‘ਮੇਰੀ ਜੀਵਨ-ਯਾਤਰਾ’: ਬਿਖੜੇ ਰਾਹਾਂ ਦੇ ਪਾਂਧੀ ਤੇ ‘ਸੱਭਿਆਚਾਰਕ ਘੁਲਾਟੀਏ’ ਰਾਹੁਲ ਸਾਂਕਰਤਾਇਨ ਦੀਆਂ ਸਾਹਸੀ, ਖੋਜੀ ਤੇ ਸਿਰਜਣਾਤਮਕ ਯਾਤਰਾਵਾਂ ਦਾ ਸੰਗ੍ਰਹਿ •ਕੁਲਦੀਪ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਰਾਹੁਲ ਸਾਂਕਰਤਾਇਨ ਭਾਰਤੀ ਪਦਾਰਥਵਾਦੀ ਦਾਰਸ਼ਨਿਕ ਧਾਰਾ ਦੇ ਆਧੁਨਿਕ ਚਿੰਤਕ ਅਤੇ ਨਵੇਂ, ਅਗਾਂਹਵਧੂ ਸੱਭਿਆਚਾਰ ਦੇ ਜਰਨੈਲ ਹੋਣ ਦੇ ਨਾਲ਼ ਹੀ ਸਾਹਸੀ ਘੁਮੱਕੜ ਵੀ ਸਨ ਜਿਹਨਾਂ ਦੀ ਪੂਰੀ ਜ਼ਿੰਦਗੀ ਭਾਰਤ ਹੀ ਨਹੀਂ ਸਗੋਂ ਸੰਸਾਰ ਦੇ ਕੋਨੇ-ਕੋਨੇ ਵਿੱਚ ਘੁੰਮਦਿਆਂ ਬੀਤੀ। ਪਰ ਉਹਨਾਂ ਦੀਆਂ ਯਾਤਰਾਵਾਂ ਵਕਤ ਕਟੀ, ਅੱਯਾਸ਼ੀ ਜਾਂ ਨਿੱਜੀ ਰੁਚੀਆਂ ਦੀ ਪੂਰਤੀ ਦਾ ਇੱਕ ਸਾਧਨ ਨਾ ਹੋ ਕੇ ਸਗੋਂ ਪੁਰਾਣੀਆਂ ਪੁਰਾਤੱਤਵਿਕ ਵਸਤਾਂ, ਦੁਰਲੱਭ ਗ੍ਰੰਥ, ਮੂਰਤੀਆਂ, ਸਾਹਿਤ ਕਿਤਾਬਾਂ ਤੇ ਹੋਰ ਇਤਿਹਾਸਕ ਸਮੱਗਰੀ ਖੋਜਣ ਲਈ ਇੱਕ ਸਾਹਸੀ ਈਜਾਦਕਾਰ ਵੱਲੋਂ ਕੀਤੀਆਂ ਹੋਈਆਂ ਯਾਤਰਾਵਾਂ ਹਨ। ਇਸ ਮਹਾਂ-ਵਿਦਵਾਨ ਤੇ ਮਹਾਂ-ਵਿਦਰੋਹੀ ਸ਼ਖ਼ਸ਼ੀਅਤ ਨੇ ਜੀਵਨ ਦੀ ਖੜੋਤ ਤੇ ਪਿਛਾਖੜੀ ਤਾਕਤਾਂ ਵਿਰੁੱਧ ਹਰ ਸਮੇਂ ਟੱਕਰ ਲਈ ਅਤੇ ਆਪਣੀ ਲੇਖਣੀ ਤੇ ਅਮਲੀ ਸਰਗਰਮੀਆਂ ਰਾਹੀਂ ਹਮੇਸ਼ਾ ਹੀ ਲੋਟੂ-ਹਾਕਮਾਂ ਦੀ ਹਰ ਸੁੱਖ-ਸਹੂਲਤ ਨੂੰ ਲੱਤ ਮਾਰ ਕੇ ਲੋਕਾਂ ਦਾ ਪੱਖ ਲਿਆ। ਉਹਨਾਂ ਦੀ ਸਵੈ-ਜੀਵਨੀ ‘ਮੇਰੀ ਜੀਵਨ-ਯਾਤਰਾ’- ਵਿੱਚੋਂ ਵੀ ਉਹਨਾਂ ਦੇ ਸਾਹਸੀ, ਨਿਡਰ, ਘੁਮੱਕੜ, ਖੋਜੀ, ਲੋਕਪੱਖੀ, ਮਹਾਂ-ਵਿਦਵਾਨ ਤੇ ਮਹਾਂ-ਵਿਦਰੋਹੀ ਕਿਰਦਾਰ ਨੂੰ ਦੇਖਿਆ ਜਾ ਸਕਦਾ ਹੈ। ਇਸ ਜੂਝਾਰੂ ਤਬੀਅਤ ਸਖ਼ਸ਼ੀਅਤ ਦੀ ਅਰੁੱਕ ਯਾਤਰਾ ਹਮੇਸ਼ਾ ਉੱਚੇ ਟੀਚੇ ਦੇ ਰਾਹਾਂ ਦੀ ਈਜਾਦਕਾਰ ਰਹੀ। ਉਹ ਏ.ਸੀ. ਕਮਰਿਆਂ ‘ਚ ਬੈਠ ਕੇ ਬੌਧਿਕ ਜੁਗਾਲ਼ੀ ਕਰਨ ਵਾਲ਼ੇ, ਵਾਹ-ਵਾਹ ਦੀ ਭੀਖ ਮੰਗਣ ਵਾਲ਼ੇ ਭੀਖਮੰਗੂ ਲੇਖਕਾਂ ਵਾਂਗ, ਭਾਰੀ-ਭਰਕਮ ਸ਼ਬਦ ਜਾਲ਼ਾਂ ਵਿੱਚ ਉਲਝਣ ਤੇ ਇਨਕਲਾਬੀਆਂ ਨੂੰ ਨਸੀਹਤਾਂ ਦੇਣ ਜਿਹਾ ਸੰਸਾਰ ਦਾ ਸਭ ਤੋਂ ਸੌਖਾਲ਼ਾ ਕੰਮ ਕਰਨ ਦੀ ਗੰਦੀ-ਭੱਦੀ ਤੇ ਚਗਲ਼ੀ ਹੋਈ ਹਰ ਇੱਛਾ ਨੂੰ ਲੱਤ ਮਾਰ ਕੇ ਸਗੋਂ ਪੂਰਾ ਜੀਵਨ ਯਥਾਸਥਿਤੀਵਾਦੀ, ਖੜੋਤ-ਗ੍ਰਸਤ, ਰੂੜੀਵਾਦੀ ਕਦਰਾਂ-ਕੀਮਤਾਂ, ਸਮਾਜਿਕ ਢਾਂਚੇ ਤੇ ਹਰ ਫਿਰਕੂ-ਪਿਛਾਖੜ ‘ਤੇ ਤਿੱਖੇ ਹਮਲੇ ਕਰਦੇ ਰਹੇ ਅਤੇ ਸਿਧਾਂਤਾਂ, ਨਿਰਣਿਆਂ, ਨਾਅਰਿਆਂ ਤੇ ਵਾਅਦਿਆਂ ਨੂੰ ਅਮਲ ਦੀ ਕੁਠਾਲ਼ੀ ਵਿੱਚ ਪਾ ਕੇ ਪਰਖਣ ਦੇ ਹਮਾਇਤੀ ਰਹੇ। ਜਾਂ ਇਹ ਕਹੀਏ ਕਿ ਇਤਿਹਾਸ ਦੀ ਧਾਰਾ ਨੂੰ ਰੋਕਣ ਵਾਲ਼ੀਆਂ ਨਾਂਹ-ਪੱਖੀ ਰਾਵਇਤਾਂ ‘ਤੇ ਹਮਲਾ ਕਰਨਾ, ਰੂੜੀਆਂ ਤੇ ਹਰ ਪਿਛਾਖੜ ਦੀਆਂ ਧੱਜੀਆਂ ਉਡਾ ਦੇਣਾ, ਇਹੀ ਰਾਹੁਲ ਦੇ ਚਿੰਤਨ ਦਾ ਕੇਂਦਰ-ਬਿੰਦੂ ਹੈ ਅਤੇ ਇਹੀ ਚੀਜ਼ ਰਾਹੁਲ ਨੂੰ ਸੰਗਰਾਮੀ ਤੇ ਲੋਕ-ਪੱਖੀ ਲੇਖਕ ਬਣਾਉਂਦੀ ਹੈ। ਥੋੜ੍ਹੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਉਹਨਾਂ ਦੇ ਪੂਰੇ ਜੀਵਨ ਵਿੱਚ ਸਿਧਾਂਤ ਤੇ ਅਭਿਆਸ ਦਾ ਸੁਮੇਲ਼ ਦੇਖਿਆ ਜਾ ਸਕਦਾ ਹੈ। ਇਸ ਲੇਖ ਵਿੱਚ ਅਸੀਂ ਰਾਹੁਲ ਦੀ ਜੀਵਨ-ਯਾਤਰਾ ‘ਮੇਰੀ ਜੀਵਨ-ਯਾਤਰਾ’ (ਜੋ ਚਾਰ ਭਾਗਾਂ ਵਿੱਚ ਹੈ) ‘ਚੋਂ ਉੱਭਰਦੀ ਰਾਹੁਲ ਦੀ ਸ਼ਖ਼ਸ਼ੀਅਤ ਦੇ ਉੱਘੜਵੇਂ ਪੱਖਾਂ ਦੀ ਚਰਚਾ ‘ਤੇ ਆਪਣੀ ਗੱਲ ਕੇਂਦਰਤ ਕਰਾਂਗੇ।

ਰਾਹੁਲ ਨੇ ਆਪਣੀ ‘ਜੀਵਨ-ਯਾਤਰਾ’ (ਅੱਗੇ ਵੀ ਅਸੀਂ ‘ਮੇਰੀ ਜੀਵਨ-ਯਾਤਰਾ’ ਦੀ ਥਾਂ ‘ਜੀਵਨ-ਯਾਤਰਾ’ ਸ਼ਬਦ ਹੀ ਵਰਤਾਂਗੇ) ਵਿੱਚ ਆਪਣੇ, ਆਪਣੇ ਘਰ-ਪਰਿਵਾਰ, ਦੋਸਤਾਂ-ਮਿੱਤਰਾਂ ਦੀਆਂ ਤਰੀਫ਼ਾਂ, ਬੱਚਿਆਂ ਦੀਆਂ ਚਰਚਾਵਾਂ ਤੇ ਉਹਨਾਂ ਦੀ ਪੜ੍ਹਾਈ-ਲਿਖਾਈ ਤੇ ਸੁਖੀ ਭਵਿੱਖ ਦੀਆਂ ਗੋਂਦਾਂ ਦੀ ਚਰਚਾ ਬਹੁਤ ਘੱਟ ਕੀਤੀ ਹੈ ਅਤੇ ਨਾ ਉਹਨਾਂ ਨੇ ਨਿੱਜੀ ਦੁੱਖਾਂ-ਮੁਸੀਬਤਾਂ-ਕਲੇਸ਼ਾਂ ਨਾਲ਼ ਜੂਝਣ ਦੇ ਕੀਰਨੇ ਪਾਉਂਦੇ ਹੋਏ ਉਹਨਾਂ ਦੇ “ਚੱਕਰਵਿਊ” ‘ਚੋਂ ਖੁਦ ਦੇ ਨਿੱਕਲ਼ਣ ਦੀਆਂ ਮਸੀਹੀ ਕਹਾਣੀਆਂ ਸੁਣਾਈਆਂ ਹਨ ਤੇ ਨਾਂ ਹੀ ਨਿੱਜਵਾਦੀ ਭਾਵੁਕ ਪਿੱਟ-ਸਿਆਪਾ ਹੈ – ਜਿਵੇਂ ਜ਼ਿਆਦਾਤਰ ਲੇਖਕਾਂ ਦੀਆਂ ਜੀਵਨੀਆਂ, ਸਵੈ-ਜੀਵਨੀਆਂ ਆਦਿ ‘ਚ ਦੇਖਿਆ ਜਾਂਦਾ ਹੈ – ਸਗੋਂ ਆਪਣੀ ਇਸ ਜੀਵਨ ਯਾਤਰਾ ਵਿੱਚ ਮੁੱਖ ਤੌਰ ‘ਤੇ ਉਹਨਾਂ ਗੱਲਾਂ ਨੂੰ ਉਭਾਰਿਆ ਹੈ ਜੋ ਪਾਠਕ ਵਿੱਚ ਹੁਲਾਸ, ਉਤਸ਼ਾਹ, ਜਿਗਿਆਸਾ ਜਗਾਉਂਦੀਆਂ ਹੋਈਆਂ ਉਸ ਲਈ ਗਿਆਨਵਰਧਕ ਤੇ ਨਿਵੇਕਲੀਆਂ ਹਨ। ‘ਜੀਵਨ-ਯਾਤਰਾ’ ਦੇ ਪਹਿਲੇ ਭਾਗ ਦੀ ਭੂਮਿਕਾ ਵਿੱਚ ਉਹ ਲਿਖਦੇ ਹਨ ਕਿ “ਮੈਂ ਕਿਉਂ ਆਪਣੀ ‘ਜੀਵਨ-ਯਾਤਰਾ’ ਲਿਖੀ? ਮੈਂ ਲਗਾਤਾਰ ਇਸਨੂੰ ਮਹਿਸੂਸ ਕਰਦਾ ਰਿਹਾ ਕਿ ਜੇਕਰ ਅਜਿਹੇ ਰਾਹਾਂ ਤੋਂ ਲੰਘੇ ਦੂਜੇ ਯਾਤਰੀ ਆਪਣੀ ਜੀਵਨ-ਯਾਤਰਾ ਲਿਖ ਗਏ ਹੁੰਦੇ ਤਾਂ ਮੇਰਾ ਬਹੁਤ ਲਾਭ ਹੁੰਦਾ, ਗਿਆਨ ਪੱਖੋਂ ਹੀ ਨਹੀਂ, ਸਮੇਂ ਦੀ ਮਾਤਰਾ ਪੱਖੋਂ ਵੀ।” ਪਹਿਲੇ ਭਾਗ ਦੀ ਭੂਮਿਕਾ ਵਿੱਚ ਉਹ ਲਿਖਦੇ ਹਨ, “ਮੈਂ ਆਪਣੀ ਸਵੈ-ਜੀਵਨੀ ਨਾ ਲਿਖ ਕੇ ਜੀਵਨ-ਯਾਤਰਾ ਲਿਖੀ ਹੈ, ਇਹ ਕਿਉਂ? ਪਾਠਕ ਨੂੰ ਇਸਦਾ ਉੱਤਰ ਕਿਤਾਬ ਪੜ੍ਹਕੇ ਹੀ ਮਿਲ਼ ਸਕਦਾ ਹੈ।” ਭਾਵ ‘ਜੀਵਨ-ਯਾਤਰਾ’ ਲਿਖਣ ਦਾ ਉਹਨਾਂ ਦਾ ਉਦੇਸ਼ ਆਪਣੀ ਵਡਿਆਈ ਦਾ ਰਾਗ ਅਲਾਪ ਕੇ ਆਪਣੀ ਹਉਮੈਂ ਨੂੰ ਪੱਠੇ ਪਾਉਣਾ ਨਹੀਂ ਸਗੋਂ ਪਾਠਕਾਂ ਨੂੰ ਨਵੀਂਆਂ-ਨਵੀਂਆਂ ਥਾਵਾਂ, ਉਹਨਾਂ ਦੇ ਇਤਿਹਾਸ, ਲੋਕਾਂ, ਸੱਭਿਆਚਾਰ, ਭਾਸ਼ਾਵਾਂ, ਕਲਾਵਾਂ, ਸਾਹਿਤ, ਪੁਰਾਤੱਤਵਿਕ ਸਮੱਗਰੀ ਆਦਿ ਬਾਰੇ ਜਾਣਕਾਰੀਆਂ ਮੁਹੱਇਆ ਕਰਵਾਉਣਾ ਸੀ ਤਾਂ ਕਿ ਸਾਡਾ ਸਮਾਜ ਵੀ ਸੰਸਾਰ ਪੱਧਰੀ ਮਨੁੱਖਤਾ ਦੀ ਰਚਨਾਤਮਕਤਾ ਬਾਰੇ ਜਾਣੇ ਤੇ ਖੂਹ-ਦੇ-ਡੱਡੂਪੁਣੇ ਤੋਂ ਬਾਹਰ ਆਵੇ। ਜੇਕਰ ਨਿੱਜੀ ਵਰਣਨ ਆਉਂਦਾ ਵੀ ਹੈ ਤਾਂ ਸੰਖੇਪ ਗੱਲ ਕਰਕੇ ਅੱਗੇ ਵਧ ਜਾਂਦੇ ਹਨ; ਜਿਵੇਂ ਜਦ ਰਾਹੁਲ ਸੋਵੀਅਤ ਯੂਨੀਅਨ ਵਿੱਚ 25 ਮਹੀਨੇ ਬਿਤਾਉਣ ਤੋਂ ਬਾਅਦ ਆਪਣੀ ਰੂਸੀ ਪਤਨੀ ਤੇ ਪੁੱਤਰ ਤੋਂ ਵਿਦਾ ਹੁੰਦੇ ਹਨ ਤਾਂ ਲਿਖਦੇ ਹਨ, “…ਵਿਦਾਈ ਲੈਂਦਿਆਂ ਉਹ (ਈਗਰ, ਰਾਹੁਲ ਦਾ ਮੁੰਡਾ) ਰੋਣ ਲੱਗਿਆ।… ਪਰ ਜੀਵਨ ਦਾ ਫ਼ਰਜ਼ ਕਿਸੇ ਮੋਹ-ਮਾਇਆ ਦੇ ਜਾਲ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀ…।”

ਭਾਵੇਂ ਕਿ ਸੰਸਾਰ ਦੇਖਣ ਦੀ ਰੀਝ ਵੀ ਰਾਹੁਲ ਵਿੱਚ ਭਰਪੂਰ ਸੀ ਪਰ ਆਪਣੀਆਂ ਨਿੱਜੀ ਰੀਝਾਂ ਨੂੰ ਪੂਰਾ ਕਰਨਾ ਹੀ ਰਾਹੁਲ ਦੀ ਜ਼ਿੰਦਗੀ ਦਾ ਉਦੇਸ਼ ਨਹੀਂ ਸੀ ਸਗੋਂ ਉਹਨਾਂ ਨੇ ਆਪਣੀ ਰੁਚੀ ਤੇ ਕੰਮ ਦਾ ਅਜਿਹਾ ਸੁਮੇਲ਼ ਬਣਾਇਆ ਜੋ ਜੀਵਨ ਭਰ ਇੱਕ ਦੂਜੇ ਦੇ ਅਨੁਸਾਰੀ ਰਹੇ; ਇੱਕ ਥਾਂ ਲਿਖਦੇ ਹਨ, “ਪ੍ਰਤੀ ਸਾਲ ਦੋ ਹਜ਼ਾਰ ਸਫ਼ੇ ਲਿਖਣ ਦੀ ਯੋਜਨਾ ਚਾਹੀਦੀ ਹੈ, ਕੰਮ ਨਾ ਹੋਵੇ ਤਾਂ ਜਿਉਣ ਦਾ ਕੀ ਫਾਇਦਾ।” ਭਾਵ ਕੰਮ ਨੂੰ ਉਹ ਕੇਂਦਰੀ ਥਾਂ ਦਿੰਦੇ ਸਨ। ਇਹ ਨਹੀਂ ਕਿ ਕੇਵਲ ਲਿਖਦੇ ਹੀ ਰਹਿੰਦੇ ਸਨ, ਪੜ੍ਹਦੇ ਵੀ ਬਹੁਤ ਸਨ ਜਿਵੇਂ ‘ਮੱਧ-ਏਸ਼ੀਆ ਦਾ ਇਤਿਹਾਸ’ ਲਿਖਣ ਲਈ ਮੱਧ-ਏਸ਼ੀਆ ਦੇ ਕਈ ਦੇਸ਼ਾਂ ਵਿੱਚ ਘੁੰਮੇ, ਬਹੁਤ ਸਾਰੀ ਪੁਰਾਤੱਤਵਿਕ ਸਮੱਗਰੀ ਦਾ ਅਧਿਐਨ ਕੀਤਾ, ਮੰਦਰਾਂ, ਮਸਜਿਦਾਂ ਜਾਂ ਹੋਰ ਬਹੁਤ ਸਾਰੀਆਂ ਪੁਰਾਤਨ ਵਸਤੂਆਂ ਤੇ ਸ਼ਿਲਪਾਂ ਦਾ ਅਧਿਐਨ ਕੀਤਾ, ਸੈਂਕੜੇ ਵਿਦਵਾਨਾਂ, ਇਤਿਹਾਸਕਾਰਾਂ, ਮਾਨਵ-ਵਿਗਿਆਨੀਆਂ, ਅਰਥ-ਸ਼ਾਸ਼ਤਰੀਆਂ, ਪੁਰਾਤੱਤਵੇਤਾਵਾਂ ਆਦਿ ਨੂੰ ਮਿਲ਼ੇ ਅਤੇ ਲਗਪਗ ਕਈ ਸਾਲ ਭਰਪੂਰ ਸਮੱਗਰੀ ਇਕੱਠੀ ਕਰਨ ਤੋਂ ਬਾਅਦ ਹੀ ਲਿਖਣ ਦੇ ਕੰਮ ‘ਚ ਲੱਗੇ। ਇਸੇ ਤਰ੍ਹਾਂ ਹੀ ਕਿਸੇ ਵੀ ਵਿਸ਼ੇ ‘ਤੇ ਲਿਖਣ ਤੋਂ ਪਹਿਲਾਂ ਉਸ ਵਿਸ਼ੇ ਦਾ ਡੂੰਘਾ ਅਧਿਐਨ ਕਰਦੇ ਸਨ। ਉਹਨਾਂ ਦੀ ਜੀਵਨ-ਯਾਤਰਾ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਲਗਾਤਾਰ ਘੁੰਮਦੇ ਰਹਿਣ ਦੇ ਬਾਵਜੂਦ ਵੀ ਸੈਂਕੜੇ ਕਿਤਾਬਾਂ ਪੜ੍ਹਦੇ ਰਹਿੰਦੇ ਸਨ ਅਤੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਸੈਂਕੜੇ ਕਿਤਾਬਾਂ ਵੀ ਲਿਖੀਆਂ। ਉਹਨਾਂ ਨੇ ਤ੍ਰਿਪਿਟਕ, ਵਿਨਯਪਿਟਕ, ਮੱਝਮਨਿਕਾਯ ਆਦਿ ਬੋਧ ਗ੍ਰੰਥਾਂ, ਨਾਗਸੈਨ, ਵਾਸੂਬੰਧੂ, ਧਰਮਕੀਰਤੀ (ਪ੍ਰਮਾਣਵਾਰਤਿਕਭਾਸ਼ਯ) ਆਦਿ ਵਿਦਵਾਨਾਂ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਪੁਰਾਤਨ ਦੁਰਲੱਭ ਗ੍ਰੰਥ ਤਿੱਬਤ ਜਾ ਕੇ ਤਿੱਬਤੀ ਜਾਂ ਪਾਲੀ ਭਾਸ਼ਾਵਾਂ ਤੋਂ ਹਿੰਦੀ ਵਿੱਚ ਅਨੁਵਾਦ ਕੀਤੇ ਅਤੇ ਇਸ ਤੋਂ ਬਿਨਾਂ ਰੂਸੀ, ਤਾਜਿਕ, ਫਾਰਸੀ, ਉਰਦੂ ਆਦਿ ਸਾਹਿਤ ਦੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਅਨੁਵਾਦ ਕੀਤੀਆਂ। ਜਦ ਹਜ਼ਾਰੀਬਾਗ ਜੇਲ੍ਹ (1940-42) ਵਿੱਚ ਉੱਥੋਂ ਦੇ ਮੁਲਾਜ਼ਮਾਂ ਦੀਆਂ ਧੱਕੇ-ਸ਼ਾਹੀਆਂ ਅਤੇ ਸਿਆਸੀ ਕੈਦੀਆਂ ਨੂੰ ਬਣਦੀਆਂ ਸਹੂਲਤਾਂ ਨਾ ਮਿਲਣ ਦੇ ਵਿਰੋਧ ‘ਚ ਹੜਤਾਲ ਕੀਤੀ ਤਾਂ ਹੜਤਾਲ ਦੇ 12ਵੇਂ ਦਿਨ ਤੱਕ ਵੀ 12 ਘੰਟੇ ਰੋਜ਼ਾਨਾ ਪੜ੍ਹਦੇ ਸਨ। ਜੇਕਰ ਕਿਤੇ ਬਿਮਾਰ ਵੀ ਪੈ ਜਾਂਦੇ ਸਨ ਤਾਂ ਵੀ ਲਿਖਣਾ-ਪੜ੍ਹਣਾ ਨਿਰਵਿਘਨ ਜਾਰੀ ਰਹਿੰਦਾ। ਇੱਕ ਵਾਰ ਬਹੁਤ ਬਿਮਾਰ ਹੋ ਜਾਂਦੇ ਹਨ, ਜਿਸ ਬਾਰੇ ਲਿਖਦੇ ਹਨ, “…ਪਰ ਮੈਂ ਆਪਣੀ ਕਲਮ ਢਿੱਲੀ ਨਹੀਂ ਕੀਤੀ- ਕੰਮ ਅਸਲ ਚੀਜ਼ ਹੈ ਜੀਵਨ ਤਾਂ ਚਲਾਏਮਾਨ ਹੈ ਹੀ।” ਆਪਣੇ ਅੰਤਿਮ ਸਾਲਾਂ ਵਿੱਚ ਬਿਮਾਰੀ ਦੌਰਾਨ ਵੀ ਤਿੰਨ-ਤਿੰਨ ਕਿਤਾਬਾਂ ਇਕੱਠੀਆਂ ਬੋਲ-ਬੋਲ ਕੇ ਟਾਇਪ ਕਰਵਾਉਂਦੇ ਰਹਿੰਦੇ ਸਨ। ਕੰਮ ਦੇ ਪ੍ਰਤੀ ਉਹਨਾਂ ਦਾ ਉਤਸ਼ਾਹ ਕਦੇ ਵੀ ਮੱਠਾ ਨੀ ਪਿਆ। ਇੱਕ ਵਾਰ ਰੂਸ ‘ਚ ਰਹਿੰਦੇ ਹੋਏ ਤਾਜਿਕ ਲੇਖਕ ਸਦਰੂਦੀਨ ਏਨੀ ਦੇ ਦੋ ਵੱਡੇ ਨਾਵਲਾਂ – ‘ਦਾਖੁੰਦਾ’ ਅਤੇ ‘ਗੁਲਾਮਾਨ’ (ਜੋ ਦਾਸ ਸਨ) – ਦੇ ਅਨੁਵਾਦ ਤਾਜਿਕ ਤੋਂ ਉਰਦੂ ਵਿੱਚ ਕੀਤੇ ਸਨ, ਪਰ ਭਾਰਤ ਆ ਕੇ ਪ੍ਰਕਾਸ਼ਕਾਂ ਨੇ ਹਿੰਦੀ ‘ਚ ਛਾਪਣ ਲਈ ਕਿਹਾ ਤਾਂ ਫਿਰ ਉਹਨਾਂ ਨੂੰ ਹਿੰਦੀ ਵਿੱਚ ਵੀ ਕਰ ਦਿੱਤਾ। ਆਪਣੇ ਕੰਮ ਪ੍ਰਤੀ ਇੰਨੇ ਪ੍ਰਤੀਬੱਧ ਸਨ।

ਪਰ ਰਾਹੁਲ ਨੂੰ ਅਸੀਂ ਇਸ ਕਰਕੇ ਹੀ ਯਾਦ ਨਹੀਂ ਕਰਦੇ ਕਿ ਉਹ ਵੱਡੇ ਵਿਦਵਾਨ, 26 ਭਾਸ਼ਾਵਾਂ ਦੇ ਗਿਆਤਾ, ਭਾਸ਼ਾ-ਸ਼ਾਸਤਰੀ, ਪੁਰਾਤੱਤਵੇਤਾ, ਇਤਿਹਾਸਕਾਰ, ਸਾਹਿਤਕਾਰ, ਸੰਸਕ੍ਰਿਤ, ਫਿਲਾਸਫੀ, ਬੋਧ ਫਿਲਾਸਫੀ ਆਦਿ ਗਿਆਨ ਦੀਆਂ ਕਈ ਸ਼ਾਖਾਵਾਂ ਦੇ ਮਾਹਿਰ ਸਨ। ਇਹ ਕੋਈ ਵੱਡਾ ਕਾਰਨ ਨਹੀਂ ਹੋ ਸਕਦਾ। ਬਸ ਇੱਕ ਚੀਜ਼ ਜਿਹੜੀ ਉਹਨਾਂ ਨੂੰ ਮਹਾਂ-ਮਾਨਵ ਬਣਾਉਂਦੀ ਹੈ ਤੇ ਬਹੁਤ ਸਾਰੇ ਵਿਦਵਾਨਾਂ ਤੋਂ ਵੱਖਰਾਉਂਦੀ ਹੈ, ਉਹ ਹੈ ਜੀਵਨ ਵਿੱਚ ਸਿਧਾਂਤ ਤੇ ਅਭਿਆਸ ਦੀ ਏਕਤਾ। ਅਜਿਹਾ ਬੰਦਾ ਜਿਹੜਾ ਖੁਦ ਨੂੰ ਸਿਧਾਂਤ ਤੇ ਅਭਿਆਸ ਦੀ ਕਸੌਟੀ ‘ਤੇ ਲਗਾਤਾਰ ਪਰਖਦਾ ਰਿਹਾ, ਜੋ ਕੇਵਲ ਸਿਧਾਂਤਕਾਰ ਨਾ ਹੋ ਕੇ ਆਪਣੇ ਸਿਧਾਂਤ, ਨਿਰਣਿਆਂ ਆਦਿ ਨੂੰ ਅਮਲੀ ਸਰਗਮੀਆਂ ਵਿੱਚ ਪੈ ਕੇ ਪਰਖਦਾ ਰਿਹਾ। ਇਹ ਗੱਲ ਰਾਹੁਲ ਨੂੰ ਲੋਕ-ਨਾਇਕ ਦਾ ਰੁਤਬਾ ਦਿੰਦੀ ਹੈ। ਉਹਨਾਂ ਦਾ ਪੂਰਾ ਜੀਵਨ ਇਸ ਗੱਲ ਦਾ ਗਵਾਹ ਹੈ ਜੋ ਉਹਨਾਂ ਦੀ ਸਾਰੀ ‘ਜੀਵਨ-ਯਾਤਰਾ’ ਪੜ੍ਹ ਕੇ ਦੇਖਿਆ ਜਾ ਸਕਦਾ ਹੈ। ਇਸੇ ਕਰਕੇ ‘ਜੀਵਨ-ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਲਿਖਦੇ ਹਨ:

ਬੇੜੇ ਵਾਂਗ ਪਾਰ ਉੱਤਰਨ ਲਈ ਮੈਂ ਵਿਚਾਰਾਂ ਨੂੰ ਪ੍ਰਵਾਨ ਕੀਤਾ,
ਨਾ ਕਿ ਸਿਰ ‘ਤੇ ਚੁੱਕੀ ਫਿਰਨ ਲਈ।

ਰਾਹੁਲ ਸਾਂਕਰਤਾਇਨ ਦਾ ਜਨਮ 9 ਅਪ੍ਰੈਲ 1893ਈ. ਨੂੰ ਪੂਰਬੀ ਉੱਤਰ-ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪੰਦਹਾ (ਜੋ ਉਹਨਾਂ ਦਾ ਨਾਨਕਾ ਪਿੰਡ ਸੀ) ਵਿੱਚ ਹੋਇਆ। ਉਹਨਾਂ ਦਾ ਬਚਪਨ ਵੀ ਨਾਨਾ-ਨਾਨੀ ਦੀ ਦੇਖ-ਰੇਖ ਵਿੱਚ ਪੰਦਹਾ ਵਿਖੇ ਹੀ ਬੀਤਿਆ। ਉਹਨਾਂ ਦਾ ਨਾਨਾ ਸੇਵਾਮੁਕਤ ਫ਼ੌਜੀ ਸੀ ਜੋ ਆਪਣੀ ਨੌਕਰੀ ਦੌਰਾਨ ਦੇਸ਼ ਦੇ ਕੋਨੇ-ਕੋਨੇ ਵਿੱਚ ਘੁੰਮਦਾ ਰਿਹਾ। ਉਹ ਕੇਦਾਰਨਾਥ (ਰਾਹੁਲ ਦਾ ਬਚਪਨ ਦਾ ਨਾਂ) ਨੂੰ ਵੱਖ-ਵੱਖ ਥਾਂਵਾਂ ‘ਤੇ ਘੁੰਮਣ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਸੀ ਜਿਹਨਾਂ ਨੂੰ ਸੁਣ ਕੇ ਬਾਲ ਰਾਹੁਲ ਵੀ ਵੱਡਾ ਹੋ ਕੇ ਵੱਖ-ਵੱਖ ਥਾਵਾਂ ‘ਤੇ ਘੁੰਮਣ ਦੇ ਸੁਪਣੇ ਦੇਖਦਾ ਰਹਿੰਦਾ ਸੀ। ਦੂਜਾ ਰਾਹੁਲ ਦਾ ਫੁੱਫੜ ਇਲਾਕੇ ਦਾ ਬਹੁਤ ਪੜ੍ਹਿਆ-ਲਿਖਿਆ ਵਿਅਕਤੀ ਸੀ ਤੇ ਬ੍ਰਾਹਮਣ ਹੁੰਦਾ ਹੋਇਆ ਵੀ ਬ੍ਰਾਹਮਣਾਂ ਤੇ ਹੋਰ ਕਈ ਤਰ੍ਹਾਂ ਦੇ ਕਰਮਾਂ-ਕਾਂਡਾਂ ਦੀ ਅਲੋਚਨਾ ਕਰਦਾ ਰਹਿੰਦਾ ਸੀ। ਇਸ ਮਾਹੌਲ ਨੇ ਰਾਹੁਲ ਦੀ ਸਖ਼ਸ਼ੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਇਆ – ਨਾਨੇ ਦੀ ਘੁਮੱਕੜੀ ਦੇ ਕਿੱਸੇ ਤੇ ਫੁੱਫੜ ਦਾ ਪੰਡਿਤ ਤੇ ਵਿਦਰੋਹੀ ਸੁਭਾਅ।

ਅਜਿਹੇ ਮਾਹੌਲ ਦੇ ਪ੍ਰਭਾਵ ਸਦਕਾ ਰਾਹੁਲ ਛੋਟੀ ਉਮਰ ਤੋਂ ਹੀ ਘੁੰਮ-ਫਿਰ ਕੇ ਸੰਸਾਰ ਦੇਖਣ ਦੀਆਂ ਗੋਂਦਾਂ ਗੁੰਦਦਾ ਰਹਿੰਦੇ ਸਨ। ਇੱਕ ਵਾਰ ਸਕੂਲ ‘ਚ ਪੜ੍ਹਦਿਆਂ ਉਹਨਾਂ ਨੇ ਨਵਾਜਿੰਦਾ-ਬਜਿੰਦਾ ਦੀ ਇੱਕ ਕਹਾਣੀ (ਖੁਦਰਾਈ ਦਾ ਨਤੀਜਾ) ਪੜ੍ਹਦੇ ਇੱਕ ਸ਼ੇਅਰ ਪੜ੍ਹਿਆ:

“ਸੈਰ ਕਰ ਦੁਨਿਆਂ ਕੀ ਗ਼ਾਫਿਲ ਜ਼ਿੰਦਗਾਨੀ ਫਿਰ ਕਹਾਂ,
ਜ਼ਿੰਦਗਾਨੀ ਗਰ ਕੁਛ ਰਹੀ ਤੋਂ ਨੌਜਵਾਨੀ ਫਿਰ ਕਹਾਂ”।

ਇਸ ‘ਤੇ ਰਾਹੁਲ ਲਿਖਦੇ ਹਨ ਕਿ ਇਸ ਸ਼ੇਅਰ ਨੇ ਮੇਰੇ ਮਨ ਅਤੇ ਭਵਿੱਖ ਦੇ ਜੀਵਨ ‘ਤੇ ਡੂੰਘਾ ਅਸਰ ਪਾਇਆ। ਬਾਲ ਉਮਰੇ ਅਜਿਹੇ ਸਮਾਜਿਕ ਮਹੌਲ ਨੇ ਰਾਹੁਲ ਨੂੰ ਭਵਿੱਖ ਵਿੱਚ ਬਿਖੜੇ ਰਾਹਾਂ ਦਾ ਪਾਂਧੀ ਬਣਾਉਣ ਵਿੱਚ ਕਾਫ਼ੀ ਭੂਮਿਕਾ ਨਿਭਾਈ।

ਪੂਰਬੀ ਉੱਤਰ-ਪ੍ਰਦੇਸ਼ ਵਿੱਚ ਉਸ ਸਮੇਂ ਬਾਲ-ਵਿਆਹ ਦੀ ਪ੍ਰਥਾ ਪ੍ਰਚਲਿਤ ਸੀ ਜਿਸਦੇ ਅਨੁਸਾਰ ਰਾਹੁਲ ਦਾ ਵੀ 11 ਸਾਲ ਦੀ ਉਮਰ ਵਿੱਚ ਹੀ ਬਾਲ-ਵਿਆਹ ਕਰ ਦਿੱਤਾ ਗਿਆ ਸੀ, ਪਰ ਉਹਨਾਂ ਨੇ ਇਸਨੂੰ ਅਪ੍ਰਵਾਨ ਕੀਤਾ। ਉਸ ਸਮੇਂ ਬਾਰੇ ਉਹ ਲਿਖਦੇ ਹਨ, “ਉਸ ਸਮੇਂ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਮੇਰੇ ਲਈ ਇਹ (ਵਿਆਹ) ਤਮਾਸ਼ਾ ਸੀ। ਜਦ ਮੈਂ ਸਾਰੇ ਜੀਵਨ ‘ਤੇ ਵਿਚਾਰ ਕਰਦਾ ਹਾਂ ਤਾਂ ਜਾਪਦਾ ਹੈ ਕਿ ਸਮਾਜ ਦੇ ਪ੍ਰਤੀ ਵਿਦਰੋਹ ਦਾ ਪਹਿਲਾ ਢੰਗੂਰ ਪੈਦਾ ਕਰਨ ਵਿੱਚ ਇਸਨੇ (ਬਾਲ-ਵਿਆਹ) ਹੀ ਪਹਿਲਾ ਕੰਮ ਕੀਤਾ… ਗਿਆਰ੍ਹਾਂ ਸਾਲਾਂ ਦੀ ਨਿਆਣੀ-ਉਮਰੇ ਮੇਰੀ ਜ਼ਿੰਦਗੀ ਨੂੰ ਵੇਚਣ ਦਾ ਘਰ-ਵਾਲ਼ਿਆਂ ਨੂੰ ਕੋਈ ਹੱਕ ਨਹੀਂ, ਇਹ ਉੱਤਰ ਉਸ ਸਮੇਂ ਵੀ ਮੈਂ ਆਪਣੇ ਬਜ਼ੁਰਗਾਂ ਨੂੰ ਦਿਆ ਕਰਦਾ ਸੀ ਜੋ ਕਿ ਵਿਆਹ ਪ੍ਰਤੀ ਆਪਣਾ ਫ਼ਰਜ਼ ਮੈਨੂੰ ਸਮਝਾਉਂਦੇ ਸਨ। ਮੇਰਾ ਗਿਆਨ ਉਸ ਸਮੇਂ ਸੀਮਤ ਸੀ, ਤਾਂ ਵੀ ਮੈਂ ਇਸਨੂੰ ਘਰ ਅਤੇ ਸਮਾਜ ਵਾਲ਼ਿਆਂ ਦਾ ਅਨਿਆਂ ਸਮਝਦਾ ਸੀ ਅਤੇ ਇਸਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ।” ਅਜਿਹੇ ਵਿਆਹ ਨੂੰ ਰਾਹੁਲ ਨੇ ਕਦੇ ਪ੍ਰਵਾਨ ਨਹੀਂ ਕੀਤਾ ਜੋ ਇਨਸਾਨ ਦੀ ਆਪਣੀ ਇੱਛਾ ਦੇ ਉਲਟ ਦੂਜਿਆਂ ਦੁਆਰਾ ਉਸ ‘ਤੇ ਥੋਪਿਆ ਹੋਇਆ ਹੋਵੇ। ਇੱਥੋਂ ਹੀ ਰਾਹੁਲ ਦੁਆਰਾ ਰੂੜ੍ਹੀਆਂ ਤੇ ਗਲ਼ੀਆਂ-ਸੜੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਗਿਲਾਨੀ ਦੇ ਭਾਵ ਪੈਦਾ ਹੁੰਦੇ ਹਨ ਅਤੇ ਭਵਿੱਖ ਵਿੱਚ ਉਹ ਵਧੇਰੇ ਚੇਤੰਨ ਹੋ ਕੇ ਇਹਨਾਂ ਦੇ ਵਿਰੁੱਧ ਅਵਾਜ਼ ਉਠਾਉਂਦੇ ਹਨ। ਇਸੇ ਵਿਦਰੋਹ ਕਰਕੇ ਹੀ ਰਾਹੁਲ 14 ਸਾਲ ਦੀ ਉਮਰ ਵਿੱਚ ਹੀ ਘਰੋਂ ਭੱਜਕੇ ਕਲਕੱਤੇ ਚਲੇ ਜਾਂਦੇ ਹਨ ਜਿੱਥੇ ਰਹਿ ਕੇ ਮਜ਼ਦੂਰੀ ਕਰਦੇ ਹਨ ਅਤੇ ਪਹਿਲੀ ਵਾਰ ਮਜ਼ਦੂਰਾਂ ਦੇ ਜੀਵਨ ਨੂੰ ਨੇੜਿਓ ਤੱਕਦੇ ਹਨ। ਘਰ ਵਾਲ਼ੇ ਫਿਰ ਫੜ ਲਿਆਉਂਦੇ ਹਨ। ਕਈ ਸਾਲ ਮਾਪਿਆਂ ਨਾਲ਼ ਜਦੋਜਹਿਦ ਚੱਲਦੀ ਰਹੀ ਕਿ ਉਹ ਵਿਆਹ ਕਰਵਾ ਕੇ ਘਰ ਵਸਾ ਲਵੇ ਪਰ ਰਾਹੁਲ ਦੇ ਮਨ ‘ਚ ਤਾਂ ਭਵਿੱਖ ਦੇ ਵੱਖਰੇ ਹੀ ਸੁਪਨੇ ਅੰਗੜਾਈਆਂ ਲੈ ਰਹੇ ਸਨ। ਜਦ ਵਿਆਹ ਲਈ ਜ਼ਿਆਦਾ ਜ਼ਬਰਦਸਤੀ ਕਰਦੇ ਹਨ ਤਾਂ 1917 ਤੋਂ ਪ੍ਰਣ ਕਰਕੇ ਅਜਿਹਾ ਘਰੋਂ ਜਾਂਦੇ ਹਨ ਕਿ 26 ਸਾਲ ਘਰ ਹੀ ਨਹੀਂ ਆਉਂਦੇ। ਇੱਕ ਵਾਰ ਜਦ ਪਿਤਾ ਬਨਾਰਸ ਵਿਖੇ ਰਾਹੁਲ ਨੂੰ ਲੱਭ ਲੈਂਦੇ ਹਨ ਅਤੇ ਘਰ ਵਾਪਸ ਲੈ ਕੇ ਜਾਣ ਲਈ ਜਿੱਦ ਕਰਦਾ ਹੈ ਤਾਂ ਰਾਹੁਲ ਕਹਿੰਦੇ ਹਨ, “…ਮੈਂ ਤੁਹਾਡੇ ਭਾਵਨਾਵਾਂ ਨੂੰ, ਤੁਹਾਡੀ ਬੇਕਰਾਰੀ ਨੂੰ ਸਮਝਦਾ ਹਾਂ, ਪਰ ਨਾਲ਼ ਹੀ ਮੇਰਾ ਜੀਵਨ ਵੀ ਕਿਸੇ ਭਵਿੱਖ ਦੀ ਲਾਲਸਾ ਰੱਖਦਾ ਹੈ,… ਉਸਦੇ ਕਾਰਨ ਜ਼ਬਰਦਸਤ ਤੋਂ ਜ਼ਬਰਦਸਤ ਖ਼ਤਰੇ, ਰੱਬ ਦੇ ਹੂ-ਬ-ਹੂ ਦਰਸ਼ਨ ਵੀ ਹੁਣ ਮੈਨੂੰ ਮੇਰੇ ਰਾਹ ਤੋਂ ਭਟਕਾਅ ਨਹੀਂ ਸਕਦੇ”। ਇਸ ਤੋਂ ਬਾਅਦ ਸੱਚਮੁੱਚ ਹੀ ਆਪਣੇ ਰਾਹ ਤੋਂ ਨਹੀਂ ਭਟਕੇ। ਅੰਤਿਮ ਸਮੇਂ ਤੱਕ ਜਿੱਥੇ ਉਹਨਾਂ ਦੇ ਪੈਰ ਖੋਜ ਦੀ ਲਗਨ ਦੇ ਵੇਗ ਵਿੱਚ ਅਣਜਾਣ, ਔਖੇ ਰਾਹਾਂ ‘ਤੇ ਵੀ ਸਦਾ ਚਲਾਏਮਾਨ ਰਹੇ ਉੱਥੇ ਉਹਨਾਂ ਦੀ ਕਲਮ ਹਰ ਸਮਾਜਿਕ ਖੜੋਤ, ਗਲ਼ੀਆਂ-ਸੜੀਆਂ ਕਦਰਾਂ-ਕੀਮਤਾਂ, ਧਾਰਮਿਕ ਕੱਟੜਤਾ, ਫਿਰਕਾਪ੍ਰਸਤੀ, ਅਨਿਆਂ, ਪਿੱਤਰਸੱਤਾ ਤੇ ਹਰ ਬੇਇਨਸਾਫੀ ਵਿਰੁੱਧ ਬਿਨਾਂ ਕਿਸੇ ਰੱਖ-ਰੱਖਾਅ ਦੇ ਅੰਗਿਆਰ ਉਗਲ਼ਦੀ ਰਹੀ। ਰਾਹੁਲ ਦੀ ਸ਼ਖ਼ਸ਼ੀਅਤ ਦੇ ਅਜਿਹੇ ਪੱਖ ਸਾਡੇ ਦੇਸ਼ ਦੇ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹਨ ਜਿਸ ਵਿੱਚ ਪਿੱਤਰਸੱਤਾਤਮਕ ਢੰਗਾਂ ਨਾਲ਼ ਨੌਜਵਾਨਾਂ ਨੂੰ ਦਬਾਇਆ, ਵਰਜਿਆ ਤੇ ਉਹਨਾਂ ਨੂੰ ਛੋਟਾ ਸਮਝ ਕੇ ਆਪਣਾ ਅਜ਼ਾਦਾਨਾ ਤੌਰ ‘ਤੇ ਹਰ ਨਿੱਜੀ ਫੈਸਲਾ ਲੈਣ ਤੋਂ ਰੋਕਿਆ ਜਾਂਦਾ ਹੈ। ਇਹ ਜਗੀਰੂ-ਪਿੱਤਰਸੱਤਾਤਮਕ ਕਦਰਾਂ-ਕੀਮਤਾਂ ਦੀ ਜੜ੍ਹ ਇੰਨੀ ਡੂੰਘੀ ਹੈ ਕਿ ਸਾਡੇ ਦੇਸ਼ ਦੇ ਨੌਜਵਾਨ/ਮੁਟਿਆਰਾਂ ਆਪਣੀ ਮਰਜ਼ੀ ਦੇ ਪੜ੍ਹਾਈ ਦੇ ਵਿਸ਼ੇ ਵੀ ਨਹੀਂ ਚੁਣ ਸਕਦੇ, ਆਪਣੀ ਮਰਜ਼ੀ ਦਾ ਜੀਵਨ ਸਾਥੀ ਨਹੀਂ ਚੁਣ ਸਕਦੇ, ਭਾਵੇਂ ਪ੍ਰਧਾਨ ਮੰਤਰੀ ਚੁਣਨ ਦਾ ਹੱਕ ਹਰ ਸ਼ਹਿਰੀ ਨੂੰ 18 ਸਾਲ ਦੀ ਉਮਰ ‘ਚ ਹੀ ਸੰਵਿਧਾਨਿਕ ਤੌਰ ‘ਤੇ ਮਿਲ਼ ਜਾਂਦਾ ਹੈ। ਅਜਿਹੇ ਦੌਰ ਵਿੱਚ ਰਾਹੁਲ ਦੇ ਵਿਦਰੋਹੀ ਵਿਚਾਰ ਸਾਡੇ ਦੇਸ਼ ਦੇ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹਨ। ਨੌਜਵਾਨਾਂ ਨੂੰ ਉਹਨਾਂ ਬਾਰੇ ਜਾਣਨਾ ਸਮਝਣਾ ਚਾਹੀਦਾ ਹੈ।

ਇਸ ਤੋਂ ਬਾਅਦ ਰਾਹੁਲ ਜਿਵੇਂ-ਜਿਵੇਂ ਵੱਖ-ਵੱਖ ਥਾਵਾਂ ‘ਤੇ ਘੁੰਮੇ-ਫਿਰੇ, ਪੜ੍ਹਿਆ-ਲਿਖਿਆ ਤੇ ਸਮਾਜ ਦਾ ਅਧਿਐਨ ਕੀਤਾ ਤਾਂ ਜ਼ਿਆਦਾ ਚੇਤੰਨ ਹੋ ਕੇ ਖੜੋਤ ਮਾਰੀਆਂ ਕਦਰਾਂ-ਕੀਮਤਾਂ ਅਤੇ ਪਿਛਾਖੜ ‘ਤੇ ਬੇਕਿਰਕੀ ਨਾਲ਼ ਸੱਟਾਂ ਮਾਰਦੇ ਰਹੇ। ਰਾਹੁਲ ਦਾ ਕਹਿਣਾ ਸੀ, “ਰੂੜ੍ਹੀਆਂ ਨੂੰ ਲੋਕ ਇਸ ਲਈ ਮੰਨਦੇ ਹਨ, ਕਿਉਂਕਿ ਉਹਨਾਂ ਮੂਹਰੇ ਰੂੜ੍ਹੀਆਂ ਨੂੰ ਤੋੜਣ ਵਾਲ਼ਿਆਂ ਦੇ ਉਦਾਹਰਣ ਕਾਫ਼ੀ ਗਿਣਤੀ ਵਿੱਚ ਨਹੀਂ ਹਨ।” ਇਸੇ ਲਈ ਉਹਨਾਂ ਦਾ ਮੰਨਣਾ ਸੀ ਕਿ ਸਾਨੂੰ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਲੜਨ ਲਈ ਖੁਦ ਨੂੰ ਪੇਸ਼ ਕਰਨਾ ਚਾਹੀਦਾ ਹੈ। ਅਜਿਹੀਆਂ ਗਲ਼ੀਆਂ-ਸੜੀਆਂ ਕਦਰਾਂ-ਕੀਮਤਾਂ ਜੋ ਮਨੁੱਖ ਦੀ ਅਸਲੀ ਅਜ਼ਾਦੀ ਦੀਆਂ ਦੁਸ਼ਮਣ ਹਨ, ਉਸਦੀ ਹਰ ਖੁਸ਼ੀ ਦਾ ਗਲ਼ਾ ਘੁੱਟਦੀਆਂ ਹਨ ਅਤੇ ਇਤਿਹਾਸ ਦੇ ਵਿਕਾਸ ਵਿੱਚ ਅੜਿੱਕਾ ਹਨ ਉਹਨਾਂ ਨੂੰ ਲਾਜ਼ਮੀ ਹੀ ਬੇਕਿਰਕੀ ਅਤੇ ਬੇਰਹਿਮੀ ਨਾਲ਼ ਉਖਾੜ ਸੁੱਟਣਾ ਚਾਹੀਦਾ ਹੈ। ਇਸੇ ਲਈ ਰਾਹੁਲ ਕਹਿੰਦੇ ਹਨ, “ਅੱਖਾਂ ਬੰਦ ਕਰਕੇ ਸਾਨੂੰ ਸਮੇਂ ਦੀ ਉਡੀਕ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੀ ਮਾਨਸਿਕ ਗ਼ੁਲਾਮੀ ਦੇ ਸੰਗਲ਼ਾਂ ਦੀ ਇੱਕ-ਇੱਕ ਕੜੀ ਨੂੰ ਬੇਦਰਦੀ ਨਾਲ਼ ਤੋੜ ਸੁੱਟਣ ਲਈ ਤਿਆਰ ਹੋਣਾ ਚਾਹੀਦਾ ਹੈ। ਬਾਹਰੀ ਇਨਕਲਾਬ ਨਾਲ਼ੋਂ ਕਿਤੇ ਵੱਧ ਲੋੜ ਮਾਨਸਿਕ ਇਨਕਲਾਬ ਦੀ ਹੈ। ਸਾਨੂੰ ਅੱਗੇ-ਪਿੱਛੇ ਸੱਜੇ-ਖੱਬੇ ਦੋਵਾਂ ਹੱਥਾਂ ਨਾਲ਼ ਨੰਗੀਆਂ ਤਲਵਾਰਾਂ ਚਲਾਉਂਦੇ ਹੋਏ ਸਾਰੀਆਂ ਰੂੜ੍ਹੀਆਂ ਨੂੰ ਵੱਢਦੇ ਹੋਏ ਅੱਗੇ ਵਧਣਾ ਪਵੇਗਾ। ਇਨਕਲਾਬ ਪ੍ਰਚੰਡ ਅੱਗ ਹੈ, ਉਹ ਇੱਕ ਪਿੰਡ ਦੀ ਇੱਕ ਝੌਂਪੜੀ ਨੂੰ ਸਾੜ ਕੇ ਚਲੀ ਨਹੀਂ ਜਾਵੇਗੀ, ਉਹ ਉਹਦੇ ਕੱਚੇ-ਪੱਕੇ ਸਾਰੇ ਘਰਾਂ ਨੂੰ ਸਾੜ ਕੇ ਸਵਾਹ ਕਰ ਦੇਵੇਗੀ ਅਤੇ ਸਾਨੂੰ ਨਵੇਂ ਸਿਰੇ ਤੋਂ ਨਵੇਂ ਮਹਿਲ ਬਣਾਉਣ ਲਈ ਨੀਂਹ ਪਾਉਣ ਪਵੇਗੀ।” ਇਹ ਐਲਾਨ ਉਹ ਕਿਸੇ ਉਪਦੇਸ਼ਕ ਦੀ ਤਰ੍ਹਾਂ ਨਹੀਂ ਸਗੋਂ ਹਜ਼ਾਰਾਂ-ਹਜ਼ਾਰ ਬੰਧਨਾਂ ‘ਚ ਜਕੜੀ ਬਹੁ-ਗਿਣਤੀ ਕਿਰਤੀ ਵਸੋਂ ਅਤੇ ਵਿਆਪਕ ਮਨੁੱਖੀ ਸਮਾਜ ‘ਚ ਤਬਦੀਲੀ ਦੇ ਵਿਚਾਰ ਲੈ ਕੇ ਜਾਣ ਵਾਲ਼ੇ ਇਨਕਲਾਬੀ ਬੁੱਧੀਜੀਵੀ ਦੇ ਰੂਪ ਵਿੱਚ ਕਰ ਰਹੇ ਸਨ ਜਿਹੜਾ ਆਮ ਲੋਕਾਂ ‘ਚ ਅਟੁੱਟ ਯਕੀਨ ਰੱਖਦਾ ਹੋਵੇ, ਉਹਨਾਂ ਦੇ ਜੀਵਨ ਨਾਲ਼ ਨੇੜਿਓਂ ਜੁੜਿਆ ਤੇ ਬੇਹੱਦ ਨੇੜਿਓਂ ਸਮਝਣ ਦੇ ਨਾਲ਼-ਨਾਲ਼ ਉਹਨਾਂ ਨੂੰ ਬੇਇੰਤਹਾ ਪਿਆਰ ਕਰਦਾ ਹੋਵੇ। ਉਹਨਾਂ ਦੀਆਂ ਰਾਹਾਂ ਨੂੰ ਮੁਕਤੀ ਦੇ ਸੁਪਨਿਆਂ ਨਾਲ਼ ਰੌਸ਼ਨ ਕਰ ਰਿਹਾ ਹੋਵੇ।

ਰਾਹੁਲ ਕੇਵਲ ਕਮਰੇ ‘ਚ ਬੈਠ ਕੇ ਕਲਮ ਘਸੀਟਣ ਵਾਲ਼ੇ ਖੂਹ-ਦੇ-ਡੁੱਡੂ ਲੇਖਕ ਨਹੀਂ ਸਗੋਂ ਲੋਕਾਂ ਦੀ ਜੱਦੋ-ਜਹਿਦ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲ਼ੇ ਸੱਚੇ ਲੋਕ-ਪੱਖੀ ਲੇਖਕ ਸਨ। ਰਾਹੁਲ ਨੇ ਆਪਣੇ ਸਮੇਂ ਦੇ ਲੋਕ-ਮੁਕਤੀ ਦੇ ਘੋਲ਼ਾਂ ਵਿੱਚ ਵਧ-ਚੜ ਕੇ ਹਿੱਸਾ ਲਿਆ। ਭਾਰਤ ਦਾ ਇਹ ਮਹਾਨ ਸਪੂਤ ਪੂਰੀ ਜ਼ਿੰਦਗੀ ਲੋਕ-ਜੀਵਨ ਦੇ ਜੱਦੋਜਹਿਦ ਦੀ ਭੱਠੀ ‘ਚ ਬਿਹਤਰ ਸਮਾਜ ਬਣਾਉ ਦੇ ਸੰਦ ਘੜਦਾ ਰਿਹਾ। ਲੋਕਾਂ ਦੇ ਘੋਲ਼ਾਂ ਦਾ ਮੋਰਚਾ ਹੋਵੇ ਜਾਂ ਜਗੀਰਦਾਰਾਂ-ਜ਼ਿਮੀਦਾਰਾਂ ਦੀ ਲੁੱਟ-ਜ਼ਬਰ ਵਿਰੁੱਧ ਕਿਸਾਨਾਂ ਦੀ ਲੜਾਈ ਦਾ ਮੋਰਚਾ ਹੋਵੇ, ਉਹ ਹਮੇਸ਼ਾ ਮੂਹਰਲੀ ਕਤਾਰ ਵਿੱਚ ਰਹੇ। ਉਹਦੇ ਲਈ ਤਸੀਹੇ ਝੱਲੇ, ਜੇਲ੍ਹ ਵੀ ਜਾਣਾ ਪਿਆ। ਜਦੋਂ ਕਾਂਗਰਸ ਵਿੱਚ ਜਗੀਰਦਾਰਾਂ ਦੀ ਗਿਣਤੀ ਵਧਣ ਲੱਗੀ ਤੇ ਕਾਂਗਰਸ ਲੋਕਾਂ ਨਾਲ਼ ਕੀਤੇ ਵਾਦਿਆਂ ਤੋਂ ਮੁੱਕਰਨ ਲੱਗੀ ਤਾਂ ਰਾਹੁਲ ਨੇ ਇੱਕ ਵਾਰ ਕਾਂਗਰਸ ਦੇ ਜਲਸੇ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਕਿਹਾ ਸੀ, “ਜਿਮੀਦਾਰਾਂ ਦੇ ਹਿੱਤ ਹੋਰ ਹਨ ਤੇ ਕਿਸਾਨਾਂ ਦੇ ਹੋਰ… ਕਿਸਾਨਾਂ ਦਾ ਖ਼ਿਆਲ ਕਰਨ ‘ਤੇ ਜ਼ਿਮੀਦਾਰ ਕਦ ਰਹਿਣਗੇ? ਕਿਉਂਕਿ ਕਾਂਗਰਸ ਵਿੱਚ ਜਿਮੀਂਦਾਰ ਵੀ ਹਨ। (ਕਿਉਂਕਿ ਕਾਂਗਰਸ ਹੁਣ ਜਗੀਰਦਾਰਾਂ ਦਾ ਪੱਖ ਲੈ ਰਹੀ ਸੀ ਤੇ ਲੋਕਾਂ ‘ਚ ਜ਼ਮੀਨ ਵੰਡਣ ਦੇ ਕਾਰਜ ਤੋਂ ਮੁੱਕਰ ਰਹੀ ਸੀ)।” ਕਾਂਗਰਸ ਦੇ ਕਿਰਦਾਰ ਨੂੰ ਸ਼ਰ੍ਹੇਆਮ ਲੋਕਾਂ ਵਿੱਚ ਨੰਗਾ ਕਰਨ ਵਾਲ਼ਿਆ ਵਿੱਚ ਵੀ ਰਾਹੁਲ ਮੋਹਰੀ ਸੀ। ਨਹਿਰੂ ਦੇ “ਸਮਾਜਵਾਦ” ਉਸਾਰੀ ‘ਤੇ ਚੋਟ ਕਰਦੇ ਹੋਏ ਕਹਿੰਦੇ ਹਨ, “ਹੁਣ ਸੰਸਾਰ ਦੇ ਥੈਲੀਸ਼ਾਹਾਂ ਨੂੰ ਵੀ ਪਤਾ ਹੈ ਕਿ ਸਮਾਜਵਾਦ ਨੂੰ ਜ਼ੋਰ ਨਾਲ਼ ਨਹੀਂ ਹਰਾਇਆ ਜਾ ਸਕਦਾ, ਸਗੋਂ ਸਮਾਜਵਾਦ ਨੂੰ “ਸਮਾਜਵਾਦ” ਨਾਲ਼ ਹਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ “ਸਮਾਜਵਾਦ” ਦਾ ਸ਼ੋਸ਼ਾ ਛੱਡਿਆ ਜਾ ਰਿਹਾ ਹੈ, ਇਹੀ ਕੰਮ ਨਹਿਰੂ ਵੀ ਕਰ ਰਿਹਾ ਹੈ।… ਨਹਿਰੂ ਦੇ ਥੋਥੇ ਵਾਅਦੇ ਹਨ। ਜਿੱਥੋਂ ਤੱਕ ਦੇਸ਼ ਅੰਦਰ ਸਮਾਜਵਾਦ ਦਾ ਸਬੰਧ ਹੈ ਉਹ ਪਿਛਾਖੜੀਆਂ ਦੇ ਆਗੂ ਤੋਂ ਬਿਨਾਂ ਹੋਰ ਕੁਝ ਨਹੀਂ ਹੈ।” ਜਦ 31 ਦਸੰਬਰ, 1948 ਨੂੰ ਇੱਕ ਵਿਦਿਆਰਥੀ ਜਥੇਬੰਦੀ ‘ਤੇ ਨਹਿਰੂ ਸਰਕਾਰ ਗੋਲ਼ੀ ਚਲਾਉਂਦੀ ਹੈ ਤਾਂ ਰਾਹੁਲ ਕਹਿੰਦੇ ਹਨ, “ਵਿਦਿਆਰਥੀਆਂ ਨੇ ਆਪਣਾ ਸੰਮੇਲਨ ਕਰਨਾ ਚਾਹਿਆ। ਸਰਕਾਰ ਨੇ ਰੋਕ ਲਗਾ ਦਿੱਤੀ। ਨਾ ਮੰਨਣ ਵਾਲ਼ਿਆਂ ‘ਤੇ ਅੱਥਰੂ ਗੈਸ ਅਤੇ ਗੋਲ਼ੀਆਂ ਚਲਾਈਆਂ ਗਈਆਂ। ਅਹਿੰਸਾ ਦਾ ਸਭ ਤੋਂ ਵੱਧ ਢੋਲ ਪਿੱਟਣ ਵਾਲ਼ੀ ਸਰਕਾਰ ਲਈ ਗੋਲ਼ੀਆਂ ਦਾ ਮੀਂਹ ਵਰਾਉਣਾ ਹੁਣ ਆਮ ਗੱਲ ਹੋ ਗਈ।” ਜਗੀਰਦਾਰਾਂ ਦੇ ਚਮਚਿਆਂ ਨੇ ਇੱਕ ਵਾਰ ਉਹਨਾਂ ‘ਤੇ ਕਾਤਲਾਨਾ ਹਮਲਾ ਕੀਤਾ, ਪਰ ਅਜ਼ਾਦੀ, ਬਰਾਬਰੀ ਤੇ ਇਨਸਾਨੀਅਤ ਲਈ ਨਾ ਕਦੇ ਉਹ ਘੋਲ਼ ਤੋਂ ਪਿੱਛੇ ਹਟੇ, ਨਾ ਹੀ ਜ਼ੁਲਮ, ਅਨਿਆਂ, ਲੁੱਟ ਤੇ ਲੋਟੂਆਂ ਵਿਰੁੱਧ ਬੇਖ਼ੌਫ਼ ਲਿਖਣ ਤੋਂ ਉਹਨਾਂ ਦੀ ਕਮਲ ਹੀ ਰੁਕੀ। ਇਸ ਤਰ੍ਹਾਂ ਉਹ ਕੇਵਲ ਆਪਣੇ ਵਿਸ਼ੇ ਦੇ ਹੀ ਖੋਲ ‘ਚ ਰਹਿਣ ਵਾਲ਼ੇ ਇਨਸਾਨ ਨਹੀਂ ਸਨ ਜਿਸਨੂੰ ਕਿਤਾਬਾਂ ਤੋਂ ਬਿਨਾਂ ਕੁਝ ਪਤਾ ਨਾ ਹੋਵੇ, ਸਗੋਂ ਰਾਹੁਲ ਆਪਣੇ ਵਿਸ਼ਿਆਂ ਵਿੱਚ ਮਾਹਰ ਹੋਣ ਦੇ ਨਾਲ਼-ਨਾਲ਼ ਦੇਸੀ-ਵਿਦੇਸ਼ੀ ਸਮਾਜਿਕ, ਆਰਥਿਕ, ਸਿਆਸੀ ਮਸਲਿਆਂ ਬਾਰੇ ਵੀ ਜਾਣਕਾਰੀ ਰੱਖਦੇ ਸਨ। ਜਿਵੇਂ ਰੂਸੀ ਇਨਕਲਾਬ ਪ੍ਰਤੀ ਉਹਨਾਂ ਦਾ ਵਿਸ਼ਲੇਸ਼ਣ ਕਾਫ਼ੀ ਹੱਦ ਤੱਕ ਸਹੀ ਸੀ – ਜਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ – ਜਦ ਕਿ ਹਾਲੇ ਵੀ ਬਹੁਤ ਸਾਰੇ ਲੱਕੜ-ਸਿਰੇ ਬੁੱਧੀਜੀਵੀ ਇਸ ਪ੍ਰਤੀ ਉਲ਼ਝਨਾਂ ‘ਚ ਰਹਿੰਦੇ ਹਨ। ਇੱਕ ਵਾਰ ਸਤੰਬਰ, 1921 ਵਿੱਚ ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਏ ਤਾਂ ਰਾਹੁਲ ਨੇ ਜੀ-ਜਾਨ ਲਾ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ, ਉਹਦੇ ਲਈ ਭਾਵੇਂ ਕਈ ਦਿਨ ਪਾਣੀ ਵਾਲ਼ੇ ਇਲਾਕੇ ਵਿੱਚ ਰਹਿਣਾ ਪਿਆ, ਕਿਸ਼ਤੀ ਰਾਹੀਂ ਲੋਕਾਂ ਨੂੰ ਬਚਾਉਂਦੇ ਰਹੇ, ਜਿੰਨੇ ਮਾੜੇ ਹਾਲਾਤਾਂ ਵਿੱਚ ਲੋਕ ਸਨ ਉਹਨਾਂ ਵਿੱਚ ਉਹਨਾਂ ਵਰਗਾ ਬਣਕੇ ਹੀ ਰਹੇ। ਜਦ ਯੂਪੀ ਬਿਹਾਰ ਦੇ ਪਿੰਡਾਂ ਵਿੱਚ ਪਲੇਗ ਫੈਲੀ ਤਾਂ ਵਲੰਟੀਅਰ ਬਣਕੇ ਲੋਕਾਂ ਦੀ ਸੇਵਾ ਕਰਦੇ ਰਹੇ। ਲੋਕਾਂ ਵਿੱਚ ਕੰਮ ਦੌਰਾਨ ਰਾਹੁਲ ਨੂੰ ਆਪਣੀ ਕੋਈ ਸੁੱਧਬੁੱਧ ਨਹੀਂ ਰਹਿੰਦੀ ਸੀ। ਉਹਨਾਂ ਪੂਰੀ ਤਨਦੇਹੀ ਨਾਲ਼ ਲੋਕਾਂ ਦੀ ਸੇਵਾ ਕੀਤੀ। 1934 ਵਿੱਚ ਮੁਜ਼ੱਫ਼ਰਪੁਰ, ਸੀਤਾਮੜੀ, ਚੰਪਾਰਨ ਆਦਿ ਬਿਹਾਰ ਦੇ ਸ਼ਹਿਰਾਂ ਵਿੱਚ ਲਗਪਗ ਚਾਰ-ਪੰਜ ਮਹੀਨੇ ਭੂਚਾਲ ਪੀੜਤਾਂ ਦੀ ਮਦਦ ਕਰਦੇ ਰਹੇ। ਇਸੇ ਤਰ੍ਹਾਂ ਬਿਹਾਰ ਵਿੱਚ ਜਦ ਹਿੰਦੂ-ਕੱਟੜਪੰਥੀ, ਮੁਸਲਮਾਨਾਂ ‘ਤੇ ਹਮਲਾ ਕਰਦੇ ਹਨ ਤਾਂ ਰਾਹੁਲ ਬਿਨਾਂ ਇੱਕ ਪਲ ਦੀ ਦੇਰ ਕੀਤੇ ਦੰਗਿਆਂ ਵਿੱਚ ਕੁੱਦ ਪੈਂਦੇ ਹਨ ਅਤੇ ਬਹੁਤ ਸਾਰੇ ਮੁਸਲਮਾਨਾਂ ਨੂੰ ਆਪਣੇ ਸਰੀਰ ਦੀ ਆੜ ਕਰਕੇ ਬਚਾਉਂਦੇ ਹਨ। ਪਰ ਇਲਾਕੇ ਦੇ ਹਰਮਨ-ਪਿਆਰੇ ਆਗੂ ਤੇ ਲੇਖਕ ਹੋਣ ਕਰਕੇ ਹਿੰਦੂ-ਕੱਟੜਪੰਥੀ ਪਿੱਛੇ ਹਟ ਜਾਂਦੇ ਹਨ। ਇਸ ਤਰ੍ਹਾਂ ਉਹ ਸਦਾ ਹੀ ਨਿੱਜ ਨਾਲ਼ੋਂ ਸਮੂਹ ਨੂੰ ਪਹਿਲ ਦਿੰਦੇ ਸਨ। ਇੱਕ ਥਾਂ ਉਹ ਲਿਖਦੇ ਹਨ, “…ਮੈਂ ਜ਼ਿੰਦਗੀ ਦਾ ਬਹੁਤ ਸਮਾਂ ਸਾਧੂ, ਮਹਾਤਮਾ ਤੇ ਵਿਦਵਾਨਾਂ ਵਿੱਚ ਬਿਤਾਇਆ ਸੀ ਜੋ ਕਿ ਘੋਰ ਨਿੱਜਵਾਦੀ ਹੁੰਦੇ ਹਨ। ਆਪਣੀ ਨਿੱਜੀ ਰੁਚੀ ਤੇ ਪੱਖਪਾਤ ਲਈ ਉਹ ਸਾਰੇ ਸਮਾਜ ਅਤੇ ਭਵਿੱਖ ਨੂੰ ਹੜ੍ਹ ‘ਚ ਝੋਕਣ ਲਈ ਤਿਆਰ ਹੋ ਜਾਂਦੇ ਹਨ।… ਮੈਨੂੰ ਬੰਦੇ ਦੇ ਅਲੱਗ-ਥਲੱਗ ਜੀਵਨ ਦੀ ਤੁਲਨਾ ਵਿੱਚ ਸਮੂਹਿਕ ਜੀਵਨ ਸਦਾ ਹੀ ਵੱਧ ਪਸੰਦ ਰਿਹਾ…।”

ਸਾਡੇ ਸਮਾਜ ਵਿੱਚ ਫੈਲੀਆਂ ਜਾਤ-ਪਾਤ, ਛੂਆ-ਛੂਤ, ਧਾਰਮਿਕ ਕੱਟੜਤਾ, ਔਰਤ-ਵਿਰੋਧੀ ਮਾਨਸਿਕਤਾ, ਪਿੱਤਰਸੱਤਾਵਾਦੀ ਮਾਨਸਿਕਤਾ ਆਦਿ ਅਲਾਮਤਾਂ ਦੇ ਵਿਰੁੱਧ ਰਾਹੁਲ ਨੇ ਬੇਝਿਜਕ ਹੋ ਕੇ ਲੋਹਾ ਲਿਆ। ਉਹ ਹਿੰਦੂ ਬ੍ਰਾਹਮਣ ਪਰਿਵਾਰ ‘ਚ ਪੈਦਾ ਹੋ ਕੇ ਵੀ ਮੁਸਲਮਾਨਾਂ ਦੇ ਘਰ ਖਾਣਾ ਖਾਂਦੇ ਰਹੇ। ਜਾਤ-ਪਾਤ, ਛੂਆਛਾਤ ਤੇ ਧਾਰਮਿਕ ਕੱਟੜਤਾ ਵਿਰੁੱਧ ਮਜ਼ਦੂਰਾਂ, ਕਿਸਾਨਾਂ ‘ਚ ਭਾਸ਼ਣ ਦੇਣ ਜਾਂਦੇ ਰਹੇ ਅਤੇ ਲੋੜ ਪੈਣ ‘ਤੇ ਅਮਲ ਦੇ ਖੇਤਰ ਵਿੱਚ ਬਿਨਾਂ ਕਿਸੇ ਝਿਜਕ ਦੇ ਕੁੱਦਦੇ ਰਹੇ। ਹਿੰਦੂ ਫਿਰਕੂ ਫਾਸੀਵਾਦੀਆਂ ਨੇ ਰਾਹੁਲ ਦੇ ਵਿਰੁੱਧ ‘ਗਊ ਭਕਸ਼ਕ’, ‘ਹਿੰਦੂਆਂ ਦਾ ਦੁਸ਼ਮਣ’ ਆਦਿ ਜੁਮਲਿਆਂ ਨਾਲ਼ ਲੋਕਾਂ ਨੂੰ ਬਹੁਤ ਵਾਰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ। ਛਪਰਾ ਵਿੱਚ ਉਹਨਾਂ ਨੇ ਮੁਸਲਮਾਨ ਦੇ ਘਰ ਬੇਝਿਜਕ ਹੋ ਕੇ ਖਾਣਾ ਖਾਧਾ। ਰਾਹੁਲ ਲਿਖਦੇ ਹਨ, “ਛੂਆਛਾਤ ਨੂੰ ਮੈਂ ਕਦੋਂ ਦਾ ਛੱਡ ਚੁੱਕਿਆ ਸੀ… ਸਿਆਸੀ ਇਨਕਲਾਬ ਦੇ ਨਾਲ਼ ਸਮਾਜਿਕ ਇਨਕਲਾਬ ਦੀ ਮੈਂ ਲਾਜ਼ਮੀ ਲੋੜ ਨੂੰ ਬਹੁਤ ਪਹਿਲਾਂ ਤੋਂ ਸਮਝ ਰਿਹਾ ਸੀ।… ਜੁਮਾਂਰਾਤੀ ਮਿਆਂ ਦੇ ਘਰ ਖਾਣਾ (ਮੀਟ-ਮਾਸ) ਮੈਂ ਖੁੱਲ੍ਹੇਆਮ ਖਾਧਾ ਸੀ ਅਤੇ ਸ਼ਰ੍ਹੇਆਮ ਮੈਂ ਉਸਦੀ ਚਰਚਾ ਕਰਦਾ ਸੀ। ਮੈਨੂੰ ਤਾਂ ਅਜਿਹੀ ਕੋਈ ਘਟਨਾ ਯਾਦ ਨਹੀਂ ਆਉਂਦੀ, ਜਦ ਇਸਦੇ ਲਈ ਕਿਸੇ ਦੇ ਤ੍ਰਿਸਕਾਰ ਦਾ ਪਾਤਰ ਬਣਿਆਂ ਹੋਵਾਂ। ਅਸਲ ਵਿੱਚ ਜਿਹਨਾਂ ਲਈ ਅਸੀਂ ਕੰਮ ਕਰਦੇ ਹਾਂ, ਉਹ ਤਾਂ ਸਾਨੂੰ ਸਾਡੀ ਜਨਤਕ ਸੇਵਾ ਨਾਲ਼ ਤੋਲਦੇ ਹਨ, ਬਾਕੀ ਪਿਛਾਖੜੀ, ਸਰਕਾਰ-ਪ੍ਰਸਤ ਮੱਕਾਰਾਂ ਦੀ ਸਾਨੂੰ ਪ੍ਰਵਾਹ ਕੀ ਹੋਣੀ ਚਾਹੀਦੀ ਹੈ।” ਉਹ ਬਿਹਾਰ ਵਰਗੇ ਸੂਬੇ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਮਾਸ ਨੂੰ ਉਤਸ਼ਾਹਿਤ ਕਰਦੇ ਸਨ ਜਿਸ ਵਿੱਚ ਗਊ ਮਾਸ ਖਾਣ ਤੇ ਉਹਦੀ ਪੌਸ਼ਟਿਕਤਾ ‘ਤੇ ਵੱਧ ਜ਼ੋਰ ਦਿੰਦੇ ਸਨ ਅਤੇ ਲੋਕਾਂ ਦੇ ਵੱਡੇ ਇਕੱਠਾਂ ਵਿੱਚ ‘ਰਮਾਇਣ’, ‘ਮਹਾਂਭਾਰਤ’, ‘ਉਪਨਿਸ਼ਦਾਂ’ ਤੇ ਵੈਦਿਕ ਗ੍ਰੰਥਾਂ ਦੇ ਹਵਾਲੇ ਦੇ-ਦੇ ਕੇ ਦੱਸਦੇ ਸਨ ਕਿ ਕਿਵੇਂ ਵਿਸ਼ਵਾਮਿੱਤਰ ਵਰਗੇ ਰਿਸ਼ੀ ਵੱਡੀਆਂ-ਵੱਡੀਆਂ ਗਊਆਂ ਖਾ ਜਾਂਦੇ ਹਨ, ਕਿ ਕਿਵੇਂ ਭਾਰਤ ਵਿੱਚ ਬੁੱਧ ਧਰਮ ਦੇ ਉਭਾਰ ਤੋਂ ਪਹਿਲਾਂ ਸਾਰੇ ਬ੍ਰਾਹਮਣ ਗਾਂ ਦਾ ਮਾਸ ਖਾਂਦੇ ਸਨ, ‘ਅਸ਼ਵਮੇਘ ਯੱਗ’ ਵਰਗੇ ਵੱਡੇ-ਵੱਡੇ ਯੱਗਾਂ ਵਿੱਚ ਵੱਡੇ ਪੱਧਰ ‘ਤੇ ਗਊ ਬਲੀ ਦਿੱਤੀ ਜਾਂਦੀ ਸੀ ਤੇ ਉਹਨਾਂ ਦਾ ਮਾਸ ਬ੍ਰਾਹਮਣਾਂ ਨੂੰ ਵੰਡਿਆ ਜਾਂਦਾ ਸੀ, ਇਹ ਵੀ ਦੱਸਦੇ ਸਨ ਕਿ ਭਾਰਤ ਵਿੱਚ ਸ਼ਾਕਾਹਾਰ ਦਾ ਪ੍ਰਚਲਣ ਬੁੱਧ ਦੇ ਉਭਾਰ ਨਾਲ਼ ਜੁੜਿਆ ਹੋਇਆ ਹੈ। ਰਾਹੁਲ ਦੇ ਜੀਵਨ ਦਾ ਇਹ ਪੱਖ – ਸਿਆਸੀ, ਆਰਥਿਕ ਮਸਲਿਆਂ ‘ਤੇ ਲੋਕਾਂ ਦੇ ਨਾਲ਼ ਖੜ੍ਹਣਾ ਤੇ ਸੱਭਿਆਚਾਰਕ (ਪਿਛਾਖੜੀ, ਰੂੜ੍ਹੀਵਾਦੀ ਕਦਰਾਂ-ਕੀਮਤਾਂ) ਪੱਧਰ ‘ਤੇ ਲੋਕਾਂ ਤੋਂ ਉਲਟ ਚੱਲਣਾ ਭਾਵ ਉਦਾਹਰਣਾਂ ਰਾਹੀਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਤੋਂ ਉਹਨਾਂ ਦਾ ਖਹਿੜਾ ਛੁਡਾਉਣਾ – ਉਹਨਾਂ ਲੋਕਾਂ ‘ਤੇ ਕਰਾਰੀ ਸੱਟ ਮਾਰਦਾ ਹੈ ਜੋ ਸੱਭਿਆਚਾਰਕ ਤਬਦੀਲੀ ਨੂੰ ਦੁਵੱਲਾ ਮਹੱਤਵ ਦਿੰਦੇ ਹਨ ਤੇ ਲੋਕਾਂ ਦੇ “ਟੁੱਟ” ਜਾਣ ਦੇ ਡਰੋਂ ਲੋਕਾਂ ਦਾ ਸੱਭਿਆਚਾਰਕ ਪੱਧਰ ਉੱਪਰ ਚੁੱਕਣ ਬਾਰੇ ਗੱਲ ਵੀ ਨਹੀਂ ਕਰਦੇ ਅਤੇ “ਅਹਾਂਗਵਧੂ” ਹੋਣ ਦਾ ਭਰਮ ਪਾਲ਼ਦੇ ਹੋਏ ਅੰਤਿਮ ਰੂਪ ਵਿੱਚ ਪਿਛਾਂਹਖਿੱਚੂ ਸਿੱਧ ਹੁੰਦੇ ਹਨ। ਪਰ ਰਾਹੁਲ ਕਹਿੰਦੇ ਸਨ ਕਿ ਜਿਹਨਾਂ ਲਈ ਅਸੀਂ ਤਨਦੇਹੀ ਨਾਲ਼ ਕੰਮ ਕਰਦੇ ਹਾਂ ਉਹ ਲੋਕ ਕਦੇ ਸਾਡੇ ਨਾਲ਼ੋਂ ਨਹੀਂ ਟੁੱਟਦੇ। ਇਸੇ ਤਰ੍ਹਾਂ ਮੁਸਲਮਾਨਾਂ ਦੇ ਘਰ ਭੋਜਨ ਖਾਣਾ, ਵਿਧਵਾ-ਵਿਆਹ ਦਾ ਪੱਖ ਲੈਣਾ, ਧਾਰਮਿਕ ਕੱਟੜਪੰਥੀਆਂ ਦਾ ਵਿਰੋਧ, ਧਰਮ ਨੂੰ ਨਿੱਜੀ ਮਸਲਾ ਸਮਝਣਾ ਤੇ ਲੋਕਾਂ ਨੂੰ ਸਮਝਾਉਣਾ, ਬਾਲ-ਵਿਆਹ ਦੇ ਵਿਰੁੱਧ, ਪ੍ਰੇਮ-ਵਿਆਹ ਦੀ ਹਮਾਇਤ ਕਰਨਾ, ਅੰਤਰ-ਜਾਤੀ ਸਹਿਜ-ਭੋਜ, ਅੰਤਰ-ਜਾਤੀ ਵਿਆਹ ਲਈ ਯਤਨ ਕਰਨਾ, ਧਰਮਿਕ ਕੱਟੜਤਾ ਵਿਰੁੱਧ ਪ੍ਰਚਾਰ, ਸਮਾਜ ਵਿੱਚ ਗਿਆਨ ਦਾ ਪ੍ਰਚਾਰ ਕਰਨਾ, ਮਾਸਾਹਾਰ ਨੂੰ ਉਤਸ਼ਾਹਿਤ ਕਰਨਾ ਆਦਿ ਅਨੇਕਾਂ ਮਸਲੇ ਹਨ ਜਿਹਨਾਂ ‘ਤੇ ਰਾਹੁਲ ਨੇ ਨਿਰਪੱਖ ਹੋ ਕੇ ਤੇ ਖੁੱਲ੍ਹੇਆਮ ਆਪਣਾ ਸਟੈਂਡ ਲਿਆ ਅਤੇ ਅਮਲ ਵਿੱਚ ਵੀ ਇਹਨਾਂ ਨੂੰ ਲਾਗੂ ਕਰਦੇ ਰਹੇ।

ਉਹਨਾਂ ਦਾ ਮੰਨਣਾ ਸੀ ਕਿ ਲੋਕ ਹੀ ਇਤਿਹਾਸ ਦੇ ਸਿਰਜਣਹਾਰ ਹਨ ਅਤੇ ਉਹਨਾਂ ਨੂੰ ਜਗਾਏ ਬਿਨਾਂ ਕੋਈ ਵੀ ਸਮਾਜ ਮੁਕਤੀ ਨਹੀਂ ਪਾ ਸਕਦਾ ਹੈ। ਆਮ ਲੋਕਾਂ ਨੂੰ ਸਮਾਜਿਕ ਬਦਲਾਅ ਦੇ ਵਿਗਿਆਨ ਤੋਂ ਜਾਣੂ ਕਰਾਉਣ ਲਈ ਆਮ ਲੋਕਾਂ ਦੀ ਬੋਲ-ਚਾਲ ਦੀ ਭਾਸ਼ਾ ਵਿੱਚ ਉਹਨਾਂ ਨੇ ‘ਭੱਜੋ ਨਹੀਂ ਦੁਨੀਆਂ ਨੂੰ ਬਦਲੋ’, ‘ਦਿਮਾਗ਼ੀ ਗ਼ੁਲਾਮੀ’, ‘ਤੁਹਾਡੀ ਖੈ’, ‘ਸਮਾਜਵਾਦ ਹੀ ਕਿਉਂ’ ਆਦਿ ਛੋਟੀਆਂ-ਛੋਟੀਆਂ ਕਿਤਾਬਾਂ ਲਿਖ ਕੇ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ‘ਸਾਹਿਤਕਾਰ ਲੋਕਾਂ ਦਾ ਜ਼ਬਰਦਸਤ ਸਾਥੀ ਹੈ, ਨਾਲ਼ ਹੀ ਉਹ ਉਹਨਾਂ ਦਾ ਆਗੂ ਵੀ ਹੈ। ਉਹ ਸਿਪਾਹੀ ਵੀ ਹੈ ਅਤੇ ਜਰਨੈਲ ਵੀ।’

ਚੀਨੀ ਸਾਹਿਤਕਾਰ ਲੂ-ਸ਼ੁਨ ਨੂੰ ਚੀਨ ਦੇ ਸੱਭਿਆਚਾਰਕ ਇਨਕਲਾਬ ਦਾ ਜਰਨੈਲ ਕਿਹਾ ਜਾਂਦਾ ਹੈ। ਜਿਸਨੇ ਚੀਨੀ ਲੋਕਾਂ ਦੀ ਮਾਨਸਿਕ-ਵਿਚਾਰਕ-ਸਮਾਜਿਕ ਲੋੜ ਨੂੰ ਸਮਝਿਆ ਅਤੇ ਲਿਖਿਆ। ਚੀਨ ਦੇ ਬੇਹੱਦ ਪੱਛੜੇ, ਰੂੜ੍ਹੀਵਾਦੀ ਲੋਕਾਂ ‘ਚ ਵਿਕਾਸ ਵਿਰੋਧੀ ਰਵਾਇਤਾਂ ਵਿਰੁੱਧ ਲੜਨ ਦਾ ਜ਼ੇਰਾ ਪੈਦਾ ਕੀਤਾ। ਪੁਰਾਣੀਆਂ ਕਥਾਵਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਲੂ-ਸ਼ੁਨ ਨੇ ਜਿਸ ਤਰ੍ਹਾਂ ਆਮ ਲੋਕਾਂ ਦੀ ਸਿਰਜਣਾਤਮਕਤਾ ਨੂੰ ਅਜ਼ਾਦ ਕੀਤਾ, ਉਸਨੂੰ ਸੱਭਿਆਚਾਰਕ ਸੰਦ ਸੌਂਪਿਆ, ਲਗਪਗ ਉਹੀ ਕੰਮ ਭਾਰਤ ਵਿੱਚ ਰਾਹੁਲ ਨੇ ਵੀ ਕੀਤਾ। ਉਹ ਵਰਤਮਾਨ ਸਮਾਜਿਕ ਰੂੜ੍ਹੀਆਂ ਦੀ ਭਾਲ ਵਿੱਚ ਅਤੀਤ ਤੱਕ ਦੀ ਯਾਤਰਾ ਕਰਦੇ ਹਨ। ਉਹਨਾਂ ਦੀਆਂ ਜੜ੍ਹਾਂ ਲੱਭਦੇ ਹਨ। ਖੂਹ-ਦੇ-ਡੱਡੂਪੁਣੇ ਤੇ ਅੰਧ-ਵਿਸ਼ਵਾਸ਼ਾਂ ਦੀ ਵਿਗਿਆਨਕ ਨਜ਼ਰੀਏ ਤੋਂ ਛਾਣਬੀਨ ਕਰਕੇ ਮੁੜ-ਵਿਆਖਿਆ ਕੀਤੀ। ਨਤੀਜੇ ਵਜੋਂ ਅਸੀਂ ਅਜਿਹੇ ਸਮਾਜਿਕ ਨਜ਼ਰੀਏ ਨਾਲ਼ ਲੈਸ ਹੁੰਦੇ ਹਾਂ ਜਿਹੜਾ ਸਾਨੂੰ ਭਵਿੱਖਮੁਖੀ ਬਣਾਉਂਦਾ ਹੈ। ਇਸ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਕਾਰਨ ਰਾਹੁਲ ਦੀ ਲੇਖਣੀ ਸਮਾਜ ਦੀ ਕੇਵਲ ਵਿਆਖਿਆ ਹੀ ਨਹੀਂ ਕਰਦੀ, ਸਗੋਂ ਬਦਲਣ ਲਈ ਵੀ ਪ੍ਰੇਰਿਤ ਕਰਦੀ ਹੈ। ਨਾਲ਼ ਹੀ ਉਹ ਆਧੁਨਿਕ ਭਾਰਤ ਦੇ ਪਦਾਰਥਵਾਦੀ ਚਿੰਤਕ ਰਾਧਾਮੋਹਨ ਗੋਕੁਲ ਜੀ, ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਅਗਲੇਰੀ ਕੜੀ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇਹੀ ਨਹੀਂ ਅਸੀਂ ਰਾਹੁਲ ਦੀ ਗਿਣਤੀ ਜੇਕਰ ਯੂਰਪੀ ਨਵਜਾਗਰਣ-ਗਿਆਨ ਪ੍ਰਸਾਰਕ ਇਨਕਲਾਬੀ ਬੁੱਧੀਜੀਵੀਆਂ ਦਿਦਰੋ, ਵਾਲਤੇਅਰ ਨਾਲ਼ ਕਰੀਏ ਤਾਂ ਕੋਈ ਵਧਵੀਂ ਗੱਲ ਨਹੀਂ ਹੋਵੇਗੀ।

(ਬਾਕੀ ਅਗਲੇ ਅੰਕ ‘ਚ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 38, ਅਪ੍ਰੈਲ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s