ਮਾਰੂਤੀ-ਸੁਜੂਕੀ ਦੇ ਬੇਗੁਨਾਹ ਮਜ਼ਦੂਰਾਂ ਨੂੰ ਉਮਰ ਕੈਦ ਅਤੇ ਹੋਰ ਸਜਾਵਾਂ ਖਿਲਾਫ਼ ਰੋਸ ਮੁਜਾਹਰਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗੁੜਗਾਓਂ ਦੀ ਅਦਾਲਤ ਨੇ ਮਾਰੂਤੀ-ਸੁਜੂਕੀ ਦੇ ਹੱਕਾਂ ਲਈ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਉਮਰ ਕੈਦ ਅਤੇ ਹੋਰ ਸਜਾਵਾਂ ਸੁਣਾਈਆਂ ਹਨ। ਇਸ ਬੇਹੱਦ ਅਨਿਆਈ ਫ਼ੈਸਲੇ ਨੇ ਮਜ਼ਦੂਰਾਂ ਹੀ ਨਹੀਂ ਸਗੋਂ ਇਨਸਾਫ਼ਪਸੰਦ ਹੋਰ ਲੋਕਾਂ ਨੂੰ ਵੀ ਰੋਹ ਨਾਲ਼ ਭਰ ਦਿੱਤਾ ਹੈ। ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹਾਦਤ ਦਿਵਸ ਮੌਕੇ 23 ਮਾਰਚ ਨੂੰ, ਇਸ ਅਨਿਆਈ ਫ਼ੈਸਲੇ ਖਿਲਾਫ਼ ਗੁੜਗਾਓਂ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਹੈ। 4 ਅਤੇ 5 ਅਪ੍ਰੈਲ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮੁਜਾਹਰੇ ਕੀਤੇ ਗਏ ਹਨ। ਵਿਦੇਸ਼ਾਂ ਵਿੱਚ ਵੀ ਰੋਸ ਮੁਜਾਹਰੇ ਹੋਏ ਹਨ।

ਲੰਘੀ 5 ਅਪ੍ਰੈਲ ਨੂੰ ਲੁਧਿਆਣਾ ਵਿਖੇ ਡੀ.ਸੀ. ਦਫਤਰ ਅੱਗੇ ਮਾਰੂਤੀ ਸਜੂਕੀ ਦੇ 13 ਆਗੂਆਂ ਨੂੰ ਉਮਰ ਕੈਦ ਦੀ ਸਜਾ ਦੇਣ ਵਿਰੁੱਧ ਅਤੇ ਸਾਰੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾ ਕਰਾਉਣ, ਸਾਰੇ ਮਜ਼ਦੂਰਾਂ ਨੂੰ ਕੰਮ ਉੱਤੇ ਵਾਪਿਸ ਲੈਣ, ਜੇਲ ਵਿੱਚ ਨਾਜਾਇਜ਼ ਰੱਖਣ ਸਬੰਧੀ ਮੁਆਵਜਾ ਦੇਣ ਅਤੇ ਠੇਕੇਦਾਰੀ ਪ੍ਰਬੰਧ ਖਤਮ ਕਰਾਉਣ ਸਬੰਧੀ ਲੁਧਿਆਣੇ ਦੀਆਂ ਮਜ਼ਦੂਰ, ਮੁਲਾਜਮ, ਨੌਜਵਾਨ, ਵਿਦਿਆਰਥੀ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਮੁਜਾਹਰਾ ਕੀਤਾ ਗਿਆ। ਡੀ.ਸੀ. ਲੁਧਿਆਣਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ।

ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਨੇ ਕਿਹਾ ਕਿ ਮਾਰੂਤੀ-ਸਜੂਕੀ ਘਟਨਾਕ੍ਰਮ ਰਾਹੀਂ ਲੁਟੇਰੇ ਹਾਕਮਾਂ ਨੇ ਐਲਾਨ ਕੀਤਾ ਹੈ ਕਿ ਜੋ ਅਵਾਜ ਲੁੱਟ-ਖਸੁੱਟ ਖਿਲਾਫ਼ ਉੱਠੇਗੀ ਉਹ ਕੁਚਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹਿੱਤਾਂ ਵਿੱਚ ਕਿਰਤ ਕਨੂੰਨਾਂ ਵਿੱਚ ਸੋਧਾਂ, ਕਾਲੇ ਕਾਨੂੰਨ ਬਣਾਉਣ, ਸੰਘਰਸ਼ਸ਼ੀਲ ਲੋਕਾਂ ਦੀ ਅਵਾਜ਼ ਨੂੰ ਕੁਚਲਣਾ, ਜਮਹੂਰੀ ਹੱਕ ਖੋਹਣ ਜਿਹੀਆਂ ਨੀਤੀਆਂ ਨੂੰ ਭਾਰਤੀ ਹਾਕਮ ਧੜਾਧੜ ਅੰਜਾਮ ਦੇ ਰਹੇ ਹਨ। ਲੋਕ ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਕਲਾਕਾਰਾਂ ਤੱਕ ਨੂੰ ਜੇਲ ‘ਚ ਡੱਕਿਆ ਜਾ ਰਿਹਾ ਹੈ। ਲੋਕ ਏਕਤਾ ਨੂੰ ਤੋੜਨ ਲਈ ਧਰਮ, ਜਾਤ, ਖੇਤਰ ਦੇ ਨਾਂ ‘ਤੇ ਵੰਡਣ ਦੀਆਂ ਸਾਜ਼ਿਸ਼ਾਂ ਪਹਿਲਾਂ ਤੋਂ ਵੀ ਕਿਤੇ ਤੇਜ਼ ਹੋ ਚੁੱਕੀਆਂ ਹਨ। ਜਿੱਥੇ ਲੋਕਾਂ ਨੂੰ ਵੰਡਿਆ ਨਾ ਜਾ ਸਕੇ, ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਨਾ ਜਾ ਸਕੇ, ਉੱਥੇ ਜੇਲ, ਲਾਠੀ, ਗੋਲੀ, ਜ਼ਬਰ -ਜੁਲਮ ਰਾਹੀਂ ਕੁਚਲਿਆ ਜਾ ਰਿਹਾ ਹੈ। ਇਹੋ ਮਰੂਤੀ-ਸਜੂਕੀ ਮਜ਼ਦੂਰਾਂ ਨਾਲ਼ ਵਾਪਰਿਆ ਹੈ। ਉਹਨਾਂ ਕਿਹਾ ਕਿ ਜ਼ਬਰ-ਜੁਲਮ ਰਾਹੀਂ ਲੋਕ ਅਵਾਜ਼ ਕੁਚਲਣ ‘ਚ ਜ਼ਾਬਰ ਹਾਕਮਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਕੱਠ ਨੂੰ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਆਗੂ ਰਿਸ਼ੀ, ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ ਦੇ ਆਗੂਆਂ ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਆਗੂਆਂ ਕੰਵਲਜੀਤ ਖੰਨਾ, ਜਮਹੂਰੀ ਅਧਿਕਾਰ ਸਭਾ ਦੇ ਆਗੂ ਹਰਪ੍ਰੀਤ ਸਿੰਘ ਜੀਰਖ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕਰਮਜੀਤ, ਸੀ.ਆਈ.ਟੀ.ਯੂ. ਆਗੂ ਚੰਦਰ ਸ਼ੇਖਰ, ਏਟਕ ਆਗੂ ਡੀ.ਪੀ. ਮੌੜ, ਗੁਰਨਾਮ ਸਿੱਧੂ, ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂ ਕੁਲਦੀਪ ਸਿੰਘ ਬੁਚੋਵਾਲ ਆਦਿ ਨੇ ਸੰਬੋਧਿਤ ਕੀਤਾ। ਇਸ ਮੌਕੇ ਇਸਤਰੀ ਮਜ਼ਦੂਰ ਸੰਗਠਨ ਦੀ ਆਗੂ ਬਲਜੀਤ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਜੀਤ (ਸਮਰ), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ, ਜਨ ਸੰਘਰਸ਼ ਮੰਚ, ਹਰਿਆਣਾ ਦੀ ਆਗੂ ਕਵਿਤਾ ਵਿਦਰੋਹੀ ਆਦਿ ਨੇ ਸਾਥੀਆਂ ਸਮੇਤ ਮੁਜਾਹਰੇ ਵਿੱਚ ਸ਼ਾਮਲ ਹੋਕੇ ਮਾਰੂਤੀ ਸਜੂਕੀ ਮਜ਼ਦੂਰਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕੀਤੀ।

-ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements