‘ਮਨੁੱਖੀ ਜੀਵਨ ਵਿੱਚ ਵਿਗਿਆਨਕ ਨਜ਼ਰੀਏ ਦਾ ਮਹੱਤਵ’ ਵਿਸ਼ੇ ’ਤੇ ਵਿਚਾਰ ਗੋਸ਼ਠੀ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਬੀਤੀ 7 ਜੁਲਾਈ 2019, ਨੂੰ ਗਿਆਨ ਪ੍ਰਸਾਰ ਸਮਾਜ ਇਕਾਈ ਸਿਰਸਾ ਵੱਲੋਂ ਮਹਾਂ ਪੰਡਤ ਰਾਹੁਲ ਸਾਂਕਰਤਿਆਇਨ ਲਾਇਬ੍ਰੇਰੀ ਜਗਮਲੇਰਾ (ਸੰਤ ਨਗਰ), ਵਿਖੇ ‘ਮਨੁੱਖੀ ਜੀਵਨ ਵਿੱਚ ਵਿਗਿਆਨਕ ਨਜ਼ਰੀਏ ਦਾ ਮਹੱਤਵ’ ਵਿਸ਼ੇ ’ਤੇ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਸਟਰ ਅਜਾਇਬ ਸਿੰਘ ਜਲਾਲਾਣਾ (ਮੀਡੀਆ ਮੁਖੀ ਤਰਕਸੀਲ ਸੁਸਾਇਟੀ ਪੰਜਾਬ) ਨੇ ਮੁੱਖ ਬੁਲਾਰੇ ਵਜੋਂ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰ ਗੋਸਠੀ ਦਾ ਅਗਾਜ ਮੰਚ ਸੰਚਾਲਕ ਕੁਲਦੀਪ ਸਿਰਸਾ ਵੱਲੋਂ ਤਰਕਸ਼ੀਲ ਬੋਲੀਆਂ ਰਾਹੀਂ ਨਾਲ਼ ਗਿਆ।

ਮਾਸਟਰ ਅਜਾਇਬ ਜਲਾਲਆਣਾ ਨੇ ਵਿਗਿਆਨਕ ਨਜ਼ਰੀਏ ਬਾਰੇ ਆਪਣੀ ਗੱਲ ਕਰਦਿਆਂ ਕਿਹਾ ਕਿ ਅੱਜ ਪਿਛਾਖੜੀ ਤਾਕਤਾਂ ਸਮਾਜ ਵਿੱਚ ਅੰਧ-ਵਿਸ਼ਵਾਸ ਫੈਲਾ ਕੇ ਲੋਕਾਂ ਦੀ ਸੋਚ ਨੂੰ ਖੁੰਢਿਆਂ ਕਰਕੇ ਸੱਤ੍ਹਾ ਤੇ ਕਾਬਜ ਹੋ ਰਹੀਆਂ ਹਨ, ਸਮਾਜ ਵਿਚ ਗੈਰ ਵਿਗਿਆਨਕ ਨਜ਼ਰੀਏ ਦੇ ਪ੍ਰਸਾਰ ਰਾਹੀਂ ਪਿਛਾਖੜੀ ਤਾਕਤਾਂ ਲਗਾਤਾਰ ਜੋਰ ਫੜ੍ਹ ਰਹੀਆਂ ਹਨ, ਇਸ ਲਈ ਲੋਕਾਂ ਨੂੰ ਅੰਧਵਿਸ਼ਵਾਸ ਦੀ ਦਲਦਲ ਤੋਂ ਮੁਕਤ ਕਰਨਾ ਜਰੂਰੀ ਹੈ, ਇਹ ਸਿਰਫ਼ ਵਿਗਿਆਨਕ ਨਜ਼ਰੀਏ ਨਾਲ਼ ਹੀ ਸੰਭਵ ਹੋ ਸਕਦਾ ਹੈ। ਅਫਸੋਸ ਇਹ ਹੈ ਕਿ ਪੜ੍ਹਿਆ ਲਿਖਿਆ ਵਰਗ ਜਿਸ ਵਿੱਚ ਅਧਿਆਪਕ ਵੀ ਸ਼ਾਮਿਲ ਹਨ, ਦਾ ਕਾਫੀ ਵੱਡਾ ਹਿੱਸਾ ਇਸ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਕਾਰਨ ਸਮੱਸਿਆ ਹੋਰ ਵੀ ਗੰਭੀਰ ਬਣੀ ਹੋਈ ਹੈ। ਉਹਨਾਂ ਜ਼ੋਰ ਦੇਕੇ ਕਿਹਾ ਕਿ ਸਾਡੇ ਅਧਿਆਪਕ ਵਰਗ ਦਾ ਵਿਗਿਆਨਕ ਨਜ਼ਰੀਆ ਵਿਕਸਿਤ ਹੋਣਾ ਬਹੁਤ ਜ਼ਰੂਰੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਧਰਤੀ ’ਤੇ ਚਮਤਕਾਰ ਵਰਗੀ ਕੋਈ ਵੀ ਚੀਜ਼ ਨਹੀਂ ਹੁੰਦੀ ਪਰ ਸੱਤ੍ਹਾ ’ਤੇ ਕਾਬਜ਼ ਜਮਾਤ ਤੇ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਵਿੱਚ ਗੈਰ ਵਿਗਿਆਨਕ ਤੇ ਅੰਧਵਿਸ਼ਵਾਸੀ ਕਦਰਾਂ ਕੀਮਤਾਂ ਦਾ ਪ੍ਰਚਾਰ ਪ੍ਰਸਾਰ ਕਰਕੇ ਉਹਨਾਂ ਨੂੰ ਲੁੱਟਿਆ ਜਾਂਦਾ ਹੈ।

ਇਸ ਚਰਚਾ ਨੂੰ ਅੱਗੇ ਤੋਰਦਿਆਂ ਡਾਕਟਰ ਸੁਖਦੇਵ ਹੁੰਦਲ ਨੇ ਕਿਹਾ ਕਿ ਭਾਰਤ ਨੂੰ ਮੁੱਢ ਤੋਂ ਹੀ ਇੱਕ ਧਾਰਮਿਕ ਦੇਸ਼ ਦੇ ਰੂਪ ਵਿੱਚ ਪੇਸ਼ ਕਰਨ ਲਈ ਹਾਕਮ ਪੂਰਾ ਤਾਣ ਲਾ ਰਹੇ ਹਨ ਪਰ ਸੱਚ ਇਹ ਹੈ ਕਿ ਭਾਰਤ ਮੁੱਖ ਤੌਰ ’ਤੇ ਨਾਸਤਿਕ ਫਲਸਫਿਆਂ ਦਾ ਦੇਸ਼ ਹੈ। ਵਿਗਿਆਨ ਨੂੰ ਸਿਰਫ਼ ਤਕਨੀਕ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ, ਪਰ ਵਿਗਿਆਨ ਨੂੰ ਜੀਵਨ ਜਾਂਚ ਦਾ ਹਿੱਸਾ ਬਣਨ ਤੋਂ ਰੋਕਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਚੱਲ ਰਹੀ ਹੈ ਤਾਂ ਕਿ ਲੋਕ ਸਮੱਸਿਆਵਾਂ ਨੂੰ ਵਿਗਿਆਨਕ ਨਜ਼ਰੀਏ ਨਾਲ਼ ਵੇਖਦਿਆਂ ਭਲ਼ਕੇ ਇ ਗੈਰ-ਵਿਗਿਆਨਕ ਢਾਂਚੇ ਲਈ ਸਮੱਸਿਆ ਨਾ ਸਹੇੜ ਦੇਣ।

ਸੁਖਮਾਨ ਨੱਤ ਨੇ ਗਿਆਨ ਪ੍ਰਸਾਰ ਸਮਾਜ ਦੇ ਉਦੇਸ਼ਾਂ ਬਾਰੇ ਵਿਸਥਾਰ ਸਹਿਤ ਗੱਲ ਕੀਤੀ। ਅਖੀਰ ਵਿੱਚ ਦਵਿੰਦਰ ਰਾਣੀਆਂ ਨੇ ਆਏ ਹੋਏ ਸਾਰੇ ਸਰੋਤਿਆਂ ਤੇ ਮੁੱਖ ਬੁਲਾਰੇ ਅਜਾਇਬ ਸਿੰਘ ਦਾ ਧੰਨਵਾਦ ਕੀਤਾ। ਗਿਆਨ ਪ੍ਰਸਾਰ ਸਮਾਜ ਦੇਕਾਮਰੇਡ ਮਨਧੀਰ ਨਕੌੜਾ ਤੇ ਡਾ. ਸੁਖਦੇਵ ਨੇ ਅਜਾਇਬ ਸਿੰਘ ਨੂੰ ਸਨਮਾਨ ਚਿੰਨ ਭੇਂਟ ਕੀਤਾ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 10-11, ਜੁਲਾਈ 2019 ਵਿੱਚ ਪਰ੍ਕਾਸ਼ਿਤ