ਮਾਰਸ਼ਲ ਲਾਅ ਦਾ ਗੁੰਮਨਾਮ ਹੀਰੋ •ਅਰਜਨ ਸਿੰਘ  ‘ਗੜਗੱਜ’

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਪਾਹ ਦੇ ਕਾਰਖ਼ਾਨੇ ਦੇ ਉਸ ਖੂਹ ਵਿੱਚੋਂ ਪਾਣੀ ਦਾ ਡੋਲ ਖਿੱਚਦਿਆਂ ਜਿਸ ਦਾ ਅੱਧਾ ਹਿੱਸਾ ਕਾਰਖ਼ਾਨੇ ਅੰਦਰ ਤੇ ਅੱਧਾ ਬਾਹਰ ਸੀ, ਕੁਝ ਸੁਣਿਆ? ਡਾਂ … ਡਾਂ … ਡਡਾਂ … ਡਡਾਂ

ਇਹ ਅਵਾਜ਼ ਪੀਪਾ ਖੜਕਣ ਦੀ ਸੀ। ਲਾਗੇ ਚਾਗੇ ਕੋਈ ਬਾਗ਼ ਬਗ਼ੀਚਾ ਜਾਂ ਖੇਤ ਵੀ ਅਜਿਹਾ ਨਹੀਂ ਸੀ ਜਿਸ ਵਿੱਚ ਚਿੜੀਆਂ, ਕਾਵਾਂ ਜਾਂ ਤੋਤਿਆਂ ਆਦਿ ਨੂੰ ਉਡਾਉਣ ਲਈ ਰਾਖਿਆਂ ਨੂੰ ਪੀਪਾ ਖੜਕਾਉਣਾ ਪੈਂਦਾ। ਇਹ ਡਾਂ … ਡਾਂ … ਡਡਾਂ … ਡਡਾਂ ਕਿਸੇ ਬੱਚੇ ਹੱਥਲੀ ਸੱਟ ਦੀ ਅਵਾਜ਼ ਵੀ ਨਹੀਂ ਸੀ ਕਿਉਂਕਿ ਵੱਡਾ ਪੀਪਾ ਚੁੱਕ ਕੇ ਇੱਕ ਬੱਚਾ ਲਗਾਤਾਰ ਕਈ ਵੇਰ ਇੰਨੇ ਜ਼ੋਰ ਨਾਲ਼ ਵਜਾਵੇ, ਇਹ ਔਖਾ ਜਾਪਦਾ ਸੀ। ਉਤਸੁਕਤਾ ਨਾਲ਼ ਬਾਹਰ ਵੱਲ ਝਾਕਿਆ, ਖੂਹ ਦੀ ਭੈਣੀ ਹੱਥੋਂ ਨਿਕਲ ਗਈ ਤੇ ਖੜ-ਖੜ ਕਰਕੇ ਲੱਜ ਸਣੇ ਬਾਲਟੀ ਐਉਂ ਖੂਹ ਵਿੱਚ ਜਾ ਡਿੱਗੀ ਜਿਵੇਂ ਉਹ ਅੱਗੇ ਹੀ ਰੱਬ ਨੂੰ ਕਹਿ ਰਹੀ ਹੋਵੇ : ਟੁੱਟ ਟੁੱਟ ਰੱਸੀਏ ਸਾਡੇ ਸਾਥੀ ਦੂਰ ਰਹਿ ਗਏ। ਭੌਣੀ ਦੇ ਤੱਤ ਫੜੱਤ ਭੌਂ ਜਾਣ ਨਾਲ਼ ਮੇਰਾ ਮੂੰਹ ਵੀ ਸ਼ੰਗਾਰਿਆ ਗਿਆ। ਚਿਹਰੇ ਦੇ ਕਈ ਹਿੱਸਿਆਂ ‘ਚੋਂ ਲਹੂ ਸਿੰਮ ਆਇਆ। ਲਾਲ ਲਾਲ ਲਹੂ ਘਰਾਲਾਂ ਬਣ ਕੇ ਹੌਲੀ ਹੌਲੀ ਐਉਂ ਵਗ ਤੁਰਿਆ ਜਿੱਦਾਂ ਕਿਸੇ ਪਹਾੜ ਤੋਂ ਪਾਣੀ ਡਿਗਦਾ ਡਿਗਦਾ ਜਿੱਧਰ ਥਾਂ ਲੱਭੇ ਓਧਰ ਨੂੰ ਤੁਰ ਪੈਂਦਾ ਹੈ। ਡਡੋਲਿਕੇ ਜਿਹੇ ਹੋ ਕੇ ਚੀਸਾਂ ਸਹਿੰਦਿਆਂ  ਡਾਂ … ਡਾਂ … ਡਡਾਂ … ਡਡਾਂ ਦਾ ਪਤਾ ਕਰ ਹੀ ਲਿਆ।

