ਮਨੁੱਖ ਦੇ ਮਹਾਂਬਲੀ ਬਣਨ ਦੀ ਪਿੱਠ-ਭੂਮੀ •ਡਾ. ਅਵਤਾਰ,ਬਠਿੰਡਾ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੁਨੀਆਂ ਦੇ ਵੱਡੇ ਹਿੱਸੇ ‘ਚ, ਮਨੁੱਖ ਦੇ ਪੈਦਾ ਹੋਣ ਅਤੇ ਵਿਕਸਤ ਹੋਣ ਬਾਰੇ ਸਮਝ ਦਾ ਅਧਾਰ ਅੱਜ ਵੀ ਗੈਰ-ਇਤਿਹਾਸਕ ਹੈ। ਉਹ ਅੱਜ ਵੀ ਇਹਨੂੰ ਕਿਸੇ ਰੱਬੀ ਸ਼ਕਤੀ ਦਾ ਰਹੱਸ ਸਮਝਦੇ ਹਨ, ਜਦਕਿ ਵਿਗਿਆਨ ਦੁਆਰਾ ਕਾਫੀ ਸਮਾਂ ਪਹਿਲਾਂ ਇਸ ਰਹੱਸ ਤੋਂ ਪਰਦਾ ਚੁੱਕਿਆ ਜਾ ਚੁੱਕਾ ਹੈ, ਜਿਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਦਰਅਸਲ ਮਨੁੱਖ ਦੇ ਮਨੁੱਖ ਬਣਨ ਦੀ ਪ੍ਰਕ੍ਰਿਆ ਬਹੁਤ ਲੰਮੀ ‘ਤੇ ਕਰੜੀ ਜੱਦੋ-ਜਹਿਦ ਦਾ ਪ੍ਰਣਾਮ ਹੈ। ਇਸਨੂੰ ਦੋ ਪੱਧਰਾ ‘ਤੇ ਸਮਝਣ ਦੀ ਜਰੂਰਤ ਹੈ। ਪਹਿਲਾ ਇਹ ਕਿ ਡਾਰਵਿਨ ਦੇ ‘ਕੁਦਰਤੀ ਚੋਣ’  ‘ਯੋਗਤਮ ਦਾ ਬਚਾਅ’ ਅਤੇ ‘ਵਾਧੇ ਦੇ ਅੰਤਰ ਸੰਬੰਧ ਦੇ ਨਿਯਮ’ ਰਾਹੀਂ, ਮਨੁੱਖ ਤੇ ਹੋਰਨਾਂ ਜੀਵਾਂ ਨੂੰ ਕਿਵੇਂ ਫਾਇਦਾ ਪੁੱਜਾ, ਜਿਸ ਨਾਲ਼ ਮਨੁੱਖ ਦੇ ਮਹਾਂਬਲੀ ਬਣਨ ਦਾ ਆਧਾਰ ਤਿਆਰ ਹੋਇਆ। ਦੂਸਰਾ ਇਹ ਕਿ ਦਿਮਾਗ ਤੇ ਹੱਥਾਂ ਦੇ ਅੰਤਰ-ਸਬੰਧਾਂ ਕਾਰਨ ਸਮੂਹਿਕਤਾ ਦੀ ਲੰਮੀ ਜੱਦੋ-ਜਹਿਦ ਰਾਹੀਂ ਉਹ ਕਿਵੇਂ ਪ੍ਰਕਿਰਤੀ ਉੱਤੇ ਭਾਰੂ ਹੋ ਸਕਿਆ। ਉਹਨੇਂ ਕਿਵੇਂ ਸਭ ਕੁਦਰਤੀ ਰੁਕਾਵਟਾਂ ਪਾਰ ਕਰਕੇ ਖੁਦ ਬਦਲਣ ਦੀ ਬਜਾਇ, ਕੁਦਰਤ ਨੂੰ ਆਪਣੇ ਮੁਤਾਬਿਕ ਬਦਲਣਾ ਸ਼ੁਰੂ ਕੀਤਾ ‘ਤੇ ਬਾਕੀ ਜਾਨਵਰਾਂ ‘ਤੋਂ ਜੇਤੂ ਹੋ ਕੇ ਮਹਾਂਬਲੀ ਬਣ ਗਿਆ।

ਇਸ ਲੇਖ ਵਿੱਚ ਅਸੀਂ ਇਹਦੇ ਪਹਿਲੇ ਪੱਧਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਦੇਖਦੇ ਹਾਂ ਕਿ ਦੁਨੀਆਂ ‘ਤੇ ਕੁਝ ਵੀ ਸਥਾਈ ਨਹੀਂ ਹੈ, ਜੇ ਕੋਈ ਚੀਜ਼ ਸਥਾਈ ਹੈ, ਉਹ ਹੈ ਤਬਦੀਲੀ। ਸਾਡੀ ਧਰਤੀ, ਜਿਹੜੀ ਹਰ ਥਾਂ ਤੋਂ ਰੰਗ-ਬਰੰਗੀ, ਭਾਂਤ-ਸੁਭਾਂਤੀ ਦਿਖਦੀ ਹੈ, ਕਿਸੇ ਥਾਂ ਜੰਗਲ ਹਨ, ਕਿਸੇ ਥਾਂ ਮੈਦਾਨ, ਕਿਤੇ ਮਾਰੂਥਲ ਹੈ ਤੇ ਕਿਤੇ ਪਾਣੀ ਹੀ ਪਾਣੀ ਹੈ, ਇਹ ਹਮੇਸ਼ਾ ਹੀ ਇਵੇਂ ਨਹੀਂ ਸੀ ਜਿਵੇਂ ਸਾਨੂੰ ਅੱਜ ਦਿਖਾਈ ਦਿੰਦੀ ਹੈ, ਇਹ ਲਗਾਤਾਰ ਬਦਲਦੀ ਰਹਿੰਦੀ ਹੈ। ਮੈਦਾਨ ਦੀ ਥਾਂ ‘ਤੇ ਪਹਾੜ ਉੱਭਰ ਆਉਂਦੇ ਹਨ, ਸਮੁੰਦਰ ਦੀ ਥਾਂ ‘ਤੇ ਖੁਸ਼ਕੀ ਅਤੇ ਅਤੇ ਖੁਸ਼ਕੀ ਦੀ ਥਾਂਵੇ ਸਮੁੰਦਰ, ਗਰਮ ਜਲਵਾਯੂ ਠੰਡੀ ਹੋ ਜਾਂਦੀ ਹੈ ਤੇ ਠੰਡੀ ਗਰਮ ਹੋ ਜਾਂਦੀ ਹੈ। ਆਮ ਤੌਰ ‘ਤੇ ਇਸ ਪ੍ਰਕ੍ਰਿਆ ਦੀ ਗਤੀ ਬਹੁਤ ਧੀਮੀ ਹੁੰਦੀ ਹੈ, ਜਿਸਨੂੰ ਲੱਖਾਂ ਸਾਲ ਲੱਗ ਜਾਂਦੇ ਹਨ। ਜਲਵਾਯੂ ਦੀਆਂ ਇਹ ਤਬਦੀਲੀਆਂ ਇਕੱਲੀਆਂ ਨਿੱਖੜਵੇਂ ਰੂਪ ‘ਚ ਨਹੀਂ ਵਾਪਰਦੀਆਂ। ਇਨ੍ਹਾਂ ਤਬਦੀਲੀਆਂ ਦੇ ਨਾਲ਼ ਹੀ ਹਰ ਖੇਤਰ ਦੇ ਪੂਰੇ ਜੀਵ-ਜਗਤ ਨੂੰ ਵੀ ਬਦਲਣਾ ਪੈਂਦਾ ਹੈ। ਤਬਦੀਲੀਆਂ ਦੀ ਇਸ ਉੱਥਲਾ-ਪੁੱਥਲੀ ਵਿੱਚ ਜੋ ਪੌਦੇ ਅਤੇ ਜੀਵ-ਜੰਤੂ ਬਦਲ ਜਾਂਦੇ ਹਨ, ਉਹ ਜਿੰਦਾ ਰਹਿੰਦੇ ਹਨ ਤੇ ਵਿਕਾਸ ਕਰਦੇ ਹਨ ਅਤੇ ਇਸਦੇ ਉਲਟ, ਜਿਨ੍ਹਾਂ ‘ਤੇ ਤਬਦੀਲੀਆਂ ਭਾਰੂ ਹੋ ਜਾਂਦੀਆਂ ਹਨ, ਉਹ ਹੌਲੀ-ਹੌਲੀ ਖ਼ਤਮ ਹੋ ਜਾਂਦੇ ਹਨ। ਪਰ ‘ਜੀਵਾਂ ਦੀ ਕੋਈ ਵੀ ਪ੍ਰਜਾਤੀ ਆਪਣੇ ਵਾਤਾਵਰਨ ਅਨੁਸਾਰ ਖੁਦ ਨੂੰ ਪੂਰੀ ਤਰ੍ਹਾਂ ਨਹੀਂ ਢਾਲ ਸਕਦੀ ਕਿਉਂਕਿ ਵਾਤਾਵਰਨ ਬਦਲਦਾ ਜਾਂਦਾ ਹੈ ਅਤੇ ਇੱਕ ਪ੍ਰਜਾਤੀ ਜਿਸ ਨੇ ਕਿਸੇ ਦਿੱਤੇ ਸਮੇਂ ਦੌਰਾਨ ਖੁਦ ਨੂੰ ਵਾਤਾਵਰਨ ਦੇ ਅਨੁਸਾਰ ਪੂਰੀ ਤਰ੍ਹਾਂ ਢਾਲ ਲਿਆ ਹੈ, ਉਹ ਪ੍ਰਜਾਤੀਆਂ ਜਿਹੜੀਆਂ ਘੱਟ ਅਨੁਕੂਲਿਤ ਸਨ, ਵਧਣ-ਫੁੱਲਣ ਅਤੇ ਗਿਣਤੀ ਵਿੱਚ ਵਧ ਜਾਣ’ (ਜਾਰਜ ਥਾਮਸਨ)। ਮਨੁੱਖ ਦੇ ਉਭਰਨ ਤੱਕ ਰੁੱਖਾਂ ਤੇ ਜੀਵ-ਜੰਤੂਆਂ ਦੇ ਵਿਕਾਸ ਤੇ ਵਿਨਾਸ਼ ਦੀ ਪੂਰੀ ਪ੍ਰਕ੍ਰਿਆ ਇਹਨਾਂ ਕੁਦਰਤੀ ਨਿਯਮਾਂ ਵਿੱਚੋਂ ਦੀ ਹੋਕੇ ਗੁਜਰੀ ਹੈ। ਪਹਿਲਾਂ ਮਨੁੱਖ ਖੁਦ ਵੀ ਕੁਦਰਤ ਦੇ ਅਸੂਲਾਂ ਦਾ ਗੁਲਾਮ ਸੀ। ਪਹਿਲਾਂ ਤਬਦੀਲੀਆਂ ਰਾਹੀਂ ਇਹਦੀ ਖਾਦ-ਖੁਰਾਕ ਬਦਲੀ ਜਿਸਨੇ ਅੱਗੋਂ ਹੋਰ ਸਰੀਰਕ ਤਬਦੀਲੀਆਂ ਦਾ ਅਧਾਰ ਤਿਆਰ ਕੀਤਾ। ਏਂਗਲਜ਼ ਨੇ ਇਸ ਵਰਤਾਰੇ ਨੂੰ ਇਉਂ ਪੇਸ਼ ਕੀਤਾ ਹੈ, “ਬਾਂਦਰਾਂ ਦਾ ਝੁੰਡ ਭੂਗੋਂਲਿਕ ਪ੍ਰਸਥਿਤੀਆਂ ਜਾਂ ਗਵਾਂਢਲੇ ਝੁੰਡਾ ਦੇ ਵਿਰੋਧ ਰਾਹੀਂ ਆਪਣੇ ਲਈ ਮਿੱਥੇ ਖੇਤਰ ਵਿੱਚ ਹੀ ਆਹਾਰ-ਖੇਤਰ ਵਿੱਚ ਚਰਨ-ਚੁਗਣ ਤੇ ਹੀ ਸੰਤੁਸ਼ਟ ਸੀ, ਇਹ ਨਵੇਂ ਆਹਾਰ-ਖੇਤਰ ਜਿੱਤਣ ਲਈ ਨਵੀਆਂ ਥਾਵਾਂ ਤੇ ਜਾਂਦਾ ਅਤੇ ਘੋਲ ਕਰਦਾ, ਪਰ ਆਪਣੀ ਪ੍ਰਕਿਰਤਕ ਪ੍ਰਸਥਿਤੀ ਵਿੱਚ ਇਹ ਆਹਾਰ-ਖੇਤਰ ਉਹਨੂੰ ਜੋ ਕੁਝ ਦੇ ਸਕਦੇ, ਇਹ ਉਸ ਤੋਂ ਵੱਧ ਪ੍ਰਾਪਤ ਕਰਨ ਦੇ ਅਯੋਗ ਸੀ। ਹਾਂ, ਟੋਲੀ ਨੇ ਅਚੇਤ ਤੌਰ ‘ਤੇ ਆਪਣੇ ਮਲ-ਮੂਤਰ ਰਾਹੀਂ ਭੌਂ ਨੂੰ ਖਾਦ ਜਰੂਰ ਦਿੱਤੀ। ਜਿਉਂ ਹੀ ਸਾਰੇ ਆਹਾਰ-ਖੇਤਰ ਵਿੱਚ ਵਸੋਂ ਜਾਂਦੀ, ਬਾਦਰਾਂ ਦੀ ਵਸੋਂ ਹੋਰ ਨਹੀਂ ਸੀ ਵਧ ਸਕਦੀ, ਵੱਧ ਤੋਂ ਵੱਧ ਇਹਨਾਂ ਪਸ਼ੂਆਂ ਦੀ ਗਿਣਤੀ ਸਥਿਰ ਰਹਿ ਸਕਦੀ ਸੀ। ਪਰ ਸਭੇ ਪਸ਼ੂ ਬਹੁਤ ਸਾਰੀ ਖੁਰਾਕ ਜ਼ਾਇਆ ਕਰ ਦਿੰਦੇ ਹਨ ਅਤੇ ਇਸ ਦੇ ਨਾਲ਼ ਹੀ ਨਾਲ਼ ਉਹ ਖੁਰਾਕ ਦੀ ਅਗਲੀ ਪੀੜ੍ਹੀ ਨੂੰ ਅੰਕੁਰ ਰੂਪ ਵਿੱਚ ਹੀ ਤਬਾਹ ਕਰ ਦੇਂਦੇ ਹਨ। ਸ਼ਿਕਾਰੀ ਵਾਂਗ ਬਘਿਆੜ, ਉਸ ਹਿਰਨੀ ਨੂੰ ਨਹੀਂ ਛੱਡ ਦਿੰਦਾ ਜਿਹੜੀ ਅਗਲੇ ਵਰ੍ਹੇ ਬੱਚੇ ਦੇਵੇਗੀ, ਨਵੀਆਂ ਝਾੜੀਆਂ ਨੂੰ ਚਰ ਜਾਣ ਵਾਲੀਆਂ ਯੂਨਾਨ ਦੀ ਬੱਕਰੀਆਂ ਨੂੰ ਦੇਸ਼ ਦੇ ਸਭਨਾਂ ਪਹਾੜਾ ਨੂੰ ਟੁੰਡ-ਮਰੁੰਡ ਕਰ ਦਿੱਤਾ ਹੈ। ਪਸ਼ੂਆਂ ਦੀ ਇਹ ਲੋਟੂ ‘ਆਰਥਿਕਤਾ’ ਉਹਨਾਂ ਨੂੰ ਸਧਾਰਨ ਖੁਰਾਕ ਤੋਂ ਬਿਨ੍ਹਾਂ ਹੋਰ ਖੁਰਾਕ ਅਪਣਾਉਣ ‘ਤੇ ਮਜ਼ਬੂਰ ਕਰਕੇ, ਪਸ਼ੂ-ਜਾਤੀਆਂ ਦੀ ਹੌਲੀ-ਹੌਲੀ ਕਾਇਆ-ਕਲਪ ਵਿੱਚ ਇੱਕ ਮਹੱਤਵਪੂਰਨ ਹਿੱਸਾ ਪਾਉਂਦੀ ਹੈ, ਇਹਦੇ ਕਾਰਨ ਉਹਨਾਂ ਦੇ ਲਹੂ ਦੀ ਰਸਾਇਣਿਕ ਬਣਤਰ ਤਬਦੀਲ ਹੋ ਜਾਂਦੀ ਹੈ ਅਤੇ ਸਾਰੀ ਸਰੀਰਕ ਬਣਤਰ ਹੌਲੀ-ਹੌਲੀ ਬਦਲ ਜਾਂਦੀ ਹੈ ਅਤੇ ਉਹ ਪਸ਼ੂ-ਜਾਤੀਆਂ ਜਿਹੜੀਆਂ ਪਹਿਲਾਂ ਸਥਾਪਤ ਹੋ ਚੁੱਕੀਆਂ ਸਨ, ਖ਼ਤਮ ਹੋ ਜਾਂਦੀਆਂ ਹਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਵਡੇਰਿਆਂ ਦੀ ਬਾਂਦਰ ਤੋਂ ਮਨੁੱਖ ਵਿੱਚ ਤਬਦੀਲੀ ਵਿੱਚ ਇਸ ਲੋਟੂ ਆਰਥਿਕਤਾ ਨੇ ਬੜਾ ਜ਼ੋਰਦਾਰ ਹਿੱਸਾ ਪਾਇਆ ਹੈ। ਬਾਂਦਰਾਂ ਦੀ ਅਜਿਹੀ ਨਸਲ ਲਈ, ਜਿਹੜੀ ਸਿਆਣਪ ਅਤੇ ਅਨੁਕੂਲਣ ਯੋਗਤਾ ਵਿੱਚ ਬਾਕੀ ਸਭਨਾਂ ਤੋਂ ਉੱਪਰ ਸੀ, ਇਸ ਲੋਟੂ ਆਰਥਿਤਾ ਦਾ ਸਿੱਟਾ ਖੁਰਾਕ ਲਈ ਵਰਤੇ ਜਾਣ ਵਾਲੇ ਪੌਦਿਆਂ ਦੇ ਵੱਧ ਤੋਂ ਵੱਧ ਖਾਣਯੋਗ ਹਿੱਸਿਆਂ ਵਿੱਚ ਵਾਧੇ ਤੋਂ ਬਿਨਾਂ ਕੁਝ ਨਹੀਂ ਸੀ ਹੋ ਸਕਦਾ। ਮੁਕਦੀ ਗੱਲ, ਇਹਦਾ ਸਿੱਟਾ ਇਹ ਨਿਕਲਿਆ ਕਿ ਖੁਰਾਕ ਵੱਧ ਤੋਂ ਵੱਧ ਵੰਨ-ਸੁਵੰਨੀ ਹੁੰਦੀ ਗਈ ਅਤੇ ਇਹਦੇ ਸਿੱਟੇ ਵਜੋਂ ਮਨੁੱਖੀ ਸਰੀਰ ਵਿੱਚ ਦਾਖਲ ਹੋਣ ਵਾਲੇ ਪਦਾਰਥ ਵੀ ਵੰਨ-ਸਵੰਨੇ ਹੁੰਦੇ ਗਏ, ਜੋ ਮਨੁੱਖ ਤੱਕ ਤਬਦੀਲੀ ਲਈ ਰਸਾਇਣਕ ਮੁੱਢਲੀ ਸ਼ਰਤ ਸਨ।” ਕਰੋੜਾਂ ਵਰ੍ਹੇ ਪਹਿਲਾਂ ਮੱਛੀਆਂ ਤੋਂ ਜਲ-ਥਲੀਆਂ ਜੀਵਾਂ ਵਿੱਚ ਕਾਇਆ-ਕਲਪੀ ਵੀ ਡਾਰਵਿਨ ਦੁਆਰਾ ਖੋਜੇ ਕੁਦਰਤ ਦੇ ਨਿਯਮ ‘ਕੁਦਰਤੀ ਚੋਣ’ ਅਤੇ ‘ਯੋਗਤਮ ਦਾ ਬਚਾਅ’ ਰਾਹੀਂ ਹੀ ਸੰਭਵ ਹੋਈ। ਇਸ ਵਰਤਾਰੇ ਦੀ ਸ਼ੁਰੂਆਤ ਪਹਿਲਾਂ ਉਨ੍ਹਾਂ ਘੱਟ ਡੂੰਘੇ ਸਮੁੰਦਰਾਂ-ਝੀਲਾਂ ‘ਚ ਹੋਈ ਜੋ ਹੌਲੀ-ਹੌਲੀ ਸੁੱਕ ਰਹੇ ਸਨ। ਸੋਕੇ ਦੀਆਂ ਨਵੀਆਂ ਹਾਲਤਾਂ ‘ਚ ਜੋ ਮੱਛੀਆਂ ਨਾ ਬਦਲ ਸਕੀਆਂ, ਉਹ ਮਰਦੀਆਂ ਰਹੀਆਂ ਅਤੇ ਜੋ ਜਿਉਂਦੀਆਂ ਰਹੀਆਂ, ਉਨਾਂ ਨੇ ਕਰੜੀ ਜੱਦੋ-ਜਹਿਦ ਤਹਿਤ ਲੰਮੇ ਸਮੇਂ ‘ਚ, ਪਾਣੀ ਤੋਂ ਬਿਨਾਂ ਰਹਿਣਾ ਸਿੱਖ ਲਿਆ। ‘ਕੁਦਰਤੀ ਚੋਣ’ ਨੇ ਮੱਛੀ ਦੇ ਸਰੀਰ ਦੀ ਨਿੱਕੀ ਤੋਂ ਨਿੱਕੀ ਤਬਦੀਲੀ, ਜਿਸ ਨਾਲ਼ ਪਾਣੀ ਤੋਂ ਬਿਨਾਂ ਗੁਜਾਰਾ ਹੋ ਸਕਦਾ ਸੀ, ਉਹ ਜਾਰੀ ਰੱਖੀ। ਇਸ ਵਿਚਕਾਰਲੇ ਸਮੇਂ ਵਿੱਚ ਪਾਣੀ ਤੇ ਖੁਸ਼ਕੀ ਦੋਹਾਂ ‘ਤੇ ਰਹਿ ਸਕਦੇ ਸਨ। ਇਸ ਤਰ੍ਹਾਂ ਕਰੋੜਾਂ ਸਾਲਾਂ ‘ਚ ਇਨ੍ਹਾਂ ਮੱਛੀਆਂ ਦੇ ਤੈਰਨ ਵਾਲੇ ਫੁਕਨੇ, ਫੇਫੜਿਆਂ ‘ਚ ਬਦਲ ਗਏ ਅਤੇ ਜੋੜੇ ਖੰਭੜਿਆਂ ਨੇ ਲੱਤਾਂ ਦਾ ਰੂਪ ਧਾਰ ਲਿਆ, ਭਾਵ ਮੱਛੀ ਦੇ ਸਰੀਰ ਦੀ ਬਣਤਰ ਹੌਲੀ-ਹੌਲੀ ਨਵੇਂ ਹਾਲਤਾਂ ਅਨੁਸਾਰ ਤਬਦੀਲ ਹੋਈ। ਇਹ ਤਬਦੀਲੀਆਂ ਇਕੱਠੀਆਂ ਹੋਕੇ, ਇੱਕ ਬਿਲਕੁਲ ਨਵੀਂ ਕਿਸਮ ਦਾ, ਸਿਰਫ ਥਲ ‘ਤੇ ਰਹਿਣ ਵਾਲਾ ਜੀਵ ਹੋਂਦ ਵਿੱਚ ਆ ਗਿਆ।

ਰੂਸੀ ਵਿਗਿਆਨੀ ਵੀ.ਕੋਵਾਲੇਸਕੀ, ਜਿਸਨੇ ਡਾਰਵਿਨ ਦੇ ਕੰਮ ਨੂੰ ਹੋਰ ਅੱਗੇ ਵਧਾਇਆ, ਘੋੜੇ ਦੇ ਵਿਕਾਸ ਸੰਬੰਧੀ ਉਪਰੋਕਤ ਨਿਯਮ ਦੀ ਪ੍ਰੋੜਤਾ ਕਰਦਾ ਹੈ। ਉਹਨਾਂ ਅਨੁਸਾਰ ਘੋੜਾ ਸੰਘਣੇ ਜੰਗਲਾਂ ‘ਚ ਰਹਿਣ ਵਾਲਾ, ਛੋਟੇ ਕੱਦ ਦਾ, ਛੋਟੀਆਂ ਲੱਤਾਂ ਵਾਲਾ ਅਤੇ ਪੰਜ ਉਂਗਲਾਂ ਵਾਲਾ ਜਾਨਵਰ ਸੀ। ਜੰਗਲੀ ਤਬਦੀਲੀਆਂ ਨੇ ਘੋੜੇ ਨੂੰ ਮੈਦਾਨ ਵਿੱਚ ਜਾਣ ਲਈ ਮਜ਼ਬੂਰ ਕਰ ਦਿੱਤਾ। ਹੁਣ ਸੰਘਣੇ ਜੰਗਲਾਂ ‘ਚ ਆਪਣੇ ਦੁਸ਼ਮਣਾਂ ਤੋਂ ਜਿੱਥੇ ਲੁਕ ਕੇ ਜਾਨ ਬਚਾਈ ਜਾ ਸਕਦੀ ਸੀ, ਉੱਥੇ ਖੁੱਲ੍ਹੇ ਮੈਦਾਨਾਂ ‘ਚ ਇਹ ਤੇਜ਼ ਦੌੜ ਵਿੱਚ ਬਦਲ ਗਈ। ਇੱੱਥੇ ਵੀ ‘ਕੁਦਰਤੀ ਚੋਣ’ ਨੇ ਘੋੜੇ ਦੇ ਸਰੀਰ ਦੀਆਂ ਉਹ ਸਾਰੀਆਂ ਤਬਦੀਲੀਆਂ ਜਾਰੀ ਰੱਖੀਆਂ ਜੋ ਦੌੜਨ ਵਿੱਚ ਸਹਾਈ ਸਨ, ਬਾਕੀ ਛੱਡ ਦਿੱਤੀਆਂ, ਜਿਸਦਾ ਦੌੜਨ ‘ਚ ਕੋਈ ਲਾਭ ਨਹੀਂ ਸੀ। ਘੋੜਿਆਂ ਦੇ ਵੱਡ-ਵਡੇਰਿਆਂ ਦੇ ਪੰਜ ਉਂਗਲਾਂ ਸਨ, ਫਿਰ ਤਿੰਨ ਰਹਿ ਗਈਆਂ, ਇਹ ਤਬਦੀਲੀ ਜਾਰੀ ਰਹੀ ਕਿਉਂਕਿ ਦੌੜਨ ਲਈ ਸਿਰਫ ਇੱਕ ਉਂਗਲ ਦੀ ਜਰੂਰਤ ਸੀ ਜੋ ਮਜ਼ਬੂਤ ਹੋਵੇ, ਜਿਸਨੂੰ ਅਸੀਂ ਖੁਰ ਕਹਿੰਦੇ ਹਾਂ ਅਤੇ ਲੱਤਾ ਲੰਮੀਆਂ ਹੋ ਗਈਆਂ।

ਦੂਜੇ ਪਾਸੇ ਇਥੇ ਸਾਨੂੰ ਡਾਰਵਿਨ ਦੇ ‘ਵਾਧੇ ਦੇ ਅੰਤਰ ਸਬੰਧ’ ਨਿਯਮ ਵੱਲ ਧਿਆਨ ਦੇਣ ਦੀ ਵੀ ਜਰੂਰਤ ਹੈ। ‘ਇਸ ਨਿਯਮ ਅਨੁਸਾਰ ਕਿਸੇ ਜੀਵ ਦੇ ਵੱਖ-ਵੱਖ ਦੇ ਵਿਸ਼ੇਸ਼ ਰੂਪ, ਦੂਜੇ ਹਿੱਸਿਆਂ ਦੇ ਕੁਝ ਅਜਿਹੇ ਰੂਪਾਂ ਨਾਲ਼ ਜੁੜੇ ਹੁੰਦੇ ਹਨ ਜਿਨ੍ਹਾਂ ਦਾ ਵੇਖਣ ਨੂੰ ਇਹਨਾਂ ਨਾਲ਼ ਕੋਈ ਸਬੰਧ ਨਹੀਂ ਜਾਪਦਾ (ਏਂਗਲਜ਼)।’   ਘੋੜੇ ਦੀ ਹੀ ਉਦਾਹਰਨ ਲਓ। ਜਦੋਂ ਘੋੜਾ ਜੰਗਲਾਂ ‘ਚੋਂ ਮੈਦਾਨਾਂ ਵਿੱਚ ਆਇਆ ਤਾਂ ਉਹਦੀਆਂ ਸਿਰਫ਼ ਲੱਤਾਂ ‘ਤੇ ਪੈਰ ਹੀ ਨਹੀਂ ਬਦਲੇ, ਸਗੋਂ ਪੂਰੀ ਸਰੀਰਕ ਬਣਤਰ ਨੂੰ ਹੀ ਤਬਦੀਲ ਹੋਣਾ ਪਿਆ। ਲੱਤਾਂ ਦੇ ਨਾਲ਼-ਨਾਲ਼ ਉਹਦੀ ਧੋਣ ਵੀ ਵਧੀ, ਨਹੀਂ ਤਾਂ ਉਹਨੇ ਘਾਹ ਤੱਕ ਨਹੀਂ ਪਹੁੰਚ ਸਕਣਾ ਸੀ। ਇਸੇ ਤਰ੍ਹਾਂ ਘੋੜੇ ਦੇ ਦੰਦਾਂ ਨੂੰ ਵੀ ਬਦਲਣਾ ਪਿਆ। “ਮੈਦਾਨਾਂ ਵਿੱਚ ਘੋੜੇ ਨੂੰ ਖਰ੍ਹਵੇਂ ਤੇ ਮੋਟੇ ਬੂਟੇ ਖਾਣੇ ਪਏ, ਜਿਨ੍ਹਾਂ ਨੂੰ ਪਹਿਲਾਂ ਆਪਣੀਆਂ ਦਾੜ੍ਹਾਂ ਨਾਲ਼ ਚਿੱਥਣਾਂ, ਦਲਣਾ ਪੈਂਦਾ ਸੀ ਤੇ ਇਸੇ ਲਈ ਉਹਦੇ ਦੰਦ ਵੀ ਬਦਲ ਗਏ। ਹੁਣ ਘੋੜੇ ਦੇ ਦੰਦਾ ਦੀ ਥਾਂ ਬਾਕਾਇਦਾ ਪੁੜ ਤੇ ਮੂਲੀ-ਕਤਰੇ ਬਣ ਗਏ; ਹੁਣ ਤਾਂ ਘੋੜੇ ਦੀਆ ਲੱਤਾਂ, ਗਰਦਨ ਤੇ ਦੰਦਾ ਦੀ ਤਬਦੀਲੀ ਦਾ ਇਹ ਕਾਰਜ ਪੰਜ ਕਰੋੜ ਸਾਲ ਵਿੱਚ ਪੂਰਾ ਹੋਇਆ ਤੇ ਏਸ ਅਮਲ ‘ਚ ਅਨੇਕਾਂ ਜੀਵ-ਜੰਤੂ ਖ਼ਤਮ ਹੋ ਗਏ (ਕੋਵਾਲੇਵਸਕੀ)।” ਡਾਰਵਿਨ ਦੇ ‘ਵਾਧੇ ਦੇ ਅੰਤਰ-ਸਬੰਧ’ ਨਿਯਮ ਦਾ ਫਾਇਦਾ ਵੱਖ-ਵੱਖ ਦੌਰਾਂ ‘ਚ, ਵੱਖ-ਵੱਖ ਜੀਵਾਂ ਨੂੰ, ਉਨ੍ਹਾਂ ਦੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਹੋਇਆ ਜਿਵੇਂ ਕੁਦਰਤ ਦੇ ਨਿਯਮਾਂ ਅਨੁਸਾਰ ਸਮੇਂ ਦੀ ਜਰੂਰਤ ਸੀ। ਪਹਿਲਾਂ ਬਾਕੀ ਦੇ ਥਣਧਾਰੀ ਜੀਵ ਵੀ ਦਰੱਖਤਾਂ ‘ਤੇ ਹੀ ਰਹਿੰਦੇ ਸਨ, ਜਦੋਂ ਉਹਨਾਂ ਨੂੰ ਧਰਤੀ ‘ਤੇ ਆਕੇ ਰਹਿਣਾ ਪਿਆ ਤਾਂ ਉਨ੍ਹਾਂ ਦੀਆਂ ਚੱਲਣ-ਫਿਰਨ ਲਈ ਚਾਰੇ ਲੱਤਾਂ ਮਜ਼ਬੂਤ ਹੋਈਆਂ, ਖੁਰ ਮਜ਼ਬੂਤ ਹੋਏ, ਉਲਟਾ ਇਨ੍ਹਾਂ ਨੇ ਚੀਜਾਂ ਨੂੰ ਫੜਨ ਦੀ ਸਮਰੱਥਾ ਗੁਆ ਲਈ, ਇਸੇ ਨਿਸਬਤ ਹਮਲੇ ਤੇ ਬਚਾਅ ਲਈ ਸਿੰਗ, ਕੰਡੇ, ਦੰਦ ਅਤੇ ਦੂਰੀ ਤੋਂ ਸ਼ਿਕਾਰ ਜਾਂ ਸ਼ਿਕਾਰੀ ਦੀ ਗੰਧ ਸੁੰਘਣ ਲਈ ਲੰਮੀਆਂ ਨਾਸਾਂ ਵਿਕਸਤ ਹੋ ਗਈਆਂ। ਇਸੇ ਸਮੇਂ ਦੌਰਾਨ ਮਨੁੱਖ ਦੇ ਵਡੇਰਿਆਂ ਦੀ ਟੋਲੀ(ਏਪ) ਅਜੇ ਦਰਖਤਾਂ ‘ਤੇ ਹੀ ਰਹਿੰਦੀ ਰਹੀ। ‘ਉਹਨਾਂ ਦੀਆਂ ਜੀਵਨ ਹਾਲਤਾਂ ਵਿੱਚ ਤੇਜ਼ ਸੁੰਘਣ ਸ਼ਕਤੀ ਦੀ ਥਾਂ ਚੰਗੀ ਨਜ਼ਰ, ਤੇਜ਼ ਦੌੜ ਤੇ ਸਰੀਰਕ ਮਜ਼ਬੂਤੀ ਦੀ ਥਾਂ ਫੁਰਤੀਲਾਪਣ ਅਤੇ ਹੁਸ਼ਿਆਰੀ ਚਾਹੀਦੀ ਸੀ ਅਤੇ ਫਲਾਂ ਤੇ ਪੱਤੀਆਂ ਦੇ ਉਹਨਾਂ ਦੀ ਭੋਜਨ ਸਮੱਗਰੀ ਹੋਣ ਕਰਕੇ ਉਹਨਾਂ ਦੇ ਦੰਦਾਂ ਉੱਤੇ ਕੋਈ ਵਿਸ਼ੇਸ਼ ਤਬਦੀਲੀ ਲਈ ਦਬਾ ਨਹੀਂ ਬਣਿਆ। ਨਾਸਾਂ ਛੋਟੀਆਂ ਹੋ ਗਈਆਂ ਜਦਕਿ ਅੱਖਾਂ ਨੇ ਮੁਕੰਮਲ ਤ੍ਰਿਵਿਮੀ (Stereoscopic) ਨਜ਼ਰ ਵਿਕਸਤ ਕਰ ਲਈ। ਨਹੁੰਆਂ ਤੱਕ ਸੁੰਗੜ ਗਈਆਂ ਉਂਗਲਾਂ ਵਧੇਰੇ ਲਚਕਦਾਰ ਹੋ ਗਈਆਂ, ਜਿਨ੍ਹਾਂ ‘ਚੋਂ ਅੰਗੂਠਾ ਤੇ ਪੈਰ ਦਾ ਅੰਗੂਠਾ ਦੂਜੀਆਂ ਉਂਗਲਾਂ ਨਾਲ਼ ਛੋਟੀਆਂ ਚੀਜ਼ਾਂ ਨੂੰ ਫੜਨ ਤੇ ਕੰਮ ਲੈਣ ਦੇ ਕਾਬਲ ਬਣ ਸਕਣ ਅਤੇ ਅੰਤ ਵਿੱਚ, ਇਹਨਾਂ ਵਿਕਾਸ ਕਾਰਨ ਦਿਮਾਗ ਅਕਾਰ ਪੱਖੋਂ ਵਧੇਰੇ ਵੱਡਾ ਤੇ ਗੁੰਝਲਦਾਰ ਬਣਦਾ ਗਿਆ। ਕਿਉਂਕਿ ਦਿਮਾਗ ਦਾ ਕੰਮ ਸਰੀਰ ਦੇ ਦੂਜੇ ਅੰਗਾਂ ਨੂੰ ਉਹਨਾਂ ਦੇ ਬਾਹਰੀ ਜਗਤ ਨਾਲ਼ ਸੰਪਰਕ ਦੌਰਾਨ ਕੰਟਰੋਲ ਕਰਨਾ ਹੈ, ਇਸ ਲਈ ਇਹੀ ਇੱਕ ਅਜਿਹਾ ਅੰਗ ਹੈ ਜਿਸਦਾ ਵਾਧਾ ਇਕੋ ਕੰਮ ਵਿੱਚ ਵਧੇਰੇ ਮੁਹਾਰਤ ਹਾਸਲ ਕਰ ਜਾਣ ਦੇ ਖਤਰੇ ਤੋਂ ਬਚਿਆ ਰਹਿੰਦਾ ਹੈ। ਇਸ ਤਰ੍ਹਾਂ ਉਚੇਰੇ-ਥਣਧਾਰੀ ਕੁੱਝ ਇਸ ਤਰੀਕੇ ਨਾਲ਼ ਵਿਕਸਿਤ ਹੋਏ ਕਿ ਉਹਨਾਂ ਨੇ ਖੁਦ ਨੂੰ ਘੱਟ ਨਹੀਂ ਸਗੋਂ ਵਧੇਰੇ ਅਨੁਕੂਲ ਕਰ ਲਿਆ।

ਮਨੁੱਖ ਦਾ ਸਭ ਤੋਂ ਨੇੜੇ ਦਾ ਸਬੰਧੀ ਮਨੁੱਖਾ-ਹਾਰ ਏਪ ਹੈ, ਜਿਸ ਤੋਂ ਉਹ ਆਪਣੇ ਸਿੱਧੇ ਖੜ੍ਹੇ ਹੋ ਸਕਣ ਦੀ ਸਮਰੱਥਾ ਤੇ ਵਧੇਰੇ ਵੱਡੇ ਦਿਮਾਗ ਵਿੱਚ ਵੱਖਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਨੁੱਖ ਦੇ ਵੱਖਰੇ ਹੋ ਜਾਣ ਦੀ ਦਿਸ਼ਾ ਵੱਲ ਕਦਮ ਉਦੋਂ ਪੁੱਟਿਆ ਗਿਆ, ਜਦੋਂ ਕੁੱਝ ਉਚੇਰੇ-ਥਣਧਾਰੀਆਂ ਨੇ ਆਪਣੀਆਂ ਰੁੱਖਾਂ ਉੱਤੇ ਵਸੇਰਾ ਕਰਨ ਦੀਆਂ ਆਦਤਾਂ ਨੂੰ ਤਿਆਗ ਦਿੱਤਾ ਅਤੇ ਜ਼ਮੀਨ ਉੱਤੇ ਆ ਰਹਿਣ ਲੱਗੇ। ਇਹੀ ਉਹ ਜਿਹੜਾ ਖੁਰਦਾਰ ਅਤੇ ਮਾਸਾਹਾਰੀ ਜਾਨਵਰ ਦੇ ਪੂਰਵਜਾਂ ਨੇ ਕਈ ਲੱਖ ਸਾਲ ਪਹਿਲਾਂ ਕੀਤਾ ਸੀ; ਪਰੰਤੂ ਜਦੋਂ ਮਨੁੱਖ ਨੇ ਉਹਨਾਂ ਵਾਂਗ ਹੀ ਅਜਿਹਾ ਕੀਤਾ ਤਾਂ ਉਸਨੇ ਅਜਿਹਾ ਵਿਗਾਸ ਦੇ ਕਿਤੇ ਉਚੇਰੇ ਪੱਧਰ ਉੱਤੇ ਕੀਤਾ ਅਤੇ ਇਸ ਲਈ ਇਸ ਬਦਲਾਅ ਦੇ ਨਤੀਜੇ ਵੀ ਇਕਦਮ ਵੱਖਰੇ ਨਿੱਕਲੇ। ਜਿਵੇਂ ਅਸੀਂ ਦੇਖਿਆ ਹੈ, ਉਹ ਪਹਿਲਾਂ ਹੀ ਬਾਕੀ ਜਾਨਵਰਾਂ ਨਾਲੋਂ ਚੰਗਾ ਦਿਮਾਗ ਰੱਖਦਾ ਸੀ ਅਤੇ ਜ਼ਮੀਨ ਉੱਤੇ ਤੁਰਨਾ ਸਿੱਖਣ ਸਮੇਂ ਉਸਨੇ ਜੀਵਨ ਦਾ ਅਜਿਹਾ ਢੰਗ ਅਪਣਾਇਆ ਜਿਸ ਵਿੱਚ ਉਸਦੀ ਹੋਂਦ ਬਚੇ ਰਹਿਣ ਦੀ ਇੱਕੋ-ਇੱਕ ਸੰਭਾਵਨਾ ਉਹਦੇ ਦਿਮਾਗ ਦੇ ਹੋਰ ਵਿਕਾਸ ਵਿੱਚ ਸੀ (ਜਾਰਜ ਥਾਮਸਨ)’। ਫਿਰ ਜਦੋਂ ਇਸਨੇ ਧਰਤੀ ‘ਤੇ ਰਹਿਣਾ ਸ਼ੁਰੂ ਕੀਤਾ। ਸਿੱਧਾ ਖੜ੍ਹਾ ਹੋਕੇ ਚੱਲਣਾ ਸਿੱਖਿਆ ਤਾਂ ਜਿੱਥੇ ਪੈਰ ਚਲਣ-ਫਿਰਨ ਲਈ ਵੱਧ ਤੋਂ ਵੱਧ ਚਪਟੇ ਹੁੰਦੇ ਗਏ, ਉੱਥੇ ਹੱਥ ਚੱਲਣ-ਫਿਰਨ ਤੋਂ ਮੁਕਤ ਹੋ ਕੇ ਵੱਧ ਤੋਂ ਵੱਧ ਮਹੀਨ ਕੰਮ ਕਰਨ ਦੇ ਕਾਬਲ ਬਣਦੇ ਚਲੇ ਗਏ। ਹੱਥਾਂ ਨੇ ਹੌਲੀ-ਹੌਲੀ ਉਹ ਕੰਮ ਵੀ ਸਾਂਭ ਲਿਆ ਜੋ ਪਹਿਲਾਂ ਅਕਸਰ ਮੂੰਹ ਨਾਲ਼ ਹੀ ਕੀਤਾ ਜਾਂਦਾ ਸੀ ਜਿਵੇਂ ਖਾਣ ਲਈ ਮਾਸ ਪਾੜਨ ਜਿਹਾ ਕੰਮ ਆਦਿ, ਸਿੱਟਾ ਜੁਬਾੜੇ ਛੋਟੇ ਹੋ ਗਏ ਇੱਥੋਂ ਹੀ ਹੱਥਾਂ ਦੇ ਬਰੀਕ ਤੋਂ ਬਰੀਕ ਕੰਮਾਂ ਅਤੇ ਦਿਮਾਗ ਦੇ ਵੱਡੇ ਹੋਣ ਤੇ ਸਮਝਣ-ਸਮਝਾਉਣ ਦੇ ਅੰਤਰ-ਸਬੰਧ ਨੇ ਮਨੁੱਖ ਦਾ ਆਪਣੇ-ਆਪ ‘ਤੇ ਭਰੋਸਾ ਬਣਾਇਆ ਅਤੇ ਉਸਨੇ ਡਰਾਉਣੀਆਂ ਕੁਦਰਤੀ ਤਾਕਤਾਂ ਦੇ ਰਹੱਸਾਂ ਦੀ ਉਲਝੀ ਤਾਣੀ ‘ਚੋਂ ਇੱਕ-ਇੱਕ ਤੰਦ ਨੂੰ ਸੁਲਝਾਉਣਾ ਸਿੱਖਿਆ। ਏਸੇ ਰਾਹ ‘ਤੇ ਚਲਦਿਆਂ ਉਸਨੇ ਚਿੰਨ੍ਹਾਂ, ਚੀਕਾਂ ਤੇ ਫਿਰ ਬੋਲੀ ਦਾ ਵਿਕਾਸ ਕੀਤਾ ਅਤੇ ਕੁਦਰਤੀ ਚੀਜ਼ਾਂ ਨੂੰ ਸੰਦਾਂ ਦੇ ਰੂਪ ‘ਚ ਆਪਣੇ ਹਿੱਤਾਂ ਲਈ ਵਰਤਣਾ ਸਿੱਖਿਆ। ਇਹ ਦੌਰ ਮਨੁੱਖ ਅਤੇ ਕੁਦਰਤ ਦੀ ਪਿਛਲੀ ਸਾਰੀ ਦਵੰਦਾਤਮਕਤਾ ਦਾ ਇਨਕਲਾਬੀ ਬਦਲਾਅ ਹੈ, ਜਦੋਂ ਉਹਨੇ ਸਮੂਹਿਕ ਜੱਦੋ-ਜਹਿਦ ਤਹਿਤ ਖੁਦ ਦੀ ਬਜਾਏ, ਕੁਦਰਤ ਨੂੰ ਆਪਣੇ ਅਨੁਸਾਰੀ ਬਦਲਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਮਨੁੱਖ ਨੇ ਪਹਿਲਾਂ ਦੇ ਸਾਰੇ ਕੁਦਰਤੀ ਨਿਯਮਾਂ ‘ਚ ਖਲਲ ਪਾ ਕੇ, ਆਪਣੀ ਮਰਜੀ ਅਨੁਸਾਰ ਇਹਨੂੰ ਵਰਤਣਾ ਸਿੱਖਿਆ, ਕਾਬੂ ਕੀਤਾ ਤੇ ਆਪਣੀ ਸੇਵਾ ਵਿੱਚ ਲਾਇਆ। ਉਹ ਅੱਜ ਕਿਸੇ ਵੀ ਤੇਜ ਤੋਂ ਤੇਜ ਪੰਛੀ ਤੋਂ ਵੀ ਤੇਜ, ਹਵਾ ਵਿੱਚ ਉੱਡ ਸਕਦਾ ਹੈ, ਤੇਜ ਤੋਂ ਤੇਜ ਸਮੁੰਦਰੀ ਮੱਛੀ ਵੀ ਤੋਂ ਵੀ ਤੇਜ, ਤੈਰ ਸਕਦਾ ਹੈ, ਧਰਤੀ ਉੱਤੇ ਘੋੜੇ ਚੀਤੇ ਤੋਂ ਕਿਤੇ ਤੇਜ, ਦੌੜ ਸਕਦਾ ਹੈ, ਪਰ ਹੁਣ ਇਸ ਸਭ ਕਾਸੇ ਲਈ, ਮਨੁੱਖ ਦੀ ਆਪਣੇ ਕਿਸੇ ਸਰੀਰ ਦੇ ਅੰਗ ਨੂੰ ਗਵਾਉਣ ਦੀ ਜਾਂ ਨਵਾਂ ਅੰਗ ਉਗਾਉਣ ਦੀ ਜਰੂਰਤ ਨਹੀਂ। ਹੁਣ ਮਨੁੱਖ ਨੂੰ ਡਾਰਵਿਨ ਦੇ ਸਿਧਾਂਤ ਦੀਆਂ ਸੀਮਾਵਾਂ-ਬੰਦਸ਼ਾਂ ‘ਚ ਨਹੀਂ ਰਹਿਣਾ ਪੈਂਦਾ। ਸੰਘਰਸ਼ ਦੀ ਇਹ ਨਵੀਂ ਕਹਾਣੀ ਵੀ ਬਹੁਤ ਦਿਲਚਸਪ ਹੈ, ਜਿਸ ਦੀ ਚਰਚਾ ਅਗਲੇ ਲੇਖਾਂ ਵਿੱਚ ਕਰਾਂਗੇ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements