ਮਜ਼ਦੂਰ ਵਿਰੋਧੀ ਆਰਥਿਕ ਸੁਧਾਰਾਂ ਖਿਲਾਫ਼ ਰੋਸ : ਬ੍ਰਾਜੀਲ ਦੇ ਕਰੋੜਾਂ ਮਜ਼ਦੂਰ ਸੜਕਾਂ ‘ਤੇ ਉੱਤਰੇ •ਰਣਬੀਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਾਰਚ ਦੇ ਦੂਜੇ ਹਫ਼ਤੇ ਖ਼ਬਰ ਆਈ ਸੀ ਕਿ ਬ੍ਰਾਜੀਲ ਦੇ ਰਾਸ਼ਟਰਪਤੀ ਮਾਈਕਲ ਟੇਮੇਰ ਨੇ ”ਭੂਤਾਂ” ਦੇ ਡਰੋਂ ਐਲਵੋਰੇਡ ਪੈਲੇਸ (ਰਾਸ਼ਟਰਪਤੀ ਲਈ ਸਰਕਾਰੀ ਘਰ) ਛੱਡ ਦਿੱਤਾ ਹੈ। ”ਬੁਰੀਆਂ ਆਤਮਾਵਾਂ” ਭਜਾਉਣ ਲਈ ਪਾਦਰੀ ਬੁਲਾਏ ਗਏ ਪਰ ਕੋਈ ਫਾਇਦਾ ਨਹੀਂ ਹੋਇਆ। ਜਿਸ ਦਿਨ ਦਾ ਉਹ ਆਪਣੇ ਪਰਿਵਾਰ ਸਮੇਤ ਇਸ ਘਰ ਵਿੱਚ ਆਇਆ ਸੀ ਉਦੋਂ ਦਾ ਢੰਗ ਨਾਲ਼ ਸੌਂ ਨਹੀਂ ਸਕਿਆ ਸੀ। ਆਖਿਰ ਉਸਨੂੰ ਇਹ ਆਲੀਸ਼ਾਨ ਘਰ ਛੱਡਣਾ ਹੀ ਪਿਆ। ਪਰ ਲੱਗਦਾ ਨਹੀਂ ਕਿ ਉਸਨੂੰ ਸਕੂਨ ਮਿਲ਼ ਸਕੇਗਾ। ਸਰਮਾਏਦਾਰ ਜਮਾਤ ਦੇ ਇਸ ਕੱਟੜ ਸੇਵਕ ਨੂੰ ਬ੍ਰਾਜੀਲ ਦੀ ਮਜ਼ਦੂਰ ਜਮਾਤ ਚੈਨ ਦੀ ਨੀਂਦ ਨਹੀਂ ਸੌਣ ਦੇ ਰਹੀ। ਉਸਦੇ ਪਿੱਛੇ ਲੱਗੀਆਂ ”ਬੁਰੀਆਂ ਆਤਮਾਵਾਂ” ਤੋਂ ਤਾਂ ਸ਼ਾਇਦ ਕੋਈ ਪਾਦਰੀ ਪਿੱਛਾ ਛੁਡਾ ਵੀ ਦੇਵੇ ਪਰ ਮਜ਼ਦੂਰ ਲਹਿਰ ਉਸਦਾ ਪਿੱਛਾ ਛੱਡਣ ਵਾਲ਼ੀ ਨਹੀਂ।

ਬ੍ਰਾਜੀਲ ਦੇ ਅਰਥਚਾਰੇ ਉੱਤੇ ਮੰਦੀ ਦੀ ਕਾਲੀ ਘਟਾ ਛਾਈ ਹੈ। ਸਰਮਾਏਦਾਰ ਜਮਾਤ ਨੇ ਸਾਲ ਪਹਿਲਾਂ ਲੇਬਰ ਪਾਰਟੀ ਦੀ ਡਿਲਮਾ ਰੁਸੇਫ਼ ਤੋਂ ਸੱਤਾ ਖੋਹ ਕੇ ਮਾਈਕਲ ਟੇਮੇਰ ਨੂੰ ਸੌਂਪੀ ਸੀ ਤੇ ਸੋਚਿਆ ਸੀ ਕਿ ਉਹ ਮੰਦੀ ਦਾ ਭੂਤ ਛੂ-ਮੰਤਰ ਕਰ ਦੇਵੇਗਾ। ਟੇਮੇਰ ਨੇ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੋਏ ਵਾਅਦਾ ਕੀਤਾ ਸੀ ਕਿ ਅਰਥਚਾਰੇ ਨੂੰ ਮਜ਼ਬੂਤ ਕਰੇਗਾ। ਨਵਉਦਾਰਵਾਦੀ ਨੀਤੀਆਂ ਦਾ ਇਹ ਉਪਾਸਕ ਇਹ ਕੰਮ ਕਿਸ ਤਰਾਂ ਕਰੇਗਾ ਇਹ ਤਾਂ ਸ਼ੁਰੂ ਤੋਂ ਹੀ ਸਪੱਸ਼ਟ ਸੀ। ਪਿਛਲੇ ਇੱਕ ਸਾਲ ਵਿੱਚ ਉਸਦਾ ਲੋਕ ਵਿਰੋਧੀ ਕਿਰਦਾਰ ਲਗਾਤਾਰ ਜੱਗਜਾਹਿਰ ਹੁੰਦਾ ਗਿਆ ਹੈ। ਲੋਕਾਂ ਵਿੱਚ ਉਸਦੀਆਂ ਨੀਤੀਆਂ ਖਿਲਾਫ਼ ਰੋਸ ਲਗਾਤਾਰ ਵਧਦਾ ਗਿਆ ਹੈ।

28 ਅਪ੍ਰੈਲ 2017 ਨੂੰ ਬ੍ਰਾਜੀਲ ਵਿੱਚ ਇਸ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੜਤਾਲ ਹੋ ਕੇ ਹਟੀ ਹੈ। ਸਾਰੇ 26 ਸੂਬਿਆਂ ਅਤੇ ਫੈਡਰਲ ਜਿਲੇ ਵਿੱਚ ਹੋਈ ਹੜਤਾਲ ਵਿੱਚ ਸਾਢੇ ਤਿੰਨ ਕਰੋੜ ਮਜ਼ਦੂਰਾਂ ਨੇ ਹਿੱਸਾ ਲਿਆ ਹੈ। ਅਗਲੇ ਦਿਨਾਂ ‘ਚ ਵੀ ਜ਼ੋਰਦਾਰ ਮੁਜ਼ਾਹਰੇ ਹੋਏ ਹਨ। ਮਈ ਦਿਨ ‘ਤੇ ਵੱਡੇ ਆਯੋਜਨ ਕੀਤੇ ਗਏ। ਇਹਨਾਂ ਮੁਜਾਹਰਿਆਂ ਦੌਰਾਨ ਅਨੇਕਾਂ ਥਾਵਾਂ ਉੱਤੇ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿੱਚ ਤਿੱਖੀਆਂ ਝੜਪਾਂ ਹੋਈਆਂ ਹਨ। ਪੁਲਿਸ ਨੇ ਥਾਂ-ਥਾਂ ‘ਤੇ ਮੁਜ਼ਾਹਰੇ ਰੋਕਣ ਲਈ ਪੂਰੀ ਵਾਹ ਲਾਈ ਪਰ ਹੱਕਾਂ ਲਈ ਸੜਕਾਂ ‘ਤੇ ਉੱਤਰੇ ਮਜ਼ਦੂਰਾਂ ਸਾਹਮਣੇ ਪੁਲਿਸ ਦੀ ਇੱਕ ਨਾ ਚੱਲੀ। ਗੋਲੀਬਾਰੀ, ਹੰਝੂ ਗੈਸ, ਗ੍ਰਿਫਤਾਰੀਆਂ, ਬੈਰੀਕੇਡ – ਪੁਲਿਸ ਨੇ ਮਜ਼ਦੂਰਾਂ ਨੂੰ ਰੋਕਣ ਲਈ ਬਥੇਰਾ ਕੁੱਝ ਅਜ਼ਮਾਇਆ ਪਰ ਮਜ਼ਦੂਰਾਂ ਦਾ ਸੈਲਾਬ ਬੰਨ ਲਾਇਆਂ ਕਿੱਥੇ ਰੁਕਦਾ ਸੀ। ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਪੁਲਿਸ ਦੇ ਬੈਰੀਕੇਡ ਤੋੜ ਸੁੱਟੇ ਗਏ। ਪਿੰਡਾਂ ਵਿੱਚ ਟਰੈਕਟਰਾਂ ਨਾਲ਼ ਗਲੀਆਂ ਬੰਦ ਕਰ ਦਿੱਤੀਆਂ ਗਈਆਂ। ”ਭੂਤਾਂ” ਤੋਂ ਪਿੱਛਾ ਛੁਡਾਉਂਦਾ ਹੋਇਆ ਟੇਮੇਰ ਜਿਸ ਨਵੇਂ ਘਰ ਵਿੱਚ ਆਇਆ ਹੈ ਉੱਥੇ ਜ਼ੋਰਦਾਰ ਮੁਜਾਹਰਾ ਹੋਇਆ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜ਼ਬਰਦਸਤ ਪਥਰਾਅ ਰਾਹੀਂ ਜਵਾਬ ਦਿੱਤਾ ਗਿਆ।

ਇਸ ਹੜਤਾਲ ਵਿੱਚ ਸੱਨਅਤੀ ਮਜ਼ਦੂਰਾਂ, ਰੇਲ ਮਜ਼ਦੂਰਾਂ, ਬਸ ਡਰਾਈਵਰਾਂ, ਅਧਿਆਪਕਾਂ, ਸਰਕਾਰੀ ਮੁਲਾਜਮਾਂ, ਨੌਜਵਾਨਾਂ, ਆਦਿ ਤਬਕਿਆਂ ਨੇ ਸ਼ਮੂਲੀਅਤ ਕੀਤੀ ਹੈ। 3 ਮਈ ਨੂੰ ਜੇਲਾਂ ਵਿਚਲੇ ਕਾਮਿਆਂ ਨੇ ਨਿਆਂ ਮੰਤਰਾਲੇ ਦੀ ਇਮਾਰਤ ਉੱਤੇ ਕਬਜਾ ਕਰ ਲਿਆ।

ਟੇਮੇਰ ਸਰਕਾਰ ਪੈਨਸ਼ਨ ਪ੍ਰਣਾਲੀ ਅਤੇ ਕਿਰਤ ਕਨੂੰਨਾਂ ਵਿੱਚ ਭਾਰੀ ਮਜ਼ਦੂਰ ਵਿਰੋਧੀ ਬਦਲਾਅ ਕਰਨ ਜਾ ਰਹੀ ਹੈ। ਰਿਟਾਇਰਮੈਂਟ ਦੀ ਘੱਟੋ ਘੱਟ ਉਮਰ ਮਰਦਾਂ ਲਈ 65 ਸਾਲ ਅਤੇ ਔਰਤਾਂ ਲਈ 62 ਸਾਲ ਕੀਤੀ ਜਾ ਰਹੀ ਹੈ। ਪਹਿਲਾਂ ਇਹ ਔਰਤਾਂ ਲਈ 55 ਅਤੇ ਮਰਦਾਂ ਲਈ 60 ਸਾਲ ਸੀ। ਪੂਰੀ ਪੈਨਸ਼ਨ ਲਈ ਘੱਟੋ-ਘੱਟ ਕੰਮ ਸਮਾਂ 45 ਸਾਲ ਮਿਥਿਆ ਜਾ ਰਿਹਾ ਹੈ। ਪਹਿਲਾਂ ਇਹ ਸਮਾਂ ਸ਼ਹਿਰੀ ਮਜ਼ਦੂਰਾਂ ਲਈ 25 ਸਾਲ ਅਤੇ ਪੇਂਡੂ ਮਜ਼ਦੂਰਾਂ ਲਈ 15 ਸਾਲ ਸੀ। ਪੈਨਸ਼ਨ ਸੁਰੱਖਿਆ ਵਿੱਚ ਸਰਕਾਰ ਹੋਰ ਵੀ ਕਟੌਤੀਆਂ ਕਰਨਾ ਚਾਹੁੰਦੀ ਹੈ। ਪੈਨਸ਼ਨ ਪ੍ਰਣਾਲੀ ਵਿੱਚ ਅਜਿਹੀਆਂ ਪ੍ਰਸਤਾਵਿਤ ਤਬਦੀਲੀਆਂ ਨੇ ਮਜ਼ਦੂਰਾਂ ਨੂੰ ਰੋਹ ਨਾਲ਼ ਭਰ ਦਿੱਤਾ ਹੈ। ਟੇਮੇਰ ਦਾ ਇਹ ਵੀ ਪ੍ਰਸਤਾਵ ਹੈ ਕਿ ਸਰਕਾਰ ਦੇ ਜਨਤਕ ਖਰਚਿਆਂ ਨੂੰ 20 ਸਾਲਾਂ ਲਈ ਸਥਿਰ ਕਰ ਦਿੱਤਾ ਜਾਵੇ।

ਹੋਰ ਕਿਰਤ ਕਨੂੰਨਾਂ ਵਿੱਚ ਵੀ ਭਾਰੀ ਬਦਲਾਅ ਕੀਤੇ ਜਾ ਰਹੇ ਹਨ। ਮਾਲਕ-ਮਜ਼ਦੂਰ ਵਿਚਕਾਰ ਸਮਝੌਤਿਆਂ ਨੂੰ ਕਨੂੰਨਾਂ ਤੋਂ ਉੱਪਰ ਮਾਨਤਾ ਦਿੱਤੀ ਜਾ ਰਹੀ ਹੈ। ਇਸ ਨਾਲ਼ ਕੰਮ ਦੀਆਂ ਹਾਲਤਾਂ ਕਾਫ਼ੀ ਵਿਗੜ ਜਾਣਗੀਆਂ। ਮਾਲਕ ਮਜ਼ਦੂਰਾਂ ਉੱਤੇ ਆਪਣੀ ਮਰਜੀ ਥੋਪਣ ਵਿੱਚ ਹੋਰ ਵਧੇਰੇ ਸਮਰੱਥ ਹੋ ਜਾਣਗੇ। ਇਹ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ ਕਿ ਜੇਕਰ ਮਾਲਕ ਮਜ਼ਦੂਰ ਨਾਲ਼ ਆਪਣਾ ਕਰਾਰ ਤੋੜਦਾ ਹੈ ਤਾਂ ਮਜ਼ਦੂਰ ਨੂੰ ਕੋਈ ਮੁਆਵਜਾ ਨਹੀਂ ਮਿਲ਼ੇਗਾ। ਮਾਲਕ ਵੱਲੋਂ ਦੁਰਵਿਵਹਾਰ ਉੱਤੇ ਮਿਲ਼ਣ ਵਾਲ਼ੇ ਮੁਆਵਜੇ ਨੂੰ ਵੀ ਘਟਾਇਆ ਜਾ ਰਿਹਾ ਹੈ।

ਬ੍ਰਾਜੀਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਇਹ ਹੜਤਾਲ ਉਸ ਸਮੇਂ ਹੋਈ ਹੈ ਜਦੋਂ ਇੱਥੇ ਬੇਰੁਜ਼ਗਾਰੀ ਨੇ ਸਾਰੇ ਰਿਕਾਰਡ ਤੋੜ ਸੁੱਟੇ ਹਨ। ਇਸ ਸਮੇਂ ਇਸ ਦੇਸ਼ ਵਿੱਚ ਬੇਰੁਜ਼ਗਾਰੀ ਦਰ 13.7 ਫੀਸਦੀ ਹੋ ਚੁੱਕੀ ਹੈ। ਮਾਈਕਲ ਟੇਮੇਰ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਇਸ ਵਿੱਚ ਤੇਜ਼ ਵਾਧਾ ਹੋਇਆ ਹੈ। ਇੱਕ ਸਾਲ ਪਹਿਲਾਂ ਇਹ ਦਰ 11.7 ਫੀਸਦੀ ਸੀ। ਸਰਕਾਰ ਵਾਰ-ਵਾਰ ਇਹ ਝੂਠੇ ਦਾਅਵੇ ਕਰ ਰਹੀ ਹੈ ਕਿ ਇਸ ਵੱਲੋਂ ਕੀਤੇ ਜਾ ਰਹੇ ਆਰਥਿਕ ਸੁਧਾਰਾਂ ਨਾਲ਼ ਬੇਰੁਜ਼ਗਾਰੀ ਘਟੇਗੀ ਅਤੇ ਅਰਥਚਾਰੇ ਵਿੱਚ ਮਜ਼ਬੂਤੀ ਆਵੇਗੀ।

ਹੜਤਾਲ ਦੀ ਅਗਵਾਈ ਭਾਂਵੇਂ ਸਰਮਾਏਦਾਰਾ ਧੜਿਆਂ ਹੱਥ ਹੀ ਹੈ ਪਰ ਇਹ ਹੜਤਾਲ ਦਰਸਾਉਂਦੀ ਹੈ ਕਿ ਬ੍ਰਾਜੀਲ ਦੀ ਮਜ਼ਦੂਰ ਜਮਾਤ ਵਿੱਚ ਹਾਕਮਾਂ ਦੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਜ਼ੋਰਦਾਰ ਰੋਹ ਹੈ ਕਿਉਂਕਿ ਇਹ ਨੀਤੀਆਂ ਲੋਕ ਮਾਰੂ ਨੀਤੀਆਂ ਹਨ। ਭਾਰਤ ਵਿੱਚ ਵੀ ਮੋਦੀ ਸਰਕਾਰ ਇਸ ਸਮੇਂ ਨਵਉਦਾਰਵਾਦੀ ਨੀਤੀਆਂ ਨੂੰ ਅੱਗੇ ਵਧਾ ਰਹੀ ਹੈ। ਭਾਰਤ ਦੀ ਮਜ਼ਦੂਰ ਜਮਾਤ ਨੂੰ ਵੀ ਇਹਨਾਂ ਨੀਤੀਆਂ ਖਿਲਾਫ਼ ਆਪਣੇ ਬ੍ਰਾਜੀਲੀ ਹਮ-ਜਮਾਤੀਆਂ ਵਾਂਗ ਵੱਡੇ ਪੱਧਰ ਉੱਤੇ ਸੜਕਾਂ ਉੱਤੇ ਉੱਤਰਨਾ ਪਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

Advertisements