ਮਹਾਨ ਲਿਖਤਾਂ ਦੀ ਆਤਮਾ ਨੂੰ ਲੀਰੋ-ਲੀਰ ਕਰਦੇ ਬਹੁਤ ਸਾਰੇ ਪੰਜਾਬੀ ਅਨੁਵਾਦ ਤੇ ਉਹਨਾਂ ਦੇ “ਅਨੁਵਾਦਕ” •ਕੁਲਦੀਪ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਿਸੇ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਕਾਰਜ ਵੀ ਇੱਕ ਤਰਾਂ ਦਾ ਸਿਰਜਣਾਤਮਕ ਕਾਰਜ ਹੀ ਹੈ ਜੋ ਅਨੁਵਾਦਕ ਤੋਂ ਜਿੱਥੇ ਦੋਵੇਂ ਭਾਸ਼ਾਵਾਂ – ਮੂਲ-ਭਾਸ਼ਾ ਅਤੇ ਅਨੁਵਾਦ ਦੀ ਭਾਸ਼ਾ – ਦੇ ਡੂੰਘੇ ਗਿਆਨ ਦੀ ਮੰਗ ਕਰਦਾ ਹੈ ਉੱਥੇ ਡੂੰਘੇ ਦਾਰਸ਼ਨਿਕ ਗਿਆਨ ਵਾਲ਼ੀ ਪ੍ਰਬੁੱਧ, ਸੰਜੀਦਾ ਤੇ ਧੀਰਜਵਾਨ ਸ਼ਖ਼ਸ਼ੀਅਤ ਦੀ ਮੰਗ ਵੀ ਕਰਦਾ ਹੈ। ਥੋੜੀ ਜਿਹੀ ਕਾਹਲ, ਅਣਗਹਿਲੀ ਜਾਂ ਘੱਟ-ਸਮਝੀ ਜਿੱਥੇ ਅਨੁਵਾਦ ਵਿੱਚ ਸਤਹੀਪਣ ਲਿਆ ਸਕਦੀ ਹੈ ਉੱਥੇ ਲਿਖਤ ਦੀ ਅੰਤਰ-ਆਤਮਾ ਨੂੰ ਵਲੂੰਧਰ ਸਕਦੀ ਹੈ। ਅਨੁਵਾਦਕ ਦੁਆਰਾ ਕਿਸੇ ਲਿਖਤ ਨੂੰ ਉਸਦੀ ਅੰਤਰ-ਆਤਮਾ ਸਹਿਤ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਕੰਮ ਕਿਸੇ ਬੂਟੇ ਨੂੰ ਖੁੰਘ ਕੇ ਦੂਜੀ ਮਿੱਟੀ ਵਿੱਚ ਇਸ ਤਰਾਂ ਲਾਉਣ ਬਰਾਬਰ ਹੈ ਕਿ ਦੂਜੀ ਮਿੱਟੀ ਵਿੱਚ ਬੂਟੇ ਨੂੰ ਜੜ ਸਮੇਤ ਓਪਰੇਪਣ ਦਾ ਅਹਿਸਾਸ ਨਾ ਹੋਵੇ। ਅਨੁਵਾਦ ਦਾ ਕੰਮ ਨਿਰਾ-ਪੁਰਾ ਬੁੱਤ-ਤਰਾਸ਼ ਵਰਗਾ ਵੀ ਨਹੀਂ ਹੈ – ਇਸ ਤੁਲਨਾ ਦਾ ਮਤਲਬ ਬੁੱਤ-ਕਲਾ ਨੂੰ ਨੀਵਾਂ ਦਿਖਾਉਣਾ ਵੀ ਨਹੀਂ ਹੈ – ਜੋ ਕਿਸੇ ਸੋਹਣੇ ਇਨਸਾਨ ਦਾ ਬੁੱਤ ਤਾਂ ਹੂ-ਬ-ਹੂ ਬਣਾ ਦਿੰਦਾ ਹੈ ਪਰ ਉਸ ਵਿੱਚ ਆਤਮਾ ਪਾਉਣ ਦਾ ਹੁਨਰ ਉਹ ਨਹੀਂ ਜਾਣਦਾ। ਅਨੁਵਾਦ ਦਾ ਕੰਮ ਕਿਸੇ ਲਿਖਤ ਨੂੰ ਉਸਦੇ ਸ਼ਬਦਾਂ ਰੂਪੀ ਬੁੱਤ ਤੇ ਅੰਤਰ-ਆਤਮਾ ਸਮੇਤ ਕਿਸੇ ਦੂਜੀ ਭਾਸ਼ਾ ਵਿੱਚ ਲਿਜਾਣ ਦਾ ਅਜਿਹਾ ਹੁਨਰ ਹੈ ਕਿ ਦੂਜੀ ਭਾਸ਼ਾ ਦੇ ਸ਼ਾਬਦਿਕ ਗਲਾਫ ਹੇਠ ਮੂਲ-ਲਿਖਤ ਦੀ ਅੰਤਰ-ਆਤਮਾ ਨੂੰ ਘੁਟਣ ਮਹਿਸੂਸ ਨਾ ਹੋਵੇ। ਉਸਦੇ ਰੂਪ ਤੇ ਸਾਰਤੱਤ ਵਿਚਲਾ ਤੋਲ ਕਾਇਮ ਰਹਿ ਸਕੇ। ਅਨੁਵਾਦਕ ਦਾ ਕੰਮ ਕਿਸੇ ਲਿਖਤ ਨੂੰ ਹੂ-ਬ-ਹੂ ਦੂਜੀ ਭਾਸ਼ਾ ਵਿੱਚ ਲਿਖਣ ਦਾ ਹੁੰਦਾ ਹੈ। ਜਿਸ ਵਿੱਚ ਕੁਝ ਵੀ ਕੋਲੋਂ ਨਹੀਂ ਜੋੜਿਆ ਜਾ ਸਕਦਾ ਤੇ ਨਾ ਹੀ ਕੁਝ ਛੱਡਿਆ ਜਾ ਸਕਦਾ ਹੈ। ਨਾ ਹੀ ਉਸਨੂੰ ਸੰਖੇਪ ਕਰਨ ਦਾ ਹੱਕ ਅਨੁਵਾਦਕ ਨੂੰ ਹੁੰਦਾ ਹੈ। ਜੇਕਰ ਅਨੁਵਾਦਕ ਨੂੰ ਲੱਗਦਾ ਹੈ ਕਿ ਉਸ ਲਿਖਤ ਵਿੱਚ ਕੋਈ ਗੱਲ ਗ਼ਲਤ ਹੈ ਜਾਂ ਉਸਦਾ ਅੱਜ ਕੋਈ ਮਹੱਤਵ ਨਹੀਂ ਰਹਿ ਗਿਆ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਨੁਵਾਦਕ ਉਸਨੂੰ ਠੀਕ ਕਰਨ ਬੈਠ ਜਾਵੇ। ਹਾਂ ਜੇਕਰ ਉਸ ਲਿਖਤ ਵਿੱਚ ਕੁਝ ਗ਼ਲਤ ਲੱਗਦਾ ਹੈ ਤਾਂ ਉਸ ਬਾਰੇ ਅਲੱਗ ਤੋਂ ਲੇਖ ਲਿਖਿਆ ਜਾ ਸਕਦਾ ਹੈ। ਪਰ ਸਾਡੇ ਬਹੁਤ ਸਾਰੇ ਅਨੁਵਾਦਕਾਂ ਨੇ ਇਹ ਦੋਵੇਂ ਕੰਮ ਇਕੱਠੇ ਹੀ ਕੀਤੇ ਹੋਏ ਹਨ। ਕਈ ਵਾਰ ਅਨੁਵਾਦਾਂ ਵਿੱਚ ਅਨੁਵਾਦਕ ਆਪਣੀ “ਪ੍ਰਤਿਭਾ” ਦਿਖਾਉਣ ਲੱਗ ਜਾਂਦੇ ਹਨ। ਭਾਵੇਂ ਪੰਜਾਬੀ ਦੇ ਕੁਝ ਅਨੁਵਾਦਕਾਂ ਨੇ ਅਨੁਵਾਦ ਦੇ ਇਸ ਗੰਭੀਰ ਕਾਰਜ ਪ੍ਰਤੀ ਆਪਣੀ ਡੂੰਘੀ ਪ੍ਰਤੀਬੱਧਤਾ ਪ੍ਰਗਟਾਈ ਹੈ।

ਪੰਜਾਬੀ ਭਾਸ਼ਾ ਵਿੱਚ ਪਿਆਰਾ ਸਿੰਘ ਸਹਿਰਾਈ, ਗੁਰਬਖ਼ਸ਼ ਸਿੰਘ ਫਰੈਂਕ, ਡਾ. ਕਰਨਜੀਤ ਸਿੰਘ, ਸੁਖਬੀਰ, ਪ੍ਰੀਤਮ ਸਿੰਘ ਮਨਚੰਦਾ ਵਰਗੇ ਬਹੁਤ ਸਾਰੇ ਹੁਨਰਮੰਦ ਅਨੁਵਾਦਕਾਂ ਨੇ ਪੰਜਾਬੀ ਭਾਸ਼ਾ ਦੀ ਝੋਲੀ ਚੰਗੇ ਅਨੁਵਾਦ ਪਾ ਕੇ ਪੰਜਾਬੀ ਮਾਂ-ਬੋਲੀ ਦੇ ਖ਼ਜਾਨੇ ਨੂੰ ਅਮੀਰ ਕੀਤਾ ਹੈ। ਅਜਿਹੇ ਅਨੁਵਾਦਕਾਂ ਦੀ ਮਿਹਨਤ ਸਦਕਾ ਪੰਜਾਬੀ ਪਾਠਕ ਸੰਸਾਰ ਦੇ ਬੇਹਤਰੀਨ ਕਲਾਸਿਕ ਸਾਹਿਤ, ਕਲਾ, ਸਿਆਸੀ-ਵਿਗਿਆਨ, ਸਿਆਸੀ ਅਰਥ-ਸ਼ਾਸਤਰ, ਦਰਸ਼ਨ, ਵਿਗਿਆਨ ਆਦਿ ਤੋਂ ਜਾਣੂ ਹੋਏ ਹਨ। ਬਹੁਤ ਸਾਰੇ ਲੇਖਕਾਂ, ਵਿਦਵਾਨਾਂ ਅਤੇ ਆਲੋਚਕਾਂ ਨੇ ਇਹਨਾਂ ਲਿਖਤਾਂ ਤੋਂ ਬਹੁਤ ਲਾਹਾ ਲਿਆ। ਪੰਜਾਬੀ ਸਮਾਜ ਵਿੱਚ ਗਿਆਨ ਦੀ ਜੋਤ ਨੂੰ ਮਘਾਉਣ ਦੇ ਕੰਮ ਵਿੱਚ ਇਹਨਾਂ ਅਨੁਵਾਦਕਾਂ ਦਾ ਬਹੁਤ ਯੋਗਦਾਨ ਹੈ। ਪੰਜਾਬੀ ਲੋਕ ਇਹਨਾਂ ਅਨੁਵਾਦਕਾਂ ਦਾ ਦੇਣ ਨਹੀਂ ਦੇ ਸਕਦੇ ਜਿਹਨਾਂ ਨੇ ਗੋਰਕੀ, ਟਾਲਸਟਾਏ, ਚੈਖ਼ਵ, ਲੇਰਮਨਤੋਵ, ਪੁਸ਼ਕਿਨ, ਗੋਗੋਲ, ਥਾਮਸ ਹਾਰਡੀ, ਮਾਰਕਸ, ਏਂਗਲਜ਼, ਲੈਨਿਨ, ਸਤਾਲਿਨ, ਮਾਉ, ਦੋਸਤੋਵਸਕੀ, ਡਿਕਨਜ਼, ਮੁੰਨਸ਼ੀ ਪ੍ਰੇਮ ਚੰਦ, ਆਦਿ ਵਰਗੇ ਸੰਸਾਰ ਦੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਨੂੰ ਸਾਡੀ ਭਾਸ਼ਾ ਵਿੱਚ ਉਲਥਾ ਕੇ ਪੰਜਾਬੀ ਪਾਠਕਾਂ ਲਈ ਗਿਆਨ ਦੇ ਸੰਸਾਰ-ਵਿਆਪੀ ਦਰਵਾਜ਼ੇ ਨੂੰ ਖੋਲਿਆ ਹੈ। ਅਜਿਹੇ ਅਨੁਵਾਦਕਾਂ ਨੂੰ ਸਾਡਾ ਸਲਾਮ ਹੈ। ਇਹਨਾਂ ਦੇ ਅਨੁਵਾਦ ਪੜ ਕੇ ਇਸ ਤਰਾਂ ਲੱਗਦਾ ਹੈ ਕਿ ਲੇਖਕ ਨੇ ਜਿਵੇਂ ਕਿਤਾਬ ਪੰਜਾਬੀ ਵਿੱਚ ਹੀ ਲਿਖੀ ਹੋਵੇ।

ਪਰ ਪੰਜਾਬੀ ਵਿੱਚ ਅਜਿਹੇ ਵੀ ਬਹੁਤ ਸਾਰੇ ਅਨੁਵਾਦਕ ਹਨ ਜਿਹਨਾਂ ਨੇ ਮਹਾਨ ਲਿਖਤਾਂ ਦਾ ਉਹ ਹਾਲ ਕਰ ਦਿੱਤਾ ਹੈ ਜਿਵੇਂ ਪੇਂਜਾ ਕਪਾਹ ਦਾ ਕਰਦਾ ਹੈ। ਊਠ ਵਾਂਗ ਅਜਿਹੇ ਅਨੁਵਾਦਕ ਖਾਂਦੇ ਘੱਟ ਤੇ ਮਿੱਧਦੇ ਜ਼ਿਆਦਾ ਹਨ। ਇਹਨਾਂ ਦੇ ਬਹੁਤ ਸਾਰੇ ਅਨੁਵਾਦ ਪੰਜਾਬੀ ਵਿੱਚ ਛਪੇ ਹਨ ਜਿਹਨਾਂ ਨੂੰ ਪੜ ਕੇ ਮਨ ਘ੍ਰਿਣਾ ਨਾਲ਼ ਭਰ ਜਾਂਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਬਹੁਤ ਸਾਰੇ ਪੰਜਾਬੀ ਅਨੁਵਾਦਾਂ ਨੂੰ ਚੈਕ ਕਰਨ ਦਾ ਸਮਾਂ ਮਿਲ਼ਿਆ ਜਿਹਨਾਂ ਵਿੱਚ ਬਹੁਤ ਸਾਰੀਆਂ ਗੰਭੀਰ ਘਾਟਾਂ ਪਾਈਆਂ ਗਈਆਂ। ਘਾਟਾਂ ਵੀ ਜੇਕਰ ਥੋੜਾ-ਬਹੁਤ ਪਰੂਫ ਰੀਡਿੰਗ ਜਾਂ ਇੱਕ-ਦੁੱਕਾ ਸ਼ਬਦਾਂ ਦੀਆਂ ਹਲਕੀਆਂ ਜਿਹੀਆਂ ਕੁਝ ਕੁ ਹੁੰਦੀਆਂ ਤਾਂ ਫਿਰ ਵੀ ਇੱਕ ਹੱਦ ਤੱਕ ਬਰਦਾਸ਼ਤ ਕਰਨਯੋਗ ਸਨ, ਭਾਵੇਂ ਕਿ ਗੰਭੀਰ ਅਨੁਵਾਦਕ ਇਹਨਾਂ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ। ਪਰ ਜਦ ਅਨੁਵਾਦਕ ਮੂਲ ਲਿਖਤ ਦਾ ਕੁਝ ਹੋਰ ਹੀ ਬਣਾ ਦੇਵੇ ਤਾਂ ਜਰੂਰ ਸੋਚਣ ਵਾਲ਼ੀ ਗੱਲ ਹੈ। ਜਿਵੇਂ : – ਚਾਰਲਸ ਡਿਕਨਜ਼ ਦੇ ਸੰਸਾਰ ਪ੍ਰਸਿੱਧ ਨਾਵਲ ਟੇਲ ਆਫ਼ ਟੂ ਸਿਟੀਜ਼ ਦਾ ਪੰਜਾਬੀ ਵਿੱਚ ਅਨੁਵਾਦ ਹਰਬੰਸ ਸਿੰਘ ਤੇ ਨਰਿੰਦਰ ਸਿੰਘ ਸੋਚ ਨੇ ਕੀਤਾ ਹੈ। 570 ਪੰਨਿਆਂ ਦੇ ਅੰਗਰੇਜ਼ੀ ਨਾਵਲ ਨੂੰ – ਜਿਸਦੀ ਪ੍ਰਿਟਿੰਗ ਬਹੁਤ ਬਰੀਕ ਹੈ – ‘ਸੋਚ’ ਹੋਰਾਂ ਨੇ ਬਿਨਾਂ ਸੋਚੇ-ਸਮਝੇ ਹੀ 173 ਪੰਨਿਆਂ ਵਿੱਚ ਨਿਪਟਾ ਦਿੱਤਾ। ਅਜਿਹਾ ਲੱਗਦਾ ਹੈ ਜਿਵੇਂ ਉਹਨਾਂ ਨੇ ਇਸ ਨਾਵਲ ਦਾ ਅਨੁਵਾਦ ਨਾ ਕਰਕੇ ਇਸ ਨਾਵਲ ਨੂੰ ਅਸਲ ਵਿੱਚ ਆਪਣੀ ਸਮਝ ਅਨੁਸਾਰ ਲਿਖਿਆ ਹੈ। ਦੂਜਾ ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਛਪੀਆਂ ਅਤੇ ਹਰਜੀਤ ਸਿੰਘ ਮਾਂਗਟ ਵੱਲੋਂ ਅਨੁਵਾਦ ਕੀਤੀਆਂ ਕੁਝ ਕਿਤਾਬਾਂ ਜਿਹਨਾਂ ਵਿੱਚ: ਡਾਰਵਿਨ ਦੀਆਂ ਮਹੱਤਵਪੂਰਨ ਕਿਤਾਬਾਂ ਜੀਵ ਦੀ ਉੱਤਪੱਤੀ, ਮਨੁੱਖ ਦੀ ਉੱਤਪੱਤੀ, ਲੁਇਸ ਹੈਨਰੀ ਮਾਰਗਨ ਦੀ ਸੰਸਾਰ ਪ੍ਰਸਿੱਧ ਕਿਤਾਬ ਪੁਰਾਨਤ ਸਮਾਜ, ਫਰਾਇਡ ਦੀਆਂ ਕਿਤਾਬਾਂ ਜਿਵੇਂ ਮਨੋਵਿਸ਼ਲੇਸ਼ਣ, ਪ੍ਰਮਾਤਮਾ ਦੀ ਉੱਤਪੱਤੀ ਤੇ ਇਸ ਭਰਮ ਦਾ ਭਵਿੱਖ ਆਦਿ ਹਨ। ਇਹਨਾਂ ਸਾਰੀਆਂ ਹੀ ਕਿਤਾਬਾਂ ਦੇ ਅਨੁਵਾਦ ਜਿੱਥੇ ਬੇਹੱਦ ਘਟੀਆ ਤੇ ਸੰਖੇਪ ਹਨ ਉੱਥੇ ਆਪਣੇ ਵੱਲੋਂ ਵੀ ਬਹੁਤ ਕੁਝ ਜੋੜਿਆ ਹੋਇਆ ਹੈ। ਅੈੱਲ. ਐੱਚ. ਮੌਰਗਨ ਦੀ ਕਿਤਾਬ Ancient Society ਨੂੰ ਹਰਜੀਤ ਮਾਂਗਟ ਨੇ ਪੁਰਾਤਨ ਸਮਾਜ ਨਾਂ ਹੇਠ ਅਨੁਵਾਦ ਕੀਤਾ ਹੈ। 348 ਪੰਨਿਆਂ ਦੀ ਇਸ ਕਿਤਾਬ ਨੂੰ ਉਹਨਾਂ ਨੇ 182 ਪੰਨਿਆਂ ਵਿੱਚ ਹੀ ਨਿਬੇੜ ਦਿੱਤਾ ਹੈ। ਜਿਵੇਂ ਇਸ ਕਿਤਾਬ ਦਾ ਪਹਿਲਾ ਪਾਠ ਮੂਲ ਲਿਖਤ ਵਿੱਚ 10 ਪੇਜ਼ਾਂ ਦਾ ਹੈ ਪਰ ਉਹਨਾਂ ਨੇ ਤਿੰਨ ਪੇਜ਼ਾਂ ਵਿੱਚ ਹੀ ਨਿਬੇੜਿਆ ਹੈ ਅਤੇ ਇਹੀ ਹਾਲ ਸਾਰੀ ਕਿਤਾਬ ਦਾ ਕੀਤਾ ਹੈ। ਪਾਠਾਂ ਦੇ ਹੈਡਿੰਗਾਂ ਦੀ ਤੋੜ-ਮਰੋੜ ਕੀਤੀ ਹੈ, ਫੁੱਟ ਨੋਟ ਤੇ ਪੁਸਤਕ-ਸੂਚੀ ਬਾਰੇ ਤਾਂ ਅਨੁਵਾਦਕ ਨੇ ਸੋਚਿਆ ਤੱਕ ਨਹੀਂ ਕਿ ਇਹ ਵੀ ਅਨੁਵਾਦ ਕਰਨੀ ਹੁੰਦੀ ਹੈ। ਅਸੀਂ ਕੇਵਲ ਅਕਾਰ ਦੇਖ ਕੇ ਹੀ ਗੱਲ ਨਹੀਂ ਕਰ ਰਹੇ ਸਗੋਂ ਉਪਰੋਕਤ ਸਾਰੀਆਂ ਕਿਤਾਬਾਂ ਨੂੰ ਮੂਲ ਅੰਗਰੇਜ਼ੀ ਕਿਤਾਬਾਂ ਨਾਲ਼ ਮਿਲਾ ਕੇ ਚੈੱਕ ਕੀਤਾ ਗਿਆ ਹੈ ਜਿਸਦੇ ਆਧਾਰ ਉੱਤੇ ਅਸੀਂ ਗੱਲ ਕਰ ਰਹੇ ਹਾਂ। ਥੋੜੀ ਜਿਹੀ ਅੰਗਰੇਜ਼ੀ ਜਾਣਨ ਵਾਲ਼ਾ ਪਾਠਕ ਤਰਕ ਭਾਰਤੀ ਪ੍ਰਕਾਸ਼ਨ ਦੀਆਂ ਉਪਰੋਕਤ ਕਿਤਾਬਾਂ ਨੂੰ ਮੂਲ ਲਿਖਤਾਂ ਨਾਲ਼ ਮਿਲ਼ਾ ਕੇ ਇਹਨਾਂ ਘਾਟਾਂ ਦਾ ਅੰਦਾਜ਼ਾ ਲਗਾ ਸਕਦਾ ਹੈ।

ਮਾਂਗਟ ਦੁਆਰਾ ਅਨੁਵਾਦਿਤ ਡਾਰਵਿਨ ਦੀਆਂ ਮਹਾਨ ਕਿਤਾਬਾਂ ਦਾ ਵੀ ਸੱਤਿਆਨਾਸ ਕੀਤਾ ਹੋਇਆ ਹੈ। ਜਿਵੇਂ ਡਾਰਵਿਨ ਦੀ ਕਿਤਾਬ The Descent of Man and selection in Relation to sex ਹੈ। ਇਹ ਕਿਤਾਬ ਦੋ ਭਾਗਾਂ ਵਿੱਚ ਹੈ। ਪਹਿਲਾ ਭਾਗ 423 ਪੇਜ਼ਾਂ ਦਾ ਹੈ ਅਤੇ ਦੂਜਾ ਭਾਗ 475 ਪੇਜ਼ਾਂ ਦਾ। ਪਰ ਮਾਂਗਟ ਹੋਰਾਂ ਨੇ ਕੇਵਲ ਪਹਿਲੇ ਭਾਗ ਨੂੰ ਹੀ ਮੂਲ ਕਿਤਾਬ ਮੰਨ ਕੇ ਉਸਦਾ ਅਨੁਵਾਦ ਕੀਤਾ ਹੈ ਅਤੇ ਉਹ ਵੀ 204 ਪੇਜ਼ਾਂ ਵਿੱਚ ਨਿਬੇੜਿਆ ਹੈ। ਪ੍ਰਕਾਸ਼ਕ ਵੱਲੋਂ ਜਾਂ ਅਨੁਵਾਦਕ ਵੱਲੋਂ ਇਸਦੀ ਲੋੜ ਹੀ ਨਹੀਂ ਸਮਝੀ ਕਿ ਇਹ ਲਿਖਿਆ ਜਾਵੇ ਕਿ ਇਹ ਪਹਿਲੇ ਭਾਗ ਦਾ ਹੀ ਅਨੁਵਾਦ ਹੈ ਤੇ ਉਹ ਵੀ ਸੰਖੇਪ। ਇਸ ਕਿਤਾਬ ਦੇ ਸ਼ੁਰੂ ਵਿੱਚ ਉਹਨਾਂ ਨੇ ਏਂਗਲਜ਼ ਦਾ ਲੇਖ ‘ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਦਾ ਪਾਇਆ ਯੋਗਦਾਨ’ ਦਿੱਤਾ ਹੈ। ਇਹਨਾਂ ਵੱਲੋਂ ਦਿੱਤਾ ਇਹ ਲੇਖ ਵੀ ਏਂਗਲਜ਼ ਦੇ ਮੂਲ ਲੇਖ – ਪ੍ਰੋਗਰੈਸ ਪ੍ਰਕਾਸ਼ਨ ਮਾਸਕੋ ਦੁਆਰਾ 1972 ਵਿੱਚ ਅੰਗਰੇਜ਼ੀ ਵਿੱਚ ਛਪੀ ਏਂਗਲਜ਼ ਦੀ ਕਿਤਾਬ Dialectics of Nature ਵਿੱਚ ਪੰਨਾ 170 ਤੋਂ 183 ਤੱਕ ਦਿੱਤੇ ਮੂਲ ਲੇਖ ਨਾਲ਼ ਮਿਲ਼ਾ ਕੇ ਚੈੱਕ ਕੀਤਾ ਹੈ – ਨਾਲ਼ ਦੋ-ਚਾਰ ਪੈਰਿਆਂ ਨੂੰ ਛੱਡ ਕੇ ਕਿਤੇ ਵੀ ਮੇਲ ਨਹੀਂ ਖਾਂਦਾ। ਪਤਾ ਨਹੀਂ ਅਨੁਵਾਦਕ ਨੇ ਏਂਗਲਜ਼ ਦੇ ਨਾਂ ਹੇਠ ਇਹ ਆਪਣੇ ਕੋਲੋਂ ਲਿਖਿਆ ਹੈ ਜਾਂ ਕਿਸੇ ਹੋਰ ਲੇਖ ਨੂੰ ਏਂਗਲਜ਼ ਦੇ ਨਾਂ ‘ਤੇ ਛਾਪ ਦਿੱਤਾ। ਡਾਰਵਿਨ ਦੀ ਦੂਜੀ ਕਿਤਾਬ Origin of Species by means of Natural Selection ਜੋ 440 ਪੰਨਿਆਂ ਦੀ ਹੈ, ਇਸਦਾ ਵੀ ਅਨੁਵਾਦ ਹਰਜੀਤ ਮਾਂਗਟ ਨੇ ਕੀਤਾ ਹੈ ਤੇ ਤਰਕਭਾਰਤੀ ਪ੍ਰਕਾਸ਼ਨ ਨੇ ਛਾਪੀ ਹੈ। ਇਸ ਕਿਤਾਬ ਨੂੰ ਉਹਨਾਂ ਨੇ 340 ਪੰਨਿਆਂ ਵਿੱਚ ਨਿਬੇੜਿਆ ਹੈ। ਜਿਵੇਂ ਕਿਤਾਬ ਦੇ ਪਹਿਲੇ ਹੀ ਪੈਰੇ ਵਿੱਚ ਅਨੁਵਾਦਕ ਨੇ ਤਿੰਨ ਚਾਰ ਲਾਇਨਾਂ ਕੋਲੋਂ ਲਿਖੀਆਂ ਹਨ, ਇਹੀ ਨਹੀਂ ਪੂਰੀ ਕਿਤਾਬ ਵਿੱਚ ਇਹ ਹਾਲ ਹੈ ਕਿਤੇ-ਕਿਤੇ ਅਨੁਵਾਦਕ ਡਾਰਵਿਨ ਨੂੰ ਚੁੱਪ ਕਰਵਾ ਕੇ ਆਪ ਬੋਲਣ ਲੱਗ ਜਾਂਦਾ ਹੈ। ਮੂਲ ਲਿਖਤ ਦਾ ਪੂਰਾ ਨਾਂ ਸੰਖੇਪ ਕਰਕੇ ਲਿਖਿਆ ਹੈ। ਪੁਸਤਕ-ਸੂਚੀ ਜਾਂ ਹਵਾਲਿਆਂ ਨੂੰ ਅਨੁਵਾਦ ਕਰਨ ਦੀ ਅਨੁਵਾਦਕ ਨੇ ਲੋੜ ਹੀ ਨਹੀਂ ਸਮਝੀ। ਇਹੀ ਹਾਲ ਮਾਂਗਟ ਨੇ ਸਿਗਮੰਡ ਫਰਾਇਡ ਦੀਆਂ ਮਹੱਤਵਪੂਰਨ ਕਿਤਾਬਾਂ ਦਾ ਕੀਤਾ ਹੈ। ਫਰਾਇਡ ਦੀ ਮਹੱਤਵਪੂਰਨ ਕਿਤਾਬ A General Introduction to psychoanalysis 428 ਪੰਨਿਆਂ ਦੀ ਕਿਤਾਬ ਹੈ ਜਿਸ ਵਿੱਚ ਉਹਨਾਂ ਦੇ 28 ਲੈਕਚਰ ਹਨ। ਪਰ ਮਾਂਗਟ ਨੇ ਇਸਨੂੰ ਸੰਖੇਪ ਰੂਪ ਵਿੱਚ 141 ਪੇਜ਼ਾਂ ‘ਚ ਅਨੁਵਾਦ ਕੀਤਾ ਹੈ। ਹੈਰਾਨੀ ਹੁੰਦੀ ਹੈ ਕਿ ਅਨੁਵਾਦ ਨੂੰ ਸੰਖੇਪ ਰੂਪ ਵਿੱਚ ਕਿਵੇਂ ਛਾਪਿਆ ਜਾ ਸਕਦਾ ਹੈ। ਕਿਤਾਬ ਦੀ ਭੂਮਿਕਾ ਵਿੱਚ ਉਹਨਾਂ ਖੁਦ ਲਿਖਿਆ ਹੈ ਕਿ “ਪੰਜਾਬੀ ਵਿੱਚ ਉਸਦੀ ਸੰਸਾਰ ਪ੍ਰਸਿੱਧ ਰਚਨਾ ਨੂੰ ਸੰਖੇਪ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਕਿਸੇ ਨੁਕਤੇ ਦੀ ਵਿਆਖਿਆ ਲਈ ਲੰਮੀਆਂ ਉਦਾਹਰਨਾਂ ਨੂੰ ਸੰਖੇਪ ਕਰ ਦਿੱਤਾ ਗਿਆ ਹੈ” (ਪੰਨਾ 5, ਤਰਕਭਾਰਤੀ ਪ੍ਰਕਾਸ਼ਨ, ਜੂਨ 2001)। ਫਰਾਇਡ ਦੀ ਦੂਜੀ ਮਹੱਤਵਪੂਰਨ ਕਿਤਾਬ Totem and Taboos ਦਾ ਹਰਜੀਤ ਮਾਂਗਟ ਵੱਲੋਂ ਕੀਤਾ ਸਿਰਲੇਖ ਦਾ ਅਨੁਵਾਦ ਹੀ ਗ਼ਲਤ ਹੈ ਉਹਨਾਂ ਨੇ ਇਸਨੂੰ ਪਰਮਾਤਮਾ ਦੀ ਉੱਤਪੱਤੀ ਸਿਰਲੇਖ ਹੇਠ ਅਨੁਵਾਦ ਕੀਤਾ ਹੈ। ਇਤਿਹਾਸ ਦੀ ਥੋੜੀ ਜਿਹੀ ਸਮਝ ਰੱਖਣ ਵਾਲ਼ਾ ਵਿਦਿਆਰਥੀ ਵੀ ਜਾਣਦਾ ਹੈ ਕਿ ਟੋਟਮ ਤੇ ਟੈਬੂ ਦੇ ਸੰਕਲਪ ਨੂੰ ਰੱਬ ਨਾਲ਼ ਨਹੀਂ ਜੋੜਿਆ ਜਾ ਸਕਦਾ ਹਾਂ ਧਰਮ ਦਾ ਮੁੱਢਲਾ ਰੂਪ ਇਹ ਹੋ ਸਕਦਾ ਹੈ। ਅਸਲ ਵਿੱਚ ਟੋਟਮ ਤੋਂ ਭਾਵ ਹੈ ਕਬੀਲੇ ਦਾ ਕੋਈ ਵੱਡ ਵਡੇਰਾ, ਦਰੱਖਤ, ਜਾਨਵਰ ਆਦਿ ਅਤੇ ਟੈਬੂ ਮਤਲਬ ਵਰਜਨਾਵਾਂ। ਜਿਵੇਂ ਕਿਸੇ ਕਬੀਲੇ ਵਿੱਚ ਹੁੰਦਾ ਸੀ ਕਿ ਟੋਟਮ ਦਾ ਮਾਸ ਨਹੀਂ ਖਾਣਾ, ਇਹ ਟੈਬੂ ਹੈ। ਪਰਮਾਤਮਾ ਦਾ ਸੰਕਲਪ ਤਾਂ ਟੋਟਮ ਤੇ ਟੈਬੂ ਤੋਂ ਬਹੁਤ ਬਾਅਦ ਦਾ ਸੰਕਲਪ ਹੈ। ਇਸ ਕਿਤਾਬ ਦੇ ਪਾਠਾਂ ਦੇ ਸਿਰਲੇਖਾਂ ਦੇ ਵੀ ਗ਼ਲਤ ਅਨੁਵਾਦ ਕੀਤੇ ਹਨ ਜਿਵੇਂ ਪਹਿਲੇ ਪਾਠ ‘The Savage’s Dread of Incest’ ਨੂੰ ਉਹਨਾਂ ਨੇ ‘ਵਰਜਿਤ ਰਿਸ਼ਤਿਆਂ ਵਿੱਚ ਕਾਮ ਸਬੰਧਾਂ ਦਾ ਭੈਅ’ ਤਹਿਤ ਅਨੁਵਾਦ ਕੀਤਾ ਹੈ ਪਰ ਇਸਦਾ ਅਨੁਵਾਦ ਬਣਦਾ ਹੈ ‘ਜਾਂਗਲੀਆਂ ਵਿੱਚ ਵਰਜਿਤ ਭੋਗ ਦਾ ਡਰ ਜਾਂ ਸਹਿਮ’। ਅਜਿਹੇ ਅਨੁਵਾਦ ਜਿੱਥੇ ਲੇਖਕ ਦੀ ਪੂਰੀ ਮਿਹਨਤ ਨਾਲ਼ ਬੇਇਨਸਾਫੀ ਹੈ ਉੱਥੇ ਪਾਠਕਾਂ ਨੂੰ ਮੂਰਖ ਬਣਾਉਣਾ ਹੈ। ਉਹਨਾਂ ਦੇ ਗਿਆਨ ਦੇ ਵਿਕਾਸ ਨੂੰ ਤੁਰਨ ਤੋਂ ਪਹਿਲਾਂ ਹੀ ਅਪਾਹਿਜ ਕਰਨਾ ਹੈ।

ਪ੍ਰੋ. ਅੱਛਰੂ ਸਿੰਘ ਨੇ ਬਹੁਤ ਸਾਰੇ ਅੰਗਰੇਜ਼ੀ ਨਾਵਲਾਂ ਦੇ “ਸਰਲ ਤੇ ਸੰਖੇਪ” ਅਨੁਵਾਦ ਕੀਤੇ ਹਨ। ਜਿਵੇਂ ਚਾਰਲਸ ਡਿਕਨਜ਼ ਦੇ ਮਹਾਨ ਨਾਵਲ Oliver Twist – 600 ਪੰਨੇ – ਨੂੰ ਨਿੱਕੇ ਜਿਹੇ ਕਿਤਾਬਚੇ ਦੇ ਰੂਪ ਵਿੱਚ ਛਾਪਿਆ ਗਿਆ ਹੈ। ਜਦ ਕਿ ਨਾਵਲ ਵਿੱਚ ਇੱਕ-ਇੱਕ ਪਾਤਰ, ਘਟਨਾ, ਦ੍ਰਿਸ਼, ਵਾਰਤਾਲਾਪ, ਪਹਿਰਾਵਾ, ਕੁਦਰਤੀ ਵਰਣਨ, ਮਨੁੱਖੀ ਆਲੇ-ਦੁਆਲੇ ਦੀ ਹਰ ਛੋਟੀ ਤੋਂ ਛੋਟੀ ਚੀਜ਼ ਦਾ ਮਹੱਤਵ ਹੁੰਦਾ ਹੈ। ਦੂਜੇ ਪਾਸੇ ਨਾਵਲੀ ਵਿਸਥਾਰ ਇਤਿਹਾਸਕ ਮਹੱਤਵ ਦੇ ਹੁੰਦੇ ਹਨ। ਇਹਨਾਂ ਲਈ ਲੇਖਕ ਨੂੰ ਕਈ ਵਾਰ ਸਾਲਾਂ ਬੱਧੀ ਮਿਹਨਤ ਵੀ ਕਰਨੀ ਪੈਂਦੀ ਹੈ। ਜਿਵੇਂ ‘ਜੰਗ ਤੇ ਅਮਨ’ ਨਾਵਲ ਲਿਖਣ ਲਈ ਟਾਲਸਟਾਏ ਨੂੰ 10 ਸਾਲ ਦਾ ਸਮਾਂ ਲੱਗਿਆ ਸੀ। ਨਾਵਲ ਦਾ ਮਕਸਦ ਕਹਾਣੀ ਸੁਣਾਉਣਾ ਹੀ ਨਹੀਂ ਹੁੰਦਾ ਸਗੋਂ ਉਸ ਵਿੱਚ ਮਨੁੱਖ ਤੇ ਮਨੁੱਖੀ ਸਮਾਜ ਦਾ ਵਿਸ਼ਲੇਸ਼ਣ ਹੁੰਦਾ ਹੈ। ਜੇ ਨਾਵਲ ਦਾ ਮਕਸਦ ਸੰਖੇਪ ਕਹਾਣੀ ਸੁਣਾਉਣਾ ਹੀ ਹੁੰਦਾ ਤਾਂ ਫਿਰ ਪੜਨ ਤੋਂ ਬਿਨਾਂ ਨਾਵਲ ਦੀ ਕਹਾਣੀ ਕਿਸੇ ਤੋਂ ਸੁਣ ਕੇ ਹੀ ਬੁੱਤਾ ਸਾਰਿਆ ਜਾ ਸਕਦਾ ਹੈ। ਜੰਗ ਬਹਾਦਰ ਗੋਇਲ ਨੇ ਸੰਸਾਰ ਦੇ ਕਲਾਸਿਕ ਨਾਵਲਾਂ ਦੇ ਸਾਰ ਲਿਖੇ ਹਨ ਜਿਹਨਾਂ ਨੂੰ ਪੜ ਕੇ ਬੰਦੇ ਨੂੰ ਨਾਵਲ ਪੜਨ ਦੀ “ਲੋੜ ਹੀ ਮਹਿਸੂਸ” ਨਹੀਂ ਹੁੰਦੀ। ਜੰਗ ਬਹਾਦਰ ਗੋਇਲ ਦਾ ਸੰਖੇਪ ਰੂਪ ਪੜ ਕੇ ਪਾਠਕ ਜ਼ੁਰਮ ਤੇ ਸਜ਼ਾ ਵਰਗੇ ਵੱਡ ਅਕਾਰੀ ਨਾਵਲ ਨੂੰ ਪੜਣ ਦਾ ‘ਜ਼ੁਰਮ’ ਨਹੀਂ ਕਰੇਗਾ ਅਤੇ ਨਾ ਹੀ ਗੋਇਲ ਨੂੰ ਇਸ ਜ਼ੁਰਮ ਲਈ ‘ਸਜ਼ਾ’ ਦੇਵੇਗਾ। ਗੋਇਲ ਦੇ ਨਾਵਲਾਂ ਦੇ ਇਹਨਾਂ ਸੰਖੇਪ ਸਾਰਾਂ ਨੇ ਪੰਜਾਬੀ ਪਾਠਕਾਂ ਨੂੰ ਗਾਗਰ ਵਿੱਚ ਸਾਗਰ ਭਰ ਕੇ ਦੇ ਦਿੱਤਾ ਹੈ। ਕਿਆ “ਪ੍ਰਤਿਭਾ” ਹਨ ਜੰਗ ਬਹਾਦਰ ਗੋਇਲ ਜੀ ਵੀ। ਮਹਾਨ ਨਾਵਲਕਾਰਾਂ ਜਿਹਨਾਂ ਦੇ ਨਾਵਲਾਂ ਦੇ ਉਹਨਾਂ ਨੇ ਸਾਰ ਲਿਖੇ ਹਨ – ਦੀ ਆਤਮਾ ਜੰਗ ਬਹਾਦਰ ਗੋਇਲ ਜੀ ਦੀ “ਪ੍ਰਤਿਭਾ” ਤੋਂ ਜਰੂਰ “ਈਰਖਾ” ਕਰਦੀ ਹੋਵੇਗੀ ਕਿ ਐਂਵੇਂ ਸਾਰੀ ਉਮਰ “ਕਾਗ਼ਜ ਕਾਲੇ” ਕਰਦੇ ਰਹੇ।

ਮੈਨ ਐਂਡ ਸੋਸਾਇਟੀ ਨਾਂ ਦੀ ਇੱਕ ਰੂਸੀ ਕਿਤਾਬ ਜੋ ਕਿ 400 ਪੰਨਿਆਂ ਤੋਂ ਵੀ ਵੱਧ ਦੀ ਹੈ ਨੂੰ “ਇੱਕ ਪ੍ਰਤੀਭਾ” ਨੇ 100 ਪੰਨਿਆਂ ਵਿੱਚ ਨਿਬੇੜ ਦਿੱਤਾ। ਥੋੜਾ ਸਮਾਂ ਪਹਿਲਾਂ ਸਿਮੋਨ ਦੀ ਕਿਤਾਬ ਸੈਕੰਡ ਸੈਕਸ ਦਾ ਪੰਜਾਬੀ ਅਨੁਵਾਦ 550 ਪੰਨਿਆਂ ਵਿੱਚ ਛਪਿਆ ਹੈ, ਜਦ ਕਿ ਮੂਲ ਕਿਤਾਬ 770 ਪੰਨਿਆਂ ਦੀ ਹੈ ਜਿਸਦੀ ਪਿੰ੍ਰਟਿਗ ਵੀ ਬਹੁਤ ਬਰੀਕ ਹੈ। ਇਸ ਅਨੁਵਾਦ ਵਿੱਚ ਵੀ ਅਰਥਾਂ ਦੇ ਅਨਰਥ ਹੋਏ ਹਨ। ਦੋਸਤੋਵਸਕੀ ਦੇ ਨਾਵਲ ਜ਼ੁਰਮ ਤੇ ਸਜ਼ਾ ਨੂੰ ਕਿਸੇ “ਭੱਦਰਪੁਰਸ਼” ਨੇ 160 ਪੰਨਿਆਂ ਵਿੱਚ ਨਿਬੇੜ ਦਿੱਤਾ ਹੈ ਜਦ ਕਿ ਇਹ ਨਾਵਲ ਅੰਗਰੇਜ਼ੀ ਵਿੱਚ 967 ਪੰਨਿਆਂ ਦਾ ਇੱਕ ਵੱਡ ਅਕਾਰੀ ਨਾਵਲ ਹੇ। ਅਜਿਹੀਆਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ।

ਅਜਿਹੇ ਅਨੁਵਾਦ ਸਾਡੇ ਅਨੁਵਾਦਕਾਂ ਵਿਚਲੀ ਅਣਪੜਤਾ, ਗੈਰ-ਸੰਜ਼ੀਦਗੀ, ਗ਼ੈਰ-ਜਮਹੂਰੀਅਤ ਅਤੇ ਜਹਾਲਤ ਨੂੰ ਪੇਸ਼ ਕਰਦੇ ਹਨ। ਅਜਿਹੇ ਅਨੁਵਾਦ ਮਹਾਨ ਲਿਖਤਾਂ ਦਾ ਵਿਗਾੜ ਹਨ ਜੋ ਉਹਨਾਂ ਦੀ ਅੰਤਰ-ਆਤਮਾ ਨੂੰ ਲੀਰੋ-ਲੀਰ ਕਰਦੇ ਹੋਏ ਉਹਨਾਂ ਦੀ ਰੂਹ ਦਾ ਬਲਾਤਕਾਰ ਕਰਦੇ ਹਨ। ਜਿੱਥੇ ਸਾਨੂੰ ਕਰਨਜੀਤ, ਪਿਆਰਾ ਸਿੰਘ ਸਹਿਰਾਈ, ਗੁਰਬਖ਼ਸ਼ ਸਿੰਘ ਫਰੈਂਕ, ਸੁਖਬੀਰ, ਆਦਿ ਵਰਗੇ ਅਨੁਵਾਦਕਾਂ ਨੂੰ ਸਲਾਮ ਕਰਨਾ ਚਾਹੀਦਾ ਹੈ ਅਤੇ ਇਹਨਾਂ ਵਿੱਚੋਂ ਜਿਹੜੇ ਅਨੁਵਾਦਕ ਜਿਉਂਦੇ ਹਨ – ਜਿਹਨਾਂ ਨੇ ਮਾਂ-ਬੋਲੀ ਦੇ ਗੱਦਾਰ ਉਹਨਾਂ ਬੁੱਧੀਜੀਵੀਆਂ ਦਾ ਮੂੰਹ ਬੰਦ ਕਰਵਾਇਆ ਹੈ ਜਿਹੜੇ ਕਹਿੰਦੇ ਸਨ ਕਿ ਪੰਜਾਬੀ ਵਿੱਚ ਕੋਈ ਕੰਮ ਦੀ ਕਿਤਾਬ ਨਹੀਂ ਮਿਲ਼ਦੀ – ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਪਰ ਨਾਲ਼ ਹੀ ਘਟੀਆ ਅਨੁਵਾਦਕਾਂ ਦੀ ਜਿੰਨੀ ਆਲੋਚਨਾ ਹੋਵੇ ਓਨੀ ਹੀ ਘੱਟ ਹੈ। ਕਿਉਂਕਿ ਅਨੁਵਾਦ ਦਾ ਕੰਮ ਕੋਈ ਸ਼ੁਗਲ ਕਰਨਾ ਨਹੀਂ ਸਗੋਂ ਬਹੁਤ ਗੰਭੀਰਤਾ ਵਾਲ਼ਾ ਅਤੇ ਇੱਕ ਇਤਿਹਾਸਕ ਕੰਮ ਹੈ ਜੋ ਅੱਜ ਸਾਡੇ ਸਮਾਜ ਦੀ ਲੋੜ ਹੈ। ਕਿਉਂਕਿ ਇੱਕ ਤਾਂ ਸਾਡੇ ਸਮਾਜ ਵਿੱਚ ਗੰਭੀਰ ਸਾਹਿਤ ਲਿਖਿਆ ਹੀ ਨਹੀਂ ਜਾ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਅਨੁਵਾਦਕ ਮਹਾਨ ਰਚਨਾਵਾਂ ਦਾ ਨਾਸ ਮਾਰ ਰਹੇ ਹਨ ਜਿਹਨਾਂ ਦਾ ਅਧਿਐਨ ਸਾਡੇ ਸਮਾਜ ਵਿੱਚ ਸਾਹਿਤ ਦੀਆਂ ਕੋਈ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ। ਅਜਿਹੇ ਮਹੱਤਵਪੂਰਨ ਕੰਮ ਨੂੰ ਜੇਕਰ ਕੋਈ ਵੀ ਅਜਿਹੀ ਗ਼ੈਰ-ਸੰਜ਼ੀਦਗੀ ਨਾਲ਼ ਲੈਂਦਾ ਹੈ ਤਾਂ ਉਸਦੀ ਲਾਜ਼ਮੀ ਹੀ ਸਖ਼ਤ ਤੋਂ ਸਖ਼ਤ ਆਲੋਚਨਾ ਹੋਣੀ ਚਾਹੀਦੀ ਹੈ, ਸਗੋਂ ਅਜਿਹੇ ਅਨੁਵਾਦਕਾਂ ਅਤੇ ਪ੍ਰਕਾਸ਼ਕਾਂ ਉੱਤੇ ਸਮਾਜ ਦੇ ਜਾਗਰੁਕ ਲੋਕਾਂ ਨੂੰ ਇਕੱਠੇ ਹੋ ਕੇ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ। ਤਾਂ ਜੋ ਅੱਗੇ ਤੋਂ ਅਜਿਹੇ ਗੰਭੀਰ ਕੰਮਾਂ ਨੂੰ ਅਨੁਵਾਦਕ ਤੇ ਪ੍ਰਕਾਸ਼ਕ ਗੰਭੀਰਤਾ ਨਾਲ਼ ਲੈਣ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 18, 1 ਤੋਂ 15 ਨਵੰਬਰ 2017 ਵਿੱਚ ਪ੍ਰਕਾਸ਼ਿਤ