ਮਾਹੀਗੀਰ ਦਾ ਉਪਦੇਸ਼ •ਮੈਕਸਿਮ ਗੋਰਕੀ

gorky

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਝੀਂਗਰ ਝਨਕਾਰ ਕਰ ਰਹੇ ਹਨ।

ਇੰਝ ਲਗਦਾ ਏ ਕਿ ਜੈਤੂਨ ਦੇ ਬਿਰਛਾਂ ਦੇ ਸੰਘਣੇ ਪੱਤਿਆਂ ਦੇ ਗੁੱਛਿਆਂ ਵਿਚ ਹਜ਼ਾਰਾਂ ਤਾਰਾਂ ਤਣੀਆਂ ਹੋਈਆਂ ਹਨ। ਹਵਾ ਦੀਆਂ ਲਹਿਰਾਂ ਪੱਤਿਆਂ ਵਿਚ ਕੰਬਣੀ ਪੈਦਾ ਕਰਦੀਆਂ ਹਨ ਤੇ ਇਸ ਕੂਲੀ ਤੇ ਲਗਾਤਾਰ ਛੋਹ ਸਦਕਾ ਵਾਯੂ ਮੰਡਲ ਇਕ ਨਸ਼ਿਆਈ ਹੋਈ ਗੂੰਜ ਨਾਲ਼ ਭਰ ਜਾਂਦਾ ਹੈ। ਇਹ ਅਸਲ ਵਿਚ ਸੰਗੀਤ ਨਹੀਂ ਹੈ, ਫੇਰ ਵੀ ਇੰਝ ਪ੍ਰਤੀਤ ਹੁੰਦਾ ਹੈ ਕਿ ਕੋਈ ਅਣਦਿਸਦਾ ਹੱਥ ਸੈਆਂ ਅਣਦਿਸਦੀਆਂ ਵੀਣਾਂਵਾਂ ਸੁਰ ਕਰ ਰਿਹਾ ਹੈ ਤੇ ਅਸੀਂ ਉਤਾਵਲ ਨਾਲ਼ ਉਡੀਕਦੇ ਹਾਂ ਕਿ ਕਦ ਉਹ ਸੁਰ ਕਰਕੇ ਹਟਦਾ ਏ ਤੇ ਕਦ ਇੱਕ ਵਿਸ਼ਾਲ ਆਰਕੈਸਟਰਾ ਸੂਰਜ, ਅਸਮਾਨ ਅਤੇ ਸਮੁੰਦਰ ਲਈ ਜੇਤੂ ਸੰਗੀਤ ਪੈਦਾ ਕਰਦਾ ਹੈ।

ਹਵਾ ਵਗਦੀ ਹੈ ਤੇ ਬਿਰਛਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਹੈ ਕਿ ਉਨ੍ਹਾਂ ਦੇ ਝੂਮਦੇ ਹੋਏ ਤਾਜ, ਪਹਾੜਾਂ ਉਤੋਂ ਥੱਲੇ ਸਮੁੰਦਰ ਵਲ ਸਰਕਦੇ ਹੋਏ ਦਿਸਦੇ ਹਨ। ਸਮੁੰਦਰ ਦੀਆਂ ਲਹਿਰਾਂ ਸਹਿਜੇ-ਸਹਿਜੇ ਇਕ ਲੈਅ ਵਿਚ ਚੱਟਾਨੀ ਕੰਢੇ ਨਾਲ਼ ਟਕਰਾਉਂਦੀਆਂ ਹਨ। ਸਮੁੰਦਰ ਝੱਗ ਦੇ ਜਿਊਂਦੇ ਧੱਬਿਆਂ ਦਾ ਇਕ ਵੱਡਾ ਸਮੂਹ ਬਣਿਆ ਹੋਇਆ ਹੈ ਤੇ ਇਨ੍ਹਾਂ ਧੱਬਿਆਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਪੰਛੀਆਂ ਦੇ ਵੱਡੇ-ਵੱਡੇ ਝੁੰਡਾ ਨੇ ਸਮੁੰਦਰ ਦੇ ਨੀਲੇ ਪਸਾਰ ‘ਤੇ ਡੇਰਾ ਲਾਇਆ ਹੋਇਆ ਹੈ। ਇਹ ਸਭ ਇਕੋ ਦਿਸ਼ਾ ਵਿਚ ਤਰਦੇ ਹੋਏ ਡੂੰਘਾਣਾਂ ਵਿਚ ਗਵਾਚ ਜਾਂਦੇ ਹਨ, ਪਰ ਦੂਜੇ ਹੀ ਬਿੰਦ ਕੁਝ ਅਸਪਸ਼ਟ ਅਵਾਜ਼ ਵਿੱਚ ਫੇਰ ਉਪਰ ਆਉਂਦੇ ਹਨ। ਤੇ ਜਿਵੇਂ ਇਨ੍ਹਾਂ ਨੂੰ ਚਕਮਾ ਦੇ ਕੇ ਦੁਮੇਲ ਕੋਲ ਤਰਨ ਵਾਲੀਆਂ ਦੋ ਬੇੜੀਆਂ, ਜੋ ਆਪ ਵੀ ਦੋ ਭੂਰੇ ਪੰਛੀਆਂ ਵਾਂਗ ਪ੍ਰਤੀਤ ਹੁੰਦੀਆਂ ਹਨ, ਆਪਣੇ ਤੇਹਰੇ ਬਾਦਬਾਨ ਉੱਪਰ ਚੁੱਕੀ ਨੱਚਦੀਆਂ ਹੋਈਆਂ ਦਿਸਦੀਆਂ ਹਨ। ਇਹ ਸਾਰਾ ਦ੍ਰਿਸ਼ ਕਿਸੇ ਦੂਰ ਦੇ ਅੱਧ ਵਿਸਰੇ ਹੋਏ ਸੁਪਨੇ ਵਰਗਾ ਅਲੋਕਾਰ ਲਗਦਾ ਹੈ।

”ਸੂਰਜ ਡੁੱਬਣ ਵੇਲੇ ਬੜੇ ਜ਼ੋਰਾਂ ਦਾ ਝੱਖੜ ਚੱਲੇਗਾ।” ਛੋਟੇ ਛੋਟੇ ਵੱਟਿਆਂ ਨਾਲ਼ ਭਰੇ ਕੰਢੇ ਉੱਤੇ ਚਟਾਨਾਂ ਦੀ ਛਾਂ ਵਿਚ ਬੈਠਾ ਹੋਇਆ ਇਕ ਬੁੱਢਾ ਮਾਹੀਗੀਰ ਕਹਿੰਦਾ ਹੈ।

ਜਵਾਰ ਨੇ ਕੰਢੇ ‘ਤੇ ਲਾਲ ਸੂਹੇ, ਪੀਲੇ ਤੇ ਹੋਰ ਸਮੁੰਦਰੀ—ਘਾਹ ਦੇ ਢੇਰ ਲਾ ਦਿੱਤੇ ਹਨ ਜੋ ਤੱਤੀ ਰੇਤ ਤੇ ਤਿੱਖੀ ਧੁੱਪ ਵਿਚ ਸੁੱਕ ਰਹੇ ਹਨ ਤੇ ਇਸ ਨਾਲ਼ ਲੂਣੀ ਹਵਾ ਆਇਡੀਨ ਵਰਗੀ ਤਿੱਖੀ ਮਹਿਕ ਨਾਲ਼ ਭਰ ਜਾਂਦੀ ਹੈ। ਘੁੰਗਰਾਲੀਆਂ ਲਹਿਰਾਂ ਕੰਢੇ ਤਕ ਇਕ ਦੂਜੀ ਦਾ ਪਿੱਛਾ ਕਰਦੀਆਂ ਹਨ।

ਆਪਣੀ ਨਿੱਕੀ ਜਿਹੀ ਰੁੱਖੀ ਸ਼ਕਲ, ਨੋਕਦਾਰ ਨੱਕ ਤੇ ਡੂੰਘੀਆਂ ਝੁਰੜੀਆਂ ਵਿੱਚ ਲੁਕੀਆਂ ਹੋਈਆਂ ਗੋਲ ਅਤੇ ਬੜੀਆਂ ਤਿੱਖੀਆਂ ਅੱਖਾਂ ਸਦਕਾ ਬੁੱਢਾ ਮਾਹੀਗੀਰ ਇੱਕ ਪੰਛੀ ਵਰਗਾ ਜਾਪਦਾ ਹੈ। ਉਸ ਦੀਆਂ ਵਿੰਗੀਆਂ ਟੇਢੀਆਂ ਅਤੇ ਰੁੱਖੀਆਂ ਉਂਗਲਾਂ ਉਸ ਦੇ ਗੋਡਿਆਂ ‘ਤੇ ਬਿਨਾਂ ਕਿਸੇ ਹਿਲਜੁਲ ਦੇ ਟਿਕੀਆਂ ਹੋਈਆਂ ਹਨ।

”ਸੱਜਣਾ, ਕੋਈ ਪੰਜਾਹ ਵਰ੍ਹੇ ਪਹਿਲਾਂ,” ਲਹਿਰਾਂ ਦੀ ਸਰਸਰਾਹਟ ਅਤੇ ਝੀਂਗਰਾਂ ਦੀ ਝਣਕਾਰ ਦੇ ਨਾਲ਼ ਇੱਕ ਸੁਰ ਹੋਈ ਅਵਾਜ਼ ਵਿੱਚ ਬੁੱਢੇ ਨੇ ਕਿਹਾ, ”ਮੈਨੂੰ ਇਕ ਅਜਿਹਾ ਚਮਕਦਾਰ ਅਤੇ ਅਨੰਦ ਭਰਿਆ ਦਿਨ ਚੇਤੇ ਆਉਂਦਾ ਹੈ ਜਦ ਹਰ ਸ਼ੈ ਮੁਸਕਰਾਉਂਦੀ ਅਤੇ ਗਾਉਂਦੀ ਹੋਈ ਵਿਖਾਈ ਦੇ ਰਹੀ ਸੀ। ਮੇਰੇ ਪਿਤਾ ਜੀ ਦੀ ਉਮਰ ਓਸ ਵੇਲੇ ਲਗਭਗ ਚਾਲ੍ਹੀਆਂ ਵਰ੍ਹਿਆਂ ਦੀ ਸੀ ਤੇ ਮੈਂ ਸੋਲ੍ਹਾਂ ਵਰ੍ਹਿਆਂ ਦਾ ਸਾਂ। ਮੈਂ ਪਿਆਰ ਕਰਨ ਲੱਗਾ ਸਾਂ ਜਿਵੇਂ ਕਿ ਸਾਡੇ ਇਲਾਕੇ ਵਰਗੀ ਗਰਮ ਜਲਵਾਯੂ ਵਿਚ ਰਹਿਣ ਵਾਲੇ ਸੋਲ੍ਹਾਂ ਵਰ੍ਹਿਆਂ ਦੇ ਮੁੰਡੇ ਲਈ ਬਿਲਕੁਲ ਸੁਭਾਵਕ ਹੈ।

”ਆ ਗਵੀਦੋ, ਮੇਰੇ ਪਿਤਾ ਜੀ ਨੇ ਕਿਹਾ, ‘ਕੁਝ ਪਿਤਸੋਨੀ ਫੜਨ ਚਲੀਏ।’ ਪਿਤਸੋਨੀ ਇੱਕ ਬੜੀ ਹੀ ਕੂਲੀ ਤੇ ਸਵਾਦਲੀ ਮੱਛੀ ਏ। ਜਿਸ ਦੇ ਗੁਲਾਬੀ ਪਰ ਹੁੰਦੇ ਹਨ। ਇਹ ਡੂੰਘੇ ਪਾਣੀ ਵਿਚ ਮੂੰਗੇ ਦੀਆਂ ਤੈਹਾਂ ਵਿਚ ਮਿਲਦੀ ਹੈ ਤੇ ਇਸ ਲਈ ਇਸ ਨੂੰ ਮੂੰਗਾ ਮੱਛੀ ਵੀ ਕਹਿੰਦੇ ਹਨ, ਲੰਗਰ ਸੁਟ ਕੇ ਬੇੜੀ ਖੜ੍ਹੀ ਕਰ ਕੇ ਬੋਝਲ ਕੰਡਿਆਂ ਨਾਲ਼ ਉਹ ਫੜ੍ਹੀ ਜਾਂਦੀ ਹੈ। ਇਹ ਮੱਛੀ ਬੜੀ ਸੁਹਣੀ ਹੁੰਦੀ ਹੈ।

”ਤੇ ਅਸੀਂ ਪਿਤਸੋਨੀ ਫੜ੍ਹਨ ਲਈ ਤੁਰੇ। ਦਿਲ ਵਿਚ ਖ਼ਿਆਲ ਸੀ ਕਿ ਅਸੀਂ ਜ਼ਰੂਰ ਸਫਲ ਹੋਵਾਂਗੇ। ਮੇਰੇ ਪਿਤਾ ਜੀ ਬੜੇ ਤਗੜੇ ਤੇ ਤਜ਼ਰਬੇਕਾਰ ਮਾਹੀਗੀਰ ਸਨ, ਪਰ ਉਸ ਤੋਂ ਕੁਝ ਹੀ ਦਿਨ ਪਹਿਲਾਂ ਉਹ ਬੀਮਾਰ ਹੋਏ ਸਨ। ਉਨ੍ਹਾਂ ਦੀ ਛਾਤੀ ਵਿਚ ਦਰਦ ਸੀ ਤੇ ਗੰਠੀਏ ਨਾਲ਼ ਉਨ੍ਹਾਂ ਦੀਆਂ ਉਂਗਲਾਂ ਆਕੜ ਗਈਆਂ ਸਨ ਜੋ ਕਿ ਮਾਹੀਗੀਰਾਂ ਦਾ ਰੋਗ ਹੈ।

”ਸਮੁੰਦਰ ਦੇ ਕੰਢੇ ਵਲੋਂ ਸਾਡੀ ਵੱਲ ਵਹਿਣ ਵਾਲੀ ਅਤੇ ਸਾਨੂੰ ਸਮੁੰਦਰ ਵੱਲ ਹੌਲ਼ੀ ਹੌਲ਼ੀ ਧੱਕਣ ਵਾਲੀ ਇਹ ਸੁਹਲ ਹਵਾ ਅਸਲ ਵਿਚ ਬੜੀ ਹੀ ਧੌਖੇਬਾਜ਼ ਤੇ ਭੈੜੀ ਹੁੰਦੀ ਹੈ। ਉਹ ਵਗਦੀ ਹੋਈ ਚਾਣਚੱਕ ਸਾਡੇ ‘ਤੇ ਝਪਟ ਪੈਂਦੀ ਹੈ ਜਿਵੇਂ ਅਸੀਂ ਉਸ ਨੂੰ ਕੋਈ ਸੱਟ ਮਾਰੀ ਹੋਵੇ। ਸਾਡੀਆਂ ਬੇੜੀਆਂ ਨੂੰ ਉਹ ਹਵਾ ਵਿਚ ਉਡਾ ਦਿੰਦੀ ਹੈ ਤੇ ਕਦੇ-ਕਦੇ ਤਾਂ ਬੇੜੀ ਪੁੱਠੀ ਹੋ ਜਾਂਦੀ ਹੈ ਤੇ ਅਸੀਂ ਪਾਣੀ ਵਿਚ ਡਿੱਗ ਪੈਂਦੇ ਹਾਂ। ਇਹ ਸਭ ਏਨਾਂ ਝਬਦੇ ਹੁੰਦਾ ਹੈ ਕਿ ਉਸ ਹਵਾ ਨੂੰ ਗਾਲ੍ਹਾਂ ਕੱਢਣ ਜਾ ਰੱਬ ਦਾ ਨਾਂ ਲੈਣ ਦੀ ਵਿਹਲ ਮਿਲਣ ਤੋਂ ਪਹਿਲਾਂ ਹੀ ਅਸੀਂ ਆਪਣੇ ਪਾਅ ਨੂੰ ਉੱਥੋਂ ਦੂਰ ਬੇਬਸੀ ਵਿਚ ਭੌਂਦੇ ਹੋਏ ਵੇਖਦੇ ਹਾਂ।

ਡਾਕੂ ਵੀ ਇਸ ਹਵਾ ਨਾਲੋਂ ਵਧੇਰੇ ਈਮਾਨਦਾਰ ਹੁੰਦੇ ਹਨ, ਪਰ ਫੇਰ ਆਦਮੀ ਵੀ ਤਾਂ ਹਮੇਸ਼ਾ ਹੀ ਤੱਤਾਂ ਨਾਲੋਂ ਵਧੇਰੇ ਈਮਾਨਦਾਰ ਹੁੰਦੇ ਹਨ।

”ਹਾਂ ਤਾਂ, ਅਜਿਹੀ ਹਵਾ ਨੇ ਸਾਨੂੰ ਕੰਢੇ ਤੋਂ ਚਾਰ ਕਿਲੋਮੀਟਰ ਦੀ ਵਿੱਥ ‘ਤੇ ਭਾਵ ਬਿਲਕੁਲ ਨੇੜੇ ਹੀ ਘੇਰ ਲਿਆ। ਕਿਸੇ ਡਰਪੋਕ ਤੇ ਬਦਮਾਸ਼ ਵਾਂਗ ਉਹ ਚਾਣਚਕ ਸਾਡੇ ਸਾਹਮਣੇ ਆਈ।

”ਗਵੀਦੋ।’ ਆਪਣੇ ਆਂਕੜੇ ਹੋਏ ਹੱਥਾਂ ਵਿਚ ਚੱਪੂ ਫੜਦਿਆਂ ਮੇਰੇ ਪਿਤਾ ਜੀ ਚੀਕੇ। ‘ਸੰਭਲ ਕੇ ਰਹੀਂ, ਗਵੀਦੋ! ਛੇਤੀ ਕਰ, ਲੰਗਰ ਸੁਟ!’

”ਪਰ ਮੈਂ ਲੰਗਰ ਚੁੱਕ ਰਿਹਾ ਸਾਂ ਕਿ ਹਵਾ ਨੇ ਪਿਤਾ ਜੀ ਦੇ ਹੱਥੋਂ ਚੱਪੂ ਖੋਹ ਲਿਆ ਤੇ ਉਨ੍ਹਾਂ ਦੀ ਛਾਤੀ ‘ਤੇ ਅਜਿਹਾ ਥਪੇੜਾ ਪਿਆ ਕਿ ਉਹ ਬੇਸੁਰਤ ਹੋ ਕੇ ਬੇੜੀ ਦੇ ਵਿਚ ਢਹਿ ਪਏ। ਮੈਂ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸਕਿਆ ਕਿਉਂਕਿ ਹਰ ਬਿੰਦ ਬੇੜੀ ਦੇ ਉਲਟ ਜਾਣ ਦਾ ਡਰ ਸੀ। ਹਰ ਚੀਜ਼ ਬੜੀ ਛੇਤੀ ਛੇਤੀ ਹੁੰਦੀ ਗਈ, ਮੈਂ ਚੱਪੂ ਨੂੰ ਫੜ ਤਾਂ ਲਿਆ, ਪਰ ਤਦ ਤਾਈਂ ਅਸੀਂ ਵਹਿੰਦੇ ਤੁਰੇ ਜਾ ਰਹੇ ਸਾਂ। ਚੁਫੇਰਿਓਂ ਵਾਛੜ ਨੇ ਸਾਨੂੰ ਘੇਰਿਆ ਹੋਇਆ ਸੀ। ਲਹਿਰਾਂ ਦੇ ਸਿਖਰਾਂ ਨੂੰ ਪਿੰਜਦੀ ਹੋਈ ਹਵਾ ਸਾਡੇ ‘ਤੇ ਉਸੇ ਤਰ੍ਹਾਂ ਪਾਣੀ ਛਿੜਕ ਰਹੀ ਸੀ ਜਿਸ ਤਰ੍ਹਾਂ ਕੋਈ ਪਾਦਰੀ ਕਰਦਾ ਹੈ। ਫ਼ਰਕ ਏਨਾ ਹੀ ਸੀ ਕਿ ਉਹ ਛਿੜਕਾ ਕਾਫੀ ਜ਼ੋਰਦਾਰ ਸੀ ਤੇ ਉਸ ਵਿੱਚ ਸਾਡੇ ਪਾਪਾਂ ਨੂੰ ਧੋਣ ਦਾ ਕੋਈ ਮਨੋਰਥ ਨਹੀਂ ਸੀ।

“’ਵੇਖ, ਪੁੱਤਰ, ਬੜੀ ਗੰਭੀਰ ਹਾਲਤ ਹੈ। ‘ ਹੋਸ਼ ਵਿੱਚ ਆ ਕੇ ਪਿਤਾ ਜੀ ਨੇ ਕਿਹਾ। ਕੰਢੇ ਵੱਲ ਵੇਖਦਿਆਂ ਉਹ ਬੋਲੇ, ‘ਬੜਾ ਵੱਡਾ ਝੱਖੜ ਝੁੱਲੇਗਾ।’

“ਜਦੋਂ ਅਸੀਂ ਜਵਾਨ ਹੁੰਦੇ ਹਾਂ, ਤਦ ਅਸੀਂ ਸੌਖਿਆਂ ਖ਼ਤਰੇ ਦੀ ਚਿੰਤਾਂ ਨਹੀਂ ਕਰਦੇ। ਮੈਂ ਜਾਨ ਲੜਾ ਕੇ ਚੱਪੁ ਚਲਾਉਣ ਦਾ ਯਤਨ ਕੀਤਾ ਤੇ ਦੂਜੀਆਂ ਸਾਰੀਆਂ ਚੀਜ਼ਾਂ ਕਰ ਲਈਆਂ ਜੋ ਮਲਾਹ ਨੂੰ ਅਜਿਹੇ ਖ਼ਤਰਨਾਕ ਮੌਕਿਆਂ ‘ਤੇ ਕਰਨੀਆਂ ਚਾਹੀਦੀਆਂ ਹਨ, ਜਦ ਹਵਾ ਦੇ ਰੂਪ ਵਿੱਚ ਨਿਰਦੇਈ ਸ਼ੈਤਾਨਾਂ ਦੇ ਸਾਹ ਸਾਡੇ ਲਈ ਹਜ਼ਾਰਾਂ ਕਬਰਾਂ ਪੁੱਟ ਰਹੇ ਹੋਣ ‘ਤੇ ਮੁਫ਼ਤ ਵਿੱਚ ਸਾਡਾ ਮਰਸੀਆ ਪੜ੍ਹ ਰਹੇ ਹੋਣ।

“’ਚੁੱਪ ਕਰ ਕੇ ਬੈਠ, ਗਵੀਦੋ!’ ਮੇਰੇ ਪਿਤਾ ਜੀ ਨੇ ਮੁਸਕਰਾਉਂਦਿਆਂ ਤੇ ਆਪਣੇ ਸਿਰ ਤੋਂ ਪਾਣੀ ਨੂੰ ਝਟਕਦਿਆਂ ਕਿਹਾ। ‘ਇਨ੍ਹਾਂ ਤੀਲੀਆਂ ਨਾਲ਼ ਸਮੁੰਦਰ ਪੁੱਟਣ ਵਿੱਚ ਕੀ ਮਿਲਣਾ ਏ? ਆਪਣੀ ਸ਼ਕਤੀ ਸਾਂਭ ਕੇ ਰੱਖ, ਨਹੀਂ ਤਾਂ ਤੇਰੇ ਲਈ ਘਰ ਵਾਲਿਆਂ ਦੀ ਉਡੀਕ ਵਿਅਰਥ ਜਾਵੇਗੀ।’

ਹਰੀਆਂ ਲਹਿਰਾਂ ਸਾਡੀ ਬੇੜੀ ਨੂੰ ਉਸੇ ਤਰ੍ਹਾ ਉੱਪਰ ਉਛਾਲਦੀਆਂ ਰਹੀਆਂ ਜਿਸ ਤਗ਼੍ਹਾਂ ਬੱਚੇ ਗੇਂਦ ਨੂੰ ਉਛਾਲਦੇ ਹਨ। ਉਹ ਬੇੜੀ ਦੇ ਕੰਢਿਆਂ ‘ਤੇ ਚੜ੍ਹ ਗਈਆਂ, ਸਾਡੇ ਸਿਰਾਂ ਤੋਂ ਵੀ ਉੱਪਰ ਉੱਛਲ ਪਈਆਂ ਤੇ ਜ਼ੋਰ-ਜ਼ੋਰ ਨਾਲ਼ ਗਰਜਦੀਆਂ ਹੋਈਆਂ ਸਾਨੂੰ ਪਾਗਲਾਂ ਵਾਂਗ ਝੂਨਣ ਲੱਗੀਆਂ। ਇੱਕ ਬਿੰਦ ਅਸੀਂ ਡਰਾਉਣੇ ਟੋਇਆ ਦੇ ਵਿੱਚ ਸਾਂ ਤਾਂ ਦੂਜੇ ਹੀ ਬਿੰਦ ਉੱਚੀਆਂ ਚਿੱਟੀਆਂ ਟੀਸੀਆਂ ‘ਤੇ। ਸਮੁੰਦਰ ਦਾ ਕੰਢਾਂ ਬੜੀ ਤੇਜ਼ ਰਫਤਾਰ ਨਾਲ਼ ਦੂਰ ਭੱਜਦਾ ਜਾ ਰਿਹਾ ਸੀ ਤੇ ਸਾਡੀ ਬੇੜੀ ਦੇ ਨਾਲ਼ ਨੱਚਦਾ ਹੋਇਆ ਪ੍ਰਤੀਤ ਹੋ ਰਿਹਾ ਸੀ।  

“’ਤੂੰ ਪਰਤ ਕੇ ਜਾ ਸਕੇਗਾਂ, ਪਰ ਮੈਂ ਨਹੀਂ!’ ਪਿਤਾ ਜੀ ਨੇ ਮੈਂਨੂੰ ਕਿਹਾ। ‘ਸੁਣ, ਮੈਂ ਤੈਨੂੰ ਮਾਹੀਗੀਰ ਤੇ ਦੂਜੇ ਕੰਮਾਂ ਬਾਰੇ ਕੁਝ ਗੱਲਾਂ ਦੱਸ ਦਿਆਂ…’

(ਅਗਲੇ ਅੰਕ ‘ਚ ਜਾਰੀ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