***

ਟੱਟੀ ਦੇ ਬਹਾਨੇ ਉਸਤਾਦ ਤੋਂ ਛੁੱਟੀ ਲੈ ਕੇ ਕਾਰਖ਼ਾਨਿਓਂ ਬਾਹਰ ਆਇਆ ਤਾਂ ਵੇਖਿਆ।

ਪੀਪਾ ਲਟਕਾਉਣ ਵਾਲਾ ਇੱਕ ਪਤਲਾ ਜਿਹਾ, ਤਿੱਖ-ਨਕਸ਼ੀਆ ਅੱਧਖੜ ਪੁਰਸ਼ ਸੀ। ਗਲ ਵਿੱਚ ਪੀਪਾ ਲਟਕਾਈ  ਡਾਂ … ਡਾਂ … ਡਡਾਂ … ਡਡਾਂ ਦੀ ਅਵਾਜ਼ ਸੁਣਾਈ ਜਾ ਰਿਹਾ ਸੀ। ਜਿੱਥੇ ਕੁਝ ਲੋਕ ਇਕੱਠੇ ਦਿੱਸਦੇ ਓਥੇ ਉਹ ਪੁਰਸ਼ ਮੂੰਹੋਂ ਵੀ ਕੁਝ ਬੋਲਦਾ। ਇਸ ਤਰ੍ਹਾਂ ਨਿਰਜੀਵ ਤੇ ਬੇ-ਜ਼ਬਾਨ ਪੀਪੇ ਨੂੰ ਹਥੌੜੇ ਦੀਆਂ ਸੱਟਾਂ ਖਾ ਕੇ ਚੀਕ ਚਿਹਾੜਾ ਪਾਉਣੋਂ ਕੁਝ ਚਿਰ ਲਈ ਸਾਹ ਮਿਲ ਜਾਂਦਾ। ਇਹ ਪੁਰਸ਼ ਤਰਨਤਾਰਨ ਲਾਗਲੇ ਪਿੰਡ ਪਲਾਸੌਰ ਦਾ ਮਿਸਤਰੀ ਨੰਦ ਸਿੰਘ ਸੀ। ਕੁਝ ਪੜ੍ਹਿਆ ਲਿਖਿਆ ਤੇ ਸਮਝਦਾਰ ਪੁਰਸ਼, 41 ਸਾਲ ਪਹਿਲਾਂ ਭਲੇ ਸਮਿਆਂ ਵਿਚ ਦੋ ਢਾਈ ਰੁਪਏ ਰੋਜ਼ ਕਮਾ ਲੈਣ ਵਾਲਾ ਕਾਰੀਗਰ। ਗਲ਼ ਵਿੱਚ ਪੀਪਾ ਪਾ ਕੇ ਬੱਚਿਆਂ ਦੇ ਭਾ ਦਾ ਸੁਆਂਗ ਤੇ ਸਿਆਣਿਆਂ ਦੇ ਭਾ ਦਾ ਟਿਚਕਰ-ਨਿਸ਼ਾਨਾ ਬਣ ਰਿਹਾ ਸੀ। ਤਰਨਤਾਰਨ ਸ਼ਹਿਰ ਦੇ ਲੱਗਭੱਗ ਬਹੁਤੇ ਲੋਕ ਉਸ ਨੂੰ ਜਾਣਦੇ ਸਨ ਕਿਉਂਕਿ ਨਿੱਕੇ ਹੁੰਦਿਆਂ ਤਾਂ ਨੰਦ ਸਿੰਘ ਇੱਥੋਂ ਦੀਆਂ ਗਲੀਆਂ ਕੱਛਦਾ ਫਿਰਿਆ ਸੀ। ਕਈ ਘਰਾਂ ਵਿੱਚ ਉਹਨੇ ਦਿਹਾੜੀਆਂ ਲਾਈਆਂ ਸਨ। ਕਈ ਗਲੀਆਂ ਤੇ ਬਜ਼ਾਰਾਂ ਵਿਚ ਉਸ ਨੇ ਅੱਧ-ਅਸਮਾਨੇ ਗੋਆਂ ਉੱਤੇ ਖੜੇ ਹੋਕੇ ਤਿੱਖੜ ਦੁਪਹਿਰਾਂ ਵੇਲੇ ਸ਼ਹਿਰੀਆਂ ਸਾਹਮਣੇ ਮੂੰਹ ਸਿਰ ਤੋਂ ਮੁੜਕਾ ਚੁਆਇਆ ਸੀ। ਇਸ ਲਈ ਨੰਦ ਸਿੰਘ ਕਿਸੇ ਤੋਂ ਗੁੱਝਾ ਨਹੀਂ ਸੀ। ਪਰ ਉਸ ਨੂੰ ਪੀਪਾ ਵਜਾਉਂਦਿਆਂ ਵੇਖ ਉਸ ਦੇ ਕਈ ਭਰਾ ਭਾਈ, ਅੰਗ ਸਾਕ ਤੇ ਮਿੱਤਰ ਦੋਸਤ ਆਖਣ ਲੱਗ ਪਏ ਸ਼ੁਦਾਈ ਹੋ ਗਿਆ ਸ਼ੁਦਾਈ।

***

ਪੀਪੇ ਦੀ ਡਾਂ … ਡਾਂ … ਡਡਾਂ … ਡਡਾਂ    ਪਿੱਛੋਂ ਨੰਦ ਸਿੰਘ ਦੀ ਤਕਰੀਰ ਸੁਣੀ ਉਹ ਕਹਿ ਰਿਹਾ ਸੀ :

”ਤਰਨ ਤਾਰਨੀਓ! ਕਿਉਂ ਮਰ ਗਏ ਹੋ? ਤੁਹਾਡੇ ਭਰਾ ਤੁਹਾਡੇ ਗੁਆਂਢ ਅੰਮ੍ਰਿਤਸਰ ਵਿੱਚ ਕਿੱਦਾਂ ਕੁਰਬਾਨੀਆਂ ਦੇ ਰਹੇ ਹਨ। ਹਿੰਦੂਓ, ਮੁਸਲਮਾਨੋ ਤੇ ਸਿੱਖੋ, ਤੁਹਾਡਾ ਧਰਮ ਕਿੱਥੇ ਹੇ? ਅੰਗ੍ਰੇਜ਼ ਨੇ ਤੁਹਾਡਾ ਰਹਿਣ ਹੀ ਕੀ ਦਿੱਤਾ ਹੈ? ਉੱਠੋ! ਗੋਰੇ ਪ੍ਰਭੂਆਂ ਤੋਂ ਖਲਾਸੀ ਪਾਉਣ ਲਈ ਮੈਦਾਨ ਵਿੱਚ ਨਿੱਤਰੋ। ਰਣ ਵਿੱਚ ਆਉਣ ਦੀ ਹਿੰਮਤ ਨਹੀਂ ਤਾਂ ਘੱਟੋ-ਘੱਟ ਸ਼ਹਿਰ ਵਿੱਚ ਹੜਤਾਲ ਤਾਂ ਕਰ ਦਿਓ।”

ਉਸ ਦੇ ਸਿੱਧ-ਪੱਧਰੇ ਸ਼ਬਦ ਸਨ, ਪਰ ਦੇਸ਼-ਭਗਤੀ ਦੇ ਜਜ਼ਬਾਤ ਨਾਲ਼ ਗੜੁੱਚ ਹੋਏ। ਇਕ ਇੰਜੈਕਸ਼ਨ ਵਾਂਗ ਸਰੀਰ ਦੇ ਅੰਦਰ ਜਾ ਕੇ ਫ਼ੌਰੀ ਅਸਰ ਕਰਨ ਵਾਲ਼ੇ। ਮੇਰੇ ਆਪਣੇ ਜਜ਼ਬਾਤ ਲਈ ਦੇਸ਼-ਭਗਤੀ ਦੀ ਰੰਗਣ ਵਿੱਚ ਰੰਗੇ ਜਾਣ ਲਈ ਮੰਨਿਓ ਬੋਹਣੀ ਹੋ ਗਈ ਸੀ। ਮੰਨਿਓ ਮੇਰੇ ਅਗਲੇ ਜੀਵਨ ਬਾਬਤ ਸ੍ਰੀਗਣੇਸ਼ ਪੜਿਆ ਗਿਆ ਸੀ। ਮੈਂ ਮੁੜ ਕਾਰਖ਼ਾਨੇ ਜਾਣ ਦੀ ਥਾਂ ਨੰਦ ਸਿੰਘ ਦੇ ਪਿੱਛੇ-ਪਿੱਛੇ ਤੁਰ ਪਿਆ।

***

ਡਾਂ … ਡਾਂ … ਡਡਾਂ … ਡਡਾਂ ਦੀ ਅਵਾਜ਼ ਸੁਣ ਕੇ ਨੰਦ ਸਿੰਘ ਉਦਾਲੇ ਸ਼ਹਿਰੀਆਂ ਦਾ ਇਕੱਠ ਆਣ ਜੁੜਿਆ। ਵਿਚੋਂ ਹੀ ਇੱਕ ਚੌਧਰੀ ਨਿਕਲ ਆਇਆ। ਉਸ ਨੰਦ ਸਿੰਘ ਨੂੰ ਪੁੱਛਿਆ –

”ਇਹ ਕੀ ਕਰ ਰਿਹਾਂ ਏਂ?”

”ਢੰਢੋਰਾ ਫੇਰ ਰਿਹਾ ਹਾਂ” ਨੰਦ ਸਿੰਘ ਨੇ ਉੱਤਰ ਦਿੱਤਾ।

”ਕਿਸ ਦੇ ਹੁਕਮ ਨਾਲ਼?” ਚੌਧਰੀ ਨੇ ਜ਼ਰਾ ਰੁਹਬ ਪੌਣ ਦਾ ਯਤਨ ਕਰਦਿਆਂ ਹੋਇਆਂ ਆਖਿਆ।

”ਆਪਣੀ ਆਤਮਾ ਦੇ ਹੁਕਮ ਨਾਲ਼” ਨੰਦ ਸਿੰਘ ਨੇ ਬੇਪਰਵਾਹ ਹੋ ਕੇ ਜੁਆਬ ਦਿੱਤਾ।

”ਤੈਨੂੰ ਅੰਗ੍ਰੇਜ਼ ਮਾਈ ਬਾਪ ਵਿਰੁੱਧ ਜ਼ੁਬਾਨ ਬੰਦ ਕਰਨੀ ਪਏਗੀ।”

“ਜ਼ੁਬਾਨ ਕੱਟੀ ਜਾ ਸਕਦੀ ਹੈ ਬੰਦ ਨਹੀਂ ਹੋ ਸਕਦੀ” ਨੰਦ ਸਿੰਘ ਨੇ ਨਿਝੱਕ ਹੋ ਕੇ ਆਖਿਆ।

”ਚਲ ਥਾਣੇ” ਕਹਿ ਕੇ ਚੌਧਰੀ ਉਸ ਨੂੰ ਥਾਣੇ ਵੱਲ ਲੈ ਤੁਰਿਆ।

ਨੰਦ ਸਿੰਘ ਨੇ ਥਾਣੇ ਜਾਣ ਵਿਚ ਕੋਈ ਹੁੱਜਤ ਨਾ ਕੀਤੀ। ਕਿਉਂਕਿ ਉਹ ਥਾਣੇਦਾਰ ਨੂੰ ਵੀ ਆਪਣੀ ਆਤਮਾ ਦਾ ਫ਼ੁਰਮਾਨ ਸੁਣਾ ਦੇਣਾ ਚਾਹੁੰਦਾ ਸੀ।

”ਕੀ ਗੱਲ ਹੈ ਚੌਧਰੀ ਜੀ?” ਥਾਣੇਦਾਰ ਨੇ ਨੰਦ ਸਿੰਘ ਵੱਲ ਚੋਰ ਅੱਖੀਂ ਵੇਖਦਿਆਂ ਹੋਇਆਂ ਪੁੱਛਿਆ।

” ਜਨਾਬ! ਇਹ ਪੁਰਸ਼ ਸਾਡੀ ਸਰਕਾਰ ਵਿਰੁੱਧ ਲੋਕਾਂ ਨੂੰ ਹੜਤਾਲ ਕਰਨ ਲਈ ਉਕਸਾ ਰਿਹਾ ਹੈ” ਚੌਧਰੀ ਨੇ ਬੜੇ ਮਾਣ ਨਾਲ਼ ਥਾਣੇਦਾਰ ਨੂੰ ਦੱਸਿਆ।

ਥਾਣੇਦਾਰ ਅਜ਼ੀਜ਼ ਦੀਨ ਬੜਾ ਚਲਾਕ ਪੁਰਸ਼ ਸੀ ਅਤੇ ਅੰਮ੍ਰਿਤਸਰ ਵਿੱਚ 1919 ਦੀ ਰਾਮਨੌਮੀ ਦੇ ਦਿਨ ਹਿੰਦੂ-ਮੁਸਲਿਮ ਮਿਲਾਮ ਅਤੇ ਬਾਅਦ ਵਿੱਚ ਲੋਕਾਂ ਦੇ ਆਗੂ ਡਾ. ਸੈਫੁਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਗ੍ਰਿਫ਼ਤਾਰ ਕਰ ਲੈਣ ‘ਤੇ ਲੋਕਾਂ ਦਾ ਗੁੱਸਾ ਵੇਖ ਚੁੱਕਾ ਸੀ। ਇਸ ਕਰਕੇ ਉਹ ਹਲੀਮੀ ਨਾਲ਼ ਬੋਲਿਆ ”ਕਿਉਂ ਸ. ਨੰਦ ਸਿੰਘ ਕੀ ਗੱਲ ਹੈ?”

ਨੰਦ ਸਿੰਘ ਨੇ ਉਸ ਨੂੰ ਵੀ ਬੇਪਰਵਾਹੀ ਨਾਲ਼ ਉੱਤਰ ਦਿੱਤਾ : ”ਚੌਧਰੀ ਠੀਕ ਕਹਿੰਦਾ ਹੈ। ਅਸਾਂ ਆਪਣੇ ਦੇਸ਼ ਤੋਂ ਅੰਗ੍ਰੇਜ਼ ਦਾ ਰਾਜ ਖ਼ਤਮ ਕਰ ਦੇਣਾ ਹੈ। ਬਿੱਲੇ ਨਹੀਂ ਰਹਿਣ ਦੇਣੇ ਤੇ ਉਨ੍ਹਾਂ ਦੇ ਝੋਲੀ-ਚੁੱਕਾਂ ਦਾ ਖੁਰਾ ਖੋਜ਼ ਵੀ ਨਹੀਂ ਛੱਡਣਾ।”

ਥਾਣੇਦਾਰ ਨੇ ਚੌਧਰੀ ਨੂੰ ਅੱਖ ਮਾਰੀ ਤੇ ਚੌਧਰੀ ਨੰਦ ਸਿੰਘ ਨੂੰ ਥਾਣਿਓਂ ਬਾਹਰ ਲੈ ਆਇਆ ਤੇ ਇਹ ਕਹਿ ਕੇ ”ਨੰਦ ਸਿੰਘ! ਜੋ ਜੀ ਆਏ ਕਰ” ਆਪ ਖਿਸਕਦਾ ਹੋਇਆ।

ਥਾਣੇਦਾਰ ਅਜ਼ੀਜ਼ਦੀਨ ਨੇ ਪਿਛੋਂ ਮਾਰਸ਼ਲ ਲਾਅ ਦੇ ਦਿਨੀਂ ਦੇਸ਼-ਭਗਤਾਂ ਦੇ ਖ਼ੂਨ ਵਿੱਚ ਹੱਥ ਰੰਗਣ ਦੀਆਂ ਬੜੀਆਂ ਰੀਝਾਂ ਲਾਹੀਆਂ ਸਨ।

***        

ਅਗਲੇ ਹੀ ਦਿਨ ਤਰਨਤਾਰਨ ਦੀਆਂ ਕੰਧਾਂ ਕਾਲੀਆਂ ਤੇ ਸ਼ਹਿਰ ਵਿੱਚ ਮੁਕੰਮਲ ਹੜਤਾਲ ਹੋ ਗਈ। ਬਜ਼ਾਰਾਂ ਵਿੱਚ ਉੱਲੂ ਬੋਲਣ ਲੱਗ ਪਏ। ਇਉਂ ਭਾਸਣ ਲੱਗਾ ਜਿਵੇਂ ਬਜ਼ਾਰਾਂ ਵਿੱਚ ਕੋਈ ਭੂਤ ਆਣ ਵੜਿਆ ਹੋਵੇ ਜਿਸ ਨੂੰ ਸੁਣ ਕੇ ਲੋਕ ਘਰਾਂ ਵਿੱਚ ਹੀ ਦੜ ਗਏ ਹੋਣ।

ਬਹੁਤ ਸ਼ਰਧਾਲੂ ਗੁਰਦੁਆਰੇ, ਮੰਦਰ ਤੇ ਮਸਜਿਦ ਵਿੱਚ ਮੱਥੇ ਟੇਕਣ ਤੇ ਸਿੱਜਦੇ ਕਰਨ ਗਏ। ਕਿਉਂਕਿ ਵਰ੍ਹੇ ਦੇ ਦਿਨਾਂ ਦਾ ਦਿਨ ਸੀ। ਵੈਸਾਖੀ ਵਾਲੇ ਦਿਨ ਨਵਾਂ ਸੰਮਤ ਚੜ੍ਹਿਆ ਸੀ। ਪਰ ਛੇਤੀ-ਛੇਤੀ ਘਰੀਂ ਵਾਪਸ ਮੁੜ ਆਏ।

ਖ਼ਬਰਾਂ ਸੁਣੀਆਂ ਜਾਣ ਲੱਗੀਆਂ। ਅੰਮ੍ਰਿਤਸਰ ਜਲ੍ਹਿਆਂ ਵਾਲ਼ੇ ਬਾਗ ਵਿੱਚ ਗੋਰਿਆਂ ਨੇ ਗੋਲ਼ੀ ਚਲਾ ਦਿੱਤੀ। ਵੈਸਾਖੀ ਵੇਖਣ ਆਏ ਯਾਤਰੂਆਂ ਨੂੰ ਡਾਇਰ ਨੇ ਧਾਨਾਂ ਵਾਂਗ ਭੁੰਨ ਕੇ ਰੱਖ ਦਿੱਤਾ। ਮਾਰਸ਼ਲ ਲਾਅ ਲਾ ਦਿੱਤਾ ਗਿਆ। ਇਤਿਆਦ।

ਤਰਨਤਾਰਨ ਵਿੱਚ ਸਹਿਮ ਛਾ ਗਿਆ। ਮਾਪਿਆਂ ਆਪਣੇ ਬੱਚਿਆਂ ਨੂੰ ਘਰਾਂ ਦੀ ਚਾਰ ਦੀਵਾਰੀ ਵਿਚ ਬੰਦ ਕਰ ਲਿਆ ਤੇ ਆਪ ਵੀ ਘੁੱਟ ਕੇ ਬਹਿ ਗਏ। ਸ਼ਾਮਾਂ ਪੈ ਚੁੱਕੀਆਂ ਸਨ, ਘਰਦਿਆਂ ਤੋਂ ਅੱਖ ਬਚਾ ਕੇ ਮੈਂ ਬਜ਼ਾਰ ਜਾ ਨਿੱਕਲਿਆ। ਅੱਗੇ ਓਹੋ ਨੰਦ ਸਿੰਘ ਮਿਲ ਪਿਆ।

ਅੱਜ ਦਾ ਨੰਦ ਸਿੰਘ ਕੱਲ ਵਾਲ਼ਾ ਨੰਦ ਸਿੰਘ ਨਹੀਂ ਸੀ। ਉਸ ਦੇ ਕੱਪੜੇ ਲਹੂ-ਭਿੱਜੇ ਸਨ, ਅੱਖਾਂ ਤੇ ਚਿਹਰੇ ਤੋਂ ਥਕਾਵਟ ਫੁੱਟ ਫੁੱਟ ਕੇ ਉੱਭਰਦੀ ਵਿਖਾਈ ਦੇ ਰਹੀ ਸੀ।

ਉਸ ਆਖਿਆ :

”ਕਹਿਰ ਹੋ ਗਿਆ। ਬਿੱਲਿਆਂ ਨੇ ਗੋਲ਼ੀ ਚਲਾ ਦਿੱਤੀ। ਸੈਂਕੜੇ ਵੀਰਾਂ, ਭੈਣਾਂ, ਮਾਵਾਂ ਤੇ ਬੱਚਿਆਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ।”

ਇੰਨਾ ਕਹਿੰਦਿਆਂ ਉਹ ਅਗਾਂਹ ਤੁਰ ਪਿਆ। ਮੈਂ ਵਾਪਸ ਆਪਣੇ ਘਰ ਆ ਕੇ ਘਰਦਿਆਂ ਨੂੰ ਸਾਰੀ ਗੱਲ ਦੱਸੀ। ਮੇਰੇ ਬਜ਼ੁਰਗਾਂ ਨੇ ਇਹ ਕਹਿ ਕੇ ਮੈਨੂੰ ਬਾਹਰ ਜਾਣੋਂ ਵਰਜ਼ ਦਿੱਤਾ ”ਨੰਦ ਸਿੰਘ ਸ਼ੁਦਾਈ ਹੈ ਤੇ ਉਹ ਪਾਗ਼ਲ ਹੋ ਗਿਆ ਹੈ?”

ਇਕਤਾਲੀ ਸਾਲ ਹੋ ਗਏ, ਉਸ ਸ਼ੁਦਾਈ ਜਾਂ ਪਾਗ਼ਲ ਦਾ ਵਜ਼ੂਦ ਕਿਤੇ ਨਜ਼ਰ ਨਹੀਂ ਆਇਆ। ਕਿਸੇ ਦਾ ਕਹਿਣਾ ਹੈ ਕਿ ਉਹ ਬਾਹਰ ਕਿਸੇ ਦੇਸ਼ ਨੂੰ ਦੌੜ ਗਿਆ ਸੀ, ਕੋਈ ਕਹਿੰਦਾ ਹੈ ਕਿ ਉਸ ਨੇ ਪੰਜਾ ਸਾਹਿਬ ਵਿਖੇ ਅਫ਼ੀਮ ਖਾ ਕੇ ਆਤਮਘਾਤ ਕਰ ਲਿਆ ਸੀ। ਜਿੰਨੇ ਮੂੰਹ ਓਨੀਆਂ ਗੱਲਾਂ, ਪਰ ਹਕੀਕਤ ਦਾ ਪਤਾ ਕਿਸੇ ਨੂੰ ਨਹੀਂ ਲੱਗ ਸਕਿਆ।

ਨੰਦ ਸਿੰਘ ਹੋਰਨਾਂ ਨੂੰ ਭਾਂਵੇ ਭੁੱਲ ਗਿਆ ਹੋਵੇ, ਮੈਨੂੰ ਨਹੀਂ ਭੁੱਲਾ। ਮੈਨੂੰ ਉਸ ਦੀ ਸੂਰਤ ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਦੀ ਡਾਰ ਵਿਚ ਲੱਭਦੀ ਹੈ ਅਤੇ ਅੱਜ ਵੀ ਉਸ ਦੇ ਗਲ ਪਿਆ ਪੀਪਾ ਉਸੇ ਤਰ੍ਹਾਂ ਡਾਂ … ਡਾਂ … ਡਡਾਂ … ਡਡਾਂ ਦੀ ਅਵਾਜ਼ ਨਾਲ਼ ਦੇਸ਼-ਭਗਤੀ ਦੇ ਜਜ਼ਬਿਆਂ ਨੂੰ ਟੁੰਬ-ਟੁੰਬ ਕੇ ਜਗਾ ਰਿਹਾ ਹੈ।

***

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements