ਮਜ਼ਦੂਰ ਜਮਾਤੀ ਸੰਗੀਤ ਦੀਆਂ ਸਮੱਸਿਆਵਾਂ (ਹਾਂਸ ਆਈਸਲਰ ਨਾਲ਼ ਗੱਲਬਾਤ)

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਾਂਸ ਆਈਸਲਰ ਮਹਾਨ ਜਰਮਨ ਸੰਗੀਤਕਾਰ ਅਤੇ ਸੰਗੀਤ ਚਿੰਤਕ ਸਨ। ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਸਭ ਤੋਂ ਵੱਧ ਪ੍ਰਤੀਭਾਵਾਨ ਨੌਜਵਾਨ ਸੰਗੀਤਕਾਰਾਂ ਵਿੱਚ ਉਨਾਂ ਨੂੰ ਗਿਣਿਆਂ ਜਾਂਦਾ ਸੀ। ਪਰ ਆਈਸਲਰ ਨੇ ਬੁਰਜੂਆ1 ਵਿਚਾਰਧਾਰਾ ਅਤੇ ਕਲਾ-ਧਾਰਾਵਾਂ ਨੂੰ ਖਾਰਜ ਕੀਤਾ ਅਤੇ ਆਪਣੀਆਂ ਸਿਰਜਣਾਤਮਕ ਯੋਗਤਾਵਾਂ ਹਿਟਲਰ ਪੂਰਵ ਜਰਮਨੀ ਵਿੱਚ ਇਨਕਲਾਬੀ ਮਜ਼ਦੂਰ ਜਮਾਤ ਦੀਆਂ ਲਹਿਰਾਂ ਨੂੰ ਸਮਰਪਿਤ ਕਰ ਦਿੱਤੀਆਂ। ਇਸੇ ਦੌਰਾਨ ਉਨ੍ਹਾਂ ਨੇ ਮਹਾਨ ਜਰਮਨ ਨਾਟਕਕਾਰ ਅਤੇ ਕਵੀ ਬ੍ਰਤੋਲਤ ਬ੍ਰੈਖ਼ਤ ਨਾਲ਼ ਮਿਲ਼ ਕੇ ਕੰਮ ਸ਼ੁਰੂ ਕੀਤਾ ਅਤੇ ਦੋਹਾਂ ਮਹਾਨ ਕਲਾਕਾਰਾਂ ਦੀ ਇਹ ਸਾਂਝ ਸਾਰੀ ਜ਼ਿੰਦਗੀ ਨਿਭੀ। 1933 ਵਿੱਚ ਆਈਸਲਰ ਨੂੰ ਨਾਜ਼ੀ ਜਰਮਨੀ ਛੱਡਣਾ ਪਿਆ, ਪਰ ਉਨਾਂ ਦੇ ਸੰਗੀਤ ਸਿਰਜਣ ਵਿੱਚ ਜਾਂ ਫਾਸ਼ਿਸਟ-ਵਿਰੋਧੀ ਅਤੇ ਪ੍ਰਗਤੀਸ਼ੀਲ ਸਮੂਹਾਂ ਨਾਲ਼ ਉਨਾਂ ਦੇ ਕੰਮ ਵਿੱਚ ਕੋਈ ਕਮੀ ਨਹੀਂ ਆਈ। ਅਮਰੀਕਾ ਵਿੱਚ ਦਸ ਸਾਲਾਂ ਤੱਕ ਜਲਾਵਤਨ ਰਹਿਣ ਦੌਰਾਨ ਉਨਾਂ ਨੇ ਫਿਲਮਾਂ ਲਈ ਸੰਗੀਤ ਤਿਆਰ ਕੀਤਾ, ਸੰਗੀਤ ਸਿਖਾਇਆ ਅਤੇ ਭਾਸ਼ਣ ਦਿੰਦੇ ਰਹੇ। ਮੈਕਾਰਥੀ ਦੇ ਦੌਰ ਵਿੱਚ ਉਨਾਂ ਨੇ ਵਸ਼ਿੰਗਟਨ ਵਿੱਚ ਹਾਉਸ ਕਮਿਟੀ ਆਨ ਅਨ-ਅਮੇਰਿਕਨ ਐਕਟੀਵਿਟੀਜ਼ ਦੇ ਸਾਹਮਣੇ ਬੁਲਾਇਆ ਗਿਆ ਜਿਸਦਾ ਇੱਕ ਹੀ ਉਦੇਸ਼ ਸੀ, ਕਮਿਉਨਿਸਟਾਂ ਜਾਂ ਉਨਾਂ ਨਾਲ਼ ਹਮਦਰਦੀ ਰੱਖਣ ਵਾਲ਼ਿਆਂ ਨੂੰ ਸਜ਼ਾ ਦੇਣੀ। 1948 ਵਿੱਚ ਉਹ ਯੂਰਪ ਚਲੇ ਗਏ ਅਤੇ ਫਿਰ 1950 ਤੋਂ ਮੌਤ ਤੱਕ ਪੂਰਬੀ ਜਰਮਨੀ ਵਿੱਚ ਰਹੇ। 1960 ਦੇ ਦਹਾਕੇ ਦੇ ਮਗਰਲੇ ਅੱਧ ਵਿੱਚ ਜਦੋਂ ਪੱਛਮ ਦੀ ਨੌਜਵਾਨ, ਪ੍ਰਗਤੀਸ਼ੀਲ ਪੀੜ੍ਹੀ ਨੇ ਬ੍ਰੈਖ਼ਤ ਦੇ ਬਾਈਕਾਟ ਨੂੰ ਤੋੜਿਆ ਤਾਂ ਆਈਸਲਰ ਵੀ ਉੱਥੋਂ ਦੇ ਸੰਗੀਤ ਪੰਡਤਾਂ ਲਈ ”ਸਨਮਾਨਯੋਗ” ਹੋ ਗਏ। ‘ਟਾਈਮ ਲਿਟਰੇਰੀ ਸਪਲੀਮੈਂਟ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਡੇਵਿਡ ਡੂ ਨੇ ਲਿਖਿਆ ਹੈ—”ਉਨਾਂ ਦੇ ਲੇਖਾਂ ਅਤੇ ਭਾਸ਼ਣਾ ਵਿੱਚ ਦਵੰਦਵਾਦੀ ਪੱਧਤੀ ‘ਤੇ ਅਜਿਹੀ ਮੁਹਾਰਤ ਅਤੇ ਭਾਸ਼ਾ ‘ਤੇ ਅਜਿਹੀ ਪਕੜ ਦਿਖਦੀ ਹੈ, ਇੰਨੇ ਵਿਸਥਾਰੀ ਸੰਦਰਭ ਅਤੇ ਅਜਿਹੀ ਵੰਨ-ਸੁਵੰਨਤਾ ਮਿਲ਼ਦੀ ਲੈ ਕਿ ਖੁਦ ਨੂੰ ਯਾਦ ਦੁਆਉਣਾ ਪੈਂਦਾ ਹੈ ਕਿ ਉਹ ਮੂਲ ਤੌਰ ‘ਤੇ ਇੱਕ ਸੰਗੀਤਕਾਰ ਸਨ।”

ਆਈਸਲਰ ਦੀ ਇਹ ਇੰਟਰਵਿਉ ਜੂਨ 1935 ਵਿੱਚ ਸਤਰਾਸਵੋਰਗ ਵਿੱਚ ਪ੍ਰਕਾਸ਼ਿਤ ਫ੍ਰੈਂਚ ਮੈਗਜ਼ੀਨ L’Humanite d’alsace ਵਿੱਚ ਪ੍ਰਕਾਸ਼ਿਤ ਹੋਈ ਸੀ।

ਸ਼੍ਰੀ ਆਈਸਲਰ, ਅੱਜ ਇਸ ਸਮੇਂ ਵਿੱਚ ਜਦੋਂ ਵੱਡੀਆਂ-ਵੱਡੀਆਂ ਘਟਨਾਵਾਂ ਅਤੇ ਤਬਦੀਲੀਆਂ ਵਾਪਰ ਰਹੀਆਂ ਹਨ ਅਤੇ ਵਿਅਕਤੀਆਂ ਅਤੇ ਵਿਚਾਰਾਂ ਦਾ ਮੁੜ-ਮੁਲਾਂਕਣ ਹੋ ਰਿਹਾ ਹੈ, ਮਜ਼ਦੂਰ ਜਮਾਤੀ ਸੰਗੀਤ ਲਹਿਰ ਨੂੰ ਤੁਸੀਂ ਕਿਸ ਸਥਿਤੀ ਵਿੱਚ ਵੇਖਦੇ ਹੋ?

ਮਜ਼ਦੂਰ ਜਮਾਤੀ ਸੰਗੀਤ ਲਹਿਰ ਨਿਸ਼ਚਿਤ ਤੌਰ ‘ਤੇ ਪ੍ਰੋਲੇਤਾਰੀ2 ਦੇ ਸੱਭਿਆਚਾਰਕ ਜੀਵਨ ਵਿੱਚ ਬੜੀ ਭੂਮਿਕਾ ਨਿਭਾਉਂਦੀ ਹੈ। ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਇਹ ਅਜੇ ਪੂਰੇ ਮਜ਼ਦੂਰ ਜਮਾਤੀ ਲਹਿਰ ਦੇ ਪੱਧਰ ‘ਤੇ ਨਹੀਂ ਪਹੁੰਚੀ ਹੈ। ਕਈ ਮਜ਼ਦੂਰ ਜਮਾਤੀ ਸੰਗੀਤ ਜਥੇਬੰਦੀਆਂ ਅਤੇ ਸਮੂਹਗਾਨ ਮੰਡਲ਼ੀਆਂ ਜੋ ਸੰਗੀਤ ਪੇਸ਼ ਕਰਦੀਆਂ ਹਨ ਉਹ ਪੁਰਾਣਾ ਪੈ ਚੁੱਕਿਆ ਹੈ ਅਤੇ ਅੱਜ ਦੇ ਸਿਆਸੀ ਘੋਲ਼ ਨਾਲ਼ ਕਦਮ ਮਿਲ਼ਾ ਕੇ ਨਹੀਂ ਚੱਲ ਰਿਹਾ ਹੈ ਜਾਂ ਇੱਥੋਂ ਤੱਕ ਕਿ ਉਸਦੇ ਖਿਲਾਫ ਜਾਂਦਾ ਹੈ। ਇਸ ਲਈ ਅਸੀਂ ਅਕਸਰ ਵੇਖਦੇ ਹਾਂ ਕਿ ਕਈ ਅਜਿਹੀਆਂ ਵਧੀਆ ਜਥੇਬੰਦੀਆਂ ਹਨ ਜਿੰਨਾਂ ਦੀਆਂ ਸਰਗਰਮੀਆਂ ਕਿਰਤੀ ਲੋਕਾਂ ਦੇ ਅਗਾਂਹਵਧੂ ਤਬਕਿਆਂ ਦੀ ਜਮਾਤੀ ਚੇਤਨਾ ਨਾਲ਼ ਮੇਲ ਨਹੀਂ ਖਾਂਦੀਆਂ ਹਨ।

ਕੀ ਨਵਾਂ ਇਨਕਲਾਬੀ ਸੰਗੀਤ ਵਰਨਣਯੋਗ ਹੱਦ ਤੱਕ ਮੌਜੂਦ ਹੈ?

ਜਿੰਨਾ ਆਮ ਤੌਰ ‘ਤੇ ਇਹ ਜਾਣਿਆ ਜਾਂਦਾ ਹੈ, ਇਹ ਉਸਤੋਂ ਜ਼ਿਆਦਾ ਹੀ ਮੌਜੂਦ ਹੈ। ਇਸ ਵਿੱਚੋਂ ਬਹੁਤ ਘੱਟ ਬਾਰੇ ਹੀ ਜਾਣਕਾਰੀ ਹੈ, ਇਸਦਾ ਕਾਰਨ ਬੁਰਜੂਆ ਸੰਗੀਤ ਉਦਯੋਗ ਦੀ ਸ਼ਾਜਿਸ਼ ਹੈ। ਆਧੁਨਿਕ ਇਨਕਲਾਬੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣਾ ਸਾਡਾ ਕੰਮ ਹੈ ਤਾਂ ਕਿ ਪਿੱਛੇ ਰਹਿ ਗਈਆਂ ਤਾਕਤਾਂ ਅੱਗੇ ਵਧ ਕੇ ਹਿਰਾਵਲ ਤੱਤਾਂ ਨਾਲ਼ ਆ ਸਕਣ।  

ਕੀ ਵੱਖ-ਵੱਖ ਸੰਘਾਂ ਲਈ ਇਹ ਉਪਯੋਗੀ ਨਹੀਂ ਰਹੇਗਾ ਕਿ ਤੁਸੀਂ ਆਧੁਨਿਕ ਇਨਕਲਾਬੀ ਸੰਗੀਤ ਦੇ ਕੁੱਝ ਪ੍ਰਤੀਨਿਧੀਆਂ ਦਾ ਵਰਨਣ ਕਰੋਂ?

ਅਮਰੀਕਾ ਵਿੱਚ ਜੇਕਬ ਸ਼ੈਫਰ ਹਨ ਜੋ ਸ਼ਾਇਦ ਸਭ ਤੋਂ ਮਹੱਤਵਪੂਰਨ ਸੰਗੀਤਕਾਰਾਂ ਵਿੱਚੋਂ ਇੱਕ ਹਨ। ਉਹ ਇੱਕ ਤਰਖਾਣ ਸਨ ਜੋ ਇੱਕ ਸ਼ਾਨਦਾਰ ਸੰਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਦੇ ਰੂਪ ਵਿੱਚ ਵਿਕਸਿਤ ਹੋਏ ਹਨ। ਉਨਾਂ ਵਿੱਚ ਅਸਧਾਰਨ ਪ੍ਰਤਿਭਾ ਹੈ। ਉਨਾਂ ਨੇ ਆਮ ਲੋਕ ਗੀਤਾਂ ਤੋਂ ਲੈ ਕੇ ਵੱਡੇ ਗਾਣ ਤੱਕ ਰਚੇ ਹਨ। ਇਸ ਤੋਂ ਇਲਾਵਾ ਅਮਰੀਕਾ ਵਿੱਚ ਕਾਪਲੈਂਡ, ਰਿਏਗਰ, ਸੀਗਰ, ਸਿਵਫਟ, ਕਾਵੇਲ ਜਿਹੇ ਕੌਮਾਂਤਰੀ ਪ੍ਰਸਿੱਧੀ ਵਾਲ਼ੇ ਸੰਗੀਤਕਾਰ ਅਤੇ ਹੋਰ ਬਹੁਤ ਸਾਰੇ ਲੋਕ ਹਨ ਜੋ ਮੁੱਖ ਤੌਰ ‘ਤੇ ਆਧੁਨਿਕ ਬੁਰਜੂਆ ਸੰਗੀਤ ਦੇ ਘੇਰੇ ‘ਚੋਂ ਆਉਂਦੇ ਹਨ ਪਰ ਜਿੰਨਾਂ ਨੇ ਮਜ਼ਦੂਰ ਜਮਾਤ ਦੀਆਂ ਲਹਿਰਾਂ ਲਈ ਅਨੇਕਾਂ ਅਤਿਅੰਤ ਮੁੱਲਵਾਨ ਅਤੇ ਦਿਲਚਸਪ ਰਚਨਾਵਾਂ ਤਿਆਰ ਕੀਤੀਆਂ ਹਨ। ਇੰਗਲੈਂਡ ਵਿੱਚ ਪ੍ਰਸਿੱਧ ਆਧੁਨਿਕ ਸੰਗੀਤਕਾਰ ਐਲਨ ਹਨ ਜੋ ਕਿ ਲੰਦਨ ਦੀ ਰਾਇਲ ਅਕੈਡਮੀ ਆਫ ਮਿਊਜ਼ਿਕ ਵਿੱਚ ਪ੍ਰੋਫੈਸਰ ਹਨ। ਉਹ ਮਜ਼ਦੂਰਾਂ ਦੀ ਇੱਕ ਸਮੂਹਗਾਨ ਮੰਡਲ਼ੀ ਚਲਾਉਂਦੇ ਹਨ। ਉਨਾਂ ਨੇ ਲਹਿਰਾਂ ਲਈ ਕੁੱਝ ਬਿਹਤਰੀਨ ਰਚਨਾਵਾਂ ਤਿਆਰ ਕੀਤੀਆਂ ਹਨ ਅਤੇ ਉਨਾਂ ਨੇ ਆਮ ਤੌਰ ‘ਤੇ ਨੌਜਵਾਨ ਅੰਗਰੇਜ਼ੀ ਸੰਗੀਤ ਦਾ ਸਭ ਤੋਂ ਮਹੱਤਵਪੂਰਨ ਪ੍ਰਤੀਨਿਧੀ ਮੰਨਿਆਂ ਜਾਂਦਾ ਹੈ। ਫਰਾਂਸ ਵਿੱਚ ਦਾਰਿਯਸ ਮਿਲਹੌਦ ਅਤੇ ਹੋਨੇਗਰ ਸਾਡੀ ਲਹਿਰ ਦੇ ਨਾਲ਼ ਹਮਦਰਦੀ ਰੱਖਦੇ ਹਨ। ਏਲੋਇਸ ਹਾਬਾ ਅਤੇ ਏਵਿਰਨ ਛੁਲਹਾਫ ਚੈਕੋਸਲੋਵਾਕੀਆ ਵਿੱਚ ਸਾਡੀ ਲਹਿਰ ਦੇ ਸਭ ਤੋਂ ਮਹੱਤਵਪੂਰਨ ਨੁਮਾਇੰਦੇ ਹਨ। ਉਦਾਹਰਨ ਲਈ ਛੁਲਹਾਫ ਨੇ ”ਇੱਕਜੁਟ ਹੋਵੋ” ਸਿਰਲੇਖ ਹੇਠ ਇੱਕ ਵੱਡਾ ਸਮੂਹਗੀਤ ਰਚਿਆ ਹੈ। ਇਸ ਸਮੂਹਗੀਤ ਵਿੱਚ ‘ਕਮਿਉਨਿਸਟ ਮੈਨੀਫੈਸਟੋ’ ਦੇ ਅੰਸ਼ ਪਾਠ ਦੇ ਬਤੌਰ ਇਸਤੇਮਾਲ ਕੀਤੇ ਗਏ ਹਨ। ਡੈਨਮਾਰਕ ਦੇ ਨੌਜਵਾਨ ਸੰਗੀਤ ਨਿਰਦੇਸ਼ਕ ਮਾਰਟੇਨਸਨ ਅਤੇ ਮਾਸਕੋ ਵਿੱਚ ਰਹਿ ਰਹੇ ਪ੍ਰਤਿਭਾਵਾਨ ਹੰਗੇਰਿਆਈ ਸੰਗੀਤਕਾਰ ਫਰੇਂਕ ਸਾਬੋ ਵੀ ਮਜ਼ਦੂਰ ਦੇ ਸੰਗੀਤ ਦੇ ਮਹੱਤਵਪੂਰਨ ਕੌਮਾਂਤਰੀ ਨੁਮਾਇੰਦੇ ਹਨ। ਸਾਬੋ ਦਾ ਸੰਗੀਤ ਸੋਵੀਅਤ ਸੰਘ ਵਿੱਚ ਬੇਹੱਦ ਹਰਮਨਪਿਆਰਾ ਹੈ। ਸੋਵੀਅਤ ਸੰਗੀਤਕਾਰਾਂ ਵਿੱਚ ਸ਼ਾਸਤਾਕੋਵਿਚ ਦਾ ਜਿਕਰ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ। ਉਹ ਆਪਣੇ ਦੌਰ ਦੇ ਸਭ ਤੋਂ ਪ੍ਰਤਿਭਾਸ਼ਾਲੀ ਸੰਗੀਤਕਾਰਾਂ ਵਿੱਚੋਂ ਇੱਕ ਹਨ ਅਤੇ ਉਨਾਂ ਨੇ ਦੁਨੀਆਂ ਭਰ ਵਿੱਚ ਕਾਫੀ ਉਤਸ਼ਾਹ ਜਗਾਇਆ ਹੈ। ਉਹ ਅਜੇ ਵੀ ਬਹੁਤ ਜਵਾਨ ਹਨ ਅਤੇ ਅਸੀਂ ਉਨਾਂ ਤੋਂ ਸ਼ਾਨਦਾਰ ਚੀਜ਼ਾਂ ਦੀ ਉਮੀਦ ਕਰ ਸਕਦੇ ਹਾਂ। ਇਹ ਤਾਂ ਬਸ ਕੁੱਝ ਕੁ ਹੀ ਨਾਮ ਹਨ। ਮੈਂ ਹੋਰ ਬਹੁਤ ਸਾਰੇ ਨਾਮ ਦੱਸ ਸਕਦਾ ਹਾਂ ਜੋ ਹੋਰ ਵੀ ਜਵਾਨ ਹਨ ਅਤੇ ਜੋ ਲਹਿਰ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਮੰਦੇ ਭਾਗੀਂ ਕਿਰਤੀ ਲੋਕਾਂ ਦੇ ਵਿਆਪਕ ਹਿੱਸਿਆਂ ਵਿੱਚ ਇਨ੍ਹਾਂ ਸੰਗੀਤਕਾਰਾਂ ਦੀਆਂ ਰਚਨਾਵਾਂ ਦੀ ਪੂਰੀ ਜਾਣਕਾਰੀ ਨਹੀਂ ਹੈ।

ਕੀ ਤਕਨੀਕੀ ਸਮੱਸਿਆਵਾਂ ਵੀ ਇਸ ਆਧੁਨਿਕ ਇਨਕਲਾਬੀ ਸੰਗੀਤ ਨੂੰ ਹਰਮਨਪਿਆਰਾ ਹੋਣ ਤੋਂ ਨਹੀਂ ਰੋਕਦੀਆਂ ਹਨ?

ਹਾਂ। ਇਨ੍ਹਾਂ ਕਾਰਨਾਂ ਕਰਕੇ ਜ਼ਬਰਦਸਤ ਸਮੱਸਿਆਵਾਂ ਹਨ। ਉਂਨੀਵੀਂ ਸਦੀ ਦੇ ਮਗਰਲੇ ਅੱਧ ਦਾ ਰਵਾਇਤੀ ਰੋਮਾਂਟਿਕ ਸੰਗੀਤ ਇੰਨਾ ਜ਼ਿਆਦਾ ਪ੍ਰਚੱਲਤ ਹੈ ਕਿ ਮਜ਼ਦੂਰ ਜਮਾਤੀ ਗਾਇਕਾਂ ਅਤੇ ਵਾਦਕਾਂ ਦਾ ਇੱਕ ਖਾਸ ਕਿਸਮ ਦੇ ਸੰਗੀਤ ਦਾ ਸਵਾਦ ਅਤੇ ਆਦਤ ਬਣ ਗਈ ਹੈ। ਇਹ ਆਧੁਨਿਕ ਸੰਗੀਤ ਰਚਨਾਵਾਂ ਦੀ ਪੇਸ਼ਕਾਰੀ ਵਿੱਚ ਮਦਦ ਨਹੀਂ ਕਰਦਾ ਸਗੋਂ ਰੁਕਾਵਟ ਪਾਉਂਦਾ ਹੈ। ਉਦਾਹਰਨ ਲਈ ਸਾਲਾਂ ਤੋਂ ‘ਫ੍ਰੀਡਮ, ਵੀ ਅਵੇਟ ਦੀ’ (ਅਜ਼ਾਦੀ, ਸਾਨੂੰ ਤੇਰਾ ਇੰਤਜ਼ਾਰ ਹੈ) ਜਾਂ ‘ਦਾ ਪੇਲ ਵਾਟਰਲਿਲੀ’ ਜਿਹੀਆਂ ਰਚਨਾਵਾਂ ਗਾ ਰਹੀ ਕੋਈ ਸਮੂਹਗਾਨ ਮੰਡਲ਼ੀ ਇੱਕਸੁਰ ਵਾਲ਼ਾ ਸੰਗੀਤ ਗਾਉਣ ਦੀ ਇੰਨੀ ਆਦੀ ਹੋ ਚੁੱਕੀ ਹੁੰਦੀ ਹੈ ਕਿ ਜਦੋਂ ਬਹੁਸੁਰੀ ਸੰਗੀਤ ਵੱਲ ਬਦਲਾਅ ਕਰਨਾ ਪੈਂਦਾ ਹੈ ਤਾਂ ਉਨਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ। ਅਜਿਹਾ ਨਹੀਂ ਹੈ ਕਿ ਸਦਾ ਮਜ਼ਦੂਰ ਜਮਾਤੀ ਗਾਇਕ ਜਾਂ ਵਾਦਕ ਆਧੁਨਿਕ ਮਜ਼ਦੂਰ ਸੰਗੀਤ ਨੂੰ ਸਮਝ ਨਹੀਂ ਸਕਦੇ। ਅਕਸਰ ਹੀ ਸਮੂਹਗਾਨ ਦੇ ਨਿਰਦੇਸ਼ਕ ਦੀ ਸਮਝ ਦੀ ਘਾਟ ਕਰਕੇ ਆਧੁਨਿਕ ਸਮੂਹਗਾਣਾਂ ਦੀ ਪੇਸ਼ਕਾਰੀ ਰੁਕ ਜਾਂਦੀ ਹੈ। ਇਸਦਾ ਕਾਰਨ ਵੀ ਸਮਝਿਆ ਜਾ ਸਕਦਾ ਹੈ, ਪਰ ਆਧੁਨਿਕ ਇਨਕਲਾਬੀ ਮਜ਼ਦੂਰ ਜਮਾਤੀ ਸੰਗੀਤ ਨੂੰ ਵਿਆਪਕ ਪੱਧਰ ‘ਤੇ ਹਰਮਨਪਿਆਰਾ ਬਣਾਉਣਾ ਸੰਗੀਤ ਵਿੱਚ ਲੱਗੇ ਇਨਾਂ ਲੋਕਾਂ ਦੀ ਸਿੱਖਿਆ ‘ਤੇ ਨਿਰਭਰ ਕਰਦਾ ਹੈ। ਇਹ ਨਵਾਂ ਸੰਗੀਤ ਮਜ਼ਦੂਰ ਜਮਾਤ ਦੇ ਸਿਆਸੀ ਘੋਲ਼ ਦੇ ਪੂਰੀ ਤਰਾਂ ਅਨੁਕੂਲ ਹੈ ਅਤੇ ਇਸਦੇ ਲਈ ਉਪਯੋਗੀ ਹੈ।

ਬੇਸ਼ੱਕ ਸਮੂਹਗਾਨ ਸਮੂਹਾਂ ਦੇ ਨਿਰਦੇਸ਼ਕਾਂ ਦਾ ਸਿੱਖਿਅਕ ਵਿਕਾਸ ਬਹੁਤ ਜ਼ਰੂਰੀ ਹੈ ਪਰ ਕੀ ਇਹ ਮਜ਼ਦੂਰ ਜਮਾਤੀ ਗਾਇਕਾਂ ਅਤੇ ਵਾਦਕਾਂ ਦੇ ਨਜ਼ਰੀਏ ‘ਤੇ ਨਿਰਭਰ ਨਹੀਂ ਕਰਦਾ?

ਇਹ ਵੀ ਇੱਕ ਪ੍ਰਮੁੱਖ ਸਵਾਲ ਹੈ। ਇੱਕ ਇਨਕਲਾਬੀ ਮਜ਼ਦੂਰ ਜਮਾਤੀ ਗਾਇਕ ਜਾਂ ਵਾਦਕ ਨੂੰ ਪਹਿਲਾਂ ਇਹ ਸਿੱਖਣਾ ਚਾਹੀਦਾ ਹੈ ਕਿ ਮਹਿਜ ਪ੍ਰਸ਼ੰਸ਼ਕ ਜਾਂ ਪੁਜਾਰੀ ਬਣਨ ਦੀ ਬਜਾਏ ਕਲਾ ਦੇ ਮਾਮਲਿਆਂ ਵਿੱਚ ਅਲੋਚਨਾਤਮਕ ਰੁਖ ਕਿਵੇਂ ਅਪਣਾਇਆ ਜਾਵੇ। ਉਸਨੂੰ ਬਸ ‘ਸੁੰਦਰਤਾ’ ਨਾਲ਼ ਮੁਗਧ ਨਹੀਂ ਹੋਣਾ ਚਾਹੀਦਾ ਸਗੋਂ ਖੁਦ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਇਹ ਉਸਨੂੰ ਜਾਂ ਉਸਦੀ ਜਮਾਤ ਨੂੰ ਮਦਦ ਪਹੁੰਚਾਉਂਦੀ ਹੈ ਜਾਂ ਇੱਥੋਂ ਤੱਕ ਕਿ ਨੁਕਸਾਨਦੇਹ ਹੈ। ਜਿਵੇਂ ਅਸੀਂ ਸਿਆਸੀ ਜੀਵਨ ਵਿੱਚ ਕਾਮਰੇਡਾਂ ਤੋਂ ਅਲੋਚਨਾਤਮਕ ਸੋਚ ਦੀ ਮੰਗ ਕਰਦੇ ਹਾਂ, ਉਵੇਂ ਹੀ ਸਾਨੂੰ ਕਲਾ ਵਿੱਚ ਵੀ ਅਲੋਚਨਾਤਮਕ ਸੋਚ ਦੀ ਮੰਗ ਕਰਨੀ ਚਾਹੀਦੀ ਹੈ।

ਆਪਣੇ ਪੁਰਾਣੇ ਪੈ ਗਏ ਸੰਗੀਤ ਦੀ ਚਰਚਾ ਕੀਤੀ ਹੈ। ਤੁਹਾਡੇ ਖਿਆਲ ਨਾਲ਼ ਇੱਕ ਔਸਤ ਅਲਸਾਸ-ਲੋਰੇਨ ਜਾਂ ਸਵਿੱਸ ਸਮੂਹਗਾਨ ਸਮੂਹ ਜਾਂ ਸੰਗੀਤ ਮੰਡਲੀ ਦੇ ਪ੍ਰੋਗਰਾਮ ਵਿੱਚ ਕਿਹੜੀ ਚੀਜ਼ ਪੁਰਾਣੀ ਪੈ ਗਈ ਹੈ?

ਜੇ ਅਸੀਂ ਪ੍ਰੋਗਰਾਮਾਂ ਨੂੰ ਦੇਖੀਏ ਤਾਂ ਅਸੀਂ ਕਈ ਸੰਗੀਤ ਰਚਨਾਵਾਂ ਅਜਿਹੀਆਂ ਵੇਖਾਂਗੇ ਜੋ ਮੇਰੇ ਵਿਚਾਰ ਨਾਲ਼ ਬਹੁਤ ਖਰਾਬ ਹਨ ਅਤੇ ਪੁਰਾਣੀਆਂ ਪੈ ਗਈਆਂ ਹਨ। ਉਦਾਹਰਨ ਦੇ ਤੌਰ ‘ਤੇ ਢੇਰ ਸਾਰੇ ਅਸਧਾਰਨ ਰੂਪ ਤੋਂ ਮੂਰਖਤਾਪੂਰਨ ਵੀਰ ਰਸ ਦੀਆਂ ਮਾਰਚਿੰਗ ਧੁਨਾਂ ਹਨ ਜਾਂ ਘਟੀਆ ਸੰਗੀਤਕਾਰਾਂ ਦੇ ਪੁਰਾਣੀ ਕਿਸਮ ਦੇ ਪੂਰਵਸੰਗੀਤ (Overtures) ਹਨ। ਇਹ ਹਰ ਤਰਾਂ ਦੇ ਸੰਗੀਤ ਦਾ ਸੁਆਦ ਵਿਗਾੜਨ ਦੀ ਯੋਗਤਾ ਰੱਖਦੇ ਹਨ। ਸਮੂਹਗਾਣ ਸਾਹਿਤ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਇਹ ਅਕੇਵਾਂ ਪੈਦਾ ਕਰਨ ਵਾਲ਼ੇ ਪਾਠ ਹਨ ਜੋ ਕਹਿੰਦੇ ਕੁਛ ਨਹੀਂ ਹਨ ਅਤੇ ਉੱਤੋਂ ਇੰਨਾਂ ਦੀਆਂ ਧੁਨਾਂ ਵੀ ਪਾਖੰਡਪੂਰਨ ਧੂਮ ਧੜੱਕੇ ਵਾਲ਼ੀਆਂ ਹਨ।

ਅੱਸੀ ਸਮੂਹ ਗਾਇਕ ਮੰਚ ‘ਤੇ ਆਉਂਦੇ ਹਨ ਅਤੇ ਪਿਘਲ਼ਦੀ ਜਹੀ ਅਵਾਜ਼ ਵਿੱਚ ਗਾਉਂਦੇ ਹਨ ”ਮੈਨੂੰ ਉਡੀਕਾਂ ਤੇਰੀਆਂ…”—ਇਸ ਦ੍ਰਿਸ਼ ਦੀ ਕਲਪਨਾ ਵੀ ਮੇਰੇ ਲਈ ਇੱਕ ਬੁਰੇ ਸੁਪਨੇ ਦੀ ਤਰਾਂ ਹੈ। ਇਸਤੋਂ ਬਾਅਦ ਆਉਂਦੇ ਹਨ ਇਹ ਸਾਰੇ “ਕੁਦਰਤ ਦੇ ਮੂਡ”, ਇਹ ਝੂਠੇ ਲੋਕਗੀਤ, ਸੰਖੇਪ ਵਿੱਚ ਖਰਾਬ ਸੰਗੀਤ ਅਤੇ ਝੂਠੇ ਸ਼ਬਦ।

ਤੁਹਾਡੇ ਜਵਾਬ ਤੋਂ ਇਹ ਵੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਤੁਸੀਂ ਲੋਕਗੀਤਾਂ ਦੇ ਖਿਲਾਫ ਹੋ!

ਮੈਂ ਆਮ ਤੌਰ ‘ਤੇ ਸਾਰੇ ਲੋਕਗੀਤਾਂ ਦੇ ਵਿਰੁੱਧ ਨਹੀਂ ਹਾਂ। ਪਹਿਲੀ ਗੱਲ, ਦੋ ਤਰਾਂ ਦੇ ਲੋਕਗੀਤ ਹਨ, ਸੱਚੇ ਤੇ ਝੂਠੇ। ਸੱਚੇ ਲੋਕਗੀਤ ਪਿਛਲੀਆਂ ਸਦੀਆਂ ਵਿੱਚ ਖੁਦ ਲੋਕਾਂ ਵਿੱਚੋਂ ਪੈਦਾ ਹੋਏ ਸਨ। ਝੂਠਾ ਲੋਕਗੀਤ ਘਟੀਆ ਅਤੇ ਭ੍ਰਿਸ਼ਟ ਮਨੋਰੰਜਨ ਉਦਯੋਗ ਦੀ ਪੈਦਾਵਾਰ ਹੈ ਜੋ ਅਸਲ ਲੋਕਗੀਤਾਂ ਦਾ ਮੁਹਾਵਰਾ ”ਉਧਾਰ” ਲੈਂਦਾ ਹੈ ਪਰ ਇੱਕ ਭੱਦੇ ਅਤੇ ਵਿਗੜੇ ਰੂਪ ਵਿੱਚ। ਅਸੀਂ ਇਸ ਝੂਠੇ ਲੋਕਗੀਤ ਦਾ ਮੁਕਾਬਲਾ ਕਰਨਾ ਹੈ ਕਿਉਂਕਿ ਇਹ ਭਿਅੰਕਰ ਹੈ।

ਦੂਜੇ ਪਾਸੇ ਅਸਲ ਲੋਕਗੀਤ ਬਹੁਤ ਹੀ ਮੁੱਲਵਾਨ ਹੋ ਸਕਦੇ ਹਨ, ਪਾਠ ਦੇ ਨਜ਼ਰੀਏ ਤੋਂ ਵੀ ਅਤੇ ਸੰਗੀਤ ਦੇ ਨਜ਼ਰੀਏ ਤੋਂ ਵੀ। ਇਹ ਅਸਲ ਲੋਕ ਸੱਭਿਆਚਾਰ ਦੇ ਅੰਗ ਹਨ। ਪਰ ਇੱਥੇ ਵੀ ਸਾਨੂੰ ਅਲੋਚਨਾਤਮਕ ਨਜ਼ਰੀਆ ਅਪਨਾਉਣਾ ਪਵੇਗਾ। ਜਿਸ ਢੰਗ ਨਾਲ਼ ਬੁਰਜੂਆ ਖੋਜੀਆਂ ਨੇ ਇਨ੍ਹਾਂ ਗੀਤਾਂ ਨੂੰ ਪੇਸ਼ ਕੀਤਾ ਹੈ ਉਸ ਬਾਰੇ ਮਜ਼ਦੂਰ ਜਮਾਤੀ ਸੰਗੀਤ ਗਾਇਕਾਂ ਵਿੱਚ ਲੋਕ ਬਹੁਤ ਘੱਟ ਜਾਣਦੇ ਹਨ। ਐਰਕ3 ਦੁਆਰਾ ਪ੍ਰਕਾਸ਼ਿਤ ਲੋਕਗੀਤਾਂ ਦੇ ਸਭ ਤੋਂ ਵੱਧ ਮਹੱਤਵਪੂਰਨ ਸੰਪਾਦਕੀਆਂ ਵਿੱਚ, ਜੋ ਅੱਜ ਸਾਰੇ ਗੀਤ ਸੰਗ੍ਰਿਹਾਂ ਦਾ ਅਧਾਰ ਹੈ, ਪ੍ਰਕਾਸ਼ਕ ਆਪਣੀ ਭੂਮਿਕਾ ਵਿੱਚ ਸਾਨੂੰ ਦੱਸਦਾ ਹੈ ਕਿ ਉਸਨੇ ਸਾਰੇ ਸਿਆਸੀ ਤੌਰ ‘ਤੇ ਅਯੋਗ ਅਤੇ ਨੈਤਿਕ ਤੌਰ ‘ਤੇ ਇਤਰਾਜ਼ਯੋਗ ਗੀਤਾਂ ਨੂੰ ਹਟਾ ਦਿੱਤਾ ਹੈ। ਇਸਦਾ ਮਤਲਬ ਇਹ ਹੋਇਆ ਕਿ ਸਭ ਤੋਂ  ਵੱਧ ਕੀਮਤੀ ਲੋਕਗੀਤਾਂ ‘ਤੋਂ ਮਜ਼ਦੂਰ ਜਮਾਤ ਦੀ ਵੱਡੀ ਅਬਾਦੀ ਅਣਜਾਣ ਹੈ। ਬੁਰਜੂਆਜ਼ੀ ਨੇ ਇੱਕ ਤਰਾਂ ਦੀ ਸੈਂਸਰਸ਼ਿੱਪ ਦੇ ਜ਼ਰੀਏ ਹਰ ਉਸ ਚੀਜ਼ ਨੂੰ ਹਟਾ ਦਿੱਤਾ ਹੈ ਜੋ ਉਸਨੂੰ ਹਾਨੀਕਾਰਕ ਲੱਗੀ। ਪਰ ਬੁਰਜੂਆਜ਼ੀ ਕਿਸ ਚੀਜ਼ ਨੂੰ ਸਿਆਸੀ ਤੌਰ ‘ਤੇ ਹਾਨੀਕਾਰਕ ਸਮਝਦੀ ਹੈ? ਉਦਾਹਰਨ ਦੇ ਤੌਰ ‘ਤੇ ਕਿਸਾਨ ਯੁੱਧਾਂ ਦੇ ਸ਼ਾਨਦਾਰ ਗੀਤ, ਜੋ ਕਿ ਵਾਕਈ ਅਸਲੀ ਇਨਕਲਾਬੀ ਲੋਕ ਕਲਾ ਹੈ। ਜਾਂ ਫਿਰ  ਕੰਮ ਦੇ ਦੌਰਾਨ ਗਾਏ ਜਾਣ ਵਾਲ਼ੇ ਉਹ ਖਰੇ ਗੀਤ ਅਤੇ ਪ੍ਰੇਮ ਗੀਤ ਜਿਨ੍ਹਾਂ ਨੂੰ ਇਸ ਲਈ ਹਟਾ ਦਿੱਤਾ ਗਿਆ ਕਿ ਉਹ ਇੱਕ ਟੰਗ ਫਸਾਊ ਜਰਮਨ ਸਕੂਲ ਅਧਿਆਪਕ ਦੇ ਨੈਤਿਕ ਨਜ਼ਰੀਏ ਨਾਲ਼ ਮੇਲ ਨਹੀਂ ਖਾਂਦੇ। ਇਸ ਲਈ ਲੋਕਗੀਤਾਂ ਵਿੱਚ ਵੀ ਚੰਗੇ ਅਤੇ ਬੁਰੇ ਵਿੱਚੋਂ ਚੁਣਨਾ ਪਵੇਗਾ। ਇਨਕਲਾਬੀ ਲੋਕਗੀਤ ਖੋਜੀਆਂ ਨੂੰ ਸਾਵਧਾਨੀ ਨਾਲ਼ ਫੂਸ ਤੋਂ ਦਾਣਿਆਂ ਨੂੰ ਵੱਖ ਕਰਨਾ ਹੋਵੇਗਾ। ਇਸਤੋਂ ਬਿਨਾਂ, ਅਸਲੀ ਲੋਕਗੀਤਾਂ ਵਿੱਚ ਵੀ ਕੁੱਝ ਚੰਗੇ ਹਨ ਅਤੇ ਕੁੱਝ ਬੁਰੇ ਹਨ।

ਕੀ ਕੋਈ ਆਧੁਨਿਕ ਲੋਕਗੀਤ ਵੀ ਹਨ?

ਜੇ ਲੋਕਗੀਤਾਂ ਤੋਂ ਸਾਡਾ ਭਾਵ ਅਜਿਹੇ ਗੀਤਾਂ ਤੋਂ ਹੈ ਜੋ ਹਰ ਜਗ੍ਹਾ ਗਾਏ ਜਾਂਦੇ ਹਨ ਤਾਂ ਹਾਂ, ਅਜਿਹੇ ਵੀ ਗੀਤ ਹਨ। ਪਰ ਜੇ ਸਾਡਾ ਮਤਲਬ ਅਜਿਹੇ ਗੀਤ ਤੋਂ ਹੈ ਜੋ ਲੋਕਾਂ ਦੁਆਰਾ ਰਚਿਆ ਗਿਆ ਹੋਵੇ ਤਾਂ ਕੁੱਲ ਮਿਲ਼ਾਕੇ ਜਵਾਬ ਨਹੀਂ ਵਿੱਚ ਹੋਵੇਗਾ। ਲੋਕਗੀਤ ਮੁੱਢ ਕਦੀਮੀ ਆਰਥਿਕ ਦਸ਼ਾਵਾਂ ਵਿੱਚ ਜਨਮਦੇ ਹਨ, ਖਾਸ ਕਰਕੇ ਖੇਤੀ ਅਧਾਰਿਤ ਅਰਥਚਾਰੇ ਵਾਲ਼ੇ ਸਮਾਜਾਂ ਵਿੱਚ। ਅਜੋਕੇ ਸਰਮਾਏਦਾਰੀ ਲੋਕਗੀਤਾਂ ਦੇ ਪੈਦਾ ਹੋਣ ਲਈ ਢੁਕਵੀਂ ਜ਼ਮੀਨ ਨਹੀਂ ਹੈ। ਲੋਕ ਸੰਗੀਤ ਉਸੇ ਤਰਾਂ ਮਰ ਰਿਹਾ ਹੈ ਜਿਸ ਤਰਾਂ ਹੱਥਸ਼ਿਲਪ ਮਰ ਰਹੇ ਹਨ। ਪਰ ਸਾਡੇ ਕੋਲ਼ ਇਸਦੀ ਥਾਂ ‘ਤੇ ਕੁੱਝ ਹੋਰ ਚੀਜ਼ ਹੈ—ਜਨ ਗੀਤ (Mass Song)। ਜਨ ਗੀਤ ਆਧੁਨਿਕ ਕਿਰਤੀ ਜਮਾਤ ਦਾ ਲੜਾਕੂ ਗੀਤ ਹੈ ਅਤੇ ਇੱਕ ਹੱਦ ਤੱਕ ਇਹ ਪਹਿਲਾਂ ਤੋਂ ਉੱਚੇ ਪੱਧਰ ਦਾ ਲੋਕਗੀਤ ਹੈ ਕਿਉਂਕਿ ਇਸਦਾ ਚਰਿੱਤਰ ਕੌਮਾਂਤਰੀ ਹੈ।

ਕੀ ਲੜਾਕੂ ਗੀਤ ਇਨਕਲਾਬੀ ਸੰਗੀਤ ਦੀ ਇੱਕੋ-ਇੱਕ ਵਿਧਾ ਹੈ?

ਨਹੀਂ, ਅਸੀਂ ਕਈ ਵਿਧਾਵਾਂ ਵਿਕਸਿਤ ਕਰ ਚੁੱਕੇ ਹਾਂ। ਜਨ ਗੀਤ, ਬਹੁਸੁਰੀ ਕੋਰਸ ਰਚਨਾਵਾਂ, ਪ੍ਰਬੋਧਾਤਮਕ ਰਚਨਾਵਾਂ ਅਤੇ ਕਈ ਹੋਰ। ਹੁਣ ਇਹ ਆਧੁਨਿਕ ਇਨਕਲਾਬੀ ਸੰਗੀਤਕਾਰਾਂ ਦਾ ਕੰਮ ਹੈ ਕਿ ਉਹ ਮਜ਼ਦੂਰ ਜਮਾਤੀ ਸੰਗੀਤ ਗਰੁੱਪਾਂ ਲਈ ਖਾਸ ਆਰਕੈਟ੍ਰਾ ਸੰਗੀਤ ਤਿਆਰ ਕਰਨ। ਅਜਿਹਾ ਕਰਦੇ ਹੋਏ ਆਧੁਨਿਕ ਸੰਗੀਤਕਾਰਾਂ ਨੂੰ ਹਰ ਸਮੂਹ ਦੀ ਠੋਸ ਸਥਿਤੀ ਅਤੇ ਤਕਨੀਕੀ ਪੱਧਰ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ।

ਕੀ ਤੁਹਾਨੂੰ ਨਹੀਂ ਲਗਦਾ ਕਿ ਜੇ ਆਧੁਨਿਕ ਇਨਕਲਾਬੀ ਸੰਗੀਤ ਦਾ ਓਨਾ ਵੱਡਾ ਲੋਕ ਅਧਾਰ ਨਹੀਂ ਹੈ ਜਿੰਨਾ ਅਸੀਂ ਚਾਹੁੰਦੇ ਹਾਂ ਤਾਂ ਇਸਦੀ ਇੱਕ ਵਜ੍ਹਾ ਖੁਦ ਸੰਗੀਤਕਾਰ ਵੀ ਹਨ?

ਹਾਂ, ਆਧੁਨਿਕ ਸੰਗੀਤਕਾਰਾਂ ਨੂੰ ਆਪਣੇ ਆਪ ਨੂੰ ਲੋਕ ਲਹਿਰਾਂ ਤੋਂ ਨਿਖੇੜ ਨਹੀਂ ਲੈਣਾ ਚਾਹੀਦਾ। ਆਪਣੇ ਕਮਰੇ ਵਿੱਚ ਬੈਠਕੇ ਮਜ਼ਦੂਰ ਜਮਾਤ ਦੀਆਂ ਲਹਿਰਾਂ ਲਈ ਸੰਗੀਤ ਰਚਣਾ ਹੀ ਕਾਫੀ ਨਹੀਂ ਹੈ। ਉਸਨੂੰ ਕਿਰਤੀ ਜਮਾਤ ਦੇ ਸਮਾਜਿਕ ਜੀਵਨ ਅਤੇ ਘੋਲ਼ਾਂ ਵਿੱਚ ਸਰਗਰਮ ਸ਼ਮੂਲੀਤ ਕਰਨੀ ਪਵੇਗੀ। ਸਾਨੂੰ ਸੰਗੀਤ ਦੇ ਬੁੱਧੀਜੀਵੀਆਂ ਅਤੇ ਮਜ਼ਦੂਰ ਜਮਾਤ ਵਿੱਚ ਇੱਕ ਗੱਠਜੋੜ ਕਾਇਮ ਕਰਨਾ ਪਵੇਗਾ। ਸੰਗੀਤ ਦਾ ਬੁੱਧੀਜੀਵੀ ਮਜ਼ਦੂਰ ਜਮਾਤ ਤੋਂ ਸਿਆਸੀ ਤੌਰ ‘ਤੇ ਸੋਚਣਾ ਸਿੱਖ ਸਕੇਗਾ ਅਤੇ ਇਨਕਲਾਬੀ ਨਜ਼ਰੀਆ ਹਾਸਲ ਕਰੇਗਾ। ਮਜ਼ਦੂਰ ਜਮਾਤ, ਸੰਗੀਤ ਦੇ ਬੁੱਧੀਜੀਵੀਆਂ ਦੇ ਸ਼ਾਸ਼ਤਰੀ ਸੰਗੀਤ ਦੀ ਮਹਾਨ ਪਰੰਪਰਾ ਗ੍ਰਹਿਣ ਕਰਨ ਦੇ ਨਾਲ਼ ਹੀ ਨਵੇਂ ਅਤੇ ਸਮਕਾਲੀ ਸੰਗੀਤ ਦੀਆਂ ਪੱਧਤੀਆਂ ਸਿੱਖ ਸਕੇਗੀ। ਜਦੋਂ ਇਹ ਗੱਠਜੋੜ ਇੱਕ ਤੱਥ ਬਣ ਜਾਵੇਗਾ ਤਾਂ ਅਸੀਂ ਆਪਣੀਆਂ ਲਹਿਰਾਂ ਦੀਆਂ ਔਕੜਾਂ ‘ਤੇ ਜਿੱਤ ਪਾ ਸਕਾਂਗੇ।

1. ਬੁਰਜੂਆ= ਸਰਮਾਏਦਾਰ ਜਮਾਤ, 2. ਪ੍ਰੋਲੇਤਾਰੀ= ਮਜ਼ਦੂਰ ਜਮਾਤ
3. ਲੁਡਵਿਗ ਕ੍ਰਿਸਿਟਯਨ ਏਰਕ (Ludwig Christian Erk, 1807-1883), 19ਵੀਂ ਸਦੀ ਦੇ ਮਹਾਨ ਜਰਮਨ ਲੋਕਗੀਤਾਂ ਦੇ ਸੰਗ੍ਰਹਿਕਰਤਾ। ਜੋ ਲਗਭਗ 20 ਹਜ਼ਾਰ ਗੀਤਾਂ ਦਾ ਸੰਗ੍ਰਹਿ ਛੱਡ ਗਏ। ਉਨਾਂ ਦੇ ਸੰਗ੍ਰਹਿ (Deutscher Liedrhort) ਦਾ ਸੋਧਿਆ ਐਡੀਸ਼ਨ 1893-94 ਵਿੱਚ ਫ੍ਰਾਂਜ ਮੈਗਨਸ ਬੋਹਮੇ ਦੇ ਸੰਪਾਦਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਜਰਮਨ ਲੋਕਗੀਤਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ।  

ਅਨੁਵਾਦ- ਲਾਲਜੀਤ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements