ਮੈਨੂੰ ਪਤਾ ਨਹੀਂ •ਪੇਰ੍ਮ ਅਮਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਨੂੰ ਪਤਾ ਨਹੀਂ
ਭਾਗਵੰਤੀ ਦੀ ਛਾਬੇ ‘ਚ ਪਈਆਂ ਰੋਟੀਆਂ
ਗਿਣਨ ਦੀ ‘ਭੈੜੀ’ ਆਦਤ
ਕਦੋਂ ਹਟੇਗੀ
ਨਿੱਕੀ ਨੂੰ ਦੋ
ਵੱਡੀ ਨੂੰ ਢਾਈ
ਕਾਕੇ ਨੂੰ ਡੇਢ
ਮੈਨੂੰ ਪੂਰੀਆਂ ਚਾਰ
ਤੇ ਆਪਣੇ ਆਪ ਨੂੰ?
ਇਹ ਕਿਹੋ ਜਿਹਾ ਨਵਾਂ ਯੁੱਗ ਹੈ ਦੋਸਤੋ!
ਕਿ ਹੁਣ ਤੇ
ਆਲੂ, ਗੋਭੀ, ਟਮਾਟਰ ਵਰਗੀਆਂ ਸਧਾਰਣ ਜਿਹੀਆਂ ਚੀਜ਼ਾਂ ਵੀ
ਜੰਮਣ ਸਾਰ ਹੀ
ਕੋਲਡ ਸਟੋਰਾਂ ਵੱਲ ਨੂੰ
ਸ਼ੂਟ ਵੱਟ ਲੈਂਦੀਆਂ ਹਨ
ਤੇ ਮੁੜ ਆਕੇ
ਹੱਟੀਆਂ ‘ਤੇ ਸਜੀਆਂ
ਸਾਡੇ ਵਰਗਿਆਂ ਭਾਅ ਪੁੱੱਛਣ ਗਿਆਂ ਨੂੰ
ਸਾਡੀ ਔਕਾਤ ਪੁੱਛਣ ਲੱਗ ਪੈਂਦੀਆਂ ਹਨ

ਸਿੰਘ ਸਭਾ ਗੁਰਦੁਵਾਰੇ ‘ਚ
ਲੰਗਰ ਨੂੰ ਉਡੀਕ ਰਹੀ
ਭੁੱਖੇ ਮਜ਼ਦੂਰਾਂ ਦੀ ਲੰਬੀ ਕਤਾਰ
ਦੋ-ਦੋ ਰੋਟੀਆਂ ਮਿਲਣ ‘ਤੇ
‘ਲੰਗਰ ਮਸਤਾਨਾ ਹੋ ਗਿਆ ਹੈ ਸਾਧ ਸੰਗਤ ਜੀ’
ਇਹ ਅਵਾਜ਼ ਸੁਣਕੇ
ਮੱਖੀਆਂ ਵਾਂਗ ਭਿਨਭਿਣਾਉਂਦੀ
ਬਾਹਰ ਆਉਂਦੀ
ਖ਼ਬਰੇ ਕੀ ਸੋਚਦੀ ਹੋਵੇਗੀ
ਗਵਾਂਡੀਆਂ ਦੀ ਨਿੱਕੀ ਜਿਹੀ ਗੁੱਡੋ ਦੇ
ਚਾਹ ਨੂੰ ਰੱਖੇ ਦੋ ਛਟਾਂਕੀ ਦੁੱਧ ਪੀਣ ਦੇ ਜੁਰਮ ਬਦਲੇ
ਮਾਂ ਦੇ ਵੱਲੋਂ ਪਿਆ ਥੱਪੜ
ਜੇ ਪਤਾ ਹੋਵੇ ਦੱਸਣਾ
ਹੋਰ ਕਿਸ ਕਿਸ ਦੇ ਸੀ
ਮੇਰੇ?
ਜੋ ਅਕਸਰ ਵਾਪਰਦੇ
ਅਜਿਹੇ ਦ੍ਰਿਸ਼ ਦੇਖਣ ਦਾ ਆਦੀ ਹੈ
“ਗਰੀਬੀ ਹਟਾਉਣ” ਵਾਲ਼ੇ ਨੇਤਾਵਾਂ ਦੇ?
ਜਾਂ ਫਿਰ ਸਾਡੇ…?
ਨਹਿਰੂ ਪਾਰਕ ਦੇ ਥੜੇ ਉੱਤੇ
ਲੰਗੋਟੀ ਤੇ ਸੋਟੀ ਵਾਲੇ ਮਦਾਰੀ ਦਾ
ਆਕੜਿਆ ਹੋਇਆ ਖੜਾ ਬੁੱਤ
ਭੁੱਖੇ ਮਰਦੇ
ਤੇ ਜ਼ਿਬ੍ਹਾ ਹੋ ਰਹੇ ਲੋਕਾਂ ਨੂੰ
ਪਤਾ ਨਹੀਂ ਕਿਉਂ
ਅਜੇ ਵੀ
ਸ਼ਾਂਤੀ ਦਾ ਉਪਦੇਸ਼ ਦੇਂਦਾ ਲੱਗਦਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements