ਮਾਰਕਸ ਅਤੇ ਏਂਗਲਜ਼ ਆਪਣੇ ਸਮਕਾਲੀਆਂ ਦੀ ਨਜ਼ਰ ਵਿੱਚ •ਗੁਰਪੀਰ੍ਤ

13

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਨੁੱਖਤਾ ਦੀ ਮੁਕਤੀ ਦੇ ਸੁਪਨਿਆਂ ਨੂੰ ਵਿਗਿਆਨਕ ਜਾਮਾ ਪਹਿਨਾਉਣ ਵਾਲ਼ੇ ਦੋ ਮਹਾਂਮਾਨਵ ਦੋਸਤਾਂ ਕਾਰਲ ਮਾਰਕਸ ਤੇ ਫਰੈਡਰਿਕ ਏਂਗਲਜ਼ ਦੇ ਨਾਵਾਂ ਨੂੰ ਅੱਜ ਬਹੁਤੀ ਜਾਣ-ਪਛਾਣ ਦੀ ਲੋੜ ਨਹੀਂ। ਜਿਵੇਂ-ਜਿਵੇਂ ਮੌਜੂਦਾ ਸਰਮਾਏਦਾਰਾ ਢਾਂਚਾ ਆਪਣੇ ਪਤਨ ਵੱਲ ਵਧਦਾ ਜਾ ਰਿਹਾ ਹੈ ਉਸਦੇ ਨਾਲ਼ ਹੀ ਮਾਰਕਸਵਾਦ ਦੀ ਲੋੜ ਪਹਿਲਾਂ ਨਾਲ਼ੋਂ ਵੀ ਵਧਦੀ ਜਾ ਰਹੀ ਹੈ ਤੇ ਮਾਰਕਸ ਏਂਗਲਜ ਦਾ ਨਾਂ ਓਨੇ ਹੀ ਵਧੇਰੇ ਬੁੱਲ੍ਹਾਂ ਉੱਪਰ ਉੱਕਰਦਾ ਜਾ ਰਿਹਾ ਹੈ। ਮਾਰਕਸ ਤੇ ਏਂਗਲਜ਼ ਦੀਆਂ ਸਿਧਾਂਤਕ ਦੇਣਾਂ ਦੀ ਜਿੰਨੀ ਵਡੇਰੀ ਮਹੱਤਤਾ ਹੈ ਓਨਾ ਹੀ ਉਹਨਾਂ ਦਾ ਨਿੱਜੀ ਜੀਵਨ ਤੇ ਸਖਸ਼ੀਅਤ ਵੀ ਧਿਆਨ ਦੀ ਮੰਗ ਕਰਦੇ ਹਨ। ਸਗੋਂ ਉਹਨਾਂ ਦੇ ਵਿਚਾਰਾਂ ਨੂੰ ਵਧੇਰੇ ਨੇੜਿਓਂ ਜਾਨਣ, ਉਹਨਾਂ ਨੂੰ ਆਪਣੇ ਸੋਚਣ ਢੰਗ ਦਾ ਹਿੱਸਾ ਬਣਾਉਣ ਅਤੇ ਆਪਣੇ ਕਰਮਾਂ ਦਾ ਮਾਰਗ-ਦਰਸ਼ਕ ਬਣਾਉਣ ਲਈ ਇਹ ਜਰੂਰੀ ਹੈ ਕਿ ਉਹਨਾਂ ਦੇ ਜੀਵਨ ਤੇ ਸਖਸ਼ੀਅਤ ਨੂੰ ਵੀ ਨੇੜਿਓਂ ਵਾਚਿਆ ਜਾਵੇ, ਉਹਨਾਂ ਨਾਲ਼ ਇੱਕ ਮਨੁੱਖੀ ਸਾਂਝ ਮਹਿਸੂਸ ਕੀਤੀ ਜਾਵੇ। ਮਾਰਕਸ ਤੇ ਏਂਗਲਜ਼ ਬਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ, ਪਰ ਪੰਜਾਬੀ ਵਿੱਚ ਉਹਨਾਂ ਬਾਰੇ ਗਿਣਨ ਜੋਗੀਆਂ ਪੁਸਤਕਾਂ ਹੀ ਉਪਲਬਧ ਹਨ। ਇਹਨਾਂ ਵਿੱਚੋਂ ਹੀ ਇੱਕ ਦਿਲਚਸਪ ਪੁਸਤਕ ‘ਮਾਰਕਸ ਤੇ ਏਂਗਲਜ ਆਪਣੇ ਸਮਕਾਲੀਆਂ ਦੀ ਨਜ਼ਰ ਵਿੱਚ’ ਹੈ ਜੋ ਕਿ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ।

ਇਸ ਪੁਸਤਕ ਵਿੱਚ ਉਹਨਾਂ ਲੋਕਾਂ ਦੀਆਂ ਯਾਦਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਮਾਰਕਸ ਤੇ ਏਂਗਲਜ ਨਾਲ਼ ਆਪਣੇ ਕਈ ਪਲ ਬਿਤਾਏ ਹਨ। ਇਸ ਪੁਸਤਕ ਦਾ ਅੰਤਲ ਕਵਰ ਸਫਾ ਇਸ ਪੁਸਤਕ ਦੀ ਕੁੱਝ ਇਉਂ ਪਛਾਣ ਕਰਵਾਉਂਦਾ ਹੈ:

“ਇਹਨਾਂ ਯਾਦਾਂ ਦੇ ਲੇਖਕ ਮਾਰਕਸ ਅਤੇ ਏਂਗਲਜ਼ ਨੂੰ ਉਨ੍ਹਾਂ ਦੇ ਗਿਆਨ ਦੇ ਹੈਰਾਨੀਜਨਕ ਫੈਲਾਅ ਅਤੇ ਡੂੰਘਾਈ, ਉਨ੍ਹਾਂ ਦੇ ਕੰਮ ਕਰਨ ਦੀ ਗੈਰ-ਅਸਧਾਰਨਤਾ ਯੋਗਤਾ ਅਤੇ ਉਹਨਾਂ ਦੀ ਵਿਗਿਆਨਕ ਚੇਤਨਾ ਕਾਰਨ ਸਭ ਤੋਂ ਅਲੱਗ ਖੜੇ ਬੇਜੋੜ ਵਿਗਿਆਨੀਆਂ ਵਜੋਂ ਚਿਤਰਦੇ ਹਨ। ਮਾਰਕਸ ਅਤੇ ਏਂਗਲਜ਼ ਉੱਘੇ ਇਨਕਲਾਬੀਆਂ, ਮਜ਼ਦੂਰ ਜਮਾਤ ਦੇ ਹਿੱਤਾਂ ਲਈ ਲੜਨ ਵਾਲ਼ੇ ਦ੍ਰਿੜ ਯੋਧਿਆਂ, ਕੌਮਾਂਤਰੀ ਇਨਕਲਾਬੀਆਂ ਅਤੇ ਮਜਦੂਰ ਜਮਾਤ ਦੇ ਹਿੱਤਾਂ ਲਈ ਲੜਨ ਵਾਲ਼ੇ ਦ੍ਰਿੜ ਯੋਧਿਆਂ, ਕੌਮਾਂਤਰੀ ਇਨਕਲਾਬੀਆਂ ਅਤੇ ਜੁਝਾਰੂ ਮਜ਼ਦੂਰ ਜਮਾਤ ਲਹਿਰ ਦੇ ਆਗੂਆਂ ਵਜੋਂ ਉੱਭਰ ਕੇ ਸਾਹਮਣੇ ਆਉਂਦੇ ਹਨ। ਪ੍ਰਤੀਬੱਧਤਾ ਅਤੇ ਧੀਰਜ ਨਾਲ਼ ਉਨ੍ਹਾਂ ਪ੍ਰੋਲੇਤਾਰੀ ਇਨਕਲਾਬੀਆਂ ਦੇ ਕਾਡਰਾਂ ਨੂੰ ਸਿੱਖਿਆ ਦੇਣ ਦੇ ਯਤਨ ਵਿੱਚ ਅਤੇ ਸਾਰੇ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਦੀਆਂ ਪਾਰਟੀਆਂ ਦੀ ਉਸਾਰੀ ਕਰਨ ਲਈ, ਸਾਰੇ ਦੇਸ਼ਾਂ ਦੇ ਸਮਾਜਵਾਦੀਆਂ ਨੂੰ ਸਿੱਖਿਅਤ ਕੀਤਾ। ਉਹ ਡੂੰਘੀ ਪਾਰਟੀ ਸਪਿਰਟ, ਵਿਚਾਰਧਾਰਾ ਦੇ ਖੇਤਰ ਵਿੱਚ ਦੁਸ਼ਮਣ ਵੱਲ ਸਮਝੌਤਾ ਰਹਿਤ ਅਤੇ ਬੇਕਿਰਕ ਰਵੱਈਆ ਅਖਤਿਆਰ ਕਰਦੇ ਹਨ, ਜੋ ਮਾਰਕਸ ਅਤੇ ਏਂਗਲਜ਼ ਦੀ ਵਿਗਿਆਨੀਆਂ ਵਜੋਂ ਅਤੇ ਰਾਜਨੀਤਕ ਲੜਾਕੂਆਂ ਵਜੋਂ ਇੱਕ ਖਾਸੀਅਤ ਸੀ।

ਇਹਨਾਂ ਯਾਦਾਂ ਦੇ ਲੇਖਕ ਮਾਰਕਸ ਅਤੇ ਏਂਗਲਜ਼ ਦੀ ਖੁਸ਼ਮਿਜਾਜੀ ਅਤੇ ਸਜੀਵਤਾ ਨੂੰ ਅਤੇ ਉਨ੍ਹਾਂ ਦੇ ਉਸ ਮਕਸਦ ਦੀ ਜਿੱਤ ਵਿੱਚ ਡੂੰਘੇ ਵਿਸ਼ਵਾਸ਼ ਨੂੰ, ਜਿਸ ਲਈ ਉਹਨਾਂ ਆਪਣੀਆਂ ਜ਼ਿੰਦਗੀਆਂ ਦਾਅ ‘ਤੇ ਲਾ ਦਿੱਤੀਆਂ ਸਨ, ਧਿਆਨ ਨਾਲ਼ ਵਾਚਦੇ ਹਨ। ਇਹ ਯਾਦਾਂ ਮਾਰਕਸ ਅਤੇ ਏਂਗਲਜ਼ ਦਰਮਿਆਨ ਮਹਾਨ ਦੋਸਤੀ ਨੂੰ, ਵਿਗਿਆਨ ਅਤੇ ਇਨਕਲਾਬੀ ਸੰਘਰਸ਼ ਵਿੱਚ ਉਹਨਾਂ ਦੇ ਲਗਾਤਾਰ ਸਿਰਜਣਾਤਮਕ ਮਿਲਵਰਤਨ ਨੂੰ ਜੀਵੰਤ ਰੂਪ ਵਿੱਚ ਪੇਸ਼ ਕਰਦੀਆਂ ਹਨ। ਅਸੀਂ ਮਾਰਕਸ ਅਤੇ ਏਂਗਲਜ਼ ਨੂੰ ਨਾ ਕੇਵਲ ਪ੍ਰਤਿਭਾਵਾਨ ਚਿੰਤਕ ਅਤੇ ਬੇਜੋੜ ਇਨਕਲਾਬੀਆਂ ਵਜੋਂ ਵੇਖਦੇ ਹਾਂ, ਸਗੋਂ ਅਸੀਂ ਉਹਨਾਂ ਨੂੰ ਆਮ ਇਨਸਾਨਾਂ ਵਜੋਂ, ਸਭ ਤੋਂ ਜ਼ਿਆਦਾ ਖੂਬਸੂਰਤ ਅਤੇ ਨੇਕ ਮਨੁੱਖੀ ਗੁਣਾਂ- ਸ਼ੀਸ਼ੇ ਵਰਗੀ ਸਾਫ ਨੈਤਿਕ ਸ਼ੁੱਧਤਾ, ਨਿਮਰਤਾ, ਸਾਦਗੀ ਅਤੇ ਸੱਚਾਈ, ਸਖਤ ਨੈਤਿਕ ਸਹਿਣਸ਼ੀਲਤਾ ਅਤੇ ਅਜਿੱਤ ਆਸ਼ਾਵਾਦ, ਜਿਸਦੀਆਂ ਜੜਾਂ ਉਹਨਾਂ ਦੀ ਇਤਿਹਾਸਕ ਵਿਕਾਸ ਦੇ ਬਾਹਰਮੁਖੀ ਸਿਧਾਂਤਾਂ ਦੀ ਸਮੁੱਚੀ ਸਮਝ ਵਿੱਚ ਅਤੇ ਮਨੁੱਖੀ ਇਤਿਹਾਸ ਵਿੱਚ ਇੱਕ ਨਵਾਂ ਯੁੱਗ, ਕਮਿਊਨਿਜਮ ਦੇ ਯੁੱਗ ਦੇ ਅਟੱਲ ਪਹੁ-ਫੁਟਾਲੇ ਵਿੱਚ ਉਨ੍ਹਾਂ ਦੇ ਅਡੋਲ ਵਿਸ਼ਵਾਸ਼ ਵਿੱਚ ਪਈਆਂ ਹਨ- ਦੇ ਮਾਨਵੀਕਰਨ ਵਜੋਂ ਵੇਖਦੇ ਹਾਂ।”

ਇਸ ਪੁਸਤਕ ਵਿੱਚ ਏਂਗਲਜ਼ ਵੱਲੋਂ ਮਾਰਕਸ ਦੀ ਕਬਰ ‘ਤੇ ਦਿੱਤੇ ਭਾਸ਼ਣ ਤੇ ਲੈਨਿਨ ਵੱਲੋਂ ਦੋਵਾਂ ਬਾਰੇ ਲਿਖੇ ਗਏ ਲੇਖਾਂ ਤੋਂ ਬਿਨਾਂ ਬਾਕੀ ਲਿਖਤਾਂ ਉਹਨਾਂ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀਆਂ ਹਨ। ਇਹਨਾਂ ਲੇਖਕਾਂ ਵਿੱਚ ਮਾਰਕਸ ਤੇ ਏਂਗਲਜ਼ ਦੇ ਦੋਸਤਾਂ ਵਿੱਚੋਂ ਪਾਲ ਲਫਾਰਗ, ਵਿਲਹੇਲਮ ਲੀਬਕਨੇਖਤ, ਫਰੈਡਰਿਕ ਅਡੋਲਫ ਜੋਰਗੇ ਦੀਆਂ ਲਿਖੀਆਂ ਅਪਣੱਤ ਭਿੱਜੀਆਂ ਯਾਦਾਂ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਵਿੱਚ ਮਾਰਕਸ ਦੀ ਪਤਨੀ ਜੈਨੀ ਦੀਆਂ ਲਿਖੀਆਂ ਯਾਦਾਂ ਤੇ ਚਿੱਠੀਆਂ, ਮਾਰਕਸ ਦੀ ਧੀ ਏਲੀਨੋਰਾ ਵੱਲੋਂ ਲਿਖੀਆਂ ਯਾਦਾਂ, ਏਲੀਨੋਰਾ ਦੇ ਪਤੀ ਐਡਵਰਡ ਏਵਲਿੰਗ ਵੱਲੋਂ ਲਿਖੀਆਂ ਯਾਦਾਂ ਸ਼ਾਮਲ ਹਨ। ਇਹਨਾਂ ਤੋਂ ਬਿਨਾਂ ਕਿਸੇ ਨਾ ਕਿਸੇ ਰੂਪ ਵਿੱਚ ਮਾਰਕਸ ਤੇ ਏਂਗਲਜ਼ ਨਾਲ਼ ਵਾਹ ਵਿੱਚ ਰਹੇ ਕੁੱਝ ਹੋਰਨਾਂ ਵੱਲੋਂ ਲਿਖੀਆਂ ਯਾਦਾਂ ਵੀ ਸ਼ਾਮਲ ਹਨ।

ਅਕਸਰ ਜਦੋਂ ਇਨਕਲਾਬੀਆਂ ਦੀ ਗੱਲ ਚਲਦੀ ਹੈ ਤਾਂ ਲੋਕ ਉਹਨਾਂ ਬਾਰੇ ਇੱਕ ਰੁੱਖੇ, ਬਹੁਤ ਹੀ ਗੰਭੀਰ, ਨਾਮਾਤਰ ਹੱਸਣ ਵਾਲ਼ੇ ਮਨਹੂਸ ਜਾਂ ਫਿਰ ਆਮ ਮਨੁੱਖਾਂ ਤੋਂ ਪੂਰੀ ਤਰ੍ਹਾਂ ਵਿਲੱਖਣ ਇਨਸਾਨ ਦੀ ਕਲਪਨਾ ਕਰਨ ਲਗਦੇ ਹਨ। ਪਰ ਉਹ ਵੀ ਬਾਕੀਆਂ ਵਾਂਗ ਆਮ ਇਨਸਾਨ ਹੁੰਦੇ ਹਨ ਜੋ ਹਾਸੇ, ਖੁਸ਼ੀਆਂ, ਚਾਵਾਂ, ਦੁੱਖਾਂ, ਨਫਰਤਾਂ, ਝਗੜਿਆਂ ਤੇ ਰਿਸ਼ਤਿਆਂ ਆਦਿ ਜਿਹੇ ਸਭ ਜਜਬਿਆਂ ਨੂੰ ਹੰਢਾਉਂਦੇ ਹਨ, ਪਰ ਜ਼ਿੰਦਗੀ ਦੇ ਕੁੱਝ ਮਕਸਦ, ਹੋਰਾਂ ਲਈ ਸਮਰਪਣ ਦੀ ਭਾਵਨਾ, ਨਿੱਜੀ ਜੀਵਨ ਦੀ ਥਾਂ ਸਮਾਜ ਨੂੰ ਪਹਿਲ ਤੇ ਖੁਸ਼ੀਆਂ, ਗਮਾਂ ਦੇ ਵੱਖਰੇ ਸੰਕਲਪ ਉਹਨਾਂ ਨੂੰ ਆਮ ਲੋਕਾਂ ਤੋਂ ਵੱਖਰਿਆ ਦਿੰਦੇ ਹਨ। ਇਹ ਪੁਸਤਕ ਵੀ ਮਾਰਕਸ ਤੇ ਏਂਗਲਜ਼ ਬਾਰੇ ਅਜਿਹੇ ਭਰਮਾਂ ਨੂੰ ਤੋੜਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਹਾਸੇ-ਠੱਠੇ, ਸ਼ਰਾਰਤਾਂ ਦੇ ਪਲਾਂ ਤੋਂ ਲੈ ਕੇ ਘੰਟਿਆਂ ਬੱਧੀ ਅਧਿਐਨ ਜਾਂ ਵਿਚਾਰ-ਵਟਾਂਦਰਾ ਕਰਨ ਦੇ ਸਭ ਪਲ ਇਸ ਪੁਸਤਕ ਵਿੱਚ ਦਰਜ ਹਨ। ਇਸ ਵਿੱਚ ਬੱਚਿਆਂ ਨਾਲ਼ ਖੇਡਣ, ਸੈਰ ਕਰਨ ਤੇ ਉਹਨਾਂ ਨੂੰ ਕਹਾਣੀਆਂ ਵੀ ਸੁਣਾਉਣ ਦੇ ਪਲ ਵੀ ਹਨ ਤੇ ਕਮਿਊਨਿਸਟ ਲੀਗ ਵਿਚਲੇ ਭਾਸ਼ਣ ਤੇ ਬਹਿਸਾਂ ਵੀ ਹਨ। ਇਸ ਵਿੱਚ ਮਾਰਕਸ ਦੇ ਘਰ ਦੀ ਆਰਥਿਕ ਤੰਗੀ ਕਾਰਨ ਮਰ ਗਏ ਬੱਚਿਆਂ ਦੇ ਗਮ ਨਾਲ਼ ਭਰੇ ਪੰਨੇ ਵੀ ਹਨ ਤੇ ਅੱਖਾਂ ‘ਚ ਅੱਥਰੂ ਆਉਣ ਦੀ ਹੱਦ ਤੱਕ ਖੁਸ਼ੀਆਂ, ਮਜ਼ਾਕ ਵੀ ਹਨ। ਕਿਤੇ ਏਂਗਲਜ਼ ਮਾਰਕਸ ਨਾਲ਼ ਮੋਢਾ ਜੋੜੀ ਖੜਾ ਹੈ ਤੇ ਕਿਤੇ ਏਂਗਲਜ਼ ਦਾ ਓਹੀ ਮੋਢਾ ਮਾਰਕਸ ਦੀ ਮੌਤ ਮਗਰੋਂ ਇਕੱਲਿਆਂ ਸਭ ਭਾਰ ਢੋਅ ਰਿਹਾ ਹੈ। ਇੱਥੇ ਮਾਰਕਸ ਦਾ ਇੱਕ ਵਿਸ਼ੇ ‘ਚ ਧੁਰ ਅੰਦਰ ਤੱਕ ਖੁੱਭਣਾ ਵੀ ਹੈ ਤੇ ਏਂਗਲਜ਼ ਦਾ ਕਈ ਵਿਸ਼ਿਆਂ ਦਾ ਹੈਰਾਨਕੁੰਨ ਫੈਲਾਅ ਵੀ ਹੈ। ਮਤਲਬ ਇਸ ਪੁਸਤਕ ਵਿੱਚ ਤੁਹਾਨੂੰ ਇਨਕਲਾਬੀ, ਚਿੰਤਕ, ਆਗੂ ਦੀ ਭੂਮਿਕਾ ਤੋਂ ਲੈ ਕੇ ਦੋਸਤੀ, ਪਰਿਵਾਰਕ ਰਿਸ਼ਤੇ ਤੱਕ ਦੇ ਹਰ ਕਿਰਦਾਰ ਨਿਭਾਉਂਦੇ ਹੋਏ ਮਾਰਕਸ ਤੇ ਏਂਗਲਜ਼ ਮਿਲ਼ ਜਾਣਗੇ।

ਦੋਵਾਂ ਦੋਸਤਾਂ ਦੇ ਜੀਵਨ ਦੇ ਇਹ ਰੌਚਕ ਪੰਨੇ ਹੀ ਉਹਨਾਂ ਦੀ ਅਸਲ ਯਾਦਗਾਰ ਜਾਂ ਤਸਵੀਰ ਹਨ ਜਿਨ੍ਹਾਂ ਸਾਹਮਣੇ ਖਲ੍ਹੋ ਕੇ ਸਾਨੂੰ ਉਹਨਾਂ ਨੂੰ ਵਾਰ-ਵਾਰ ਨਿਹਾਰਨਾ ਚਾਹੀਦਾ ਹੈ ਤੇ ਉਹਨਾਂ ਤੋਂ ਪ੍ਰੇਰਨਾਵਾਂ, ਉਮੀਦਾਂ, ਜਜ਼ਬਿਆਂ ਦੀ ਤਾਕਤ ਆਪਣੇ ਅੰਦਰ ਆਉਂਦੀ ਮਹਿਸੂਸ ਕਰਨੀ ਚਾਹੀਦੀ ਹੈ। ਇਹਨਾਂ ਦੋਵੇਂ ਮਹਾਂਮਾਨਵ ਦੇ ਸਿਰਫ ਵਿਚਾਰ ਤੇ ਘਾਲਣਾ ਹੀ ਨਹੀਂ ਸਗੋਂ ਉਹਨਾਂ ਦੀ ਸਖਸ਼ੀਅਤ, ਵਿਲੱਖਣ ਜੀਵਨ ਵੀ ਸਾਡੀ ਅਮੁੱਲੀ ਵਿਰਾਸਤ ਹਨ। ਮਾਰਕਸ ਦੀ ਧੀ ਤੁੱਸੀ ਨੇ ਮਾਰਕਸ ਦੀ ਕਬਰ ਬਾਰੇ ਇਸ ਪੁਸਤਕ ਵਿੱਚ ਕੁੱਝ ਸ਼ਾਨਦਾਰ ਸ਼ਬਦ ਆਖੇ ਹਨ, ਹੀ ਇਹਨਾਂ ਦੋਵਾਂ ਮਹਾਂਮਾਨਵਾਂ ਦੀ ਯਾਦ ਨੂੰ ਇਹ ਸ਼ਬਦ ਸਮਰਪਿਤ ਕਰਦਿਆਂ ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਇਹ ਪੁਸਤਕ ਪੜ੍ਹਨ ਦੀ ਜੋਰਦਾਰ ਸਿਫਾਰਸ਼ ਕਰਦਾ ਹਾਂ:

“ਅਸੀਂ ਸੋਸ਼ਲ-ਡੈਮੋਕਰੈਟ ਕਿਸੇ ਪੀਰ-ਪੈਗ਼ੰਬਰ ਨੂੰ ਨਹੀਂ ਮੰਨਦੇ ਤੇ ਉਹਨਾਂ ਦੀਆਂ ਸਮਾਧਾਂ ਦੀ ਵੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਹੈ। ਪਰ ਕਰੋੜਾਂ ਲੋਕ ਸ਼ੁਕਰਾਨੇ ਤੇ ਆਦਰ ਨਾਲ਼ ਉਸ ਵਿਅਕਤੀ ਨੂੰ ਯਾਦ ਕਰਦੇ ਹਨ ਜੋ ਉੱਤਰੀ ਲੰਡਨ ਦੇ ਇਸ ਕਬਰਸਤਾਨ ਵਿੱਚ ਦਫ਼ਨ ਹੈ ਅਤੇ ਹਜ਼ਾਰਾਂ ਸਾਲਾਂ ਬਾਅਦ, ਜਦੋਂ ਮਜ਼ਦੂਰ ਜਮਾਤ ਦੀ ਮੁਕਤੀ ਦੀ ਤਮੰਨਾ ਦੇ ਰਾਹ ਵਿੱਚ ਆਉਣ ਵਾਲ਼ੀ ਬਰਬਰਤਾ ਤੇ ਤੰਗ-ਦਿਲੀ ਬੀਤੇ ਸਮੇਂ ਦੀਆਂ ਬੇਯਕੀਨ ਕਹਾਣੀਆਂ ਬਣ ਕੇ ਰਹਿ ਜਾਣਗੀਆਂ, ਉਦੋਂ ਅਜ਼ਾਦ ਤੇ ਕ੍ਰਿਤਘਣ ਲੋਕ ਇਸ ਕਬਰ ਕੋਲ਼ ਨੰਗੇ ਸਿਰ ਖੜੇ ਹੋ ਕੇ ਆਪਣੇ ਬੱਚਿਆਂ ਨੂੰ ਦੱਸਣਗੇ : ”ਇਥੇ ਦਫ਼ਨ ਹਨ ਕਾਰਲ ਮਾਰਕਸ!” ”

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements