ਮਾਰਕਸ-ਏਂਗਲਜ਼ ਦੀ ਦੋਸਤੀ ਦੀ ਬੇਮਿਸਾਲ ਗਾਥਾ •ਗੁਰਪ੍ਰੀਤ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਮਾਰਕਸਵਾਦ’ ਅਜਿਹਾ ਸ਼ਬਦ ਹੈ ਜੋ ਅੱਜ ਪੂਰੇ ਸੰਸਾਰ ਵਿੱਚ ਮਜ਼ਦੂਰ ਜਮਾਤ ਦੀ ਮੁਕਤੀ ਦੇ ਵਿਗਿਆਨਕ ਰਾਹ ਦਾ ਪ੍ਰਤੀਕ ਹੈ। ਇਹ ਮਨੁੱਖਤਾ ਦੇ ਸਿਰ ਉੱਪਰ ਸਦੀਆਂ ਤੋਂ ਲਟਕ ਰਹੇ ਲੁੱਟ, ਜ਼ਬਰ ਤੇ ਬੇਇਨਸਾਫ਼ੀ ਦੇ ਜੂਲ਼ੇ ਨੂੰ ਸਦਾ ਲਈ ਲਾਹ ਵਗਾਹ ਮਾਰਨ ਤੇ ਮਨੁੱਖਤਾ ਦੀਆਂ ਮਾਣਮੱਤੀਆਂ ਪੀੜੀਆਂ ਸਿਰਜਣ ਦੀ ਸਮਰੱਥਾ ਰੱਖਦਾ ਹੈ। 20ਵੀਂ ਸਦੀ ਵਿੱਚ ਇਸਨੇ ਦੋ ਵੱਡੇ ਤੇ ਮਹਾਨ ਇਨਕਲਾਬਾਂ ਦੇ ਤਜ਼ਰਬਿਆਂ ਰਾਹੀਂ ਮਨੁੱਖਤਾ ਦੀ ਮੁਕਤੀ ਦੇ ਸੁਪਨੇ ਦੀ ਸੰਭਵਤਾ, ਸਗੋਂ ਅਟੱਲਤਾ ਨੂੰ ਸਿੱਧ ਕੀਤਾ ਅਤੇ ਇਸ ਮੁਕਤੀ ਲਈ ਚੱਲ ਰਹੀ ਜੱਦੋ-ਜਹਿਦ ਨੂੰ ਨਵੀਆਂ ਸਿਧਾਂਤਕ ਤੇ ਅਮਲੀ ਸਿਖਰਾਂ ਉੱਤੇ ਪੁਹੰਚਾਇਆ ਹੈ। ਅੱਜ ਸੰਸਾਰ ਭਰ ਵਿੱਚ ਮਨੁੱਖਤਾ ਦੀ ਮੁਕਤੀ ਲਈ ਚੱਲ ਰਹੇ ਲੋਕ ਘੋਲਾਂ, ਇਨਕਲਾਬੀ ਲਹਿਰਾਂ ਦਾ ਬਹੁਤਾ ਵੱਡਾ ਹਿੱਸਾ ਮਾਰਕਸਵਾਦ ਦੇ ਝੰਡੇ ਹੇਠ ਹੀ ਵਿਚਰ ਰਿਹਾ ਹੈ। ਇਸੇ ਕਾਰਨ ਅੱਜ ਮਾਰਕਸਵਾਦ ਸ਼ਬਦ ਸੰਸਾਰ ਦੇ ਸਭ ਸਰਮਾਏਦਾਰਾ-ਸਾਮਰਾਜੀ ਲੁਟੇਰਿਆਂ ਲਈ ਸਭ ਤੋਂ ਖੌਫ਼ਨਾਕ ਸ਼ਬਦ ਹੈ ਤੇ ਇਸੇ ਲਈ ਇਸਨੂੰ ਭੰਡਣ ਲਈ ਸਭ ਤੋਂ ਵੱਧ ਜ਼ੋਰ ਲਾਇਆ ਜਾ ਰਿਹਾ ਹੈ। ਪਰ ਹਰ ਟੁੱਚੇ ਤੇ ਜ਼ੋਰਦਾਰ ਹਮਲਿਆਂ ਦਾ ਮੂੰਹ ਤੋੜ ਜੁਆਬ ਦਿੰਦਾ ਮਾਰਕਸਵਾਦ ਦਾ ਪਰਚਮ ਸ਼ਾਨਾਮੱਤੇ ਢੰਗ ਨਾਲ਼ ਲਹਿਰਾ ਰਿਹਾ ਹੈ। ਆਪਣੇ ਲਗਭਗ 170 ਕੁ ਵਰ੍ਹਿਆਂ ਦੇ ਬਹੁਤ ਥੋੜੇ ਵਕਫ਼ੇ ਵਿੱਚ ਇਸ ਸ਼ਬਦ ਨੇ ਇੰਨੀਆਂ ਪ੍ਰਾਪਤੀਆਂ ਰਚੀਆਂ ਹਨ ਕਿ ਇਸ ਤੋਂ ਪਹਿਲਾਂ ਦਾ ਹਜ਼ਾਰਾਂ ਸਾਲਾਂ ਦਾ ਮਨੁੱਖੀ ਇਤਿਹਾਸ ਇਸ ਅੱਗੇ ਫ਼ਿੱਕਾ ਪੈ ਜਾਂਦਾ ਹੈ। ਮਜ਼ਦੂਰ ਜਮਾਤ ਦੀ ਇਸ ਲਹਿਰ ਦੇ ਇੱਕ ਵਡਮੁੱਲੇ ਹਾਸਲ, ਮਾਰਕਸਵਾਦ ਦੇ ਬਾਨੀਆਂ ਕਾਰਲ ਮਾਰਕਸ ਤੇ ਫ਼ਰੈਡਰਿਕ ਏਂਗਲਜ਼ ਦੀ ਬੇਮਸਿਲ ਦੋਸਤੀ ਦੀ ਗਾਥਾ ਦੀ ਚਰਚਾ ਹੀ ਇਸ ਲੇਖ ਦਾ ਵਿਸ਼ਾ ਹੈ। ਦੋਵਾਂ ਦੋਸਤਾਂ ਦਾ ਜੀਵਨ, ਕੰਮ ਤੇ ਸਖਸ਼ੀਅਤ ਏਨੀ ਵਿਸ਼ਾਲ ਤੇ ਵੰਨ-ਸੁਵੰਨੀ ਹੈ ਕਿ ਕੁੱਝ ਪੰਨਿਆਂ ਵਿੱਚ ਇਸਨੂੰ ਸਮੇਟਣਾ ਔਖਾ ਹੈ।
‘ਮਾਰਕਸਵਾਦ’ ਸ਼ਬਦ ਨੂੰ ਭਾਵੇਂ ਇੱਕ ਇਨਸਾਨ ਦਾ ਨਾਂ ਮਿਲ਼ਿਆ ਹੈ, ਅਸਲ ਵਿੱਚ ਦੋ ਮਹਾਂਮਾਨਵਾਂ ਦਾ ਵੱਖ ਨਾ ਕੀਤਾ ਜਾ ਸਕਣ ਵਾਲ਼ਾ ਕੰਮ ਹੈ। ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਵਿੱਚੋਂ ਕਿਸੇ ਦੇ ਵੀ ਜੀਵਨ ਬਾਰੇ ਗੱਲ ਕਰਨੀ ਹੋਵੇ, ਇੱਕ ਦਾ ਜ਼ਿਕਰ ਕੀਤੇ ਬਿਨਾਂ ਦੂਜੇ ਦਾ ਜੀਵਨ ਵੀ ਅਧੂਰਾ ਰਹਿੰਦਾ ਹੈ ਕਿਉਂਕਿ ਦੋਵਾਂ ਦੀ ਜ਼ਿੰਦਗੀ ਏਨੀ ਪੀਡੀ ਤਰ੍ਹਾਂ ਆਪਸ ਵਿੱਚ ਗੁੰਦੀ ਹੋਈ ਹੈ ਕਿ ਇਹਨਾਂ ਨੂੰ ਵੱਖ ਕਰਨਾ ਸੰਭਵ ਹੀ ਨਹੀਂ ਹੈ ਦੋਵਾਂ ਦੀ ਦੋਸਤੀ ਪੂਰੇ ਮਨੁੱਖੀ ਇਤਿਹਾਸ ਵਿੱਚ ਬੇਮਿਸਾਲ ਹੈ। ਲੈਨਿਨ ਨੇ ਵੀ ਲਿਖਿਆ ਸੀ ਕਿ “ਪੁਰਾਤਨ ਯੂਨਾਨ ਵਿੱਚ ਦੋਸਤੀ ਦੇ ਅਨੇਕਾਂ ਦਿਲ ਟੁੰਬਵੇਂ ਕਿੱਸੇ ਮਿਲ਼ਦੇ ਹਨ। ਆਧੁਨਿਕ ਮਜ਼ਦੂਰ ਜਮਾਤ ਕਹਿ ਸਕਦੀ ਹੈ ਕਿ ਉਸਦੀ ਮੁਕਤੀ ਦੇ ਵਿਗਿਆਨ ਦੀ ਸਿਰਜਣਾ ਦੋ ਅਜਿਹੇ ਸੂਰਬੀਰਾਂ ਨੇ ਕੀਤੀ ਹੈ ਜਿਨ੍ਹਾਂ ਦੀ ਦੋਸਤੀ ਦੇ ਗਾਥਾ ਪੁਰਾਤਨ ਯੂਨਾਨੀ ਗਾਥਾਵਾਂ ਨੂੰ ਵੀ ਮਾਤ ਪਾਉਂਦੀ ਹੈ।” ਇਸ ਦੋਸਤੀ ਦੇ ਲਾਸਾਨੀ ਹੋਣ ਦਾ ਕਾਰਨ ਸਿਰਫ਼ ਦੋਵਾਂ ਦਾ ਇੱਕ-ਦੂਜੇ ਪ੍ਰਤੀ ਸਰਮਪਣ, ਭਰੋਸਾ ਜਾਂ ਸਨੇਹ ਹੀ ਨਹੀਂ ਹੈ। ਅਸਲ ਵਿੱਚ ਦੋਵਾਂ ਮਿੱਤਰਾਂ ਦਾ ਜੀਵਨ ਮਨੁੱਖਤਾ ਦੀ ਮੁਕਤੀ ਦੇ ਇੱਕੋ ਹੀ ਸਾਂਝੇ ਤੇ ਮਹਾਨ ਕਾਜ਼ ਨੂੰ ਅਰਪਣ ਹੋ ਗਿਆ ਤੇ ਇਸੇ ਕਾਜ਼ ਪ੍ਰਤੀ ਸਮਰਪਿਤ ਜੀਵਨ ਨੇ ਉਹਨਾਂ ਦੀ ਦੋਸਤੀ ਨੂੰ ਅਸਮਾਨ ਵਿੱਚ ਹਮੇਸ਼ਾ ਲਈ ਚਮਕਣ ਵਾਲੇ ਰੌਸ਼ਨ ਤਾਰੇ ਵਾਂਗ ਬਣਾ ਦਿੱਤਾ ਹੈ।
5 ਮਈ 1818 ਨੂੰ ਪਰਸ਼ੀਆ (ਜਰਮਨੀ) ਦੇ ਰਾਈਨ ਸੂਬੇ ਦੇ ਤ੍ਰੇਅਰ ਸ਼ਹਿਰ ਵਿੱਚ ਕਾਰਲ ਮਾਰਕਸ ਦਾ ਜਨਮ ਹੋਇਆ ਤੇ ਉਸ ਤੋਂ ਲਗਭਗ 2 ਸਾਲ ਬਾਅਦ 28 ਨਵੰਬਰ 1820 ਨੂੰ ਰਾਈਨ ਸੂਬੇ ਦੇ ਇੱਕ ਹੋਰ ਸ਼ਹਿਰ ਬਾਰਮਨ ਵਿੱਚ ਹੀ ਫ਼ਰੈਡਰਿਕ ਏਂਗਲਜ਼ ਦਾ ਜਨਮ ਹੋਇਆ। ਉਸ ਵੇਲੇ ਕਿਸੇ ਦੇ ਚਿੱਤ-ਚੇਤਾ ਵੀ ਨਹੀਂ ਹੋਵੇਗਾ ਕਿ ਕੁੱਝ ਮੀਲਾਂ ਦੀ ਵਿੱਥ ਉੱਤੇ ਜਨਮੇ ਇਹ ਦੋ ਬਾਲ ਸਮੁੱਚੇ ਮਨੁੱਖੀ ਇਤਿਹਾਸ ਨੂੰ ਜ਼ੋਰਦਾਰ ਢੰਗ ਨਾਲ਼ ਹਲੂਣਾ ਦੇਣਗੇ। ਵੱਖੋ-ਵੱਖਰੇ ਪਾਲਣ-ਪੋਸ਼ਣ ਤੇ ਵੱਖੋ-ਵੱਖਰੀਆਂ ਰੁਚੀਆਂ ਵਿੱਚੋਂ ਗੁਜ਼ਰਦੇ ਦੋਵੇਂ ਜਣੇ ਆਪਣੀ ਜਵਾਨੀ ਦੀਆਂ ਬਰੂਹਾਂ ‘ਤੇ ਪਹੁੰਚੇ। ਕਾਰਲ ਮਾਰਕਸ ਦੇ ਨੌਜਵਾਨ ਹੀਗਲਪੰਥੀਆਂ ਨਾਲ਼ੋਂ ਤੋੜ-ਵਿਛੋੜੇ ਦੀ ਪ੍ਰਕਿਰਿਆ ਵਿੱਚ ਉਹਨਾਂ ਦੀਆਂ ਲਿਖਤਾਂ ਪਹਿਲਾਂ ‘ਰਾਈਨਿਸ਼ ਜਈਤੁੰਗ’ ਤੇ ਮਗਰੋਂ ‘ਫ਼ਰਾਂਸੀਸੀ ਜਰਮਨ-ਸਾਲਨਾਮਾ’ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਉਸੇ ਸਮੇਂ ਏਂਗਲਜ਼ ਨੇ ਵੀ ਲਗਭਗ ਉਸੇ ਰਾਹ ਚਲਦਿਆਂ ਇਹਨਾਂ ਦੋਹਾਂ ਅਖ਼ਬਾਰਾਂ ਵਿੱਚ ਲਿਖਣਾ ਸ਼ੁਰੂ ਕੀਤਾ। ਦੋਵੇਂ ਨੇ ਵੇਖਿਆ ਕਿ ਦੋਵੇਂ ਅਜ਼ਾਦ ਢੰਗ ਨਾਲ਼ ਸੋਚਿਆਂ ਲਗਭਗ ਇੱਕੋ ਨਤੀਜੇ ਉੱਤੇ ਪਹੁੰਚ ਰਹੇ ਹਨ, ਖਾਸ ਕਰਕੇ ਆਰਥਿਕ ਸਰਗਰਮੀ ਨੂੰ ਬਾਕੀ ਸਰਗਰਮੀਆਂ ਦਾ ਅਧਾਰ ਮੰਨਣ ਕਾਰਨ ਦੋਵਾਂ ਦੀ ਇੱਕ-ਦੂਜੇ ਵਿੱਚ ਦਿਲਚਸਪੀ ਜਾਗੀ ਤੇ ਦੋਵਾਂ ਵਿੱਚ ਚਿੱਠੀ ਪੱਤਰ ਸ਼ੁਰੂ ਹੋ ਗਿਆ। ਅਗਸਤ 1844 ਏਂਗਲਜ਼ ਮਾਰਕਸ ਨੂੰ ਮਿਲ਼ਣ ਪੈਰਿਸ ਆਏ ਤੇ 10 ਦਿਨ ਉਹਨਾਂ ਨਾਲ਼ ਬਿਤਾਏ। ਇਹਨਾਂ 10 ਦਿਨਾਂ ਨਾਲ਼ ਹੀ ਇੱਕ ਦੋਸਤੀ ਦੀ ਇੱਕ ਬੇਮਿਸਾਲ ਗਾਥਾ ਦਾ ਵੀ ਮੁੱਢ ਬੱਝਿਆ ਗਿਆ ਜੋ 1883 ਵਿੱਚ ਮਾਰਕਸ ਦੀ ਮੌਤ, ਸਗੋਂ 1895 ਵਿੱਚ ਏਂਗਲਜ਼ ਦੀ ਮੌਤ ਤੱਕ ਨਿਭੀ।
ਉਹਨਾਂ ਦੀ ਸਿਆਸੀ ਤੇ ਸਿਧਾਂਤਕ ਜ਼ਿੰਦਗੀ ਇਸ ਹੱਦ ਤੀਕ ਘੁਲ਼-ਮਿਲ਼ ਗਈ ਕਿ ਕਿਸੇ ਵੀ ਨੁਕਤੇ ਨੂੰ ਲੋਕਾਂ ਸਾਹਮਣੇ ਲਿਜਾਣ ਤੋਂ ਪਹਿਲਾਂ ਦੋਵੇਂ ਦੋਸਤ ਆਪਸ ਵਿੱਚ ਵਿਚਾਰਦੇ ਤੇ ਇੱਕ ਦੀ ਸਹਿਮਤੀ ਤੋਂ ਬਿਨਾਂ ਦੂਜਾ ਉਹਨਾਂ ਨੂੰ ਜਨਤਕ ਨਾ ਕਰਦਾ। ਜਿੱਥੇ ਮਾਰਕਸਵਾਦ ਦੀਆਂ ਅਨੇਕਾਂ ਅਹਿਮ ਕਿਰਤਾਂ ਇਹਨਾਂ ਦੋਵਾਂ ਦੋਸਤਾਂ ਦੇ ਨਾਮ ਹਨ ਉੱਥੇ ਕਿਸੇ ਇੱਕ ਦੇ ਨਾਮ ਹੇਠ ਛਪੀਆਂ ਲਿਖਤਾਂ ਵਿੱਚ ਵੀ ਦੂਸਰੇ ਦੇ ਸਲਾਹ-ਮਸ਼ਵਰਿਆਂ ਤੇ ਪੜਚੋਲ ਦਾ ਅਹਿਮ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਮਜ਼ਦੂਰ ਦੀਆਂ ਸਭਾਵਾਂ, 1848 ਦੇ ਇਨਕਲਾਬ ਤੋਂ ਲੈ ਕੇ ਕਮਿਊਨਿਟ ਲੀਗ, ਕਮਿਊਨਿਸਟ ਇੰਟਰਨੈਸ਼ਨਲ ਸਮੇਤ ਅਨੇਕਾਂ ਇਨਕਲਾਬੀ ਸਰਗਰਮੀਆਂ ਵਿੱਚ ਦੋਹੇਂ ਇਕੱਠੇ ਸ਼ਮੂਲੀਅਤ ਕਰਦੇ ਰਹੇ। ਦੋਹਾਂ ਦੇ ਸਿਧਾਂਤਕ ਤੇ ਸਿਆਸੀ ਜੀਵਨ ਦੇ ਹੋਰ ਵਿਸਥਾਰ ਵਿੱਚ ਨਾ ਜਾਂਦੇ ਹੋਏ ਅਸੀਂ ਦੋਵਾਂ ਦੀ ਸਖਸ਼ੀਅਤ ਤੇ ਦੋਵਾਂ ਦੀ ਦੋਸਤੀ ਦੀ ਗਾਥਾ ਉੱਤੇ ਆਪਣੀ ਗੱਲ ਕੇਂਦਰਤ ਕਰਦੇ ਹਾਂ।
ਮਾਰਕਸ ਤੇ ਏਂਗਲਜ਼ ਬੌਧਿਕ ਸਮਰੱਥਾ ਤੇ ਸਖਸ਼ੀਅਤ ਪੱਖੋਂ ਇੱਕੋ ਨਹੀਂ ਸਨ। ਦੋਵਾਂ ਵਿੱਚ ਜਿੱਥੇ ਅਨੇਕਾਂ ਸਾਂਝਾਂ ਸਨ ਉੱਥੇ ਦੋਵਾਂ ਦੀ ਆਪੋ-ਆਪਣੀਆਂ ਕੁੱਝ ਖਾਸੀਅਤਾਂ, ਕੁੱਝ ਵਖਰੇਵੇਂ ਵੀ ਸਨ। ਪਰ ਠੀਕ ਇਹੋ ਕਾਰਨ ਹੈ ਕਿ ਉਹ ਏਨੀ ਚੰਗੀ ਤਰ੍ਹਾਂ ਇੱਕ-ਦੂਜੇ ਦੇ ਪੂਰਕ ਬਣੇ। ਦੋਵਾਂ ਕੋਲ਼ ਨਿੱਘੇ ਮਨੁੱਖੀ ਦਿਲ ਸਨ ਜੋ ਸ਼ਿੱਦਤ ਨਾਲ਼ ਪਿਆਰ ਤੇ ਉਨੇਂ ਹੀ ਵੇਗ ਨਾਲ਼ ਨਫਰਤ ਕਰਨ ਦੇ ਵੀ ਸਮਰੱਥ ਸਨ। ਦੋਵਾਂ ਦੇ ਦਰਵਾਜ਼ੇ ਦੋਸਤਾਂ, ਇਨਕਲਾਬੀਆਂ ਲਈ ਹਮੇਸ਼ਾਂ ਖੁੱਲ੍ਹੇ ਰਹਿੰਦੇ। ਦੋਵੇਂ ਸਾਹਿਤ ਤੇ ਕਲਾਵਾਂ ਦੇ ਚੰਗੇ ਰਸੀਏ ਸਨ। ਦੋਵੇਂ ਸਮਾਜ ਵਿਗਿਆਨ ਤੋਂ ਬਿਨਾਂ ਕੁਦਰਤੀ ਵਿਗਿਆਨਾਂ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਸਨ। ਦੋਵੇ ਦਿਖਾਵੇਬਾਜ਼ੀ, ਪਖੰਡ, ਕਮੀਨਗੀ ਤੇ ਵਿਗਿਆਨ ਨਾਲ਼ ਗੱਦਾਰੀ ਨੂੰ ਸਖ਼ਤ ਨਫ਼ਰਤ ਕਰਦੇ ਸਨ। ਸਭ ਤੋਂ ਅਹਿਮ ਦੋਵੇਂ ਦੋਸਤ ਇੱਕੋ ਸਾਂਝੇ ਤੇ ਮਹਾਨ ਉਦੇਸ਼ ਪ੍ਰਤੀ ਸਮਰਪਿਤ ਸਨ। ਇਹ ਉਹਨਾਂ ਦੀਆਂ ਸਖਸ਼ੀਅਤਾਂ ਦੀਆਂ ਕੁੱਝ ਸਾਂਝਾਂ ਸਨ।
ਜਿੱਥੇ ਤੱਕ ਵਖਰੇਵਿਆਂ ਦਾ ਸੁਆਲ ਹੈ ਤਾਂ ਏਂਗਲਜ਼ ਖੁਸ਼-ਮਿਜ਼ਾਜ, ਮਖ਼ੌਲੀਆ ਤੇ ਸ਼ੌਕੀਨ ਸੁਭਾਅ ਦੇ ਮਾਲਕ ਸਨ। ਸਫ਼ਾਈ ਤੇ ਸਲੀਕਾ, ਘੋੜ ਸਵਾਰੀ, ਸ਼ਿਕਾਰ ਕਰਨਾ, ਦੋਸਤਾਂ ਦੀ ਸੰਗਤ ਮਾਨਣਾ ਉਹਨਾਂ ਦੀ ਸਖਸ਼ੀਅਤ ਦਾ ਅਨਿੱਖੜਵਾਂ ਹਿੱਸਾ ਸੀ। ਏਂਗਲਜ਼ ਦੀ ਭਾਸ਼ਾਵਾਂ ਵਿੱਚ ਵੀ ਬੜੀ ਦਿਲਚਸਪੀ ਲੈਂਦੇ ਸਨ ਤੇ ਉਹ ਤਕਰਬੀਨ 22 ਭਾਸ਼ਾਵਾਂ ਜਾਣਦੇ ਸਨ। ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਲੋਕਾਂ ਨਾਲ਼ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਨਾ, ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਚਿੱਠੀਆਂ ਲਿਖਣਾ ਉਹਨਾਂ ਨੂੰ ਪਸੰਦ ਸੀ। ਏਂਗਲਜ਼ ਇੱਕੋ ਵਿਸ਼ੇ ਦੇ ਅਧਿਐਨ ਵਿੱਚ ਲੰਮੇ ਚਿਰ ਲਈ ਖੁਭੇ ਨਹੀਂ ਸਨ ਰਹਿੰਦੇ ਪਰ ਤਾਂ ਵੀ ਵਿਗਿਆਨ ਤੇ ਸੱਭਿਆਚਾਰ ਦੇ ਅਨੇਕਾਂ ਖੇਤਰਾਂ ਦਾ ਡੂੰਘਾ ਅਧਿਐਨ ਕਰਦੇ ਸਨ ਤੇ ਉਹਨਾਂ ਦੀ ਸਮੱਗਰੀ ਦਾ ਵਧੇਰੇ ਸੌਖੀ ਤਰ੍ਹਾਂ ਆਪਣੀਆਂ ਲਿਖਤਾਂ ਵਿੱਚ ਸੰਸਲੇਸ਼ਣ ਕਰ ਲੈਂਦੇ ਸਨ। ਏਂਗਲਜ਼ ਦੇ ਗਿਆਨ ਦੀ ਵੰਨ-ਸੁਵੰਨਤਾ ਦੇ ਮਾਰਕਸ ਵੀ ਕਾਇਲ ਸਨ।
ਮਾਰਕਸ ਖੁਸ਼-ਮਿਜ਼ਾਜੀ ਤੇ ਜ਼ਿੰਦਾਦਿਲੀ ਦੇ ਬਾਵਜੂਦ ਏਂਗਲਜ਼ ਦੇ ਮੁਕਾਬਲੇ ਕੁੱਝ ਗੰਭੀਰ ਸੁਭਾਅ ਦੇ ਸਨ। ਸਬਰ, ਦੂਜਿਆਂ ਪ੍ਰਤੀ ਹਮਦਰਦੀ ਤੇ ਬੱਚਿਆਂ ਲਈ ਉਹਨਾਂ ਦਾ ਸਨੇਹ ਉਹਨਾਂ ਦੀ ਸਖਸ਼ੀਅਤ ਦੇ ਉੱਘੜਵੇਂ ਲੱਛਣ ਸਨ। ਉਹ ਕਈ ਭਾਸ਼ਵਾਂ ਜਾਣਦੇ ਸਨ ਤੇ ਹੋਮਰ, ਸ਼ੇਕਸਪੀਅਰ ਆਦਿ ਕਾਫੀ ਕੁੱਝ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਘੰਟਿਆਂ ਬੱਧੀ ਸਿਧਾਂਤਕ ਕੰਮ ਪਿੱਛੋਂ ਅਰਾਮ ਤੇ ਮਨੋਰੰਜਨ ਲਈ ਸਾਹਿਤ ਪੜ੍ਹਨਾ ਜਾਂ ਗਣਿਤ ਉੱਤੇ ਦਿਮਾਗ ਖਪਾਉਣਾ ਜਾਂ ਕਹੀਏ ਚਿੰਤਨ ਨੂੰ ਮਨੋਰੰਜ਼ਨ ਦਾ ਸਾਧਨ ਮੰਨਣਾ ਉਹਨਾਂ ਦਾ ਵਿਲੱਖਣ ਗੁਣ ਸੀ। ਹਮੇਸ਼ਾ ਨਵਾਂ ਜਾਨਣ ਦੀ ਅਮੁੱਕ ਪਿਆਸ, ਹਰ ਕੰਮ ਵਿੱਚ ਨਿੱਗਰਤਾ ਅਤੇ ਡੂੰਘਾਈ, ਸ਼ੈਲੀ ਦੀ ਉੱਤਮ ਦਵੰਦਾਤਮਕ ਆਭਾ ਵਿੱਚ ਮੁਹਾਰਤ ਉਹਨਾਂ ਦੀਆਂ ਅਹਿਮ ਖੂਬੀਆਂ ਸਨ। ਸਭ ਤੋਂ ਅਹਿਮ ਉਹਨਾਂ ਦੇ ਵਿਸ਼ਲੇਸ਼ਣ ਕਰਨ ਅਤੇ ਤੱਥਾਂ ਤੇ ਗਿਆਨ ਦਾ ਸਧਾਰਨੀਕਰਨ ਕਰਕੇ ਉਹਨਾਂ ਤੋਂ ਨਵੇਂ ਨਤੀਜੇ ਕੱਢਣ ਤੇ ਉਹਨਾਂ ਨੂੰ ਸੂਤਰਬੱਧ ਢੰਗ ਨਾਲ਼ ਪੇਸ਼ ਕਰਨ ਦੀ ਸਮਰੱਥਾ ਸੀ ਜਿਸ ਦਾ ਲੋਹਾ ਏਂਗਲਜ਼ ਵੀ ਮੰਨਦੇ ਸਨ।
1849 ਦੇ ਅਖ਼ੀਰ ‘ਚ ਜਰਮਨੀ ਵਿੱਚ ਇਨਕਲਾਬੀ ਘਟਨਾਵਾਂ ਤੋਂ ਮਗਰੋਂ, ਜਿਨ੍ਹਾਂ ਵਿੱਚ ਮਾਰਕਸ ਅਤੇ ਏਂਗਲਜ਼ ਨੇ ਅਤਿਅੰਤ ਸਰਗਰਮ ਅਤੇ ਸਿੱਧਾ ਰੋਲ਼ ਅਦਾ ਕੀਤਾ ਸੀ, ਉਹ ਦੋਵੇਂ ਹੀ ਇੰਗਲੈਂਡ ਵਿੱਚ ਪ੍ਰਵਾਸੀ ਹੋ ਗਏ। ਮਾਰਕਸ ਅਤੇ ਉਸ ਦੇ ਪਰਿਵਾਰ ਕੋਲ਼ ਇਸ ਵੇਲ਼ੇ ਲਗਪਗ ਮੁਕੰਮਲ ਤੌਰ ‘ਤੇ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਸੀ। ਇੱਥੇ ਆ ਕੇ ਏਂਗਲਜ਼ ਨੇ ਆਪਣੀ ਬੇਗਰਜ਼ ਤੇ ਸਮਰਪਿਤ ਦੋਸਤੀ ਦਾ ਬੇਮਿਸਾਲ ਫਰਜ਼ ਅਦਾ ਕੀਤਾ। ਏਂਗਲਜ਼ ਨੇ ਮਾਰਕਸ ਦੇ ਪਰਿਵਾਰ ਦਾ ਖ਼ਰਚਾ ਆਪਣੇ ਸਿਰ ਲੈ ਲਿਆ ਤਾਂ ਜੋ ਮਾਰਕਸ ਪੂਰੀ ਤਰ੍ਹਾਂ ਆਪਣੇ ਮਹਾਨ ਕਾਜ਼ ਨੂੰ ਸਮਾਂ ਦੇ ਸਕੇ। ਇਹਦੇ ਲਈ ਏਂਗਲਜ਼ ਮਾਨਚੈਸਟਰ ਵਿੱਚ ਟਿਕ ਗਏ ਅਤੇ ਕਪਾਹ ਦੀ ਇੱਕ ਮਿੱਲ ਦੇ ਦਫ਼ਤਰ ਵਿੱਚ, ਜਿਸ ਵਿੱਚ ਉਹਦਾ ਪਿਤਾ ਭਿਆਲ ਸੀ, ਕਲਰਕ ਦਾ ਕੰਮ ਕਰਨ ਲੱਗੇ। ਇਸ ”ਵਪਾਰਕ ਗ਼ੁਲਾਮੀ” ਵਿੱਚ ਉਸ ਨੇ ਵੀਹ ਵਰ੍ਹੇ ਕੁਰਬਾਨ ਕੀਤੇ। ਅਸਲ ਵਿੱਚ ਇਹ ਕੁਰਬਾਨੀ ਦੋਵਾਂ ਦੋਸਤਾਂ ਦੀ ਸੀ। ਦੋਵੇਂ ਦੋਸਤ ਮਨੁੱਖਤਾ ਦੀ ਮੁਕਤੀ ਦੇ ਜਿਸ ਮਹਾਨ ਕਾਜ਼ ਨੂੰ ਸਮਰਪਿਤ ਸਨ ਉਸਦੇ ਲਈ ਸਿਧਾਂਤਕ ਕੰਮਾਂ ਦਾ ਪਹਾੜ ਜਿੱਡਾ ਜੋ ਕੰਮ ਸਾਹਮਣੇ ਖੜਾ ਸੀ, ਉਹ ਆਪਣੇ ਵਿਸ਼ਲੇਸ਼ਣ ਦੀ ਨਿੱਗਰਤਾ, ਡੂੰਘਾਈ ਤੇ ਸਧਾਰਨੀਕਰਨ ਦੀ ਬੇਜੋੜ ਯੋਗਤਾ ਕਾਰਨ ਮਾਰਕਸ ਹੀ ਬਿਹਤਰ ਢੰਗ ਨਾਲ਼ ਕਰ ਸਕਦੇ ਸਨ। ਦੋਵੇਂ ਦੋਸਤ ਇਸ ਗੱਲ ਨੂੰ ਜਾਣਦੇ ਸਨ ਇਸ ਲਈ ਮਾਰਕਸ ਨੇ ਆਪਣੀ ਜ਼ਿੰਦਗੀ ਦੇ ਅਨੇਕਾਂ ਸੁੱਖ-ਅਰਾਮ ਕੁਰਬਾਨ ਕਰਕੇ ਆਪਣੀ ਪੂਰੀ ਜ਼ਿੰਦਗੀ ਇਸ ਕਾਜ਼ ਲਈ ਸਮਰਪਿਤ ਕਰ ਦਿੱਤੀ। ਇਸ ਬਦਲੇ ਉਹਨਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਆਪਣੇ ਚਾਰ ਬੱਚਿਆਂ ਦੀ ਲਗਾਤਾਰ ਥੁੜ-ਤੰਗੀਆਂ ਕਾਰਨ ਹੁੰਦੀ ਮੌਤ ਵੀ ਵੇਖਣੀ ਪਈ। ਏਂਗਲਜ਼ ਨੇ ਵੀ ਸਾਂਝੇ ਕਾਜ਼ ਪ੍ਰਤੀ ਵਫ਼ਾਦਾਰੀ ਤੇ ਬੇਗਰਜ਼ ਦੋਸਤੀ ਵਿਖਾਉਂਦਿਆਂ ਮਾਰਕਸ ਦਾ ਖ਼ਰਚਾ ਚੁੱਕਣ ਦੀ ਜ਼ਿੰਮੇਵਾਰੀ ਲਈ ਤੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ 20 ਸਾਲ ਦੀ ਵਪਾਰਕ ਗੁਲਾਮੀ ਵਿੱਚ ਕੁਰਬਾਨ ਕਰ ਦਿੱਤੇ। ਇਸ ਸਮੇਂ ਏਂਗਲਜ਼ ਮਾਰਕਸ ਦੀ ਥਾਂ ਕਈ ਲੇਖ ਲਿਖਦੇ ਵੀ ਰਹੇ ਤੇ ਮਾਰਕਸ ਦੀਆਂ ਕਈ ਲਿਖਤਾਂ ਦਾ ਅਖਬਾਰਾਂ ਵਿੱਚ ਛਪਣ ਲਈ ਅੰਗਰੇਜੀ ਅਨੁਵਾਦ ਵੀ ਕਰਦੇ ਰਹੇ। ਦੋਵਾਂ ਦੀਆਂ ਇਹਨਾਂ ਆਪਣੇ-ਆਪ ਵਿੱਚ ਬੇਮਿਸਾਲ ਕੁਰਬਾਨੀਆਂ ਨੇ ਦੋਵਾਂ ਦੀ ਸਾਂਝ ਨੂੰ ਦੋਵਾਂ ਦੀਆਂ ਸਿੱਖਿਆਵਾਂ ਤੇ ਕੰਮ ਵਾਂਗ ਸਰਵੋਤਮ ਤੇ ਅਮਰ ਬਣਾ ਦਿੱਤਾ।
ਇਹਨਾਂ 20 ਵਰ੍ਹਿਆਂ ਦੌਰਾਨ ਦੋਹਾਂ ਦੋਸਤਾਂ ਵਿੱਚ ਬੇਰੋਕ ਚਿੱਠੀ-ਪੱਤਰ ਚਲਦਾ ਰਿਹਾ ਜਿਸ ਵਿੱਚ ਉਹ ਇੱਕ-ਦੂਜੇ ਦੀ ਖ਼ੈਰ-ਸੁੱਖ ਜਾਣਨ ਦੇ ਨਾਲ਼ ਅਨੇਕਾਂ ਸਿਧਾਂਤਕ ਸਮੱਸਿਆਵਾਂ ਨੂੰ ਵੀ ਵਿਚਾਰਦੇ ਰਹੇ। ਅਕਸਰ ਇਹ ਚਿੱਠੀ-ਪੱਤਰ ਅਜਿਹੇ ਹਾਸੇ-ਠੱਠੇ ਨਾਲ਼ ਸ਼ੁਰੂ ਹੁੰਦਾ ਹੈ ਕਿ ਪਾਠਕ ਲਈ ਦੋਵਾਂ ਦੋਸਤਾਂ ਦੀਆਂ ਓੜਕਾਂ ਦੀਆਂ ਤੰਗੀਆਂ, ਦੁਸ਼ਵਾਰੀਆਂ ਦੀ ਕਲਪਨਾ ਕਰਨਾ ਔਖਾ ਹੋ ਜਾਂਦਾ ਹੈ। ਇਹ ਚਿੱਠੀ-ਪੱਤਰ ਦੋਵਾਂ ਦੋਸਤਾਂ ਵਿਚਲੀ ਦੂਰੀ ਨੂੰ ਮੇਸ ਦਿੱਤਾ ਤੇ ਉਹਨਾਂ ਦੇ ਕੋਮਲ ਦਿਲਾਂ ਨੂੰ ਹੋਰ ਵੀ ਨੇੜੇ ਲੈ ਆਂਦਾ। ਇਹ ਚਿੱਠੀ-ਪੱਤਰ ਸਿਧਾਂਤਕ, ਸਿਆਸੀ ਮਸਲਿਆਂ ਤੇ ਜਾਣਕਾਰੀਆਂ ਪੱਖੋਂ ਅੱਜ ਵੀ ਅਹਿਮ ਮਹੱਤਤਾ ਰੱਖਦਾ ਹੈ।
ਏਂਗਲਜ਼ ਨੇ ਆਪਣੀ ਹੋਣੀ ਦੀ ਕਦੇ ਸ਼ਿਕਾਇਤ ਨਹੀਂ ਕੀਤੀ ਜਾਂ ਇਸ ‘ਤੇ ਕਦੇ ਅਫ਼ਸੋਸ ਨਹੀਂ ਕੀਤਾ। ਉਹ ਆਪਣੇ ਕੰਮ ਵਿੱਚ ਏਨਾ ਖ਼ੁਸ਼ ਤੇ ਸ਼ਾਂਤ ਹੁੰਦੇ ਜਿਵੇਂ ਦੁਕਾਨ ਉੱਤੇ ਜਾਣ ਜਾਂ ਦਫ਼ਤਰ ਵਿੱਚ ਬਹਿਣ ਵਰਗੀ ਸੰਸਾਰ ਵਿੱਚ ਹੋਰ ਕੋਈ ਗੱਲ ਹੀ ਨਾ ਹੋਵੇ। ਪਰ ਏਂਗਲਜ਼ ਲਈ ਇਸ ਦਾ ਸੱਚਮੁੱਚ ਕੀ ਅਰਥ ਸੀ ਇਹ ਮਾਰਕਸ ਦੀ ਧੀ ਐਲੀਨੋਰ ਏਵਲਿੰਗ ਦੀਆਂ ਯਾਦਾਂ ਦੀ ਹੇਠਲੀ ਸੰਖੇਪ ਟੂਕ ਤੋਂ ਦੇਖਿਆ ਜਾ ਸਕਦਾ ਹੈ ਜਿਹੜੀ ਏਂਗਲਜ਼ ਦੇ ਘਰ ਆਈ ਹੋਈ ਸੀ ਜਦੋਂ ਉਸ ਦੀ ”ਸਖ਼ਤ ਮੁਸ਼ੱਕਤ” ਦਾ ਅੰਤ ਹੋਣ ਵਾਲ਼ਾ ਸੀ:
”ਮੈਂ ਉਸ ਜਿੱਤ ਨੂੰ ਕਦੇ ਭੁੱਲ ਨਹੀਂ ਸਕਾਂਗੀ ਜਿਸ ਨਾਲ਼ ਉਸ ਨੇ ਪੁਕਾਰ ਕੇ ਆਖਿਆ ਸੀ : ‘ਆਖਰੀ ਵਾਰ!’ ਜਦੋਂ ਉਸ ਨੇ ਆਖਰੀ ਵਾਰ ਦਫ਼ਤਰ ਜਾਣ ਲਈ ਸਵੇਰੇ ਆਪਣੇ ਬੂਟ ਪਾਏ।
 
ਕੁਝ ਚਿਰ ਮਗਰੋਂ ਅਸੀਂ ਉਸ ਦੀ ਉਡੀਕ ਵਿੱਚ ਬਾਹਰ ਦਰਵਾਜ਼ੇ ‘ਤੇ ਖੜੇ ਸਾਂ। ਅਸੀਂ ਉਸ ਮਕਾਨ ਦੇ ਸਾਹਮਣੇ ਜਿਸ ਵਿੱਚ ਉਹ ਰਹਿੰਦਾ ਸੀ ਛੋਟੇ ਜਿਹੇ ਮੈਦਾਨ ਵਿੱਚੋਂ ਉਸ ਨੂੰ ਆਉਂਦਿਆਂ ਦੇਖਿਆ। ਉਹ ਆਪਣੀ ਸੋਟੀ ਹਵਾ ਵਿੱਚ ਲਹਿਰਾ ਰਿਹਾ ਸੀ ਅਤੇ ਗਾਉਂਦਾ ਆ ਰਿਹਾ ਸੀ। ਉਸ ਦਾ ਚਿਹਰਾ ਲਿਸ਼-ਲਿਸ਼ ਕਰ ਰਿਹਾ ਸੀ। ਫ਼ੇਰ ਅਸੀਂ ਜਸ਼ਨ ਲਈ ਮੇਜ਼ ਸਜਾਇਆ ਅਤੇ ਸ਼ੈਮਪੇਨ ਪੀਤੀ ਅਤੇ ਅਸੀਂ ਖੁਸ਼ ਸਾਂ।
 
ਮੈਂ ਓਦੋਂ ਏਨੀ ਛੋਟੀ ਸਾਂ ਕਿ ਇਹ ਸਭ ਕੁੱਝ ਮੇਰੀ ਸਮਝ ਵਿੱਚ ਨਹੀਂ ਸੀ ਆਇਆ ਅਤੇ ਜਦੋਂ ਹੁਣ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ।” ਉਸੇ ਦਿਨ ਏਂਗਲਜ਼ ਨੇ ਆਪਣੀ ਮਾਂ ਨੂੰ ਲਿਖਿਆ : ”ਮੈਂ ਬਿਲਕੁਲ ਵੱਖਰੀ ਕਿਸਮ… ਦਾ ਬੰਦਾ ਹੋ ਗਿਆ ਹਾਂ ਅਤੇ ਮੇਰੀ ਉਮਰ ਦਸ ਸਾਲ ਛੋਟੀ ਹੋ ਗਈ ਹੈ।” ”
20 ਸਾਲ ਮਗਰੋਂ ਏਂਗਲਜ਼ ਨੇ ਫ਼ੈਕਟਰੀ ਦਾ ਆਪਣਾ ਹਿੱਸਾ ਵੇਚ ਦਿੱਤਾ। ਇਸ ਸਮੇਂ ਵਿੱਚ ਉਹ ਇੰਨਾ ਕੰਮ ਕਰ ਚੁੱਕੇ ਸਨ ਕਿ ਵੇਚੇ ਹੋਏ ਹਿੱਸੇ ਨਾਲ਼ ਉਹਨਾਂ ਦਾ ਤੇ ਮਾਰਕਸ ਦਾ ਬਾਕੀ ਜ਼ਿੰਦਗੀ ਗੁਜਾਰਾ ਚੱਲ ਸਕਦਾ ਸੀ। ਇਸ ਗੁਲਾਮੀ ਦੇ ਅੰਤ ਮਗਰੋਂ ਏਂਗਲਜ਼ ਲੰਦਨ ਵਿੱਚ ਮਾਰਕਸ ਤੋਂ 10 ਮਿੰਟਾਂ ਦੀ ਪੈਦਲ ਦੂਰੀ ‘ਤੇ ਰਹਿਣ ਲੱਗੇ ਜਿੱਥੇ ਦੋਵੇਂ ਦੋਸਤ ਰੋਜਾਨਾ ਮਿਲ਼ਦੇ ਤੇ ਘੰਟਿਆਂ ਬੱਧੀ ਰਲ਼ ਕੇ ਕੰਮ ਕਰਦੇ, ਅਹਿਮ ਨੁਕਤੇ ਵਿਚਾਰਦੇ। ਇਸ ਦੌਰਾਨ ਉਹ ਬੱਚਿਆਂ, ਪਰਿਵਾਰ ਤੇ ਦੋਸਤਾਂ ਨਾਲ਼ ਸੈਰ ਲਈ ਵੀ ਜਾਂਦੇ ਤੇ ਹਾਸਾ-ਠੱਠਾ ਵੀ ਕਰਦੇ ਰਹਿੰਦੇ।
ਦੋਵਾਂ ਦੋਸਤਾਂ ਲਈ ਉਹਨਾਂ ਦੀ ਦੋਸਤੀ ਬਹੁਤ ਪਵਿੱਤਰ, ਭਰੋਸੇਯੋਗ ਤੇ ਬੇਗਰਜ਼ ਸੀ। ਇੱਕ ਵਾਰ ਮਾਰਕਸ ਕੋਲ਼ ਆਏ ਇੱਕ ਸਾਥੀ ਨੇ ਇਹ ਰਾਏ ਦੇਣ ਦੀ ਅਜ਼ਾਦੀ ਲਈ ਕਿ ਫ਼ਰੈਡਰਿਕ ਏਂਗਲਜ਼ ਕਾਫ਼ੀ ਖਾਂਦਾ-ਪੀਂਦਾ ਵਿਅਕਤੀ ਹੈ ਤੇ ਇਸ ਲਈ ਮਾਰਕਸ ਦੀਆਂ ਗੰਭੀਰ ਆਰਥਿਕ ਕਮੀਆਂ ਤੋਂ ਉਹਨਾਂ ਨੂੰ ਬਚਾਉਣ ਲਈ ਹੋਰ ਵੱਧ ਮਦਦ ਦੇ ਸਕਦਾ ਹੈ। ਮਾਰਕਸ ਨੇ ਇਹਨਾਂ ਸ਼ਬਦਾਂ ਨਾਲ਼ ਉਸ ਨੂੰ ਚੁੱਪ ਕਰਵਾ ਦਿੱਤਾ ਕਿ ”ਮੇਰੇ ਤੇ ਏਂਗਲਜ਼ ਦੇ ਸਬੰਧ ਏਨੇ ਅੰਦਰੂਨੀ ਤੇ ਸਨੇਹੀ ਹਨ ਕਿ ਕਿਸੇ ਨੂੰ ਉਹਨਾਂ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ।”
ਦੋਵਾਂ ਦੇ ਇਹਨਾਂ ਅੰਦਰੂਨੀ ਤੇ ਸਨੇਹੀ ਸਬੰਧਾਂ ਦਾ ਗੈਨਰਿਖ ਵੋਲਕੋਵ ਵੱਲੋਂ ਲਿਖਿਆ ਇਹ ਵਰਨਣ ਵੀ ਗੌਰ ਕਰਨ ਯੋਗ ਹੈ:
ਆਪਣੇ ਸੌਖਿਆਂ ਹੀ ਸੱਟ ਖਾ ਜਾਣ ਵਾਲ਼ੇ ਆਤਮ-ਸਨਮਾਨ ਦੇ ਬਾਵਜੂਦ, ਮਾਰਕਸ ਆਪਣੀ ਅਲੋਚਨਾ ਦੇ ਮੁਕਾਬਲੇ ਏਂਗਲਜ਼ ਬਾਰੇ ਅਲੋਚਨਾ ਤੋਂ ਬਹੁਤਾ ਦੁਖੀ ਹੁੰਦਾ ਸੀ। ਉਹ ਸੁਆਰਥੀ ਭਾੜੇ ਦੇ ਟੱਟੂ ਲੇਖਕਾਂ ਵੱਲੋਂ ਆਪਣੇ ਉੱਤੇ ਨੀਚ ਹਮਲੇ ਦਾਰਸ਼ਨਿਕ ਸ਼ਾਂਤੀ ਨਾਲ਼, ਜਵਾਬ ਦੇ ਕੇ ਨਿਵਾਜੇ ਬਿਨਾਂ, ਬਰਦਾਸ਼ਤ ਕਰ ਸਕਦਾ ਸੀ। ਪਰ ਜੇ ਮਾਮਲਾ ਏਂਗਲਜ਼ ਦੀ ਅਣਖ ਦਾ ਹੁੰਦਾ ਤਾਂ ਮਾਰਕਸ ਕੋਲ਼ੋਂ ਨਾ ਆਤਮ-ਸੰਤੋਖ ਦੀ ਆਸ ਕੀਤੀ ਜਾ ਸਕਦੀ ਸੀ ਨਾ ਰਹਿਮ ਦੀ। ਉਹ ਸਿੱਧਾ ਲੜਾਈ ਵਿੱਚ ਕੁੱਦ ਪੈਂਦਾ। ਜਦੋਂ 1850 ਵਿੱਚ, ਮੂਲਰ-ਟੈਲਰਿੰਗ ਨਾਂ ਦੇ ਕਿਸੇ ਬੰਦੇ ਨੇ ਏਂਗਲਜ਼ ਦੀ ਭੰਡੀ ਕਰਦਿਆਂ ‘ਆਰਬਿਟਰੇਵਿਰਨ’ ਨਾਮੀ ਰਸਾਲੇ ਨੂੰ ਇੱਕ ਚਿੱਠੀ ਲਿਖਣ ਦੀ ਹਿੰਮਤ ਕੀਤੀ ਤਾਂ ਮਾਰਕਸ ਇਉਂ ਭੜਕ ਉੱਠਿਆ ਸੀ ਜਿਵੇਂ ਚਾਹੀਦਾ ਸੀ। ਰੋਹ ਨੂੰ ਕਾਬੂ ਵਿੱਚ ਰੱਖਦਿਆਂ ਉਹ ਚੰਦਰੇ ਨਿੰਦਕ ਉੱਤੇ ਇਹਨਾਂ ਸਤਰਾਂ ਨਾਲ਼ ਟੁੱਟ ਪਿਆ ਸੀ : ”ਮੈਂ ‘ਆਰਬਿਟਰੇਵਿਰਨ’ ਨੂੰ ਤੇਰੀ ਕੱਲ੍ਹ ਦੀ ਚਿੱਠੀ ਲਈ ਦੋ-ਧਿਰੀ ਲੜਾਈ ਵਾਸਤੇ ਵੰਗਾਰਦਾ ਹਾਂ, ਤੂੰ ਏਂਗਲਜ਼ ਦੀ ਬੇਇਮਾਨੀ ਭਰੀ ਭੰਡੀ ਕਰਨ ਤੋਂ ਮਗਰੋਂ ਬਦਲਾ ਚੁਕਾਉਣ ਦੇ ਸਮਰੱਥ ਹੋਵੇਂ…। ਮੈਂ ਕਿਸੇ ਵੱਖਰੇ ਮੈਦਾਨ ਵਿੱਚ ਤੇਰੇ ਨਾਲ਼ ਆਹਮਣਾ-ਸਾਹਮਣਾ ਕਰਨ ਦੀ ਉਡੀਕ ਵਿੱਚ ਹਾਂ, ਤਾਂ ਜੋ ਇਨਕਲਾਬੀ ਹਠਧਰਮੀ ਦਾ ਉਹ ਦੰਭੀ ਨਕਾਬ ਲੀਰੋ-ਲੀਰ ਕਰ ਦਿਆਂ ਜਿਸ ਹੇਠ ਤੂੰ ਹੁਣ ਤੱਕ ਆਪਣੇ ਤੁੱਛ ਹਿੱਤ, ਆਪਣਾ ਹਸਦ, ਆਪਣੀ ਅਸੰਤੁਸ਼ਟ ਹੈਂਕੜ ਅਤੇ ਆਪਣਾ ਅਤ੍ਰਿਪਤ ਗੁੱਸਾ ਲਕਾਉਣ ਵਿੱਚ ਸਫ਼ਲ ਰਿਹਾ ਹੈ ਕਿਉਂਕਿ ਸੰਸਾਰ ਤੇਰੀ ਮਹਾਨ ਪ੍ਰਤਿਭਾ ਨੂੰ ਮਾਨਤਾ ਨਹੀਂ ਦੇਂਦਾ…।”
ਅਤੇ ਏਂਗਲਜ਼ ਦਾ ਪ੍ਰਤਿਕਰਮ ਵੀ ਇਹੋ ਹੁੰਦਾ, ਜਦੋਂ ਆਪਣੇ ਮਿੱਤਰ ਦੀ ਅਣਖ ਦੀ ਹਮਾਇਤ ਕਰਨ ਦਾ ਸਵਾਲ ਹੁੰਦਾ। ਉਸ ਨੇ ਇੱਕ ਬਜ਼ਾਰੂ ਅਰਥ-ਸ਼ਾਸਤਰੀ ਆਸ਼ਿਲੇ ਲੋਰੀਆ ਨੂੰ ਗੁੱਸੇ ਵਿੱਚ ਆਕੇ ਝਾੜ ਪਾਈ ਸੀ, ਜਿਸ ਨੇ ”ਸਰਮਾਇਆ” ਦੇ ਵਿਚਾਰਾਂ ਨੂੰ ਝੁਠਲਾਉਣ ਅਤੇ ਤੋੜਨ-ਮਰੋੜਨ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਸੀ : ”ਮੈਨੂੰ ਕਾਰਲ ਮਾਰਕਸ ਬਾਰੇ ਤੇਰਾ ਲੇਖ ਮਿਲਿਆ ਹੈ। ਤੈਨੂੰ ਇਸ ਗੱਲ ਦੀ ਖੁੱਲ੍ਹ ਹੈ ਕਿ ਉਸ ਦੀ ਸਿੱਖਿਆ ਦੀ ਤੂੰ ਸਖ਼ਤ ਤੋਂ ਸਖ਼ਤ ਅਲੋਚਨਾ ਕਰੇ ਅਤੇ ਸਗੋਂ ਇਸ ਨੂੰ ਗ਼ਲਤ ਵੀ ਸਮਝੇਂ ; ਤੈਨੂੰ ਇਸ ਗੱਲ ਦੀ ਵੀ ਅਜ਼ਾਦੀ ਹੈ ਕਿ ਮਾਰਕਸ ਦੀ ਅਜਿਹੀ ਜੀਵਨੀ ਲਿਖੇ ਜਿਹੜੀ ਨਿਰੋਲ ਕਲਪਨਾ ਦੀ ਹੀ ਚੀਜ਼ ਹੋਵੇ। ਪਰ ਜੋ ਕੰਮ ਕਰਨ ਦੀ ਤੈਨੂੰ ਅਜ਼ਾਦੀ ਨਹੀਂ ਅਤੇ ਜੋ ਕੰਮ ਮੈਂ ਕਦੇ ਕਿਸੇ ਨੂੰ ਕਰਨ ਦੀ ਆਗਿਆ ਨਹੀਂ ਦੇਵਾਂਗਾ, ਉਹ ਹੈ ਮੇਰੇ ਸਵਰਗੀ ਮਿੱਤਰ ਦੇ ਕਿਰਦਾਰ ਨੂੰ ਕਲੰਕਿਤ ਕਰਨਾ।”
ਅਕਸਰ ਏਂਗਲਜ਼ ਦੇ ਇਹਨਾਂ ਸ਼ਬਦਾਂ ਦੀ ਟੂਕ ਦਿੱਤੀ ਜਾਂਦੀ ਹੈ ਕਿ ਉਸਨੇ ਹਮੇਸ਼ਾ ਮਾਰਕਸ ਲਈ ਦੂਜੈਲੇ ਬੰਦੇ ਦਾ ਕੰਮ ਕੀਤਾ ਜੋ ਕਿ ਸੱਚ ਵੀ ਹੈ। ਪਰ ਮਾਰਕਸ ਦੇ ਉਸ ਪ੍ਰਮਾਣ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ, ਉਹਨਾਂ ਨੇ ਇੱਕ ਵਾਰ ਆਪਣੇ ਮਿੱਤਰ ਨੂੰ ਚਿੱਠੀ ਵਿੱਚ ਲਿਖਿਆ ਸੀ : ”ਤੈਨੂੰ ਪਤਾ ਹੈ ਕਿ ਹਰ ਗੱਲ ਵਿੱਚ 1) ਮੈਂ ਪਿੱਛੇ ਰਹਿ ਜਾਂਦਾ ਹਾਂ, ਅਤੇ 2) ਮੈਂ ਹਮੇਸ਼ਾ ਤੇਰੇ ਪੂਰਨਿਆਂ ‘ਤੇ ਚਲਦਾ ਹਾਂ।” ਇਸਦਾ ਕਾਰਨ ਇਹ ਹੈ ਕਿ ਮਾਰਕਸ ਦੇ ਹਰ ਵਿਚਾਰ ਵਿੱਚ ਏਂਗਲਜ਼ ਦੀ ਵਡਮੁੱਲੀ ਰਾਇ ਸ਼ਾਮਲ ਸੀ ਤੇ ਅਨੇਕਾਂ ਮਸਲਿਆਂ ਵਿੱਚ ਏਂਗਲਜ਼ ਹੋਰ ਅੱਗੇ ਵਿਚਾਰਨ ਲਈ ਸ਼ੁਰੂਆਤੀ ਨੁਕਤੇ ਫੜ੍ਹਦੇ ਰਹੇ।
ਇਸੇ ਤਰ੍ਹਾਂ 16 ਅਗਸਤ, 1867 ਨੂੰ ਤੜਕੇ ਦੋ ਵਜੇ ਮਾਰਕਸ ਨੇ ‘ਸਰਮਾਇਆ‘ ਦੀ ਪਹਿਲੀ ਸੈਂਚੀ ਦੇ ਪਰੂਫ਼ ਪੜ੍ਹਕੇ ਮੁਕਾਏ ਅਤੇ ਏਂਗਲਜ਼ ਨੂੰ ਲਿਖਿਆ : ”ਸੋ ਇਸ ਸੈਂਚੀ ਦਾ ਕੰਮ ਮੁੱਕ ਗਿਆ ਹੈ। ਇਹ ਕੰਮ ਕੇਵਲ ਤੇਰੀ ਬਦੌਲਤ ਹੀ ਸੰਭਵ ਹੋਇਆ। ਮੇਰੀ ਖ਼ਾਤਰ ਤੇਰੀ ਆਤਮ-ਕੁਰਬਾਨੀ ਬਿਨਾਂ ਤਿੰਨ ਸੈਂਚੀਆਂ ਦਾ ਓੜਕਾਂ ਦਾ ਕੰਮ ਸ਼ਾਇਦ ਮੈਂ ਕਦੇ ਵੀ ਨਾ ਕਰ ਸਕਦਾ। ਰੋਮ-ਰੋਮ ਸ਼ੁਕਰਾਨੇ ਨਾਲ਼ ਭਰਪੂਰ, ਮੈਂ ਤੈਨੂੰ ਗਲਵਕੜੀ ਪਾਉਂਦਾ ਹਾਂ।”
ਮਾਰਕਸ ਤੇ ਏਂਗਲਜ਼ ਇੱਕ-ਦੂਜੇ ਨੂੰ ਜਿੰਨਾ ਨੇੜਿਓਂ ਜਾਣਦੇ ਸਨ ਓਨਾ ਹੋਰ ਕੋਈ ਵੀ ਨਾ ਜਾਣ ਸਕਿਆ। ਜਦੋਂ 1881 ਵਿੱਚ ਮਾਰਕਸ ਦੀ ਪਤਨੀ ਜੇਨੀ ਦੀ ਮੌਤ ਹੋਈ ਤਾਂ ਏਂਗਲਜ਼ ਨੇ ਆਖਿਆ ਸੀ ਕਿ “ਤੇ ਮੂਰ (ਮਾਰਕਸ) ਵੀ ਮਰ ਗਿਆ।” ਮਾਰਕਸ ਦੀਆਂ ਧੀਆਂ ਸਮੇਤ ਅਨੇਕਾਂ ਦੋਸਤਾਂ ਨੇ ਇਸ ਗੱਲ ਅਜੀਬ ਲੱਗੀ ਸਗੋਂ ਉਹਨਾਂ ਨੇ ਇਸਦਾ ਬੁਰਾ ਵੀ ਮਨਾਇਆ ਸੀ। ਪਰ ਮਾਰਕਸ ਦੇ ਦਿਲ ਦੀਆਂ ਸਭ ਰਮਜ਼ਾਂ ਨੂੰ ਜਾਨਣ ਵਾਲੇ ਏਂਗਲਜ਼ ਚੰਗੀ ਤਰ੍ਹਾਂ ਜਾਣਦੇ ਸਨ ਕਿ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਆਪਣੀ ਪ੍ਰੇਮਿਕਾ, ਜੀਵਨ-ਸਾਥੀ ਤੇ ਅਤੀ ਨੇੜਲੀ ਦੋਸਤ ਜੇਨੀ ਦੀ ਮੌਤ ਦਾ ਸਦਮਾ ਸਹਿ ਸਕਣਾ ਮਾਰਕਸ ਲਈ ਸੌਖਾ ਨਹੀਂ ਰਹੇਗਾ। ਇਤਿਹਾਸ ਨੇ ਏਂਗਲਜ਼ ਦੀ ਗੱਲ ਨੂੰ ਸਹੀ ਸਿੱਧ ਕੀਤਾ ਤੇ ਡੇਢ ਸਾਲ ਮਗਰੋਂ 1883 ਵਿੱਚ ਮਾਰਕਸ ਦੀ ਮੌਤ ਮਗਰੋਂ ਏਂਗਲਜ਼ ਨੂੰ ਲਿਖਣਾ ਪਿਆ ਕਿ “ਸੰਸਾਰ ਦੇ ਸਭ ਤੋਂ ਵੱਧ ਸੋਚਵਾਨ ਦਿਮਾਗ ਨੇ ਹੁਣ ਸੋਚਣਾ ਬੰਦ ਕਰ ਦਿੱਤਾ ਹੈ। ਮੈਂ ਜਿਸ ਸਭ ਤੋਂ ਮਜ਼ਬੂਤ ਦਿਲ ਤੋਂ ਕਦੇ ਜਾਣੂ ਹੋਇਆ ਸਾਂ ਉਸਨੇ ਧੜਕਣਾ ਬੰਦ ਕਰ ਦਿੱਤਾ ਹੈ। ਮਨੁੱਖਤਾ ਇੱਕ ਸਿਰ ਛੁਟੇਰੀ ਹੋ ਗਈ ਹੈ ਤੇ ਉਹ ਸਾਡੇ ਸਮੇਂ ਦਾ ਸਭ ਤੋਂ ਮਹਾਨ ਸਿਰ ਸੀ।”
1883 ਵਿੱਚ ਮਾਰਕਸ ਦੇ ਚਲਾਣੇ ਤੋਂ ਮਗਰੋਂ ਦੋਵਾਂ ਦੋਸਤਾਂ ਦੇ ਸਾਂਝੇ ਕਾਜ਼ ਦੀ ਅਨੇਕਾਂ ਅਹਿਮ ਜ਼ਿੰਮੇਵਾਰੀਆਂ ਏਂਗਲਜ਼ ਦੇ ਮੋਢਿਆਂ ਉੱਤੇ ਆਣ ਪਈਆਂ। ਏਂਗਲਜ਼ ਕੌਮਾਂਤਰੀ ਮਜ਼ਦੂਰ ਜਮਾਤ ਦੀ ਲਹਿਰ ਦਾ ਮਾਨਤਾ-ਪ੍ਰਾਪਤ ਮੁਖੀ ਬਣ ਗਏ ਤੇ ਉਹਨਾਂ ਨੇ ਸੰਸਾਰ ਭਰ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਲੋੜੀਂਦੀ ਸੇਧ ਦਿੱਤੀ, ਕਮਿਊਨਿਟ ਲਹਿਰ ਨੂੰ ਮੁਖਾਤਿਬ ਹੋਏ ਅਨੇਕਾਂ ਸਵਾਲਾਂ ਦੇ ਜੁਆਬ ਦਿੱਤੇ। ਪਰ ਉਹ ਪਹਿਲਾਂ ਵਾਂਗ ਹੀ ਨਿਰਮਾਣ, ਸਾਦ-ਮੁਰਾਦਾ ਅਤੇ ਨਿਰਛਲ ਰਹੇ। ਮਾਰਕਸ ਦੀ ਵਡਮੁੱਲੀ ਲਿਖਤ ਸਰਮਾਇਆ ਦਾ ਸਿਰਫ਼ ਪਹਿਲਾ ਭਾਗ ਹੀ ਛਪਿਆ ਸੀ ਤੇ ਇਸਦੇ ਬਾਕੀ ਤਿੰਨ ਭਾਗਾਂ ਦੇ ਖਰੜੇ ਤਿਆਰ ਸਨ ਪਰ ਇਹਨਾਂ ਦਾ ਸੰਪਾਦਨ ਕਰਕੇ ਕਿਤਾਬ ਦੇ ਰੂਪ ਵਿੱਚ ਛਾਪਣ ਦਾ ਕੰਮ ਬਾਕੀ ਸੀ। ਇਹ ਵਡਮੁੱਲਾ ਤੇ ਔਖੇਰਾ ਕਾਰਜ ਏਂਗਲਜ਼ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ ਕਰ ਸਕਦਾ। ਕਿਉਂਕਿ ਇੱਕ ਤਾਂ ਮਾਰਕਸ ਦੀ ਲਿਖਾਈ ਹਰ ਕੋਈ ਨਹੀਂ ਸਮਝ ਸਕਦਾ ਸੀ ਤੇ ਦੂਜਾ ਇਹਨਾਂ ਵਿੱਚ ਅਨੇਕਾਂ ਥਾਂ ਲੋੜੀਂਦੇ ਵਿਸਥਾਰ ਦੇਣ, ਕੁੱਝ ਸੋਧਾਂ ਕਰਨ ਦੀ ਲੋੜ ਸੀ ਅਤੇ ਏਂਗਲਜ਼ ਹੀ ਇੱਕੋ-ਇੱਕ ਅਜਿਹੇ ਇਨਸਾਨ ਸਨ ਜੋ ਮਾਰਕਸ ਦੇ ਚਿੰਤਨ ਦੇ ਭਾਈਵਾਲ਼ ਹੋਣ ਕਾਰਨ ਇਸ ਵਿਚਲੇ ਵਿਚਾਰਾਂ ਨੂੰ ਸਟੀਕਤਾ ਨਾਲ਼ ਸਮਝ ਸਕਦੇ ਸਨ ਤੇ ਇਸ ਕੰਮ ਨੂੰ ਮੁਕਾ ਸਕਦੇ ਸਨ। ਏਂਗਲਜ਼ ਨੇ ਆਪਣੀ ਜ਼ਿੰਦਗੀ ਦੇ ਹੋਰ ਅਨੇਕਾਂ ਰੁਝੇਵੇਂ ਤਿਆਗ ਕੇ ਪੂਰੀ ਤਰ੍ਹਾਂ ਸਾਹਮਣੇ ਆ ਖੜੀਆਂ ਜ਼ਿੰਮੇਵਾਰੀਆਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।
ਸਰਮਾਇਆ ਦੇ ਕੰਮ ਨੂੰ ਪੂਰਾ ਕਰਨ ਲਈ ਮਾਰਕਸ ਨੇ ਪੂਰੀ ਊਰਜਾ ਇਸ ਕੰਮ ਵਿੱਚ ਲਾ ਦਿੱਤੀ। ਜਦੋਂ ਬਿਮਾਰੀ ਨੇ ਉਹਨਾਂ ਨੂੰ ਛੇ ਮਹੀਨਿਆਂ ਲਈ ਮੰਜੇ ਉੱਤੇ ਪਾਈ ਰੱਖਿਆ ਤਾਂ ਆਪਣੀ ਡਿੱਗ ਰਹੀ ਸਿਹਤ ਤੇ ਮਾਰਕਸ ਦੇ ਅਧੂਰੇ ਪਏ ਅਹਿਮ ਕੰਮ ਪ੍ਰਤੀ ਫ਼ਿਕਰਮੰਦੀ ਨਾਲ਼ ਜੂਝਦੇ ਰਹੇ। ਠੀਕ ਹੋਣ ਮਗਰੋਂ ਉਹਨਾਂ ਨੇ ਅਜਾਈਂ ਗਏ ਸਮੇਂ ਨੂੰ ਪੂਰਨ ਲਈ ਦਿਨ-ਰਾਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸਨੇ ਉਹਨਾਂ ਦੀ ਫ਼ਿਰ ਸਿਹਤ ਖਰਾਬ ਕਰ ਦਿੱਤੀ ਤੇ ਮੁੜ ਠੀਕ ਹੋਣ ਮਗਰੋਂ ਉਹਨਾਂ ਨੇ ਆਪਣੀ ਸਹਾਇਤਾ ਲਈ ਟਾਈਪਿਸਟ ਰੱਖ ਲਿਆ। ਸਰਮਾਇਆ ਦੀ ਦੂਜੀ ਸੈਂਚੀ 1885 ਵਿੱਚ ਛਪਣ ਲਈ ਭੇਜ ਦਿੱਤੀ ਗਈ ਪਰ ਤੀਜੀ ਸੈਂਚੀ ਦਾ ਕੰਮ ਵਧੇਰੇ ਮਿਹਤਨ ਦੀ ਮੰਗ ਕਰਦਾ ਸੀ ਤੇ ਇਸ ਲਈ 10 ਵਰ੍ਹੇ ਲੱਗ ਗਏ। ਇਸਦਾ ਕਾਰਨ ਸਿਰਫ਼ ਕੰਮ ਦੀ ਵਿਸ਼ਾਲਤਾ, ਗੁੰਝਲਤਾ ਤੇ ਮੋਏ ਯਾਰ ਦੇ ਸਿਧਾਂਤਕ ਸਮਝ ਪ੍ਰਤੀ ਵਫ਼ਾਦਾਰੀ ਲਈ ਵੱਧ ਤੋਂ ਵੱਧ ਸੰਭਵ ਹੱਦ ਤੱਕ ਸਪੱਸ਼ਟਤਾ ਤੇ ਸਟੀਕਤਾ ਦੀ ਮੰਗ ਤੇ ਉਹਨਾਂ ਦੀ ਲਗਾਤਾਰ ਖ਼ਰਾਬ ਹੋ ਰਹੀ ਸਿਹਤ ਹੀ ਨਹੀਂ ਸੀ। ਸਮੁੱਚੀ ਕਮਿਊਨਿਸਟ ਲਹਿਰ ਨੂੰ ਸੇਧ ਦੇਣ ਦੀ ਜ਼ਿੰਮੇਵਾਰੀ, ਅਨੇਕਾਂ ਸਿਧਾਂਤਕ-ਸਿਆਸੀ ਮਸਲਿਆਂ ਨਾਲ਼ ਸਿੱਝਣ ਤੇ ਹੋਰ ਅਨੇਕਾਂ ਜ਼ਰੂਰੀ ਲਿਖਤਾਂ ਉੱਤੇ ਸਮਾਂ ਦੇਣ ਦੀ ਲੋੜ, ਮਾਰਕਸਵਾਦ ਦੇ ਮੁੜ ਪ੍ਰਕਾਸ਼ਨ ਤੇ ਹੋਰਨਾ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਇਸਦਾ ਪ੍ਰਚਾਰ ਪ੍ਰਸਾਰ ਕਰਨਾ ਦੇ ਮਹੱਤਵਪੂਰਨ ਕੰਮ ਵੀ ਏਂਗਲਜ਼ ਤੋਂ ਸਮੇਂ ਦੀ ਮੰਗ ਕਰਦੇ ਸਨ। ਸਰਮਾਇਆ ਦੀ ਤੀਜੀ ਸੈਂਚੀ ਸਬੰਧੀ ਕੰਮ ਕਰਦਿਆਂ ਉਹਨਾਂ ਲਿਖਿਆ, “ਮੇਰੇ ਲਈ ਇਹ ਖਰੜੇ ਵੱਧ ਤੋਂ ਵੱਧ ਵਿਗਿਆਨਕ ਖੁਸ਼ੀ ਦਾ ਸੋਮਾ ਹਨ। ਮਾਰਕਸ ਜਿਹੇ ਮਨੁੱਖ ਦੇ ਖਰੜਿਆਂ ਨਾਲ਼ ਨਿੱਬੜਨ ਦਾ ਮਤਲਬ ਹੈ ਬਹੁਤ ਜ਼ਿਆਦਾ ਕੰਮ। ਪਰ ਇਹ ਖੁਸ਼ੀ ਦੀ ਗੱਲ ਹੈ, ਆਖਰ ਮੈਂ ਇੱਕ ਵਾਰ ਫ਼ੇਰ ਆਪਣੇ ਮਿੱਤਰ ਦੇ ਨਾਲ਼ ਹਾਂ।”
ਇੱਕ ਵਾਰ ਜਦੋਂ ਏਂਗਲਜ਼ ਦੇ 70ਵੇਂ ਜਨਮਦਿਨ ਉੱਤੇ ਉਹਨਾਂ ਲਈ ਚਿੱਠੀਆਂ, ਤਾਰਾਂ ਤੇ ਸੁਗਾਤਾਂ ਦਾ ਹੜ ਆਇਆ ਤਾਂ ਉਹਨਾਂ ਆਖਿਆ : ”ਹੋਣੀ ਦੀ ਇਹ ਰਜ਼ਾ ਸੀ ਕਿ ਮੈਂ, ਪਿੱਛੇ ਰਹਿ ਗਏ ਵਜੋਂ, ਉਹ ਸਾਰੇ ਸਨਮਾਨ ਲਵਾਂ ਜਿਨ੍ਹਾਂ ਦਾ ਮੇਰੇ ਸਵਰਗੀ ਸਮਕਾਲੀਆਂ ਦੇ ਅਤੇ ਸਭ ਤੋਂ ਪਹਿਲਾਂ ਮਾਰਕਸ ਦੇ ਕੰਮ ਨੂੰ ਹੱਕ ਪਹੁੰਚਦਾ ਹੈ। ਮੈਂ ਅੱਜ ਇਹ ਇਕਰਾਰ ਕਰਦਾ ਹਾਂ ਕਿ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਮਜ਼ਦੂਰ ਜਮਾਤ ਦੀ ਸਰਗਰਮ ਸੇਵਾ ਵਿੱਚ ਲਾਵਾਂ ਤਾਂ ਕਿ ਜੇ ਸੰਭਵ ਹੋਵੇ ਤਾਂ ਮੈਂ ਇਸ ਸਤਿਕਾਰ ਦੇ ਕਾਬਲ ਹੋ ਸਕਾਂ।”
5 ਅਗਸਤ 1895 ਦੀ ਰਾਤ 11 ਵਜੇ ਲਗਭਗ 75 ਵਰ੍ਹੇ ਦੀ ਉਮਰ ਭੋਗਣ ਮਗਰੋਂ ਏਂਗਲਜ਼ ਨੇ ਆਖ਼ਰੀ ਸਾਹ ਲਿਆ। ਇਸ ਤਰ੍ਹਾਂ ਆਖ਼ਰੀ ਸਾਹ ਤੱਕ ਉਹਨਾਂ ਨੇ ਮਨੁੱਖਤਾ ਦੀ ਗੁਲਾਮੀ ਤੋਂ ਮੁਕਤੀ ਦੇ ਕਾਜ਼ ਪ੍ਰਤੀ ਸਮਰਪਣ ਤੇ ਮਾਰਕਸ ਦੀ ਦੋਸਤੀ ਦੀਆਂ ਜ਼ਿੰਮੇਵਾਰੀਆਂ ਲਈ ਪੂਰੀ ਤਨਦੇਹੀ ਨਾਲ਼ ਕੰਮ ਕੀਤਾ। ਆਪਣੀ ਪੂਰੀ ਜ਼ਿੰਦਗੀ ਮਜ਼ਦੂਰ ਜਮਾਤ ਦੇ ਲੇਖੇ ਲਾ ਕੇ ਉਹ ਸੱਚਮੁੱਚ ਉਸ ਸਤਿਕਾਰ ਦੇ ਹੱਕਦਾਰ ਹੋ ਗਏ ਜਿਸਦੇ ਕਿ ਮਾਰਕਸ ਵੀ ਹੱਕਦਾਰ ਹਨ। ਇਸ ਤੋਂ ਵੀ ਵੱਧ ਉਹਨਾਂ ਨੇ ਆਖਰੀ 12 ਵਰ੍ਹੇ ਦੇ ਕੰਮਾਂ ਰਾਹੀਂ ਆਪਣੀ ਦੋਸਤੀ ਨੂੰ ਵੀ ਉਚੇਚੇ ਸਤਿਕਾਰ ਦੀ ਪਾਤਰ ਬਣਾ ਦਿੱਤਾ।
ਅੱਜ ਅਸੀਂ ਅਨੇਕਾਂ ਵਰ੍ਹਿਆਂ ਬਾਅਦ ਵੀ ਮਨੁੱਖਤਾ ਦੀ ਬਿਹਤਰੀ ਲਈ ਜੂਝ ਰਹੇ ਲੋਕ ਮਾਣ ਨਾਲ਼ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ਼ ਵਿਗਿਆਨ, ਇਤਿਹਾਸ, ਕੁਰਬਾਨੀਆਂ, ਜਜ਼ਬਿਆਂ, ਸੂਰਬੀਰਤਾ ਦੀ ਹੀ ਨਹੀਂ ਸਗੋਂ ਮਨੁੱਖੀ ਰਿਸ਼ਤਿਆਂ ਦੀ ਵੀ ਏਨੀ ਅਮੀਰ ਤੇ ਮਾਣਮੱਤੀ ਵਿਰਾਸਤ ਹੈ ਜਿਸ ਉੱਤੇ ਮਨੁੱਖਤਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਕਰਦੀਆਂ ਰਹਿਣਗੀਆਂ। ਸਾਡੇ ਕੋਲ਼ ਮਨੁੱਖੀ ਨਿਆਮਤਾਂ ਦਾ ਉਹ ਵਡਮੁੱਲਾ ਖਜ਼ਾਨਾ ਹੈ ਜਿਸ ਅੱਗੇ ਅੱਜ ਦੀ ਦੁਨੀਆਂ ਦੇ ਮਾਲਕ ਬਣ ਬੈਠਿਆਂ ਦੀਆਂ ਸਭ ਦੌਲਤਾਂ, ਖੁਸ਼ੀਆਂ ਫ਼ਿੱਕੀਆਂ ਪੈ ਜਾਂਦੀਆਂ ਹਨ ਅਤੇ ਹਰ ਹਾਲਤ ਵਿੱਚ ਇਹਨਾਂ ਮਨੁੱਖੀ ਨਿਆਮਤਾਂ ਤੋਂ ਸਭ ਲਹੂ ਪੀਣੀਆਂ ਜੋਕਾਂ ਵਾਂਝੀਆਂ ਹੀ ਰਹਿਣਗੀਆਂ। ਅਸੀਂ, ਜਿਨ੍ਹਾਂ ਦੇ ਦਿਲ ਮਨੁੱਖਤਾ ਦੀਆਂ ਗੁਲਾਮੀ ਦੀਆਂ ਬੇੜੀਆਂ ਤੋੜਨ ਦੇ ਸਾਂਝੇ ਜਜਬੇ ਨਾਲ਼ ਧੜਕਦੇ ਹਨ, ਸਾਡੇ ਪੁਰਖਿਆਂ ਦੇ ਵਿਚਾਰਾਂ, ਕਰਨੀਆਂ ਤੇ ਅਹਿਸਾਸਾਂ ਦਾ ਨਿੱਘਾ ਲਹੂ ਬਣਕੇ ਸਾਡੀਆਂ ਨਸਾਂ ਵਿੱਚ ਖੌਲ ਰਿਹਾ ਤੇ ਸਾਹ ਬਣਕੇ ਸਾਨੂੰ ਊਰਜਾ ਦੇ ਰਿਹਾ ਹੈ। ਇਸ ਵਿਰਾਸਤ ਵਿੱਚ ਮਾਰਕਸ ਤੇ ਏਂਗਲਜ਼ ਦੀ ਦੋਸਤੀ ਦਾ ਨਿੱਘ ਸਭ ਤੋਂ ਸਿਖ਼ਰ ‘ਤੇ ਹੈ। ਉਹ ਪ੍ਰੌੜ੍ਹ ਚਿੰਤਕ, ਇਨਕਲਾਬੀ, ਵਿਗਿਆਨੀ, ਮਹਾਂਮਾਨਵ ਦੋਸਤ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਪਰ ਜਿੱਥੇ ਕਿਤੇ ਵੀ ਜਮਾਤੀ ਤੌਰ ‘ਤੇ ਚੇਤੰਨ ਪ੍ਰੋਲੇਤਾਰੀ ਜਮਾਤ ਮਨੁੱਖਤਾ ਦੇ ਮੱਥੇ ਤੋਂ ਲੁੱਟ, ਜ਼ਬਰ ਤੇ ਗੁਲ਼ਾਮੀ ਦੇ ਦਾਗ ਧੋਣ ਲਈ ਜੱਦੋ-ਜਹਿਦ ਕਰ ਰਹੀ ਹੈ ਹੈ ਉੱਥੇ ਉਹਨਾਂ ਦੀ ਭਾਵਨਾ ਜਿਉਂਦੀ ਹੈ।

 

 

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements