ਮਹਾਨ ਭਾਰਤ ਵਿੱਚ ਔਰਤਾਂ ਦੇ ਨਹਾਉਣ ਲਈ ਬੰਦ-ਬਾਥਰੂਮ ਵੀ ਨਹੀਂ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰੀਰਕ ਸਫਾਈ ਹਰ ਮਨੁੱਖ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ। ਪਰ ਭਾਰਤ ਦੇ ਇੱਕ ਵੱਡੇ ਹਿੱਸੇ ਵਿੱਚ ਲੋਕਾਂ ਦੇ ਨਹਾਉਣ ਲਈ ਬੰਦ ਬਾਥਰੂਮ ਤੇ ਸਾਫ਼ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਇਹਨਾਂ ਵਿੱਚ ਔਰਤਾਂ ਨੂੰ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਨੂੰ ਨਹਾਉਣ ਲਈ ਨਿੱਜੀ ਤੇ ਸੁਰੱਖਿਅਤ ਜਗਾ ਦੀ ਲੋੜ ਹੁੰਦੀ ਹੈ। ਜਿੱਥੇ ਉਹ ਆਪਣੀ ਠੀਕ ਤਰਾਂ ਸਫਾਈ ਕਰ ਸਕਣ ਤੇ ਓਹਨਾਂ ਦੀ ਨਿੱਜਤਾ ਵੀ ਕਾਇਮ ਰਹਿ ਸਕੇ। ਪਰ ਸਾਡੇ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਔਰਤਾਂ ਨੂੰ ਖੁੱਲੇ ਵਿੱਚ ਨਹਾਉਣਾ ਪੈਂਦਾ ਹੈ। ਓਹਨਾਂ ਨੂੰ ਆਪਣੇ ਘਰਾਂ ਤੋਂ ਦੂਰ ਤਲਾਬ ਜਾਂ ਖੂਹਾਂ ‘ਤੇ ਜਾ ਕੇ ਨਹਾਉਣਾ ਪੈਂਦਾ ਹੈ ਜਿੱਥੇ ਕੋਈ ਚਾਰਦਿਵਾਰੀ ਜਾਂ ਪਰਦਾ ਨਹੀਂ ਹੁੰਦਾ। ਓਹਨਾਂ ਕੋਲ ਨਹਾਉਣ ਲਈ ਸਮਾਂ ਵੀ ਬਹੁਤ ਘੱਟ ਹੁੰਦਾ ਹੈ ਤੇ ਕੱਪੜੇ ਪਾ ਕੇ ਨਹਾਉਣਾ ਪੈਂਦਾ ਹੈ ਜਿਸ ਨਾਲ਼ ਓਹ ਚੰਗੀ ਤਰਾਂ ਆਪਣੇ ਸਰੀਰ ਦੀ ਸਫਾਈ ਵੀ ਨਹੀਂ ਕਰ ਸਕਦੀਆਂ। ਇਸਤੋਂ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਔਰਤਾਂ ਨੂੰ ਕਿੰਨੀਆਂ ਸਰੀਰਕ ਬਿਮਾਰੀਆਂ ਤੇ ਮਾਨਸਿਕ ਦਬਾਅ ਝੱਲਣਾ ਪੈਂਦਾ ਹੋਵੇਗਾ।

ਝਾਰਖੰਡ ਦੇ ਇੱਕ ਜਿਲੇ ਵਿੱਚ ਹੋਏ ਸਰਵੇਖਣ ਅਨੁਸਾਰ ਕੁੱਲ 29 ਪਿੱਛੇ ਸਿਰਫ 3 ਔਰਤਾਂ ਹੀ ਬੰਦ ਜਗਾ ‘ਤੇ ਨਹਾਉਂਦੀਆਂ ਹਨ। ਜਿੱਥੇ ਕੰਧਾਂ ਤੇ ਛੱਤ ਹੋਵੇ। ਜ਼ਿਆਦਾਤਰ ਔਰਤਾਂ ਤਲਾਬ ‘ਤੇ ਨਹਾਉਣ ਜਾਂਦੀਆਂ ਹਨ ਜੋ ਓਹਨਾਂ ਦੇ ਘਰ ਤੋਂ ਇੱਕ ਕਿਲੋਮੀਟਰ ਤੱਕ ਦੂਰ ਸਨ। ਇਹਨਾਂ ਵਿੱਚੋਂ 75% ਔਰਤਾਂ ਤਲਾਬ ‘ਤੇ ਨਹਾਉਣ ਜਾਂਦੀਆਂ ਹਨ ਤੇ 6% ਔਰਤਾਂ ਘਰਾਂ ਦੇ ਨੇੜੇ ਬਣੇ ਖੂਹ ‘ਤੇ ਨਹਾਉਂਦੀਆਂ ਹਨ ਜੋ ਕਿ ਬੰਦ ਜਗਾ ਤੇ ਨਹੀਂ ਹੈ। ਇਹ ਸਭ ਔਰਤਾਂ ਕੱਪੜੇ ਪਾਕੇ ਨਹਾਉਂਦੀਆਂ ਹਨ। ਇੰਟਰਵਿਊ ਦੌਰਾਨ ਔਰਤਾਂ ਨੇ ਦੱਸਿਆ ਕਿ ਮਾਸਿਕ-ਚੱਕਰ ਦੌਰਾਨ ਵੀ ਓਹ ਕੱਪੜੇ ਪਾ ਕੇ ਨਹਾਉਂਦੀਆਂ ਹਨ ਤੇ ਗੰਦੇ ਕੱਪੜੇ ਉਸੇ ਤਲਾਬ ‘ਚ ਧੋਂਦੀਆਂ ਹਨ। ਇਹ ਗੰਦਾ ਪਾਣੀ ਉਸੇ ਤਲਾਬ ‘ਚ ਜਾਂਦਾ ਹੈ ਜਿਸ ਪਾਣੀ ਨਾਲ਼ ਓਹ ਨਹਾਉਂਦੀਆਂ ਹਨ। ਇਹਨਾਂ ‘ਚੋਂ 3.4% ਔਰਤਾਂ ਹੀ ਨੈਪਕਿਨ ਦੀ ਵਰਤੋਂ ਕਰਦੀਆਂ ਹਨ ਜਿਸਨੂੰ ਉਹ ਵਰਤੋਂ ਤੋਂ ਬਾਅਦ ਉਸੇ ਤਲਾਬ ਜਾਂ ਖੂਹ ਵਿੱਚ ਸੁੱਟ ਦਿੰਦੀਆਂ ਹਨ ਜਿੱਥੇ ਓਹ ਨਹਾਉਂਦੀਆਂ ਹਨ। ਇਸ ਗੰਦੇ ਪਾਣੀ ਨਾਲ਼ ਨਹਾਉਣ ‘ਤੇ ਕੱਪੜੇ ਪਾਕੇ ਨਹਾਉਣ ਸਮੇਂ ਸਹੀ ਤਰਾਂ ਸਰੀਰ ਦੀ ਸਫਾਈ ਨਾ ਕਰ ਸਕਣ ਕਾਰਨ ਓਹਨਾਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਔਰਤਾਂ ਨੂੰ ਆਦਮੀਆਂ ਤੋਂ ਵੱਧ ਸਰੀਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸੀਮਤ ਕਮਾਈ ਹੋਣ ਕਾਰਨ ਦਵਾਈ-ਇਲਾਜ਼ ਦੀ ਜਗਾ ਪਰਿਵਾਰ ਦਾ ਖਰਚਾ ਚਲਾਉਣਾ ਮੁੱਖ ਤਰਜੀਹ ‘ਤੇ ਆ ਜਾਂਦਾ ਹੈ। 

ਇਹ ਹਲਾਤ ਭਾਰਤ ਦੇ ਇੱਕ ਵੱਡੇ ਹਿੱਸੇ ਦੇ ਹਨ। ਪਿੰਡਾਂ ਤੋਂ ਬਿਨਾਂ ਸ਼ਹਿਰਾਂ ਵਿੱਚ ਵੀ ਮਜ਼ਦੂਰਾਂ ਦੇ ਰਹਿਣ ਲਈ ਜੋ ਕਿਰਾਏ ਦੇ ਕਮਰੇ ਬਣੇ ਹੁੰਦੇ ਹਨ ਓਥੇ ਬਾਥਰੂਮ ‘ਤੇ ਰਸੋਈ ਵਰਗੀ ਕੋਈ ਸਹੂਲਤ ਨਹੀਂ ਹੁੰਦੀ। 20-25 ਕਮਰਿਆਂ ਪਿੱਛੇ ਇੱਕ ਲੈਟਰੀਨ-ਬਾਥਰੂਮ ਤੇ ਇੱਕ ਨਲਕਾ ਹੁੰਦਾ ਹੈ। ਅਜਿਹੀਆਂ ਉਦਾਹਰਣਾ ਲੁਧਿਆਣੇ ਦੀਆਂ ਮਜ਼ਦੂਰ ਬਸਤੀਆਂ ‘ਚ ਆਮ ਦੇਖੀਆਂ ਜਾ ਸਕਦੀਆਂ ਹਨ।

ਇੱਕ ਬਹੁਤ ਚਿੰਤਾਜਨਕ ਗੱਲ ਇਹ ਹੈ ਕਿ ਬੰਦ ਬਾਥਰੂਮ ਦੀ ਲੋੜ ਦਾ ਮੁੱਦਾ ਕਦੇ ਚਰਚਾ ਦਾ ਵਿਸ਼ਾ ਨਹੀਂ ਬਣਦਾ। ਜਦੋਂ ਲੋਕਾਂ ਨਾਲ਼ ਇਸ ਸਬੰਧੀ ਗੱਲ ਕੀਤੀ ਜਾਂਦੀ ਹੈ ਓਹਨਾਂ ਦਾ ਕਹਿਣਾ ਹੁੰਦਾ ਹੈ ਕਿ ਭਾਵੇਂ ਨਹਾਉਣ ਲਈ ਬੰਦ ਜਗਾ ਦੀ ਲੋੜ ਹੁੰਦੀ ਹੈ ਪਰ ਸਾਡੇ ਕੋਲ ਇਸਤੇ ਖਰਚਣ ਲਈ ਪੈਸੇ ਨਹੀਂ। ਇਸਤੋਂ ਵੱਧ ਮਹੱਤਵਪੂਰਣ ਲੋੜਾਂ ਵੀ ਹਨ ਜਿਨਾਂ ਨੂੰ ਪੂਰਾ ਕਰਨਾਂ ਪਹਿਲ ਦੇ ਅਧਾਰ ‘ਤੇ ਜਰੂਰੀ ਹੈ। ਢਿੱਡ ਭਰਨ, ਤਨ ਢੱਕਣ ‘ਤੇ ਸਿਰ ਤੇ ਛੱਤ ਖਾਤਰ ਜੱਦੋ-ਜਹਿਦ ‘ਚੋਂ ਹੋਰ ਕਿਸੇ ਚੀਜ਼ ਵੱਲ਼ ਧਿਆਨ ਦੇਣ ਦਾ ਨਾ ਤਾਂ ਸਮਾਂ ਰਹਿ ਜਾਂਦਾ ਹੈ ਤੇ ਨਾ ਪੈਸਾ। ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਲੋਕਾਂ ਲਈ ਸਾਫ਼-ਸਫਾਈ ਰੱਖਣਾ ਅਸੰਭਵ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਾਫ਼-ਸਫ਼ਾਈ ਮਨੁੱਖ ਦੀ ਬੁਨਿਆਦੀ ਲੋੜ ਨਹੀਂ ਹੈ?

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements