ਮੈਕਸੀਕੋ ਦੇ ਜੁਝਾਰੂ ਅਧਿਆਪਕਾਂ ਨੂੰ ਸਲਾਮ •ਰੌਸ਼ਨ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2013 ‘ਚ ਮੈਕਸੀਕੋ ‘ਚ ਸਿੱਖਿਆ ਦੇ ਨਿੱਜੀਕਰਨ ਦੀ ਦਿਸ਼ਾ ਵਿੱਚ ਕੀਤੇ ਗਏ ਸਿੱਖਿਆ ਸੁਧਾਰਾਂ ਖਿਲਾਫ ਪਿਛਲੇ 3 ਸਾਲਾਂ ਤੋਂ ਵੱਡੇ ਪੱਧਰ ‘ਤੇ ਹੜਤਾਲਾਂ, ਮੁਜ਼ਾਹਰੇ ਹੋ ਰਹੇ ਹਨ।। ਇਹਨਾਂ ਮੁਜ਼ਾਹਰਿਆਂ ‘ਚ ਮੈਕਸੀਕੋ ਦੇ ਅਧਿਆਪਕ ਅਹਿਮ ਭੂਮਿਕਾ ਨਿਭਾ ਰਹੇ ਹਨ। ਨੈਸ਼ਨਲ ਕੋਆਰਡੀਨੇਟਰ ਆਫ ਐਜੂਕੇਸ਼ਨ ਵਰਕਰ (ਸੀਐਨਈਟੀ) ਮੈਕਸੀਕੋ ਦੀ ਦੇਸ਼ ਪੱਧਰੀ ਅਧਿਆਪਕ ਜਥੇਬੰਦੀ ਹੈ ਜੋ ਇਸ ਸੰਘਰਸ਼ ਨੂੰ ਚਲਾ ਰਹੀ ਹੈ। ਇਸ ਸੰਘਰਸ਼ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਬਿਨਾਂ ਮਜ਼ਦੂਰ ਜਮਾਤ ਵੱਲੋਂ ਵੀ ਹਮਾਇਤ ਮਿਲ਼ ਰਹੀ ਹੈ। ਮੈਕਸੀਕੋ ਦੀ ਹਕੂਮਤ ਵੱਲੋਂ ਵੱਖ-ਵੱਖ ਢੰਗਾਂ ਰਾਹੀਂ ਇਸ ਸੰਘਰਸ਼ ਨੂੰ ਜਬਰ ਰਾਹੀਂ ਦਬਾਉਣ ਦੀਆਂ ਲਗਾਤਾਰ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ 19 ਜੂਨ ਨੂੰ ਮੈਕਸੀਕੋ ਦੇ ਓਆਜ਼ਕਾ ਸੂਬੇ ‘ਚ ਪੁਲਿਸ ਨੇ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਤੇ ਉਹਨਾਂ ਦੇ ਹਮਾਇਤੀਆਂ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ 11 ਜਣੇ ਮਾਰੇ ਗਏ ਤੇ 100 ਦੇ ਕਰੀਬ ਜਖਮੀ ਹੋ ਗਏ। ਇਹ ਅਧਿਆਪਕ ਸਿੱਖਿਆ ਸੁਧਾਰਾਂ ਖਿਲਾਫ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖ ਰਹੇ ਸਨ। ਪਰ ਇਸ ਹਕੂਮਤੀ ਜਬਰ ਦੇ ਬਾਵਜੂਦ ਮੈਕਸੀਕੋ ‘ਚ ਅਧਿਆਪਕਾਂ ਦਾ ਇਹ ਸੰਘਰਸ਼ ਜਾਰੀ ਹੈ।।

ਦੌਰਾਨ ਪਿਛਲੇ ਕੁੱਝ ਸਾਲਾਂ ਤੋਂ ਮੈਕਸੀਕੋ ਦੀ ਆਰਥਿਕਤਾ ਤੇਜੀ ਨਾਲ਼ ਨਿੱਜੀਕਰਨ, ਬਜਟ ‘ਚ ਕਟੌਤੀ, ਪੈਨਸ਼ਨਾਂ ਤੇ ਹੋਰ ਜਨਤਕ ਸਹੂਲਤਾਂ ‘ਚ ਕਟੌਤੀ ਵੱਲ ਵਧ ਰਹੀ ਹੈ। ਇਸਦੇ ਨਾਲ਼ ਹੀ ਪਿਛਲੇ ਸਾਲਾਂ ਵਿੱਚ ਮੈਕਸੀਕੋ ‘ਚ ਹਕੂਮਤੀ ਜਬਰ ਕਾਫੀ ਤੇਜੀ ਨਾਲ਼ ਵਧਿਆ ਹੈ। ਇਸ ਹਕੂਮਤੀ ਜਬਰ ਨੂੰ ਇੱਕ ਪਾਸੇ ਅਮਰੀਕੀ ਹਕੂਮਤ ਦਾ ਸਹਾਰਾ ਹੈ ਤੇ ਦੂਜੇ ਪਾਸੇ ਇਹ ਨਸ਼ਿਆਂ ਦਾ ਕਾਰੋਬਾਰ ਕਰਦੇ ਵੱਡੇ ਮਾਫੀਆ ਗਰੋਹਾਂ ਨਾਲ਼ ਮਿਲ਼ ਕੇ ਚੱਲ ਰਹੀ ਹੈ। ਇਸ ਤਹਿਤ 2012 ‘ਚ ਕਿਰਤ ਕਨੂੰਨਾਂ ‘ਚ ਸੁਧਾਰ ਕਰਕੇ ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਲੁੱਟ ਵਧਾ ਕੇ ਹੋਰ ਵਧੇਰੇ ਮੁਨਾਫੇ ਕਮਾਉਣ ਦੀ ਖੁੱਲ੍ਹ ਦਿੱਤੀ ਗਈ ਤੇ 2013 ‘ਚ ਸਿੱਖਿਆ ‘ਚ ਸੁਧਾਰ ਕੀਤੇ ਗਏ ਜੋ ਸਿੱਖਿਆ ਢਾਂਚੇ ਨੂੰ ਨਿੱਜੀਕਰਨ ਵੱਲ ਲਿਜਾ ਰਹੇ ਹਨ ਤੇ ਉਦੋਂ ਤੋਂ ਹੀ ਅਧਿਆਪਕਾਂ ਦਾ ਇਹ ਸੰਘਰਸ਼ ਜਾਰੀ ਹੈ।।

ਸਤੰਬਰ 2014 ‘ਚ ਵੀ ਇਸ ਸੰਘਰਸ਼ ਨੇ ਖੂਨੀ ਰੁਖ਼ ਧਾਰਨ ਕਰ ਲਿਆ ਸੀ ਜਦੋਂ ਪੁਲਿਸ ਵੱਲੋਂ 6 ਵਿਦਿਆਥੀ ਮਾਰ ਦਿੱਤੇ ਗਏ ਸਨ ਤੇ 43 ਹੋਰ ਵਿਦਿਆਰਥੀਆਂ ਨੂੰ ਪੁਲਿਸ ਵੱਲੋਂ ਲਾਪਤਾ ਕਰ ਦਿੱਤਾ ਗਿਆ ਸੀ। ਇਸ ਘਟਨਾ ਮਗਰੋਂ ਦੇਸ਼ ਵਿੱਚ ਲੱਖਾਂ ਲੋਕ ਹਕੂਮਤੀ ਜਬਰ ਖਿਲਾਫ ਸੜਕਾਂ ‘ਤੇ ਉੱਤਰੇ ਸਨ। ਮੰਨਿਆ ਜਾਂਦਾ ਹੈ ਕਿ ਇਹਨਾਂ 43 ਵਿਦਿਆਰਥੀਆਂ ਨੂੰ ਪੁਲਿਸ ਨੇ ਗੁੰਡਾ ਗਰੋਹਾਂ ਨਾਲ਼ ਮਿਲ਼ ਕੇ ਕਤਲ ਕਰ ਦਿੱਤਾ ਸੀ। 2014 ਤੋਂ ਬਾਅਦ ਇਸ ਸਾਲ ਤੋਂ ਇਸ ਸੰਘਰਸ਼ ਵਿੱਚ ਫੇਰ ਤੇਜੀ ਆ ਰਹੀ ਹੈ ਤੇ ਉਸਨੇ ਨਾਲ਼ ਹੀ ਮੈਕਸੀਕੋ ਸਰਕਾਰ ਵੱਲੋਂ ਵੀ ਇਸ ਸੰਘਰਸ਼ ਨੂੰ ਦਬਾਉਣ ਲਈ ਨਵੇਂ ਹੱਥਕੰਡੇ ਵਰਤੇ ਜਾ ਰਹੇ ਹਨ।।

ਮਾਰਚ 2016 ‘ਚ ਮੈਕਸੀਕੋ ਦੇ ਸੰਵਿਧਾਨ ਵਿੱਚ ਸੋਧ ਕੀਤੀ ਗਈ ਕਿ ਜਨਤਕ ਅਮਨ ਦੇ ਭੰਗ ਹੋਣ ਜਾਂ ਅਜਿਹਾ ਕੁੱਝ ਵੀ ਜੋ ਸਮਾਜ ਨੂੰ ਖਤਰੇ ਜਾਂ ਝਗੜੇ ਦੀ ਹਾਲਤ ਵਿੱਚ ਲੈ ਜਾਵੇ, ਉਸ ਮੌਕੇ ਹੰਗਾਮੀ ਹਾਲਤ (ਐਮਰਜੰਸੀ) ਐਲਾਨ ਕੇ ਸਭ ਨਾਗਰਿਕ ਹੱਕਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ ਤੇ ਰਾਸ਼ਟਰਪਤੀ ਨੂੰ ਤਾਨਾਸ਼ਾਹੀ ਤਾਕਤ ਹੋਵੇਗੀ। ਬਹੁਤੀਆਂ ਪਾਰਟੀਆਂ ਨੇ ਇਸ ਸੋਧ ਦੀ ਹਮਾਇਤ ਵਿੱਚ ਹੀ ਵੋਟ ਦਿੱਤੀ। ਇਸ ਸੋਧ ਦੇ ਖਿਲਾਫ ਵੀ ਮੈਕਸੀਕੋ ਵਿੱਚ ਕਾਫੀ ਹੜਤਾਲਾਂ, ਮੁਜਾਹਰੇ ਹੋਏ ਹਨ।

22 ਮਾਰਚ ਨੂੰ ਮੈਕਸਿਕੋ ਦੇ ਸਿੱਖਆਿ ਸਕੱਤਰ ਓਰੈਨੀਓ ਨੁਨੋ ਨੇ ਮੈਕਸੀਕੋ ਦੇ ਅਧਿਆਪਕਾਂ ਦੀ ਸਿਖਲਾਈ ਦੇ ਸਰਕਾਰੀ ਪ੍ਰੋਗਰਾਮ (ਨਾਰਮਲਸ) ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ। ਇਹ ਨਾਰਮਲਸ ਸਕੂਲ ਖੁਦ ਵੀ ਸੰਘਰਸ਼ਾਂ ‘ਚ ਜੋਰਦਾਰ ਹਿੱਸਾ ਲੈਂਦੇ ਰਹੇ ਹਨ ਤੇ ਇਹਨਾਂ ‘ਚੋਂ ਪੜ੍ਹੇ ਅਧਿਆਪਕ ਵੀ ਆਮ ਕਿਰਤੀਆਂ, ਮਜ਼ਦੂਰਾਂ ਦੇ ਸੰਘਰਸ਼ਾਂ ਚ ਸ਼ਾਮਲ ਰਹੇ ਹਨ। ਇਸ ਕਦਮ ਮਗਰੋਂ ਅਧਿਆਪਕਾਂ ਦਾ ਸੰਘਰਸ਼ ਹੋਰ ਤੇਜ ਹੋ ਗਿਆ।।

ਮੈਕਸੀਕੋ ਦਾ ਦੱਖਣੀ ਇਲਾਕਾ ਸਭ ਤੋਂ ਵੱਧ ਜੁਝਾਰੂ ਹੈ। ਓਆਜ਼ਕਾ ਤੋਂ ਲੈ ਕੇ ਮੈਕਸੀਕੋ ਸਿਟੀ ਤੱਕ ਦਾ ਖੇਤਰ ਇਹਨਾਂ ਸੰਘਰਸ਼ਾਂ ਦਾ ਸਭ ਤੋਂ ਵੱਡਾ ਅਖਾੜਾ ਹੈ। 19 ਮਈ ਨੂੰ ਸਿੱਖਿਆ ਸਕੱਤਰ ਓਰੈਲੀਓ ਨੁਨੋ ਮਾਇਰ ਨੇ ਓਆਜ਼ਕਾ, ਗੁਰੈਰੋ ਤੇ ਮੀਚੋਆਕਾਨ ਸੂਬਿਆਂ ‘ਚ ਉਹਨਾਂ ਅਧਿਆਪਕਾਂ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜੋ ਲਗਤਾਰ 4 ਦਿਨਾਂ ਤੱਕ ਗੈਰ-ਹਾਜ਼ਰ ਰਹੇ। ਦੱਖਣੀ ਮੈਕਸੀਕੋ ਦੇ ਇਹ ਤਿੰਨੇ ਸੂਬੇ ਅਧਿਆਪਕਾਂ ਤੇ ਮਜ਼ਦੂਰਾਂ ਦੀ ਤਾਕਤ ਦੇ ਵੱਡੇ ਗੜ੍ਹ ਹਨ। ਇਹ ਫੈਸਲਾ ਤੋਂ ਮੈਕਸੀਕੋ ‘ਚ ਸਿੱਖਿਆ ਸੁਧਾਰਾਂ ਖਿਲਾਫ ਅਧਿਆਪਕਾਂ ਦੀ ਚੱਲ ਰਹੀ ਹੜਤਾਲ ਨੂੰ ਤੋੜਨ ਲਈ ਲਿਆ ਗਿਆ ਸੀ।।ਇਸ ਮਗਰੋਂ 4300 ਅਧਿਆਪਕਾਂ ਨੂੰ ਕੱਢ ਦਿੱਤਾ ਤੇ ਹੜਤਾਲ ਵਿੱਚ ਸ਼ਾਮਲ ਹੋਰਨਾਂ ਦੀਆਂ ਤਨਖਾਹਾਂ ਕੱਟ ਲਈਆਂ।  ਸਰਕਾਰ ਦਾ ਕਹਿਣਾ ਹੈ ਕਿ ਅਧਿਆਪਕਾਂ ਨਾਲ਼ ਓਨਾ ਚਿਰ ਕੋਈ ਸਮਝੌਤਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਸਿੱਖਿਆ ‘ਚ ਨਵੀਆਂ ਸੋਧਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੁੰਦੇ।।ਇਹ ਸੋਧਾਂ ਸਿੱਖਿਆ ਦਾ ਨਿੱਜੀਕਰਨ ਕਰ ਰਹੀਆਂ ਹਨ ਤੇ ਮੈਕਸੀਕੋ ਦੀ ਸਿੱਖਿਆ ਪ੍ਰਣਾਲੀ ਦੀਆਂ ਅਸਫਲਤਾਵਾਂ ਦਾ ਦੋਸ਼ ਅਧਿਆਪਕਾਂ ਨੂੰ ਦੇ ਰਹੀਆਂ ਹਨ।  

12 ਜੂਨ ਨੂੰ ਸੈਸੀਨ 22 (ਓਆਜ਼ਕਾ ਸੂਬੇ ਦੀ ਅਧਿਆਪਕ ਜਥੇਬੰਦੀ) ਦੇ ਆਗੂ ਰੁਬੇਨ ਨੁਨੇਜ਼ ਅਤੇ ਦੂਜੇ ਨੰਬਰ ਦੇ ਆਗੂ ਫਰਾਂਸਿਸਕੋ ਵਿਲਾਲੋਬੋਸ ਨੂੰ ਵੱਖ-ਵੱਖ ਥਾਵਾਂ ਤੋਂ ਹਥਿਆਰਬੰਦ ਪੁਲਿਸ ਵੱਲੋਂ ਸਿਵਲ ਵਰਦੀ ‘ਚ ਗ੍ਰਿਫਤਾਰ ਕਰਕੇ ਹਜ਼ਾਰਾਂ ਮੀਲ ਦੂਰ ਉੱਤਰ ਵਿੱਚ ਸਖਤ ਸੁਰੱਖਿਆ ਹੇਠ ਕੈਦ ਕਰ ਦਿੱਤਾ।।ਇਸ ਅਧਿਆਪਕ ਜਥੇਬੰਦੀ ਦੇ 3 ਸਿਖਰਲੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਝੂਠੇ ਮਾਮਲਿਆਂ ‘ਚ ਫਸਾ ਦਿੱਤਾ ਗਿਆ ਹੈ ਤੇ ਇਹਨਾਂ 3 ਆਗੂਆਂ ਤੋਂ ਬਿਨਾਂ ਹੋਰ ਅਹਿਮ 4 ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।।

ਅਧਿਆਪਕ ਆਗੂਆਂ ਤੇ ਸਰਗਰਮ ਕਾਰਕੁੰਨਾਂ ਦੀ ਗ੍ਰਿਫਤਾਰੀ ਨਾਲ਼ ਇਸ ਸੰਘਰਸ਼ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਮਗਰੋਂ ਹੀ 19 ਜੂਨ ਦੀ ਹਿੰਸਕ ਕਾਰਵਾਈ ਰਾਹੀਂ ਬਾਕੀ ਅਧਿਆਪਕਾਂ ‘ਚ ਦਹਿਸ਼ਤ ਪੈਦਾ ਕਰਕੇ ਇਸ ਸੰਘਰਸ਼ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।। ਪਰ ਸੱਤ੍ਹਾ ਦੇ ਇਹਨਾਂ ਕਦਮਾਂ ਰਾਹੀਂ ਮੈਕਸੀਕੋ ਦੇ ਜੁਝਾਰੂ ਅਧਿਆਪਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਤੇ 19 ਜੂਨ ਦੇ ਕਤਲੇਆਮ ਤੋਂ ਬਾਅਦ ਵੀ ਇਹਨਾਂ ਜੁਝਾਰੂ ਅਧਿਆਪਕਾਂ ਦਾ ਸੰਘਰਸ਼ ਹਾਲੇ ਤੱਕ ਜਾਰੀ ਹੈ।।

ਮੈਕਸੀਕੋ ‘ਚ ਸਿੱਖਿਆ ਦਾ ਨਿੱਜੀਕਰਨ ਕਰਨ ਲਈ ਕਤਲੇਆਮ ਦੀ ਹੱਦ ਤੱਕ ਜਾਣ ਦੀਆਂ ਸੱਤ੍ਹਾ ਦੀਆਂ ਕੋਸ਼ਿਸ਼ਾਂ ਸੰਸਾਰ ਭਰ ਵਿੱਚ ਸਿੱਖਿਆ, ਸਿਹਤ, ਆਵਾਜਾਈ ਤੇ ਹੋਰ ਜਨਤਕ ਸਹੂਲਤਾਂ ਦੇ ਨਿੱਜੀਕਰਨ ਕਰਦੇ ਜਾਣ ਦੀਆਂ ਕੋਸ਼ਿਸ਼ਾਂ ਦਾ ਹੀ ਇੱਕ ਅੰਗ ਹੈ।। ਭਾਰਤ ਸਮੇਤ ਸੰਸਾਰ ਦੇ ਵੱਡੇ ਹਿੱਸੇ ਵਿੱਚ ਨਿੱਜੀਕਰਨ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ ਜਿਸਦੇ ਲਈ ਸੱਤ੍ਹਾ ਆਪਣੇ ਜਬਰ ਦੇ ਸੰਦਾਂ ਦਾ ਰੱਜ ਕੇ ਲਾਹਾ ਲੈ ਰਹੀ ਹੈ।। ਇਹ ਦਿਖਾਉਂਦਾ ਹੈ ਕਿ ਮੌਜੂਦਾ ਸਰਮਾਏਦਾਰਾ ਢਾਂਚਾ ਹੋਰ ਵੀ ਗਲ਼-ਸੜ ਰਿਹਾ ਹੈ ਤੇ ਇਹ ਹੁਣ ਲੋਕਾਂ ਨੂੰ ਮਾੜੀਆਂ ਮੋਟੀਆਂ ਸਹੂਲਤਾਂ, ਰਾਹਤਾਂ ਦੇਣ ਲਈ ਵੀ ਤਿਆਰ ਨਹੀਂ।। ਦੂਜੇ ਪਾਸੇ ਮੈਕਸੀਕੋ ਦੇ ਅਧਿਆਪਕਾਂ ਦਾ ਜੁਝਾਰੂਪਣ ਇਸ ਨਿੱਜੀਕਰਨ ਖਿਲਾਫ ਸੰਸਾਰ ਭਰ ਵਿੱਚ ਮਜ਼ਦੂਰ ਜਮਾਤ ਦੇ ਵਧ ਰਹੇ ਸੰਘਰਸ਼ਾਂ ਦਾ ਪ੍ਰਤੀਕ ਹੈ, ਜੋ ਦਿਖਾਉਂਦਾ ਹੈ ਕਿ ਲੋਕ ਇਸ ਜਬਰ ਜੁਲਮ ਨੂੰ ਹੋਰ ਬਹੁਤਾ ਚਿਰ ਨਹੀਂ ਸਹਿਣਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements