਰਾਣੀ ਦੱਸੀ ਗਈ ਹੈ ਜੋ ਹਿੰਦੂਆਂ ਨੂੰ ਇੱਥੇ ਦੇ ਮੂਲ ਨਿਵਾਸੀ ਸਿੱਧ ਕਰਨ ਦਾ ਹੀ ਯਤਨ ਹੈ।

ਆਮ ਲੋਕ ਅਜਿਹੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਿਵੇਂ ਕਰਨ?

ਅਸਲ ਵਿੱਚ ਅੱਜ ਸਮੁੱਚੇ ਰੂਪ ‘ਚ ਤਰਕਹੀਣਤਾ ਤੇ ਅਸਹਿਣਸ਼ੀਲਤਾ ਦਾ ਮਾਹੌਲ ਬਣਿਆ ਹੋਇਆ ਹੈ। ਲੇਖਕਾਂ ਨੇ ਜੋ ਆਵਾਜ਼ ਚੁੱਕੀ ਉਹਨੂੰ ਇੱਕ ਜਾਣ ਬੁੱਝ ਕੇ ਕੀਤਾ ਵਿਰੋਧ ਦੱਸਿਆ ਗਿਆ। ਕੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦਾ ਵਿਰੋਧ ਵੀ ਇਸੇ ਵਰਗ ਹੇਠ ਰੱਖਿਆ ਜਾਵੇਗਾ। ਵਿਰੋਧ ਦਾ ਵੀ ਇੱਕ ਅਪਣਾ ਮਹੱਤਵ ਹੁੰਦਾ ਹੈ। ਪਰ ਸਿਰਫ਼ ਵਿਰੋਧ ਕਰਨ ਨਾਲ ਵੀ ਕੋਈ ਫ਼ਰਕ ਨਹੀਂ ਪੈਣਾ। ਲਾਜ਼ਮੀ ਹੈ ਕਿ ਅਸੀਂ ਕੁੱਝ ਹੋਰ ਵੀ ਕਰੀਏ। ਇਤਿਹਾਸ, ਵਿਗਿਆਨ ਤੇ ਸਾਹਿਤ ਦੇ ਅਕਾਦਮਿਕ ਖੇਤਰ ‘ਚ ਸਰਗਰਮ ਲੋਕ ਇੱਕਜੁੱਟ ਹੋਣ ਤੇ ਜਨਤਾ ਨੂੰ ਲਾਮਬੰਦ ਕਰਨ।

ਸਿੱਖਿਆ ਨਾਲ਼ ਸਬੰਧਿਤ ਸੰਸਥਾਵਾਂ ‘ਤੇ ਵੀ ਯੋਜਨਾਬੱਧ ਢੰਗ ਨਾਲ਼ ਧਾਵਾ ਬੋਲਿਆ ਜਾ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਇਤਿਹਾਸ ਤੇ ਵਿਗਿਆਨ ਦੇ ਖੇਤਰ ਵਿੱਚ ਅਜਿਹੇ ਲੋਕਾਂ ਨੂੰ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ ਜਿਹੜੇ ਇਹਨਾਂ ਵਿਸ਼ਿਆਂ ਨਾਲ਼ ਕੋਈ ਸਰੋਕਾਰ ਨਹੀਂ ਰੱਖਦੇ। ਇੰਡੀਅਨ ਕੋਂਸਲ ਆਫ ਹਿਸਟੋਰੀਕਲ ਰਿਸਰਚ, ਨੇਸ਼ਨਲ ਬੁੱਕ ਟਰਸਟ, ਚਿੱਲਡਰਨ ਬੁੱਕ ਟਰਸਟ ਤੇ ਇਥੋਂ ਤੱਕ ਕਿ ਸਾਇੰਸ ਕਾਂਗਰਸ ‘ਚ ਵੀ ਇਸੇ ਤਰ੍ਹਾਂ ਨਿਯੁਕਤੀ ਕੀਤੀ ਗਈ ਹੈ। ਸਿੱਖਿਆ ਦੀਆਂ ਇਹਨਾਂ ਸੰਸਥਾਵਾਂ ਨੂੰ ਅੰਦਰ ਤੋਂ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਿੱਖਿਆ ਤੇ ਖੋਜ ਦੀਆਂ ਸੰਸਥਾਵਾਂ ਨਾਲ਼ ਜੋ ਸਲੂਕ ਕੀਤਾ ਜਾ ਰਿਹਾ ਹੈ ਇਹਦਾ ਕੀ ਭੈੜਾ ਸਿੱਟਾ ਸਾਹਮਣੇ ਆਵੇਗਾ?

ਇਹ ਇੱਕ ਸੋਚੀ ਸਮਝੀ ਸਿਆਸਤ ਹੈ। ਇਹ ਤਰਕ ‘ਤੇ ਸਿੱਧਾ ਹਮਲਾ ਹੈ। ਇਸ ਏਜੰਡੇ ਦਾ ਇੱਕ ਹਿੱਸਾ ਇਹ ਵੀ ਹੈ ਕਿ ਆਈ. ਸੀ.ਐਚ.ਆਰ , ਐਨ.ਬੀ.ਟੀ ਤੇ ਅਜਿਹੀਆਂ ਸਾਰੀਆਂ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਜਾਵੇ ਜਿਹੜੀਆਂ ਆਜ਼ਾਦ ਤੇ ਤਰਕ ਆਧਾਰਿਤ ਵਿਚਾਰਾਂ ਨੂੰ ਯਕੀਨੀ ਬਣਾਉਂਦੀਆਂ ਹਨ। ਉਹਨਾਂ ਦਾ ਇਹ ਏਜੰਡਾ ਗੁਰੂ ਗੋਲਵਲਕਰ ਤੇ ਸਾਵਰਕਰ ਦੇ ਲਿਖੇ ਸਿਧਾਂਤਾਂ ‘ਤੇ ਅਧਾਰਿਤ ਹੈ। ਅਸਲ ‘ਚ ਉਹ ਇਹ ਨਹੀਂ ਸਮਝ ਰਹੇ ਕਿ ਇਹਨਾਂ ਦੇ ਗੁਰੂਆਂ ਨੇ ਜੋ ਗੱਲਾਂ ਅਪਣੇ ਸਮੇਂ ਕਹੀਆਂ ਉਹ 20ਵੀਂ ਸਦੀ ਦਾ ਸ਼ੁਰੂਆਤੀ ਦੌਰ ਸੀ ਤੇ ਅੱਜ ਉਹ ਗੱਲਾਂ ਬੀਤੇ ਦੀਆਂ ਹੋ ਚੁੱਕੀਆਂਂ ਹਨ ਤੇ ਅੱਜ 21ਵੀਂ ਸਦੀ ‘ਚ ਇਹ ਨਜ਼ਰੀਆ ਪੂਰੀ ਤਰ੍ਹਾਂ ਤੰਗਨਜ਼ਰ ਹੋ ਗਿਆ ਹੈ। ਇਹਨਾਂ ਵਿਚਾਰਾਂ ਤੋਂ ਦੇਸ਼ ਨੂੰ ਗੰਭੀਰ ਖ਼ਤਰਾ ਹੈ। ਲੋਕਾਂ ਨੂੰ ਇਹਨਾਂ ਵਿਚਾਰਾਂ ਵਿਰੁੱਧ ਸੰਘਰਸ਼ ਦੇ ਨਵੇਂ ਢੰਗ ਲੱਭਣੇ ਤੇ ਸੰਘਰਸ਼ ਕਰਨ ਦੀ ਲੋੜ ਹੈ।

ਨੌਜਵਾਨਾਂ ਨੂੰ ਤੁਹਾਡਾ ਕੀ ਸੰਦੇਸ਼ ਹੈ? ਇਤਿਹਾਸ ਦੇ ਅਧਿਐਨ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ?  

ਇਤਿਹਾਸ ਦਾ ਅਧਿਐਨ ਸਰੋਤਾਂ ਤੇ ਤੱਥਾਂ ਦੇ ਆਲੋਚਨਾਤਮਕ ਵਿਸ਼ਲੇਸ਼ਣ ਨਾਲ਼ ਹੀ ਕੀਤਾ ਜਾਣਾ ਚਾਹੀਦਾ ਹੈ। ਅਧਿਐਨ ਦਾ ਨਜ਼ਰੀਆ ਵਿਗਿਆਨਕ ਹੋਣਾ ਚਾਹੀਦਾ ਹੈ। ਇਹ ਮੰਨ ਕੇ ਨਹੀਂ ਢੱਲਣਾ ਚਾਹੀਦਾ ਕਿ ਜੋ ਮਹਾਂਭਾਰਤ ‘ਚ ਲਿਖਿਆ ਗਿਆ ਹੈ ਉਹੀ ਸੱਚ ਹੈ। ਜੇਕਰ ਇਹ ਨਜ਼ਰੀਆ ਆਤਮਸਾਤ ਨਾ ਕੀਤਾ ਗਿਆ ਤਾਂ ਅਸੀਂ ਵੀ ਪ੍ਰਧਾਨਮੰਤਰੀ ਦੁਆਰਾ ‘ਕਰਣ’ ਜ਼ਾਂ ‘ਪਲਾਸਟਿਕ ਸਰਜ਼ਰੀ’ ਬਾਰੇ ਦਿੱਤੇ ਬਿਆਨਾਂ ‘ਚ ਉਲ਼ਝ ਕੇ ਰਹਿ ਜਾਵਾਂਗੇ। ਸਾਨੂੰ ਸਾਰੇ ਸਰੋਤਾਂ ਦੇ ਵਿਸ਼ਲੇਸ਼ਣ ਲਈ ਅਲੋਚਨਾਤਮਕ ਨਜ਼ਰੀਆ ਅਪਣਾਉਣਾ, ਤੱਥਾਂ ਦਾ ਕਈ ਢੰਗਾਂ ਨਾਲ਼ ਮੁਤਾਲਿਆ ਕਰਨ ਤੇ ਵੱਖ-ਵੱਖ ਢੰਗਾਂ ਦੀ ਵਰਤੋਂ ਕਰਕੇ ਹੀ ਅਸੀਂ ਸਹੀ ਨਜ਼ਰੀਆ ਅਪਣਾ ਸਕਦੇ ਹਾਂ। ਇਹ ਤੋਂ ਬਿਨਾਂ ਕਿਸੇ ਠੀਕ ਨਤੀਜੇ ‘ਤੇ ਪਹੁੰਚਣਾ ਸੰਭਵ ਨਹੀਂ ਹੈ।

ਟਿੱਪਣੀਆਂ  

1. ਹੋਲੀ ਕਾਓ : ਬੀਫ ਇਨ ਇੰਡੀਅਨ ਡਾਏਟਰੀ ਟਰੇਡੀਸ਼ਨਸ।
2. ਇਸ ਕਿਤਾਬ ਦੇ ਹਵਾਲੇ : ਇੰਦਰ ਤੇ ਅਗਨੀ ਜਿਹੇ ਕਈ ਹੋਰ ਦੇਵਤਿਆਂ ਦੇ ਵਰਣਨ ‘ਚ ਦੱਸਿਆ ਗਿਆ ਹੈ ਵੱਖ ਵੱਖ ਤਰਾਂ ਮਾਸ ਲਈ ਉਹਨਾਂ ਦੀ ਖਾਸ ਰੁਚੀ ਸੀ। ਇੰਦਰ ਨੂੰ ਬਲਦ ਦਾ ਮਾਸ ਪਸੰਦ ਸੀ ਤੇ ਅਗਨੀ ਨੂੰ ਬਲ਼ਦ ਤੇ ਗਊ ਦੋਵਂੇ ਪਸੰਦ ਸਨ। ਗ੍ਰੰਥ ‘ਚ ਵੀ ਇਸਦਾ ਜ਼ਿਕਰ ਹੈ ਕਿ ਮਾਰੁਤ ਤੇ ਅਸ਼ਵਿਨ ਨੂੰ ਵੀ ਗਊ ਦਾ ਮਾਸ ਪਰੋਸਿਆ ਜਾਂਦਾ ਸੀ। ਵੇਦਾਂ ‘ਚ 250 ਦੇ ਨੇੜੇ ਜਾਨਵਰਾਂ ਦਾ ਜ਼ਿਕਰ ਹੈ ਜਿਸ ‘ਚੋ ਘੱਟੋਂ ਘੱਟ 50 ਦੇ ਬਾਰੇ ਇਹ ਮੰਨਿਆ ਜਾਂਦਾ ਹੈ ਜੋ ਬਲੀ ਦੇਣ ਜਾਂਂ ਖਾਣ ਦੇ ਯੋਗ ਸਨ। ਮਹਾਂਭਾਰਤ ‘ਚ ਰੰਤੀਦੇਵ ਨਾਂ ਦੇ ਰਾਜੇ ਦਾ ਜ਼ਿਕਰ ਹੈ ਜੋ ਉਦਾਰਤਾਪੂਰਵਕ ਬ੍ਰਾਹਮਣਾਂ ਨੂੰ ਅਨਾਜ ਤੇ ਗਊੇ ਮਾਸ ਦਾ ਸੇਵਨ ਕਰਵਾਉਣ ਲਈ ਪ੍ਰਸਿੱਧ ਸੀ। ਬਾਅਦ ਦੇ ਦਿਨਾਂ ‘ਚ ਕਈ ਬ੍ਰਾਹਮਣਾਂ ਦੇ ਬੀਫ ਖਾਣ ਦਾ ਜ਼ਿਕਰ ਆÀੁਂਦਾ ਹੈ। ਇਥੋਂ ਤੱਕ ਕਿ ਮਨੁਸਮ੍ਰਿਤੀ ‘ਚ ਵੀ ਬੀਫ ਖਾਣ ‘ਤੇ ਰੋਕ ਨਹੀਂ ਹੈ। ਦਵਾਈ ਲਈ ਵੀ ਇਸਦਾ ਜ਼ਿਕਰ ਕਰਦੇ ਹੋਏ ਚਰੱਕਸੰਹਿਤਾ ਦੇ ਪੰਨੇ 86 -87 ‘ਚ ਵੀ ਦੱਸਿਆ ਗਿਆ ਹੈ ਕਿ ਕਈ ਬਿਮਾਰੀਆਂ ਦੇ ਇਲਾਜ ਲਈ ਗਊ ਮਾਸ ਲਾਭਦਾਇਕ ਸੀ। ਇਹਦੇ ਤੋਂ ਸਾਬਣ ਬਣਾਉਣ ਦਾ ਵੀ ਵਰਣਨ ਮਿਲਦਾ ਹੈ। ਅਨਿਯਮਿਤ ਬੁਖ਼ਾਰ ਲਈ ਵੀ ਇਹਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਸੀ। ਗਠੀਏ ਤੇ ਹੋਰ ਰੋਗਾਂ ਲਈ ਵੀ ਗਊ ਦੀ ਚਰਬੀ ਦਾ ਜ਼ਿਕਰ ਹੈ।
3. ਭਾਰਤੀ ਪ੍ਰਧਾਨਮੰਤਰੀ ਦਾ ਦਾਅਵਾ ਹੈ ਕਿ ਪੁਰਾਤਨ ਕਾਲ਼ ‘ਚ ਜੈਨੇਟਿਕ ਸਾਇੰਸ ਦਾ ਵਜੂਦ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements