ਮੇਰੇ ਪਿਤਾ •ਹਾਵਰਡ ਫਾਸਟ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਨੂੰ ਇਹ ਜਾਣਕੇ ਕਦੇ ਹੈਰਾਨੀ ਨਹੀਂ ਹੋਈ ਕਿ ਮੇਰੇ ਪਿਤਾ ਜੀ ਆਪਣੇ ਸਮੇਂ ਵਿੱਚ ਜੋ ਕੁਝ ਵੀ ਹੋ ਚੁੱਕੇ ਸਨ ਉਹ ਮੇਰੇ ਲਈ ਇੱਕ ਸੁਪਨੇ ਮਾਤਰ ਹੀ ਸੀ। ਜਿਹੜੀ ਇੱਕੋ ਚੀਜ਼ ਦੀ ਉਹਨਾਂ ਨੂੰ ਕਮੀ ਰਹੀ ਉਹ ਸੀ ਪੈਸਾ ਜਾਂ ਕਿਹਾ ਜਾਵੇ ਮਾਇਆ,ਧਨ। ਇੱਕ ਵਾਰ ਉਹਨਾਂ ਮੈਨੂੰ ਦੱਸਿਆ ਕਿ ਲੱਗਭਗ ਦੋ ਸਾਲਾਂ ਤੱਕ ਉਹ ਇੱਕ ਕੇਬਲਕਾਰ ਦੇ ਗ੍ਰਿਪਰ ਮੈਨ ਰਹੇ ਸਨ- ਉਦੋਂ ਤੱਕ ਨਿਊਯਾਰਕ ਵਿੱਚ ਕੇਬਲਕਾਰਾਂ ਨੂੰ ਪੂਰਨ ਰੂਪ ਵਿੱਚ ਹਟਾਉਣ ਦਾ ਫ਼ੈਸਲਾ ਨਹੀਂ ਸੀ ਲਿਆ ਗਿਆ। ਮੇਰੇ ਪਿਤਾ ਜੀ ਗ੍ਰਿਪਰ ਮੈਨ ਵੀ ਰਹਿ ਚੁੱਕੇ ਸਨ, ਭਾਵੇਂ ਕਿ ਮੈਂ ਇਸ ਬਾਰੇ ਪਹਿਲਾਂ ਕਦੇ ਸੁਣਿਆ ਵੀ ਨਹੀਂ ਸੀ-ਫ਼ਿਰ ਵੀ ਇਸ ਗੱਲ ਦੀ ਮੈਨੂੰ ਐਨੀ ਹੈਰਾਨੀ ਨਹੀਂ ਹੋਈ, ਜਿੰਨੀ ਇਸ ਗੱਲ ‘ਤੇ ਕਿ ਨਿਊਯਾਰਕ ਸ਼ਹਿਰ ਵਿੱਚ ਕਦੇ ਕੇਬਲ ਕਾਰਾਂ ਵੀ ਚੱਲਦੀਆਂ ਸਨ । ਪਰ ਜਿੱਥੋਂ ਤੱਕ ਯਾਦ ਹੈ, ਉਹਨਾਂ ਨੇ ਦੱਸਿਆ ਸੀ ਕਿ ਪੁਰਾਣੇ ਜ਼ਮਾਨੇ ਵਿੱਚ ਸੈਵਨਥ ਐਵਨਿਊ ਵਿੱਚ ਬਿਆਲੀਵੀਂ ਗਲੀ ਤੋਂ ਦੱਖਣ ਦੇ ਪਾਸੇ ਜਾਣ ਲਈ ਕੇਬਲ ਕਾਰ ਚਲਦੀ ਹੁੰਦੀ ਸੀ।

ਕਈ ਸਾਲਾਂ ਪਿੱਛੋਂ ਸਨਫਰਾਂਸਿਸਕੋ ਵਿੱਚ, ਮੇਰਾ ਇੱਕ ਪੂਰਾ ਦਿਨ ਕੇਬਲ ਕਾਰ ਦੀ ਸਵਾਰੀ ਵਿੱਚ ਹੀ ਲੰਘਿਆ, ਨਾਥ ਹਿੱਲ, ਟੈਲੀਗ੍ਰਾਫ ਹਿੱਲ ਅਤੇ ਦੂਜੀਆਂ ਪਹਾੜੀਆਂ ਤੇ ਛੋਟੀਆਂ-ਛੋਟੀਆਂ ਘਾਟੀਆਂ ਵਿੱਚੋਂ ਦੀ ਜਿਨ੍ਹਾਂ ਕਰਕੇ ਸਨਫਰਾਂਸਿਸਕੋ ਦੁਨੀਆਂ ਦਾ ਇੱਕ ਬੇਜੋੜ ਸ਼ਹਿਰ ਹੈ, ਘੰਟਿਆਂ ਬੱਧੀ ਮੈਂ ਗ੍ਰਿਪਰ ਮੈਨ ਵੱਲੋਂ ਤਿੰਨ ਲੀਵਰਾਂ ਨੂੰ ਸੋਹਣੇ ਤੇ ਦਿਲ ਖਿੱਚਵੇਂ ਢੰਗ ਨਾਲ਼ ਚਲਾਉਂਦੇ ਦੇਖਦਾ ਰਿਹਾ- ਬੀਤੇ ਦੀ ਇੱਕ ਅਜਿਹੀ ਘਟਨਾ ਜਿਹੜੀ ਹੁਣ ਕੇਵਲ ਯਾਦਾਂ ਵਿੱਚ ਹੀ ਹੈ।

ਅਜਿਹੀਆਂ ਸਨ ਕੇਬਲ ਕਾਰਾਂ ਤੇ ਮੇਰੇ ਪਿਤਾ ਜੀ ਉਹਨਾਂ ਦੇ ਗ੍ਰਿਪਰ ਮੈਨ ਰਹਿ ਚੁੱਕੇ ਸਨ। ਉਹਨਾਂ ਦੇ ਹੱਥ ਵੱਡੇ-ਵੱਡੇ ਤੇ ਮਜ਼ਬੂਤ ਸਨ, ਮੱਧਰਾ ਗੱਠਵਾ ਸਰੀਰ ਜੋ ਪਤਲਾ ਸੀ ਪਰ  ਸ਼ਖਤ ਤੇ ਅਪਣੀ ਮੌਤ ਤੱਕ ਉਂਝ ਹੀ ਮਜ਼ਬੂਤ ਰਹੇ ਸਨ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਨੂੰ ਉਹਨਾਂ ਦੇ ਹੱਥ ਹਮੇਸ਼ਾ ਯਾਦ ਰਹੇ। ਉਹ ਇੱਕ ਮਜ਼ਦੂਰ ਦੇ ਹੱਥ ਸਨ। ਹੱਥ ਹੀ ਉਹਨਾਂ ਦਾ ਸਹਾਰਾ ਤੇ ਬੁਨਿਆਦ ਸਨ ਤੇ ਜੋ ਕੁਝ ਵੀ ਇਸ ਦੁਨੀਆਂ ਉਹਨਾਂ ਕੋਲ ਸੀ- ਬੱਸ ਇਹੋ ਦੋ ਹੱਥ ਹੀ ਸਨ।

ਸਭ ਤੋਂ ਪਹਿਲਾਂ ਉਹਨਾਂ ਕੀ ਕੰਮ ਕੀਤਾ ਇਹਦੀ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂੰ। ਮੇਰੇ ਵਾਂਗ ਉਹ ਵੀ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਕੰਮ ਕਰਨ ਲੱਗ ਪਏ ਸਨ। ਪਰ ਸਤਾਰਾਂ ਸਾਲ ਦੀ ਉਮਰ ਤੱਕ ਉਹ ਕੀ ਕਰਦੇ ਰਹੇ। ਇਸ ਬਾਰੇ ਉਹ ਘੱਟ ਹੀ ਗੱਲ ਕਰਦੇ ਸਨ। ਮੈਨੂੰ  ਲੱਗਦਾ ਹੈ ਕਿ ਨਿਊਯਾਰਕ ਦੇ ਨੀਵੇਂ ਹਿੱਸੇ ਵਿੱਚ ਉਹ ਤਬੇਲੇ ਵਿੱਚ ਕੰਮ ਕਰਦੇ ਸਨ- ਇਹ 1880 ਦੀ ਗੱਲ ਹੋਵੇਗੀ। ਘੋੜਿਆਂ ਦੀ ਸਾਫ਼- ਸਫ਼ਾਈ,ਉਹਨਾਂ ‘ਤੇ ਖਰਖਰਾ ਕਰਨਾ, ਘੋੜਾ ਗੱਡੀਆਂ ਸਾਫ਼ ਕਰਨਾ, ਤਬੇਲੇ ਦੀ ਸਫ਼ਾਈ ਆਦਿ ਇਸ ਤਰ੍ਹਾਂ ਦੇ ਕਈ ਕੰਮ ਉਹਨਾਂ ਦੇ ਜ਼ਿੰਮੇ ਸਨ।

ਉਹਨਾਂ ਦਿਨਾਂ ਵਿੱਚ ਆਦਮੀ ਹੋਣ ਜਾਂ ਬੱਚੇ ਸਾਰਿਆਂ ਨੂੰ ਬਾਰਾਂ ਤੇ ਕਈ ਵਾਰ ਚੌਦਾਂ ਘੰਟੇ ਵੀ ਕੰਮ ਕਰਨਾ ਪੈਂਦਾ ਸੀ। ਜਦੋਂ ਮੇਰੇ ਪਿਤਾ ਜੀ ਪੰਦਰਾਂ ਸਾਲਾਂ ਦੇ ਸਨ ਤਾਂ  ਉਹ ਇੱਕ ਮਠਿਆਈ ਦੀ ਦੁਕਾਨ ‘ਤੇ ਕੰਮ ਕਰਨ ਲੱਗ ਪਏ ਸਨ। ਉਹ ਮਜ਼ਦੂਰਾਂ ਦੀ ਉਸ ਪੀੜ੍ਹੀ ਵਿੱਚੋਂ ਸਨ ਜਿਨ੍ਹਾਂ ਨੂੰ ਹੱਸਣਾ ਤੇ ਖੁਸ਼ੀ ਮੁਸ਼ਕਿਲ ਤੇ ਔਖਿਆਂ ਹੀ ਨਸੀਬ ਹੁੰਦੀ ਹੈ। ਉਹਨਾਂ ਦੇ ਚਿਹਰੇ ‘ਤੇ ਹਾਸਾ ਇੰਝ ਲੱਗਦਾ ਸੀ ਕਿ ਜਿਵੇਂ ਚਾਨਣ ਦੇ ਫ਼ੁਹਾਰੇ ਫ਼ੁੱਟ ਰਹੇ ਹੋਣ, ਉਹਨਾਂ ਨੂੰ ਹੱਸਦਿਆਂ ਦੇਖਕੇ ਮੈਨੂੰ ਤੇ ਮੇਰੇ ਭਰਾਵਾਂ ਨੂੰ ਜਿਹੜੀ ਹੈਰਾਨੀ ਹੁੰਦੀ ਸੀ, ਉਹਦੀ ਵਿਆਖਿਆ ਕਰਨੀ ਔਖੀ ਹੈ।

ਇੱਕ ਵੇਲ਼ਾ ਅਜਿਹਾ ਵੀ ਸੀ ਜਦੋਂ ਉਹ ਸੱਤ ਮਹੀਨੇ ਤੱਕ ਜੇਲ੍ਹ ਵਿੱਚ ਰਹੇ ਤੇ ਉਹਨਾਂ ਦੀ ਹੜਤਾਲ ਤੋੜ ਦਿੱਤੀ ਗਈ ਤਾਂ ਪਰਿਵਾਰ ਦੇ ਪਾਲ਼ਣ-ਪੋਸ਼ਣ, ਖਾਣ-ਪੀਣ ਤੇ ਮਕਾਨ ਦਾ ਕਿਰਾਇਆ-ਤਾਂ ਕਿ ਸਾਨੂੰ ਸਾਰਿਆਂ ਨੂੰ ਸੜਕ ਤੇ ਨਾ ਆਉਣਾ ਪਵੇ-ਆਦਿ ਇਸ ਗੱਲ ਦਾ ਸਾਰਾ ਭਾਰ ਮੇਰੇ ਵੱਡੇ ਭਰਾ ਤੇ ਮੇਰੇ ਮੋਢਿਆਂ ‘ਤੇ ਆਣ ਪਿਆ।

ਉਦੋਂ ਮੈਂ ਤੇਰਾਂ ਸਾਲਾਂ ਦਾ ਸੀ ਤੇ ਅਸੀਂ ਦੋਵੇਂ ਅਖ਼ਬਾਰ ਵੇਚਦੇ ਹੁੰਦੇ ਸੀ। ਜਿਹਦੇ ਮਿਹਨਤਾਨੇ ਦੇ ਤੌਰ ‘ਤੇ ਸਾਨੂੰ ਦੋਵਾਂ ਨੂੰ ਦਸ ਡਾਲ਼ਰ ਹਰ ਹਫ਼ਤੇ ਦੇ ਮਿਲਦੇ ਹੁੰਦੇ ਸਨ। ਇਸ ਦਾ ਮਤਲਬ ਇਹ ਸੀ ਕਿ ਸਾਨੂੰ ਐਤਵਾਰ ਨੂੰ ਸਵੇਰੇ ਤਿੰਨ ਵਜੇ ਹੀ ਉੱਠਣਾ ਪੈਂਦਾ ਸੀ ਤੇ ਰਾਤ ਨੂੰ ਹੱਡ ਚੀਰਵੀਂ ਠੰਡ ਤੇ ਗੁੰਮ ਹਨੇਰੇ ਵਿੱਚ ਕੱਪੜੇ ਪਾ ਕੇ, ਨੇੜੇ ਦੇ ਰੇਲਵੇ ਸਟੇਸ਼ਨ ‘ਤੇ ਅਪਣੇ ਸਰੀਰਾਂ ਨੂੰ ਧੱਕਦੇ ਹੋਏ ਜਾਣਾ ਪੈਂਦਾ ਸੀ। ਮੇਰੀ ਮਾਂ ਬਹੁਤ ਪਹਿਲਾਂ ਹੀ ਮਰ ਗਈ ਸੀ ਤੇ ਪਿਤਾ ਜੀ ਹੀ ਸਾਡੇ ਤਿੰਨੇਂ ਭਰਾਵਾਂ ਦੇ ਮਾਂ-ਪਿਉ ਸਨ। ਉਹ ਸਾਡੇ ਪਾਲ਼ਣ-ਪੋਸ਼ਣ ਕਰ ਸਕਣ ਜਾਂ ਨਾ ਕਰ ਸਕਣ ਦੇ ਅਪਰਾਧ-ਬੋਧ ਤੋਂ ਮੁਕਤ ਹੋਣ ਦੇ ਸਾਧਨ ਕਦੇ ਵੀ ਨਾ ਹਾਸਲ ਕਰ ਸਕੇ।

ਸਾਡੀ ਸਭ ਦੀ ਸਾਂਝੀ ਮਿਹਨਤ ਹੀ ਇੱਕ ਅਜਿਹੀ ਡੋਰ ਸੀ ਜੋ ਸਾਨੂੰ ਸਾਰਿਆਂ ਨੂੰ ਇੱਕਮੁੱਠ ਰੱਖਦੀ ਸੀ। ਸ਼ਨੀਵਾਰ ਦੀ ਰਾਤ ਨੂੰ ਉਹ ਸਾਡੇ ਸਾਰਿਆਂ ਤੋਂ ਅੱਧਾ ਘੰਟਾ ਪਹਿਲਾਂ ਹੀ ਜਾਗ ਪੈਂਦੇ ਸਨ, ਸਵੇਰ ਦੀ ਰੋਟੀ ਤਿਆਰ ਕਰਕੇ ਸਾਨੂੰ ਬੜੇ ਪਿਆਰ ਨਾਲ਼ ਜਗਾਉਂਦੇ, ਕੱਪੜੇ ਪਹਿਨਣ ‘ਚ ਸਾਡੀ ਮਦਦ ਕਰਦੇ, ਸਾਨੂੰ ਰੋਟੀ ਖਵਾਉਂਦੇ ਤੇ ਸਾਨੂੰ ਕੰਮ ‘ਤੇ ਜਾਂਦਿਆ ਨੂੰ ਦੇਖਦੇ ਰਹਿੰਦੇ। ਇਹ ਸਾਰਾ ਕੁਝ ਕਰਨ ਦੌਰਾਨ ਉਹਨਾਂ ਦੇ ਚਿਹਰੇ ‘ਤੇ ਇੱਕ ਅਜੀਬ ਜਿਹੀ ਚੁੱਪ ਛਾਈ ਰਹਿੰਦੀ ਜਿਸਨੂੰ ਸਿਰਫ਼ ਗ਼ਰੀਬ ਹੀ ਜਾਣ ਸਕਦੇ ਹਨ। ਇੱਕ ਵਾਰ ਇਹ ਚੁੱਪ ਦੇਖਣ ਮਗਰੋਂ ਕਿਸੇ ਵੀ ਗ਼ਰੀਬ ਲਈ ਇਸ ਨੂੰ ਭੁਲਾ ਸਕਣਾ ਮੁਸ਼ਕਿਲ ਹੁੰਦਾ ਹੈ।

ਮੈਨੂੰ ਕਦੇ ਵਿਸ਼ਵਾਸ਼ ਨਹੀਂ ਹੋਇਆ ਕਿ ਮੇਰੇ ਪਿਤਾ ਜੀ ਨੇ ਵੀ ਕਦੇ ਜਵਾਨੀ ਮਾਣੀ ਹੋਵੇਗੀ। ਜਦੋਂ ਕਦੇ ਵੀ ਉਹ ਅਪਣੀ ਜਵਾਨੀ ਦੀ ਗੱਲ ਕਰਦੇ ਸਨ ਤਾਂ ਮੈਨੂੰ ਲੱਗਦਾ ਕਿ ਜਿਵੇਂ ਉਹ ਕਿਸੇ ਹੋਰ ਬੰਦੇ ਸੰਬੰਧੀ ਵਿੱਚ ਗੱਲ ਕਰ ਰਹੇ ਹੋਣ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ, ਭਾਵੇ ਉਹ ਅੱਸੀਆਂ ਸਾਲਾਂ ਦੇ ਹੀ ਕਿਉਂ ਨਾ ਹੋਣ, ਜਵਾਨ ਰਹਿੰਦੇ ਹਨ। ਪਰ ਮੇਰੇ ਪਿਤਾ ਜੀ ਉਹਨਾਂ ਲੋਕਾਂ ਵਿੱਚੋਂ ਨਹੀਂ ਸਨ। ਹਾਲਾਂਕਿ ਕੇ ਉਹਨਾਂ ਦੇ ਸਰੀਰ, ਉਹਨਾਂ ਦੀ ਤੋਰ ਅਤੇ ਉਹਨਾਂ ਦੀ ਤਾਕਤ ਵਿੱਚ ਲੋੜੀਂਦੀ ਜਵਾਨੀ ਸੀ। ਉਹਨਾਂ ਦੀਆਂ ਬਾਹਾਂ ਕਿਸੇ ਲੁਹਾਰ ਦੀਆਂ ਬਾਹਾਂ ਸਨ, ਤੇ ਇਹ ਉਹਨਾਂ ਦਿਨਾਂ ਦੀ ਕਮਾਈ ਸੀ ਜਦੋਂ ਉਹ ਲੋਹੇ ਦਾ ਕੰਮ ਕਰਦੇ ਸਨ।

ਉਨ੍ਹੀਵੀਂ ਸਦੀ ਖ਼ਤਮ ਹੋ ਗਈ ਸੀ ਤੇ ਵੀਹਵੀਂ ਸਦੀ ਸ਼ੁਰੂ ਹੋ ਰਹੀ ਸੀ। ਉਹਨਾਂ ਦਿਨਾਂ ਦੌਰਾਨ ਨਿਊਯਾਰਕ ਤੇ ਹੋਰਾਂ ਦੂਜੇ ਵੱਡੇ ਅਮਰੀਕੀ ਸ਼ਹਿਰਾਂ ਵਿੱਚ ਕੁੱਟੇ ਹੋਏ ਲੋਹੇ ਦੀ ਕਾਫ਼ੀ ਵਰਤੋਂ ਹੁੰਦੀ ਸੀ। ਇਸ ਨਾਲ਼ ਵੱਡੀ ਪੱਧਰ ‘ਤੇ ਅੱਗ ਤੋਂ ਬਚਾ ਕਰਨ ਵਾਲੇ ਯੰਤਰਾਂ ਤੋਂ ਇਲਾਵਾ ਹੋਰ ਸਜਾਵਟ ਦੇ ਸਮਾਨ ਦੇ ਰੂਪ ਵਿੱਚ, ਦਰਵਾਜਿਆਂ ਵਿੱਚ, ਟਾਂਗਿਆਂ ਉੱਤੇ ਤੇ ਮਾਲ ਗੱਡੀਆਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਨਾਲ਼ ਵੱਡੇ ਸ਼ਰਾਬ ਦੇ ਗੋਦਾਮਾਂ ਦੀ ਸੁਰੱਖਿਆ ਲਈ ਚਾਰਦੀਵਾਰੀ ਦੇ ਰੂਪ ਵਿੱਚ ਜੰਗਲੇ ਬਣਾਏ ਜਾਂਦੇ ਸਨ। ਇਸ ਤੋਂ ਇਲਾਵਾ ਹੋਰ ਸੈਂਕੜੇ ਹੀ ਰੂਪਾਂ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਸੀ। ਲੋਹੇ ਦਾ ਇਹ ਕੰਮ ਜ਼ਿਆਦਾਤਰ ਲੱਕੜ ਤੇ ਕੋਇਲ਼ੇ ਦੀ ਭੱਠੀ ਵਿੱਚ ਗਰਮ ਕਰਕੇ ਅਹਿਰਨ ਅਤੇ ਲੁਹਾਰ ਦੇ ਧਨਾਂ ਨਾਲ਼ ਕੀਤਾ ਜਾਂਦਾ ਸੀ ਜਿਸਨੂੰ ਲੁਹਾਰ ਆਪਣੀਆਂ ਮਜ਼ਬੂਤ ਬਾਹਾਂ ਨਾਲ਼ ਚਲਾਉਂਦੇ ਸਨ। ਲੋਹੇ ਦਾ ਕੰਮ ਕਰਨ ਵਾਲ਼ੇ ਨੂੰ ਲੁਹਾਰ ਕਿਹਾ ਜਾਂਦਾ ਸੀ। ਲੋਹੇ ਦਾ ਕੰਮ ਕਰਨ ਦਾ ਇਹ ਤਰੀਕਾ ਓਨਾ ਹੀ ਪੁਰਾਣਾ ਸੀ ਜਿੰਨੀ ਮਨੁੱਖ ਦੀ ਲੋਹੇ ਸਬੰਧੀ ਜਾਣਕਾਰੀ। ਇਹ ਲੁਹਾਰਖ਼ਾਨੇ ਨਦੀ ਦੇ ਹੇਠਾਂ ਵੱਲ, ਪੂਰਬ ਤੇ ਪੱਛਮ ਵਿੱਚ ਸਥਿਤ ਸਨ। ਲੁਹਾਰਾਂ ਦੀ ਇਹ ਜਾਤੀ ਉਹਨਾਂ ਲੁਹਾਰਾਂ ਨਾਲ਼ ਮਿਲਦੀ-ਜੁਲਦੀ ਸੀ ਜਿਹੜੀ ਹਜ਼ਾਰਾਂ ਘੋੜਿਆਂ ਦੀਆਂ ਖ਼ੁਰੀਆਂ ਲਾ ਚੁੱਕੇ ਸਨ ਤੇ ਉਹਨਾਂ ਟਾਂਗੇ ਤੇ ਯੱਕੇ ਬਣਾਉਣ ਵਾਲ਼ਿਆਂ ਨਾਲ਼ ਜਿਹੜੇ ਲੋਹੇ ਦੀਆਂ ਹਜ਼ਾਰਾਂ ਗੱਡੀਆਂ ਨੂੰ ਠੀਕ ਕਰ ਚੁੱਕੇ ਸਨ।

ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਕਿਵੇਂ ਉਹਨਾਂ ਨੂੰ ਸਵਰਗ ਦੇ ਮੁਕਾਬਲੇ ਵਿੱਚ ਲੁਹਾਰਖ਼ਾਨਾ ਵੱਧ ਚੰਗਾ ਲੱਗਦਾ ਸੀ ਤੇ ਕਿਵੇਂ ਉਹ ਦੁਪਿਹਰ ਦੀ ਰੋਟੀ ਦੇ ਵੇਲੇ ਸ਼ੈਡ ਵਿੱਚ ਤੇ ਬੀਅਰ ਲੈ ਕੇ ਹਥੌੜਿਆਂ ਦੀਆਂ ਅਵਾਜ਼ਾਂ, ਅੱਗ ਦੀਆਂ ਲਪਟਾਂ, ਭੱਠੀ ਦੀਆਂ ਛੂਕਦੀਆਂ ਅਵਾਜ਼ਾਂ, ਪਿਘਲਦੇ ਲੋਹੇ ਦੇ ਪਿੰਡੇ ਨੂੰ ਸਾੜਨ ਵਾਲੇ ਅੱਤ ਦੇ ਤੇਜ਼ ਸੇਕ ਆਦਿ ਦੇ ਬਾਵਜੂਦ ਇੱਕ ਪਾਸੇ ਖੁੱਲ੍ਹੀ ਥਾਂ ‘ਤੇ ਬੈਠੇ ਰਹਿੰਦੇ ਸਨ।

ਉਹ ਪਹਿਲਾਂ ਛੋਟੀ ਜਮਾਤ ਦੇ ਸਿਖਿਆਰਥੀ ਦੇ ਰੂਪ ਵਿੱਚ ਇਹ ਕੰਮ ਕਰਨ ਲੱਗੇ ਸਨ-ਇੱਕ ਅਜਿਹਾ ਮੁੰਡਾ ਜੋ ਸੁਨੇਹਾ ਦੇਣ ਵਾਲੇ ਦੇ ਰੂਪ ਵਿੱਚ ਇੱਧਰੋਂ-ਉੱਧਰ ਭੱਜਦਾ ਰਹਿੰਦਾ ਸੀ। ਲੋਹੇ ਦੀਆਂ ਗਰਮ ਛੜਾਂ ਖਿੱਚਦਾ, ਤੇ ਲੁਹਾਰਾਂ ਦੀ ਪਿਆਸ ਬੁਝਾਉਣ ਲਈ ਨੇੜੇ ਦੇ ਸ਼ਰਾਬਘਰ ਦੇ ਅਨੇਕਾਂ ਚੱੱਕਰ ਲਾਉਂਦਾ ਹੁੰਦਾ ਸੀ। ਹੌਲ਼ੀ-ਹੌਲ਼ੀ ਉਹ ਲੁਹਾਰ ਦੇ ਸਹਾਇਕ ਦੇ ਰੂਪ ਵਿੱਚ ਸੰਨੀ ਨਾਲ਼ ਲੋਹਾ ਫੜ੍ਹਕੇ ਇੱਧਰ-ਉੱਧਰ ਖਿਸਕਾਉਣ ਦਾ ਕੰਮ ਕਰਨ ਲੱਗੇ। ਤੇ ਫ਼ਿਰ ਅਖ਼ੀਰ ਉਹ ਚਮੜੇ ਦਾ ਐਪਰਨ ਪਾ ਕੇ ਪੂਰੇ ਲੁਹਾਰ ਬਣ ਗਏ। ਜਿਸਦੇ ਕੋਲ ਗਰਮ ਸੁਰਖ਼ ਲੋਹੇ ਉੱਤੇ ਸੱਟ ਮਾਰਨ ਤੇ ਉਸਨੂੰ ਲੋੜ ਮੁਤਾਬਕ ਸ਼ਕਲ ਦੇਣ ਲਈ ਅਪਣਾ ਇੱਕ ਨਿੱਜੀ ਹਥੌੜਾ ਸੀ।

ਜੇ ਇਸ ਤਰ੍ਹਾਂ ਲੋਹੇ ਨੂੰ ਕੁੱਟੇ ਜਾਣ ਵਾਲਾ ਕੰਮ ਨਾ ਵੀ ਖ਼ਤਮ ਹੋਇਆ ਹੁੰਦਾ ਤਾਂ ਵੀ ਉਹ ਇਸ ਕੰਮ ਤੋਂ ਦੂਰ ਹੋ ਗਏ ਹੁੰਦੇ। ਪਿਛਲੇ ਕੁਝ ਸਾਲਾਂ ਵਿੱਚ, ਜਦੋਂ ਕਿ ਮੈਂ ਪੂਰੀ ਤਰ੍ਹਾਂ ਸਮਝ ਨਹੀਂ ਗਿਆ, ਇਹ ਮੇਰੇ ਲਈ ਬੁਝਰਤ ਹੀ ਬਣਿਆ ਰਿਹਾ ਕਿਉਂਕਿ ਉਹਨਾਂ ਵਰਗੇ ਸਮਝਦਾਰ ਤੇ ਯੋਗ ਆਦਮੀ ਨੇ ਆਪਣੇ ਹੱਥਾਂ ਦੀ ਥਾਂ ਕਦੇ ਦੂਜੀ ਕਿਸੇ ਵੀ ਚੀਜ਼ ‘ਤੇ ਭਰੋਸਾ ਨਹੀਂ ਕੀਤਾ। ਕੁੱਟੇ ਜਾਣ ਵਾਲੇ ਲੋਹੇ ਦੀ ਸਨਅਤ ਦੇ ਖ਼ਤਮ ਹੋ ਜਾਣ ਮਗਰੋਂ ਉਹ ਟੀਨ ਦੀ ਲੁਹਾਰਗਿਰੀ ਕਰਨ ਲੱਗੇ। ਪਰ ਨਾਲ਼ੀਆਂ, ਟੈਂਕੀਆਂ ਅਤੇ ਛੱਤਾਂ ਦੀ ਮੁਰੰਮਤ ਕਰਨ ਦੇ ਲਈ ਟੀਨ ਦੀ ਵਰਤੋਂ ਦਾ ਸਮਾਂ ਵੀ ਜ਼ਿਆਦਾ ਵੱੱਡਾ ਨਹੀਂ ਸੀ, ਤੇ ਆਖ਼ਰ ਉਹ ਇੱਕ ਅਜਿਹੀ ਸਨਅਤ ਵੱਲ ਖਿੱਚੇ ਗਏ ਜੋ ਨਿਊਯਾਰਕ ਵਿੱਚ ਧੀਮੀ ਗਤੀ ਨਾਲ਼ ਅੱਗੇ ਵੱਧ ਰਿਹਾ ਸੀ ਤੇ ਉਹ ਸੀਤੇ ਸਿਤਾਏ ਕੱਪੜਿਆਂ ਦੀ ਇੱਕ ਫ਼ੈਕਟਰੀ ਵਿੱਚ ਕੱਪੜੇ ਕੱਟਣ ਦਾ ਕੰਮ ਕਰਨ ਲੱਗੇ। ਉਹਨਾਂ ਨੇ ਇੱਕ ਨਵਾਂ ਕਿੱਤਾ ਸਿੱਖਣਾ ਸੀ ਤੇ ਉਹ ਇਸ ਨੂੰ ਬਾਖੂਬੀ ਸਿੱਖ ਗਏ। ਇਹਨਾਂ ਤਿੰਨਾਂ ਕੰਮਾਂ ਤੋਂ ਬਿਨਾਂ ਪਤਾ ਨਹੀਂ ਉਹਨਾਂ ਨੇ ਹੋਰ ਕਿੰਨੇ ਕੰਮ ਕੀਤੇ। ਮੈਂ ਉਹਨਾਂ ਨੂੰ ਇੱਕ ਰੰਗ-ਸਾਜ਼ ਦੇ ਰੂਪ ਵਿੱਚ ਵੀ ਕੰਮ ਕਰਦੇ ਹੋਏ ਦੇਖਿਆ ਸੀ ਤੇ ਇੱਕ ਵਾਰ ਮੈਂ ਖ਼ੁਦ ਉਹਨਾਂ ਨਾਲ਼ ਨਲਕਾ ਲਾਉਣ ਦੇ ਕੰਮ ਵਿੱਚ ਸ਼ਾਮਲ ਹੋਇਆ ਸੀ। ਉਹਨਾਂ ਦੇ ਗੁੰਦਵੇਂ ਹੱਥਾਂ ਦੇ ਸਾਹਮਣੇ ਮੈਂ ਲਗਭਗ ਅਯੋਗ ਤੇ ਅਨਾੜੀ ਹੀ ਸੀ। ਉਹਨਾਂ ਕੋਲ ਧੀਰਜ ਦਾ ਅਸੀਮ ਖਜ਼ਾਨਾਂ ਸੀ ਤੇ ਉਹ ਸਵੇਰ ਤੋਂ ਲੈ ਕੇ ਆਥਣ ਤੱਕ ਕਦੇ ਵੀ ਗੁੱਸੇ ਵਿੱਚ ਨਹੀਂ ਸਨ ਹੁੰਦੇ। ਬਸ ਡਾਲ਼ਰ ਨੂੰ ਆਪਣੇ ਇਸ਼ਾਰੇ ‘ਤੇ ਨਚਾਉਣ ਅਤੇ ਹੋਰ ਵਧਾਉਣ ਦੀ ਕਲਾ ਤੋਂ ਉਹ ਅਣਜਾਣ ਸਨ।

ਜਦੋਂ ਮੈਂ ਛੋਟਾ ਸੀ ਤਾਂ ਮੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਸਾਨੂੰ ਤਿੰਨਾਂ ਛੋਟੇ-ਛੋਟੇ ਬੱਚਿਆਂ ਨੂੰ ਪਾਲ਼ਣ-ਪੋਸ਼ਣ ਦਾ ਸਾਰਾ ਭਾਰ ਮੇਰੇ ਪਿਤਾ ਦੇ ਮੋਢਿਆਂ ‘ਤੇ ਆ ਗਿਆ ਸੀ। ਮੈਂ ਜਾਣਦਾ ਹਾਂ ਕਿ ਜਦੋਂ ਮੇਰੀ ਮਾਂ ਜਿਉਂਦੀ ਸੀ ਉਦੋਂ ਵੀ ਅਸੀਂ ਓਨੇ ਹੀ ਗ਼ਰੀਬ ਸੀ ਪਰ ਉਹਦੇ ਹੱਥਾਂ ਵਿੱਚ ਅਜਿਹੀ ਬਰਕਤ ਸੀ ਜਿਹੜੀ ਸਾਡੀ ਗ਼ਰੀਬੀ ਨੂੰ ਲੁਕੋਈ ਰੱਖਦੀ ਸੀ। ਇਹ ਕੰਮ ਮੇਰੇ ਪਿਤਾ ਜੀ ਲਈ ਸੰਭਵ ਨਹੀਂ ਸੀ। ਦਿਨ ਭਰ ਬਾਰਾਂ-ਚੌਦਾ ਘੰਟੇ ਕੰਮ ਕਰਨ ਦੇ ਬਾਵਜੂਦ ਵੀ ਉਹ ਸਾਡੇ ਲਈ ਰੋਟੀ ਕੱਪੜਾ ਨਹੀਂ ਸਨ ਜੁਟਾ ਸਕਦੇ। ਉਹਨਾਂ ਨੇ ਵੀ ਆਪਣੇ ਬਚਪਨ ਨੂੰ ਸਮੇਂ ਤੋਂ ਪਹਿਲਾਂ ਉਸੇ ਤਰ੍ਹਾਂ ਅਲਵਿਦਾ ਕਹਿ ਦਿੱਤੀ ਸੀ ਜਿਸ ਤਰ੍ਹਾਂ ਦੂਜੇ ਦੇਸ਼ਾਂ ਦੇ ਮਿਹਨਤਕਸ਼ ਪਿਉ ਆਪਣੇ ਬੱਚਿਆਂ ਦੇ ਬਚਪਨ ਨਾਲ਼ ਕਰਦੇ ਹਨ। ਮੇਰਾ ਵੱਡਾ ਭਰਾ ਬਾਰਾਂ ਸਾਲਾਂ ਦੀ ਉਮਰ ਵਿੱਚ ਕੰਮ ਕਰਨ ਲੱਗਿਆ ਸੀ ਤੇ ਖ਼ੁਦ ਮੈਂ ਗਿਆਰਾਂ ਸਾਲ ਦੀ ਉਮਰ ਵਿੱਚ, ਉਦੋਂ ਦੁੱਖ ਤੇ ਥਕਾਵਟ ਦਾ ਜਿਹੜਾ ਅਹਿਸਾਸ ਹੋਣਾ ਸ਼ੁਰੂ ਹੋਇਆ ਉਹਦਾ ਕਾਰਨ ਸਾਡੇ ਵੱਲੋਂ ਕੀਤੀ ਜਾਣ ਵਾਲ਼ੀ ਮਿਹਨਤ ਹੀ ਨਹੀਂ ਸੀ, ਸਗੋਂ ਉਹ ਖੇਡ ਤੇ ਆਨੰਦ ਸੀ ਜਿਹੜਾ ਹੁਣ ਸਾਡੀ ਜ਼ਿੰਦਗੀ ਤੋਂ ਖੋਹਿਆ ਜਾ ਚੁੱਕਾ ਸੀ। ਤੇ ਸ਼ਾਇਦ ਇਸੇ ਕਰਕੇ ਮੇਰੇ ਪਿਤਾ ਜੀ ਬੁੱਢੇ ਹੋ ਗਏ। ਜਿਸ ਤਰ੍ਹਾਂ ਉਹਨਾਂ ਅਪਣੀ ਜਵਾਨੀ ਖ਼ੁਦ ਵੇਚ ਦਿੱਤੀ ਸੀ, ਉਸੇ ਤਰ੍ਹਾਂ ਉਹਨਾਂ ਨੂੰ ਸਾਡੀ ਜਵਾਨੀ ਵੇਚਣ ਲਈ ਮਜ਼ਬੂਰ ਹੋਣਾ ਪਿਆ ਸੀ ਤੇ ਉਹਨਾਂ ਦਾ ਚਿਹਰਾ ਥੱਕਿਆ, ਹਾਰਿਆ, ਸਫ਼ੈਦ ਤੇ ਮੁਰਝਾਇਆ ਜਿਹਾ ਹੋ ਗਿਆ ਸੀ।

ਅੱਜ ਮੈਂ ਇੱਕ ਅਜਿਹੇ ਸਮੇਂ ਵਿੱਚ ਰਹਿ ਰਿਹਾ ਸੀ ਜਦੋਂ ਮੇਰੇ ਦੇਸ਼ ਵਿੱਚ ਸਮਾਜਵਾਦ ਤੇ ਕਮਿਊਨਿਜ਼ਮ ਵਰਗੇ ਸ਼ਬਦ ਆਪਣੇ ਸ਼ਾਬਦਿਕ ਅਰਥਾਂ ਤੋਂ ਵੱਧ ਹੋਰ ਕੁਝ ਨਹੀਂ ਸਨ। ਸੋਲਾਂ ਸਾਲਾਂ ਦੀ ਉਮਰ ਤੱਕ ਮੈਨੂੰ ਯਾਦ ਹੀ ਨਹੀਂ ਹੈ ਕਿ ਮੈਂ ਕਦੇ ਇਹਨਾਂ ਸ਼ਬਦਾ ਨੂੰ ਸੁਣਿਆ ਵੀ ਹੋਵੇ ਤਾਂ ਇਹਨਾਂ ਦੇ ਅਰਥਾਂ ਦੀ ਜਾਣਕਾਰੀ ਬਿਲਕੁਲ ਹੀ ਨਹੀਂ ਸੀ। ਹਸਰਟ ਅਖ਼ਬਾਰ ਦੇ ਰਾਹੀਂ ਇੰਨੀ ਜਾਣਕਾਰੀ ਜ਼ਰੂਰ ਸੀ ਕਿ ਇੱਕ ਬਾਲਸ਼ਵਿਕ ਦਾ ਕਿਰਦਾਰ ਹਰ ਤਰ੍ਹਾਂ ਦੀਆਂ ਅਸ਼ਲੀਲਤਾਵਾਂ ਦਾ ਮਿਸ਼ਰਣ ਹੁੰਦਾ ਹੈ। ਪਰ ਉਸ ਵਿੱਚ ਵਰਨਣ ਕੀਤੀਆਂ ਵਿਆਖਿਆਵਾਂ, ਵਹਿਸ਼ੀ ਲੁੱਟ ਮਾਰ, ਭੁੱਖਮਰੀ ਤੇ ਕਤਲਾਂ ਨੇ ਮੇਰੇ ਨਿੱਜੀ ਅਨੁਭਵ ਤੋਂ ਇੰਨੀਆਂ ਦੂਰ ਹੁੰਦੀਆਂ ਸਨ ਕਿ ਇਨਾਂ ਵਿੱਚ ਮੇਰੀ ਕਦੇ ਵੀ ਕੋਈ ਵਿਸ਼ੇਸ ਰੁਚੀ ਨਹੀਂ ਪੈਦਾ ਹੋਈ।

ਉਹਨਾਂ ਸਾਰਿਆਂ ਵਿੱਚ ਮੈਂ ਨਿਊਯਾਰਕ ਪਬਲਿਕ ਲਾਇਬ੍ਰੇਰੀ ਵਿੱਚ ਬਾਈ ਸੈਂਟ ਪ੍ਰਤੀ ਘੰਟਾ ਇੱਕ ਚੰਗੀ ਤਨਖ਼ਾਹ ‘ਤੇ ਕੰਮ ਕਰ ਰਿਹਾ ਸੀ। ਇੱਕ ਅਜਿਹੇ ਵੇਲੇ ਜਦੋਂ ਕਿ ਵੱਡੀ ਗਿਣਤੀ ਦੇ ਲੋਕਾਂ ਕੋਲ ਰੁਜ਼ਗਾਰ ਨਹੀਂ ਸੀ। ਅਪਣੇ ਪਿਤਾ ਜੀ ਦੀ ਇਸ ਦਲੀਲ ਦੇ ਬਾਵਜੂਦ ਕਿ ਮੈਨੂੰ ਇੱਕ ਚੰਗਾ ਕੰਮ ਸਿੱਖਣਾ ਚਾਹੀਦਾ ਹੈ। ਮੈਂ ਇੱਕ ਤੋਂ ਮਗਰੋਂ ਇੱਕ ਤਕਰੀਬਨ ਦਰਜ਼ਨਾ ਹੀ ਕੰਮ ਬਦਲਦਾ ਰਿਹਾ ਤੇ ਇਹ ਉਹਨਾਂ ਵਿੱਚੋਂ ਹੀ ਇੱਕ ਸੀ।  ਮੈਂ ਕਿਤਾਬਾਂ ਨੂੰ ਪਸੰਦ ਕਰਦਾ ਸੀ। ਕਿਤਾਬਾਂ ਦੇ ਵਿੱਚ ਰਹਿਣਾ, ਉਹਨਾਂ ਨੂੰ ਸੰਭਾਲਣਾ ਤੇ ਪੜ੍ਹਨਾ ਮੈਨੂੰ ਵਧੀਆ ਲੱਗਦਾ ਸੀ ਤੇ ਕੋਈ ਵੀ ਅਜਿਹੀ ਚੀਜ਼ ਜਿਸਦੀ ਸ਼ਕਲ ਕਿਤਾਬ ਵਰਗੀ ਹੋਵੇ ਤੇ ਜਿਸ ਵਿੱਚ ਕੋਈ ਕਹਾਣੀ ਹੋਵੇ ਮੇਰੇ ਲਈ ਪੜ੍ਹਨ ਦੀ ਬਹੁਮੁੱਲੀ ਸ਼ੈਅ ਹੁੰਦੀ ਸੀ। ਇਸ ਦੌਰਾਨ ਹੀ ਲਾਇਬ੍ਰੇਰੀਅਨ ਨੇ ਮੈਨੂੰ ਜਾਰਜ ਬਰਨਾਰਡ ਸ਼ਾਹ ਦੀ ਕਿਤਾਬ ‘ਇਟੈਲੀਜੇਂਟ ਵੂਮੈਨਜ਼ ਗਾਇਡ ਟੂ ਸ਼ੋਸਲਿਜਮ ਐਂਡ ਕੈਪੀਟਲਿਜ਼ਮ’ ਦਿੱਤੀ।

ਉਸ ਔਰਤ ਦੀ ਮੇਰੇ ਵਿਚਾਰਾਂ ਨੂੰ ਬਦਲਣ ਦੀ ਕੋਈ ਇੱਛਾ ਨਹੀਂ ਸੀ। ਇੱਕ ਵਾਰੀ ਗੱਲਬਾਤ ਦੌਰਾਨ ਜਦੋਂ ਮੈਂ ਉਸਨੂੰ ਕਿਹਾ ਕਿ ਮੈਂ ਦੇਰ ਰਾਤ ਤੱਕ ਕਹਾਣੀ ਲਿਖਦਾ ਰਹਿੰਦਾ ਹਾਂ ਤਾਂ ਉਹ ਮੇਰੇ ਵੱਲ ਖਿੱਚੀ ਗਈ ਤੇ ਜਦੋਂ ਮੈਂ ਉਸਨੂੰ ਅਪਣੀਆਂ ਕੁਝ ਕਹਾਣੀਆਂ ਪੜ੍ਹਨ ਨੂੰ ਦਿੱਤੀਆਂ ਤਾਂ ਉਸਨੇ ਕਿਹਾ ਕਿ ਇਹਨਾਂ ਵਿੱਚੋਂ ਕੋਈ ਵੀ ਮੇਰੇ ਖ਼ੁਦ ਦੇ ਅਨੁਭਵ ਦੇ ਘੇਰੇ ਨਾਲ਼ ਜੁੜੀਆਂ ਹੋਈਆ ਨਹੀਂੰ ਸਨ। ਮੈਂ ਉਸਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਪਣੇ ਅਨੁਭਵ ਦੇ ਘੇਰਿਆਂ ਨੂੰ ਜਾਨਣ ਦਾ ਨਾਂ ਤਾਂ ਮੈਂ ਕੋਈ ਤਰੀਕਾ ਜਾਣਦਾ ਹਾਂ ਤੇ ਨਾਂ ਹੀ ਮੇਰੀ ਇੰਨੀ ਯੋਗਤਾ ਹੈ। ਤਾਂ ਉਸ ਔਰਤ ਨੇ ਪਹਿਲਾਂ ਤਾਂ ਮੇਰੀ ਭੁੱਖ ਜਗਾਉਣ ਦੇ ਲਈ ਇੱਕ ਦੋ ਛੋਟੀਆਂ-ਛੋਟੀਆਂ ਰਚਨਾਵਾਂ ਦਿੱਤੀਆਂ ਤੇ ਫਿਰ ਉਸ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਇੱਕ ਕਿਤਾਬ।

ਮੈਨੂੰ ਇਸ ਕਿਤਾਬ ਦਾ ਨਾਂਅ ਚੰਗਾ ਨਹੀਂ ਲੱਗਿਆ । ਨਾਂਅ ਮੈਨੂੰ ਬੇਇੱਜ਼ਤ ਕਰਦਾ ਰਹਿੰਦਾ ਸੀ। ਭਾਵੇਂ ਮੇਰੀ ਉਮਰ ਸਤਾਰਾਂ ਸਾਲ ਦੀ ਸੀ ਪਰ ਆਪਣੀ ਰੋਜ਼ੀ-ਰੋਟੀ ਕਮਾਉਂਦਿਆਂ ਤੇ ਆਪਣੀ ਹੋਂਦ ਦੇ ਲੜੀ ਲੜਦਿਆਂ ਹੋਇਆਂ ਖ਼ੂਨ, ਔਕੜਾਂ ਤੇ ਗਾਲ੍ਹੀ ਗਲੋਚ ਦੇ ਜੰਗਲਾਂ ਦੀ ਜਹਾਲਤ ਦੇ ਨਾਲ਼ ਗੱਚ ਭਾਸ਼ਾ ਵਿੱਚ ਜ਼ਿੰਦਗੀ ਤੇ ਮਨੁੱਖੀ ਸ਼ਰੀਰ ਸਬੰਧੀ ਮੇਰੀ ਜਾਣਕਾਰੀ ਭਾਵੇਂ ਇੱਕ ਪਾਸੜ ਸੀ ਪਰ ਵਿਸ਼ਾਲ ਸੀ। ਅਤੇ ਮੈਨੂੰ ਹੈਰਾਨੀ ਸੀ ਕਿ  ”ਬੁੱਧੀਮਾਨ ਔਰਤਾਂ” ਲਈ ਲਿਖੀ ਇਸ ਕਿਤਾਬ ਤੋਂ ਮੈਂ ਕੀ ਸਿੱਖ ਸਕਾਂਗਾ।

ਉਸੇ ਰਾਤ ਮੈਂ ਸਿੱਖਿਆ। ਰਸੋਈ ਵਿੱਚ ਪਏ ਖਾਣੇ ਦਾ ਮੇਜ਼ ਜਿਹੜਾ ਸਾਡੇ ਪਰਿਵਾਰ ਦਾ ਕੇਂਦਰ ਸੀ, ਉਸਦੇ ਇੱਕ ਪਾਸੇ ਬਹਿਕੇ ਮੈਂ ਕਿਤਾਬ ਪੜ੍ਹਨੀ ਸ਼ੁਰੂ ਕੀਤਾ, ਮੇਰੇ ਪਿਤਾ ਤੇ ਮੇਰੇ ਦੋਵੇਂ ਭਰਾ ਨਾਲ਼ ਬੈਠੇ ਊੰਂਘ ਰਹੇ ਸਨ, ਤੇ ਫਿਰ ਉਹ ਸੌਂ ਗਏ। ਤੇ ਮੈਂ ਪੜ੍ਹਦਾ ਰਿਹਾ ਤੇ ਅਸਮਾਨ ਵਿੱਚ ਸਵੇਰ ਦਾ ਪਹੁ-ਫੁਟਾਲਾ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆਂ ਹੀ ਨੱਚ ਰਹੀਂ ਹੋਵੇ ਤੇ ਪਹਿਲੀ ਵਾਰ ਮੇਰੀ ਜ਼ਿੰਦਗੀ ਵਿੱਚ ਛਾਈਆਂ ਮੂਰਖਤਾ ਦੀਆਂ ਕਾਲ਼ੀਆਂ ਘਟਾਵਾਂ ਨੂੰ ਤਰਕ ਦੀ ਰੌਸ਼ਨੀ ਦੂਰ ਕਰਨ ਲੱਗੀ ਤੇ ਮੈਂ ਸਮਝ ਰਿਹਾ ਸੀ ਕਿ ਮੈਂ ਕਿਹੋ ਜਿਹੀ ਜ਼ਿੰਦਗੀ ਜੀਅ ਰਿਹਾ ਸੀ। ਮੈਂ ਕਿੱਥੋਂ ਆਇਆ ਹਾਂ ਤੇ ਮੈਂ ਕਿੱਧਰ ਜਾ ਰਿਹਾ ਹਾਂ।

ਇਸ ਸਭ ਕਾਸੇ ਦੇ ਬਾਵਜੂਦ ਇਹ ਜਾਰਜ ਬਰਨਾਰਡ ਸ਼ਾਹ ਜਾਂ ਉਸ ਪਿਆਰੀ ਲਾਇਬ੍ਰੇਰੀ ਦੇ ਕਾਰਨ ਨਹੀਂ ਸੀ ਕਿ ”ਧਰਮ ਕਰਮ ਦਾ ਸਹੀ” ਨੂੰ  ਛੱੜਕੇ ਮੈਂ ਹਮੇਸ਼ਾ-ਹਮੇਸ਼ਾ ਦੇ ਲਈ ਜਮਾਤੀ ਲੁੱਟ ਤੇ ਜਮਾਤੀ ਅਨਿਆਂ ਦਾ ਦੁਸ਼ਮਣ ਬਣ ਗਿਆ। ਮੈਨੂੰ ਇਹ ਦੱਸਣ ਵਿੱਚ ਕਿ ਮੇਰੀ ਸਰੀਰਕ ਤੇ ਮਾਨਸਿਕ ਕਮਜ਼ੋਰੀ, ਮੇਰੀ ਸਰੀਰਕ ਤੇ ਮਾਨਸਿਕ ਭੁੱਖ, ਮੇਰੇ ਪਾਟੇ ਕੱਪੜੇ ਅਤੇ ਜੁੱਤੀਆਂ ਸਿਰਫ਼ ਮੇਰਾ ਹੀ ਨਿੱਜੀ ਦੁੱਖ ਨਹੀਂ ਹਨ। ਤੇ ਇਹ ਸਾਰਾ ਕੁਝ ਕਿਸੇ ਮਾੜੀ ਕਿਸਮਤ ਕਰਕੇ ਨਹੀਂ ਹੈ, ਸਗੋਂ ਇਹ ਕੀਮਤ ਹੈ ਉਸ ਸੱਚਾਈ ਦੀ ਕਿ ਮੈਂ ਆਧੁਨਿਕ ਇਤਿਹਾਸ ਵਿੱਚ ਮਿਹਨਤਕਸ਼ ਜਮਾਤ ਦੇ ਨਾਂਅ ਨਾਲ਼ ਬੁਲਾਈ ਜਾਣ ਵਾਲ਼ੀ ਜਮਾਤ ਦੇ ਨਾਲ਼ ਜੁੜਿਆ ਸਾਂ- ਇਸ ਸਭ ਕੁਝ ਲਈ ਉਹ ਹੀ ਜ਼ਿੰਮੇਵਾਰ ਨਹੀਂ ਸਨ-ਬਿਲਕੁਲ ਨਹੀਂ ਜਨਾਬ! ਕਿਸੇ ਦੀ ਆਸਥਾ ਨੂੰ ਬਦਲਣਾ, ਐਨਾ ਸੌਖਾ ਨਹੀਂ ਹੁੰਦਾ ; ਨਹੀਂ ਇਹ ਜ਼ਿੰਦਗੀ ਹੀ ਸੀ ਜਿਹਨੇ ਇਹ ‘ਤਬਦੀਲੀ’ ਕੀਤੀ ਅਤੇ ਮੇਰੇ ਪਿਆਰੇ ‘ਸ਼ਾਹ’ ਨੇ ਤਾਂ ਸਿਰਫ਼ ਮੂਰਖ਼ਤਾਪੂਰਨ ਨਫ਼ਰਤ ਅਤੇ ਸਾੜੇ ਨੂੰ ਸਿਆਣਪ, ਵਿਵੇਕ ਅਤੇ ਰਚਨਾ ਦੇ ਰਾਹ ਹੀ ਪਾ ਦਿੱਤਾ।

ਪਰ ਮੈਂ ਕਦੇ ਵੀ ਅਪਣੇ ਪਿਤਾ ਜੀ ਨੂੰ ਕਾਇਲ ਨਹੀਂ ਕਰ ਸਕਿਆ, ਮੇਰੇ ਪਿਤਾ ਜਿਹੜੇ ਮਜ਼ਬੂਤ ਸਨ, ਸਿਆਣੇ ਸਨ, ਠਰੱਮੇ ਵਾਲੇ ਸਨ ਜਿਹਨਾਂ ਦੇ ਹੱਥਾਂ ਵਿੱਚ ਜਿਵੇਂ ਮੰਨੋ ਕੋਈ ਜਾਦੂ ਸੀ। ਉਹਨਾਂ ਦਾ ਦਿਲ ਐਨਾ ਵੱਡਾ ਸੀ ਕੇ ਕਦੀ ਟੁੱਟ ਹੀ ਨਹੀਂ ਸੀ ਸਕਦਾ। ਜਿਹੜੇ ਵਿਲੱਖਣ ਰੂਪ ਵਿੱਚ ਮਜ਼ਦੂਰ ਜਮਾਤ ਦੀ ਸਰਵਉੱਚ ਕਿਰਤ(ਪੈਦਾਵਾਰ) ਸਨ। ਜਿਹੜੇ ਅਪਣੀ ਗ਼ਰੀਬੀ ਨੂੰ ਜਾਇਜ਼ ਮੰਨਣ ਲਈ ਹਮੇਸ਼ਾ ਹੀ ਅਪਣੇ-ਆਪ ਨੂੰ ਕਸੂਰਵਾਰ  ਮੰਨਦੇ ਸਨ। ਕਿੰਨੀ ਪੱਕੀ ਤਰ੍ਹਾਂ ਉਹਨਾਂ ਦੇ ਦਿਮਾਗ਼ ਵਿੱਚ ਇਹ ਬਿਠਾ ਦਿੱਤਾ ਗਿਆ ਸੀ ਕਿ ਜਿੱਤ ਸਿਰਫ਼ ਤਾਕਤਵਰ ਅਤੇ ਸਰਵੋਤਮ ਦੀ ਹੀ ਹੁੰਦੀ ਹੈ। ਐਨੀ ਜ਼ਿਆਦਾ ਡੂੰਘਾਈ ਨਾਲ਼ ਕਿ ਉਹ ਕਦੇ ਇਹ ਮੰਨ ਹੀ ਨਾ ਸਕੇ ਕਿ ਅਸੀਂ ਖ਼ੁਦ ਇਸ ਸੰਸਾਰ ਦੀਆਂ ਸਭ ਤੋਂ ਸਰਵੋਤਮ ਚੀਜ਼ਾਂ ਵਿੱਚੋਂ ਇੱਕ ਹਾਂ। ਉਹ ਸੋਚਦੇ ਸਨ ਕਿ ਸਿਰਫ਼ ਉਹ ਹੀ ਅਸਫ਼ਲ ਰਹੇ ਸਨ।

ਮੇਰਾ ਮੰਨਣਾ ਹੈ ਕਿ ਉਹ ਕਦੇ ਵੀ ਅਸਫ਼ਲ ਨਹੀਂ ਰਹੇ। ਮੇਰੇ ਸਾਹਮਣੇ ਉਹਨਾਂ ਨੇ ਇੱਕ ਮਿਹਨਤਕਸ਼ ਦੀ ਤਸਵੀਰ ਰੱਖੀ ਸੀ ਜਿਹੜੀ ਮੈਨੂੰ ਮਰਦੇ ਦਮ ਤੱਕ ਯਾਦ ਰਹੇਗੀ। ਪ੍ਰਬੰਧ ਤੇ ਉਹਦੇ ਅਰਥਾਂ ਨੂੰ ਲੈ ਕੇ ਸਾਡੇ ਵਿਚਕਾਰ ਚੱਲਣ ਵਾਲੀ ਲੰਮੀ , ਕੱਟੜ ਤੇ ਅਮੁੱਕ ਬਹਿਸ ਦਾ ਉਹਨਾਂ ਤੇ ਕਦੇ ਵੀ ਕੋਈ ਖਾਸ ਪ੍ਰਭਾਵ ਨਹੀਂ ਸੀ ਪਿਆ।

ਉਹ ਚਾਹੁੰਦੇ ਸਨ ਕਿ ਮੈਂ ਇੱਕ ਲੇਖਕ ਬਣਾ ਤੇ ਬਿਨਾਂ ਸ਼ੱਕ ਇਹ ਅਸਾਨ ਨਹੀਂ ਸੀ ਕਿ ਉਹਨਾਂ ਬਿਨਾਂ ਮੈਂ ਇੱਕ ਲੇਖਕ ਬਣ ਸਕਦਾ। ਉਹ, ਜਿਹੜੇ ਬੜੀ ਮੁਸ਼ਕਲ ਨਾਲ਼ ਲਿਖ ਪੜ੍ਹ ਸਕਦੇ ਸਨ, ਖਾਮੋਸ਼ੀ ਦੇ ਨਾਲ਼ ਹੈਰਾਨ ਪ੍ਰੇਸ਼ਾਨ ਹੁੰਦੇ ਹੋਏ ਮੇਰੇ ਕੋਲ ਬੈਠੇ ਰਹਿੰਦੇ ਅਤੇ ਮੈਂ ਕਹਾਣੀਆਂ ਲਿਖਦਾ ਰਹਿੰਦਾ ਸੀ। ਫ਼ਿਰ ਉਹਨਾਂ ਨੂੰ ਤੇ ਆਪਣੇ ਭਰਾਵਾਂ ਨੂੰ ਪੜ੍ਹਕੇ ਸੁਣਾਉਂਦਾ । ਉਹ ਬਹੁਤ ਹੀ ਕਮਜ਼ੋਰ ਕਹਾਣੀਆਂ ਹੁੰਦੀਆਂ ਸਨ। ਬਹੁਤ ਹੀ ਜ਼ਿਆਦਾ ਕਮਜ਼ੋਰ, ਪਰ ਫ਼ਿਰ ਵੀ ਇਸ ਸਾਰੇ ਕੁਝ ਦੇ ਬਾਵਜੂਦ ਜੇ ਮੈਂ ਲੇਖਕ ਬਣ ਸਕਿਆ ਤਾਂ ਇਹਦਾ ਇੱਕੋ-ਇੱਕ ਕਾਰਨ ਇਹ ਹੈ। ਉਹ ਤਿੰਨ ਜਣੇ, ਜਿਹੜੇ ਹਰ ਰਾਤ ਨੂੰ ਮੇਰੀਆਂ ਕਹਾਣੇਆਂ ਸੁਣਦੇ ਹੁੰਦੇ ਸਨ, ਜਾਣਦੇ ਸਨ ਇਹ ਕਹਾਣੀਆਂ ਬੁਰੀਆਂ ਨਹੀਂ ਹਨ। ਸਗੋਂ ਚਮਤਕਾਰ ਹਨ, ਕਿਉਂਕਿ ਸ਼ਬਦ ਆਖ਼ਰ ਲਿਖੇ ਤਾਂ ਗਏ ਹਨ। ਇੰਝ ਨਹੀਂ ਸੀ ਕਿ ਮੇਰੇ ਪਿਤਾ ਜੀ ਦਾ ਸਾਹਿਤ ਨੂੰ ਦੇਖਣ ਦਾ ਨਜ਼ਰੀਆ ਕਮਜ਼ੋਰ ਰਿਹਾ ਸੀ, ਇਹਦੇ ਉਲਟ ਉਹਨਾਂ ਵੱਲੋਂ ਕੀਤੀ ਗਈ ਆਲੋਚਨਾ ਕਾਫ਼ੀ ਗਹਿਰੀ ਹੁੰਦੀ ਸੀ।

ਉਹਨਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਮੇਰਾ ‘ਦ ਲਾਸਟ ਫਲੰਟੀਅਰ’ ਨਾਮੀ ਨਾਵਲ ਪ੍ਰਕਾਸ਼ਿਤ ਹੋਇਆ । ਇਸਨੂੰ ਮੇਰੇ ਪਿਤਾ ਜੀ ਦੇ ਨਾਂਅ ਸਮਰਪਿਤ ਕਰਦਿਆਂ, ਮੈਂ ਲਿਖਿਆ ਸੀ, ”ਮੇਰੇ ਪਿਤਾ ਜੀ ਨੂੰ ਜਿਹਨਾਂ ਨੇ ਨਾ ਸਿਰਫ਼ ਮੈਨੂੰ ਭਵਿੱਖ ਦੇ ਅਮਰੀਕਾ ਨਾਲ਼ ਪਿਆਰ ਕਰਨਾ ਸਿਖਾਇਆ ਸਗੋਂ ਉਸ ਤੋਂ  ਵੀ ਵੱਧ ਜਿਹੜਾ ਹਾਲੇ ਭਵਿੱਖ ਦੇ ਗਰਭ ਵਿੱਚ ਹੈ।” ਮੇਰੇ ਪਿਤਾ ਇਸ ਵੇਲੇ ਤੱੱਕ ਕਾਫ਼ੀ ਬਜੁਰਗ ਹੋ ਚੁੱਕੇ ਸਨ। ਤੇ ਅਪਣੀ ਉਮਰ ਨਾਲੋਂ ਤਾਂ ਵੱਡੇ ਉਹ ਪਹਿਲਾਂ ਹੀ ਦਿਖਾਈ ਦਿੰਦੇ ਸਨ। ਪਰ ਹੁਣ ਉਹ ਥੱਕੇ ਹੋਏ ਸਨ ਤੇ ਅਕਸਰ ਬਿਮਾਰ ਰਹਿੰਦੇ ਸਨ। ਮੈਂ ਜੋ ਕੁਝ ਵੀ ਲਿਖਿਆ ਸੀ ਇਸ ਨਾਲ਼ ਉਹਨਾਂ ਨੂੰ ਖੁਸ਼ੀ ਤਾਂ ਹੋਈ ਪਰ ਹੈਰਾਨੀ ਵੀ ਕਿ ਆਖ਼ਰ ਇਸ ਤੋਂ ਮੇਰਾ ਮਤਲਬ ਕੀ ਹੈ? ਕਿਉਂਕਿ ਖ਼ੁਦ ਉਹਨਾਂ ਦੇ ਅਨੁਸਾਰ ਭਵਿੱਖਤ ਅਮਰੀਕਾ ਦੀ ਤਾਂ ਉਹਨਾਂ ਨੂੰ ਬਹੁਤ ਹੀ ਘੱਟ ਜਾਣਕਾਰੀ ਸੀ ਤੇ ਆਉਣ ਵਾਲੇ ਅਮਰੀਕਾ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਰਹਿੰਦੇ ਸਨ।

ਮੈਂ ਉਹਨਾਂ ਨੂੰ ਕਦੇ ਵੀ ਨਹੀਂ ਸਮਝਾ ਸਕਿਆ ਕਿ ਉਹ ਭਵਿੱਖ ਦੇ ਅਮਰੀਕਾ ਹਨ। ਗੁੱਸੇ ਤੇ ਰੋਗ ਦੇ ਇਹਨਾਂ ਸਾਰੇ ਸਾਲਾਂ ਵਿੱਚ ਮੇਰੇ ਲਈ ਸਭ ਤੋਂ ਨਫ਼ਰਤ ਦਾ ਕਾਰਨ ਇਹੋ ਸੀ ਕਿ ਉਹਨਾ ਵਰਗੀ ਸ਼ਾਨਦਾਰ ਸ਼ਖਸ਼ੀਅਤ ਦੇ ਮਾਲਕ ਮਨੁੱਖ ਨੂੰ ਉਸ ਸਭ ਤੋਂ ਵੱਧ ਬਹੁਮੁੱਲੇ ਹੱਕ ਤੋਂ ਵਾਂਝਿਆਂ ਕਰ ਦਿੱਤਾ ਗਿਆ ਸੀ : ਉਸ ਗੌਰਵ ਨਾਲ਼ ਤੇ ਉਸ ਗਿਆਨ ਨਾਲ਼ ਕਿ ਭਵਿੱਖ ਵਿੱਚ ਜਿਹੜਾ ਕੁਝ ਸਭ ਤੋਂ ਵੱਧ ਮੁਸ਼ਕਿਲ ਸੀ ਤੇ ਜੋ ਕੁਝ ਸਭ ਤੋਂ ਸੱਚਾ ਸੀ, ਉਸਨੂੰ ਉਹਨਾਂ ਵਰਗੇ ਲੱਖਾਂ ਲੋਕਾਂ ਦੀਆਂ ਪੀੜ੍ਹੀਆਂ ਨੇ ਅਪਣੇ ਮਜ਼ਬੂਤ ਹੱਥਾਂ ਨਾਲ਼ ਖੜ੍ਹਾ ਕੀਤਾ ਸੀ।

ਅਨੁਵਾਦ : ਗਗਨ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements