ਮਜ਼ਦੂਰ ਲਾਇਬ੍ਰੇਰੀ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 25 ਮਾਰਚ 2018 ਨੂੰ ‘ਟੈਕਸਟਾਇਲ ਹੌਜ਼ਰੀ ਕਾਮਗਾਰ’ ਯੂਨੀਅਨ ਵੱਲੋਂ ‘ਰੈਜੀਡੈਂਟ ਡਾਕਟਰਸ ਐਸੋਸੀਏਸ਼ਨ’ ਦੇ ਸਹਿਯੋਗ ਨਾਲ਼ ਮਜ਼ਦੂਰ ਲਾਇਬ੍ਰੇਰੀ ਈ.ਡਬਲਯੂ.ਐੱਸ. ਕਲੋਨੀ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਔਰਤਾਂ, ਬੱਚਿਆਂ, ਦੰਦਾਂ, ਹੱਡੀਆਂ, ਚਮੜੀ ਤੇ ਹੋਰ ਰੋਗਾਂ ਦੇ ਮਾਹਰ ਡਾਕਟਰ ਪਹੁੰਚੇ। ਕੈਂਪ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਭਗ 500 ਮਰੀਜ਼ਾਂ ਦਾ ਚੈਕਅਪ ਕੀਤਾ ਤੇ ਦਵਾਈ ਦਿੱਤੀ ਗਈ। ਇਨਾਂ ਵਿੱਚ ਵੱਡੀ ਗਿਣਤੀ ਮਰੀਜ਼ ਦੰਦਾਂ, ਚਮੜੀ, ਸਾਹ, ਦਸਤ, ਜੋੜਾਂ ਦੇ ਦਰਦ, ਪੇਟ, ਕੰਨ ਅਤੇ ਸਿਰ ਦਰਦ ਜਿਹੀਆਂ ਬਿਮਾਰੀਆਂ ਤੋਂ ਪੀੜਤ ਸੀ। ਔਰਤਾਂ ਤੇ ਬੱਚੇ ਕਮਜ਼ੋਰੀ, ਖੂਨ ਦੀ ਕਮੀ ਤੇ ਕੁਪੋਸ਼ਨ ਕਾਰਨ ਹੋਣ ਵਾਲ਼ੀਆਂ ਸਮੱਸਿਆਵਾਂ ਦੇ ਸ਼ਿਕਾਰ ਸਨ। ਈ.ਡਬਲਯੂ.ਐਸ. ਕਲੋਨੀ ਵਿੱਚ ਵੱਡੀ ਗਿਣਤੀ ਸੱਨਅਤੀ ਮਜ਼ਦੂਰ ਰਹਿੰਦੇ ਹਨ। ਬਾਕੀ ਮਜ਼ਦੂਰ ਬਸਤੀਆਂ ਦੀ ਤਰਾਂ ਇਹ ਕਲੋਨੀ ਵੀ ਸਰਕਾਰ ਦੀ ਅਣਗਹਿਲੀ ਝੱਲ ਰਹੀ ਹੈ। ਸੀਵਰੇਜ਼ ਨਿਕਾਸੀ ਦੀ ਹਾਲਤ ਖਸਤਾ ਹੈ, ਪੀਣ ਲਈ ਸਾਫ਼ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਕਮਰੇ ਛੋਟੇ-ਛੋਟੇ ਹਨ ਤੇ ਹਵਾਦਾਰ ਵੀ ਨਹੀਂ ਹੁੰਦੇ। ਛੂਤ ਦੀਆਂ ਬਿਮਾਰੀਆਂ ਵੀ ਤੇਜ਼ੀ ਨਾਲ਼ ਫ਼ੈਲਦੀਆਂ ਹਨ। ਗੰਦਗੀ ਭਰੀਆਂ ਥਾਵਾਂ ‘ਚ ਰਹਿਣ ਤੇ ਔਖੇ ਹਲਾਤਾਂ ਵਿੱਚ ਸਖਤ ਮਿਹਨਤ ਵਾਲ਼ੇ ਕੰਮ ਕਰਨ ਕਰਕੇ ਵੱਡੀ ਗਿਣਤੀ ਲੋਕ ਬਿਮਾਰ ਹੁੰਦੇ ਹਨ। ਉੱਪਰੋਂ ਸੰਤੁਲਤ ਖ਼ੁਰਾਕ ਵੀ ਨਹੀਂ ਮਿਲ਼ਦੀ ਤਾਂ ਇਹ ਬਿਮਾਰੀਆਂ ਜਲਦੀ ਠੀਕ ਵੀ ਨਹੀਂ ਹੁੰਦੀਆਂ। ਇਨਾਂ ਹਲਾਤਾਂ ਵਿੱਚ ਇਹ ਕੈਂਪ ਲੋਕਾਂ ਨੂੰ ਸਿਹਤ ਅਤੇ ਸਫਾਈ ਪ੍ਰਬੰਧਾਂ ਪ੍ਰਤੀ ਸਰਕਾਰ ਦੀ ਅਣਗਹਿਲੀ ਬਾਰੇ ਦੱਸਣ ਦੇ ਨਾਲ਼-ਨਾਲ਼ ਆਪਣੇ ਹੱਕਾਂ ਲਈ ਇਕਜੁਟ ਕਰਨ ਤੇ ਸੰਘਰਸ਼ ਕਰਨ ਲਈ ਪ੍ਰੇਰਤ ਕਰਨ ਦੇ ਨਾਲ਼-ਨਾਲ਼ ਫੌਰੀ ਰਾਹਤ ਦੇਣ ਲਈ ਉਪਰਾਲਾ ਹੈ। ਇਹ ਕੈਂਪ ਕੋਈ ਰਸਮ ਪੂਰਤੀ ਜਾਂ ਦਾਨ ਪੁੰਨ ਨਹੀਂ ਸਗੋਂ ਲੋਕਾਂ ਤੋਂ ਫੰਡ ਇਕੱਠਾ ਕਰਕੇ ਕਰਵਾਇਆ ਗਿਆ। ਇਸ ਸਮੇਂ ਸ਼ਹੀਦਾਂ ਦੇ ਵਿਚਾਰਾਂ ਅਤੇ ਲੋਕਾਂ ਦੇ ਸਿਹਤ ਸਬੰਧੀ ਸੰਵਿਧਾਨਕ ਹੱਕਾਂ ਬਾਰੇ ਜਾਗਰੂਕ ਕਰਦੀ ਹੋਈ ਪੋਸਟਰ-ਪ੍ਰਦਰਸ਼ਨੀ ਤੇ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 4, 1 ਅਪੈਰ੍ਲ 2018 ਵਿੱਚ ਪ੍ਰਕਾਸ਼ਿਤ