ਮਜ਼ਦੂਰਾਂ ਦੀਆਂ ਲਾਸ਼ਾਂ ਦੇ ਢੇਰ ‘ਤੇ ਬਣੇ ਸਟੇਡੀਅਮਾਂ ‘ਚ ਹੋਵੇਗਾ ਫੁੱਟਬਾਲ ਵਰਡਲ ਕੱਪ-2022 •ਰਣਬੀਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਸੰਸਾਰ ‘ਚ ਫੁੱਟਬਾਲ ਦੀ ਖੇਡ ਲੋਕ ਬੜੇ ਚਾਅ ਨਾਲ਼ ਵੇਖਦੇ ਹਨ। ਵਰਲਡ ਕੱਪ ਦੀ ਤਾਂ ਲੋਕਾਂ ਨੂੰ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ। ਸੰਨ 2022 ਦਾ ਫੁੱਟਬਾਲ ਵਰਲਡ ਕੱਪ ਕਤਰ ਵਿੱਚ ਹੋਣ ਜਾ ਰਿਹਾ ਹੈ। ਇਸ ਨਾਲ਼ ਸਬੰਧਤ ਆਲੀਸ਼ਾਨ ਏ.ਸੀ. ਸਟੇਡੀਅਮ ਅਤੇ ਹੋਰ ਇਮਾਰਤਾਂ, ਸੜਕਾਂ ਦੀ ਉਸਾਰੀ ਜੰਗੀ ਪੱਧਰ ਉੱਤੇ ਚੱਲ ਰਹੀ ਹੈ। ਇੰਟਰਨੈਟ ‘ਤੇ ਆਲੀਸ਼ਾਨ ਸਟੇਡੀਅਮ ਦੀਆਂ ਤਸਵੀਰਾਂ ਵੇਖ ਕੇ ਬੰਦਾ ਵਾਹ-ਵਾਹ ਕਰ ਉੱਠਦਾ ਹੈ। ਫੁੱਟਬਾਲ ਪ੍ਰੇਮੀਆਂ ਦੀ ਇੱਥੇ ਹੋਣ ਵਾਲ਼ੇ ਵਰਲਡ ਕੱਪ ਦੀ ਉਡੀਕ ਦਾ ਬੇਸਬਰਾਪਣ ਹੋਰ ਵਧ ਜਾਂਦਾ ਹੈ। ਪਰ ਇਸ ਦਿਲਕਸ਼ ਖੇਡ ਦੇ ਸੰਸਾਰ ਪੱਧਰੀ ਮੁਕਾਬਲੇ ਲਈ ਮਜ਼ਦੂਰਾਂ ਨੂੰ ਜੋ ਕੀਮਤ ਚੁਕਾਉਣੀ ਪੈ ਰਹੀ ਹੈ ਉਸਦੀ ਤਸਵੀਰ ਬਹੁਤ ਭਿਆਨਕ ਹੈ।

ਕਤਰ ਨੂੰ ਸੰਨ 2010 ਵਿੱਚ ਇਸ ਸੰਸਾਰ ਪੱਧਰੀ ਫੁੱਟਬਾਲ ਮੁਕਾਬਲੇ ਦੀ ਮੇਜ਼ਬਾਨੀ ਮਿਲ਼ੀ ਸੀ। ਕਤਰ ਦੇ ਸੱਤ ਸ਼ਹਿਰਾਂ ਵਿੱਚ 12 ਸਟੇਡੀਅਮਾਂ ਵਿੱਚ ਮੈਚ ਹੋਣਗੇ। ਇਹਨਾਂ ਵਿੱਚ 9 ਸਟੇਡੀਅਮ ਨਵੇਂ ਬਣਾਏ ਜਾ ਰਹੇ ਹਨ ਅਤੇ 3 ਨੂੰ ਨਵੇਂ ਤਰੀਕੇ ਨਾਲ਼ ਮੁੜ ਤੋਂ ਬਣਾਇਆ ਜਾ ਰਿਹਾ ਹੈ। ਵਰਲਡ ਕੱਪ ਕਰਕੇ ਇੱਥੇ ਵੱਡੀ ਪੱਧਰ ਉੱਤੇ ਹੋਟਲ, ਰੈਸਟੋਰੈਂਟ, ਸੜ੍ਹਕਾਂ ਆਦਿ ਦੀ ਉਸਾਰੀ ਹੋ ਰਹੀ ਹੈ। ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਹਜ਼ਾਰਾਂ ਮਜ਼ਦੂਰ ਲੱਗੇ ਹੋਏ ਹਨ। ਅਨੇਕਾਂ ਰਿਪੋਰਟਾਂ ਜਾਰੀ ਹੋਈਆਂ ਹਨ ਜਿਹਨਾਂ ਤੋਂ ਪਤਾ ਲੱਗਦਾ ਹੈ ਕਿ ਮਜ਼ਦੂਰਾਂ ਨੂੰ ਬੁਨਿਆਦੀ ਮਨੁੱਖੀ ਹੱਕਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ। ਇਹਨਾਂ ‘ਚੋਂ ਜ਼ਿਆਦਾਤਰ ਮਜ਼ਦੂਰ ਹੋਰ ਦੇਸ਼ਾਂ ਤੋਂ ਹਨ। ਹਾਲਤਾਂ ਏਨੀਆਂ ਭਿਆਨਕ ਹਨ ਕਿ ਇੱਕ ਰਿਪੋਰਟ ਮੁਤਾਬਿਕ 2011-13 ਦੇ ਤਿੰਨ ਸਾਲਾਂ ਦੌਰਾਨ ਇਸ ਕੰਮ ਵਿੱਚ ਲੱਗੇ 1800 ਭਾਰਤੀ, ਨੇਪਾਲੀ ਤੇ ਬੰਗਲਾਦੇਸ਼ੀ ਮਜ਼ਦੂਰ ਮਾਰੇ ਜਾ ਚੁੱਕੇ ਹਨ।

ਪ੍ਰਵਾਸੀ ਮਜ਼ਦੂਰਾਂ ਨੂੰ ਕੈਦੀਆਂ ਵਾਂਗ ਰੱਖਿਆ ਜਾ ਰਿਹਾ ਹੈ। ਉਹਨਾਂ ਨੂੰ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਨਾ ਪੈਂਦਾ ਹੈ। ਕੀਤੇ ਕੰਮ ਦੇ ਕਈ-ਕਈ ਮਹੀਨੇ ਪੈਸੇ ਨਾ ਦੇਣਾ, ਤਨਖਾਹ ‘ਚੋਂ ਕਟੌਤੀ ਕਰਨਾ, ਕੁੱਟਮਾਰ ਕਰਨੀ, ਭੁੱਖੇ ਰੱਖਣਾ ਆਮ ਗੱਲ ਹੈ। ਉਹਨਾਂ ਨੂੰ ਬੇਹੱਦ ਗੰਦੀਆਂ ਥਾਵਾਂ ਉੱਤੇ ਰਹਿਣਾ ਪੈਂਦਾ ਹੈ। ਸਖਤ ਗਰਮੀ ਵਿੱਚ ਲੱਕ ਤੋੜ ਮਿਹਨਤ ਕਰਵਾਈ ਜਾਂਦੀ ਹੈ। ਕੰਮ ਦੌਰਾਨ ਹਾਦਸਿਆਂ ਤੋਂ ਬਚਾਅ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਬਿਨਾਂ ਆਗਿਆ ਤੋਂ ਉਹ ਇਹ ਦੇਸ਼ ਛੱਡ ਨਹੀਂ ਸਕਦੇ। ਉਹਨਾਂ ਦੇ ਪਾਸਪੋਰਟ ਤੇ ਹੋਰ ਕਾਗਜ਼ਾਪੱਤਰ ਖੋਹ ਲਏ ਜਾਂਦੇ ਹਨ। ਉਹ ਕੰਮ ਵੀ ਨਹੀਂ ਬਦਲ ਸਕਦੇ। ਇਹਨਾਂ ਭੈੜੀਆਂ ਹਾਲਤਾਂ ਦਾ ਸ਼ਿਕਾਰ ਨੌਜਵਾਨ ਮਜ਼ਦੂਰਾਂ ਨੂੰ ਬੇਵਕਤ ਮੌਤ ਮਰਨਾ ਪੈ ਰਿਹਾ ਹੈ। ਸਟੇਡੀਅਮਾਂ ਦੀ ਉਸਾਰੀ ਵਿੱਚ ਇਸ ਵਕਤ ਚਾਰ ਹਜ਼ਾਰ ਮਜ਼ਦੂਰ ਲੱਗੇ ਹੋਏ ਹਨ। ਫੁੱਟਬਾਲ ਖੇਡ ਦੀ ਕੌਮਾਂਤਰੀ ਸੰਸਥਾ ਫਿਫਾ ਮੁਤਾਬਿਕ 2017 ਵਿੱਚ ਇਹ ਗਿਣਤੀ 36,000 ਨੂੰ ਟੱਪ ਜਾਵੇਗੀ। ਉਸ ਵਕਤ ਕੀ ਹਾਲਤ ਬਣੇਗੀ ਇਹ ਸੋਚ ਕੇ ਕੰਬਣੀ ਛਿੜ ਜਾਂਦੀ ਹੈ।

ਬੀ.ਬੀ.ਸੀ., ਗਾਰਡੀਅਨ ਜਿਹੇ ਅਖ਼ਬਾਰਾਂ, ਮਨੁੱਖੀ ਹੱਕਾਂ ਸਬੰਧੀ ਸੰਸਥਾ ‘ਐਮਨੇਸਟੀ ਇੰਟਰਨੈਸ਼ਨਲ’ ਆਦਿ ਵੱਲੋਂ ਕਤਰ ਵਿੱਚ ਮਜ਼ਦੂਰਾਂ ਦੀਆਂ ਹਾਲਤਾਂ ਬਾਰੇ ਰਿਪੋਰਟਾਂ ਜਾਰੀ ਹੋਈਆਂ ਹਨ। ਕਤਰ ਦੀ ਹਾਕਮ ਧਿਰ ਲਗਾਤਾਰ ਇਹਨਾਂ ਰਿਪੋਰਟਾਂ ਨੂੰ ਝੂਠਾ ਐਲਾਨਦੀ ਰਹੀ ਹੈ ਅਤੇ ਕਹਿੰਦੀ ਰਹੀ ਹੈ ਕਿ ਮਜ਼ਦੂਰਾਂ ਦੀਆਂ ਹਾਲਤਾਂ ਉੱਥੇ ਚੰਗੀਆਂ ਹਨ। ਸਰਮਾਏਦਾਰਾ ਹਾਕਮਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ? ਮਜ਼ਦੂਰਾਂ ਦੀਆਂ ਸਮੱਸਿਆਵਾਂ ਪ੍ਰਤੀ ਬੇਰੁਖੀ ਹੀ ਨਹੀਂ ਸਗੋਂ ਸੋਚ-ਸਮਝ ਕੇ ਉਹਨਾਂ ਦੀ ਲੁੱਟ-ਖਸੁੱਟ ਨੂੰ ਤਿੱਖਾ ਕਰਨਾ ਹੀ ਸਰਮਾਏਦਾਰਾ ਹਾਕਮਾਂ ਦਾ ਕਿਰਦਾਰ ਹੈ।  

ਇਸ ਸਬੰਧੀ ਭਾਰਤ ਦੀ ਸਰਕਾਰ ਦਾ ਰਵੱਈਆ ਬਹੁਤ ਮਾੜਾ ਰਿਹਾ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਾਰੇ ਜਾ ਰਹੇ ਭਾਰਤੀ ਮਜ਼ਦੂਰਾਂ ਦੀ ਗਿਣਤੀ ਕੋਈ ਵੱਡੀ ਨਹੀਂ ਹੈ। ਸਾਡੇ ਦੇਸ਼ ਵਿੱਚ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਦੀ ਭਿਆਨਕ ਜਿੰਦਗੀ ਜਿਉਣੀ ਪੈਂਦੀ ਹੈ ਉਸਦੀਆਂ ਦੋਸ਼ੀ ਇੱਥੋਂ ਦੀਆਂ ਸਰਕਾਰਾਂ ਹੀ ਹਨ। ਇਸ ਲਈ ਦੂਜੇ ਦੇਸ਼ਾਂ ਵਿੱਚ ਗਏ ਮਜ਼ਦੂਰਾਂ ਦੀਆਂ ਭਿਆਨਕ ਸਮੱਸਿਆਵਾਂ ਨਾਲ਼ ਭਾਰਤੀ ਸਰਕਾਰਾਂ ਦਾ ਕੋਈ ਸਰੋਕਾਰ ਨਾ ਹੋਣਾ ਕੋਈ ਹੈਰਾਨੀਜਨਕ ਗੱਲ ਨਹੀਂ ਹੈ।

ਕਤਰ ‘ਚ ਹੋਣ ਜਾ ਰਹੇ ਫੁੱਟਬਾਲ ਵਰਲਡ ਕੱਪ ਤੋਂ ਦੇਸ਼ੀ-ਵਿਦੇਸ਼ੀ ਕੰਪਨੀਆਂ, ਹਾਕਮਾਂ, ਖਿਡਾਰੀਆਂ ਆਦਿ ਨੇ ਅਰਬਾਂ ਡਾਲਰਾਂ ਦੀ ਕਮਾਈ ਕਰਨੀ ਹੈ। ਇਸ ਕਮਾਈ ਦਾ ਸ੍ਰੋਤ ਮਜ਼ਦੂਰਾਂ ਦੀ ਕਿਰਤ ਦੀ ਭਿਆਨਕ ਲੁੱਟ ਹੈ। ਜਿੰਨੀ ਤਿੱਖੀ ਲੁੱਟ ਹੋਵੇਗੀ ਓਨੀ ਹੀ ਵਧੇਰੀ ਕਮਾਈ ਹੋਵੇਗੀ। ਫੁੱਟਬਾਲ ਦੀ ਖੇਡ ਬਹਾਨੇ ਮੁਨਾਫੇ ਕਮਾਉਣ ਲਈ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਨਾਲ਼ ਖਿਲਵਾੜ ਕੀਤਾ ਜਾ ਰਿਹਾ ਹੈ। ਕੋਈ ਅਤਿਕਥਨੀ ਨਹੀਂ ਕਿ ਫੁੱਟਬਾਲ ਵਰਡਲ ਕੱਪ-2022 ਮਜ਼ਦੂਰਾਂ ਦੀਆਂ ਲਾਸ਼ਾਂ ਦੇ ਢੇਰ ‘ਤੇ ਬਣੇ ਸਟੇਡੀਅਮਾਂ ‘ਚ ਹੋਣ ਜਾ ਰਿਹਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements