ਮਾਰੂਤੀ-ਸੁਜੂਕੀ ਮਜ਼ਦੂਰਾਂ ਦੀ ਹਮਾਇਤ ਵਿੱਚ ਪੰਜਾਬ ਵਿੱਚ ਉੱਠੀ ਅਵਾਜ਼ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ‘ਤੇ ਹਮਲਾ ਨਹੀਂ ਸਹਾਂਗੇ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਾਰੂਤੀ-ਸੁਜੂਕੀ ਮਜ਼ਦੂਰਾਂ ਖਿਲਾਫ਼ ਗੁੜਗਾਓਂ ਅਦਾਲਤ ਦੇ ਫੈਸਲੇ ਨੂੰ ਘੋਰ ਸਰਮਾਏ-ਪੱਖੀ ਅਤੇ ਪੂਰੀ ਮਜ਼ਦੂਰ ਜਮਾਤ ਤੇ ਕਿਰਤੀ ਲੋਕਾਂ ਉੱਤੇ ਹਮਲਾ ਮੰਨਦੇ ਹੋਏ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਸਰਕਾਰੀ ਮੁਲਾਜਮਾਂ, ਜਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਵਾਲ਼ੇ ਬੁੱਧੀਜੀਵੀਆਂ ਤੇ ਹੋਰ ਨਾਗਰਿਕਾਂ ਦੀਆਂ ਜਥੇਬੰਦੀਆਂ ਨੇ ਅਵਾਜ਼ ਬੁਲੰਦ ਕੀਤੀ ਹੈ। 4 ਅਤੇ 5 ਅਪ੍ਰੈਲ ਨੂੰ ਦੇਸ਼ ਵਿਆਪੀ ਮੁਜਾਹਰਿਆਂ ‘ਚ ਪੰਜਾਬ ਦੀਆਂ ਜਥੇਬੰਦੀਆਂ ਨੇ ਵੀ ਵਿਆਪਕ ਸ਼ਮੂਲੀਅਤ ਕੀਤੀ ਹੈ। ਹੋਰ ਵੀ ਦਿਨਾਂ ਵਿੱਚ ਇਸ ਸਬੰਧੀ ਸਰਗਰਮੀਆਂ ਹੋਈਆਂ ਹਨ।

5 ਅਪ੍ਰੈਲ ਨੂੰ ਲੁਧਿਆਣੇ ਵਿੱਚ ਮਿਨੀ ਸਕੱਤਰੇਤ ‘ਤੇ ਡੀਸੀ ਦਫ਼ਤਰ ‘ਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ, ਸੀਟੂ, ਏਟਕ, ਆਦਿ ਜਥੇਬੰਦੀਆਂ ਨੇ ਸਾਂਝਾ ਮੁਜਾਹਰਾ ਕੀਤਾ। ਇਸ ਮੁਜਾਹਰੇ ਦੀ ਤਿਆਰੀ ਲਈ ਹਿੰਦੀ ਅਤੇ ਪੰਜਾਬੀ ਵਿੱਚ ਛਾਪਿਆ ਗਿਆ ਪਰਚਾ ਵੱਡੀ ਗਿਣਤੀ ਵਿੱਚ ਵੰਡਿਆ ਗਿਆ। ਲੁਧਿਆਣੇ ਵਿੱਚ 16 ਮਾਰਚ ਨੂੰ ਵੀ ਬਿਗੁਲ ਮਜ਼ਦੂਰ ਦਸਤਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ, ਆਦਿ ਜਥੇਬੰਦੀਆਂ ਵਲੋਂ ਸਾਂਝਾ ਰੋਸ ਮੁਜਾਹਰਾ ਕੀਤਾ ਗਿਆ ਸੀ।

ਜਮਹੂਰੀ ਅਧਿਕਾਰ ਸਭਾ, ਪੰਜਾਬ ਵੱਲੋਂ ਬਠਿੰਡਾ ਅਤੇ ਸੰਗਰੂਰ ਵਿੱਚ 4 ਅਪ੍ਰੈਲ, ਬਰਨਾਲ਼ ਵਿਖੇ 8 ਅਪ੍ਰੈਲ, ਲੁਧਿਆਣੇ ਵਿਖੇ 1 ਅਪ੍ਰੈਲ ਨੂੰ ਪਿਛਲੇ ਦਿਨੀਂ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਵੱਲੋਂ ਤਿੰਨ ਲੋਕ ਵਿਰੋਧੀ ਫੈਸਲਿਆਂ – ਮਾਰੂਤੀ-ਸੁਜੂਕੀ ਮਜ਼ਦੂਰਾਂ ਨੂੰ ਸਜਾਵਾਂ, ਜਮਹੂਰੀ ਹੱਕਾਂ ਲਈ ਸਰਗਰਮ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਸਾਈਬਾਬਾ ਸਮੇਤ ਹੋਰਾਂ ਨੂੰ ਉਮਰ ਕੈਦ ਦੀਆਂ ਸਜਾਵਾਂ, ਅਤੇ ਹਿੰਦੂਤਵੀ ਦਹਿਸ਼ਤਗਰਦ ਅਸੀਮਾਨੰਦ ਨੂੰ ਬਰੀ ਕਰਨ ਦੇ ਮੁੱਦਿਆਂ ਉੱਤੇ ਕਨਵੈਨਸ਼ਨਾਂ, ਸੈਮੀਨਾਰ, ਮੁਜਾਹਰੇ, ਮੀਟਿੰਗਾਂ ਆਦਿ ਆਯੋਜਿਤ ਕੀਤੇ ਗਏ ਜਿਹਨਾਂ ਵਿੱਚ ਹੋਰ ਜਨਤਕ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।

ਪਟਿਆਲਾ ਵਿਖੇ 4 ਅਪ੍ਰੈਲ ਨੂੰ ਮਜ਼ਦੂਰਾਂ, ਮੁਲਾਜਮਾਂ, ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝਾ ਰੋਸ ਮੁਜਾਹਰਾ ਕੀਤਾ ਗਿਆ। ਬਿਜਲੀ ਮੁਲਾਜਮਾਂ ਨੇ ਵੀ ਟੈਕਨੀਕਲ ਸਰਵਿਸਜ ਯੂਨੀਅਨ ਦੀ ਅਗਵਾਈ ਵਿੱਚ 4 ਅਪ੍ਰੈਲ ਨੂੰ ਅਨੇਕਾਂ ਥਾਂਵਾਂ ਉੱਤੇ ਮੁਜਾਹਰੇ ਜਥੇਬੰਦ ਕੀਤੇ। ਲਹਿਰਾ ਥਰਮਲ ਪਲਾਂਟ ਦੇ ਠੇਕਾ ਮਜ਼ਦੂਰਾਂ ਨੇ 4 ਅਪ੍ਰੈਲ ਨੂੰ ਰੋਸ ਰੈਲੀ ਰਾਹੀਂ ਮਾਰੂਤੀ-ਸੁਜੂਕੀ ਮਜ਼ਦੂਰਾਂ ਨਾਲ਼ ਇੱਕਮੁੱਠਤਾ ਜਾਹਿਰ ਕੀਤੀ ਅਤੇ ਨਾਜਾਇਜ ਸਜਾਵਾਂ ਰੱਦ ਕਰਨ ਲਈ ਅਵਾਜ਼ ਬੁਲੰਦ ਕੀਤੀ। ਲੋਕ ਮੋਰਚਾ ਪੰਜਾਬ ਨੇ 8 ਅਪ੍ਰੈਲ ਨੂੰ ਲੰਬੀ (ਜਿਲਾ ਬਠਿੰਡਾ) ਵਿੱਚ ਰੈਲੀ ਕੀਤੀ ਅਤੇ ਰੋਸ ਪ੍ਰਗਟਾਇਆ। ਆਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਵੱਲੋਂ ਮੋਗਾ ਵਿਖੇ 12 ਅਪ੍ਰੈਲ ਨੂੰ  ਕਾਨਫਰੰਸ ਅਤੇ ਮੁਜਾਹਰਾ ਕੀਤਾ ਗਿਆ।

ਮਾਰੂਤੀ-ਸਜੂਕੀ ਮਜ਼ਦੂਰਾਂ ਦੀ ਕੰਪਨੀ ਵੱਲੋਂ ਜਿਸ ਪੱਧਰ ਦੀ ਲੁੱਟ-ਖਸੁੱਟ ਹੋ ਰਹੀ ਸੀ ਅਤੇ ਇਸ ਖਿਲਾਫ਼ ਉੱਠੀ ਅਵਾਜ਼ ਨੂੰ ਜਿਸ ਘਿਣਾਉਣੇ ਬਰਬਰ ਢੰਗ ਨਾਲ਼ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਖਿਲਾਫ਼ ਰੋਸ ਫੈਲਣਾ ਸੁਭਾਵਿਕ ਅਤੇ ਜਰੂਰੀ ਸੀ। ਪੰਜਾਬ ਦੇ ਇਨਸਾਫਪਸੰਦ ਲੋਕਾਂ ਵੱਲੋਂ ਹੱਕ, ਸੱਚ, ਇਨਸਾਫ਼ ਲਈ ਸੰਘਰਸ਼ਾਂ ਦਾ ਪੁਰਾਣਾ ਅਤੇ ਸ਼ਾਨਦਾਰ ਇਤਿਹਾਸ ਰਿਹਾ ਹੈ। ਹੱਕਾਂ ਲਈ ਜੂਝ ਰਹੇ ਮਾਰੂਤੀ-ਸੁਜੂਕੀ ਮਜ਼ਦੂਰਾਂ ਦਾ ਉਹ ਸਦਾ ਸਾਥ ਨਿਭਾਉਂਦੇ ਰਹਿਣਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements