ਮਾਲੇਗਾਂਵ ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰੱਗਿਆ ਠਾਕੁਰ ਬਰੀ •ਰੌਸ਼ਨ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਲੰਘੀ 12 ਮਈ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਨੇ 2006 ‘ਚ ਮਾਲੇਗਾਂਵ ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰੱਗਿਆ  ਸਿੰਘ ਠਾਕੁਰ ਨੂੰ ਕਲੀਨ ਚਿੱਟ ਦੇ ਕੇ ਬਰੀ ਕਰ ਦਿੱਤਾ ਹੈ। ਕੌਮੀ ਜਾਂਚ ਏਜੰਸੀ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਕਿ “ਜਾਂਚ ਦੌਰਾਨ ਨਿਮਨ ਵਿਅਕਤੀਆਂ ਖਿਲਾਫ ਲੋੜੀਂਦੇ ਸਬੂਤ ਨਹੀਂ ਮਿਲ਼ ਸਕੇ ਇਸ ਲਈ ਕੌਮੀ ਜਾਂਚ ਏਜੰਸੀ ਆਪਣੀ ਆਖਰੀ ਰਿਪੋਰਟ ਪੇਸ਼ ਕਰਦੀ ਹੈ ਕਿ ਇਹਨਾਂ ਵਿਅਕਤੀਆਂ ਖਿਲਾਫ ਮੁਕੱਦਮਾ ਜਾਰੀ ਨਹੀਂ ਰੱਖਿਆ ਜਾ ਸਕਦਾ।” ਇਹਨਾ ਵਿੱਚ ਸਾਧਵੀ ਪ੍ਰੱਗਿਆ ਠਾਕੁਰ, ਸ਼ਿਵ ਨਰਾਇਣ ਕਲਸਾਂਗਰਾ, ਸ਼ਿਆਮ ਭਵਰਲਾਲ ਸਾਹੂ, ਪ੍ਰਵੀਨ ਟਕਲਕੀ, ਲੋਕੇਸ਼ ਸ਼ਰਮਾ ਅਤੇ ਧਾਨ ਸਿੰਘ ਚੌਧਰੀ ਨੂੰ ਬਰੀ ਕਰ ਦਿੱਤਾ ਹੈ। ਭਾਜਪਾ ਦੀ ਸਰਕਾਰ ਅਧੀਨ ਹਿੰਦੂ ਕੱਟੜਪੰਥੀ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੀ ਪ੍ਰੱਗਿਆ ਠਾਕੁਰ ਨੂੰ ਇੰਝ ਬਰੀ ਕੀਤੇ ਜਾਣਾ ਮੌਜੂਦਾ ਹਕੂਮਤ ਦੇ ਭਗਵੇਂ ਲੀੜਿਆਂ ਦੀ ਹੀ ਨਿਸ਼ਾਨਦੇਹੀ ਕਰਦਾ ਹੈ। ਭਾਜਪਾ, ਰਾਸ਼ਟਰੀ ਸਵੈਸੇਵਕ ਸੰਘ ਤੇ ਹੋਰਨਾਂ ਹਿੰਦੂ ਕੱਟੜਪੰਥੀਆਂ ਨੇ ਅੱਜ ਤੱਕ ਕਦੇ ਮੰਨਿਆ ਹੀ ਨਹੀਂ ਕਿ ਭਾਰਤ ਵਿੱਚ ਕੋਈ ਹਿੰਦੂ ਦਹਿਸ਼ਗਤਰਦੀ ਜਿਹੀ ਵੀ ਚੀਜ ਹੈ, ਜਦਕਿ ਭਾਰਤ ਵਿੱਚ ਇਹਨਾਂ ਹਿੰਦੂ ਕੱਟੜਪੰਥੀਆਂ ਦੇ ਦਹਿਸ਼ਗਰਦ ਕਾਰਿਆਂ ਦੇ ਵੇਰਵੇ ਨਾਲ਼ ਕਈ ਪੋਥੀਆਂ ਭਰੀਆਂ ਜਾ ਸਕਦੀਆਂ ਹਨ।  

ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ 8 ਸਤੰਬਰ 2006 ਵਿੱਚ ਮੁੰਬਈ ਤੋਂ 300 ਕਿਲੋਮੀਟਰ ਦੂਰ ਮਾਲੇਗਾਂਵ ਵਿੱਚ ਮੁਲਸਿਮ ਭਾਈਚਾਰਾ ਆਪਣਾ ਤਿਉਹਾਰ ਸ਼ਾਬ-ਏ-ਬਰਾਤ ਮਨਾਉਣ ਲਈ ਇਕੱਠਾ ਹੋਇਆ ਸੀ। ਜਦੋਂ ਇਸ ਉਤਸਵ ਵਿੱਚ ਪ੍ਰਾਰਥਨਾ ਸ਼ੁਰੂ ਹੋਣ ਲੱਗੀ ਤਾਂ ਮੁਸ਼ਾਵਰਤ ਚੌਂਕ ਅਤੇ ਬੜਾ ਕਬਰਸਤਾਨ ਦੇ ਮੁਲਿਸਮ ਅਬਾਦੀ ਵਾਲ਼ੇ ਇਲਾਕਿਆਂ ‘ਚ ਲੜੀਵਾੜ ਭਾਰੀ ਬੰਬ ਵਿਸਫੋਟ ਹੋਏ ਜਿਨ੍ਹਾਂ ਵਿੱਚ 37 ਜਣੇ ਮਾਰੇ ਗਏ ਤੇ 300 ਦੇ ਕਰੀਬ ਜਖਮੀ ਹੋਏ। ਕੁੱਝ ਅੰਕੜੇ ਮੌਤਾਂ ਦੀ ਗਿਣਤੀ ਇਸ ਤੋਂ ਵੱਧ ਦੱਸਦੇ ਹਨ।

ਮਾਲੇਗਾਂਵ ਬੰਬ ਧਮਾਕਿਆਂ ਤੋਂ ਇੱਕ ਸਾਲ ਪਹਿਲਾਂ ਮਹਾਂਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ‘ਚ ਹਿੰਦੂ ਦਹਿਸ਼ਤਗਰਦਾਂ ਦੇ ਘਰਾਂ ਵਿੱਚੋਂ ਧਮਾਕਾਖੇਜ ਸਮੱਗਰੀ ਫੜੀ ਗਈ ਸੀ। ਨੰਦੇੜ ਵਿੱਚ ਬਜਰੰਗ ਦਲ ਦੇ ਦੋ ਕਾਰਕੁੰਨ ਬੰਬ ਬਣਾਉਂਦੇ ਸਮੇਂ ਧਮਾਕਾ ਹੋਣ ਕਾਰਨ ਮਾਰੇ ਗਏ ਸਨ। ਇਸ ਤੋਂ ਬਿਨਾਂ ਕੁੱਝ ਹੋਰ ਥਾਵਾਂ ‘ਤੇ ਵੀ ਭੇਤਭਰੇ ਧਮਾਕੇ ਹੋਏ ਸਨ ਅਤੇ ਹਿੰਦੂ ਕੱਟੜਪੰਥੀਆਂ ਵੱਲੋਂ ਦਹਿਸ਼ਤਗਰਦ ਹਮਲੇ ਦੀਆਂ ਕੋਸ਼ਿਸ਼ਾਂ ਦੀਆਂ ਕਨਸੋਆਂ ਮਿਲ਼ੀਆਂ ਸਨ।

2007 ਤੇ 2008 ਵਿੱਚ ਕੁੱਝ ਹੋਰ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਨੇ ਇਸ ਮਾਮਲੇ ਨੂੰ ਹੋਰ ਸਪੱਸ਼ਟ ਕਰ ਦਿੱਤਾ। ਫਰਬਰੀ 2007 ‘ਚ ਸਮਝੌਤਾ ਐਕਸਪ੍ਰੈਸ, ਮਈ 2007 ‘ਚ ਮੱਕਾ ਮਸਜਿਦ ਹੈਦਰਾਬਾਦ, ਅਕਤੂਬਰ 2007 ‘ਚ ਅਜਮੇਰ ਦਰਗਾਹ ਅਤੇ ਅਕਤੂਬਰ 2008 ‘ਚ ਫੇਰ ਮਾਲੇਗਾਂਵ ‘ਚ ਹੋਏ ਧਮਾਕੇ ਵੀ 2006 ਦੇ ਮਾਲੇਗਾਂਵ ਧਮਾਕਿਆਂ ਵਾਂਗ ਹੀ ਸਨ। ਇਸ ਮਾਮਲੇ ਵਿੱਚ ਭਗਵੀਂ ਦਹਿਸ਼ਤਗਰਦੀ ਉਦੋਂ ਸਾਫ ਹੋ ਗਈ ਜਦੋਂ ਸਤੰਬਰ 2008 ‘ਚ ਦਹਿਸ਼ਤ ਵਿਰੋਧੀ ਦਸਤੇ ਦੇ ਮੁਖੀ ਹੇਮੰਤ ਕਰਕਰੇ ਨੇ ਬੰਬ ਧਮਾਕਿਆਂ ‘ਚ ਵਰਤੇ ਇੱਕ ਮੋਟਰਸਾਇਕਲ ਦਾ ਪਤਾ ਲਾਇਆ। ਇਹ ਮੋਟਰਸਾਇਕਲ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦਾ ਨਿੱਕਲ਼ਿਆ ਤੇ ਇਸਤੋਂ ਬਾਅਦ ਇਸ ਮਾਮਲੇ ਪਿੱਛੇ ਭਗਵੀਂ ਦਹਿਸ਼ਗਤਰਦੀ ਦੀਆਂ ਤੰਦਾਂ ਇੱਕ-ਇੱਕ ਕਰਕੇ ਉੱਧੜਨ ਲੱਗੀਆਂ। ਇਸ ਜਾਂਚ ਕਾਰਨ ਹੇਮੰਤ ਕਰਕੇ ਨੂੰ 26 ਨਵੰਬਰ 2008 ਨੂੰ ਕਤਲ ਕਰ ਦਿੱਤਾ ਗਿਆ ਸੀ।

ਸਬੂਤਾਂ ਦੀ ਛਾਣਬੀਣ ਮਗਰੋਂ ਸਾਧਵੀ ਪ੍ਰੱਗਿਆ ਠਾਕੁਰ ਤੋਂ ਬਿਨਾਂ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਜੁੜੀ ਜਥੇਬੰਦੀ ਅਭਿਨਵ ਭਾਰਤੀ ਦਾ ਸਮੀਰ ਕੁਲਕਰਨੀ ਅਤੇ ਇੱਕ ਸਾਬਕਾ ਕਰਨਲ ਸ਼੍ਰੀਕਾਂਤ ਪ੍ਰਸਾਦ ਪੁਰੋਹਿਤ ਦੇ ਨਾਮ ਵੀ ਇਹਨਾਂ ਬੰਬ ਧਮਾਕਿਆਂ ‘ਚ ਬੋਲਣ ਲੱਗੇ। 2007 ਦੇ ਸਮਝੌਤਾ ਐਕਸਪ੍ਰੈਸ ਦੇ ਦੋਸ਼ੀ ਸਵਾਮੀ ਅਸੀਮਨੰਦ ਨੇ 2010 ‘ਚ ਮੰਨਿਆ ਕਿ ਮੁਸਲਮਾਨਾਂ ਦੀਆਂ ਧਾਰਮਿਕ ਥਾਵਾਂ ‘ਤੇ ਬੰਬ ਧਮਾਕਿਆਂ ਪਿੱਛੇ ਹਿੰਦੂ ਕੱਟੜਪੰਥੀਆਂ ਦਾ ਹੀ ਹੱਥ ਹੈ ਕਿਉਂਕਿ ਉਹ ਇਸਲਾਮਿਕ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਦਾ ਜੁਆਬ ‘ਬੰਬ ਦਾ ਜੁਆਬ ਬੰਬ ਨਾਲ਼’ ਦੀ ਨੀਤੀ ਨਾਲ਼ ਦੇਣਾ ਚਾਹੁੰਦੇ ਹਨ।

ਇਸ ਮਾਮਲੇ ਵਿੱਚ ਹਿੰਦੂ ਦਹਿਸ਼ਗਤਰਦਾਂ ਨੂੰ ਸਜ਼ਾ ਦਿਵਾਉਣ ਲਈ ਲੜ ਰਹੀ ਸਰਕਾਰੀ ਵਕੀਲ ਰੋਹਿਨੀ ਸਾਲੀਅਨ ਨੂੰ ਭਾਜਪਾ ਦੀ ਸਰਕਾਰ ਆਉਣ ਮਗਰੋਂ ਕੌਮੀ ਜਾਂਚ ਏਜੰਸੀ ਵੱਲੋਂ ਮਾਲੇਗਾਂਵ ਬੰਬ ਧਮਾਕਿਆਂ ਦੇ ਮੁਕੱਦਮੇ ਵਿੱਚ “ਨਰਮ ਰੁੱਖ” ਅਪਨਾਉਣ ਨੂੰ ਕਿਹਾ ਜਾਂਦਾ ਰਿਹਾ। ਉਸਨੇ ਇਹ ਗੱਲ ਜਨਤਕ ਕਰ ਦਿੱਤੀ ਅਤੇ ਦਹਿਸ਼ਤ ਵਿਰੋਧੀ ਦਸਤੇ ਉੱਪਰ ਮੁਕੱਦਮੇ ਵਿੱਚ ਰੁਕਾਵਟ ਪਾਉਣ ਤੇ ਪੂਰੇ ਕੇਸ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਇਸ ਮਗਰੋਂ ਉਸਨੂੰ ਇਸ ਮੁਕੱਦਮੇ ਤੋਂ ਹਟਾ ਦਿੱਤਾ ਗਿਆ।

ਅਪ੍ਰੈਲ 2016 ਵਿੱਚ ਹੀ ਸੱਤ ਗਵਾਹਾਂ ਵੱਲੋਂ ਮਜਿਸਟ੍ਰੇਟ ਸਾਹਮਣੇ ਦਰਜ ਕੀਤੇ ਤੇ ਸਬੂਤ ਵਜੋਂ ਪ੍ਰਵਾਨ ਕੀਤੇ ਜਾ ਚੁੱਕੇ ਬਿਆਨ ਕੌਮੀ ਜਾਂਚ ਏਜੰਸੀ ਦੀ ਸਪੈਸ਼ਲ ਕੋਰਟ ਕੋਲੋਂ “ਗੁਆਚ” ਗਏ ਤੇ ਇਸ ਤਰ੍ਹਾਂ “ਸਬੂਤਾਂ ਦੀ ਘਾਟ” ਪੈਦਾ ਹੋ ਗਈ ਤੇ ਦੋਸ਼ੀਆਂ ਨੂੰ “ਮਜਬੂਰਨ” ਬਰੀ ਕਰਨਾ ਪਿਆ। ਜਿਕਰਯੋਗ ਹੈ ਕਿ ਇਹਨਾਂ “ਗੁਆਚੇ” ਬਿਆਨਾਂ ਵਿੱਚ ਸਾਧਵੀ ਪ੍ਰੱਗਿਆ ਠਾਕੁਰ, ਸਾਬਕਾ ਕਰਨਲ ਸ਼ੀਕਾਂਤ ਪੁਰੋਹਿਤ ਅਤੇ ਰਾਮਜੀ ਕਲਸਾਂਗਰੇ ਵਰਗਿਆਂ ਖਿਲਾਫ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਉਣ ਦੀਆਂ ਗਵਾਹੀਆਂ ਸਨ।

ਇਹ ਸਭ ਤੱਥ ਸਾਫ ਕਰਦੇ ਹਨ ਕਿ ਸਾਧਵੀ ਪ੍ਰੱਗਿਆ ਠਾਕੁਰ ਨੂੰ ਬਰੀ ਕਰਵਾਉਣ ਸਮੇਤ ਹਿੰਦੂ ਦਹਿਸ਼ਗਤਰਦਾਂ ਵੱਲੋਂ ਕੀਤੇ ਕਤਲੇਆਮ ਦੇ ਮੁਕੱਦਿਆਂ ਨੂੰ ਖੁਰਦ-ਬੁਰਦ ਕਰਨ ਤੇ ਦੋਸ਼ੀਆਂ ਨੂੰ ਬਰੀ ਕਰਵਾਉਣ ਦੀਆਂ ਕਵਾਇਦਾਂ ਭਾਜਪਾ ਦੇ 2014 ‘ਚ ਸੱਤਾ ‘ਚ ਆਉਣ ਮਗਰੋਂ ਹੀ ਸ਼ੁਰੂ ਹੋ ਗਈਆਂ ਸਨ ਤੇ ਇੱਕ ਗਿਣੀ-ਮਿਥੀ ਯੋਜਨਾ ਤਹਿਤ ਇਹ ਕਰ ਵੀ ਲਿਆ ਗਿਆ ਹੈ।

ਇੰਨਾ ਹੀ ਨਹੀਂ, ਕੌਮੀ ਜਾਂਚ ਏਜੰਸੀ ਨੇ ਸਾਬਕਾ ਕਰਨਲ ਸ਼੍ਰੀਕਾਂਤ ਪੁਰੋਹਿਤ ਅਤੇ ਸੰਘ ਦੇ ਮੈਂਬਰ ਸਵਾਮੀ ਅਸੀਮਨੰਦ ਉੱਪਰ ਚੱਲ ਰਹੇ ਮੁਕੱਦਮੇ ਨੂੰ ਵੀ ਕਮਜੋਰ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਵਾਮੀ ਅਸੀਮਨੰਦ 2007 ‘ਚ ਸਮਝੌਤਾ ਐਕਸਪ੍ਰੈਸ ‘ਚ ਬੰਬ ਧਮਾਕਿਆਂ ਦਾ ਦੋਸ਼ੀ ਸੀ ਜਿਸ ਵਿੱਚ 68 ਜਣੇ ਮਾਰੇ ਗਏ ਸਨ। ਇਸ ਸਭ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਗਵੀਂ ਦਹਿਸ਼ਗਤਰਦੀ ਇੱਕ ਮਿੱਥ ਹੈ ਤੇ ਸਿਰਫ ਮੁਸਲਮਾਨ ਹੀ ਦਹਿਸ਼ਗਤਰਦ ਹਨ।

ਪੂਰੇ ਮਾਮਲੇ ਵਿੱਚ ਭਾਰਤ ਦੇ “ਨਿਰਪੱਖ” ਕਨੂੰਨੀ ਪ੍ਰਬੰਧ ਦੀ ਦੋਗਲੀ ਨੀਤੀ ਵੀ ਸਾਫ ਹੁੰਦੀ ਹੈ। 1993 ਦੇ ਮੁਬੰਈ ਬੰਬ ਧਮਾਕਿਆਂ ਦੇ ਮਾਮਲੇ ‘ਚ ਵਰਤੀ ਗਈ ਮਾਰੂਤੀ ਵੈਨ ਰੁਬੀਨਾ ਮੈਮਨ ਦੇ ਨਾਮ ‘ਤੇ ਸੀ। ਜਦੋਂ ਇਹ ਪਟੀਸ਼ਨ ਪਾਈ ਗਈ ਕਿ ਉਹ ਇੱਕ ਘਰੇਲੂ ਔਰਤ ਹੈ ਤੇ ਉਸਨੂੰ ਪੂਰੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਤਾਂ ਅਦਾਲਤ ਨੇ ਇਹ ਕਹਿ ਕੇ ਪਟੀਸ਼ਨ ਰੱਦ ਕਰ ਦਿੱਤੀ ਸੀ ਕਿ “ਕਿਸੇ ਦੇ ਨਾਮ ਉੱਪਰ ਵਾਹਨ ਦੀ ਰਜਿਸਟਰੀ ਖੁਦ ਹੀ ਇਹ ਸਾਬਤ ਕਰਦੀ ਹੈ ਕਿ ਜੇ ਉਹ ਵਾਹਨ ਬੰਬ ਧਮਾਕੇ ਆਦਿ ਵਿੱਚ ਵਰਤਿਆ ਜਾਂਦਾ ਹੈ ਤਾਂ ਉਹ ਵਿਅਕਤੀ ਆਪਣੇ ਨਿਰਦੋਸ਼ ਹੋਣ ਦਾ ਦਾਅਵਾ ਨਹੀਂ ਕਰ ਸਕਦਾ।” ਪਰ ਬਿਲਕੁਲ ਉਸੇ ਤਰ੍ਹਾਂ ਦੇ ਮਾਮਲੇ ‘ਚ ਸਾਧਵੀ ਪ੍ਰੱਗਿਆ ਠਾਕੁਰ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਗਿਆ ਕਿ “ਭਾਵੇਂ ਧਮਾਕਿਆਂ ਵਿੱਚ ਵਰਤਿਆ ਗਿਆ ਮੋਟਰਸਾਇਕਲ ਉਸੇ ਦਾ ਸੀ ਪਰ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।” ਜਦਕਿ ਰੁਬੀਨਾ ਮੈਮਨ ਦੇ ਉਲਟ ਪ੍ਰੱਗਿਆ ਠਾਕੁਰ ਕੋਈ ਘਰੇਲੂ ਜਾਂ ਸ਼ਰੀਫ ਔਰਤ ਨਹੀਂ ਹੈ, ਉਸਦੀ ਕੱਟੜਪੰਥੀ ਹਿੰਦੂ ਮਾਨਸਿਕਤਾ ਤੇ ਉਸ ਵੱਲੋਂ ਲੋਕਾਂ ਨੂੰ ਧਰਮ ਦੇ ਨਾਮ ‘ਤੇ ਲੜਾਉਣ, ਭੜਕਾਉਣ ਦੇ ਕਾਫੀ ਸਬੂਤ ਹਨ। ਉਹ ਵੀਡੀਓ ਅੱਜ ਵੀ ਇੰਟਰਨੈੱਟ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਉਹ ਇੱਕ ਜਨਤਕ ਇਕੱਠ ‘ਚ ਕਹਿੰਦੀ ਹੈ, “ਜੇ ਕਿਸੇ ਇੱਕ ਹਿੰਦੂ ਦਾ ਕਤਲ ਹੁੰਦਾ ਹੈ ਤਾਂ ਉਸ ਪਿੱਛੇ ਸਿਫਰ ਲਾ ਕੇ ਤੁਸੀਂ ਉਹਨਾਂ (ਮੁਸਲਮਾਨਾਂ) ਦਾ ਕਤਲੇਆਮ ਕਰੋ।”

ਇਸੇ ਤਰ੍ਹਾਂ ਹੁਣ “ਸਬੂਤਾਂ ਦੀ ਘਾਟ” ਦੇ ਨਾਮ ‘ਤੇ ਪ੍ਰੱਗਿਆ ਠਾਕੁਰ ਤੇ ਹੋਰਨਾਂ ਨੂੰ ਤਾਂ ਬਰੀ ਕਰ ਦਿੱਤਾ ਗਿਆ ਹੈ ਪਰ ਅਫਜਲ ਗੁਰੂ ਨੂੰ ਸਬੂਤਾਂ ਦੀ ਘਾਟ ਦੇ ਬਾਵਜੂਦ “ਦੇਸ਼ ਦੇ ਸਮੂਹਿਕ ਜਜਬਾਤਾਂ ਦੀ ਸੰਤੁਸ਼ਟੀ” ਦੇ ਨਾਮ ਉੱਪਰ ਫਾਂਸੀ ਦਿੱਤੀ ਗਈ ਸੀ ਅਤੇ ਇਸੇ ਤਰ੍ਹਾਂ ਯਾਕੂਬ ਮੈਨਨ ਨੂੰ ਵੀ ਬਿਨਾਂ ਸਬੂਤਾਂ ਤੋਂ ਹੀ ਫਾਂਸੀ ਦਿੱਤੀ ਗਈ ਸੀ।

ਮਾਲੇਗਾਂਵ ਦੇ ਮਾਮਲੇ ਵਿੱਚ ਹਕੂਮਤੀ ਬੇਇਨਸਾਫੀ ਤੇ ਦੋਗਲੇਪਣ ਦੀ ਇੱਕ ਹੋਰ ਦਾਸਤਾਨ ਵੀ ਹੈ ਜਿਸਤੋਂ ਬਹੁਤ ਘੱਟ ਲੋਕ ਜਾਣੂ ਹਨ। ਮਾਲੇਗਾਂਵ ਦੇ 2006 ਦੇ ਧਮਾਕਿਆਂ ਮਗਰੋਂ ਪੁਲਿਸ ਨੇ “ਕਾਰਵਾਈ” ਕਰਦੇ ਹੋਏ 9 ਮੁਸਲਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੰਗੇ ਭੜਕਾਉਣ ਦੇ ਸ਼ੱਕ ਦੇ ਅਧਾਰ ‘ਤੇ ਉਹਨਾਂ ਉੱਪਰ ਮੁਕੱਦਮੇ ਦਰਜ ਕਰ ਦਿੱਤੇ। ਕਿਉਂਕਿ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਇਹ ਗੱਲ ਕਾਫੀ ਜ਼ੋਰਦਾਰ ਢੰਗ ਨਾਲ਼ ਫੈਲਾਈ ਜਾ ਚੁੱਕੀ ਹੈ ਕਿ ਦਹਿਸ਼ਤਗਰਦ ਹਮੇਸ਼ਾ ਮੁਸਲਮਾਨ ਹੀ ਹੁੰਦੇ ਹਨ ਇਸ ਲਈ ਉਹ ਪੁਲਿਸ ਲਈ ‘ਸੌਖੇ ਸ਼ਿਕਾਰ’ ਸਨ। ਇਹ ਗ੍ਰਿਫਤਾਰ ਕੀਤੇ ਮੁਸਲਮਾਨ ਬੇਦੋਸ਼ੇ ਤੇ ਗਰੀਬ ਸਨ, ਜਿਨ੍ਹਾਂ ਕੋਲ਼ ਆਪਣੇ ਮੁਕੱਦਮੇ ਦੀਆਂ ਪੇਸ਼ੀਆਂ ‘ਚ ਪਹੁੰਚਣ ਲਈ ਵੀ ਕਿਰਾਇਆ ਨਹੀਂ ਸੀ ਹੁੰਦਾ। ਇਹਨਾਂ 9 ਜਣਿਆਂ ਨੂੰ 2011 ਤੱਕ ਪੰਜ ਸਾਲ ਜੇਲ ਵਿੱਚ ਬਿਤਾਉਣੇ ਪਏ ਤੇ ਉਸਤੋਂ ਬਾਅਦ ਵੀ ਅਗਲੇ 5 ਸਾਲ ਉਹਨਾਂ ਉੱਪਰ ਮੁਕੱਦਮਾ ਚਲਦਾ ਰਿਹਾ। ਇਹਨਾਂ ਵਿੱਚ ਇੱਕ ਜਣੇ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਸਾਲ 26 ਅਪ੍ਰੈਲ ਨੂੰ ਮੁੰਬਈ ਦੀ ਸ਼ੈਸ਼ਨ ਕੋਰਟ ਨੇ ਇਹਨਾਂ ਸਭ ਨੂੰ ਬਰੀ ਕਰ ਦਿੱਤਾ। ਜੱਜ ਦਾ ਕਹਿਣਾ ਸੀ ਕਿ ‘ਅੱਤਵਾਦ ਵਿਰੋਧੀ ਦਸਤੇ’ ਵੱਲੋਂ ਇਹਨਾਂ ਨੂੰ ਦੋਸ਼ੀ ਠਹਿਰਾਉਣ ਲਈ ਦੰਗੇ ਭੜਕਾਉਣ ਦੀ ਸਾਜਿਸ਼ ਦੀ ਦਿੱਤੀ ਜਾ ਰਹੀ ਦਲੀਲ ਭਰੋਸੇਯੋਗ ਨਹੀਂ ਹੈ। ਜੇ ਇਹਨਾਂ ਮੁਸਲਮਾਨਾਂ ਨੇ ਦੰਗੇ ਹੀ ਕਰਵਾਉਣੇ ਹੁੰਦੇ ਤਾਂ ਉਹ ਬੰਬ ਵਿੱਚ ਆਪਣੇ ਲੋਕਾਂ ਨੂੰ ਮਾਰਨ ਦੀ ਥਾਂ ਉਸਤੋਂ ਕੁੱਝ ਦਿਨ ਪਹਿਲਾਂ ਹੋਏ ਗਣੇਸ਼ ਉਤਸਵ ਵਿੱਚ ਬੰਬ ਧਮਾਕੇ ਕਰਦੇ ਜਿਸ ਨਾਲ਼ ਹਿੰਦੂ ਮਾਰੇ ਜਾਣੇ ਸਨ। ਇਹ ਮੰਨਿਆ ਹੀ ਨਹੀਂ ਜਾ ਸਕਦਾ ਕਿ ਇੱਕ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਨੂੰ ਮਾਰਨ, ਉਹ ਵੀ ਇੱਕ ਪਵਿੱਤਰ ਤਿਉਹਾਰ ਦੇ ਮੌਕੇ ‘ਤੇ।

ਇਸ ਮੁਕੱਦਮੇ ‘ਚ ਇਹਨਾਂ 9 ਜਣਿਆਂ ਦੀ ਮਦਦ ਕਰਨ ਵਾਲ਼ੇ ਮੌਲਾਨਾ ਅਬਦੁਲ ਹਮੀਦ ਅਜਹਾਰੀ ਦਾ ਕਹਿਣਾ ਹੈ ਕਿ, “ਅਸਲ ਗੱਲ ਇਹ ਹੈ ਕਿ ਇਹਨਾਂ ਨੂੰ ਜਾਣਬੁੱਝ ਕੇ ਫਸਾਇਆ ਗਿਆ ਸੀ। ਪੁਲਿਸ ਕੋਲ਼ ਕੋਈ ਜੁਆਬ ਨਹੀਂ ਸੀ ਇਸ ਲਈ ਉਹਨਾਂ ਕੁੱਝ ਮੁਸਲਮਾਨਾਂ ਨੂੰ ਫੜ ਲਿਆ ਤੇ ਉਹਨਾਂ ਉੱਪਰ ਦੋਸ਼ ਲਾ ਦਿੱਤਾ। ਜਦੋਂ ਇਸ ਪਿੱਛੇ ਭਗਵੀਂ ਦਹਿਸ਼ਗਤਰਦੀ ਦਾ ਹੱਥ ਸਾਹਮਣੇ ਆਇਆ ਤਾਂ ਵੀ ਇਹਨਾਂ ਨੂੰ ਨਾ ਛੱਡਿਆ ਗਿਆ। ਇਹ ਬੇਇਨਸਾਫੀ ਹੈ ਤੇ ਮਨੁੱਖੀ ਹੱਕਾਂ ਦੀ ਘਾਣ ਹੈ। ਜੇ ਤੁਸੀਂ ਉਹਨਾਂ ਦਾ ਅਤੀਤ ਦੇਖੋ ਤਾਂ ਉਹਨਾਂ ਵਿੱਚੋਂ ਕਿਸੇ ਦਾ ਵੀ ਦਹਿਸ਼ਤਗਰਦੀ ਨਾਲ਼ ਜੁੜਿਆ ਇਤਿਹਾਸ ਨਹੀਂ ਹੈ।”

ਜਦੋਂ 2009 ‘ਚ ਹਿੰਦੂ ਦਹਿਸ਼ਗਤਰਦਾਂ ਦਾ ਇਸ ਵਿੱਚ ਹੱਥ ਸਾਹਮਣੇ ਆਉਣ ਮਗਰੋਂ ਦਹਿਸ਼ਤ ਵਿਰੋਧੀ ਦਸਤੇ ਨੇ ਅਸਲ ਦੋਸ਼ੀਆਂ ਖਿਲਾਫ 4500 ਤੋਂ ਵੀ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਉਦੋਂ ਵੀ ਇਹਨਾਂ ਬੇਦੋਸ਼ੇ 9 ਮੁਸਲਮਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਹੁਣ ਇਹਨਾਂ ਨੂੰ ਰਿਹਾਅ ਕਰਨ ਪਿੱਛੇ ਵੀ ਅਸਲ ਵਿੱਚ ਪੂਰੇ ਮਾਮਲੇ ਵਿੱਚ ਨਰਮ ਰਵੱਈਆ ਅਪਣਾਉਂਦੇ ਹੋਏ ਪ੍ਰੱਗਿਆ ਠਾਕੁਰ ਤੇ ਹੋਰਨਾਂ ਅਸਲ ਦੋਸ਼ੀਆਂ ਨੂੰ ਬਰੀ ਕਰਨ ਲਈ ਰਾਹ ਪੱਧਰਾ ਕਰਨ ਦੀ ਹੀ ਸਾਜਿਸ਼ ਸੀ।

ਇਹਨਾਂ ਮਾਮਲਿਆਂ ‘ਚ ਅਸੀਂ ਅਦਾਲਤੀ ਪ੍ਰਬੰਧ ਦਾ ਦੋਗਲਾਪਣ ਸਾਫ ਦੇਖ ਸਕਦੇ ਹਾਂ। ਕਾਰਨ ਸਾਫ ਹੈ ਇੱਕ ਪਾਸੇ ‘ਦੋਸ਼ੀ’ ਮੁਸਲਮਾਨ ਹਨ ਤੇ ਭਾਰਤੀ ਲੋਕਾਂ ਅੰਦਰ ਇਹ ਧਾਰਨਾ ਪਕਾ ਦਿੱਤੀ ਗਈ ਹੈ ਕਿ ਮੁਸਲਮਾਨ ਅੱਤਵਾਦੀ ਹੁੰਦੇ ਹਨ ਅਤੇ ਭਾਰਤ ਦੀ “ਦੇਸ਼ਭਗਤ” ਹਕੂਮਤ ਅੱਤਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਇਹਨਾਂ ਨੂੰ ਸਬੂਤਾਂ ਦੀ ਅਣਹੋਂਦ ਦੇ ਬਾਵਜੂਦ ਵੀ ਸਜ਼ਾ ਦੇਣੀ ਜਰੂਰੀ ਹੈ। ਦੂਜੇ ਪਾਸੇ ਜੇ ਦੋਸ਼ੀ ਹਿੰਦੂ ਹਨ, ਉਹਨਾਂ ਖਿਲਾਫ ਸਬੂਤ ਵੀ ਹਨ ਤਾਂ ਵੀ ਉਹਨਾਂ ਨੂੰ ਦਹਿਸ਼ਤਗਰਦ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਹਿੰਦੂ ਤਾਂ ਦਹਿਸ਼ਤਗਰਦ ਹੁੰਦੇ ਹੀ ਨਹੀਂ! ਕਿਉਂਕਿ ਹਿੰਦੂ ਧਰਮ ਵੀ ਸਭ ਤੋਂ ਵੱਧ ਨਿਰਮਾਣਤਾ, ਸ਼ਹਿਣਸ਼ੀਲਤਾ ਵਾਲ਼ਾ ਧਰਮ ਹੈ!

ਬਰਤਾਨਵੀਂ ਗੁਲਾਮੀ ਨਾਲ਼ ਲੜਾਈ ਵੇਲ਼ੇ ਅੰਗਰੇਜ਼ਾਂ ਦੀ ਜੀ-ਹਜੂਰੀ ਤੇ ਲੋਕਾਂ ਨਾਲ਼ ਗੱਦਾਰੀ ਕਰਨ ਤੇ ਅਜ਼ਾਦੀ ਤੋਂ ਬਾਅਦ ਹਜ਼ਾਰਾਂ ਫਿਰਕੂ ਕਤਲੇਆਮ, ਝਗੜਿਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲ਼ਾ ਰਾਸ਼ਟਰੀ ਸਵੈਸੇਵਕ ਸੰਘ ਇਹ ਸਾਬਤ ਕਰਨ ‘ਤੇ ਲੱਗਿਆ ਹੋਇਆ ਹੈ ਕਿ ਹਿੰਦੂ ਤਾਂ ਦਹਿਸ਼ਤਗਰਦ ਹੈ ਹੀ ਨਹੀਂ। ਹੋਰ ਦੇਖੋ, ਹੁਣ ਇਹ ਕੰਮ 2002 ‘ਚ ਗੁਜਰਾਤ ‘ਚ ਮੁਸਲਮਾਨਾਂ ਦਾ ਯੋਜਨਾਬੱਧ ਕਤਲੇਆਮ ਕਰਨ ਵਾਲ਼ਲੇ ਮੋਦੀ ਨੂੰ ਕੇਂਦਰ ਸਰਕਾਰ ਦੀ ਵਾਗਡੋਰ ਫੜਾ ਕੇ ਕੀਤਾ ਜਾ ਰਿਹਾ ਹੈ। ਲਾਸ਼ਾਂ ਦੇ ਢੇਰ ‘ਤੇ ਖੜ ਕੇ ਹੱਥ ‘ਚ ਤ੍ਰਿਸ਼ੂਲ ਲਹਿਰਾਉਂਦੇ ਹੋਏ ਸੰਘੀ ਅੱਤਵਾਦੀ ਆਪਣੇ-ਆਪ ਨੂੰ ਸ਼ਰੀਫ ਸਿੱਧ ਕਰਨ ‘ਤੇ ਲੱਗੇ ਹੋਏ ਹਨ। ਦੇਸ਼ ਵਿੱਚ ਇਹ ਜੋ ਫਿਰਕੂ ਕਿਸਮ ਦੀ ਧੜੇਬੰਦੀ ਹੋ ਰਹੀ ਹੈ ਉਹ ਆਉਣ ਵਾਲ਼ੇ ਸਮੇਂ ‘ਚ ਮਹੌਲ ਹੋਰ ਵੀ ਵਿਗੜਨ ਵੱਲ ਇਸ਼ਾਰਾ ਕਰ ਰਹੀ ਹੈ। ਭਾਜਪਾ ਦੇ ਸੱਤ੍ਹਾ ਆਉਣ ਮਗਰੋਂ ਹਿੰਦੂ ਦਹਿਸ਼ਤਗਰਦਾਂ ਦੀ ਤਾਕਤ ਵਧੀ ਹੈ, ਉਨ੍ਹਾਂ ਨੂੰ ਖੁੱਲ੍ਹ ਤੇ ਸਰਕਾਰੀ ਸ਼ਹਿ ਮਿਲੀ ਹੈ ਤੇ ਹੁਣ ਇਹਦੇ ਨਾਲ਼ ਹੀ ਜੇਲ ਪਹੁੰਚ ਚੁੱਕੇ ਸੰਘੀ ਦਹਿਸ਼ਤਗਰਦ ਆਗੂਆਂ ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ।

ਮਾਲੇਗਾਂਵ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਇਨਸਾਫ ਦੇ ਨਾਮ ‘ਤੇ ਫਿਰਕੂ ਹਕੂਮਤ ਨੇ ਇਹ ਜੋ ਤਮਾਸ਼ਾ ਕੀਤਾ ਹੈ ਉਸਤੋਂ ਫੈਜ ਅਹਿਮਦ ਫੈਜ ਦੀਆਂ ਇਹ ਪੰਕਤੀਆਂ ਚੇਤੇ ਆਉਂਦੀਆਂ ਹਨ:

ਬਨੇ ਹੈਂ ਅਹਲ-ਏ-ਹਵਸ ਮੁਦੱਈ ਭੀ, ਮੁੰਸਿਫ ਭੀ
ਕਿਸੇ ਵਕੀਲ ਕਰੇਂ, ਕਿਸ ਸੇ ਮੁੰਸਿਫੀ ਚਾਹੇ।

(ਹਵਸਾਂ ਵਾਲ਼ੇ ਹੀ ਮੁੱਦਈ ਤੇ ਜੱਜ ਬਣੇ ਬੈਠੇ ਨੇ, ਕਿਸਨੂੰ ਵਕੀਲ ਕਰੀਏ, ਕਿਸ ਕੋਲ਼ੋਂ ਇਨਸਾਫ ਮੰਗੀਏ।) 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements