ਮੈਰੀ ਅ ਨੂੰ ਯਾਦ ਕਰਦੇ ਹੋਏ •ਬਰਤੋਲਤ ਬ੍ਰੈਖਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉਦਾਸ ਸਤੰਬਰ ਮਹੀਨੇ ਦਾ ਕੋਈ ਇੱਕ ਦਿਨ ਸੀ ਉਹ
ਆਲੂਬੁਖਾਰੇ ਦੇ ਰੁੱਖ ਦੀ ਵਿਰਲੀ ਛਾਂ ਵਿੱਚ ਚੁੱਪ-ਚਾਪ
ਮੈਂ ਜਕੜਿਆ ਸੀ ਉਸਨੂੰ, ਬੇਹੱਦ ਪੀਲ਼ਾ ਅਤੇ ਖਾਮੋਸ਼-
  ਮੇਰਾ ਉਹ ਪਿਆਰ।

ਜਿਵੇਂ ਕਿ ਸੁਪਨਾ ਸੀ ਉਹ, ਜਿਸਨੂੰ ਕਿਸੇ ਵੀ ਹਾਲਤ ‘ਚ ਮਿਟਣਾ ਨਹੀਂ ਚਾਹੀਦਾ।

ਗਰਮੀ ਦੇ ਚਮਕਦੇ ਅਕਾਸ਼ ਵਿੱਚ ਸਾਡੇ ਉੱਪਰ
ਇੱਕ ਬੱਦਲ ਸੀ, ਜਿਸ ਤੇ ਟਿਕੀਆਂ ਰਹੀਆਂ ਮੇਰੀਆਂ ਅੱਖਾਂ ਦੇਰ ਤੱਕ
ਇੱਕਦਮ ਦੁੱਧ ਚਿੱਟਾ ਅਤੇ ਸਾਡੇ ਤੋਂ ਬਹੁਤ ਉੱਪਰ
ਜਦੋਂ ਮੈਂ ਦੁਬਾਰਾ ਉੱਪਰ ਦੇਖਿਆ, ਉਹ ਗਾਇਬ ਹੋ ਚੁੱਕਾ ਸੀ।

ਅਤੇ ਉਸ ਦਿਨ ਤੋਂ ਬਾਅਦ ਬਹੁਤ ਸਾਰੇ ਚੰਨ
ਅਸਮਾਨ ਵਿੱਚ ਆਰ-ਪਾਰ ਤੈਰਦੇ ਹੋਏ ਡੁੱਬ ਚੁੱਕੇ ਹਨ।

ਆਲੂ ਬੁਖਾਰੇ ਦੇ ਰੁੱਖ ਬਾਲਣ ਲਈ ਵੱਢੇ ਗਏ ਹਨ।

ਅਤੇ ਜੇਕਰ ਤੁਸੀਂ ਪੁੱਛੋ ਕੇਹਾ ਲੱਗਦਾ ਹੈ ਉਹ ਪਿਆਰ ਹੁਣ?
ਮੈਨੂੰ ਕਹਿਣਾ ਹੀ ਪਏਗਾ : ਸੱਚ ਮੁੱਚ ਹੁਣ ਮੈਨੂੰ ਕੁਝ ਯਾਦ ਨਹੀਂ ਰਿਹਾ

ਫਿਰ ਵੀ ਮੈਂ ਜਾਣ ਰਿਹਾ ਹਾਂ ਕਿ ਤੂੰ ਕੀ ਕਹਿਣਾ ਚਹੁੰਨਾ ਏ
ਪਰ ਉਸਦਾ ਚੇਹਰਾ ਕੇਹਾ ਸੀ, ਹੁਣ ਮੈਨੂੰ ਯਾਦ ਨਹੀਂ ਰਿਹਾ
ਮੈਂ ਸਿਰਫ ਏਨਾ ਜਾਣਦਾ ਹਾਂ : ਉਸ ਦਿਨ ਮੈਂ ਉਸਨੂੰ ਚੁੰਮਿਆਂ ਸੀ
ਅਤੇ ਜਿੱਥੋਂ ਤੱਕ ਚੁੰਮਣ ਦਾ ਸਵਾਲ ਹੈ, ਉਸਨੂੰ ਵੀ ਮੈਂ ਬਹੁਤ
   ਪਹਿਲਾ ਭੁੱਲ ਗਿਆਂ ਹੁੰਦਾ

ਪਰ ਉਹ ਬੱਦਲ਼ ਜੋ ਅਕਾਸ਼ ਵਿੱਚ ਤੈਰ ਰਿਹਾ ਸੀ
ਉਸਨੂੰ ਮੈਂ ਹੁਣ ਵੀ ਜਾਣਦਾ ਹਾਂ ਅਤੇ ਹਮੇਸ਼ਾ ਜਾਣਦਾ ਰਹਾਂਗਾ।
ਉਹ ਦੁੱਧ ਚਿੱਟਾ ਸੀ ਅਤੇ ਬਹੁਤ ਉੱਚਾ ਮੰਡਰਾ ਰਿਹਾ ਸੀ।

ਇਹ ਮੁਮਕਿਨ ਹੈ ਕਿ ਆਲੂਬੁਖਾਰੇ ਦੇ ਰੁੱਖ ਹੁਣ ਵੀ ਖਿੜ ਰਹੇ ਹੋਣ
ਉਸ ਔਰਤ ਦਾ ਸੱਤਵਾਂ ਬੱਚਾ, ਉੱਥੇ ਹੋ ਸਕਦਾ ਹੈ ਹੁਣ ਵੀ
ਅਤੇ ਉਹ ਬੱਦਲ ਜੋ ਕੁਝ ਮਿੰਟਾ ਲਈ ਉੱਭਰ ਆਇਆ ਸੀ ਹੁਣੇ-ਹੁਣੇ
ਜਦੋਂ ਮੈਂ ਉੱਪਰ ਦੇਖਿਆ- ਅਕਾਸ਼ ਵਿੱਚ ਉਹ ਗਾਇਬ ਹੋ ਚੁੱਕਾ ਸੀ
(1920-25)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements