ਮਾਓਵਾਦੀ ਚੀਨ ਵਿੱਚ ਬੱਚਿਆਂ ਦੀ ਸਮੂਹਿਕ ਦੇਖਭਾਲ ਨੇ ਔਰਤਾਂ ਨੂੰ ਕਿਵੇਂ ਅਜ਼ਾਦ ਕੀਤਾ! •ਲੀ ਅੋਨੇਸਟ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਕਦੇ ਔਰਤਾਂ ਆਪਸ ਵਿੱਚ ਮਿਲਦੀਆਂ-ਜੁਲਦੀਆਂ ਹਨ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਦੀਆਂ ਹਨ ਤਾਂ ਘਰੇਲੂ ਕੰਮਕਾਜ਼ ਅਤੇ ਬੱਚਿਆਂ ਦੀ ਦੇਖਭਾਲ ਹਮੇਸ਼ਾਂ ਉਹਨਾਂ ਦੀ ਚਰਚਾ ਦਾ ਮੁੱਖ ਵਿਸ਼ਾ ਹੁੰਦਾ ਹੈ। ਸਮਾਜ ਵਿੱਚ ਜਿਸ ਢੰਗ ਨਾਲ਼ ਕੰਮਾਂ ਦੀ ਵੰਡ ਹੋਈ ਹੈ ਉਸ ਵਿੱਚ ਘਰ ਦੇ ਕੰਮਾਂ ਨਿਬੇੜਨ ਅਤੇ ਬੱਚਿਆਂ ਦੀ ਦੇਖਭਾਲ ਦੀ ਮੁੱਖ ਜਿੰਮੇਵਾਰੀ ਉਨ੍ਹਾਂ ਦੀ ਹੀ ਹੁੰਦੀ ਹੈ। ਜ਼ਿਆਦਾਤਰ ਨੌਕਰੀ-ਪੇਸ਼ਾ ਔਰਤਾਂ ਇਸ ਗੱਲ ਨੂੰ ਮਹਿਸੂਸ ਕਰਦੀਆਂ ਹਨ ਕਿ ਉਨ੍ਹਾਂ ਨੂੰ ‘ਦੋਹਰੀ ਨੌਕਰੀ’ ਦਾ ਬੋਝ ਚੁੱਕਣਾ ਪੈਂਦਾ ਹੈ—ਸਾਰਾ ਦਿਨ ਬਾਹਰ ਕੰਮ ਕਰਨਾ ਅਤੇ ਘਰ ਮੁੜਨ ਤੋਂ ਬਾਅਦ ਫਿਰ ਚੁੱਲ੍ਹਾ-ਚੌਂਕਾ ਅਤੇ ਬੱਚੇ ਸੰਭਾਲਣਾ।

ਸਮਾਜ ਵਿੱਚ ਇਸ ਤਰ੍ਹਾਂ ਦੀ ਕਿਰਤ ਵੰਡ ਔਰਤਾਂ ਦੇ ਲੁੱਟ-ਦਾਬੇ ਦਾ ਕਾਰਨ ਬਣਦੀ ਹੈ। ਉਹ ਕੱਲ੍ਹੀਆਂ ਕਾਰ੍ਹੀਆਂ ਪੈ ਕੇ ਘਰ ਦੇ ਘੇਰੇ ਵਿੱਚ ਬੱਝ ਜਾਂਦੀਆਂ ਹਨ, ਜਿੱਥੇ ਬੱਚਿਆਂ ਦੀ ਚਿੰਤਾ ਅਤੇ ਘਰ ਦੇ ਕੰਮਾਂ ਦਾ ਬੋਝ ਉਨਾਂ ਨੂੰ ਸਰੀਰਕ ਤੌਰ ‘ਤੇ ਥਕਾ ਦਿੰਦਾ ਹੈ ਅਤੇ ਦਿਮਾਗ਼ ਸੁੰਨ ਬਣਾ ਦਿੰਦਾ ਹੈ। ਇਹ ਇਨਕਲਾਬੀ ਘੋਲਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਅਸੰਭਵ ਹੀ ਨਹੀਂ ਬਣਾਉਂਦਾ ਸਗੋਂ ਉਨ੍ਹਾਂ ਨੂੰ ਆਪਣੇ ਢੰਗ ਨਾਲ਼ ਜੀ ਲੈਣ ਦੀ ਗੁੰਜਾਇਸ਼ ਵੀ ਨਹੀਂ ਛੱਡਦਾ। ਜ਼ਾਹਿਰ ਹੈ, ਜਿਸਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਘਰ ਦੇ ਕੰਮ-ਕਾਜ ਵਿੱਚ ਬਤੀਤ ਹੁੰਦਾ ਹੋਵੇ, ਉਹ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਨਹੀਂ ਹੋ ਸਕਦਾ। ਜਦੋਂ ਤੱਕ ਕਿਰਤ ਵੰਡ ਦੇ ਇਸ ਜ਼ਾਬਰ ਢਾਂਚੇ ਤੋਂ ਖਹਿੜਾ ਨਹੀਂ ਛੁਡਾ ਲਿਆ ਜਾਵੇਗਾ ਔਰਤਾਂ ਦੀ ਮੁਕਤੀ ਅਸੰਭਵ ਹੈ।

‘ਬੱਚਿਆਂ ਦੀ ਦੇਖਭਾਲ ਕੌਣ ਕਰੇ’ ਇਹ ਸਵਾਲ ਔਰਤਾਂ ਅਤੇ ਬੰਦਿਆਂ ਵਿੱਚ ਇੱਕ ਵੱਡਾ ਮੁੱਦਾ ਬਣਿਆਂ ਰਹਿੰਦਾ ਹੈ। ਕੁੱਝ ਔਰਤਾਂ ਚਾਹੁੰਦੀਆਂ ਹਨ ਕਿ ਉਨਾਂ ਦੇ ਪਤੀ ਘਰ ਦੇ ਕੰਮਾਂ ਅਤੇ ਬੱਚਿਆਂ ਦੀ ਦੇਖਭਾਲ ਵਿੱਚ ਹੋਰ ਵੱਧ ਤੋਂ ਵੱਧ ਜ਼ਿੰਮੇਵਾਰੀ ਚੁੱਕਣ। ਇਸ ਤਰ੍ਹਾਂ ਇੱਕ ਅੰਤਹੀਣ ਘੋਲ ਚੱਲਦਾ ਰਹਿੰਦਾ ਹੈ। ਸੰਸਾਰ ਭਰ ਦੀਆਂ ਔਰਤਾਂ ਇਸ ਸਥਿਤੀ ਨਾਲ਼ ਨਿਬੜਨ ਦਾ ਰਾਹ ਭਾਲ਼ ਰਹੀਆਂ ਹਨ। ਗ਼ਰੀਬ ਔਰਤਾਂ ਮਹਿਸੂਸ ਕਰਦੀਆਂ ਹਨ ਕਿ ਘੱਟ ਮਜ਼ਦੂਰੀ ‘ਤੇ ਜੇਕਰ ਉਨ੍ਹਾਂ ਨੂੰ ਕੋਈ ਕੰਮ ਮਿਲਦਾ ਵੀ ਹੈ ਤਾਂ ਬੱਚਿਆਂ ਦੀ ਦੇਖਭਾਲ਼ ਦੀ ਇਜ਼ਾਜਤ  ਉਨ੍ਹਾਂ ਨੂੰ ਨਹੀਂ ਦਿੰਦੀ ਅਤੇ ਬਹੁਤ ਸਾਰੀਆਂ ਨੌਜਵਾਨ ਔਰਤਾਂ ਨੂੰ ਤਾਂ ਇਸਦੇ ਲਈ ਆਪਣੀ ਮਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਮੱਧ-ਵਰਗੀ ਔਰਤਾਂ ਆਪਣੀ ਬੱਚਿਆਂ ਦੀ ਦੇਖਭਾਲ਼ ਲਈ ਅਜਿਹੀਆਂ ਖਿਡਾਣੀਆਂ ਹਨ ਜੋ ਜ਼ਿਆਦਾਤਰ ਅਪ੍ਰਵਾਸੀ ਹੁੰਦੀਆਂ ਹਨ ਅਤੇ ਬਹੁਤ ਘੱਟ ਤਨਖ਼ਾਹ ‘ਤੇ ਬਿਨਾਂ ਕਿਸੇ ਮੁਨਾਫ਼ੇ ਦੇ ਕੰਮ ਕਰਨ ਨੂੰ ਮਜ਼ਬੂਰ ਹੁੰਦੀਆਂ ਹਨ।  ਅਸੀਂ ਵੱਧ ਤੋਂ ਵੱਧ ਇਹੀ ਸੁਣਦੇ ਆ ਰਹੇ ਹਾਂ ਕਿ ਕੋਈ ਔਰਤ, ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਉਸ ਕੋਲ ਕਿਉਂ ਨਾ ਹੋਵੇ, ‘ਸਭ ਤੋਂ ਪਹਿਲਾਂ ਉਹ ਇੱਕ ਮਾਂ ਹੁੰਦੀ ਹੈ’। ਇਹ ਹਾਲਤਾਂ ਸੱਚੀਓਂ ਪਾਗਲ ਬਣਾ ਦੇਣ ਵਾਲ਼ੀਆਂ ਹੁੰਦੀਆਂ ਹਨ। ਔਰਤਾਂ ਅਤੇ ਮਰਦਾਂ ਵਿੱਚ ਇਸ ਤਰਾਂ ਦੀ ਜ਼ਾਬਰ ਕਿਰਤ ਵੰਡ ਇੱਕ ਸੰਸਾਰ ਇਤਿਹਾਸਕ ਸਮੱਸਿਆ ਹੈ। ਸਰਮਾਏਦਾਰੀ ਸਮਾਜ ਵਿੱਚ ਪਰਿਵਾਰਕ ਜੀਵਨ ਨੂੰ ਪੂਰੀ ਤਰ੍ਹਾਂ ਨਿੱਜੀ ਬਣਾ ਦਿੱਤਾ ਜਾਂਦਾ ਹੈ। ਕਰੋੜਾਂ ਦੀ ਸੰਖਿਆ ਵਿੱਚ ਔਰਤਾਂ ਆਪਣੇ ਘਰਾਂ ਵਿੱਚ ਹਰਰੋਜ਼ ਰਾਤ ਨੂੰ ਵਾਪਸ ਮੁੜਦੀਆਂ ਹਨ ਜਿੱਥੇ ਉਨ੍ਹਾਂ ਨੂੰ ਉਹੀ ਚੁੱਲ੍ਹਾ-ਚੌਂਕਾ, ਕੱਪੜੇ ਧੋਣਾ, ਝਾੜੂ-ਪੋਚਾ, ਹੱਟ-ਬਜ਼ਾਰ ਅਤੇ ਬੱਚਿਆਂ ਨੂੰ ਖੁਆਉਣ-ਸੁਆਉਣ ਦੇ ਕੰਮਾਂ ਨਾਲ਼ ਰੋਜ-ਰੋਜ ਜੂਝਣਾ ਪੈਂਦਾ ਹੈ। ਰੋਜ਼ਮਰ੍ਹਾ ਦੇ ਇਹੀ ਘਰੇਲੂ ਕੰਮਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਵੱਖ-ਵੱਖ ਕਰਨ ਨਾਲ਼ ਉਨਾਂ ਕਰੋੜਾਂ ਔਰਤਾਂ ਦੀ ਊਰਜਾ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ ਅਤੇ ਜਿਸਦੀ ਥਕਾਵਟ ਉਨ੍ਹਾਂ ਦੇ ਸਰੀਰ ਨੂੰ ਤੋੜ ਦਿੰਦੀ ਹੈ। ਜਦੋਂ ਕਿ ਅਜਿਹੇ ਹੀ ਘਰੇਲੂ ਕੰਮ ਅਤੇ ਨਾਲ਼-ਨਾਲ਼ ਬੱਚਿਆਂ ਦਾ ਪਾਲਣ-ਪੋਸ਼ਣ ਵੀ ਸਮੂਹਿਕ ਰੂਪ ਵਿੱਚ ਅਤੇ ਸਮਾਜੀਕ੍ਰਿਤ ਤਰੀਕੇ ਨਾਲ਼ ਹੋ ਸਕਦਾ ਹੈ। ਇਹ ਮਨੁੱਖੀ ਸਾਧਨਾਂ ਦੀ ਵੱਡੀ ਬਰਬਾਦੀ ਹੈ ਅਤੇ ਸੰਸਾਰ ਪੱਧਰ ‘ਤੇ ਪ੍ਰੋਲੇਤਾਰੀ ਲਈ ਇੱਕ ਵੱਡੀ ਸਮੱਸਿਆ ਹੈ। ਕਿਉਂਕਿ ਜਦੋਂ ਤੱਕ ਅਜਿਹੇ ਹਾਲਾਤ ਰਹਿਣਗੇ ਮਨੁੱਖਤਾ ਦਾ ਇਹ ਅੱਧਾ ਹਿੱਸਾ ਸਮਾਜਿਕ ਵਿਕਾਸ ਵਿੱਚ ਕਦੇ ਵੀ ਪੂਰੀ ਤਰ੍ਹਾਂ ਨਾਲ਼ ਸਹਿਯੋਗ ਨਹੀਂ ਕਰ ਸਕਦਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ”ਇਨਕਲਾਬ ਦੀ ਇੱਕ ਪ੍ਰਚੰਡ ਤਾਕਤ ਦੇ ਰੂਪ ਵਿੱਚ ਔਰਤਾਂ ਦੇ ਗੁੱਸੇ ਨੂੰ ਮੁਕਤ ਕਰੋ।”

