ਮਾਹੀਗੀਰ ਦਾ ਉਪਦੇਸ਼ (ਦੂਜਾ ਭਾਗ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

”ਤੇ ਉਹਨਾਂ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਵੱਖ ਵੱਖ ਮੱਛੀਆਂ ਦੀਆਂ ਕਿਹੋ ਜਿਹੀਆਂ ਆਦਤਾਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਕਿੱਥੇ, ਕਦ ਤੇ ਕਿਵੇਂ ਫੜਨਾ ਚਾਹੀਦੈ।

” ‘ਪਿਤਾ ਜੀ, ਚੰਗਾ ਹੋਵੇ ਜੇ ਅਸੀਂ ਰੱਬ ਨੂੰ ਧਿਆਈਏ!’ ਆਪਣੀ ਉਸ ਭੈੜੀ ਹਾਲਤ ਨੂੰ ਵੇਖ ਕੇ ਮੈਂ ਰਾਇ ਦਿੱਤੀ। ਓਸ ਵੇਲੇ ਸਾਡੀ ਹਾਲਤ ਉਨ੍ਹਾਂ ਦੋ ਸਹਿਆਂ ਵਰਗੀ ਸੀ ਜਿਨ੍ਹਾਂ ਨੂੰ ਚਿੱਟੇ ਸ਼ਿਕਾਰੀ ਕੁੱਤਿਆਂ ਦਾ ਟੋਲਾ ਘੇਰ ਕੇ ਖੜਾ ਹੋਵੇ ਤੇ ਚੁਫੇਰਿਓਂ ਕੁੱਤੇ ਆਪਣੇ ਜ਼ਹਿਰੀਲੇ ਦੰਦ ਵਿਖਾਉਂਦੇ ਘੁਰਕ ਰਹੇ ਹੋਣ।

” ‘ਰੱਬ ਸਭ ਵੇਖਦਾ ਏ,’ ਉਨ੍ਹਾਂ ਨੇ ਕਿਹਾ। ‘ਉਹ ਜਾਣਦੈ ਕਿ ਜਿਨ੍ਹਾਂ ਬੰਦਿਆਂ ਨੂੰ ਉਸ ਨੇ ਧਰਤੀ ‘ਤੇ ਰਹਿਣ ਲਈ ਪੈਦਾ ਕੀਤਾ, ਉਹ ਹੁਣ ਸਮੁੰਦਰ ਵਿੱਚ ਤਬਾਹ ਹੋ ਰਹੇ ਨੇ ਤੇ ਉਨ੍ਹਾਂ ਵਿੱਚੋਂ ਇੱਕ ਨੂੰ ਜਿਸ ਦੇ ਬਚਣ ਦੀ ਕੋਈ ਆਸ ਨਹੀਂ ਹੈ, ਆਪਣਾ ਗਿਆਨ-ਭੰਡਾਰ ਆਪਣੇ ਪੁੱਤਰ ਨੂੰ ਦੇ ਦੇਣਾ ਚਾਹੀਦੈ, ਧਰਤੀ ਅਤੇ ਆਦਮੀਆਂ ਲਈ ਕੰਮ ਜ਼ਰੂਰੀ ਏ। ਰਬ ਇਹ ਜਾਣਦੈ…’

”ਤੇ ਜਦ ਪਿਤਾ ਜੀ ਆਪਣੇ ਪੇਸ਼ੇ ਦੇ ਬਾਰੇ ਸਾਰੀ ਜਾਣਕਾਰੀ ਦੇ ਚੁਕੇ ਤਾਂ ਉਨ੍ਹਾਂ ਮੈਨੂੰ ਉਹ ਗੱਲਾਂ ਦੱਸੀਆਂ ਜੋ ਆਦਮੀ ਨੂੰ ਆਪਣੀ ਬਿਰਾਦਰੀ ਵਾਲਿਆਂ ਦੇ ਨਾਲ਼ ਅਮਨ ਚੈਨ ਨਾਲ਼ ਜ਼ਿੰਦਗੀ ਕੱਟਣ ਦੇ ਨੁਕਤੇ ਤੋਂ ਸਮਝ ਲੈਣੀਆਂ ਚਾਹੀਦੀਆਂ ਹਨ।

” ਕੀ ਇਹ ਗੱਲਾਂ ਸਿਖਾਲਣ ਦਾ ਇਹੋ ਵੇਲਾ ਏ?’ ਮੈਂ ਪਿਤਾ ਜੀ ਨੂੰ ਪੁੱਛਿਆ। ‘ਧਰਤੀ ‘ਤੇ ਰਹਿੰਦੀਆਂ ਤੁਸੀਂ ਇਹ ਕਦੇ ਨਹੀਂ ਕੀਤਾ!’

” ‘ਧਰਤੀ ਤੇ ਮੌਤ ਏਨੀ ਨੇੜੇ ਕਦੇ ਨਹੀਂ ਸੀ।’

”ਹਵਾ ਜੰਗਲੀ ਜਾਨਵਰ ਵਾਂਗ ਰੌਲਾ ਪਾ ਰਹੀ ਸੀ ਤੇ ਲਹਿਰਾਂ ਏਨੇ ਜ਼ੋਰ ਨਾਲ਼ ਗਰਜ ਰਹੀਆਂ ਸਨ ਕਿ ਪਿਤਾ ਜੀ ਨੂੰ ਜ਼ੋਰ ਜ਼ੋਰ ਨਾਲ਼ ਉੱਚੀ ਆਵਾਜ਼ ਵਿੱਚ ਬੋਲਣਾ ਪਿਆ ਤਾਂ ਜੋ ਮੈਂ ਸੁਣ ਸਕਾ।

” ‘ਹਮੇਸ਼ਾ ਦੂਜੇ ਆਦਮੀਆਂ ਨਾਲ਼ ਪੇਸ਼ ਆਉਣ ਵੇਲੇ ਆਪਣੇ ਆਪ ਨੂੰ ਉਨ੍ਹਾਂ ਤੋਂ ਭੈੜਾ ਸਮਝੀਂ ਤੇ ਨਾ ਹੀ ਚੰਗਾ। ਇਹ ਗੱਲ ਧਿਆਨ ਵਿੱਚ ਰਖੇਂਗਾ ਤਾਂ ਸਭ ਕੁੱਝ ਠੀਕ ਹੋ ਜਾਏਗਾ। ਰਈਸ ਤੇ ਮਾਹੀਗੀਰ, ੁਪਾਦਰੀ ਤੇ ਸਿਪਾਹੀ, ਸਭ ਇੱਕੋ ਸਰੀਰ ਦੇ ਅੰਗ ਹਨ ਤੇ ਤੂੰ ਵੀ ਸਾਰਿਆਂ ਵਾਂਗ ਉਸ ਸਰੀਰ ਦਾ ਇੱਕ ਜ਼ਰੂਰੀ ਹਿੱਸਾ ਏ। ਕਿਸੇ ਕੋਲ ਜਾਣ ਵੇਲੇ ਇਹ ਕਦੇ ਨਾ ਸੋਚੀਂ ਕਿ ਉਸ ਵਿੱਚ ਚੰਗਿਆਈ ਨਾਲੋਂ ਬੁਰਾਈ ਵਧੇਰੇ ਹੈ। ਯਕੀਨ ਕਰੀਂ ਕਿ ਉਸ ਵਿੱਚ ਵਧੇਰੇ ਚੰਗਿਆਈ ਹੈ ਤੇ ਤੈਨੂੰ ਸਦਾ ਜਾਪੇਗਾ ਕਿ ਅਸਲ ਵਿੱਚ ਇਹੀ ਗੱਲ ਸੱਚ ਹੈ। ਆਦਮੀ ਨੂੰ ਜਿਹੋ ਜਿਹਾ ਤੁਸੀਂ ਮੰਨੋ, ਉਹੋ ਜਿਹਾ ਹੀ ਉਹ ਹੁੰਦਾ ਹੈ।’

”ਹਾਂ, ਇਹ ਸਭ ਉਹ ਇਕਵਾਰਗੀ ਨਹੀਂ ਦਸ ਸਕੇ। ਉਨ੍ਹਾਂ ਦੇ ਲਫਜ਼ ਵਾਛੜ ਅਤੇ ਝੱਗ ਨੂੰ ਚੀਰਦੇ ਹੋਏ ਮੇਰੇ ਕੰਨਾਂ ਤੱਕ ਪੁੱਜ ਰਹੇ ਸਨ ਜਦ ਕਿ ਅਸੀਂ ਇੱਕ ਲਹਿਰ ਤੋਂ ਦੂਜੀ ਲਹਿਰ ‘ਤੇ ਉੱਛਲ ਰਹੇ ਸਾਂ। ਇੱਕ ਬਿੰਦ ਪਤਾਲ ਵਿੱਚ ਤੇ ਦੂਜੇ ਬਿੰਦ ਅਸਮਾਨ ਵਿੱਚ ਹੁੰਦੇ ਸਾਂ। ਪਿਤਾ ਜੀ ਨੇ ਜੋ ਕੁੱਝ ਕਿਹਾ, ਉਨ੍ਹਾਂ ਵਿਚੋਂ ਬਹੁਤ ਸਾਰੀਆਂ ਗੱਲਾਂ ਮੇਰੇ ਕੰਨਾਂ ਤਕ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਵਾ ਉਡਾ ਕੇ ਲੈ ਗਈ ਤੇ ਬਹੁਤ ਸਾਰੀਆਂ ਗੱਲਾਂ ਨੂੰ ਮੈਂ ਸਮਝ ਹੀ ਨਾ ਸਕਿਆ। ਤੁਸੀਂ ਦਸੋ, ਕਿ ਜਦ ਸਿਰ ‘ਤੇ ਮੌਤ ਨੱਚ ਰਹੀ ਹੋਵੇ ਤਾਂ ਕੋਈ ਕਿਵੇਂ ਕੁੱਝ ਸਿਖ ਸਕਦਾ ਹੈ? ਮੈਂ ਡਰ ਗਿਆ ਸਾਂ। ਮੈਂ ਸਮੁੰਦਰ ਦੀ ਉਹ ਭਿਆਨਕ ਸ਼ਕਲ ਪਹਿਲਾਂ ਕਦੇ ਨਹੀਂ ਸੀ ਤੱਕੀ ਤੇ ਨਾ ਹੀ ਕਦੇ ਏਨੀ ਬੇਬਸੀ ਮਹਿਸੂਸ ਹੋਈ ਸੀ। ਕਹਿ ਨਹੀਂ ਸਕਦਾ ਕਿ ਕਦ—ਓਸੇ ਬਿੰਦ ਜਾਂ ਮਗਰੋਂ ਓਸ ਮੌਕੇ ਦਾ ਚੇਤਾ ਆਉਣ ‘ਤੇ ਮੈਨੂੰ ਅਜਿਹੀ ਪ੍ਰੇਰਣਾ ਮਿਲੀ ਜਿਸ ਨੂੰ ਮੈਂ ਜੀਊਂਦੇ ਜੀਅ ਕਦੇ ਭੁਲਾ ਨਹੀਂ ਸਕਾਂਗਾ।

”ਜਿਵੇਂ ਕਲ੍ਹ ਦੀ ਗੱਲ ਹੋਵੇ, ਮੈਂ ਆਪਣੇ ਪਿਤਾ ਜੀ ਨੂੰ ਬੇੜੀ ਵਿੱਚ ਬੈਠਿਆਂ ਤੱਕਦਾ ਹਾਂ। ਉਨ੍ਹਾਂ ਦੀਆਂ ਕਮਜ਼ੋਰ ਬਾਹਾਂ ਫੈਲੀਆਂ ਹੋਈਆਂ ਹਨ ਤੇ ਉਨ੍ਹਾਂ ਆਪਣੀਆਂ ਟੇਢੀਆਂ ਮੇਢੀਆਂ, ਆਕੜੀਆਂ ਮੁੜੀਆਂ ਹੋਈਆਂ ਉੱਗਲਾਂ ਨਾਲ਼ ਬੇੜੀ ਦੇ ਸਿਰਿਆਂ ਨੂੰ ਫੜਿਆ ਹੋਇਆ ਹੈ, ਉਨ੍ਹਾਂ ਦਾ ਟੋਪ ਪਾਣੀ ਵਿੱਚ ਵਹਿ ਗਿਆ ਹੈ ਤੇ ਲਹਿਰਾਂ ਉਨ੍ਹਾਂ ਦੇ ਸਿਰ ਅਤੇ ਮੋਢਿਆਂ ‘ਤੇ ਥਪੇੜੇ ਮਾਰ ਰਹੀਆਂ ਹਨ—ਖੱਬਿਓਂ, ਸੱਜਿਓਂ, ਅੱਗੋਂ, ਪਿੱਛੋਂ। ਤੇ ਹਰ ਵੇਲੇ ਉਹ ਆਪਣੇ ਸਿਰ ਨੂੰ ਝਟਕ ਕੇ, ਨਾਸਾਂ ਫੁੰਕਾਰ ਕੇ ਤੇ ਚੀਕ ਚੀਕ ਕੇ ਮੈਨੂੰ ਕੁੱਝ ਦਸ ਰਹੇ ਹਨ। ਪਾਣੀ ਵਿੱਚ ਬੁਰੀ ਤਰ੍ਹਾਂ ਭਿੱਜਾ ਹੋਇਆ ਪਿਤਾ ਜੀ ਦਾ ਸਰੀਰ ਸੁੰਗੜਿਆ ਹੋਇਆ ਜਾਪਿਆ ਤੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਹੋਈਆਂ—ਡਰ ਕਰ ਕੇ ਜਾਂ ਸ਼ੈਦ ਪੀੜ ਕਰ ਕੇ। ਮੇਰਾ ਖਿਆਲ ਏ ਪੀੜ ਕਰ ਕੇ ਹੀ।

” ‘ਸੁਣ!’ ਉਹ ਚੀਕ ਕੇ ਕਹਿੰਦੇ। ‘ਮੇਰੀ ‘ਵਾਜ ਤੈਨੂੰ ਸੁਣ ਰਹੀ ਏ?’

”ਕਦੇ ਕਦੇ ਮੈਂ ਜਵਾਬ ਦਿੰਦਾ:

” ‘ਹਾਂ, ਪਿਤਾ ਜੀ।’

” ‘ਚੇਤੇ ਰਖੀਂ, ਸਾਰੀ ਚੰਗਿਆਈ ਆਦਮੀ ‘ਚੋਂ ਹੀ ਜਨਮ ਲੈਂਦੀ ਹੈ।’

” ‘ਮੈਂ ਚੇਤੇ ਰੱਖਾਂਗਾ!’ ਮੈਂ ਜਵਾਬ ਦਿੰਦਾ।

”ਧਰਤੀ ‘ਤੇ ਪਿਤਾ ਜੀ ਨੇ ਮੈਨੂੰ ਕਦੇ ਅਜਿਹੀਆਂ ਗੱਲਾਂ ਨਹੀਂ ਸਨ ਕਹੀਆਂ। ਉਹ ਸਦਾ ਬੜੇ ਖੁਸ਼ ਤੇ ਨਰਮ ਦਿਲ ਰਹਿੰਦੇ, ਪਰ ਮੈਨੂੰ ਇੰਜ ਪਰਤੀਤ ਹੁੰਦਾ ਕਿ ਉਹ ਮੇਰੇ ਵਲ ਕੁੱਝ ਮਜ਼ਾਕ ਤੇ ਬੇਯਕੀਨੀ ਦੀ ਨਜ਼ਰ ਨਾਲ਼ ਵੇਖਦੇ ਸਨ ਤੇ ਇਹ ਮੰਨਦੇ ਸਨ ਕਿ ਮੈਂ ਹਾਲੀਂ ਬੱਚਾ ਹਾਂ। ਕਦੇ ਕਦੇ ਇਹ ਮੈਨੂੰ ਬੁਰਾ ਲਗਦਾ ਕਿਉਂਕਿ ਜਵਾਨ ਦਿਲ ਸੌਖਿਆਂ ਹੀ ਜ਼ਖ਼ਮੀ ਹੋ ਜਾਂਦਾ ਹੈ।

”ਪਿਤਾ ਜੀ ਦੀ ਉੱਚੀ ਆਵਾਜ਼ ਕਰ ਕੇ ਮੇਰਾ ਡਰ ਘਟ ਜਾਂਦਾ। ਸ਼ੈਦ ਏਸੇ ਲਈ ਮੈਨੂੰ ਸਭ ਗੱਲਾਂ ਏਨੀਆਂ ਸਾਫ਼ ਤੌਰ ‘ਤੇ ਚੇਤੇ ਆ ਰਹੀਆਂ ਹਨ।

ਬੁੱਢਾ ਮਾਹੀਗੀਰ ਕੁੱਝ ਦੇਰ ਚੁੱਪ ਰਿਹਾ ਤੇ ਉਸ ਦੀਆਂ ਅੱਖਾਂ ਝੱਗੋ ਝੱਗ ਹੋਏ ਸਮੁੰਦਰ ‘ਤੇ ਗੱਡੀਆਂ ਰਹੀਆਂ। ਫੇਰ ਉਹ ਮੁਸਕਰਾਇਆ ਤੇ ਅੱਖਾਂ ਝਮਕ ਕੇ ਗੱਲ ਅੱਗੇ ਤੋਰੀ:

”ਸੱਜਣਾ, ਮੈਂ ਲੋਕਾਂ ਨੂੰ ਗਹੁ ਨਾਲ਼ ਵੇਖਦਾ ਆਇਆ ਹਾਂ ਤੇ ਇਹ ਜਾਣਦਾ ਵਾਂ ਕਿ ਚੇਤੇ ਕਰਨਾ ਤੇ ਸਮਝ ਲੈਣਾ ਦੋਵੇਂ ਬਰਾਬਰ ਹਨ ਤੇ ਜਿੰਨਾ ਵਧੇਰੇ ਅਸੀਂ ਸਮਝ ਲੈਂਦੇ ਹਾਂ ਉੱਨੀ ਹੀ ਵਧੇਰੇ ਚੰਗਿਆਈ ਸਾਨੂੰ ਵਿਖਾਈ ਦਿੰਦੀ ਹੈ। ਯਕੀਨ ਕਰੋ ਕਿ ਇਹ ਸਚਾਈ ਹੈ।”

”ਵੇਖੋ, ਮੈਨੂੰ ਪਿਤਾ ਜੀ ਦਾ ਪਿਆਰਾ ਚਿਹਰਾ ਚੇਤੇ ਆਉਂਦਾ ਹੈ—ਪੂਰਾ ਭਿੱਜਾ ਹੋਇਆ ਤੇ ਵੱਡੀਆਂ ਵੱਡੀਆਂ ਅੱਖਾਂ ਗੰਭੀਰਤਾ ਅਤੇ ਪਿਆਰ ਨਾਲ਼ ਮੇਰੇ ‘ਤੇ ਗੱਡੀਆਂ ਹੋਈਆਂ। ਇਹ ਤੱਕਣੀ ਅਜਿਹੀ ਸੀ ਜਿਸ ਤੋਂ ਮੈਂ ਸਮਝ ਚੁੱਕਾ ਸਾਂ ਕਿ ਉਸ ਦਿਨ ਮੇਰੀ ਮੌਤ ਨਹੀਂ ਸੀ ਹੋਣੀ। ਮੈਂ ਘਬਰਾ ਗਿਆ ਸਾਂ, ਪਰ ਇਹ ਜਾਣ ਚੁੱਕਾ ਸਾਂ ਕਿ ਮੈਂ ਤਬਾਹ ਨਹੀਂ ਹੋਵਾਂਗਾ।

”ਅਖ਼ੀਰ ਸਾਡੀ ਬੇੜੀ ਉਲਟ ਹੀ ਗਈ। ਉਛਲਦੇ ਹੋਏ ਪਾਣੀ ਵਿੱਚ ਅਸੀਂ ਦੋਵੇਂ ਡਿਗ ਪਏ, ਝੱਗ ਨੇ ਸਾਨੂੰ ਅੰਨ੍ਹਾ ਬਣਾ ਦਿੱਤਾ ਤੇ ਲਹਿਰਾਂ ਸਾਡੇ ਸਰੀਰਾ ਨੂੰ ਏਧਰ ਓਧਰ ਸੁਟਦੀਆਂ ਅਤੇ ਬੇੜੀ ਦੇ ਪੇਂਦੇ ਨਾਲ਼ ਮਾਰਦੀਆਂ ਟਕਰਾਉਂਦੀਆਂ ਰਹੀਆਂ। ਅਸੀਂ, ਜਿਥੋਂ ਤੱਕ ਹੋ ਸਕਿਆ, ਸਾਰੀਆਂ ਚੀਜ਼ਾਂ ਨੂੰ ਰੱਸਿਆਂ ਨਾਲ਼ ਬੰਨ੍ਹ ਦਿੱਤਾ, ਆਪਣੇ ਹੱਥਾਂ ਵਿੱਚ ਰੱਸੇ ਫੜੀ ਰੱਖੇ ਤੇ ਜਦ ਤੀਕ ਸਾਡੇ ਵਿੱਚ ਸੱਤਿਆ ਸੀ, ਅਸੀਂ ਬੇੜੀ ਤੋਂ ਦੂਰ ਨਹੀਂ ਹਟੇ। ਪਰ ਸਿਰ ਨੂੰ ਪਾਣੀ ਦੇ ਉੱਪਰ ਰੱਖਣਾ ਬੜਾ ਔਖਾ ਸੀ। ਕਈ ਵਾਰ ਮੈਂ ਤੇ ਪਿਤਾ ਜੀ ਬੇੜੀ ਨਾਲ਼ ਟਕਰਾ ਕੇ ਮੁੜ ਦੂਰ ਸੁੱਟ ਦਿੱਤੇ ਜਾਂਦੇ। ਸਭ ਤੋਂ ਭੈੜੀ ਗੱਲ ਇਹ ਕਿ ਸਿਰ ਚਕਰਾਉਣ ਲਗਦਾ ਅਸੀਂ ਅੰਨ੍ਹੇ ਤੇ ਬੋਲੇ ਬਣ ਜਾਂਦੇ, ਕੰਨ ਪਾਣੀ ਨਾਲ਼ ਭਰ ਜਾਂਦੇ ਤੇ ਬਹੁਤ ਸਾਰਾ ਪਾਣੀ ਨਿਗਲਣਾ ਪੈਂਦਾ।

”ਕਾਫ਼ੀ ਦੇਰ ਤੱਕ, ਲਗ ਭਗ ਸੱਤ ਘੰਟੇ ਇਹ ਸੰਘਰਸ਼ ਚਲਦਾ ਰਿਹਾ। ਅਖ਼ੀਰ ਇੱਕ ਦਮ ਹਵਾ ਦਾ ਰੁਖ ਬਦਲ ਗਿਆ, ਉਹ ਜ਼ੋਰ ਨਾਲ਼ ਕੰਢੇ ਵਲ ਵਗਣ ਲੱਗੀ ਤੇ ਅਸੀਂ ਕੰਢੇ ਵੱਲ ਵਹਿੰਦੇ ਗਏ।

” ‘ਧੀਰਜ ਰਖੋ!’ ਮੈਂ ਖੁਸ਼ੀ ਨਾਲ਼ ਚੀਕ ਉਠਿਆ।

”ਜਵਾਬ ਵਿੱਚ ਪਿਤਾ ਜੀ ਨੇ ਕੁੱਝ ਕਿਹਾ, ਪਰ ਮੈਂ ਸਿਰਫ਼ ਇੱਕੋ ਲਫ਼ਜ਼ ਸੁਣ ਸਕਿਆ :

” ‘…ਚੱਟਾਨਾਂ।’

”ਉਹ ਕੰਢੇ ਦੀਆਂ ਚੱਟਾਨਾਂ ਬਾਰੇ ਸੋਚ ਰਹੇ ਸਨ, ਪਰ ਉਹ ਹਾਲੀਂ ਤੀਕ ਕਾਫ਼ੀ ਦੂਰ ਸਨ ਤੇ ਮੈਂ ਪਿਤਾ ਜੀ ਦੀ ਗੱਲ ‘ਤੇ ਧਿਆਨ ਨਾ ਦਿੱਤਾ।

ਪਰ ਉਹ ਮੈਥੋਂ ਵਧੇਰੇ ਜਾਣਦੇ ਸਨ। ਅਸੀਂ ਬੇਹੋਸ਼ੀ ਤੇ ਬੇਬਸੀ ਵਿੱਚ ਪਹਾੜਾਂ ਦੇ ਵਿਚੋਂ ਦੀ ਵਹਿੰਦੇ ਜਾ ਰਹੇ ਸਾਂ। ਆਪਣੀ ਬੇੜੀ ਨਾਲ਼ ਅਸੀਂ ਗੰਢਗਡੋਇਆਂ ਵਾਂਗ ਚੰਬੜੇ ਹੋਏ ਸਾਂ ਤੇ ਉਹ ਸਾਨੂੰ ਬੇਰਹਿਮੀ ਨਾਲ਼ ਏਧਰ ਓਧਰ ਟਕਰਾ ਰਹੀ ਸੀ। ਬੜਾ ਚਿਰ ਇਹੋ ਹਾਲਤ ਰਹੀ, ਪਰ ਅੰਤ ਕੰਢੇ ਦੀਆਂ ਕਾਲੀਆਂ ਚੱਟਾਨਾਂ ਦਿਸਣ ਲੱਗੀਆਂ। ਇਸ ਪਿੱਛੋਂ ਸਭ ਕੁੱਝ ਬੜੀ ਤੇਜ਼ੀ ਨਾਲ਼ ਹੋਇਆ। ਝਮਦੀਆਂ ਹੋਈਆਂ, ਪਾਣੀ ‘ਤੇ ਨਿਵੀਆਂ ਹੋਈਆਂ ਤੇ ਸਾਡੇ ‘ਤੇ ਢਹਿ ਪੈਣ ਦੀ ਤਿਆਰੀ ਵਿੱਚ ਉਹ ਸਾਡੀ ਵਲ ਵਧੀਆਂ। ਚਿੱਟੀਆਂ ਲਹਿਰਾਂ ਨੇ ਸਾਡੇ ਸਰੀਰਾਂ ਨੂੰ ਇੱਕ ਦੋ ਵਾਰ ਅਗਾਂਹ ਸੁੱਟ ਦਿੱਤਾ। ਸਾਡੀ ਬੇੜੀ ਓਸ ਤਰ੍ਹਾਂ ਮਿੱਧੀ ਗਈ ਜਿਵੇਂ ਬੂਟ ਦੀ ਅੱਡੀ ਦੇ ਥੱਲੇ ਆ ਕੇ ਅਖ਼ਰੋਟ ਮਿਧਿਆ ਜਾਂਦਾ ਹੈ। ਮੈਂ ਨਿਆਸਰਾ ਹੋ ਗਾ। ਮੈਂ ਡਰਿਆਂ ਵਾਂਗ ਤਿੱਖੀਆਂ ਚੱਟਾਨਾਂ ਦੀਆਂ ਪਸਲੀਆਂ ਨੂੰ ਸਾਹਮਣੇ ਵੇਖਿਆ ਤੇ ਪਿਤਾ ਜੀ ਦੇ ਸਿਰ ਨੂੰ ਵੇਖਿਆ—ਆਪਣੇ ਸਿਰ ਤੋਂ ਬਹੁਤ ਹੀ ਉੱਪਰ—ਤੇ ਫੇਰ ਸ਼ੈਤਾਨ ਦੇ ਉਨ੍ਹਾਂ ਪੰਜਿਆਂ ਦੇ ਉਪਰ। ਇੱਕ ਜਾਂ ਦੋ ਘੰਟਿਆਂ ਮਗਰੋਂ ਪਿਤਾ ਜੀ ਦਾ ਸਰੀਰ ਮਿਲ ਗਿਆ। ਉਨ੍ਹਾਂ ਦੀ ਕਮਰ ਟੁੱਟ ਗਈ ਸੀ ਤੇ ਸਿਰ ਫਿੱਸਾ ਹੋਇਆ ਸੀ। ਉਨ੍ਹਾਂ ਦੇ ਸਿਰ ਦਾ ਫੱਟ ਏਡਾ ਵੱਡਾ ਸੀ ਕਿ ਦਿਮਾਗ ਦਾ ਕੁੱਝ ਹਿੰਸਾ ਬਾਹਰ ਨਿਕਲ ਆਇਆ ਸੀ। ਮੈਨੂੰ ਹੁਣ ਤੀਕ ਉਸ ਜ਼ਖ਼ਮ ਦੇ ਉਹ ਚਿੱਟੇ ਹਿੱਸੇ ਯਾਦ ਨੇ ਜਿਨ੍ਹਾਂ ਵਿੱਚ ਲਾਲ ਨਾੜਾਂ ਫੈਲੀਆਂ ਹੋਈਆਂ ਸਨ। ਉਹ ਜ਼ਖ਼ਮ ਲਹੂ ਮਿਲੇ ਸੰਗਮਰਮਰ ਜਾਂ ਝੱਗ ਵਰਗਾ ਦਿਸ ਰਿਹਾ ਸੀ। ਪਿਤਾ ਜੀ ਦਾ ਸਰੀਰ ਬੁਰੀ ਤਰ੍ਹਾਂ ਫਿਸ ਗਿਆ ਸੀ, ਪਰ ਉਨ੍ਹਾਂ ਦਾ ਚਿਹਰਾ ਸਾਫ ਅਤੇ ਸ਼ਾਂਤ ਸੀ ਤੇ ਅੱਖਾਂ ਕੱਸ ਕੇ ਮੀਟੀਆਂ ਹੋਈਆਂ ਸਨ।

”ਮੇਰੀ ਹਾਲਤ? ਹਾਂ, ਮੈਂ ਵੀ ਬੁਰੀ ਤਰਾਂ੍ਹ ਜ਼ਖ਼ਮੀ ਹੋਇਆ ਸਾਂ ਤੇ ਜਦ ਲੋਕ ਮੈਨੂੰ ਕੰਢੇ ਵਲ ਖਿਚ ਕੇ ਲਿਆਏ ਤਦ ਮੈਂ ਬੇਹੋਸ਼ ਹੀ ਸਾਂ। ਅਸੀਂ ਅਮਾਲਫੀ ਤੋਂ ਅੱਗੇ, ਆਪਣੇ ਘਰ ਤੋਂ ਬਹੁਤ ਹੀ ਦੂਰ, ਧਰਤੀ ਵੱਲ ਵਹਿ ਗਏ ਸਾਂ, ਪਰ ਓਥੇ ਵੀ ਤਾਂ ਮਾਹੀਗੀਰ ਰਹਿੰਦੇ ਹਨ ਤੇ ਅਜਿਹੀਆਂ ਗੱਲਾਂ ਨੂੰ ਵੇਖ ਕੇ ਉਹ ਸਿਰਫ਼ ਹੈਰਾਨ ਨਹੀਂ ਹੁੰਦੇ ਸਗੋਂ ਚੰਗੇ ਤੇ ਰਹਿਮਦਿਲ ਬਣ ਜਾਂਦੇ ਹਨ। ਖ਼ਤਰੇ ਵਿੱਚ ਜ਼ਿੰਦਗੀ ਬਿਤਾਉਣ ਵਾਲ਼ੇ ਲੋਕ ਸਦਾ ਨਰਮ ਦਿਲ ਹੁੰਦੇ ਹਨ।

”ਹੋ ਸਕਦੈ, ਕਿ ਮੈਂ ਪਿਤਾ ਜੀ ਬਾਰੇ ਆਪਣਾ ਪੂਰਾ ਜਜ਼ਬਾ ਬਿਆਨ ਨਹੀਂ ਕਰ ਸਕਿਆ। ਉਸ ਜਜ਼ਬੇ ਨੂੰ ਮੈਂ ਪਿਛਲੇ ਇਕਵੰਜਾਂ ਵਰ੍ਹਿਆਂ ਤੋਂ ਆਪਣੇ ਦਿਲ ਵਿੱਚ ਸੰਭਾਲਿਆ ਹੋਇਆ ਹੈ। ਉਸ ਜਜ਼ਬੇ ਨੂੰ ਦੱਸਣ ਲਈ ਖ਼ਾਸ ਲਫ਼ਜ਼ਾਂ ਦੀ ਲੋੜ ਏ—ਸ਼ੈਦ ਲਫ਼ਜ਼ਾਂ ਦੀ ਨਹੀਂ, ਸੰਗੀਤ ਦੀ। ਪਰ ਅਸੀਂ ਮਾਹੀਗੀਰ ਮੱਛੀ ਵਾਂਗ ਹੀ ਭੋਲੇ ਭਾਲੇ ਹੁੰਦੇ ਹਾਂ। ਅਸੀਂ ਓਨਾਂ ਚੰਗਾ ਬੋਲ ਨਹੀਂ ਸਕਦੇ ਜਿੰਨਾ ਕਿ ਅਸੀਂ ਚਾਹੁੰਦੇ ਹਾਂ, ਜਿੰਨਾ ਅਸੀਂ ਪ੍ਰਗਟ ਕਰ ਸਕਦੇ ਹਾਂ, ਉਸ ਤੋਂ ਕਈ ਗੁਣਾਂ ਵਧ ਅਸੀਂ ਜਾਣਦੇ ਤੇ ਮਹਿਸੂਸ ਕਰਦੇ ਹਾਂ।

”ਸਭ ਤੋਂ ਵੱਡੀ ਗੱਲ ਇਹ ਵੇ ਕਿ ਆਪਣੀ ਮੌਤ ਵੇਲੇ ਪਿਤਾ ਜੀ ਇਹ ਜਾਣ ਚੁੱਕੇ ਸਨ ਕਿ ਹੁਣ ਮੌਤ ਤੋਂ ਛੁਟਕਾਰਾ ਨਹੀਂ ਹੈ, ਪਰ ਫੇਰ ਵੀ ਉਹ ਘਬਰਾਏ ਨਹੀਂ ਤੇ ਨਾ ਮੈਨੂੰ, ਆਪਣੇ ਪੁੱਤਰ ਨੂੰ ਭੁਲਾ ਸਕੇ। ਉਨ੍ਹਾਂ ਵਿੱਚ ਏਨੀ ਸੱਤਿਆ ਤੇ ਵਿਹਲ ਜ਼ਰੂਰ ਰਹੀ ਤੇ ਉਨ੍ਹਾਂ ਨੇ ਮੈਨੂੰ ਅਜਿਹੀ ਹਰ ਗੱਲ ਦਸ ਦਿੱਤੀ ਜਿਸ ਨੂੰ ਉਹ ਮੇਰੇ ਲਈ ਲੋੜੀਂਦਾ ਸਮਝਦੇ ਸਨ। ਅੱਜ ਮੇਰੀ ਉਮਰ ਸਤਾਹਠਾਂ ਵਰ੍ਹਿਆਂ ਦੀ ਹੈ ਤੇ ਮੈਂ ਸਮਝਦੇ ਸਨ। ਅੱਜ ਮੇਰੀ ਉਮਰ ਸਤਾਹਠਾਂ ਵਰ੍ਹਿਆਂ ਦੀ ਹੈ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਉਸ ਵੇਲੇ ਪਿਤਾ ਜੀ ਨੇ ਮੈਨੂੰ ਜੋ ਕੁੱਝ ਦੱਸਿਆ, ਉਹ ਸੱਚ ਸੀ!”

ਬੁੱਢੇ ਨੇ ਆਪਣੀ ਬੁੱਝੀ ਹੋਈ ਟੋਪੀ ਲਾਹੀ, ਜੋ ਕਿਸੇ ਜ਼ਮਾਨੇ ਵਿੱਚ ਲਾਲ ਸੀ ਤੇ ਹੁਣ ਭੂਰੀ ਬਣ ਗਈ ਸੀ। ਉਸ ਨੇ ਆਪਣੀ ਚਿਲਮ ਕੱਢੀ ਤੇ ਆਪਣਾ ਨੰਗਾ ਕਾਸੀ ਵਰਗਾ ਸਿਰ ਨਿਵਾਈ ਜ਼ੋਰ ਦੇ ਕੇ ਕਿਹਾ:

”ਹਾਂ, ਇਹ ਸਭ ਸੱਚ ਏ, ਸੱਜਣਾ! ਆਦਮੀ ਓਹੋ ਜਿਹੇ ਹੀ ਹੁੰਦੇ ਹਨ ਜਿਹੋ ਜਿਹੇ ਤੁਸੀਂ ਉਨ੍ਹਾਂ ਨੂੰ ਵੇਖਣਾ ਚਾਹੁੰਦੇ ਹੋ। ਤੁਸੀਂ ਉਨ੍ਹਾਂ ਵਲ ਨਰਮੀ ਨਾਲ਼ ਵੇਖੋ, ਤਾਂ ਇਸ ਨਾਲ਼ ਤੁਹਾਡਾ ਤੇ ਉਨ੍ਹਾਂ ਦੋਵ੍ਹਾਂ ਦਾ ਫ਼ਾਇਦਾ ਹੋਵੇਗਾ। ਉਹ ਵਧੇਰੇ ਚੰਗੇ ਬਣਨਗੇ ਤੇ ਤੁਸੀਂ ਵੀ। ਕਿੰਨੀ ਸਿੱਧੀ ਗੱਲ ਏ, ਹੈ ਨਾ?”

ਹਵਾ ਸਹਿਜੇ ਸਹਿਜੇ ਤਿੱਖੀ ਹੁੰਦੀ ਗਈ, ਲਹਿਰਾਂ ਉੱਪਰ ਉਠਦੀਆਂ ਹੋਈਆਂ ਵਧੇਰੇ ਤੇਜ਼ ਤੇ ਚਿੱਟੀਆਂ ਬਣਦੀਆਂ ਗਈਆਂ; ਦੂਰ ਅਸਮਾਨ ਵਿੱਚ ਪੰਛੀਆਂ ਦੇ ਝੁੰਡ ਤੇਜ਼ੀ ਨਾਲ਼ ਉੱਡਦੇ ਹੋਏ ਦਿਸੇ ਤੇ ਤਿੰਨ ਤਿੰਨ ਬਾਦਬਾਨਾਂ ਵਾਲ਼ੀਆਂ ਉਹ ਦੋ ਬੇੜੀਆਂ ਦਿਸਹੱਦੇ ਦੀ ਨੀਲੀ ਕਿਨਾਰੀ ਦੇ ਪਿੱਛੇ ਅਦ੍ਰਿਸ਼ ਹੋ ਗਈਆਂ।

ਟਾਪੂ ਦੇ ਢਾਲੂ ਕੰਢੇ ਝੱਗ ਨਾਲ਼ ਚਿੱਟੇ ਹੋ ਗਏ ਸਨ, ਡੂੰਘੇ ਨੀਲੇ ਪਾਣੀ ਵਿੱਚ ਤਰਥੱਲੀ ਮਚ ਗਈ ਸੀ, ਤੇ ਝੀਂਗਰਾਂ ਦੀ ਅਣਥੱਕ ਝਣਕਾਰ ਜਾਰੀ ਸੀ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements