‘ਮੇਰੀ ਜੀਵਨ-ਯਾਤਰਾ’: ਬਿਖੜੇ ਰਾਹਾਂ ਦੇ ਪਾਂਧੀ ਤੇ ‘ਸੱਭਿਆਚਾਰਕ ਘੁਲਾਟੀਏ’ ਰਾਹੁਲ ਸਾਂਕਰਤਾਇਨ ਦੀਆਂ ਸਾਹਸੀ, ਖੋਜੀ ਤੇ ਸਿਰਜਣਾਤਮਕ ਯਾਤਰਾਵਾਂ ਦਾ ਸੰਗ੍ਰਹਿ •ਕੁਲਦੀਪ

download

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਚੌਥੀ ਤੇ ਆਖ਼ਰੀ ਕਿਸ਼ਤ )

ਇਸ ਤੋਂ ਇਲਾਵਾ ਰਾਹੁਲ ਸੰਕ੍ਰਤਾਇਅਨ 26 ਭਾਸ਼ਾਵਾਂ ਦੇ ਗਿਆਤਾ ਸਨ। ਇਹ ਭਾਸ਼ਾਵਾਂ ਉਹਨਾਂ ਨੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਰਹਿ ਕੇ ਨਹੀਂ ਸਿੱਖੀਆਂ ਸਨ ਸਗੋਂ ਘੁੰਮਦੇ-ਫਿਰਦੇ ਨੇ ਹੀ ਸਿੱਖੀਆਂ ਸਨ, ਭਾਵੇਂ ਕਿ ਸੰਸਕ੍ਰਿਤ ਤੇ ਤਿੱਬਤੀ ਭਾਸ਼ਾ ਉਹਨਾਂ ਨੇ ਲਾਜ਼ਮੀ ਬਕਾਇਦਗੀ ਨਾਲ਼ ਸਿੱਖੀ ਸੀ। ਇੰਨੀਆਂ ਭਾਸ਼ਾਵਾਂ ਦੇ ਗਿਆਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਿੰਨਾ ਵੀ ਲਿਖਿਆ ਉਹ ਆਪਣੀ ਭਾਸ਼ਾ ਵਿੱਚ ਹੀ ਲਿਖਿਆ। ਇਸ ਤੋਂ ਬਿਨਾਂ ਬਹੁਤ ਸਾਰੀਆਂ ਭਾਸ਼ਾਵਾਂ ਤੋਂ ਹਿੰਦੀ ਵਿੱਚ ਅਨੁਵਾਦ ਵੀ ਕੀਤੇ। ਭਾਸ਼ਾਈ ਗ਼ੁਲਾਮੀ ਵਿਰੁੱਧ ਲਗਾਤਾਰ ਤੇ ਬੇਕਿਰਕ ਘੋਲ਼ ਕੀਤਾ। ਇੱਕ ਸਮਾਗਮ ਬਾਰੇ ਲਿਖਦੇ ਹਨ, “ਲੋਕਾਂ ਨੇ ਅੰਗਰੇਜ਼ੀ ਵਿੱਚ ਭਾਸ਼ਣ ਦਿੱਤੇ। ਮੈਂ ਦੇਖ ਰਿਹਾ ਸੀ, ਸਾਰੇ ਸੂਬਿਆਂ ਤੋਂ ਆਏ ਹੋਏ ਵਿਦਵਾਨ ਸੰਸਕ੍ਰਿਤ ਜਾਣਨ ਵਾਲ਼ੇ ਸਨ, ਇਸ ਲਈ ਮੈਂ ਆਪਣੇ ਵਿਚਾਰਾਂ ਨੂੰ ਸੰਸਕ੍ਰਿਤ ਦੇ ਮਾਧਿਅਮ ਰਾਹੀਂ ਰੱਖਿਆ, ਜਿਹਨਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।” ਜਦ ਕੋਈ ਭਾਰਤੀ ਭਾਸ਼ਾ ਜਾਣਨ ਵਾਲ਼ਾ ਭਾਰਤੀ ਬੰਦਾ ਰਾਹੁਲ ਨਾਲ਼ ਅੰਗਰੇਜ਼ੀ ਵਿੱਚ ਗੱਲ ਕਰਦਾ ਸੀ ਤਾਂ ਉਸਦੀ ਪੂਰੀ ਭੁਗਤ ਸੰਵਾਰਦੇ ਸਨ। ਇੱਥੋਂ ਤੱਕ ਕਿ ਭਾਰਤੀ ਭਾਸ਼ਾ ਜਾਣਨ ਵਾਲ਼ਾ ਕੋਈ ਬੰਦਾ ਜੇਕਰ ਉਹਨਾਂ ਨੂੰ ਅੰਗਰੇਜ਼ੀ ਵਿੱਚ ਚਿੱਠੀ ਲਿਖਦਾ ਸੀ ਤਾਂ ਉਸਦਾ ਜਵਾਬ ਨਹੀਂ ਸਨ ਦਿੰਦੇ। ਪਰ ਇੱਕ ਵਾਰ ਜਦ ਕਿਸੇ ਕਾਲਜ ਵਿੱਚ ਕੁਝ ਵਿਦੇਸ਼ੀ ਔਰਤਾਂ ਨੂੰ ਭਾਸ਼ਣ ਦਿੱਤਾ ਤਾਂ ਜਰੂਰ ਅੰਗਰੇਜ਼ੀ ਵਿੱਚ ਬੋਲੇ ਸਨ। ਸਾਡੇ ਅਜੋਕੇ ਨਖੱਟੂ ਬੁੱਧੀਜੀਵੀਆਂ ਲਈ ਰਾਹੁਲ ਮਿਸਾਲ ਹਨ ਜੋ ਆਪਣੀਆਂ ਭਾਸ਼ਾਵਾਂ ਨੂੰ ਛੱਡ ਕੇ ਅੰਗਰੇਜ਼ੀ ਦੀ ਗ਼ੁਲਾਮੀ ਹਾਲੇ ਤੱਕ ਵੀ ਕਰ ਰਹੇ ਹਨ ਜਦ ਅੰਗਰੇਜ਼ ਗਿਆਂ ਨੂੰ 68 ਸਾਲ ਬੀਤ ਚੁੱਕੇ ਹਨ। ਇਹ ਕਬੂਤਰ ਦਿਲ ਲੋਕ ਸਦਾ ਅੰਗਰੇਜ਼ੀ ਵਿੱਚ ਬੋਲਣਾ ਹੀ ਬੁੱਧੀਮਾਨਤਾ ਦਾ ਸਰਟੀਫਿਕੇਟ ਸਮਝਦੇ ਹਨ। ਪਰ ਅਸੀਂ ਅਜਿਹੇ ਝੋਲ਼ੀਚੁੱਕ ਤੇ ਕੌਲੀਚੱਟ ਬੁੱਧੀਜੀਵੀਆਂ ਤੋਂ ਆਸ ਵੀ ਨਹੀਂ ਕਰਦੇ ਕਿ ਉਹ ਹੁਣ ਭਾਸ਼ਾ ਲਈ ਕੁਝ ਕਰਨਗੇ, ਕਿਉਂਕਿ ਸ਼ਰਾਬਾਂ ਪੀ-ਪੀ ਕੇ, ਰੀਅਲ ਅਸਟੇਟ ਦੇ ਚੱਕਰਵਿਊ ਵਿੱਚ ਉਲ਼ਝੇ ਇਹ ਲੋਕ ਖੁਦ ਤ੍ਰਾਸਦੀ ਦੇ ਪਾਤਰ ਹਨ, ਭਾਵੇਂ ਕਿ ਕੁਝ ਕੁ ਬੁੱਧਜੀਵੀ ਹਾਲੇ ਵੀ ਆਪਣੀਆਂ-ਆਪਣੀਆਂ ਮਾਤ-ਭਾਸ਼ਾਵਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ਜੋ ਕਿ ਸਵਾਗਤਯੋਗ ਗੱਲ ਹੈ। ਪਰ ਭਵਿੱਖੀ ਨੌਜਵਾਨਾਂ ਨੂੰ ਜਰੂਰ ਰਾਹੁਲ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੀਆਂ ਮਾਤ-ਭਾਸ਼ਾਵਾਂ ਤੋਂ ਸਾਮਰਾਜੀ ਕੂੜਾ ਲਾਹ ਕੇ ਉਹਨਾਂ ਨੂੰ ਲਿਸ਼ਕਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਦੋਗਲ਼ੇ-ਹਾਇਬ੍ਰੈਡ ਲੋਕ ਨਾ ਪੈਦਾ ਹੋ ਸਕਣ ਜੋ ਲੋਕਾਂ ਦਾ ਖਾ ਕੇ ਉਹਨਾਂ ਨਾਲ਼ ਗੱਦਾਰੀ ਨਾ ਕਰਨ ਤੇ ਉਹਨਾਂ ਨੂੰ ਭਾਸ਼ਾਈ ਗ਼ੁਲਾਮੀ ਵਿੱਚ ਨਾ ਸੁੱਟਣ। ਕੁਝ ਸਾਮਰਾਜੀਆਂ ਦੇ ਏਜੰਟ ਮਾਰਕਾ ਬੁੱਧੀਜੀਵੀ ਅੱਜ ਵੀ ਰਾਹੁਲ ਵਰਗਿਆਂ ਦੀ ਚਰਚਾ ਕਰਕੇ ਜਾਂ ਉਹਨਾਂ ਦੀਆਂ ਗੱਲਾਂ ਵਰਤ ਕੇ ਕਿ ਰਾਹੁਲ 26 ਭਾਸ਼ਾਵਾਂ ਜਾਣਦਾ ਸੀ ਤੇ ਅਸੀਂ ਅੰਗਰੇਜ਼ੀ ਨਹੀਂ ਸਿੱਖ ਸਕਦੇ ਜਾਂ ਕੋਈ ਵੀ ਭਾਸ਼ਾ ਸਿੱਖਣੀ ਔਖੀ ਨਹੀਂ ਜਾਂ ਕੋਈ ਵੀ ਬੰਦਾ ਕਿਸੇ ਭਾਸ਼ਾ ਨੂੰ 3 ਮਹੀਨਿਆਂ ‘ਚ ਸਿੱਖ ਸਕਦਾ ਹੈ – ਲੋਕਾਂ ਨੂੰ ਅੰਗਰੇਜ਼ੀ ਸਿੱਖਣ ਲਈ “ਪ੍ਰੇਰਿਤ” ਕਰਨ ਦਾ ਯਤਨ ਕਰ ਰਹੇ ਹਨ ਪਰ ਅਜਿਹੇ ਬੌਨੇ ਕਦੇ ਭਾਸ਼ਾ ਸਿੱਖਣ ਦਾ ਰਾਹੁਲ ਦਾ ਉਦੇਸ਼ ਲੋਕਾਂ ਨੂੰ ਨਹੀਂ ਦੱਸਦੇ ਕਿ ਉਹਨਾਂ ਨੇ ਇੰਨੀਆਂ ਭਾਸ਼ਾਵਾਂ ਕਿਉਂ ਸਿੱਖੀਆਂ? ਜਾਂ ਕੀ ਹਰ ਬੰਦਾ ਹੀ ਇੰਨੀਆਂ ਭਾਸ਼ਾਵਾਂ ਸਿੱਖ ਸਕਦਾ ਹੈ?

ਰਾਹੁਲ ਨੇ 1945-48 ਦੌਰਾਨ ਲਗਪਗ 25 ਮਹੀਨੇ ਸੋਵੀਅਤ ਰੂਸ ਵਿੱਚ ਬਿਤਾਏ ਸਨ ਜਦ ਉਹ ਉੱਥੇ ਸੰਸਕ੍ਰਿਤ ਤੇ ਤਿੱਬਤੀ ਭਾਸ਼ਾਵਾਂ ਦੇ ਅਧਿਆਪਕ ਵਜੋਂ ਲੈਨਿਨਗ੍ਰਾਦ ਯੂਨੀਵਰਸਿਟੀ ਵਿੱਚ ਗਏ ਸਨ ਅਤੇ ਇਹ ਪੂਰਾ ਸਮਾਂ ਉਹ ਭਾਵੇਂ ਲੈਨਿਨਗ੍ਰਾਦ ਰਹੇ ਪਰ ਵਿਹਲੇ ਸਮੇਂ ‘ਚ ਰੂਸ ਦੇ ਵੱਖ-ਵੱਖ ਥਾਵਾਂ ‘ਤੇ ਘੁੰਮਦੇ ਰਹੇ ਸਨ ਤੇ ਲੋਕਾਂ ਨੂੰ ਮਿਲ਼ਦੇ ਰਹੇ ਸਨ। ਜਦ ਉਹ 1945 ਵਿੱਚ ਉਥੇ ਪਹੁੰਚੇ ਸਨ ਤਾਂ ਉਹ ਸ਼ਹਿਰ ਦੂਜੀ ਸੰਸਾਰ ਜੰਗ ਸਮੇਂ ਹਿਟਲਰ ਦੀਆਂ ਫ਼ੌਜਾਂ ਦੁਆਰਾ ਲਗਪਗ ਡੇਢ ਸਾਲ ਘਿਰਿਆ ਰਹਿਣ ਕਾਰਨ ਬੁਰੀ ਤਰ੍ਹਾਂ ਤਬਾਹ ਹੋਇਆ ਸੀ। ਉਸ ਭਿਅੰਕਰ ਤਬਾਹੀ ਤੋਂ ਬਾਅਦ ਉਸਾਰੀ ਦਾ ਸਮਾਂ ਰਾਹੁਲ ਨੇ ਅੱਖੀਂ ਦੇਖਿਆ ਅਤੇ ਕਿਵੇਂ ਦੋ ਕੁ ਸਾਲਾਂ ਵਿੱਚ ਹੀ ਰੂਸ ਇਸ ਤਰ੍ਹਾਂ ਬਣ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਜਦ ਕਿ ਇੰਗਲੈਂਡ ਨੂੰ ਉਸ ਹਾਲਤ ਨੂੰ ਸੁਧਾਰਨ ‘ਚ ਕਈ ਦਹਾਕੇ ਲੱਗੇ ਸਨ। ਉਹਨਾਂ ਦੀ ਜੀਵਨ ਯਾਤਰਾ ਦਾ ਤੀਜਾ ਭਾਗ ਉਹਨਾਂ ਨੇ ਸੋਵੀਅਤ ਯੂਨੀਅਨ ਯਾਤਰਾ ਸਮੇਂ ਹੀ ਲਿਖਿਆ ਹੈ ਅਤੇ ਉਹ ਪੂਰਾ ਭਾਗ ਇਸ ਯਾਤਰਾ ਅਤੇ ਉਸ ਦੁਆਰਾ ਅੱਖੀਂ ਦੇਖੇ ਰੂਸ ਨਾਲ਼ ਸਬੰਧਿਤ ਹੈ। ਰੂਸ ਦੇ ਇਸ ਸਮੇਂ (1917-1953) ਬਾਰੇ ਸੰਸਾਰ ਪੱਧਰ ‘ਤੇ ਬਹੁਤ ਸਾਰੇ ਭੁਲੇਖੇ ਹਨ ਜੋ ਕਿ ਸਾਮਰਾਜੀ ਮੀਡੀਏ ਤੇ ਉਸਦੇ ਕੌਲੀਚੱਟ ਬੁੱਧੀਜੀਵੀਆਂ ਨੇ ਵੱਡੇ ਪੱਧਰ ‘ਤੇ ਫੈਲਾਏ ਹਨ। ਅਮਰੀਕਾ, ਫਰਾਂਸ, ਇੰਗਲੈਂਡ, ਜਪਾਨ ਆਦਿ ਦੇਸ਼ਾਂ ਦੇ ਮੀਡੀਏ ਤੇ ਬੁੱਧੀਜੀਵੀਆਂ ਨੇ ਤਾਂ ਸਿੱਧਾ ਰੂਸ ਵਿਰੁੱਧ ਲਿਖਿਆ ਹੀ ਸੀ ਸਗੋਂ ਇਹ ਦੇਸ਼ ਰੂਸੀ ਨਾਂਵਾਂ ਹੇਠ ਅਖ਼ਬਾਰਾਂ, ਮੈਗਜ਼ੀਨ ਆਦਿ ਛਾਪ ਕੇ ਰੂਸ ਦੇ ਵਿਰੁੱਧ ਖ਼ਬਰਾਂ ਦਿੰਦੇ ਰਹਿੰਦੇ ਸਨ। ਬਹੁਤ ਸਾਰੇ ਦੇਸ਼ਾਂ ਵਿੱਚ ਸਾਮਰਾਜੀਆਂ ਨੇ “ਮਾਰਕਸਵਾਦ” ਦੀ ਪੜ੍ਹਾਈ ਯੂਨੀਵਰਸਿਟੀਆਂ ‘ਚ ਸ਼ੁਰੂ ਕਰਵਾਈ ਜਿਵੇਂ ਜਰਮਨੀ ਦਾ ਫਰੈਂਕਫਰਟ ਸਕੂਲ ਆਦਿ। ਇਹਦੀ ਇੱਕ ਉਦਾਹਰਣ ਰਾਹੁਲ ਨੇ ਵੀ ਦਿੱਤੀ ਹੈ, “ਬਹੁਤ ਸਾਰੇ ਲੋਕਾਂ ਵਾਂਗ ਮੈਨੂੰ ਵੀ ਭਰਮ ਸੀ ਕਿ ‘ਸੋਵੀਅਤ ਯੂਨੀਅਨ ਨਿਊਜ਼’ ਸੋਵੀਅਤ ਦਾ ਮਹੀਨਾਵਾਰ ਅਖ਼ਬਾਰ ਹੈ।… ਪਰ ਅਖ਼ੀਰ ‘ਚ ਪਤਾ ਲੱਗਿਆ ਕਿ ਇਹ ਅਖ਼ਬਾਰ ਅੰਗਰੇਜ਼ ਸਰਕਾਰ ਦਾ ਹੈ ਤੇ ਰੂਸੀ ਨਾਂ ਰੱਖਣ ਵਾਲ਼ਾ ਪੋਲ ਸੰਪਾਦਕ 15 ਸਾਲਾਂ ਤੋਂ ਅੰਗਰੇਜ਼ਾਂ ਦਾ ਨੌਕਰ ਹੈ।” ਇਹ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਾਮਰਾਜੀਆਂ ਨੇ ਰੂਸੀ ਨਾਂਵਾਂ ਹੇਠ ਅਖ਼ਬਾਰ\ਰੇਡੀਓ\ਟੀਵੀ ਆਦਿ ਰਾਹੀਂ ਲਗਾਤਾਰ ਗ਼ਲਤ ਖ਼ਬਰਾਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੀਆਂ ਸਨ ਜਿਵੇਂ ਕਿ “ਰੂਸ ‘ਚ ਜਮੂਹਰੀਅਤ ਕਤਲ ਹੋ ਚੁੱਕੀ ਹੈ” (ਇਹ ਗੱਲ ਠੀਕ ਹੈ ਕਿ ਰੂਸ ਵਿੱਚ ਜਮਹੂਰੀਅਤ ਜੋ ਘੱਟ ਗਿਣਤੀ ਲੋਟੂਆਂ ਲਈ ਜਮਹੂਰੀਅਤ ਸੀ – ਕਤਲ ਹੋ ਚੁੱਕੀ ਸੀ ਪਰ ਉਹ ਬੁਰਜੂਆ ਜਮਹੂਰੀਅਤ ਸੀ ਜਿਸਦੀ ਥਾਂ ਸੱਚੀ ਲੋਕ ਪੱਖੀ ਜਮਹੂਰੀਅਤ ਜੋ ਆਮ ਲੋਕਾਂ ਦੀ ਜਮਹੂਰੀਅਤ ਸੀ – ਸਥਾਪਿਤ ਹੋਈ ਸੀ ਜਿਸਦੀ ਕਦੇ ਚਰਚਾ ਨਹੀਂ ਹੁੰਦੀ ਸੀ ਅਤੇ ਜੋ ਇਸਦੀ ਚਰਚਾ ਕਰਦਾ ਸੀ ਉਸਨੂੰ ਰੋਕਿਆ ਜਾਂਦਾ ਸੀ, ਜਿਵੇਂ ਜਦ ਰਾਹੁਲ ਸੋਵੀਅਤ ਰੂਸ ਵਿੱਚ 25 ਮਹੀਨੇ ਰਹਿ ਕੇ ਆਇਆ ਤਾਂ ਬਹੁਤ ਸਮਾਂ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਉਹਦਾ ਪਿੱਛਾ ਕਰਦੀਆਂ ਰਹੀਆਂ ਸਨ) “ਉਥੇ ਲੋਕਾਂ ਤੋਂ ਜ਼ਬਰਦਸਤੀ ਕੰਮ ਲਿਆ ਜਾਂਦਾ ਹੈ”, “ਕਾਮਿਆਂ ਦੀ ਹਾਲਤ ਮਾੜੀ ਹੈ”, “ਉਥੇ ਭੁੱਖਮਰੀ ਨਾਲ਼ ਕਰੋੜਾਂ ਲੋਕ ਮਰ ਰਹੇ ਹਨ”, “ਸਤਾਲਿਨ ਤਾਨਾਸ਼ਾਹ ਹੈ”, “ਦੂਜੀ ਸੰਸਾਰ ਜੰਗ ਸਤਾਲਿਨ ਤੇ ਹਿਟਲਰ ਦੀ ਰੰਜ਼ਿਸ਼ ਦਾ ਸਿੱਟਾ ਸੀ” ਆਦਿ ਅਨੇਕਾਂ ਜੁਮਲਿਆਂ ਹੇਠ ਲਗਾਤਾਰ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਜੋ ਕਿ ਅੱਜ ਵੀ ਬਾਦਸਤੂਰ ਜਾਰੀ ਹੈ। ਪਰ ਅੱਜ ਇਹ ਪ੍ਰਚਾਰ ਇੰਨੀ ਮੁਹਾਰਤ ਨਾਲ਼ ਕੀਤਾ ਜਾ ਰਿਹਾ ਹੈ ਕਿ ਇੱਕ ਸਿੱਧਾ-ਸਾਦਾ ਇਮਾਨਦਾਰ ਬੰਦਾ ਵੀ ਉਹਨਾਂ ਦੇ ਜਾਲ਼ ਵਿੱਚ ਫਸ ਜਾਂਦਾ ਹੈ। ਜਿਵੇਂ ਵੱਖ-ਵੱਖ ਐਨਜੀਓ ਰਾਹੀਂ ਪਛਾਣਾਂ (ਨਸਲੀ, ਜਾਤੀ, ਜੈਂਡਰ ਆਦਿ) ਦਾ ਮੁੱਦਾ ਚੁੱਕਣਾ, ਆਧੁਨਿਕਤਾਵਾਦ, ਉੱਤਰ-ਆਧੁਨਿਕਤਾਵਾਦ ਆਦਿ ਨਾਵਾਂ ਹੇਠ ਲਗਾਤਾਰ ਪ੍ਰਚਾਰ ਜਾਰੀ ਹੈ ਅਤੇ ਸੁਧਾਰ ਕੰਮਾਂ ਰਾਹੀਂ ਵੀ। ਇਸੇ ਕਰਕੇ ਰਾਹੁਲ ਨੇ ਉਦੋਂ ਲਿਖਿਆ ਸੀ, “ਰੂਸ ਵਿੱਚ ਇਨਕਲਾਬ ਹੋਇਆ। ਅਮੀਰਾਂ ਨੇ ਇਨਕਲਾਬ ਨੂੰ ਖ਼ਤਮ ਕਰਨ ਲਈ ਹਰ ਗੱਲ ਉਠਾਈ। ਸੰਸਾਰ ਭਰ ਦੇ ਸਰਮਾਏਦਾਰਾਂ ਨੇ ਇਨਕਲਾਬ ਵਿਰੋਧੀਆਂ ਦੀ ਮਦਦ ਕੀਤੀ। ਲੱਖਾਂ ਟਨ ਕਾਗ਼ਜ ਰੂਸ ਦੇ ਭੰਡੀ-ਪ੍ਰਚਾਰ ਲਈ ਖਪਾਇਆ ਗਿਆ।” ਇਸ ਵਿੱਚ ਹਰਸਟ ਦੇ ਪੀਲ਼ੇ ਮੀਡੀਏ ਅਤੇ ਹੋਰ ਹਰ ਹੀਲਾ ਵਰਤ ਕੇ ਸੰਸਾਰ ਭਰ ਵਿੱਚ ਸਿੱਧੇ-ਅਸਿਧੇ ਢੰਗ ਨਾਲ਼ ਰੂਸ ਵਿਰੁੱਧ ਭੰਡੀ-ਪ੍ਰਚਾਰ ਕੀਤਾ ਗਿਆ। ਜਿਸ ਕਰਕੇ ਹਾਲੇ ਵੀ ਬਹੁਤ ਲੋਕ ਜਿਹਨਾਂ ਵਿੱਚ ਇਮਾਨਦਾਰ ਲੋਕ ਵੀ ਸ਼ਾਮਲ ਹਨ- ਰੂਸ ਪ੍ਰਤੀ ਬਹੁਤ ਸਾਰੇ ਭੁਲੇਖਿਆਂ ਦਾ ਸ਼ਿਕਾਰ ਹਨ। ਇਸ ਬਾਰੇ ਰਾਹੁਲ ਲਿਖਦੇ ਹਨ, “ਸਰਮਾਏਦਾਰਾ ਰਸਾਲਿਆਂ ਤੇ ਲੇਖਕਾਂ ਨੇ ਇੰਨਾ ਜ਼ੋਰ ਦਾ ਪ੍ਰਚਾਰ ਕਰ ਰੱਖਿਆ ਹੈ ਕਿ ਕਿੰਨੇ ਹੀ ਇਮਾਨਦਾਰ ਲੋਕ ਵੀ ਇਸ ਭਰਮ ਵਿੱਚ ਪੈ ਜਾਂਦੇ ਹਨ ਕਿ ਸੋਵੀਅਤ ਰੂਸ ਵਿੱਚ ਸੱਚਮੁੱਚ ਵਿਚਾਰ ਅਜ਼ਾਦ ਨਹੀਂ ਹਨ।… ਇਸ ਵਿੱਚ ਸ਼ੱਕ ਨਹੀਂ ਹੈ ਕਿ ਪੁਰਾਣੇ ਸਵਾਰਥਾਂ ਦੇ ਨੁਮਾਇੰਦਿਆਂ ਲਈ ਅਖ਼ਬਾਰਾਂ ਦਾ ਦਰਵਾਜ਼ਾ ਉਵੇਂ ਹੀ ਖੁੱਲ੍ਹਾ ਨਹੀਂ ਹੈ ਜਿਵੇਂ ਬਿਰਲਾ ਆਦਿ ਦੇ ਅਖ਼ਬਾਰਾਂ ਵਿੱਚ ਸਾਡੇ ਵਰਗੇ ਅਜ਼ਾਦ ਲੇਖਕਾਂ ਲਈ ਖੁੱਲ੍ਹਾ ਨਹੀਂ ਹੈ।”

ਪਰ ਰਾਹੁਲ ਨੇ ਉੱਥੇ ਢਾਈ ਸਾਲਾਂ ਵਿੱਚ ਅੱਖੀਂ ਦੇਖ ਕੇ ਜੋ ਲਿਖਿਆ ਹੈ ਉਹ ਬਹੁਤ ਹੱਦ ਤੱਕ ਰੂਸ ਪ੍ਰਤੀ ਭੁਲੇਖਿਆਂ ਨੂੰ ਦੂਰ ਕਰਨ ਵਿੱਚ ਸਹਾਈ ਹੈ। ਇਹ ਗੱਲ ਅਸੀਂ ਕੁਝ ਹਵਾਲਿਆਂ ਰਾਹੀਂ ਕਰਦੇ ਹਾਂ। ਔਰਤਾਂ ਦੀ ਹਾਲਤ ਸੋਵੀਅਤ ਰੂਸ ਵਿੱਚ ਬਹੁਤ ਹੀ ਚੰਗੀ ਸੀ ਜੋ ਕਿ ਹਾਲੇ ਤੱਕ ਕਿਤੇ ਵੀ ਨਹੀਂ ਰਹੀ। ਰਾਹੁਲ ਇਸਦੀ ਚਰਚਾ ਇਸ ਤਰ੍ਹਾਂ ਕਰਦੇ ਹਨ, “ਔਰਤਾਂ (ਸੋਵੀਅਤ ਰੂਸ ਦੀਆਂ) ਉਵੇਂ ਹੀ ਗੋਰੀਆਂ ਸਨ ਜਿਵੇਂ ਲੰਡਨ ਜਾਂ ਪੈਰਿਸ ਦੀਆਂ, ਪਰ ਇੱਥੇ (ਰੂਸ) ਉਹਨਾਂ ਵਿੱਚ ਉਹ ਫ਼ਰਕ ਨਹੀਂ ਸੀ, ਜੋ ਯੂਰੋਪ ਦੇ ਵੱਖ-ਵੱਖ ਜਮਾਤਾਂ ਦੀਆਂ ਔਰਤਾਂ ਵਿੱਚ ਪਾਇਆ ਜਾਂਦਾ ਹੈ।” ਇੱਕ ਸੋਵੀਅਤ ਰੂਸੀ ਔਰਤ ਨਾਲ਼ ਹੋਈ ਗੱਲਬਾਤ ਨੂੰ ਰਾਹੁਲ ਨੇ ਇਸ ਤਰ੍ਹਾਂ ਲਿਖਿਆ ਹੈ, “ਮੈਂ (ਇੱਕ ਰੂਸੀ ਔਰਤ) ਹਵਾਈ ਜਹਾਜ਼ ਚਲਾਉਂਦੀ ਹਾਂ, … ਮੈਂ ਬੰਦੂਕ ਦਾ ਤੇਜ਼ ਨਿਸ਼ਾਨਾ ਲਾਉਂਦੀ ਹਾਂ…। ਹਿਟਲਰ ਇੱਧਰ ਮੂੰਹ ਕਰੇਗਾ (ਇਹ 1945 ਤੋਂ ਪਹਿਲਾਂ 1939 ‘ਚ ਜਦ ਰਾਹੁਲ ਪਹਿਲੀ ਵਾਰ ਰੂਸ ਗਏ ਸਨ ਉਦੋਂ ਦੀ ਗੱਲ ਹੈ) ਤਾਂ ਦਿਖਾ ਦੇਵਾਂ ਕਿ ਸੋਵੀਅਤ ਔਰਤਾਂ ਕਿਵੇਂ ਦੀਆਂ ਹੁੰਦੀਆਂ ਹਨ।… ਮੈਂ ਟ੍ਰੈਕਟਰ ਚਲਾ ਸਕਦੀ ਹਾਂ।” ਇਸ ਤੋਂ ਪ੍ਰਭਾਵਿਤ ਹੋ ਕੇ ਰਾਹੁਲ ਲਿਖਦੇ ਹਨ ਕਿ ਮੈਂ ਸਮਝ ਗਿਆ ਕਿ ਇੱਥੇ ਮੱਖਣ ਵਰਗੇ ਹੱਥਾਂ ਵਾਲ਼ੀਆਂ ਪਦਮਨੀਆਂ ਦਾ ਮਾਨ ਨਹੀਂ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅੱਖੀਂ ਦੇਖੀਂਆਂ ਉਦਾਹਰਨਾਂ ਰਾਹੀਂ ਰਾਹੁਲ ਨੇ ਦੱਸਿਆ ਹੈ ਕਿ ਕਿਵੇਂ ਔਰਤ ਨੇ ਰੂਸ ਵਿੱਚ ਮੁਕਤੀ ਪ੍ਰਾਪਤ ਕੀਤੀ। ਉਥੇ ਔਰਤਾਂ ‘ਤੇ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਸੀ ਹੁੰਦਾ। ਹਰ ਔਰਤ ਆਪਣਾ ਨਿੱਜੀ ਫੈਸਲਾ ਲੈਣ ਲਈ ਅਜ਼ਾਦ ਸੀ, ਆਪਣਾ ਜੀਵਨ ਸਾਥੀ ਚੁਣਨ ਲਈ ਅਜ਼ਾਦ ਸੀ, ਤਲਾਕ ਦੇਣ ਲਈ ਅਜ਼ਾਦ ਸੀ, ਕੋਈ ਵੀ ਕੰਮ ਕਰਨ ਲਈ ਅਜ਼ਾਦ ਸੀ। ਰਾਹੁਲ ਨੇ ਲਿਖਿਆ ਕਿ ਇਹਨਾਂ ਢਾਈ ਸਾਲਾਂ ਦੌਰਾਨ ਉਹਨੇ ਔਰਤ ਨਾਲ਼ ਛੇੜ-ਛਾੜ ਜਾਂ ਜਬਰਦਸਤੀ ਦਾ ਇੱਕ ਵੀ ਮਾਮਲਾ ਨਾ ਦੇਖਿਆ ਨਾ ਉਸ ਬਾਰੇ ਪੜ੍ਹਿਆ ਸੁਣਿਆ। ਜਿਹੜੇ ਲੋਕ ਕਹਿੰਦੇ ਹਨ ਕਿ ਮਾਰਕਸਵਾਦੀਆਂ ਨੇ ਔਰਤ ਦੀ ਮੁਕਤੀ ਲਈ ਕੁਝ ਨਹੀਂ ਕੀਤਾ ਉਹਨਾਂ ਨੂੰ ਰੂਸ ਵਿੱਚ ਔਰਤ ਦੀ ਹਾਲਤ ਬਾਰੇ 1917 ਤੋਂ 1953 ਤੱਕ ਦਾ ਇਤਿਹਾਸ ਪੜ੍ਹਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਜੋ ਕੁਝ ਮਾਰਕਸਵਾਦੀਆਂ ਨੇ ਔਰਤ ਦੀ ਅਜ਼ਾਦੀ ਲਈ ਕੀਤਾ ਉਹ ਹਾਲੇ ਤੱਕ ਕਿਸੇ ਨੇ ਕੀਤਾ ਹੀ ਨਹੀਂ ਅਤੇ ਨਾ ਹੀ ਇਤਿਹਾਸ ‘ਚ ਅਜਿਹੀ ਕੋਈ ਮਿਸਾਲ ਮਿਲ਼ਦੀ ਹੈ।

ਇਸੇ ਤਰ੍ਹਾਂ ਧਰਮ ਦੀ ਜਕੜ ਅਤੇ ਧਰਮਿਕ ਗੁਰੂਆਂ ਦੀ ਲੁੱਟ ਤੋਂ ਉਸ ਸਮੇਂ ਰੂਸੀ ਲੋਕ ਅਜ਼ਾਦ ਹੋਏ। ਕਿਉਂਕਿ ਰੂਸੀ ਬਾਲਸ਼ਵਿਕ ਸਰਕਾਰ ਨੇ ਇਸਨੂੰ ਆਰਥਿਕਤਾ ਨਾਲ਼ ਜੋੜ ਕੇ ਹੱਲ ਕੀਤਾ ਅਤੇ ਫਿਰ ਲੋਕ ਆਪਣੇ ਆਪ ਹੀ ਧਰਮ ਤੋਂ ਮੁਨਕਰ ਹੋਣ ਲੱਗੇ। ਜਿਵੇਂ ਰਾਹੁਲ ਨੇ ਲਿਖਿਆ ਹੈ, “ਇੱਕ ਥਾਂ (ਬਾਕੂ ਵਿੱਚ) ਇੱਕ ਯਹੂਦੀ ਮੰਦਰ ਨੂੰ ਕਲੱਬ (ਸਿਨੋਗੋਜ਼) ਦੇ ਰੂਪ ਵਿੱਚ ਬਦਲਿਆ ਦੇਖਿਆ, ਇੱਕ ਈਸਾਈ ਗਿਰਜਾਘਰ ਕਿਸੇ ਦੂਜੇ ਰੂਪ ‘ਚ।… ਬਾਹਰ ਸੰਸਾਰ ਵਿੱਚ ਬਾਲਸ਼ਵਿਕਾਂ ਦੇ ਵਿਰੁੱਧ ਪ੍ਰਚਾਰ ਕਰਨ ਲਈ ਬਹੁਤ ਮਸਾਲਾ ਸੀ ਕਿਉਂਕਿ ਕੋਈ ਇਹ ਤਾਂ ਨਹੀਂ ਪੁੱਛੇਗਾ ਕਿ ਇਹਨਾਂ ਮੰਦਰਾਂ ਨੂੰ ਕਲੱਬਾਂ ਵਿੱਚ ਬਦਲਣ ਵਾਲ਼ੀ ਬਾਲਸ਼ਵਿਕ ਸਰਕਾਰ ਨਹੀਂ ਸਗੋਂ ਖੁਦ ਲੋਕ ਹੀ ਇਹਨਾਂ ਇਮਾਰਤਾਂ ਨੂੰ ਦੂਜਾ ਰੂਪ ਦੇਣਾ ਚਾਹੁੰਦੇ ਹਨ।” ਭਾਵ ਕਿਉਂਕਿ ਧਰਮ ਸਮਾਜ ਵਿੱਚ ਲੋਕਾਂ ਦੀ ਬੇਵਸੀ ਤੇ ਡਰ ਤੋਂ ਪੈਦਾ ਹੋਇਆ ਸੀ ਅਤੇ ਜਦ ਰੂਸ ਵਿੱਚ ਬਹੁਤ ਹੱਦ ਤੱਕ ਇਸ ਬੇਵਸੀ ‘ਤੇ ਕਾਬੂ ਪਾ ਲਿਆ ਤਾਂ ਲੋਕਾਂ ਨੂੰ ਧਰਮ ਫਜ਼ੂਲ ਚੀਜ਼ ਲੱਗਣ ਲੱਗੀ। ਪਰ ਕੇਵਲ ਇੰਨਾ ਹੀ ਨਹੀਂ ਕੀਤਾ ਸਗੋਂ ਇਹ ਤਾਂ ਅਧਾਰ ਦੇ ਖੇਤਰ ਦਾ ਮੁੱਢਲਾ ਕੰਮ ਸੀ, ਉੱਚ-ਉਸਾਰ ਦੇ ਤੌਰ ‘ਤੇ ਸਭ ਨੂੰ ਪੜ੍ਹਾਉਣ ਲਿਖਾਉਣ ਤੇ ਲੋਕਾਂ ਦਾ ਸੱਭਿਆਚਾਰਕ ਪੱਧਰ ਉੱਚਾ ਚੁੱਕਣ ਲਈ ਵੀ ਵੱਡੇ ਪੱਧਰ ‘ਤੇ ਕੰਮ ਹੋਇਆ। ਕਿਤਾਬਾਂ ਦਾ ਪ੍ਰਕਾਸ਼ਨ, ਫਿਲਮਾਂ ਤੇ ਕਲਾਵਾਂ ਆਦਿ ‘ਤੇ ਅਥਾਹ ਕੰਮ ਹੋਇਆ ਅਤੇ ਚੰਗੀਆਂ ਕਦਰਾਂ-ਕੀਮਤਾਂ ਦਾ ਪ੍ਰਚਾਰ-ਪ੍ਰਸਾਰ ਹੋਇਆ। ਰਾਹੁਲ ਨੇ ਲਿਖਿਆ ਹੈ ਕਿ ਡੇਢ ਲੱਖ ਕਿਤਾਬ ਦਾ ਐਡੀਸ਼ਨ ਹੱਥੋ-ਹੱਥੀ ਵਿਕ ਜਾਂਦਾ ਸੀ। ਇਸ ਗੱਲ ਤੋਂ ਉੱਥੇ ਪੁਸਤਕ ਸੱਭਿਆਚਾਰ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਸੋਵੀਅਤ ਸਿਪਾਹੀਆਂ ਬਾਰੇ ਇੱਕ ਇਰਾਨ ਦੀ ਔਰਤ ਰਾਹੁਲ ਨਾਲ਼ ਗੱਲਾਂ ਕਰਦੀ ਹੈ ਅਤੇ ਕਹਿੰਦੀ ਹੈ, “ਜਿਸ ਫੁੱਟਪਾਥ ‘ਤੇ ਮੈਂ ਚੱਲ ਰਹੀ ਹਾਂ, ਜੇਕਰ ਉਸੇ ‘ਤੇ ਸਾਮਹਣੇ ਅਮਰੀਕੀ ਜਾਂ ਬ੍ਰਿਟਿਸ਼ ਫ਼ੌਜੀ ਆਉਂਦਾ ਦੇਖਾਂਗੀ ਤਾਂ ਮੈਂ ਪਹਿਲਾਂ ਹੀ ਇਸਨੂੰ ਛੱਡ ਕੇ ਦੂਜੇ ਫੁੱਟਪਾਥ ‘ਤੇ ਚੱਲਣ ਲੱਗਾਂਗੀ, ਪਰ ਕੋਈ ਰੂਸੀ ਫ਼ੌਜੀ ਆਉਂਦਾ ਹੋਵੇ ਤਾਂ ਮੈਂ ਭੋਰਾ ਵੀ ਨਹੀਂ ਹਟਾਂਗੀ।”

ਪੜ੍ਹਾਈ ਲਿਖਾਈ ਦਾ ਤਾਂ ਇੰਨਾ ਵਧੀਆ ਪ੍ਰਬੰਧ ਸੀ ਕਿ ਸੋਵੀਅਤ ਯੂਨੀਅਨ ਨੇ ਬਹੁਤ ਥੋੜ੍ਹੇ ਜਿਹੇ ਸਾਲਾਂ ਵਿੱਚ ਹੀ ਦੇਸ਼ ਪੱਛੜੀਆਂ ਕੌਮਾਂ ਕੌਮੀਅਤਾਂ ਸਹਿਤ ਹਰ ਨਾਗਰਿਕ ਨੂੰ ਪੜ੍ਹਾ ਦਿੱਤਾ ਸੀ (ਜੋ ਕਿ ਸਾਡੇ ਦੇਸ਼ ਦੀ ਹਾਕਮ ਜਮਾਤ 68 ਸਾਲਾਂ ਬਾਅਦ ਵੀ ਨਹੀਂ ਕਰ ਸਕੀ)। ਜਿਸਦੀ ਚਰਚਾ ਕਰਦੇ ਰਾਹੁਲ ਲਿਖਦੇ ਹਨ, “ਸੋਵੀਅਤ ਯੂਨੀਅਨ ਨੇ ਕਿੰਨੀ ਛੇਤੀ ਅੱਖਰ ਗਿਆਨ ਤੋਂ ਵੀ ਕੋਰੀਆਂ ਸਭ ਪੱਛੜੀਆਂ ਜਾਤਾਂ ਨੂੰ ਵੀ ਕਿੰਨਾ ਅੱਗੇ ਵਧਾ ਦਿੱਤਾ, ਇਹ ਲਾਜ਼ਮੀ ਸ਼ਲਾਘਾ ਦੀ ਗੱਲ ਸੀ।” ਪੜ੍ਹਾਈ ਦਾ ਪੱਧਰ ਵੀ ਬਹੁਤ ਉੱਚਾ ਸੀ ਜਿਸ ਬਾਰੇ ਰਾਹੁਲ ਲਿਖਦੇ ਹਨ, “ਸੋਵੀਅਤ ਦੇ ਸੱਤ ਸਾਲਾਂ ਦੇ ਵਿਦਿਆਰਥੀ ਦਾ ਵਿਸ਼ਾ-ਗਿਆਨ ਸਾਡੇ ਹਾਈ ਸਕੂਲ ਦੇ ਬਰਾਬਰ ਹੁੰਦਾ ਹੈ ਅਤੇ ਹਾਈ ਸਕੂਲ ਵਾਲ਼ਾ ਸਾਡੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਮਾਤ ਪਾਉਂਦਾ ਸੀ।… ਸਾਡੇ ਵਾਂਗ ਉਥੇ ਪੇਪਰ ਯੁੱਧ-ਖੇਤਰ ਦਾ ਰੂਪ ਨਹੀਂ ਸੀ ਲੈਂਦੇ ਜਿਹਨਾਂ ਵਿੱਚ ਅੱਧੇ ਵਿਦਿਆਰਥੀ ਕਤਲ ਹੋ ਜਾਂਦੇ ਹਨ…।” ਇਸ ਤੋਂ ਬਿਨਾਂ ਬਾਲ-ਮਨੋਵਿਗਿਆਨ ‘ਤੇ ਜੋ ਕੰਮ ਰੂਸ ਵਿੱਚ ਹੋਇਆ ਇਸਦੀ ਮਿਸਾਲ ਸੰਸਾਰ ਵਿੱਚ ਕਿਤੇ ਨਹੀਂ ਮਿਲ਼ਦੀ। ਜਦ ਰੂਸੀ ਬੱਚਿਆਂ ਨੇ ਰਾਹੁਲ ਨੂੰ ਪੁੱਛਿਆ ਕਿ ਭਾਰਤੀ ਬੱਚੇ ਕੀ ਕਰਦੇ ਹਨ? ਤਾਂ ਰਾਹੁਲ ਨੇ ਜਵਾਬ ਦਿੱਤਾ ਕਿ ਉਹ ਡੰਗਰ ਚਾਰਦੇ ਹਨ, ਦੂਜਿਆਂ ਦੇ ਬੱਚਿਆਂ ਨੂੰ ਖਿਡਾਉਂਦੇ ਹਨ ਜਾਂ ਹੋਰ ਕੰਮ ਕਰਕੇ ਰੋਟੀ ਕਮਾਉਂਦੇ ਹਨ। ਤਾਂ ਰੂਸੀ ਬੱਚਿਆਂ ਲਈ ਇਹ ਹੈਰਾਨੀ ਦੀ ਗੱਲ ਸੀ ਕਿਉਂਕਿ ਰੂਸ ਵਿੱਚ ਕੋਈ ਵੀ ਬੱਚਾ ਬੰਧੂਆ ਮਜ਼ਦੂਰ ਨਹੀਂ ਸੀ। ਹਾਂ, ਪਰ ਪੈਦਾਵਾਰੀ ਕੰਮਾਂ ਵਿੱਚ ਪੜ੍ਹਾਈ ਦੌਰਾਨ ਬੱਚਿਆਂ ਦੀ ਸ਼ਮੂਲੀਅਤ ਹੁੰਦੀ ਸੀ ਜਿਸ ਵਿੱਚ ਉਹ ਵੱਖ-ਵੱਖ ਕੰੰਮਾਂ ਬਾਰੇ ਸਿੱਖਦੇ ਸਨ ਜਾਂ ਬਹੁਤ ਛੋਟੇ ਬੱਚਿਆਂ ਨੂੰ ਕੰਮ ਹੁੰਦੇ ਦਿਖਾਏ ਜਾਂਦੇ ਸਨ ਜਿਵੇਂ ਫੈਕਟਰੀਆਂ, ਖੇਤਾਂ ਵਿਚਲੇ ਕੰਮ ਦਿਖਾਏ ਜਾਂਦੇ ਸਨ। ਛੋਟੇ ਬੱਚਿਆਂ ਲਈ ਬਾਲ-ਸ਼ਿਲਾਵਾਂ ਬਣੀਆਂ ਹੋਈਆਂ ਸਨ ਜਿੱਥੇ ਉਹਨਾਂ ਦੀ ਬਹੁਤ ਵਧੀਆ ਸਾਂਭ-ਸੰਭਾਲ਼ ਹੁੰਦੀ ਸੀ, ਮਾਂ-ਪਿਉ ਨੂੰ ਆਪਣੇ ਬੱਚਿਆਂ ਦੀ ਕੋਈ ਚਿੰਤਾ ਨਹੀਂ ਸੀ ਨਾ ਪਲਣ ਦੀ ਤੇ ਨਾ ਪੜ੍ਹਾਈ ਲਿਖਾਈ ਤੇ ਰੁਜ਼ਗਾਰ ਦੀ ਕਿਉਂਕਿ ਇਹ ਸਭ ਸਰਕਾਰ ਦੀ ਜ਼ਿੰਮੇਵਾਰੀ ਸੀ। ਇਕੱਲੇ ਬਾਕੂ ਸ਼ਹਿਰ ਵਿੱਚ 100 ਬਾਲ-ਸ਼ਿਲਾਵਾਂ ਸਨ ਜਿੱਥੇ 3 ਤੋਂ 7 ਸਾਲ ਤੱਕ ਦੇ ਬੱਚੇ ਸਵੇਰੇ 9 ਤੋਂ 5 ਵਜੇ ਤੱਕ ਰਹਿੰਦੇ ਸਨ।

ਇਸੇ ਤਰ੍ਹਾਂ ਕੌਮੀਅਤਾਂ ਦੇ ਫ਼ਰਕਾਂ ਨੂੰ ਵੀ ਮਿਟਾਇਆ ਗਿਆ। ਰੂਸ ਵਿੱਚ ਉਸ ਸਮੇਂ ਅੰਤਰ-ਕੌਮੀਅਤ ਵਿਆਹ ਆਮ ਹੁੰਦੇ ਸਨ। ਸਰਕਾਰ ਇਹਨਾਂ ਵਿਆਹਾਂ ਨੂੰ ਉਤਸ਼ਾਹਿਤ ਕਰਦੀ ਸੀ। ਰਾਹੁਲ ਇਸ ਬਾਰੇ ਲਿਖਦੇ ਹਨ, “ਸੋਵੀਅਤ ਵਿੱਚ ਇਸ ਤਰ੍ਹਾਂ ਦੇ ਏਸ਼ਿਆਈ-ਯੂਰੋਪੀ ਵਿਆਹ ਬਹੁਤ ਹੋ ਰਹੇ ਸਨ, ਇੰਨੇ ਜ਼ਿਆਦਾ ਕਿ ਸਦੀ ਦੇ ਅੰਤ ਤੱਕ ਸਭ ਕੌਮੀਅਤਾਂ ਮਿਲ਼ ਜਾਣਗੀਆਂ।” ਇਹ ਵਿਆਹ ਵੀ ਤੈਅਸ਼ੁਦਾ ਵਿਆਹ ਨਹੀਂ ਹੁੰਦੇ ਸਨ ਸਗੋਂ ਆਪਸੀ ਪਿਆਰ, ਨਿੱਜੀ ਚੋਣ ਤੇ ਪਸੰਦ ‘ਤੇ ਹੀ ਅਧਾਰਤ ਹੁੰਦੇ ਸਨ।

ਇਸੇ ਤਰ੍ਹਾਂ ਉਸ ਸਮੇਂ (ਭਾਵ 1917 -1953) ਰੂਸ ਵਿੱਚ ਭੁੱਖਮਰੀ, ਗ਼ਰੀਬੀ (ਖ਼ਾਸ ਤੌਰ ‘ਤੇ 1929 ਤੋਂ 1953 ਤੱਕ) ਦਾ ਕੋਈ ਵੀ ਮਾਮਲਾ ਨਹੀਂ ਮਿਲ਼ਿਆ। ਰਾਹੁਲ ਇਸ ਬਾਰੇ ਆਪਣਾ ਤਜ਼ਰਬਾ ਇਸ ਤਰ੍ਹਾਂ ਸਾਂਝਾ ਕਰਦੇ ਹਨ, “ਸੋਵੀਅਤ ਵਿੱਚ ਜਦ ਸਧਾਰਨ ਲੋਕਾਂ ਦੇ ਸੁੱਖ ਤੇ ਨਿਸ਼ਚਿਤਤਾ ਦੇ ਪੱਧਰ ਨੂੰ ਦੇਖਦੇ ਹਾਂ ਤਾਂ ਕਹਿਣਾ ਪੈਂਦਾ ਹੈ ਕਿ ਸੰਸਾਰ ਵਿੱਚ ਅਮਰੀਕਾ ਵਰਗੇ ਬਹੁਤ ਅਮੀਰ ਦੇਸ਼ ਵਿੱਚ ਵੀ ਇੰਨੀ ਚੰਗੀ ਹਾਲਤ ਵਿੱਚ ਲੋਕ ਨਹੀਂ ਹੋ ਸਕਦੇ, ਕਿਉਂਕਿ ਅਮਰੀਕਾ ਵਿੱਚ ਹਰ ਸਮੇਂ ਲੱਖਾਂ ਲੋਕ ਬੇਕਾਰ ਰਹਿੰਦੇ ਹਨ। ਬੇਕਾਰ ਦਾ ਮਤਲਬ ਹੈ, ਦਾਣੇ-ਦਾਣੇ ਲਈ ਤਰਸਣਾ। ਪਰ ਰੂਸ ਵਿੱਚ ਕੋਈ ਵੀ ਬੇਕਾਰ ਨਹੀਂ ਹੈ।” ਇਸ ਤਰ੍ਹਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਥੇ ਆਮ ਲੋਕਾਂ ਦੀ ਹਾਲਤ ਕਿੰਨੀ ਵਧੀਆ ਸੀ। ਰਾਹੁਲ ਲਿਖਦੇ ਹਨ ਕਿ ਜਿੰਨਾ ਇਕੱਲੇ ਲੈਨਿਨਗ੍ਰਾਦ ਸ਼ਹਿਰ ਦੀ ਸਰਕਾਰ ਹਸਪਤਾਲਾਂ ‘ਤੇ ਖ਼ਰਚ ਕਰਦੀ ਹੈ, ਓਨਾ ਤਾਂ ਯੂਪੀ ਸਰਕਾਰ ਦਾ ਸਾਰਾ ਬਜਟ ਹੋਵੇਗਾ। ਅੱਗੇ ਹੋਰ ਲਿਖਦੇ ਹਨ, “ਸਰਮਾਏਦਾਰਾ ਦੇਸ਼ਾਂ ਵਿੱਚ ਮੱਧਵਰਗ ਨੂੰ ਬਿਮਾਰੀ ਪਿੱਛੇ ਵਿਕਦੇ ਦੇਖਿਆ ਹੈ, ਉਹ (ਰੂਸੀ) ਇਸਦੇ ਮਹੱਤਵ ਨੂੰ ਸਮਝਦੇ ਹਨ। ਸ਼ਹਿਰਾਂ (ਸੋਵੀਅਤ) ਵਿੱਚ ਹਰੇਕ ਵਿਅਕਤੀ ਲਈ ਇੱਕ-ਇੱਕ ਨਹੀਂ ਸਗੋਂ ਤਿੰਨ-ਤਿੰਨ ਥਾਵਾਂ ‘ਤੇ ਮੁਫ਼ਤ ਹਸਪਤਾਲਾਂ ਦਾ ਪ੍ਰਬੰਧ ਹੈ।”

ਇਸ ਤੋਂ ਬਿਨਾਂ ਰਾਹੁਲ ਸੋਵੀਅਤ ਕਲਾ ਦੇ ਆਸ਼ਕ ਸਨ। ਉਹਨਾਂ ਨੂੰ ਸੋਵੀਅਤ ਨਾਟਕ ਤੇ ਫ਼ਿਲਮ ਕਲਾ ਬਹੁਤ ਪ੍ਰਭਾਵਿਤ ਕਰਦੀ ਸੀ ਅਤੇ ਅਕਸਰ ਉਹ ਨਾਟਕ ਜਾਂ ਫ਼ਿਲਮ ਦੇਖਣ ਜਾਂਦੇ ਸਨ। ਇਹ ਤਜ਼ਰਬੇ ਨੂੰ ਉਹ ਇਸ ਤਰ੍ਹਾਂ ਬਿਆਨ ਕਰਦੇ ਹਨ, “ਸੋਵੀਅਤਾਂ ਦੇ ਨਾਟਕ ਕੇਵਲ ਸੁੰਦਰ ਕਲਾ ਅਤੇ ਰੌਚਕ ਮਨੋਰੰਜਨ ਦੇ ਹੀ ਉੱਤਮ ਉਦਾਹਰਣ ਨਹੀਂ ਹੁੰਦੇ, ਸਗੋਂ ਉਹ ਇਤਿਹਾਸ, ਸਮਾਜ-ਵਿਗਿਆਨ ਦੀ ਸੁੰਦਰ ਪਾਠਸ਼ਾਲਾ ਦਾ ਕੰਮ ਵੀ ਦਿੰਦੇ ਹਨ। ਜਿਸ ਸਮੇਂ ਦਾ ਨਾਟਕ ਦੇਖਣ ਦਾ ਤੁਹਾਨੂੰ ਮੌਕਾ ਮਿਲ਼ਿਆ ਹੈ, ਉਸ ਸਮੇਂ ਦਾ ਇਤਿਹਾਸ ਤੁਹਾਡੇ ਸਾਹਮਣੇ ਬਿਲਕੁਲ ਅਸਲੀ ਰੂਪ ਵਿੱਚ ਆ ਜਾਂਦਾ ਹੈ ਅਤੇ ਅਜਿਹੇ ਰੂਪ ਵਿੱਚ ਜਿਸਨੂੰ ਤੁਸੀਂ ਛੇਤੀ ਭੁੱਲ ਨਹੀਂ ਸਕਦੇ। ਸਾਡੇ ਇੱਥੋਂ ਵਾਂਗ ਨਹੀਂ ਕਿ ਅਸ਼ੋਕ ਦੇ ਸਮੇਂ ਉਸਨੂੰ ਵਿਕਰਮਸ਼ਿਲਾ ਦਾ ਭਿਕਸ਼ੂ ਪੇਸ਼ ਕਰ ਦਿੱਤਾ ਜਾਵੇ, ਜਿਸ ਵਿਕਰਮਸ਼ਿਲਾ ਦੀ ਹੋਂਦ ਅਸ਼ੋਕ ਤੋਂ ਗਿਆਰਾਂ ਸਦੀਆਂ ਬਾਅਦ ਆਈ…।”

ਮਾਤ-ਭਾਸ਼ਾਵਾਂ ਦੀ ਬਿਹਤਰੀ ਲਈ ਜੋ ਕੰਮ ਰੂਸ ਵਿੱਚ ਹੋ ਰਿਹਾ ਸੀ ਉਸ ਦਾ ਰਾਹੁਲ ਬਹੁਤ ਕਾਇਲ ਸਨ। ਇਸੇ ਕਰਕੇ ਹੀ ਉਹ ਮਾਤ-ਭਾਸ਼ਾ ਦੇ ਮਹੱਤਵ ਨੂੰ ਸਮਝਣ ਲੱਗੇ ਸਨ। ਇਸੇ ਕਰਕੇ ਭਾਰਤ ਆ ਕੇ ਉਹਨਾਂ ਨੇ ਛਪਰਾ ਤੋਂ ਉੱਥੋਂ ਦੀ ਸਥਾਨਕ ਬੋਲੀ ਵਿੱਚ ਅਖ਼ਬਾਰ ਕੱਢਣ ਦਾ ਪ੍ਰੋਗਰਾਮ ਬਣਾਇਆ ਸੀ।

ਸੋਵੀਅਤ ਰੂਸ ਪ੍ਰਤੀ ਉਹ ਆਪਣੇ ਕੁੱਲ ਭਾਵਾਂ ਨੂੰ ਕੁਝ ਇਸ ਤਰ੍ਹਾਂ ਪ੍ਰਗਟਾਉਂਦੇ ਹਨ, “ਮੈਂ ਮੁਕਤ ਕੰਠ ਨਾਲ਼ ਆਪਣੇ ਇਸ ਗ੍ਰੰਥ ਵਿੱਚ ਪ੍ਰਵਾਨ ਕੀਤਾ ਹੈ ਅਤੇ ਇੱਥੇ ਵੀ ਪ੍ਰਵਾਨ ਕਰਦਾ ਹਾਂ (1951 ਈ.) ਕਿ ਸੋਵੀਅਤ ਜੀਵਨ, ਸੋਵੀਅਤ ਦੇ ਵਿਸ਼ਾਲ ਉਸਾਰੀ ਕੰਮ ਨਾਲ਼ ਨਾ ਕੇਵਲ ਸੋਵੀਅਤ ਜਾਂ ਸਬੰਧਤ ਦੇਸ਼ਾਂ ਨੂੰ ਹੀ ਲਾਭ ਹੋਇਆ ਹੈ ਸਗੋਂ ਨਵੀਂ ਸੋਵੀਅਤ ਕੌਮ ਸਾਰੀ ਮਨੁੱਖਤਾ ਦੀ ਆਸ ਹੈ। ਅੱਜ ਜਾਂ ਕੱਲ੍ਹ ਸਾਰੇ ਦੇਸ਼ਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਉਸੇ ਰਾਹ ਹੋਵੇਗਾ, ਜਿਹੜੇ ਰਾਹ 1917 ਵਿੱਚ ਰੂਸ ਪਿਆ।”

ਇਸ ਤਰ੍ਹਾਂ ਜੀਵਨ ਦੇ ਅੰਤਿਮ ਸਮੇਂ ਤੱਕ ਰਾਹੁਲ ਦਾ ਕਮਿਊਨਿਜ਼ਮ ਵਿੱਚ ਅਡਿੱਗ ਵਿਸ਼ਵਾਸ ਰਿਹਾ। ਇੱਕ ਅਜਿਹਾ ਵਿਸ਼ਵਾਸ ਜੋ ਜੰਗਾਲ਼ ਖਾਧੇ ਤੇ ਕਮਰੇ ‘ਚ ਬੈਠੇ ਵਿਹਲੇ ਦਿਮਾਗ਼ ਦੀ ਪੈਦਾਵਾਰ ਨਹੀਂ ਸੀ ਸਗੋਂ ਜੀਵਨ ਦੀਆਂ ਠੋਸ ਹਾਲਤਾਂ, ਲੋਕਾਈ ਨਾਲ਼ ਜੁੜੇ ਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਖੌਝਲ਼ਣ ਵਾਲ਼ੇ ਤੇ ਉਹਨਾਂ ਦੇ ਹੱਲ ਲਈ ਯਤਨਸ਼ੀਲ, ਜ਼ਮੀਨ ਨਾਲ਼ ਜੁੜੇ ਤੇ ਭਵਿੱਖ ਪ੍ਰਤੀ ਸਕਾਰਾਤਮਕ ਪਹੁੰਚ ਰੱਖਣ ਵਾਲ਼ੇ, ਇੱਕ ਸੱਚੇ ਲੋਕ ਪੱਖੀ ਇਨਸਾਨ ਤੇ ਮਨੁੱਖਤਾ ਦੀ ਬਿਹਤਰੀ ਲਈ ਹਮੇਸ਼ਾ ਸਰਗਰਮ ਮਨੁੱਖ ਦਾ ਵਿਸ਼ਵਾਸ਼ ਹੈ, ਜਿਸਦਾ ਆਦਰਸ਼ ਕੋਈ ਹਵਾ-ਹਵਾਈ ਅਦਾਰਸ਼ ਨਹੀਂ ਸਗੋਂ ਜੀਵਨ ਦੀਆਂ ਠੋਸ ਹਾਲਤਾਂ ਦੇ ਠੋਸ ਵਿਸ਼ਲੇਸ਼ਣ ਤੇ ਤਜ਼ਰਬੇ ‘ਚੋਂ ਨਿੱਕਲ਼ਿਆ ਆਦਰਸ਼ ਹੈ ਜਿਸ ਬਾਰੇ ਉਹਨਾਂ ਨੂੰ ਯਕੀਨ ਸੀ ਕਿ ਆਉਣ ਵਾਲ਼ੀਆਂ ਪੀੜ੍ਹੀਆਂ ਇਸਨੂੰ ਜ਼ਰੂਰ ਪੂਰਾ ਕਰਨਗੀਆਂ।

ਇਸ ਤਰ੍ਹਾਂ ਅਸੀਂ ਦੇਸ਼ ਦੇ ਜ਼ਿੰਦਾਦਿਲ, ਸੰਵੇਦਨਸ਼ੀਲ, ਮਨੁੱਖਤਾ ਦੇ ਬਿਹਤਰ ਭਵਿੱਖ ਲਈ ਖੌਝਲ਼ ਰਹੇ ਨੌਜਵਾਨਾਂ\ਲੋਕਾਂ ਨੂੰ ਸਿਫ਼ਾਰਿਸ਼ ਕਰਾਂਗੇ ਕਿ ਉਹਨਾਂ ਨੂੰ ਰਾਹੁਲ ਦੀ ਇਹ ‘ਜੀਵਨ-ਯਾਤਰਾ’ ਲਾਜ਼ਮੀ ਪੜ੍ਹਨੀ ਚਾਹੀਦੀ ਹੈ ਜੋ ਬੰਦੇ ਨੂੰ ਜ਼ਮੀਨ ਨਾਲ਼ ਜੁੜਨ, ਲੋਕਾਈ ਦੀ ਬਾਤ ਪਾਉਣ ਦਾ ਸੁਨੇਹਾ ਦਿੰਦੀ ਹੋਈ ਮਨੁੱਖਤਾ ਵਿੱਚ ਵਿਸ਼ਵਾਸ ਜਗਾਉਂਦੀ ਹੈ ਅਤੇ ਮਨੁੱਖ ਨੂੰ ਛੋਟੀਆਂ-ਛੋਟੀਆਂ ਤੰਗ ਸੋਚਾਂ ਤੋਂ ਉੱਪਰ ਉੱਠ ਕੇ ਸਾਗਰ ਵਰਗੀ ਵਿਸ਼ਾਲਤਾ ਦਾ ਧਾਰਨੀ ਤੇ ਹਿੰਮਤੀ ਬਣਨ ਲਈ ਪ੍ਰੇਰਿਤ ਕਰਦੀ ਹੈ।
(ਸਮਾਪਤ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s