ਅਜਿਹੀਆਂ ਸਾਰੀਆਂ ਗੱਲਾਂ ਸਾਨੂੰ ਇਹ ਸੋਚਣ ਨੂੰ ਮਜ਼ਬੂਰ ਕਰਦੀਆਂ ਹਨ ਕਿ ਇਸ ਸਮੱਸਿਆ ਦਾ ਹੱਲ ਕਿਤੇ ਪੂਰੇ ਸਮਾਜ ਨੂੰ ਇੱਕ ਵੱਖਰੇ ਤਰੀਕੇ ਨਾਲ਼ ਜਥੇਬੰਦ ਕਰਨ ਵਿੱਚ ਤਾਂ ਨਹੀਂ ਹੈ ਅਤੇ ਕੀ ਇਸਦੇ ਲਈ ਕੋਈ ਰਾਹ ਕੱਢਿਆ ਜਾ ਸਕਦਾ ਹੈ? ਅਤੇ ਰਾਹ ਨਿੱਕਲਿਆ ਸੀ। ਇਨਕਲਾਬੀ ਚੀਨ ਵਿੱਚ ਮਾਓ-ਜ਼ੇ-ਤੁੰਗ ਦੀ ਅਗਵਾਈ ਵਿੱਚ ਕਿਰਤੀ ਲੋਕ 1949 ਵਿੱਚ ਸੱਤਾ ‘ਤੇ ਕਬਜ਼ਾ ਕਰਨ ਤੋਂ ਬਾਅਦ ਇੱਕ ਨਵੇਂ ਸਮਾਜਵਾਦੀ ਸਮਾਜ ਦੀ ਉਸਾਰੀ ਵਿੱਚ ਪੱਚੀ ਸਾਲਾਂ ਤੋਂ ਵੱਧ ਸਮੇਂ ਤੱਕ ਲੱਗੇ ਰਹੇ। ਮਾਓ ਨੇ ਇਸ ਗੱਲ ਦੀ ਲੋੜ ਨੂੰ ਸਮਝਿਆ ਕਿ ਇਨਕਲਾਬ ਔਰਤਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਘਰੇਲੂ ਕੰਮਾਂ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਤੋਂ ਮੁਕਤ ਕਰੇ। ਨਹੀਂ ਤਾਂ ਇਸ ਮੁਕਤੀ ਤੋਂ ਬਿਨਾਂ ਸਾਰੇ ਤਰ੍ਹਾਂ ਦੇ ਲੁੱਟ-ਦਾਬੇ ਤੋਂ ਮੁਕਤ ਇੱਕ ਨਵੇਂ ਸਮਾਜਵਾਦੀ ਸਮਾਜ ਦੀ ਉਸਾਰੀ ਵਿੱਚ ਅੱਧੀ ਅਬਾਦੀ ਬਰਾਬਰੀ ਦੀ ਹੈਸੀਅਤ ਨਾਲ਼ ਅਤੇ ਪੂਰੀ ਯੋਗਤਾ ਨਾਲ਼ ਲੱਗ ਕੇ ਕੰਮ ਕਰ ਸਕੇ, ਇਹ ਸੰਭਵ ਹੀ ਨਹੀਂ ਹੈ ਅਤੇ ਇਹੀ ਉਹ ਮਾਓਵਾਦੀ ਨਜ਼ਰੀਆ ਸੀ ਜਿਸਦੀ ਰੌਸ਼ਨੀ ਵਿੱਚ ਚੀਨੀ ਲੋਕਾਂ ਨੇ ਬੱਚਿਆਂ ਦੀਆਂ ਸਮੱਸਿਆ ਦਾ ਸੱਚਾ ਹੱਲ ਹਾਸਲ ਕੀਤਾ।

ਅੱਜ ਅਮਰੀਕੀ ਹਾਕਮ ਲੋਕਾਂ ਨੂੰ ਕਹਿੰਦੇ ਹਨ, ‘ਰਵਾਇਤੀ ਪਰਿਵਾਰਕ ਕਦਰਾਂ ਵੱਲ ਮੁੜ ਚੱਲੋ।” ਪਰ ਇਨਕਲਾਬੀ ਚੀਨ ਵਿੱਚ ਔਰਤਾਂ ਉਨ੍ਹਾਂ ਸਭ ‘ਰਵਾਇਤੀ ਪਰਿਵਾਰਕ ਕਦਰਾਂ” ਦੇ ਵਿਰੁੱਧ ਉੱਠ ਖੜ੍ਹੀਆਂ ਹੋਈਆਂ ਸਨ ਜਿੰਨ੍ਹਾਂ ਨੇ ਹਜ਼ਾਰਾਂ ਹਜ਼ਾਰ ਸਾਲਾਂ ਤੋਂ ਉਨ੍ਹਾਂ ਨੂੰ ਦਬਾਈ ਰੱਖਿਆ ਸੀ। ਮਾਓ ਦੇ ਇਨਕਲਾਬੀ ਚੀਨ ਨੇ ਬੱਚਿਆਂ ਦੀ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਕੀਤਾ ਸੀ? ਇਹ ਬਿਰਤਾਂਤ ਅਜਿਹੇ ਸਭ ਲੋਕਾਂ ਲਈ ਜਾਨਣਾ ਸਾਰਥਕ ਹੋਵੇਗਾ ਜੋ ਬੁਨਿਆਦੀ ਅਤੇ ਇਨਕਲਾਬੀ ਬਦਲਾਅ ਲਈ ਜੱਦੋਜਹਿਦ ਕਰ ਰਹੇ ਹਨ। ਕਿਉਂਕਿ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਜਦੋਂ ਲੋਕਾਈ ਮੌਜੂਦਾ ਢਾਂਚੇ ਨੂੰ ਡੇਗ ਕੇ ਸਹੀ ਅਰਥਾਂ ਵਿੱਚ ਸਿਆਸੀ ਸੱਤਾ ‘ਤੇ ਕਬਜ਼ਾ ਜਮਾ ਲੈਂਦੀ ਹੈ, ਤਾਂ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਭਾਲ਼ ਲੈਂਦੀ ਹੈ ਜੋ ਸਰਮਾਏਦਾਰੀ ਸਮਾਜ ਵਿੱਚ ਕਦੇ ਸੰਭਵ ਨਹੀਂ ਰਿਹਾ ਅਤੇ ਇਹ ਦਿਖਾਉਂਦਾ ਹੈ ਕਿ ਕਿਸ ਤਰਾਂ ਕੇਵਲ ਮਾਓਵਾਦੀ ਇਨਕਲਾਬ ਹੀ ਔਰਤਾਂ ਨੂੰ ਅਜ਼ਾਦ ਕਰ ਸਕਦਾ ਹੈ।

ਪੁਰਾਣੇ ਚੀਨ ਵਿੱਚ ਕਨਫਿਊਸ਼ੀਅਸਵਾਦ ਦਾ ਪੁਰਾਤਨ ਫਲਸਫਾ ਲੋਕਾਂ ਦੇ ਜੀਵਨ ਨੂੰ ਕੰਟਰੋਲ ਕਰਦਾ ਸੀ ਅਤੇ ਔਰਤਾਂ ਨੂੰ ਲੁੱਟਣ ਵਿੱਚ ਰੀਤੀ-ਰਿਵਾਜਾਂ ਦੀ ਮੋਹਰੀ ਭੂਮਿਕਾ ਹੁੰਦੀ ਸੀ। ਔਰਤਾਂ ਨੂੰ ਹਰ ਹਾਲਤ ਵਿੱਚ ਮਰਦਾਂ ਤੋਂ ਘੱਟ ਯੋਗ ਸਮਝਿਆ ਜਾਂਦਾ ਸੀ — ਆਪਣੇ ਪਤੀਆਂ ਦੀ ਸੇਵਾ ਕਰਨਾ ਅਤੇ ਉਨਾਂ ਲਈ ਕਈ-ਕਈ ਮੁੰਡੇ ਪੈਦਾ ਕਰਨਾ।

ਸ਼ੁਰੂ ਤੋਂ ਹੀ ਮਾਓ ਨੇ ਨਾਰੀ ਦੀ ਅਜ਼ਾਦੀ ਨੂੰ ਇਨਕਲਾਬ ਦਾ ਅਟੁੱਟ ਅੰਗ ਬਣਾਇਆ। 1949 ਤੋਂ ਪਹਿਲਾਂ ਜਿੰਨ੍ਹਾਂ ਖੇਤਰਾਂ ਨੂੰ ਲਾਲ ਸੈਨਾ ਨੇ ਅਜ਼ਾਦ ਕੀਤਾ ਉੱਥੇ ਔਰਤਾਂ ਨੂੰ ਦਬਾਉਣ ਵਾਲ਼ੀਆਂ ਸਭ ਜਗੀਰੂ ਬਵਾਇਤਾਂ ਵਿਰੁੱਧ ਜ਼ਬਰਦਸਤ ਘੋਲ਼ ਚੱਲਿਆ ਅਤੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਤੋਂ ਔਰਤਾਂ ਦੀ ਅੱਛੀ-ਖਾਸੀ ਅਬਾਦੀ ਇਨਕਲਾਬ ਦੀਆਂ ਸਫ਼ਾਂ ਵਿੱਚ ਆ ਕੇ ਸ਼ਾਮਿਲ ਹੋਈ।

1949 ਤੋਂ ਬਾਅਦ ਅਜਿਹੇ ਕਾਨੂੰਨ ਬਣਾਏ ਗਏ ਜਿਹਨਾਂ ਵਿੱਚ ਔਰਤਾਂ ਨੂੰ ਜਮੀਨ ‘ਤੇ ਬਰਾਬਰ ਦਾ ਮਾਲਕੀ ਹੱਕ ਮਿਲਿਆ ਅਤੇ ਕੰਮ ਕਰਨ ਤੇ ਹਕੂਮਤ ਢਾਂਚਾ ਚਲਾਉਣ ਵਿੱਚ ਉਨ੍ਹਾਂ ਦੀ ਬਰਾਬਰ ਸ਼ਮੂਲੀਅਤ ਪੱਕੀ ਹੋਈ। ਪਰ ਪੂਰੇ ਚੀਨੀ ਸਮਾਜ ਵਿੱਚ ਇੱਕ ਪਿੱਛੜੀ ਅਤੇ ਔਰਤ ਵਿਰੋਧੀ ਸੋਚ ਮੌਜੂਦ ਸੀ ਅਤੇ ਸਮਾਜਵਾਦ ਦੀ ਉਸਾਰੀ ਲਈ ਔਰਤਾਂ ਨੂੰ ਪੂਰੀ ਤਰ੍ਹਾਂ ਅਤੇ ਬਰਾਬਰ ਦੀ ਸ਼ਮੂਲੀਅਤ ਲਈ ਅੱਗੇ ਲਿਆਉਣ ਦਾ ਕੰਮ ਸੌਖਾ ਜਾਂ ਇੱਕ ਝਟਕੇ ਵਿੱਚ ਨਹੀਂ ਹੋ ਗਿਆ।

ਕਮਿਉਨਿਸਟ ਪਾਰਟੀ ਨੇ ਔਰਤਾਂ ਦੇ ‘ਘਰ ਤੋਂ ਬਾਹਰ ਨਿਕਲਣ ਅਤੇ ਔਰਤ ਸਮੂਹ ਦੇ ਸਿਆਸੀ-ਆਰਥਿਕ ਜੀਵਨ ਵਿੱਚ ਸ਼ਮੂਲੀਅਤ ਦੀ ਲੋੜ ‘ਤੇ ਜ਼ੋਰ ਦਿੱਤਾ। ਪਰ ਇਸਦਾ ਭਾਰੀ ਵਿਰੋਧ ਹੋਇਆ — ਪੁਰਸ਼ਾਂ ਦੇ ਨਾਲ਼-ਨਾਲ਼ ਪਰਿਵਾਰਾਂ ਦੇ ਦੂਜੇ ਮੈਂਬਰਾਂ ਦੁਆਰਾ ਵੀ। ਜਿਵੇਂ ਸੱਸਾਂ ਚਾਹੁੰਦੀਆਂ ਸਨ ਕਿ ਉਨ੍ਹਾਂ ਦੀਆਂ ਬਹੁਆਂ ਘਰ ਸੰਭਾਲਣ ਅਤੇ ਬੱਚਿਆਂ ਦੀ ਦੇਖਭਾਲ ਕਰਨ। ਇਨਕਲਾਬ ਲਈ ਇਹ ਇੱਕ ਵੱਡੀ ਮੁਸ਼ਕਿਲ ਸੀ।

ਪੇਂਡੂ ਇਲਾਕਿਆਂ ਵਿੱਚ, ਜਿੱਥੇ ਚੀਨੀ ਸਮਾਜ ਦੀ ਬਹੁਗਿਣਤੀ ਅਬਾਦੀ ਰਹਿੰਦੀ ਸੀ ਅਤੇ ਸ਼ਹਿਰਾਂ ਵਿੱਚ ਨਾਰੀ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ। ਔਰਤਾਂ ਦੀਆਂ ਇਹ ਜਥੇਬੰਦੀਆਂ ਦੱਬੂ ਪਰਿਵਾਰਕ ਸਬੰਧਾਂ ਨੂੰ ਬਰਕਰਾਰ ਰੱਖਣ ਵਾਲ਼ੇ ਪਤੀਆਂ, ਪਿਤਾਵਾਂ ਅਤੇ ਸੱਸਾਂ ਵਿਰੁੱਧ ਘੋਲ਼ ਵਿੱਚ ਔਰਤਾਂ ਦੀਆਂ ਮਦਦਗਾਰ ਹੁੰਦੀਆਂ ਸਨ। ਉਦਾਹਰਨ ਲਈ ਜੇ ਕੋਈ ਪਤੀ ਬੱਚਿਆਂ ਦੀ ਦੇਖਭਾਲ ਤੋਂ ਇਨਕਾਰ ਕਰਦਾ ਸੀ ਜਾਂ ਆਪਣੀ ਪਤਨੀ ਨੂੰ ਨੌਕਰੀ ਭਾਲਣ ਜਾਂ ਸਿਆਸੀ ਬੈਠਕਾਂ ਵਿੱਚ ਸ਼ਾਮਿਲ ਹੋਣ ਦੀ ਇਜ਼ਾਜਤ ਨਹੀਂ ਦਿੰਦਾ ਸੀ ਤਾਂ ਜਥੇਬੰਦੀ ਦਾ ਇੱਕ ਨੁਮਾਇੰਦਾ ਮੰਡਲ ਜਾ ਕੇ ਉਸਦੇ ਨਾਲ਼ ਉਨ੍ਹਾਂ ਤੌਰ-ਤਰੀਕਿਆਂ ਨੂੰ ਬਦਲਣ ਲਈ ਘੋਲ਼ ਚਲਾਉਂਦਾ ਸੀ। ਜੇ ਕਿਸੇ ਔਰਤ ਨੂੰ ਕਿਸੇ ਸਿਆਸੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਰਾਤ ਨੂੰ ਬਾਹਰ ਨਿਕਲਣਾ ਪੈਂਦਾ ਸੀ ਤਾਂ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਪਤੀ ਨੂੰ ਦੇ ਦਿੱਤੀ ਜਾਂਦੀ ਸੀ। ਔਰਤ ਸਿਆਸੀ ਬੈਠਕ ਵਿੱਚ ਜਾਵੇ ਅਤੇ ਬੱਚਿਆਂ ਦੀ ਦੇਖਭਾਲ ਪਤੀ ਕਰੇ ਅਜਿਹੀਆਂ ਚੀਜ਼ਾਂ ਪੁਰਾਣੇ ਚੀਨ ਵਿੱਚ ਕਦੇ ਸੁਣੀਆਂ ਨਹੀਂ ਗਈਆਂ ਸਨ ਅਤੇ ਜਦੋਂ ਮਰਦਾਂ ਨੇ ਬੱਚਿਆਂ ਦੀ ਦੇਖਭਾਲ  ਵਿੱਚ ਵੱਧ ਜ਼ਿੰਮੇਵਾਰੀ ਚੁੱਕਣੀ ਸ਼ੁਰੂ ਕਰ ਦਿੱਤੀ ਤਾਂ ਸੱਚੇ ਅਰਥਾਂ ਵਿੱਚ ਇਹ ਇੱਕ ਅੱਗੇ ਵਧੀ ਹੋਈ ਪੁਲਾਂਗ। ਪਰ ਇਸ ਸਮੱਸਿਆ ਦਾ ਹੱਲ ਉਦੋਂ ਤੱਕ ਨਹੀਂ ਭਾਲਿਆ ਜਾ ਸਕਿਆ ਜਦ ਤੱਕ ਫ਼ਰਜਾਂ ਦੀ ਇਹ ਵੰਡ ਕੇਵਲ ਪਤੀ-ਪਤਨੀ ਵਿੱਚ ਬਣੀ ਰਹੀ। ਹਰ ਪਰਿਵਾਰ ਦਾ ਵੱਖ-ਵੱਖ ਤੇ ਨਿੱਜੀ ਮਾਮਲਾ ਬਣਿਆਂ ਰਿਹਾ। ਅਸਲ ਵਿੱਚ ਹੁੰਦਾ ਇਹ ਸੀ ਕਿ ਰਵਾਇਤ ਦੇ ਦਬਾਅ ਵਿੱਚ ਬੱਚਿਆਂ ਦੀ ਦੇਖਭਾਲ ਦਾ ਵੱਧ ਤੋਂ ਵੱਧ ਬੋਝ ਔਰਤਾਂ ‘ਤੇ ਹੀ ਆ ਪੈਂਦਾ ਸੀ। ਇਸ ਸਮੱਸਿਆ ਦਾ ਸਹੀ ਹੱਲ ਉਦੋਂ ਹੀ ਸੰਭਵ ਸੀ ਜਦੋਂ ਬੱਚਿਆਂ ਦੀ ਦੇਖਭਾਲ ਦੀ ਸਮੁੱਚੀ ਜ਼ਿੰਮੇਵਾਰੀ ਸਮਾਜ ਚੁੱਕੇ। ਹਰ ਪਰਿਵਾਰ ਦੇ ਨਿੱਜੀ ਪੱਧਰ ‘ਤੇ ਜੂਝਣ ਦੀ ਥਾਂ ਲੋੜ ਇਸ ਗੱਲ ਦੀ ਸੀ ਕਿ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਹੋਰ ਘਰੇਲੂ ਕੰਮਾਂ ਦਾ ਸਮਾਜੀਕਰਨ ਕੀਤਾ ਜਾਵੇ।

ਅਤੇ ਸਮਾਜੀਕਰਨ ਦੀ ਇਹ ਪ੍ਰਕਿਰਿਆ ਨਵੇਂ ਸਮਾਜ ਦੀ ਉਸਾਰੀ ਦਾ ਇੱਕ ਅਹਿਮ ਹਿੱਸਾ ਸੀ ਜਿਸ ਵਿੱਚ ਲੋਕ ਸਹਿਕਾਰ ਨਾਲ਼ ਅਤੇ ਭਾਈਚਾਰਕ ਦੇ ਤੌਰ ‘ਤੇ ਰਹਿੰਦੇ ਅਤੇ ਕੰਮ ਕਰਦੇ ਸਨ।

ਬੱਚਿਆਂ ਦੇ ਪਾਲਣ-ਪੋਸ਼ਣ ਦੀ ਸਮੱਸਿਆ ਦਾ ਸਮੂਹਿਕ ਢੰਗ ਨਾਲ਼ ਹੱਲ

ਪੰਜਾਹਵੇਂ ਦਹਾਕੇ ਦੇ ਸ਼ੁਰੂ ਵਿੱਚ ਬੱਚਿਆਂ ਦੀ ਦੇਖਭਾਲ ਸਬੰਧੀ ਸੁਹੂਲਤਾਂ ਦਾ ਇੱਕ ਤਾਣਾ ਬਾਣਾ ਸ਼ਹਿਰ ਦੇ ਨੇੜਲੇ ਖੇਤਰਾਂ ਅਤੇ ਦਿਹਾਤੀ ਇਲਾਕਿਆਂ ਵਿੱਚ ਸਥਾਪਿਤ ਕਰ ਲਿਆ ਗਿਆ। ਇਸਦੇ ਤਹਿਤ ਬਾਲਾਂ ਲਈ ਪਾਲਣਾ ਘਰ ਖੋਲ੍ਹੇ ਗਏ ਜਿੱਥੇ ਮਾਵਾਂ ਕੰਮ ਦੇ ਘੰਟਿਆਂ ਵਿੱਚ ਆਪਣੇ ਬੱਚਿਆਂ  ਨੂੰ ਦੁੱਧ ਪਿਆਲ ਸਕਦੀਆਂ ਸਨ। ਇਸ ਤੋਂ ਬਿਨਾਂ ਸੱਤ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ, ਜੋ ਅਜੇ ਸਕੂਲ ਨਹੀਂ ਜਾਂਦੇ ਸਨ, ਬਾਲ-ਸਦਨਾਂ (ਨਰਸਰੀ) ਅਤੇ ਬਾਲਵਿਹਾਰਾਂ (ਕਿੰਡਰਗਾਰਟੇਨ) ਦੀ ਸਥਾਪਨਾ ਕੀਤੀ ਗਈ। ਇਹ ਨਰਸਰੀ ਅਤੇ ਬਾਲਵਿਹਾਰ ਨੇੜਲੀਆਂ ਜਥੇਬੰਦੀਆਂ, ਯੂਨੀਵਰਸਿਟੀਆਂ ਅਤੇ ਕਾਰਖ਼ਾਨਿਆਂ ਦੁਆਰਾ ਜਾਂ ਦਿਹਾਤੀ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਸਹਿਕਾਰੀ ਕਮੇਟੀਆਂ ਦੁਆਰਾ ਚਲਾਏ ਜਾਂਦੇ ਸਨ। ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਖੇਡਾਣੀਆਂ ਅਤੇ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਸਕੂਲ ਖੋਲ੍ਹੇ ਗਏ। ਵੱਡੇ ਸ਼ਹਿਰਾਂ ਵਿੱਚ ਲੋਕਾਂ ਨੂੰ ਬੱਚਿਆਂ ਦੀ ਸਮੂਹਿਕ ਦੇਖਭਾਲ਼ ਲਈ ਸਿੱਖਿਅਤ ਕਰਨ ਲਈ ‘ਮਹਿਲਾ ਸੰਘ’ ਨੇ ‘ਘੱਟ ਸਮੇਂ ਦੀਆਂ ਕਲਾਸਾਂ’ਦੀ ਲੜੀ ਦੀ ਸ਼ੁਰੂਆਤ ਕੀਤੀ।

ਪੇਂਡੂ ਖੇਤਰਾਂ ਵਿੱਚ ਬੱਚਿਆਂ ਦੀ ਦੇਖਭਾਲ ਦੀ ਸਹੂਲਤ ਸ਼ੁਰੂ ਵਿੱਚ ਤਾਂ ਬਹੁਤ ਵਿਆਪਕ ਪੱਧਰ ਤੱਕ ਨਹੀਂ ਪਹੁੰਚੀ ਸੀ ਅਤੇ ਉਨ੍ਹਾਂ ਵਿੱਚੋਂ ਕਈ ਤਾਂ ਪ੍ਰਯੋਗਾਂ ਦੇ ਦੌਰ ਵਿੱਚ ਅਤੇ ਛੋਟੇ ਪੱਧਰ ‘ਤੇ ਮੁਹਇਆ ਸਨ। ਪਰ 1958-59 ਵਿੱਚ ‘ਮਹਾਨ ਅਗਾਂਹ ਵੱਲ ਵੱਡੀ ਛਾਲ਼’ ਦੇ ਨਾਲ਼ ਹੀ ਇਸ ਸਥਿਤੀ ਵਿੱਚ ਇੱਕ ਵੱਡਾ ਬਦਲਾਅ ਆਇਆ। ਮਹਾਨ ‘ਅਗਾਂਹ ਵੱਲ ਵੱਡੀ ਛਾਲ਼’ ਇੱਕ ਵਿਸ਼ਾਲ ਲੋਕ ਲਹਿਰ ਸੀ ਜਿਸਦਾ ਸੂਤਰੀਕਰਨ ਮਾਓ ਨੇ ਕੀਤਾ ਸੀ। ਆਰਥਿਕ ਵਿਕਾਸ ਦੇ ਖੇਤਰ ਵਿੱਚ ਇਹ ਇੱਕ ਜ਼ਬਰਦਸਤ ਕਦਮ ਸੀ — ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਜਿੱਥੇ ਖੇਤੀ ਅਤੇ ਛੋਟੀਆਂ ਸਥਾਨਕ ਸਨਅਤਾਂ ਦੇ ਅਸਲੀ ਵਿਕਾਸ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਇਸਨੇ ਗ਼ੁਲਾਮ ਬਣਾਉਣ ਵਾਲ਼ੀਆਂ ਰਵਾਇਤੀ ਅਤੇ ਵਿਚਾਰਾਂ ‘ਤੇ ਜ਼ਬਰਦਸਤ ਹਮਲੇ ਕੀਤੇ।

ਕੌਮੀ ਪੱਧਰ ‘ਤੇ ਚੱਲਣ ਵਾਲ਼ੀ ਇਸ ਮੁਹਿੰਮ ਵਿੱਚ  ਔਰਤਾਂ ਦੀ ਅਜ਼ਾਦੀ ਇੱਕ ਕੇਂਦਰੀ ਮੁੱਦਾ ਸੀ। ਪਿੰਡ ਸਮੂਹਿਕ ਖੇਤੀ ਦੇ ਰੂਪ ਵਿੱਚ ਵਿਕਸਿਤ ਕੀਤੇ ਗਏ ਅਤੇ ਕਮਿਊਨਾਂ ਦੀ ਸਥਾਪਨਾ ਕੀਤੀ ਗਈ ਜਿੱਥੇ ਦਹਿ ਹਜ਼ਾਰ ਕਿਸਾਨ ਨਾਲ਼-ਨਾਲ਼ ਰਹਿੰਦੇ ਅਤੇ ਕੰਮ ਕਰਦੇ ਸਨ। ਇਸ ਨਾਲ਼ ਪਰਿਵਾਰ ਦੇ ਇੱਕ ਇਕਾਈ ਦੇ ਰੂਪ ਵਿੱਚ ਲੋਕਾਂ ਦੇ ਜੀਵਨ ਦੀ ਧੁਰੀ ਬਣੇ ਰਹਿਣ ‘ਤੇ ਜ਼ੋਰ ਘੱਟ ਪੈਣ ਲੱਗਿਆ। ਜਿਵੇਂ-ਜਿਵੇਂ ਲੋਕਾਂ ਦਾ ਆਰਥਿਕ ਜੀਵਨ ਜ਼ਿਆਦਾ ਸਮਾਜੀਕ੍ਰਿਤ ਹੁੰਦਾ ਗਿਆ, ਹੋਰ ਚੀਜ਼ਾਂ ਜਿਵੇਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਸਮਾਜੀਕਰਨ ਦਾ ਵੀ ਅਧਾਰ ਤਿਆਰ ਹੋਣ ਲੱਗਿਆ। ਸਮਾਜ ਦੁਆਰਾ ਬੱਚਿਆਂ ਦੀ ਇਹ ਸਮੂਹਿਕ ਦੇਖਭਾਲ਼ ਚੀਨ ਵਿੱਚ ਇੱਕਦਮ ਨਵੀਂ ਚੀਜ਼ ਸੀ।

ਸ਼ਿਸ਼ੂ ਸਦਨ ਅਤੇ ਬਾਲ-ਵਿਹਾਰ ਖੋਲ੍ਹੇ ਜਾ ਸਕਣ, ਇਸਦੇ ਲਈ ਕਮਿਊਨਿਸਟ ਪਾਰਟੀ ਨੂੰ ਅਸਲ ਵਿੱਚ ਔਰਤਾਂ ਦੀ ਅਬਾਦੀ ‘ਤੇ ਨਿਰਭਰ ਹੋਣਾ ਪਿਆ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਔਰਤਾਂ ਦੀਆਂ ਲੋੜਾਂ ਅਤੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਬਾਲ ਕੇਂਦਰਾਂ ਦੀ ਸਥਾਪਨਾ ਹੁੰਦੀ ਅਤੇ ਆਪਣੀ ਸ਼ਮੂਲੀਅਤ ਤੋਂ ਬਿਨਾਂ ਬਣੀਆਂ ਸੰਸਥਾਵਾਂ ਵਿੱਚ ਉਹ ਆਪਣੇ ਬੱਚਿਆਂ ਨੂੰ ਅਣਜਾਣਾਂ ਨਾਲ਼ ਛੱਡਣ ਵਿੱਚ ਝਿਜਕਦੀਆਂ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਚੀਜ਼ ਇਹ ਸੀ ਕਿ ਇਸ ਤੋਂ ਬਿਨਾਂ ਉਨ੍ਹਾਂ ਪੱਛੜੇ ਵਿਚਾਰਾਂ ਅਤੇ ਰਵਾਇਤਾ ਵਿਰੁੱਧ ਘੋਲ਼ ਲਈ ਔਰਤਾਂ ਦੀ ਅਬਾਦੀ ਨੂੰ ਲਾਮਬੰਦ ਨਹੀਂ ਕੀਤਾ ਜਾ ਸਕਣਾ ਸੀ, ਕਿਉਂਕਿ ਜੇ ਉਨ੍ਹਾਂ ਨੂੰ ‘ਘਰੋਂ ਬਾਹਰ ਨਿੱਕਲਣਾ ਸੀ’ ਤਾਂ ਇਸ ਦੇ ਲਈ ਜ਼ਰੂਰੀ ਸੀ ਕਿ ਅਜਿਹੇ ਪੱਛੜੇ ਵਿਚਾਰਾਂ ਅਤੇ ਰਵਾਇਤੀ ‘ਤੇ ਹਮਲਾ ਕੀਤਾ ਜਾਵੇ। ਕਿਸੇ ਪਿੰਡ ਜਾਂ ਨੇੜਲੇ ਖੇਤਰਾਂ ਵਿੱਚ (ਜ਼ਿਲ੍ਹਾ, ਸੂਬਾ) ਜਾਂਚ-ਪੜਤਾਲ ਕਰਨ ਤੋਂ ਬਾਅਦ ਕਮਿਉਨਿਸਟ ਪਾਰਟੀ ਦੇ ਆਗੂ ਉੱਥੋਂ ਦੀਆਂ ਔਰਤਾਂ ਨੂੰ ਵਿਚਾਰ-ਚਰਚਾ ਲਈ ਅਤੇ ਆਪਣੀਆਂ ਦਿੱਕਤਾਂ ਅਤੇ ਸਮੱਸਿਆਵਾਂ ਬਾਰੇ ਵਿਸਥਾਰ ਨਾਲ਼ ਖੁੱਲ੍ਹ ਕੇ ਗੱਲਬਾਤ ਕਰਨ ਲਈ ਬੁਲਾਉਂਦੇ ਸਨ। ਉਹ ਸਭ ਦੇ  ਨਾਲ਼ ਮਿਲ ਬੈਠ ਕੇ ਤੈਅ ਕਰਦੇ ਸਨ ਕਿ ਬਾਲ-ਕੇਂਦਰਾਂ ਦੀ ਸਥਾਪਨਾ ਕਿਸ ਢੰਗ ਨਾਲ਼ ਕੀਤੀ ਜਾਵ,ੇ ਜਿਸ ਨਾਲ਼ ਕਿ ਸਮੁੱਚੇ ਭਾਈਚਾਰੇ ਦੇ ਬੱਚਿਆਂ ਦੀ ਦੇਖਭਾਲ਼ ਹੋ ਸਕੇ। ਇਸੇ ਲੜੀ ਵਿੱਚ ਉਹ ਵੱਖਰੀ ਤਰ੍ਹਾਂ ਦੇ ਕੰਮਾਂ ਦੀ ਵੰਡ ਅਤੇ ਉਨਾਂ ਕੰਮਾਂ ਲਈ ਤਨਖ਼ਾਹ ਦੀ ਅਦਾਇਗੀ ਸਬੰਧੀ ਗੱਲਬਾਤ ਕਰ ਲੈਂਦੇ ਸਨ। ਬਾਲ-ਕੇਂਦਰਾਂ ਦੀ ਸਥਾਪਨਾ ਤੋਂ ਬਾਅਦ ਉਸ ਵਿੱਚ ਕੰਮ ਕਰਨ ਵਾਲ਼ੇ ਸਟਾਫ ਅਤੇ ਬੱਚਿਆਂ ਦੇ ਮਾਤਾ-ਪਿਤਾ ਦੀਆਂ ਸਭ ਸਮੱਸਿਆਵਾਂ ਅਤੇ ਚਿੰਤਾਵਾਂ ਦੇ ਨਿਬੇੜੇ ਲਈ ਲਗਾਤਾਰ ਬੈਠਕਾਂ ਹੁੰਦੀਆਂ ਸਨ। ਇੱਕ ਵਾਰ ਕਿਸੇ ਪਿੰਡ ਵਿੱਚ ਨਵੇਂ ਬਾਲ ਕੇਂਦਰਾਂ ਲਈ ਸਟਾਫ਼ ਜੁਟਾਉਣ ਵਿੱਚ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ। ਜ਼ਿਆਦਾਤਰ ਔਰਤਾਂ ਮਰਦਾਂ ਨੇ ਨਾਲ਼ ਖੇਤਾਂ ‘ਚ ਜਾ ਕੇ ਕੰਮ ਕਰਾਉਣਾ ਜ਼ਿਆਦਾ ਪਸੰਦ ਕਰਦੀਆਂ ਸਨ ਅਤੇ ਦੋਵੇਂ ਹੀ ਬੱਚਿਆਂ ਦੀ ਦੇਖਭਾਲ਼ ਦੇ ਕੰਮ ਨੂੰ ਘਟੀਆ ਨਜ਼ਰ ਨਾਲ਼ ਦੇਖਦੇ ਸਨ।

ਛੁੱਟੀ ਪ੍ਰਾਪਤ ਬੁੱਢੀਆਂ ਔਰਤਾਂ ਲਈ ਵੀ ਉੱਧੜਧੁੰਮੀ ਮਚਾਉਂਦ,ੇ ਜਿੰਦਾਦਿਲੀ ਨਾਲ਼ ਭਰਪੂਰ ਬੱਚਿਆਂ ਅਤੇ ਕਿਸ਼ੋਰਾਂ ਨਾਲ਼ ਭਰੇ ਕਮਰੇ ਨੂੰ ਸੰੰਭਾਲ਼ ਸਕਣਾ ਮੁਸ਼ਕਲ ਹੁੰਦਾ ਸੀ। ਆਖਰਕਾਰ ਇਸ ਪਿੰਡ ਵਿੱਚ ਸਮੱਸਿਆ ਦਾ ਹੱਲ ਲੱਭ ਲਿਆ ਗਿਆ। ਉੱਥੋਂ ਦੀਆਂ ਨੌਜਵਾਨ ਕੁਵਾਰੀਆਂ ਔਰਤਾਂ ਨੂੰ ਬਾਲ ਪਾਲਣ ਅਤੇ ਸਮੂਹਿਕ ਤੌਰ ‘ਤੇ ਬੱਚਿਆਂ ਦੀ ਦੇਖਭਾਲ਼ ਦੇ ਲਈ ਇੱਕ ਥੋੜ-ਚਿਰੇ ਟ੍ਰੇਨਿੰਗ ਕੋਰਸ ਲਈ ਭੇਜਿਆ ਗਿਆ। ਸਿੱਖਿਅਤ ਹੋ ਕੇ ਮੁੜਨ ਤੋਂ ਬਾਅਦ ਛੋਟੇ-ਛੋਟੇ ਬਾਲ ਕੇਂਦਰਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦੇ ਦਿੱਤੀ ਗਈ ਜਿੱਥੇ ਸਹਿਯੋਗੀ ਰੂਪ ਵਿੱਚ ਛੁੱਟੀ ਪ੍ਰਾਪਤ ਬੁੱਢੀਆਂ ਔਰਤਾਂ ਉਨ੍ਹਾਂ ਦੇ ਕੰਮਾਂ ਵਿੱਚ ਮਦਦਗਾਰ ਹੁੰਦੀਆਂ ਸਨ ਅਤੇ ਉਹ ਬੁੱਢੀਆਂ ਔਰਤਾਂ ਪੁਰਾਣੇ ਸਮਾਜ ਵਿੱਚ ਲੋਕਾਂ ਦੇ ਅਣਮਨੁੱਖੀ ਦਾਬੇ ਦੇ ਕਿੱਸੇ ਬੱਚਿਆਂ ਨੂੰ ਸੁਣਾਉਂਦੀਆਂ ਸਨ, ਇਹ ਵੀ ਉਨ੍ਹਾਂ ਦੇ ਕੰਮਾਂ ਦਾ ਇੱਕ ਹਿੱਸਾ ਸੀ। ਇਸ ਤਰ੍ਹਾਂ ਬੱਚਿਆਂ ਦੇ ਪਾਲਣ-ਪੋਸ਼ਣ ਦਾ ਸਮਾਜੀਕ੍ਰਿਤ ਢਾਂਚਾ ਜਿਵੇਂ-ਜਿਵੇਂ ਵਿਸ਼ਾਲ ਪੱਧਰ ‘ਤੇ ਸਥਾਪਿਤ ਹੁੰਦਾ ਗਿਆ ਕਰੋੜਾਂ ਦੀ ਸੰਖਿਆ ਵਿੱਚ ਔਰਤਾਂ ਵੀ ਸਮਾਜਵਾਦ ਦੀ ਉਸਾਰੀ ਵਿੱਚ ਭਾਗ ਲੈਣ ਲਈ ਅਜ਼ਾਦ ਹੋਣ ਲੱਗੀਆਂ। 1952 ਤੱਕ ਆਉਂਦੇ-ਆਉਂਦੇ ਕਾਰਖ਼ਾਨਿਆਂ ਵਿੱਚ, ਖ਼ਾਨਾਂ ਵਿੱਚ, ਸਰਕਾਰੀ ਜਥੇਬੰਦੀਆਂ ਵਿੱਚ, ਬਾਲ ਕੇਂਦਰਾਂ ਅਤੇ ਸਕੂਲਾਂ ਦੀ ਸੰਖਿਆ ਵਿੱਚ 1949 ਦੇ ਮੁਕਾਬਲੇ 22 ਗੁਣਾ ਤੱਕ ਦਾ ਵਾਧਾ ਹੋਇਆ ਅਤੇ ਉੱਨੀ ਸੌ ਪੰਜਾਹ ਦੇ ਪੂਰੇ ਦਹਾਕੇ ਵਿੱਚ ਖਾਸ ਕਰਕੇ ‘ਮਹਾਨ ਅਗਾਂਹ ਵੱਲ ਛਾਲ਼’ ਦੇ ਦੌਰ ਵਿੱਚ ਇਹ ਲਗਾਤਾਰ ਵੱਧਦਾ ਹੀ ਗਿਆ ਕਿਉਂਕਿ ਉਸ ਸਮੇਂ ਤੱਕ ਘਰੇਲੂ ਕਿਰਤ ਦੇ ਕਈ ਰੂਪਾਂ ਦਾ ਜਿਵੇਂ ਰਸੋਈ, ਸਿਲਾਈ ਅਤੇ ਅਨਾਜ ਪੀਹਣ ਦੇ ਕੰਮਾਂ ਦਾ ਸਮਾਜੀਕਰਨ ਹੋ ਚੁੱਕਿਆ ਸੀ। ਅੰਦਾਜ਼ਾ ਸੀ ਕਿ 1959 ਤੱਕ ਪੇਂਡੂ ਇਲਾਕਿਆਂ ਵਿੱਚ ਲਗਭਗ 5 ਕਰੋੜ ਬਾਲ ਕੇਂਦਰ ਅਤੇ ਬਾਲ ਵਿਹਾਰ, 3.5 ਕਰੋੜ ਤੋਂ ਵੱਧ ਸਾਂਝੇ ਰਸੋਈ-ਘਰਾਂ ਅਤੇ ਅਣਗਿਣਤ ਆਟੇ ਦੀਆਂ ਮਿੱਲਾਂ ਅਤੇ ਸਿਲਾਈ ਕੇਂਦਰ ਸਥਾਪਿਤ ਹੋ ਚੁੱਕੇ ਸਨ। ਸ਼ਹਿਰਾਂ ਵਿੱਚ ਸਮੂਹਿਕ ਸੇਵਾ ਸਹੂਲਤਾ ਦਾ ਪ੍ਰਬੰਧ ਨੜਲੀਆਂ ਜਥੇਬੰਦੀਆਂ ਦੁਆਰਾ ਕੀਤਾ ਜਾਂਦਾ ਸੀ ਅਤੇ ਇਸ ਵਿੱਚ ‘ਨੁੱਕੜ ਸ਼ਿਸ਼ੂ ਕੇਂਦਰ (Street Nursing) ਅਤੇ ਸਾਂਝੇ ਰਸੋਈ-ਘਰਾਂ ਦੀਆਂ ਸੁਹੂਲਤਾਂ ਵੀ ਸਨ। ਇੰਨ੍ਹਾਂ ਵਿੱਚੋਂ ਕੁੱਝ ਤਾਂ ਵਾਹਵਾ ਵੱਡੇ ਸਨ ਅਤੇ ਸੈਂਕੜੇ ਪਰਿਵਾਰਾਂ ਨੂੰ ਖਾਣਾ ਖੁਆਉਣ ਦੀ ਯੋਗਤਾ ਰੱਖਦੇ ਸਨ, ਉਥੇ ਕੁੱਝ ਛੋਟੇ ਅਤੇ ਸਧਾਰਨ ਸਨ ਜਿੱਥੇ ਕੁੱਝ ਦਰਜਣ ਪਰਿਵਾਰ ਹੀ ਖਾਣਾ ਖਾ ਸਕਦੇ ਸਨ। ਨੌਕਰੀ-ਪੇਸ਼ਾ ਮਾਤਾ-ਪਿਤਾ ਕੰਮ ਤੋਂ ਬਾਅਦ ਆਪਣੇ ਬੱਚਿਆਂ ਨੂੰ ਇੰਨਾਂ ਸਮੁਦਾਇਕ ਰਸੋਈ ਘਰਾਂ ਵਿੱਚ ਭੋਜਨ ਲਈ ਲੈ ਜਾਂਦੇ ਜਾਂ ਉਨਾਂ ਨੂੰ ਨਾਲ਼ ਲੈ ਕੇ ਆਪਣੇ ਪਰਿਵਾਰ ਦੇ ਨਾਲ਼ ਖਾਣਾ ਖਾਣ ਲਈ ਘਰੇ ਜਾਂਦੇ। ਕੁੱਝ ਸ਼ਹਿਰਾਂ ਨੇ ‘ਪਹੀਆ ਰੇਹੜੀ ‘ਤੇ ਭੋਜਨ (meals on wheels) ਪਹੁੰਚਾਉਣ ਦਾ ਪ੍ਰਬੰਧ ਅਜਿਹੇ ਲੋਕਾਂ ਲਈ ਸ਼ੁਰੂ ਕੀਤਾ ਜਿੰਨਾਂ ਨੂੰ ਆਪਣੀ ਬਿਮਾਰੀ ਦੀ ਵਜ੍ਹਾ ਕਰਕੇ ਜਾਂ ਬਿਮਾਰ ਬੱਚਿਆਂ ਦੀ ਦੇਖਭਾਲ਼ ਲਈ ਘਰੇ ਰਹਿਣਾ ਪੈਂਦਾ ਸੀ। ਕਾਰਖ਼ਾਨਿਆਂ ਵਿੱਚ ਕੰਮ ਕਰਨ ਵਾਲ਼ੀਆਂ ਮਜ਼ਦੂਰ ਔਰਤਾਂ ਲਈ ਸਥਾਪਿਤ ਬਾਲ ਕੇਂਦਰਾਂ ਵਿੱਚ ਬੱਚਿਆਂ ਦੀ ਦੇਖਭਾਲ ਦੇ  ਵੱਖ-ਵੱਖ ਪ੍ਰਬੰਧ ਕੀਤੇ ਗਏ। ਉੱਥੇ ਅੱਧੇ ਦਿਨ ਦੀ, ਪੂਰੇ ਦਿਨਾ ਦੀ, ਚੌਵੀ ਘੰਟੇ ਅਤੇ ਪੂਰੇ ਹਫ਼ਤੇ ਲਈ ਬੱਚਿਆਂ ਦੀ ਦੇਖਭਾਲ ਲਈ ਪ੍ਰਬੰਧ ਸੀ। ਇਹਨਾਂ ਬਾਲ ਕੇਂਦਰਾਂ ਵਿੱਚ ਸਮਾਂ ਕਾਰਖਾਨਿਆਂ ਦੀ ਸਮਾਂ ਸਾਰਨੀ ਅਨੁਸਾਰ ਤੈਅ ਹੁੰਦਾ ਸੀ ਅਤੇ ਔਰਤਾਂ ਦੇ ਕੰਮ ਸਥਾਨ ਨਾਲ਼ੋਂ ਇੰਹਨਾਂ ਦੀ ਦੂਰੀ ਘੱਟ ਤੋਂ ਘੱਟ ਰੱਖੀ ਗਈ ਸੀ।

ਸਮਾਜਵਾਦੀ ਚੀਨ ਵਿੱਚ ਬੱਚਿਆਂ ਦੀ ਦੇਖਭਾਲ਼ ਦੇ ਅਜਿਹੇ ਕੇਂਦਰਾਂ ਦੀ ਸਥਾਪਨਾ ਨੂੰ ਸਮਾਜ ਨੇ ਭਾਰੀ ਪਹਿਲ ਦਿੱਤੀ। ਸਿੱਟੇ ਵਜੋਂ ਬਾਲ- ਕੇਂਦਰਾਂ ਦਾ ਤੇਜ਼ੀ ਨਾਲ਼ ਵਿਸਥਾਰ ਹੋਇਆ। ਉਦਾਹਰਨ ਲਈ 1959 ਵਿੱਚ ਰਾਜਧਾਨੀ ਪੀਕਿੰਗ ਵਿੱਚ ਲਗਭਗ 1,250 ਨੁੱਕੜ ਬਾਲ-ਵਿਹਾਰ ਅਤੇ ਬਾਲ ਕੇਂਦਰ ਸਨ ਜਿੰਹਨਾਂ ਵਿੱਚ ਲਗਭਗ 62,000 ਬੱਚਿਆਂ ਦੀ ਦੇਖਭਾਲ ਹੁੰਦੀ ਸੀ। 1960 ਤੱਕ ਇਨਾਂ ਬਾਲ਼ ਵਿਹਾਰਾਂ ਅਤੇ ਬਾਲ ਕੇਂਦਰਾਂ ਦੀ ਸੰਖਿਆ ਛਾਲ ਮਾਰ ਕੇ 18,000 ਤੱਕ ਜਾ ਪਹੁੰਚੀ, ਜਿੱਥੇ 6,00,000 ਤੋਂ ਵੀ ਵੱਧ ਬੱਚਿਆਂ ਦੀ ਦੇਖਭਾਲ ਹੋਣ ਲੱਗੀ।

ਸਮੂਹਿਕ ਦੇਖਭਾਲ਼ ਦੇ ਵਿਸ਼ਾਲ ਵਿਸਥਾਰ ਦੇ ਨਾਲ਼ ਹੀ ਪੀਕਿੰਗ ਵਿੱਚ ਲੋਕਾਂ ਨੇ 12,000 ਸਾਂਝੇ ਰਸੋਈ-ਘਰ ਬਣਾਏ ਅਤੇ 1200 ਤੋਂ ਵੱਧ ਸਫ਼ਾਈ ਤੇ ਮੁਰੰਮਤ ਦੀਆਂ ਦੁਕਾਨਾਂ ਅਤੇ 3,700 ਸੇਵਾ ਕੇਂਦਰਾਂ ਦੀ ਸਥਾਪਨਾ ਦੀ ਜਿੱਥੇ ਉਹ ਆਪਣੇ ਕੱਪੜਿਆਂ ਦੀ ਮੁਰੰਮਤ ਅਤੇ ਧੋੜ ਲਈ ਛੱਡ ਸਕਦੇ ਸਨ। ਇਸਦੇ ਨਾਲ਼ ਹੀ ਛੋਟੇ-ਛੋਟੇ ਬਾਲ ਕੇਂਦਰ (ਨਰਸਰੀ) ਵੀ ਖੋਲ੍ਹੇ ਗਏ ਜਿੱਥੇ ਔਰਤਾਂ ਕੁੱਝ ਘੰਟਿਆਂ ਲਈ ਆਪਣੇ ਬੱਚਿਆਂ ਨੂੰ ਛੱਡ ਕੇ ਖਰੀਦਦਾਰੀ ਕਰਨ, ਫ਼ਿਲਮ ਦੇਖਣ ਜਾਂ ਅੰਸ਼ਕਾਲੀ ਕਲਾਸਾਂ ਲਈ ਸਕੂਲ ਜਾ ਸਕਦੀਆਂ ਸਨ।

ਸੱਭਿਆਚਾਰਕ ਇਨਕਲਾਬ ਨੇ ਧਰਮ ਸਿਧਾਂਤਾਂ(Dogmas) ਦੀ ਜਕੜ ‘ਤੇ ਡੂੰਘਾ ਹਮਲਾ ਕੀਤਾ

1966 ਵਿੱਚ ਮਾਓ ਨੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਸ਼ੁਰੂਆਤ ਕੀਤੀ। ਇਸਦਾ ਟੀਚਾ ਖੁਦ ਕਮਿਉਨਿਸਟ ਪਾਰਟੀ ਦੇ ਹੀ ਅੰਦਰ ਬੈਠੇ ਹੋਏ Àਹੁਨਾਂ ਆਗੂਆਂ ਨੂੰ ਬਾਹਰ ਕੱਢ ਸੁੱਟਣਾ ਸੀ ਜੋ ਸਰਮਾਏਦਾਰੀ ਦੀ ਮੁੜ-ਬਹਾਲੀ ਚਾਹੁੰਦੇ ਸਨ। ਸਮਾਜ ਦੀ ਦਿਸ਼ਾ ਕੀ ਹੋਵੇਗੀ? ਇਸ ‘ਤੇ ਵਾਦ-ਵਿਵਾਦ ਚਲਾਉਣ ਅਤੇ ਘੋਲ਼ਾਂ ਵਿੱਚ ਪੂਰੇ ਸਮਾਜ ਦੇ ਉਤਰ ਪੈਣ ਲਈ ਸਮਾਜ ਦੇ ਕਰੋੜਾਂ -ਕਰੋੜ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇਹ ਤੈਅ ਹੋਣਾ ਸੀ ਕਿ ਕੀ ਜਮਾਤੀ ਸਮਾਜ ਦੇ ਵਿਤਕਰੇ ਅਤੇ ਗ਼ੈਰਬਰਾਬਰੀ ਨੂੰ ਮਿਟਾ ਕੇ ਲੋਕ ਸਮਾਜਵਾਦ ਦੀ ਉਸਾਰੀ ਵਿੱਚ ਲੱਗੇ ਰਹਿਣਗੇ ਜਾਂ ‘ਇੱਕ ਦੂਜੇ ਦੀਆਂ ਹੱਡੀਆਂ ਨਿਚੋੜਨ ਵਾਲ਼ੀ’ ਅਤੇ ‘ਮੁਨਾਫ਼ੇ ਨੂੰ ਹਰ ਚੀਜ਼ ਤੋਂ ਉੱਪਰ ਰੱਖਣ ਵਾਲ਼ੀ’ ਸਰਮਾਏਦਾਰੀ ਫਿਰ ਬਹਾਲ ਹੋ ਜਾਵੇਗੀ?

ਪ੍ਰੋਲੇਤਾਰੀ ਇਨਕਲਾਬ ਨੇ ਜਮਾਤੀ ਸਮਾਜ ਦੇ ਸਾਰੇ ਪੱਛੜੇ ਮਤਾਂ ਅਤੇ ਰਿਵਾਜ਼ਾਂ ‘ਤੇ ਜ਼ਬਰਦਸਤ ਹਮਲਾ ਕੀਤਾ ਅਤੇ ਔਰਤਾਂ  ਤੇ ਦਾਬੇ ਵਿਰੁੱਧ ਘੋਲ਼ ਇਸ ‘ਇਨਕਲਾਬ ਅੰਦਰ ਚੱਲ ਰਹੇ ਇਨਕਲਾਬ’ ਦਾ ਇੱਕ ਅਹਿਮ ਹਿੱਸਾ ਬਣਿਆਂ। ਜੋ ਲੋਕ ਚੀਨ ਵਿੱਚ ਸਰਮਾਏਦਾਰੀ  ਦੀ ਹਮਾਇਤ ਕਰ ਰਹੇ ਸਨ ਉਹ ਇਨਕਲਾਬ ਨੂੰ ਵਿੱਚੇ ਹੀ ਰੋਕ ਦੇਣਾ ਚਾਹੁੰਦੇ ਸਨ। ਉਹ ਪਰੰਪਰਾਵਾਦੀ ਰਵਾਇਤੀ ਢਾਂਚੇ ਨੂੰ ਤੋੜਨ ਦੇ ਵਿਰੁੱਧ ਸਨ ਅਤੇ ਪੱਛੜੇ ਨਾਰੀ ਵਿਰੋਧੀ ਵਿਚਾਰਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ।

ਕਮਿਉਨਿਸਟ ਪਾਰਟੀ ਵਿੱਚ ਰਹਿੰਦੇ ਹੋਏ ਸਰਮਾਏਦਾਰੀ ਦਾ ਰਾਹ ਫੜਨ ਵਾਲ਼ੇ ਲਿਨ ਪਿਆਓ ਜਿਹੇ ਲੋਕਾਂ ਨੇ ਕੁੱਝ ਇਸ ਤਰਾਂ ਦੀਆਂ ਚੀਜ਼ਾਂ, ਜਿਵੇਂ ਕਨਫਿਉਸੀਅਸ ਦੀ ਉਕਤੀ, ‘ਆਪਣੇ ‘ਤੇ ਸੰਯਮ ਰੱਖੋ ਅਤੇ (ਬੁਰਜੂਆ-ਅਨੁ) ਅਧਿਕਾਰਾਂ ਨੂੰ ਮੁੜ ਸਥਾਪਿਤ ਕਰੋ'(Restrain oneself and restore the right) ਨੂੰ ਪ੍ਰਚਾਰਿਆ ਜਿਸਦਾ ਸਿੱਟਾ ਇਹ ਨਿੱਕਲਦਾ ਸੀ ਕਿ ਹਰ ਵਿਅਕਤੀ ਨੂੰ ਇਸ ਜਮਾਤੀ ਸਮਾਜ ਵਿੱਚ ਆਪਣੀ ‘ਸਥਿਤੀ’ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਉਹਨਾਂ ਨੇ ਇਸ ਵਿਚਾਰ ਨੂੰ ਹੱਲਾਸ਼ੇਰੀ  ਦਿੱਤੀ ਕਿ ਔਰਤਾਂ ਨੂੰ ਪਰਿਵਾਰ ਅਤੇ ਬੱਚਿਆਂ ਤੋਂ ਬਿਨਾਂ ਕਿਸੇ ਚੀਜ਼ ਨਾਲ਼ ਮਤਲਬ ਨਹੀਂ ਰੱਖਣਾ ਚਾਹੀਂਦਾ। ਉਹਨਾਂ ਨੇ ਬੱਚਿਆਂ ਦੀ ਦੇਖਭਾਲ ਕਰਨ ਵਾਲ਼ੇ ਬਾਲ ਕੇਂਦਰਾਂ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਇੱਥੇ ਬੱਚਿਆਂ ਦੀ ਸਹੀ ਦੇਖਭਾਲ ਨਹੀਂ ਹੁੰਦੀ ਅਤੇ ਇਸ ਤੋਂ ਪਹਿਲਾਂ ਕਿ ਇਨ੍ਹਾਂ ਦੇ ਪਾਲਣ-ਪੋਸ਼ਣ ਦਾ ਸਮੂਹੀਕਰਨ ਹੋਵੇ ਉਨ੍ਹਾਂ ਦੇ ਵਿਚਾਰ ਨਾਲ਼ ਸਮਾਜ ਦਾ ਹੋਰ ਵਧੇਰੇ ਆਰਥਿਕ ਵਿਕਾਸ ਹੋਣਾ ਜ਼ਰੂਰੀ ਸੀ।

ਪਾਰਟੀ ਦੇ ਇਹਨਾਂ ਆਗੂਆਂ ਨੇ ਸਮਾਜ ਦੇ ਅਜਿਹੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਉਨਾਂ ਦੀ ਅਗਵਾਈ ਕੀਤੀ ਜੋ ਪੱਛੜੇ ਅਤੇ ਰਵਾਇਤੀ ਔਰਤ ਵਿਰੋਧੀ ਵਿਚਾਰਾਂ ਦੀ ਹਮਾਇਤ ਕਰਦੇ ਸਨ। ਉਹ ਘਰੇਲੂ ਕੰਮਾਂ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਸਮਾਜੀਕਰਨ ਦੇ ਯਤਨਾਂ ‘ਤੇ ਹਮਲਾ ਕਰਦੇ ਸਨ। ਇਹ ਗੱਲਾਂ ਇਸ ਗੱਲ ਨੂੰ ਹੋਰ ਵਧੇਰੇ ਪੁਖਤਾ ਢੰਗ ਨਾਲ਼ ਦਰਸਾਉਂਦੀਆਂ ਹਨ ਕਿ ਸਮੁੱਚੇ ਚੀਨ ਵਿੱਚ ਔਰਤਾਂ ਦੇ ਇੰਨੇ ਜ਼ਿਆਦਾ ਘਰੇਲੂ ਕੰਮਾਂ ਦਾ ਸਮੂਹੀਕਰਨ ਕਿੰਨੀ ਮਹਾਨ ਪ੍ਰਾਪਤੀ ਸੀ। ਘਰੇਲੂ ਕੰਮਾਂ ਅਤੇ ਬੱਚਿਆਂ ਦੀ ਦੇਖਭਾਲ ਦੇ ਸਮਾਜੀਕਰਨ ਦਾ ਪੱਧਰ ਇਨਕਲਾਬ ਤੋਂ ਬਾਅਦ ਦੇ ਚੀਨ ਵਿੱਚ ਇੱਕੋ ਜਿਹਾ ਨਹੀਂ ਸੀ, ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ। 1971 ਤੱਕ ਚੀਨ ਵਿੱਚ 90 ਪ੍ਰਤੀਸ਼ਤ ਔਰਤਾਂ ਘਰਾਂ ‘ਚੋਂ ਬਾਹਰ ਨਿੱਕਲ ਕੇ ਕੰਮ ਕਰ ਰਹੀਆਂ ਸਨ ਪਰ ਬਾਲ ਦੇਖਭਾਲ ਦੇ ਸਮੂਹੀਕਰਨ ਦੀ ਗਤੀ ਇੰਨੀ ਤੇਜ਼ ਨਹੀਂ ਸੀ। ਸ਼ਹਿਰਾਂ ਵਿੱਚ ਇੱਕ ਤੋਂ ਤਿੰਨ ਸਾਲ ਤੱਕ ਦੀ ਉਮਰ ਦੇ ਲਗਭਗ 50 ਪ੍ਰਤੀਸ਼ਤ ਬੱਚੇ ਹੀ ਬਾਲ ਕੇਂਦਰਾਂ ਵਿੱਚ ਜਾਂਦੇ ਸਨ ਜਦੋਂ ਕਿ ਬਾਕੀ 50 ਪ੍ਰਤੀਸ਼ਤ ਘਰੇ ਹੀ ਜ਼ਿਆਦਾਤਰ ਆਪਣੇ ਦਾਦਾ-ਦਾਦੀ ਦੀ ਦੇਖ-ਰੇਖ ਵਿੱਚ ਰਹਿੰਦੇ ਸਨ ਅਤੇ ਪੇਂਡੂ ਇਲਾਕਿਆਂ ਵਿੱਚ ਸਮੂਹਿਕ ਦੇਖ-ਰੇਖ ਵਿੱਚ ਰਹਿਣ ਵਾਲ਼ੇ ਬੱਚਿਆਂ ਦਾ ਪ੍ਰਤੀਸ਼ਤ ਤਾਂ ਹੋਰ ਵੀ ਘੱਟ ਸੀ। ਪਰ ਚੀਨ ਵਿੱਚ ਬਾਲ ਦੇਖਭਾਲ ਦਾ ਸਮਾਜੀਕਰਨ ਜਮਾਤੀ ਘੋਲ਼ ਦਾ ਇੱਕ ਅੰਗ ਸੀ ਅਤੇ ਔਰਤਾਂ ਦੀ ਮੁਕਤੀ ਦੇ ਲਈ ਇਹ ਇੱਕ ਵੱਡੀ ਪੁਲਾਂਘ ਸੀ। ਬੱਚਿਆਂ ਦੀ ਸਮੂਹਿਕ ਦੇਖਭਾਲ ਲਈ ‘ਨਵੀਆਂ ਸਮਾਜਵਾਦੀ ਚੀਜ਼ਾਂ’ ਸਥਾਪਿਤ ਕਰਨ ਲਈ ਸਮਾਜ ਵਿੱਚ ਤਿੱਖ਼ਾ ਸਿਆਸੀ ਤੇ ਵਿਚਾਰਧਾਰਕ ਘੋਲ਼ ਚੱਲਿਆ। ਹਜ਼ਾਰਾਂ ਸਾਲ ਦੇ ਜੜ੍ਹ ਮਤਾਂ ਨੂੰ ਵੰਗਾਰ ਮਿਲੀ ਅਤੇ ਰਵਾਇਤਾਂ ਦੀਆਂ ਇਹ ਸੰਗਲੀਆਂ ਉਸ ਸਮੇਂ ਟੁੱਟ ਗਈਆਂ ਜਦੋਂ ਔਰਤਾਂ ਨੇ ਘਰ ਤੋਂ ਬਾਹਰ ਪੈਰ ਕੱਢਿਆ ਅਤੇ ਸਮੁੱਚੇ ਚੀਨੀ ਸਮਾਜ ਵਿੱਚ ਬੁਨਿਆਦੋਂ ਬਦਲਾਅ ਦੇ ਘੋਲ਼ਾਂ ਦਾ ਹਿੱਸਾ ਬਣੀਆਂ। ਮਾਓ ਦੀ ਅਗਵਾਈ ਵਿੱਚ ਕਰੋੜਾਂ ਦੀ ਸੰਖਿਆ ਵਿੱਚ ਲੋਕ ਹਰ ਤਰਾਂ ਦੇ ਦਾਬੇ ਅਤੇ ਗ਼ੈਰਬਰਾਬਰੀ ਦੇ ਖਾਤਮੇ ਲਈ ਸਚੇਤਨ ਤੌਰ ‘ਤੇ ਕੰਮ ਕਰ ਰਹੇ ਸਨ ਅਤੇ ਇਸ ਘੋਲ਼ ਨੇ ਸਮਾਜੀਕ੍ਰਿਤ ਬਾਲ ਦੇਖਭਾਲ ਜਿਹੀਆਂ ਜਿਹਨਾਂ ‘ਨਵੀਆਂ ਸਮਾਜਵਾਦੀ ਚੀਜ਼ਾਂ’ ਦੀ ਉਸਾਰੀ ਕੀਤੀ ਉਹ ਇੱਕ ਜ਼ਬਰਦਸਤ ਪ੍ਰਾਪਤੀ ਤੇ ਇਤਿਹਾਸਕ ਵਿਕਾਸ ਸੀ।

(ਰੈਵੋਲੁਸ਼ਨਰੀ ਵਰਕਰ ਚੋਂਂ ਧੰਨਵਾਦ ਸਹਿਤ)

ਅਨੁਵਾਦ- ਲਾਲਜੀਤ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements