ਮਾਰਕਸ ਦੇ “ਸਰਮਾਇਆ” ‘ਚ ਇਤਿਹਾਸਕ ਪਦਾਰਥਵਾਦ ਦੀ ਪ੍ਰਮਾਣਿਕਤਾ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੈਨਿਨ ਨੇ ਸਪੱਸ਼ਟ ਕੀਤਾ ਕਿ ਮਾਰਕਸ ਨੇ “ਸਰਮਾਇਆ” ‘ਚ ਨਾ ਕੇਵਲ ਸਰਮਾਏਦਾਰਾ ਆਰਥਿਕ ਢਾਂਚੇ ਅਤੇ ਉਸਦੇ ਵਿਕਾਸ ਦੇ ਨਿਯਮਾਂ ਦਾ ਹੂ-ਬ-ਹੂ ਵਿਸ਼ਲੇਸ਼ਣ ਕੀਤਾ ਹੈ, ਸਗੋਂ ਉਹਨਾਂ ਨੇ ਇਹ ਵੀ ਦਿਖਾਇਆ ਕਿ ਕਿਸ ਤਰ੍ਹਾਂ ਉਸਦੇ ਵਿਕਾਸ ਅਨੁਸਾਰ ਚੇਤਨਾ ਦੇ ਨਿਸ਼ਚਿਤ ਰੂਪ ਜਨਮ ਲੈਂਦੇ ਹਨ।
1840 ਤੋਂ ਸ਼ੁਰੂ ਹੋਣ ਵਾਲ਼ੇ ਦਹਾਕੇ ‘ਚ ਇਤਿਹਾਸਕ ਪਦਾਰਥਵਾਦ ਦੇ ਆਮ ਸੰਕਲਪ ਤੱਕ ਪਹੁੰਚਣ ਤੋਂ ਬਾਅਦ ਮਾਰਕਸ ਨੇ ਉਸਦੀ ਵਰਤੋਂ ਕਰਨ, ਵਿਕਸਿਤ ਕਰਨ ਅਤੇ ਸੱਚ ਸਿੱਧ ਕਰਨ ਵੱਲ ਪੁਲਾਂਘ ਪੁੱਟੀ।

“ਉਹਨਾਂ ਨੇ ਸਮਾਜਿਕ ਬਣਾਵਟ ਦੇ ਇੱਕ ਰੂਪ, ਪਦਾਰਥਕ ਪੈਦਾਵਾਰ ਦੇ ਤਰੀਕਾਕਾਰ ਨੂੰ ਲਿਆ ਅਤੇ ਅੰਕੜਿਆਂ ਦੇ ਵੱਡੇ ਸੰਗ੍ਰਹਿ ਦੇ ਆਧਾਰ ‘ਤੇ ਉਸ ਬਣਤਰ ਦੀ ਕਾਰਜ-ਪ੍ਰਣਾਲੀ ਅਤੇ ਵਿਕਾਸ ਨੂੰ ਕੰਟਰੌਲ ਕਰਨ ਵਾਲ਼ੇ ਨਿਯਮਾਂ ਦਾ ਸਭ ਤੋਂ ਜ਼ਿਆਦਾ ਵਿਸਥਾਰੀ ਵਿਸ਼ਲੇਸ਼ਣ ਪੇਸ਼ ਕੀਤਾ।”

“ਇਹ ਵਿਸ਼ਲੇਸ਼ਣ ਕੇਵਲ ਸਮਾਜ ਦੇ ਮੈਂਬਰਾਂ ਵਿਚਾਲ਼ੇ ਪੈਦਾਵਾਰ ਦੇ ਸਬੰਧਾਂ ਤੱਕ ਹੀ ਸੀਮਤ ਹੈ। ਮਾਰਕਸ ਨੇ ਇਸ ਵਿਸ਼ੇ ਦੀ ਵਿਆਖਿਆ ਕਰਨ ਲਈ ਪੈਦਾਵਾਰੀ ਸਬੰਧਾਂ ਤੋਂ ਬਿਨਾਂ ਅਤੇ ਕਦੇ ਵੀ ਕਿਸੇ ਹੋਰ ਪੱਖਾਂ ਦਾ ਸਹਾਰਾ ਲਏ ਬਿਨਾਂ ਇਹ ਪੜਚੋਲ ਕਰਨੀ ਸੰਭਵ ਕੀਤੀ ਕਿ ਸਮਾਜਿਕ ਅਰਥਚਾਰੇ ਦੀ ਪਦਾਰਥਕ ਬਣਾਵਟ ਕਿਵੇਂ ਵਿਕਾਸ ਕਰਦੀ ਹੈ, ਕਿਵੇਂ ਇਸਦੀ ਸਰਮਾਏਦਾਰਾ ਅਰਥਚਾਰੇ ‘ਚ ਕਾਇਆਪਲਟੀ ਹੁੰਦੀ ਹੈ।…”

“ਸਰਮਾਇਆ” (ਮਾਰਕਸ ਦੀ ਕਿਰਤ) ਦਾ ਇਹੀ ‘ਹੱਡੀ-ਪਿੰਜਰ’ ਹੈ। ਪਰ ਇਸ ਵਿਸ਼ੇ ਦਾ ਸੰਪੂਰਨ ਤੱਥ ਇਹ ਹੈ ਕਿ ਮਾਰਕਸ ਖੁਦ ਕੇਵਲ ਇਸ ਹੱਡੀ-ਪਿੰਜਰ ਤੋਂ ਖੁਸ਼ ਨਹੀਂ ਹੋਏ… ਸਮਾਜ ਦੀ ਹਾਸਲ ਬਣਾਵਟ ਦੇ ਢਾਂਚੇ ਅਤੇ ਵਿਕਾਸ ਦੀ ਕੇਵਲ ਪੈਦਾਵਾਰੀ ਸਬੰਧਾਂ ਦੀ ਸ਼ਬਦਾਵਲੀ ‘ਚ ਵਿਆਖਿਆ ਕਰਦੇ ਹੋਏ ਉਹਨਾਂ ਨੇ ਹਮੇਸ਼ਾ ਹਰ ਥਾਂ ‘ਤੇ ਪੈਦਾਵਾਰ ਦੇ ਇਹਨਾਂ ਸਬੰਧਾਂ ਦੇ ਅਨੁਸਾਰ ਉੱਚ-ਉਸਾਰ ਨੂੰ ਵੀ ਖੋਜਣ ਦਾ ਯਤਨ ਕੀਤਾ ਅਤੇ ਹੱਡੀ-ਪਿੰਜਰ ‘ਚ ਮਾਸ ਤੇ ਲਹੂ ਦਾ ਗਲਾਫ਼ ਚੜਾ ਦਿੱਤਾ…।”

“ਸਰਮਾਇਆ” ਨੇ ਪਾਠਕ ਅੱਗੇ ਸਰਮਾਏਦਾਰਾ ਸਮਾਜਿਕ ਬਣਾਵਟ ਨੂੰ ਉਸਦੇ ਰੋਜ਼ਮਰ੍ਹਾ ਦੇ ਪੱਖਾਂ, ਪੈਦਾਵਾਰੀ ਸਬੰਧਾਂ ‘ਚ ਵਜੂਦ-ਸਮੋਏ ਜਮਾਤੀ ਵਿਰੋਧਾਂ ਦੇ ਅਸਲੀ ਸਮਾਜਿਕ ਪ੍ਰਗਟਾਵੇ, ਸਰਮਾਏਦਾਰਾ ਸਿਆਸੀ ਉੱਚ-ਉਸਾਰ ਸਮੇਤ, ਜੋ ਸਰਮਾਏਦਾਰ ਜਮਾਤ ਦੇ ਦਾਬੇ ਨੂੰ ਕਾਇਮ ਰੱਖਦਾ ਹੈ, ਅਜਾਦੀ, ਬਰਾਬਰੀ ਆਦਿ ਦੇ ਸਰਮਾਏਦਾਰਾ ਵਿਚਾਰਾਂ ਅਤੇ ਸਰਮਾਏਦਾਰਾ ਪਰਿਵਾਰਕ ਸਬੰਧਾਂ ਸਹਿਤ ਇੱਕ ਜੀਵੰਤ ਵਸਤ ਵਾਂਗ ਪੇਸ਼ ਕੀਤਾ।”8

“ਸਰਮਾਇਆ” ਨੇ ਸਮਾਜ ਦੀ ਇੱਕ ਖ਼ਾਸ ਬਣਾਵਟ ਦੇ ਸੂਖਮ, ਵਿਗਿਆਨਕ ਅਧਿਐਨ ਦੁਆਰਾ ਦਿਖਾਇਆ ਕਿ ਪੈਦਾਵਾਰੀ-ਸਬੰਧ ਕਿਸ ਤਰ੍ਹਾਂ ਵਿਕਸਿਤ ਹੁੰਦੇ ਹਨ ਅਤੇ ਕਿਸ ਤਰ੍ਹਾਂ ਪੈਦਾਵਾਰੀ ਸਬੰਧਾਂ ਦੇ ਆਧਾਰ ‘ਤੇ ਮਤਾਂ ਤੇ ਸੰਸਥਾਵਾਂ ਦਾ ਸੰਪੂਰਨ ਉੱਚ-ਉਸਾਰ ਵਿਕਾਸ ਕਰਦਾ ਹੈ।

ਇਸੇ ਆਧਾਰ ‘ਤੇ ਲੈਨਿਨ ਨੇ ਸਿੱਟਾ ਕੱਢਿਆ ਕਿ “ਸਰਮਾਇਆ” ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਤਿਹਾਸ ਦਾ ਪਦਾਰਥਵਾਦੀ ਸੰਕਲਪ ਨਿਰੋਲ ਕਲਪਨਾ ਨਹੀਂ ਰਹਿ ਗਿਆ ਹੈ, ਸਗੋਂ ਵਿਗਿਆਨਕ ਅਧਾਰ ‘ਤੇ ਸਿੱਧ ਸਥਾਪਨਾ ਬਣ ਗਿਆ ਹੈ।”9

ਉੱਚ-ਉਸਾਰ, ਆਰਥਿਕ ਅਧਾਰ ਦੀ ਉਪਜ

ਇਸ ਤਰ੍ਹਾਂ ਇਤਿਹਾਸਕ ਪਦਾਰਥਵਾਦ ਪੈਦਾਵਾਰੀ ਪ੍ਰਣਾਲ਼ੀ ਦੇ ਵਿਕਾਸ ਨੂੰ ਕੰਟਰੌਲ ਕਰਨ ਵਾਲ਼ੇ ਵਿਆਪਕ ਨਿਯਮਾਂ ਨੂੰ ਥਾਪ ਲੈਣ ਤੋਂ ਬਾਅਦ ਅਗਲੀ ਲੜੀ ‘ਚ ਉਹਨਾਂ ਨਿਯਮਾਂ ਦੀ ਖੋਜ ਕਰਦਾ ਹੈ ਜੋ ਸਮਾਜ ਦੇ ਮਤਾਂ ਅਤੇ ਸੰਸਥਾਵਾਂ ਦੀ ਬਣਾਵਟ, ਤਬਦੀਲੀ ਅਤੇ ਵਿਕਾਸ ਨੂੰ ਕੰਟਰੌਲ ਕਰਦੇ ਹਨ।

ਸਮਾਜ ‘ਚ ਹਮੇਸ਼ਾ ਇੱਕ ਅਧਾਰ ਤੇ ਉੱਚ-ਉਸਾਰ ਹੁੰਦੇ ਹਨ।

ਵਿਕਾਸ ਦੇ ਹਾਸਲ ਪੜਾਅ ‘ਚ ਸਮਾਜ ਦਾ ਆਰਥਿਕ ਢਾਂਚਾ ਉਸਦਾ ਅਧਾਰ ਹੁੰਦਾ ਹੈ। ਸਮਾਜ ਦੇ ਸਿਆਸੀ, ਕਨੂੰਨੀ, ਧਾਰਮਿਕ, ਕਲਾਤਮਕ, ਦਾਰਸ਼ਨਿਕ ਮਤ ਅਤੇ ਉਸਦੇ ਅਨੁਸਾਰੀ ਸਿਆਸੀ, ਕਨੂੰਨੀ ਤੇ ਦੂਜੀਆਂ ਸੰਸਥਾਵਾਂ ਉਸਦੇ ਉੱਚ-ਉਸਾਰ ਹੁੰਦੀਆਂ ਹਨ।”10

ਹਾਸਲ ਸਮਾਜਿਕ-ਆਰਥਿਕ ਬਣਾਵਟ, ਪੈਦਾਵਾਰੀ ਸਬੰਧਾਂ ਦੀ ਕਿਸੇ ਖ਼ਾਸ ਪ੍ਰਣਾਲੀ ਦੇ ਵਿਕਾਸ ਅਤੇ ਕਿਸੇ ਖ਼ਾਸ ਅਧਾਰ ਅਨੁਸਾਰ ਮਤਾਂ ਤੇ ਸੰਸਥਾਵਾਂ ਦਾ ਅਜਿਹਾ ਤਰੀਕਾਕਾਰ ਲਾਜ਼ਮੀ ਹੀ ਜਨਮ ਲੈਂਦਾ ਹੈ, ਜੋ ਉਸ ਅਧਾਰ ਲਈ ਖ਼ਾਸ ਹੁੰਦਾ ਹੈ। ਉਹ ਮਤ ਅਤੇ ਸੰਸਥਾਵਾਂ ਉਸ ਸਮੇਂ ਤੱਕ ਸਮਾਜ ਦੇ ਭਾਰੂ ਮਤ ਅਤੇ ਸੰਸਥਾਵਾਂ ਰਹਿੰਦੇ ਹਨ, ਜਦ ਤੱਕ ਉਹ ਅਧਾਰ ਕਾਇਮ ਰਹਿੰਦਾ ਹੈ। ਇਹੀ ਉੱਚ-ਉਸਾਰ ਹੁੰਦਾ ਹੈ।

ਉੱਚ-ਉਸਾਰ ਅਧਾਰ ਦੇ ਅਨੁਸਾਰੀ ਹੀ ਉਸਦੀ ਪੈਦਾਵਾਰ ਹੁੰਦਾ ਹੈ ਅਤੇ ਉਸਦੀ ਮਜ਼ਬੂਤੀ ਤੇ ਵਿਕਾਸ ‘ਚ ਸਹਾਇਤਾ ਕਰਦਾ ਹੈ। ਇਸ ‘ਚ ਉਹ ਮਤ ਅਤੇ ਸੰਸਥਾਵਾਂ ਹੁੰਦੀਆਂ ਹਨ ਜੋ ਕਿਸੇ ਖ਼ਾਸ ਅਧਾਰ ਦੇ ਹੋਂਦ ‘ਚ ਰਹਿਣ ਤੱਕ ਸਮਾਜ ਦੇ ਭਾਰੂ ਮਤ ਅਤੇ ਸੰਸਥਾਵਾਂ ਬਣੇ ਰਹਿੰਦੇ ਹਨ ਅਤੇ ਜਿਹਨਾਂ ਦਾ ਦਾਬਾ ਤੱਤ ਰੂਪ ‘ਚ ਉਸ ਖ਼ਾਸ ਅਧਾਰ ਦੇ ਕਾਰਨ ਹੁੰਦਾ ਹੈ।

ਦੂਜੇ ਸ਼ਬਦਾਂ ‘ਚ, ਹਾਸਲ ਅਧਾਰ ‘ਤੇ ਵਿਚਾਰਾਂ, ਸਮਾਜਿਕ ਜਥੇਬੰਦੀਆਂ ਅਤੇ ਸੰਸਥਾਵਾਂ ਦੀ ਪੂਰੀ ਪ੍ਰਣਾਲ਼ੀ ਉੱਸਰਦੀ ਹੈ ਅਤੇ ਉਹ ਪ੍ਰਣਾਲ਼ੀ ਉਸ ਅਧਾਰ ਨੂੰ ਕਾਇਮ ਰੱਖਣ, ਮਜ਼ਬੂਤ ਤੇ ਵਿਕਸਿਤ ਕਰਨ ‘ਚ ਸਹਾਇਤਾ ਕਰਦੀ ਹੈ। ਸੁਭਾਵਿਕ ਹੀ ਦੂਜੇ ਵਿਚਾਰ ਅਤੇ ਦੂਜੀਆਂ ਜਥੇਬੰਦੀਆਂ ਵੀ, ਅੰਤ ‘ਚ ਸਮਾਜਿਕ ਅਰਥਚਾਰੇ ‘ਚ ਜੋ ਕੁਝ ਨਵਾਂ ਵਿਕਸਿਤ ਹੋ ਰਿਹਾ ਹੁੰਦਾ ਹੈ, ਉਹਦੇ – ਭਾਵ ਉਹਨਾਂ ਜਮਾਤਾਂ ਦੇ ਇਨਕਲਾਬੀ ਵਿਚਾਰਾਂ ਅਤੇ ਜਥੇਬੰਦੀਆਂ ਦੇ ਜੋ ਮੌਜੂਦਾ ਆਰਥਿਕ ਢਾਂਚੇ ਦੇ ਵਿਰੋਧੀ ਹੁੰਦੇ ਹਨ, ਅਧਾਰ ‘ਤੇ ਜਨਮ ਲੈਂਦੇ ਹਨ। ਅਜਿਹੇ ਵਿਚਾਰ ਅਤੇ ਜਥੇਬੰਦੀਆਂ ਮੌਜੂਦਾ ਅਧਾਰ ਨੂੰ ਸੁਰੱਖਿਅਤ ਰੱਖਣ, ਮਜ਼ਬੂਤ ਤੇ ਵਿਕਸਿਤ ਕਰਨ ‘ਚ ਸਹਾਇਤਾ ਨਹੀਂ ਕਰਦੇ ਸਗੋਂ ਇਸਦੇ ਉਲਟ ਉਸਨੂੰ ਤਬਾਹ ਕਰਨ ਅਤੇ ਅੰਤ ‘ਚ ਉਸਦੀ ਥਾਂ ਵੱਖਰਾ ਆਰਥਿਕ ਢਾਂਚਾ ਸਥਾਪਿਤ ਕਰਨ ‘ਚ ਸਹਾਇਕ ਹੁੰਦੇ ਹਨ। ਅੰਤ ‘ਚ, ਜਦ ਪੁਰਾਣਾ ਅਧਾਰ ਤਬਾਹ ਹੋ ਜਾਂਦਾ ਹੈ ਤਾਂ ਉਹ ਨਵੇਂ ਉੱਚ-ਉਸਾਰ ਦੀ ਬਣਾਵਟ ‘ਚ ਮਦਦ ਕਰਦਾ ਹੈ।

ਉਦਾਹਰਣ ਵਜੋਂ ਸਰਮਾਏਦਾਰਾ ਸਮਾਜ ‘ਚ ਰਾਜ, ਦੂਜੀਆਂ ਸੰਸਥਾਵਾਂ ‘ਤੇ ਭਾਰੂ ਵਿਚਾਰ ਅਜਿਹੇ ਹੁੰਦੇ ਹਨ ਜੋ ਸਰਮਾਏਦਾਰਾ ਤਰੀਕਾਕਾਰ ਨੂੰ ਸੁਰੱਖਿਅਤ ਰੱਖਣ ‘ਚ ਸਹਾਇਤਾ ਕਰਦੇ ਹਨ। ਸਰਮਾਏਦਾਰ ਜਮਾਤ ਨੇ ਅਸਲ ‘ਚ ਅਜਿਹੇ ਮਤਾਂ ਅਤੇ ਸੰਸਥਾਵਾਂ ਦੇ ਸੰਪੂਰਨ ਉੱਚ-ਉਸਾਰ ਨੂੰ ਉਸਾਰ ਲਿਆ ਹੈ, ਜੋ ਸਰਮਾਏਦਾਰਾ ਤਰੀਕਾਕਾਰ ਦੀ ਸੇਵਾ ਕਰਦੇ ਹਨ। ਅਜਿਹਾ ਉੱਚ-ਉਸਾਰ ਸਮਾਜ ‘ਚ ਜ਼ਬਰਦਸਤ, ਸਰਗਰਮ ਤਾਕਤ ਹੁੰਦਾ ਹੈ। ਇਸਦੇ ਵਿਰੁੱਧ ਸਮਾਜਵਾਦੀ ਵਿਚਾਰ ਅਤੇ ਜਥੇਬੰਦੀ ਜਨਮ ਲੈਂਦੀ ਹੈ, ਜੋ ਸਰਮਾਏਦਾਰੀ ਨੂੰ ਖ਼ਤਮ ਕਰਨ ਅਤੇ ਉਸਦੀ ਥਾਂ ‘ਤੇ ਸਮਾਜਵਾਦ ਨੂੰ ਸਥਾਪਿਤ ਕਰਨ ਵਾਲ਼ੇ ਘੋਲ਼ ਦੀ ਸਹਾਇਤਾ ਕਰਦੇ ਹਨ।

ਅਧਾਰ ਅਤੇ ਉੱਚ-ਉਸਾਰ ਦਾ ਸੰਕਲਪ, ਵਿਚਾਰਾਂ ਅਤੇ ਸੰਸਥਾਵਾਂ ਦੇ ਵਿਕਾਸ ਦੇ ਖ਼ਾਸ ਲੱਛਣ ਨਾਲ਼ ਇਸ ਤਰ੍ਹਾਂ ਸਬੰਧਿਤ ਹੁੰਦਾ ਹੈ, ਕਿ ਵੱਖਰੇ ਅਧਾਰਾਂ ਦੇ ਅਨੁਸਾਰ ਭਾਰੂ ਮਤਾਂ ਅਤੇ ਸੰਸਥਾਵਾਂ ਦਾ ਵੱਖਰਾ ਉੱਚ-ਉਸਾਰ ਉੱਸਰ ਜਾਂਦਾ ਹੈ।

ਉੱਚ-ਉਸਾਰ ਬਹੁਤ ਜ਼ਿਆਦਾ ਗੁੰਝਲ਼ਦਾਰ ਸਮਾਜਿਕ ਬਣਾਵਟ ਹੈ। ਅਨੇਕਾਂ ਤੱਤ ਇਸਦੇ ਹਰੇਕ ਦੌਰ ‘ਚ ਇਸਦੇ ਅਸਲ ਵਿਕਾਸ ਅਤੇ ਬਦਲਦੇ ਰੂਪਾਂ ਨੂੰ ਪ੍ਰਭਾਵਿਤ ਕਰਦੇ ਹਨ। ਉੱਚ-ਉਸਾਰ ਦੇ ਵੱਖ-ਵੱਖ ਤੱਤਾਂ ਵਿਚਾਲ਼ੇ ਅਤੇ ਉਹਨਾਂ ਤੇ ਅਧਾਰ ਵਿਚਾਲੇ ਅਨੰਤ ਅੰਤਰ-ਕਿਰਿਆਵਾਂ ਹੁੰਦੀਆਂ ਹਨ। ਇਹ ਸਾਰੇ ਪੱਖਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਤੱਥ ਪ੍ਰਗਟ ਹੁੰਦਾ ਹੈ ਕਿ ਹਾਸਲ ਅਧਾਰ ‘ਤੇ ਉੱਚ-ਉਸਾਰ ਦਾ ਉੱਪਰਲਾ ਸੰਸਾਰਵਿਆਪੀ ਨਿਯਮ ਹੈ।

ਮਾਰਕਸ ਅਤੇ ਏਂਗਲਜ਼ ਨੇ ਲਿਖਿਆ ਹੈ: “ਵਿਚਾਰਾਂ ਦਾ ਇਤਿਹਾਸ ਇਸ ਤੋਂ ਬਿਨਾਂ ਹੋਰ ਕੀ ਸਿੱਧ ਕਰਦਾ ਹੈ ਕਿ ਬੌਧਿਕ ਪੈਦਾਵਾਰ ਉਸੇ ਅਨੁਪਾਤ ਨਾਲ਼ ਆਪਣਾ ਖ਼ਾਸਾ ਬਦਲਦੀ ਹੈ, ਜਿਸ ਅਨੁਪਾਤ ‘ਚ ਪਦਾਰਥਕ ਪੈਦਾਵਾਰ?”11

ਉੱਚ-ਉਸਾਰ ਆਪਣੇ ਅਧਾਰ ਦੀ ਪੈਦਾਵਾਰ ਹੁੰਦਾ ਹੈ ਅਤੇ ਇਸ ਅਧਾਰ ‘ਚ ਸਮਾਜ ਦਾ ਆਰਥਿਕ ਢਾਂਚਾ, ਪੈਦਾਵਾਰੀ ਸਬੰਧਾਂ ਦਾ ਕੁੱਲ ਜੋੜ ਸ਼ਾਮਲ ਹੁੰਦਾ ਹੈ। ਇੱਥੇ ਇਸ ਤੱਥ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਪੈਦਾਵਾਰੀ ਤਾਕਤਾਂ ਨਹੀਂ, ਸਗੋਂ ਪੈਦਾਵਾਰੀ ਸਬੰਧ ਹੀ ਉਹ ਅਧਾਰ ਹੁੰਦੇ ਹਨ ਜਿਸ ‘ਤੇ ਉੱਚ-ਉਸਾਰ ਉੱਸਰਦਾ ਹੈ।

ਪੈਦਾਵਾਰ ‘ਚ ਤਬਦੀਲੀ, ਤਕਨੀਕ ‘ਚ ਤਬਦੀਲੀ ਅਸਲ ਵਿੱਚ ਸਮਾਜ ਦੇ ਬੌਧਿਕ ਜੀਵਨ ਅਤੇ ਉਸਦੀਆਂ ਸੰਸਥਾਵਾਂ ਦੇ ਸਰੂਪ ਨੂੰ ਪ੍ਰਭਾਵਿਤ ਕਰਦੇ ਹਨ। ਉਹ ਉਹਨਾਂ ਨੂੰ ਅਨੇਕ ਢੰਗਾਂ ਨਾਲ਼ ਪ੍ਰਭਾਵਿਤ ਕਰਦੇ ਹਨ, ਇਹਨਾਂ ‘ਚ ਉਹ ਪ੍ਰਭਾਵ ਵੀ ਸ਼ਾਮਲ ਹੁੰਦੇ ਹਨ ਜੋ ਵਿਗਿਆਨਕ ਖੋਜਾਂ ਸਮਾਜਿਕ ਵਿਚਾਰਾਂ ‘ਤੇ ਪਾਉਂਦੀਆਂ ਹਨ। ਪਰ ਸਮਾਜ ਦੇ ਭਾਰੂ ਮਤਾਂ ਅਤੇ ਸੰਸਥਾਵਾਂ ਦਾ ਸੁਭਾਅ ਹਮੇਸ਼ਾ ਆਰਥਿਕ ਢਾਂਚੇ ਦੇ ਸਰੂਪ ‘ਤੇ ਨਿਰਭਰ ਕਰਦਾ ਹੈ। ਉਹ ਢੰਗ – ਜਿਹਨਾਂ ਨਾਲ਼ ਪੈਦਾਵਾਰ ਦੀ ਤਕਨੀਕ ‘ਚ ਤਬਦੀਲੀ ਅਤੇ ਵਿਗਿਆਨਕ ਖੋਜਾਂ ਸਮਾਜ ਦੇ ਮਤਾਂ ਅਤੇ ਸੰਸਥਾਵਾਂ ‘ਚ ਪ੍ਰਗਟਾ ਹੁੰਦੇ ਹਨ – ਪੈਦਾਵਾਰੀ-ਸਬੰਧਾਂ ਦੇ ਸਰੂਪ ‘ਤੇ ਨਿਰਭਰ ਹੁੰਦੇ ਹਨ।

“ਉੱਚ-ਉਸਾਰ ਪੈਦਾਵਾਰ ਨਾਲ਼, ਭਾਵ ਮਨੁੱਖ ਦੀ ਪੈਦਾਕਾਰ ਸਰਗਰਮੀ ਨਾਲ਼ ਸਿੱਧਾ ਸਬੰਧਿਤ ਨਹੀਂ ਹੁੰਦਾ। ਉਹ ਪੈਦਾਵਾਰ ਦੇ ਨਾਲ਼ ਕੇਵਲ ਅਸਿੱਧਾ, ਅਰਥਚਾਰੇ ਰਾਹੀਂ, ਅਧਾਰ ਰਾਹੀਂ ਸਬੰਧਿਤ ਹੁੰਦਾ ਹੈ।”12

ਮਿਸਾਲ ਵਜੋਂ, ਸਰਮਾਏਦਾਰੀ ਦੇ ਤਹਿਤ ਊਰਜਾ ਨਾਲ਼ ਚੱਲਣ ਵਾਲ਼ਾ ਮਸ਼ੀਨ ਤੰਤਰ ਵਿਕਸਿਤ ਹੋਇਆ ਹੈ। ਪਰ ਸਰਮਾਏਦਾਰੀ ਸਮਾਜ ਦੇ ਲਖਣਾਇਕ ਮਤਾਂ ਅਤੇ ਸੰਸਥਾਵਾਂ ਦਾ ਅਧਾਰ ਪੈਦਾਵਾਰ ਦੇ ਸਰਮਾਏਦਾਰਾ ਸਬੰਧਾਂ ‘ਚ ਸਥਿਤ ਹੁੰਦਾ ਹੈ। ਜਦ ਸਰਮਾਏਦਾਰਾ ਪੈਦਾਵਾਰੀ ਸਬੰਧ ਢਹਿਢੇਰੀ ਹੋ ਜਾਂਦੇ ਹਨ ਤਾਂ ਸਮਾਜਵਾਦੀ ਸਬੰਧ ਸਥਾਪਿਤ ਹੋ ਜਾਂਦੇ ਹਨ, ਊਰਜਾ ਨਾਲ਼ ਚੱਲਣ ਵਾਲ਼ਾ ਮਸ਼ੀਨ ਤੰਤਰ ਤਾਂ ਰਹਿੰਦਾ ਹੈ, ਪਰ ਮਤ ਅਤੇ ਸੰਸਥਾਵਾਂ, ਜੋ ਸਰਮਾਏਦਾਰਾ ਸਬੰਧਾਂ ‘ਤੇ ਅਧਾਰਿਤ ਸਨ, ਨਹੀਂ ਰਹਿੰਦੇ ਅਤੇ ਪੈਦਾਵਾਰ ਦੇ ਸਮਾਜਵਾਦੀ ਸਬੰਧਾਂ ‘ਤੇ ਅਧਾਰਿਤ ਮਤਾਂ ਅਤੇ ਸੰਸਥਾਵਾਂ ਲਈ ਥਾਂ ਛੱਡ ਜਾਂਦੇ ਹਨ।

ਉਦਾਹਰਣ ਵਜੋਂ ਜਿਵੇਂ ਕੁਝ ਪ੍ਰਸਿੱਧ ਵਿਗਿਆਨਕ ਕਹਿ ਰਹੇ ਹਨ ਕਿ ਵਿਕਾਸ ਇੱਕ ਭਰਮ ਮਾਤਰ ਹੈ ਅਤੇ ਇਹ ਕਿ ਤਕਨੀਕ ਦੀ ਤਰੱਕੀ ਮਨੁੱਖਤਾ ਲਈ ਨਵੀਂਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਪੈਦਾ ਕਰਦੀ ਹੈ। ਇਹ ਮਤ ਨਿਸ਼ਚਿਤ ਰੂਪ ਨਾਲ਼ ਤਕਨੀਕੀ ਵਿਕਾਸ ‘ਤੇ, ਜਿਸਦਾ ਵਰਣਨ ਕੀਤਾ ਗਿਆ ਹੈ, ਅਧਾਰਿਤ ਨਹੀਂ ਹੈ। ਇਹ ਇਸ ਤੱਥ ‘ਤੇ ਅਧਾਰਿਤ ਹੈ ਕਿ ਸਰਮਾਏਦਾਰੀ ਵਿਕਾਸ ਦੀਆਂ ਉਹਨਾਂ ਛਾਲ਼ਾਂ ਦੀ ਸ਼ਾਂਤੀਪੂਰਨ ਤੇ ਰਚਨਾਤਮਕ ਵਰਤੋਂ ਖੋਜ ਸਕਣ ‘ਚ ਅਯੋਗ ਹੋ ਗਈ ਹੈ। ਇਸ ਲਈ, ਅਜਿਹੇ ਮਤ ਲਖਣਾਇਕ ਹੁੰਦੇ ਹਨ, ਜੋ ਪੈਦਾਵਾਰ ਲਈ ਨਹੀਂ, ਸਗੋਂ ਅਪ੍ਰਸੰਗਿਕ ਹੋ ਚੁੱਕੇ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਅਧਾਰ ‘ਤੇ ਪਣਪਦੇ ਹਨ। ਜਦ ਸਰਮਾਏਦਾਰਾ ਪੈਦਾਵਾਰੀ ਸਬੰਧ ਢਹਿਢੇਰੀ ਹੋ ਜਾਂਦੇ ਹਨ ਅਤੇ ਸਮਾਜਵਾਦ ਦੀ ਸਥਾਪਨਾ ਹੋ ਜਾਂਦੀ ਹੈ ਤਾਂ ਤਕਨੀਕੀ ਵਿਕਾਸ ਦੇ ਮਹੱਤਵ ਸਬੰਧੀ ਬਹੁਤ ਵੱਖਰੇ ਮਤ ਪ੍ਰਚਲਿਤ ਹੋ ਜਾਂਦੇ ਹਨ। ਉਸ ਸਮੇਂ ਇਹ ਮਤ ਪ੍ਰਚਲਿਤ ਹੋ ਜਾਂਦਾ ਹੈ ਕਿ ਮਨੁੱਖ ਜਾਤੀ ਸੰਪੂਰਨ ਸਮਾਜ ਦੀਆਂ ਲਗਾਤਾਰ ਵਧਦੀਆਂ ਹੋਈਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਨੂੰ ਸੰਤੁਸ਼ਟ ਕਰਨ ਲਈ ਤਕਨੀਕੀ ਵਿਕਾਸ ਦੀ ਲਗਾਤਾਰ ਵਰਤੋਂ ਕਰਦੀ ਰਹਿ ਸਕਦੀ ਹੈ।

ਸੰਦਰਭ ਵਜੋਂ, ਇੱਥੇ ਇਹ ਦਿਖਦਾ ਹੈ ਕਿ ਵਰਤਮਾਨ ਸਮਾਜ ਨੂੰ “ਸਨੱਅਤੀ ਯੁੱਗ” ਜਾਂ “ਵਿਗਿਆਨ ਦਾ ਯੁੱਗ” ਦਾ ਨਾਂ ਦੇਣਾ ਗ਼ਲਤ ਹੈ, ਬੇਸ਼ੱਕ ਸਮਾਜਿਕ ਜੀਵਨ ਦੇ ਲਖਣਾਇਕ ਰੂਪ, ਵਰਤਮਾਨ ਸਮਾਜ ਦੇ ਮਤ ਅਤੇ ਸੰਸਥਾਵਾਂ, ਸਨੱਅਤੀ ਤਕਨੀਕ ਜਾਂ ਵਿਗਿਆਨਕ ਤਰੱਕੀ ‘ਤੇ ਅਧਾਰਿਤ ਹੋਣ। ਇਸਦੇ ਉਲਟ, ਸਰਮਾਏਦਾਰਾ ਦੇਸ਼ਾਂ ‘ਚ ਤਕਨੀਕ ਤੇ ਵਿਗਿਆਨ ਦਾ ਵਿਕਾਸ ਕੇਵਲ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਰਾਹੀਂ ਮਤਾਂ ਤੇ ਸੰਸਥਾਵਾਂ ‘ਚ ਪ੍ਰਗਟ ਹੁੰਦਾ ਹੈ। ਦੂਜੇ ਪਾਸੇ ਸਮਾਜਵਾਦੀ ਸਮਾਜ ‘ਚ ਇਹ ਤਰੱਕੀ ਸਮਾਜਵਾਦੀ ਪੈਦਾਵਾਰੀ ਸਬੰਧਾਂ ਰਾਹੀਂ ਪ੍ਰਗਟ ਹੁੰਦੀ ਹੈ। ਇਸ ਤਰ੍ਹਾਂ ਅਖੌਤੀ “ਵਿਗਿਆਨ ਦਾ ਯੁੱਗ” ਇਸ ਫ਼ਰਕ ਅਨੁਸਾਰ – ਕਿ ਵਿਗਿਆਨ ਸਰਮਾਏਦਾਰਾ ਉਦੇਸ਼ਾਂ ਦੇ ਮਾਤਹਿਤ ਹੈ, ਜਾਂ ਸਮਾਜਵਾਦੀ ਉਦੇਸ਼ਾਂ ਦੇ ਮਾਤਹਿਤ ਹੈ – ਬਿਲਕੁਲ ਵੱਖਰੇ ਮਤਾਂ, ਬਿਲਕੁਲ ਵੱਖਰੀਆਂ ਸੰਸਥਾਵਾਂ ਤੇ ਪੂਰੀ ਤਰ੍ਹਾਂ ਹੀ ਅਲੱਗ ਸਮਾਜਿਕ ਨਜ਼ਰੀਆਂ ਨੂੰ ਜਨਮ ਦਿੰਦਾ ਹੈ।

“ਇਸ ਨਜ਼ਰੀਏ ਤੋਂ ਉੱਚ-ਉਸਾਰ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ‘ਚ ਹੋਣ ਵਾਲ਼ੀਆਂ ਤਬਦੀਲੀਆਂ ਨੂੰ ਤੁਰੰਤ ਅਤੇ ਸਿੱਧਾ ਨਹੀਂ ਸਗੋਂ ਕੇਵਲ ਅਧਾਰ ‘ਚ ਤਬਦੀਲਆਂ ਤੋਂ ਬਾਅਦ, ਪੈਦਾਵਾਰ ‘ਚ ਤਬਦੀਲੀਆਂ ਦੁਆਰਾ ਅਧਾਰ ‘ਚ ਆਈਆਂ ਤਬਦੀਲੀਆਂ ਦੇ ਪ੍ਰਿਜਮ ਰਾਹੀਂ ਪ੍ਰਤੀਬਿੰਬਤ ਕਰਦਾ ਹੈ।”13
 
ਉੱਚ-ਉਸਾਰ ਅਧਾਰ ਨਾਲ਼ ਤਬਦੀਲ ਹੁੰਦਾ ਹੈ

ਉੱਚ-ਉਸਾਰ ਆਰਥਿਕ ਅਧਾਰ ਦੀ ਪੈਦਾਵਾਰ ਹੁੰਦਾ ਹੈ, ਇਸ ਲਈ ਇਸ ਤੋਂ ਇਹ ਅਰਥ ਨਿੱਕਲ਼ਦਾ ਹੈ ਕਿ ਅਧਾਰ ਨਾਲ਼ ਤਬਦੀਲ ਵੀ ਹੁੰਦਾ ਹੈ। ਕਿਸੇ ਸਮਾਜ ‘ਚ ਦਿਸਣ ਵਾਲ਼ਾ ਮੱਤਾਂ ਅਤੇ ਸੰਸਥਾਵਾਂ ਦਾ ਸਰੂਪ ਉਸ ਸਮਾਜ ਦੇ ਆਰਥਿਕ ਢਾਂਚੇ ਦੇ ਅਨੁਸਾਰੀ ਹੁੰਦਾ ਹੈ। ਇਸ ਹਿਸਾਬ ਨਾਲ਼ ਅਧਾਰ ਦੀ ਪੈਦਾਵਾਰ ਹੋਣ ਦੇ ਕਾਰਨ ਉੱਚ-ਉਸਾਰ ਅਧਾਰ ਨੂੰ ਪ੍ਰਤੀਬਿੰਬਤ ਕਰਦਾ ਹੈ।

“ਹਰੇਕ ਅਧਾਰ ‘ਤੇ ਉਸਦੇ ਅਨੁਸਾਰ ਉੱਚ-ਉਸਾਰ ਖੜ੍ਹਾ ਹੁੰਦਾ ਹੈ। ਜਗੀਰੂ ਤਰੀਕਾਕਾਰ ਦਾ ਆਪਣਾ ਉੱਚ-ਉਸਾਰ, ਉਸਦੇ ਸਿਆਸੀ, ਕਨੂੰਨੀ, ਦੂਜੇ ਮਤ ਅਤੇ ਉਸੇ ਅਨੁਸਾਰ ਸੰਸਥਾਵਾਂ ਹੁੰਦੀਆਂ ਹਨ। ਸਰਮਾਏਦਾਰਾ ਅਧਾਰ ਦਾ ਆਪਣਾ ਉੱਚ-ਉਸਾਰ ਹੁੰਦਾ ਹੈ, ਇਸੇ ਤਰ੍ਹਾਂ ਸਮਾਜਵਾਦੀ ਅਧਾਰ ਦਾ ਵੀ। ਜੇਕਰ ਅਧਾਰ ਬਦਲਦਾ ਜਾਂ ਤਬਾਹ ਕਰ ਦਿੱਤਾ ਜਾਂਦਾ ਹੈ, ਤਾਂ ਉਸ ਪਿੱਛੇ ਉਸਦਾ ਉੱਚ-ਉਸਾਰ ਵੀ ਬਦਲਦਾ ਜਾਂ ਤਬਾਹ ਹੋ ਜਾਂਦਾ ਹੈ। ਜੇਕਰ ਨਵਾਂ ਅਧਾਰ ਉੱਭਰਦਾ ਹੈ ਤਾਂ ਨਤੀਜੇ ਵਜੋਂ ਉਸਦੇ ਅਨੁਸਾਰੀ ਨਵਾਂ ਉੱਚ-ਉਸਾਰ ਵਿਕਸਿਤ ਹੁੰਦਾ ਹੈ।”14

ਇਸ ਤਰ੍ਹਾਂ, ਉੱਚ-ਉਸਾਰ ਆਪਣੇ ਅਧਾਰ ਤੋਂ ਵੱਧ ਸਥਾਈ ਨਹੀਂ ਹੁੰਦਾ। ਮਤ ਅਤੇ ਸੰਸਥਾਵਾਂ, ਜੋ ਹਾਸਲ ਯੁੱਗ ਦੇ ਖ਼ਾਸ ਲੱਛਣ ਹੁੰਦੇ ਹਨ, ਹਮੇਸ਼ਾ ਅਸਥਾਈ ਅਤੇ ਥੋੜ੍ਹਚਿਰੇ ਸਿੱਧ ਹੁੰਦੇ ਹਨ ਕਿਉਂਕਿ ਉਹ ਉਸ ਆਰਥਿਕ ਤਰੀਕਾਕਾਰ ਦੇ ਖ਼ਤਮ ਹੋਣ ਬਾਅਦ ਹੋਂਦ ‘ਚ ਨਹੀਂ ਰਹਿ ਸਕਦੇ, ਜਿਸਦੀ ਉਹ ਪੈਦਾਵਾਰ ਹੁੰਦੇ ਹਨ ਅਤੇ ਜਿਸਨੂੰ ਉਹ ਪ੍ਰਤੀਬਿੰਬਤ ਕਰਦੇ ਹਨ।

“ਉੱਚ-ਉਸਾਰ ਇੱਕ ਯੁੱਗ ਦੀ ਪੈਦਾਵਾਰ ਹੁੰਦਾ ਹੈ, ਉਸ ਯੁੱਗ ਦੀ ਜਿਸ ‘ਚ ਹਾਸਲ ਆਰਥਿਕ ਅਧਾਰ ਹੋਂਦ ‘ਚ ਰਹਿੰਦਾ ਹੈ ਅਤੇ ਕਾਰਜ ਕਰਦਾ ਹੈ। ਇਸ ਤਰ੍ਹਾਂ ਉੱਚ-ਉਸਾਰ ਥੋੜ੍ਹਚਿਰਾ ਹੁੰਦਾ ਹੈ। ਹਾਸਲ ਅਧਾਰ ਦੇ ਢਹਿਢੇਰੀ ਅਤੇ ਲੋਪ ਹੋਣ ਦੇ ਨਾਲ਼ ਇਹ ਵੀ ਢਹਿਢੇਰੀ ਤੇ ਲੋਪ ਹੋ ਜਾਂਦਾ ਹੈ।”15

ਇਸੇ ਕਾਰਨ ਮਿਸਾਲ ਵਜੋਂ ਅਸੀਂ ਸਰਮਾਏਦਾਰੀ ਮਤਾਂ ਤੇ ਸੰਸਥਾਵਾਂ ਅਤੇ ਜਗੀਰੂ ਮਤਾਂ ਤੇ ਸੰਸਥਾਵਾਂ ਵਿਚਾਲ਼ੇ ਅਤੇ ਸਮਾਜਵਾਦੀ ਮਤਾਂ ਤੇ ਸੰਸਥਾਵਾਂ ਅਤੇ ਸਰਾਮਏਦਾਰਾ ਮਤਾਂ ਤੇ ਸੰਸਥਾਵਾਂ ਵਿਚਾਲ਼ੇ ਫ਼ਰਕ ਕਰ ਸਕਦੇ ਹਾਂ। ਜਗੀਰੂ ਮਤਾਂ ਅਨੁਸਾਰ ਮਾਲਕ ਦੀ ਜਗੀਰ ਛੱਡਣਾ ਭੂ-ਗ਼ੁਲਾਮੀ ਦਾ ਅਪਰਾਧ ਮੰਨਿਆ ਜਾਂਦਾ ਸੀ ਅਤੇ ਜਗੀਰੂ ਕਨੂੰਨ ਉਸੇ ਅਨੁਸਾਰ ਬਣਾਏ ਗਏ ਸਨ। ਪਰ ਸਰਮਾਏਦਾਰਾ ਮਤਾਂ ਅਤੇ ਸੰਸਥਾਵਾਂ ਅਨੁਸਾਰ ਅਜਿਹੀ ਜਗੀਰੂ ਮਾਤਹਿਤੀ ਬੰਦੇ ਦੀ ਅਜ਼ਾਦੀ ‘ਤੇ ਸਖ਼ਤ ਰੋਕ ਬਣ ਗਈ ਸੀ। ਸਰਮਾਏਦਾਰਾ ਮਤਾਂ ਅਨੁਸਾਰ ਸਰਾਮਏਦਾਰ ਨੂੰ ਇਸਦਾ ਪੂਰਾ ਹੱਕ ਹੈ ਕਿ ਉਹ ਮਜ਼ਦੂਰਾਂ ਨੂੰ ਕੰਮ ‘ਤੇ ਲਾ ਕੇ ਮੁਨਾਫ਼ਾ ਕਮਾਵੇ। ਸਰਮਾਏਦਾਰਾ ਸੰਸਥਾਵਾਂ ਦੀ ਰਚਨਾ ਇਸ ਤਰ੍ਹਾਂ ਹੁੰਦੀ ਹੈ ਜੋ ਉਸਨੂੰ ਉਹ ਹੱਕ ਵਰਤਣ ਦੀ ਖੁੱਲ੍ਹੀ ਛੋਟ ਦਿੰਦੀਆਂ ਹਨ। ਪਰ ਸਮਾਜਵਾਦੀ ਮਤਾਂ ਅਨੁਸਾਰ ਕਿਸੇ ਵਿਅਕਤੀ ਨੂੰ ਦੂਜੇ ਦੀ ਕਿਰਤ ‘ਤੇ ਜਿਉਂਦੇ ਨਹੀਂ ਰਹਿਣਾ ਚਾਹੀਦਾ ਅਤੇ “ਜੋ ਵਿਅਕਤੀ ਕਿਰਤ ਨਹੀਂ ਕਰਦਾ, ਉਸਨੂੰ ਖਾਣ ਦਾ ਵੀ ਹੱਕ ਨਹੀਂ ਰਹੇਗਾ।”

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements