ਮੱਧਕਾਲੀਨ ਭਾਰਤ ਵਿੱਚ ਮੰਦਰਾਂ ਦਾ ਢਾਹਿਆ ਜਾਣਾ; ਇਤਿਹਾਸ ਅਤੇ ਮਿੱਥ •ਅੰਮ੍ਰਿਤ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਹੁਗਿਣਤੀ ਦੱਬੀ-ਕੁਚਲੀ ਲੋਕਾਈ ਦੇ ਹਿਤਾਂ ਦੀ ਤਰਜ਼ਮਾਨੀ ਕਰਨ ਵਾਲ਼ਾ ਇਤਿਹਾਸ-ਲੇਖਣ ਹੀ ਖ਼ਰਾ ਇਤਿਹਾਸ-ਲੇਖਣ ਹੋ ਸਕਦਾ ਹੈ।

ਇੱਕ ਅਜਿਹੇ ਸਮਾਜ ਵਿੱਚ, ਜਿਸ ਵਿੱਚ ਮਨੁੱਖਤਾ ਅਮੀਰ ਤੇ ਗਰੀਬ ਵਿੱਚ, ਲੋਟੂਆਂ ਤੇ ਲੁੱਟੇ ਜਾਣ ਵਾਲ਼ਿਆਂ ਵਿੱਚ, ਜਾਇਦਾਦ ਦੇ ਮਾਲਕਾਂ ਤੇ ਗੈਰ-ਮਾਲਕਾਂ ਵਿੱਚ ਭਾਵ ਜਮਾਤਾਂ ਵਿੱਚ ਵੰਡੀ ਹੁੰਦੀ ਹੈ, ਮਨੁੱਖਤਾ ਦਾ ਇਤਿਹਾਸ-ਲੇਖਣ ਵੀ ਭਾਰੂ ਲੁਟੇਰੀ ਹਾਕਮ ਜਮਾਤ ਦੁਆਰਾ ਜਿਹੜੀ ਲਾਜ਼ਮੀ ਹੀ ਮਾਲਕ ਜਮਾਤ ਹੁੰਦੀ ਹੈ, ਦੂਜੀਆਂ ਜਮਾਤਾਂ ਨੂੰ ਦਬਾਉਣ, ਮੂਰਖ ਬਣਾਉਣ, ਨਿਰਾਸ਼ਾ ਨਾਲ਼ ਭਰਨ, ਆਪਣੇ ਹੱਕਾਂ ਦੀ ਲੜਾਈ ਤੋਂ ਦੂਰ ਕਰਨ ਅਤੇ ਲੋਕਾਈ ਨੂੰ ਆਪਸ ਵਿੱਚ ਪਾਟੋਧਾੜ ਕਰੀ ਰੱਖਣ ਦਾ ਹਥਿਆਰ ਬਣ ਜਾਂਦਾ ਹੈ। ਹਾਕਮ ਜਮਾਤ ਦੇ ਸਿਧਾਂਤਕਾਰ, ਵਿਚਾਰਕ ਅਤੇ ਪ੍ਰਚਾਰਕ ਇਤਿਹਾਸਕ ਘਟਨਾਵਾਂ ਤੇ ਇਤਿਹਾਸਕ ਘਟਨਾਕ੍ਰਮ ਦੀ ਅਜਿਹੀ ਵਿਆਖਿਆ ਪੇਸ਼ ਕਰਦੇ ਹਨ ਜਿਸ ਨਾਲ਼ ਲੋਕਾਂ ਵਿੱਚ ਮਤਭੇਦ ਅਤੇ ਤੁਅੱਸਬ ਖੜੇ ਹੋਣ ਅਤੇ ਉਹਨਾਂ ਦੀ ਏਕਤਾ ਨੂੰ ਖੋਰਾ ਲੱਗੇ ਅਤੇ ਨਾਲ਼ ਹੀ ਆਮ ਲੋਕਾਂ ਤੇ ਖਾਸ ਕਰਕੇ ਕਾਲਜਾਂ-ਯੂਨੀਵਰਸਿਟੀਆਂ ਵਿੱਚ ਪੁੱਜੇ ਨੌਜਵਾਨਾਂ ਅੰਦਰ ਕੋਈ ਵੀ ਇਤਿਹਾਸ-ਬੋਧ ਨਾ ਪੈਦਾ ਹੋਵੇ। ਭਾਰਤੀ ਇਤਿਹਾਸ ਨਾਲ਼ ਅਜਿਹਾ ਕੁਛ ਕੁਝ ਜ਼ਿਆਦਾ ਹੀ ਹੋਇਆ ਹੈ ਕਿਉਂਕਿ ਭਾਰਤ ਵਿੱਚ ਲਿਖਤੀ ਇਤਿਹਾਸਕ ਸਰੋਤ ਓਨੀ ਵੱਡੀ ਗਿਣਤੀ ਵਿੱਚ ਤੇ ਵਿਸ਼ਾਲਤਾ ਵਿੱਚ ਉਪਲਬਧ ਨਹੀਂ ਹਨ ਜਿੰਨੇ ਕਿ ਯੂਰਪ ਦੇ ਦੇਸ਼ਾਂ ਵਿੱਚ। ਸਿੱਟੇ ਵਜੋਂ ਭਾਰਤੀ ਇਤਿਹਾਸ ਦੀਆਂ ਘਟਨਾਵਾਂ ਨੂੰ ਹਾਕਮ ਜਮਾਤਾਂ ਨੇ ਇੰਨਾ ਬੁਰੀ ਤਰ੍ਹਾਂ ਤੋੜਿਆ-ਮਰੋੜਿਆ ਹੈ ਕਿ ਕਿੰਨੀਆਂ ਹੀ ਉੱਕਾ ਬੇਸਿਰਪੈਰ ਗੱਲਾਂ ਇੱਥੇ ਇਤਿਹਾਸਕ ਸੱਚਾਈ ਦਾ ਰੂਪ ਅਖਤਿਆਰ ਕਰ ਕੇ ਆਮ ਲੋਕਾਂ ਲਈ ਸੁਭਾਵਿਕ ਜਿਹਾ ਸੱਚ ਬਣ ਚੁੱਕੀਆਂ ਹਨ, ਭਜਨ-ਮੰਡਲੀਆਂ, ਕਵੀਸ਼ਰਾਂ, ਢਾਡੀਆਂ, ਕਥਾਕਾਰਾਂ ਆਦਿ ਵੱਲੋਂ ਇਤਿਹਾਸਕ ਘਟਨਾਵਾਂ ਦੀਆਂ ਇਕਪਾਸੜ, ਗੈਰ-ਵਿਗਿਆਨਕ, ਮਿਰਚ-ਮਸਾਲੇ ਲਗਾ ਕੇ ਪੇਸ਼ ਕੀਤੀਆਂ ਵਿਆਖਿਆਵਾਂ ਲੋਕਾਂ ਲਈ ਇਤਿਹਾਸ ਦੇ ਦਸਤਾਵੇਜ਼ ਜਿੰਨੀ ਹੈਸੀਅਤ ਰੱਖਦੀਆਂ ਹਨ। ਕਿੰਨੀਆਂ ਇਤਿਹਾਸਕ ਘਟਨਾਵਾਂ ਦੀ ਅੱਧੀ-ਅਧੂਰੀ ਜਾਣਕਾਰੀ, ਗ਼ਲਤ ਵਿਆਖਿਆ ਲੋਕ-ਮਾਨਸਿਕਤਾ ਦਾ ਹਿੱਸਾ ਬਣ ਚੁੱਕੀ ਹੈ ਅਤੇ ਇਤਿਹਾਸ ਦੀ ਅਜਿਹੀ ਗਲਤ ਪੇਸ਼ਕਾਰੀ ਨੂੰ ਲਗਾਤਾਰ ਹੋਰ ਵਧੇਰੇ ਪ੍ਰਚਾਰਿਆ ਵੀ ਜਾ ਰਿਹਾ ਹੈ। ਅਜਿਹੇ ਹੀ ਇੱਕ ਇਤਿਹਾਸਕ ਘਟਨਾਕ੍ਰਮ ਜੋ ਮੱਧਕਾਲੀਨ ਭਾਰਤ ਵਿੱਚ ਮੰਦਿਰਾਂ ਦੇ ਢਾਹੁਣ ਨਾਲ਼ ਜੁੜਿਆ ਹੋਇਆ ਹੈ, ਬਾਰੇ ਅਸੀਂ ਹੱਥਲੇ ਲੇਖ ਵਿੱਚ ਗੱਲ ਕਰਾਂਗੇ।

1992 ਵਿੱਚ ਅਯੁੱਧਿਆ ਵਿੱਚ ਬਾਬਰੀ ਮਸਜਿਦ ਨੂੰ ਸੰਘ ਦੇ ਸਿਸ਼ਕੇਰੇ “ਕਾਰਸੇਵਕਾਂ” ਨੇ (ਅਤੇ ਜਿਹਨਾਂ ਨੂੰ ਉਸ ਸਮੇਂ ਦੀ ਕਾਂਗਰਸ ਦੀ ਕੇਂਦਰ ਸਰਕਾਰ ਨੇ ਪੂਰੀ ਸ਼ਹਿ ਦਿੱਤੀ) ਢਾਹ ਦਿੱਤਾ। ਸੰਘ ਦੇ ਪ੍ਰਾਪੇਗੰਡੇ ਦਾ ਤਰਕ ਇਹ ਸੀ ਕਿ ਬਾਬਰੀ ਮਸਜਿਦ ਮੁਗਲ ਬਾਦਸ਼ਾਹ ਬਾਬਰ ਨੇ ਇੱਕ ਮੰਦਿਰ ਨੂੰ ਢਹਾ ਕੇ ਬਣਵਾਈ ਸੀ, ਇਸ ਲਈ ਉਹ ਸਿਰਫ਼ ਇੱਕ “ਇਤਿਹਾਸਕ ਜ਼ਿਆਦਤੀ” ਦਾ “ਹਿਸਾਬ” ਬਰਾਬਰ ਕਰ ਰਹੇ ਹਨ। ਬਾਬਰੀ ਮਸਜਿਦ ਵਾਲੀ ਜਗ੍ਹਾ ਉੱਤੇ ਕਿਸੇ ਵੀ ਮੰਦਿਰ ਦੀ ਇਤਿਹਾਸ ਦੇ ਕਿਸੇ ਵੀ ਸਮੇਂ ਹੋਂਦ ਦੀ “ਸੰਘੀ ਸਟੋਰੀ” ਨੂੰ ਤਾਂ ਕਿੰਨੇ ਹੀ ਵਿਦਵਾਨ ਅਤੇ ਇਤਿਹਾਸਕਾਰ, ਖੋਜਕਾਰ ਅਨੇਕਾਂ ਵਾਰ ਤੱਥਾਂ ਸਹਿਤ ਝੁਠਲਾਅ ਚੁੱਕੇ ਹਨ, ਇੱਥੇ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗੇ। ਪਰ ਸੰਘ ਦੀ ਇਤਿਹਾਸਕਾਰੀ ਸਿਰਫ਼ ਇੱਕ ਮਸਜਿਦ ਜਾਂ ਮੰਦਿਰ ਤੱਕ ਸੀਮਤ ਨਹੀਂ ਹੈ। ਸੰਘ ਦੇ ਇਤਿਹਾਸਕਾਰਾਂ ਅਤੇ ਹੋਰ “ਹਿੰਦੂ ਕੌਮਪ੍ਰਸਤ” (ਵੈਸੇ ਹਿੰਦੂ ਕੋਈ ਕੌਮ ਨਹੀਂ ਹੈ, ਇਹ ਸਿੰਧ ਨਦੀ ਦੇ ਪੂਰਬ ਵਾਲ਼ੇ ਇਲਾਕੇ ਵਿੱਚ ਰਹਿਣ ਵਾਲ਼ੇ ਲੋਕਾਂ ਲਈ ਵਰਤਿਆ ਗਿਆ ਸ਼ਬਦ ਹੈ, ਇਸ ਲਈ ਹਿੰਦੂ ਕੌਮਪ੍ਰਸਤੀ ਨਾਂ ਦੀ ਵੀ ਕੋਈ ਸ਼ੈਅ ਨਹੀਂ ਹੈ, ਇੱਥੇ ਇਹ ਸ਼ਬਦ ਹਿੰਦੂ ਕੱਟੜਪੰਥੀ ਪੈਂਤੜੇ ਤੋਂ ਇਤਿਹਾਸ ਨੂੰ ਦੇਖਣ ਤੇ ਲਿਖਣ ਵਾਲ਼ੇ ਇਤਿਹਾਸਕਾਰਾਂ ਲਈ ਵਰਤਿਆ ਗਿਆ ਹੈ) ਇਤਿਹਾਸਕਾਰਾਂ ਜਿਵੇਂ ਸੀਤਾ ਰਾਮ ਗੋਇਲ, ਅਨੁਸਾਰ ਮੁਸਲਮਾਨਾਂ ਨੇ ਮੱਧਕਾਲੀ ਭਾਰਤ ਵਿੱਚ ਥੋਕ ਵਿੱਚ ਮੰਦਿਰ ਢਾਹੇ। ਇਹਨਾਂ ਅਨੁਸਾਰ “ਮੁਸਲਮਾਨਾਂ” ਦੁਆਰਾ ਢਾਹੇ ਗਏ ਮੰਦਿਰਾਂ ਦੀ ਗਿਣਤੀ 60-70 ਹਜ਼ਾਰ ਤੋਂ ਵੀ ਉੱਪਰ ਹੈ (!!) ਅਤੇ ਉਹਨਾਂ ਦੀ ਥਾਂ ਮਸਜਿਦਾਂ ਦੀ ਉਸਾਰੀ ਕੀਤੀ ਗਈ। ਇੱਕ ਗੱਲ ਇੱਥੇ ਇਹ ਵੀ ਧਿਆਨ ਦੇਣ ਵਾਲ਼ੀ ਹੈ ਕਿ ਉਹ ਸਿਰਫ਼ ਮੁਸਲਿਮ ਸੁਲਤਾਨਾਂ/ਬਾਦਸ਼ਾਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਸਮੁੱਚੇ ਮੁਸਲਮਾਨ ਆਵਾਮ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ, ਇਸ ਤੋਂ ਇਹਨਾਂ ਇਤਿਹਾਸਕਾਰਾਂ ਦੀ ਨੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਵੈਸੇ ਇਹ ਇਤਿਹਾਸਕਾਰ ਸਿਰਫ਼ ਮੰਦਿਰਾਂ ਨੂੰ ਤੋੜੇ ਜਾਣ ਤੱਕ ਸੀਮਤ ਨਹੀਂ ਰਹਿੰਦੇ, ਉਹ ਤਾਂ ਇਹ ਵੀ ਕਹਿੰਦੇ ਹਨ ਕਿ ਮੁਸਲਿਮ ਰਾਜਿਆਂ ਦੇ ਆਉਣ ਤੋਂ ਪਹਿਲਾਂ ਭਾਰਤ ਇੱਕ “ਵਿਕਸਤ” ਮੁਲਕ ਸੀ ਅਤੇ ਉਹਨਾਂ ਦੇ ਆਉਣ ਨਾਲ਼ ਭਾਰਤ “ਵਿਕਾਸਸ਼ੀਲ” ਮੁਲਕ ਬਣ ਗਿਆ, ਸਿਰਫ਼ ਮੁਸਲਿਮ ਰਾਜਿਆਂ ਨੇ ਹੀ ਭਾਰਤ ਦੇ ਲੋਕਾਂ ਦੀ ਲੁੱਟ ਕੀਤੀ, ਜਦਕਿ ਉਸ ਤੋਂ ਪਹਿਲਾਂ ਭਾਰਤ ਵਿੱਚ ਰਾਜੇ ਸੱਚਮੁਚ ਹੀ “ਰਾਜ ਨਹੀਂ, ਸੇਵਾ” ਦੇ ਸਿਧਾਂਤ ਉੱਤੇ ਚੱਲਦੇ ਸਨ! ਮੰਦਿਰਾਂ ਨੂੰ ਢਾਹੇ ਜਾਣ ਅਤੇ ਮੱਧਕਾਲੀ ਮੁਸਲਿਮ ਰਾਜਿਆਂ ਵੱਲੋਂ ਭਾਰਤ ਨੂੰ “ਤਬਾਹ” ਕਰਨ, ਭਾਰਤੀ ਲੋਕਾਂ ਉੱਤੇ “ਜ਼ੁਲਮ-ਓ-ਸਿਤਮ” ਦੀ ਹਕੂਮਤ ਕਾਇਮ ਕਰਨ ਦੇ ਇਹਨਾਂ ਇਤਿਹਾਸਕ “ਸੱਚਾਂ” ਦਾ ਅਸਲ ਸਰੋਤ ਕੌਣ ਹਨ?

ਸੰਘੀ ਤੇ ਹੋਰ ਹਿੰਦੂਵਾਦੀ ਕੌਮਪ੍ਰਸਤ ਇਤਿਹਾਸਕਾਰਾਂ ਦੇ “ਇਤਿਹਾਸਕ” ਸ੍ਰੋਤ

“ਹਿੰਦੂਵਾਦੀ ਕੌਮਪ੍ਰਸਤ” ਇਤਿਹਾਸਕਾਰਾਂ ਦਾ ਬਹੁਤਾ ਮਸਾਲਾ ਅੰਗਰੇਜ਼ ਬਸਤੀਵਾਦ ਦੇ ਦੌਰ ਦੌਰਾਨ ਫ਼ਾਰਸੀ ਸ੍ਰੋਤਾਂ ਜੋ ਅੰਗਰੇਜ਼ੀ ਵਿੱਚ ਉਲੱਥੇ ਗਏ, ਤੋਂ ਆਉਂਦਾ ਹੈ। ਇਹਨਾਂ ਸਰੋਤਾਂ ਵਿੱਚ ਖਾਸ ਤੌਰ ਉੱਤੇ ਅਹਿਮੀਅਤ ਵਾਲ਼ਾ ਸਰ ਹੈਨਰੀ ਇਲੀਅਟ ਦਾ ਅੱਠ ਸੈਂਚੀਆਂ ਵਿੱਚ ਲਿਖਿਆ ਗ੍ਰੰਥ “ਹਿਸਟਰੀ ਆਫ਼ ਇੰਡੀਆ ਐਜ਼ ਟੋਲਡ ਬਾਯ ਇਟਸ ਓਨ ਹਿਸਟੋਰੀਅਨਜ਼” ਹੈ ਜੋ 1849 ਵਿੱਚ ਛਪਿਆ। ਇਹ ਗਰੰਥ ਲਿਖਣ ਦੀ ਮਨਸ਼ਾ ਕੀ ਹੋ ਸਕਦੀ ਹੈ, ਇਹ ਇਸ ਦੀ ਹੈਨਰੀ ਇਲੀਅਟ ਵੱਲੋਂ ਲਿਖੀ ਭੂਮਿਕਾ ਤੋਂ ਸਪੱਸ਼ਟ ਹੋ ਜਾਂਦੀ ਹੈ: “ਆਮ ਲੋਕਾਂ ਨੂੰ ਲਾਜ਼ਮੀ ਹੀ ਰਸਾਤਲ ਅਤੇ ਤਾਨਾਸ਼ਾਹੀ ਦੀਆਂ ਡੂੰਘਾਈਆਂ ਵਿੱਚ ਧੱਕ ਦਿੱਤਾ ਗਿਆ ਹੋਵੇਗਾ। ਇਸ ਇੱਕ ਗ੍ਰੰਥ ਵਿੱਚ ਮੁਸਲਮਾਨਾਂ ਨਾਲ ਮਤਭੇਦਾਂ ਕਰਕੇ ਹਿੰਦੂਆਂ ਉੱਤੇ ਜ਼ੁਲਮਾਂ ਦੀਆਂ, ਰਸਮਾਂ-ਰਿਵਾਜਾਂ, ਪੂਜਾ ਆਦਿ ਉੱਤੇ ਪਾਬੰਦੀਆਂ ਦੀਆਂ, ਅਸਹਿਣਸ਼ੀਲਤਾ ਦੇ ਹੋਰਨਾਂ ਰੂਪਾਂ ਦੀਆਂ, ਮੂਰਤੀਆਂ ਤੋੜਨ, ਮੰਦਰ ਢਾਹੁਣ ਦੀਆਂ, ਜ਼ਬਰਦਸਤੀ ਧਰਮ-ਬਦਲਣ ਤੇ ਵਿਆਹ ਕਰਵਾਉਣ ਦੀਆਂ, ਜਾਇਦਾਦ ਜਬਤੀ, ਕਤਲਾਂ ਤੇ ਕਤਲੇਆਮਾਂ ਦੀਆਂ, ਅਤੇ ਜ਼ਾਬਰਾਂ ਦੀ ਕਾਮੁਕਤਾ ਤੇ ਸ਼ਰਾਬਖੋਰੀ ਜਿਸਦਾ ਉਹ ਅਨੰਦ ਲੈਂਦੇ ਸਨ, ਦੀਆਂ ਜਿਹੜੀਆਂ ਕੁਝ ਕੁ ਝਲਕਾਂ ਅਸੀਂ ਦੇਖਦੇ ਹਾਂ, ਉਹ ਦੱਸਦੀ ਹੈ ਕਿ ਇਹ ਤਸਵੀਰ (ਭਾਵ ਹਿੰਦੂਆਂ ਉੱਤੇ ਮੁਸਲਮਾਨਾਂ ਦੇ ਜ਼ੁਲਮਾਂ ਦੀ ਤਸਵੀਰ) ਕੋਈ ਵਧਾ-ਚੜਾ ਕੇ ਕਹੀ ਗੱਲ ਨਹੀਂ ਹੈ…”

“ਦੂਜੇ ਪਾਸੇ ਬ੍ਰਿਟਿਸ਼ ਰਾਜ ਦੇ ਸਥਾਪਤ ਹੋ ਜਾਣ ਤੋਂ ਬਾਅਦ ਭਾਰਤੀ ਇਤਿਹਾਸ ਦਾ ਇੱਕ ਹਲੂਣਾ ਦੇਣ ਵਾਲ਼ਾ ਤੇ ਘਟਨਾ-ਭਰਪੂਰ ਯੁੱਗ ਸ਼ੁਰੂ ਹੋਇਆ ਹੈ… ਜਦੋਂ ਯੂਰਪੀ ਸੱਚ ਤੇ ਸਿਆਣਪ ਦੇ ਚਾਨਣ ਦੀਆਂ ਰਿਸ਼ਮਾਂ ਬੀਤੇ ਦੇ ‘ਨੇਰੇ ਨੂੰ ਦੂਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ।” ਕਿਉਂਕਿ ਮੁਸਲਮਾਨਾਂ ਦੇ ਪੰਜ ਸਦੀਆਂ ਦੇ ਰਾਜ ਦੇ ਮੁਕਾਬਲੇ ਅੰਗਰੇਜ਼ਾਂ ਨੇ ਅੱਧੀ ਸਦੀ ਵਿੱਚ ਹੀ ਭਾਰਤੀਆਂ ਨੂੰ ਕਿਤੇ ਵਧੇਰੇ ਤੇ ਮਹਾਨ ਫ਼ਾਇਦੇ ਪਹੁੰਚਾਏ ਸਨ, ਇਸ ਲਈ ਇਲੀਅਟ ਇਹ ਉਮੀਦ ਕਰਦਾ ਹੈ ਕਿ ਉਸਦੀਆਂ ਉਲੱਥਾ ਕੀਤੀਆਂ ਕਿਰਤਾਂ “ਸਾਡੇ (ਅੰਗਰੇਜ਼ਾਂ ਦੇ) ਅਧੀਨ ਭਾਰਤੀ ਲੋਕਾਈ ਨੂੰ ਗੈਰ-ਜਾਬਰ ਤੇ ਬਰਾਬਰੀ ਦੇ ਖਾਸੇ ਵਾਲ਼ੇ ਸਾਡੇ (ਅੰਗਰੇਜ਼ਾਂ ਦੇ) ਰਾਜ ਅਧੀਨ ਉਹਨਾਂ ਨੂੰ ਮਿਲੇ ਫ਼ਾਇਦਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣਗੀਆਂ।”

ਇਲੀਅਟ ਦੀਆਂ ਇਹ ਸਤਰਾਂ ਸਮੁੱਚੇ ਰੂਪ ਵਿੱਚ ਅੰਗਰੇਜ਼ਾਂ ਦੀ ਭਾਰਤੀ ਇਤਿਹਾਸ ਦੀ ਵਿੱਢੀ ਗਈ ਦਸਤਾਵੇਜ਼ੀਕਰਨ ਦੀ “ਮੁਹਿੰਮ” ਦਾ ਅਸਲ ਉਦੇਸ਼ ਪ੍ਰਗਟ ਕਰਦੀਆਂ ਹਨ। ਇਸੇ ਤਰ੍ਹਾਂ ਇੱਕ ਹੋਰ ਬੇਹੱਦ ਮਸ਼ਹੂਰ ਇਤਿਹਾਸਕਾਰ ਜੇਮਜ਼ ਮਿੱਲ ਨੇ ਭਾਰਤੀ ਇਤਿਹਾਸ ਦੀ ਤਿੰਨ “ਯੁੱਗਾਂ” ਵਿੱਚ ਵੰਡ ਦਾ ਸਿਧਾਂਤ ਲਿਆਂਦਾ – ਹਿੰਦੂ ਕਾਲ਼, ਮੁਸਲਿਮ ਕਾਲ਼ ਅਤੇ ਬ੍ਰਿਟਿਸ਼ ਕਾਲ਼। ਉਸਦੀ ਇਸ ਵੰਡ ਦਾ ਅਧਾਰ ਹਕੂਮਤ ਕਰ ਰਹੇ ਰਾਜਿਆਂ ਦਾ ਧਰਮ ਸੀ, ਇੱਥੇ ਇਤਿਹਾਸਕਾਰ ਰੋਮਿਲਾ ਥਾਪਰ ਟਿੱਪਣੀ ਕਰਦੇ ਹਨ ਕਿ ਜੇਮਜ਼ ਮਿੱਲ ਬੜੀ ਚਲਾਕੀ ਨਾਲ ਅੰਗਰੇਜ਼ਾਂ ਦੇ ਰਾਜ ਨੂੰ ਬ੍ਰਿਟਿਸ਼ ਕਾਲ਼ ਕਹਿੰਦਾ ਹੈ, ਈਸਾਈ ਕਾਲ਼ ਨਹੀਂ!! ਜੇਮਜ਼ ਮਿੱਲ ਅਨੁਸਾਰ ਹਿੰਦੂ ਕਾਲ਼ ਭਾਰਤ ਦਾ “ਸੁਨਹਿਰੀ ਯੁੱਗ” ਸੀ, ਮੁਸਲਿਮ ਕਾਲ਼ ਨੇ ਹਿੰਦੂ ਯੁੱਗ ਦੀਆਂ ਸਾਰੀਆਂ ਪ੍ਰਾਪਤੀਆਂ ਦਾ “ਨਾਸ਼” ਮਾਰ ਦਿੱਤਾ ਅਤੇ ਫਿਰ ਬ੍ਰਿਟਿਸ਼ ਕਾਲ਼ ਨੇ ਆ ਕੇ ਮੁਸਲਿਮ ਰਾਜ ਤੋਂ ਭਾਰਤੀਆਂ ਨੂੰ ਮੁਕਤ ਕਰਵਾਇਆ ਅਤੇ ਇਹ ਯੁੱਗ ਫਿਰ ਭਾਰਤ ਦਾ ਬੀਤਿਆ ਸੁਨਹਿਰਾ ਯੁੱਗ ਵਾਪਸ ਲਿਆਉਣ ਦਾ ਯਤਨ ਹੈ। ਬਿਲਕੁਲ ਇਹੀ ਗੱਲਾਂ ਸੰਘੀ ਇਤਿਹਾਸਕਾਰ ਕਰਦੇ ਹਨ। ਇਸੇ ਚੌਖਟੇ ਅਧੀਨ ਇਹ ਇਤਿਹਾਸਕਾਰ ਮੱਧਕਾਲੀਨ ਭਾਰਤ, ਭਾਵ “ਮੁਸਲਿਮ ਕਾਲ਼” (ਬਕੌਲ ਜੇਮਜ਼ ਮਿੱਲ) ਵਿੱਚ ਮੰਦਰਾਂ ਨੂੰ ਢਾਹੇ ਜਾਣ ਦੀ “ਇਤਿਹਾਸਕ ਜ਼ਿਆਦਤੀ” ਨੂੰ ਪੇਸ਼ ਕਰਦੇ ਹਨ ਅਤੇ ਇਸ “ਇਤਿਹਾਸਕਾਰੀ” ਨੂੰ ਅਧਾਰ ਬਣਾ ਕੇ ਅੱਜ ਦੇ ਭਾਰਤ ਵਿੱਚ ਮੁਸਲਮਾਨਾਂ ਖਿਲਾਫ਼ ਨਫ਼ਰਤ ਫੈਲਾਉਂਦੇ ਹਨ। ਇਹ ਅਲੱਗ ਗੱਲ ਹੈ ਕਿ ਜਦੋਂ ਸੰਘੀਆਂ ਨੇ ਇਸਾਈਆਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਉਣਾ ਹੁੰਦਾ ਹੈ ਤਾਂ ਉਹ ਆਪਣੇ ਇਤਿਹਾਸ ਦੇ ਖੇਤਰ ਦੇ “ਦ੍ਰੋਣਾਚਾਰੀਆ” ਦੇ ਧਰਮ ਨੂੰ ਭੁੱਲ ਜਾਂਦੇ ਹਨ।

ਅੰਗਰੇਜ਼ਾਂ ਦੁਆਰਾ ਭਾਰਤੀ ਇਤਿਹਾਸ ਦੀ ਇਸ ਗੈਰ-ਇਤਿਹਾਸਕ ਪੇਸ਼ਕਾਰੀ ਨੂੰ ਅਜ਼ਾਦ ਭਾਰਤ ਦੇ ਇਤਿਹਾਸਕਾਰਾਂ ਡੀ.ਡੀ. ਕੋਸੰਬੀ, ਰ.ਸ. ਸ਼ਰਮਾ, ਰੋਮਿਲਾ ਥਾਪਰ, ਹਰਬੰਸ ਮੁਖੀਆ, ਇਰਫ਼ਾਨ ਹਬੀਬ, ਸਤੀਸ਼ ਚੰਦਰ ਆਦਿ ਨੇ ਚੰਗੀ ਤਰ੍ਹਾਂ ਨੰਗਾ ਕੀਤਾ ਹੈ ਅਤੇ ਬਾਦਲੀਲ ਇਸ ਇਤਿਹਾਸਕਾਰੀ ਦੀ “ਗੈਰ-ਵਿਗਿਆਨਕਤਾ” ਅਤੇ ਇਸ ਪਿਛਲੇ ਅਸਲੀ ਮੰਤਵਾਂ ਨੂੰ ਸਿੱਧ ਕੀਤਾ ਹੈ, ਸਿੱਟੇ ਵਜੋਂ ਇਹ ਇਤਿਹਾਸਕਾਰ ਵੀ ਸੰਘ ਦੀਆਂ ਅੱਖਾਂ ਵਿੱਚ ਸੂਲਾਂ ਵਾਂਗ ਚੁੱਭਦੇ ਹਨ। ਇਸ ਥੋੜੇ ਜਿਹੇ ਵਿਸਥਾਰ ਵਿੱਚ ਜਾਣ ਦੀ ਲੋੜ ਇਸ ਕਰਕੇ ਪਈ ਤਾਂ ਕਿ ਜਿਸ ਮੁੱਦੇ ਨੂੰ ਅਸੀਂ ਅੱਗੇ ਵਿਚਾਰਾਂਗੇ, ਉਸ ਨੂੰ ਹੋਰ ਵਧੇਰੇ ਸਪੱਸ਼ਟਤਾ ਨਾਲ ਸਮਝਿਆ ਜਾ ਸਕੇ।

ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ਵਿੱਚ ਮੰਦਰਾਂ ਨੂੰ ਸਿਰਫ਼ ਮੁਸਲਿਮ ਹਾਕਮਾਂ ਨੇ ਢਾਹਿਆ, ਕੀ ਇਹ ਸਿਲਸਿਲਾ ਉਹਨਾਂ ਦੇ ਆਉਣ ਨਾਲ਼ ਹੀ ਸ਼ੁਰੂ ਹੋਇਆ, ਜਾਂ ਫਿਰ ਮੰਦਰਾਂ ਨੂੰ ਢਾਹਿਆ ਜਾਣਾ ਭਾਰਤੀ ਇਤਿਹਾਸ ਵਿੱਚ ਮੁਸਲਿਮ ਹਾਕਮਾਂ ਦੇ ਆਉਣ ਤੋਂ ਪਹਿਲਾਂ ਵੀ ਜਾਰੀ ਸੀ, ਅਤੇ ਜੇ ਜਾਰੀ ਸੀ ਤਾਂ ਉਸ ਸਮੇਂ ਕਿਹੜੇ ਧਰਮ ਦੇ ਹਾਕਮ ਇਹ ਕੰਮ ਕਰ ਰਹੇ ਸਨ। ਇਹ ਸਵਾਲ ਇਸ ਲਈ ਅਹਿਮ ਹੈ ਕਿਉਂਕਿ ਇਸੇ ਇੱਕ ਸਵਾਲ ਦਾ ਜਵਾਬ ਹੀ ਕਾਫ਼ੀ ਹੈ ਜਿਸ ਨਾਲ਼ ਸੰਘੀ ਇਤਿਹਾਸਕਾਰੀ ਦੇ ਲਿਫ਼ਾਫੇ ਲੀਕ ਹੋਣ ਲੱਗਦੇ ਹਨ। ਆਓ ਇਸ ਸਵਾਲ ਦਾ ਜਵਾਬ ਲੱਭੀਏ, ਇਸਦੇ ਨਾਲ ਹੀ ਅਸੀਂ ਮੰਦਰਾਂ ਨੂੰ ਢਾਹੇ ਜਾਣ ਪਿੱਛੇ ਰਹੇ ਕਾਰਨਾਂ ਨੂੰ ਵੀ ਦੇਖਾਂਗੇ। ਸੰਘੀ ਇਤਿਹਾਸਕਾਰ ਮੰਦਰਾਂ ਨੂੰ ਢਾਹੇ ਜਾਣ ਪਿੱਛੇ ਇਸਲਾਮ ਧਰਮ ਨੂੰ ਦੋਸ਼ੀ ਠਹਿਰਾਉਂਦੇ ਹਨ, ਇਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਇਸਲਾਮ ਮੂਰਤੀ-ਪੂਜਾ ਦਾ ਵਿਰੋਧ ਕਰਦਾ ਹੈ, ਮੁਸਲਮਾਨ ਹਿੰਦੂ ਧਰਮ ਨੂੰ ਤੇ ਹਿੰਦੂਆਂ ਨੂੰ ਨਫ਼ਰਤ ਕਰਦੇ ਹਨ, ਇਸ ਲਈ ਮੁਸਲਿਮ ਹਾਕਮਾਂ ਨੇ ਮੰਦਰ ਢਾਹੇ ਅਤੇ ਮੂਰਤੀਆਂ ਤੋੜੀਆਂ। ਇਸ ਦੇ ਨਾਲ ਉਹ ਇਹ ਵੀ ਕਹਿੰਦੇ ਹਨ ਕਿ ਇਸਲਾਮ ਧਰਮ ਇੱਕ ਹਿੰਸਾ-ਪ੍ਰੇਰਤ ਧਰਮ ਹੈ ਜਦਕਿ ਹਿੰਦੂ ਧਰਮ “ਅਹਿੰਸਾ-ਪ੍ਰੇਮੀ” ਹੈ, ਇਸ ਲਈ ਇਸਲਾਮਕ ਸ਼ਾਸ਼ਕਾਂ ਨੇ ਮੰਦਰਾਂ ਉੱਤੇ ਹਮਲੇ ਕੀਤੇ ਅਤੇ ਮੂਰਤੀਆਂ ਤੋੜੀਆਂ, ਜਦਕਿ ਹਿੰਦੂ ਰਾਜੇ ਅਜਿਹਾ ਨਹੀਂ ਕਰਦੇ ਸਨ। ਇਹਨਾਂ “ਕਥਨਾਂ” ਦੀ ਸੱਚਾਈ ਨੂੰ ਵੀ ਅਸੀਂ ਦੇਖਾਂਗੇ।

ਭਾਰਤ ਵਿੱਚ ਮੰਦਰਾਂ ਨੂੰ ਢਾਹੁਣ ਦੇ ਸਿਲਸਿਲੇ ਨੂੰ ਮੁੱਖ ਤੌਰ ਉੱਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ (ਇੱਥੇ ਇਹ ਧਿਆਨ ਰਹੇ ਕਿ ਅਸੀਂ ਸਿਰਫ਼ ਮੱਧਕਾਲੀਨ ਭਾਰਤ ਵਿੱਚ ਮੰਦਰ ਢਾਹੇ ਜਾਣ ਦੇ ਘਟਨਾਕ੍ਰਮ ਦੀ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਵੀ ਮੰਦਰ ਜਾਂ ਧਾਰਮਿਕ ਸਥਾਨ ਢਾਹੇ ਜਾਂਦੇ ਰਹੇ ਹਨ, ਪਰ ਇਹ ਮਸਲਾ ਇੱਥੇ ਅਸੀਂ ਨਹੀਂ ਵਿਚਾਰਾਂਗੇ।) – ਪਹਿਲਾ ਅਰਸਾ ਮੁਸਲਿਮ ਹਮਲਿਆਂ ਤੋਂ ਪਹਿਲਾਂ ਦਾ ਹੈ, ਦੂਜਾ ਅਰਸਾ ਮੁਸਲਿਮ ਸੁਲਤਾਨਾਂ ਦੇ ਹਮਲਿਆਂ ਦਾ ਅਰਸਾ ਹੈ ਪਰ ਇਸ ਅਰਸੇ ਦੌਰਾਨ ਮੁਸਲਿਮ ਹਾਕਮਾਂ ਨੇ ਕੋਈ ਰਾਜ ਸਥਾਪਤ ਨਹੀਂ ਕੀਤਾ ਅਤੇ ਤੀਜਾ ਅਰਸਾ ਮੁਸਲਿਮ ਸੁਲਤਾਨਾਂ ਦੀ ਹਕੂਮਤ ਦਾ ਹੈ ਜਦੋਂ ਮੁਸਲਿਮ ਹਾਕਮਾਂ ਨੇ ਭਾਰਤ ਵਿੱਚ ਸਥਾਈ ਹਕੂਮਤ ਕਾਇਮ ਕੀਤੀ।

ਮੁਸਲਿਮ ਸੁਲਤਾਨਾਂ ਦੇ ਹਮਲਿਆਂ ਤੋਂ ਪਹਿਲਾਂ ਭਾਰਤ ਵਿੱਚ ਮੰਦਰ ਢਾਹੇ ਜਾਣਾ

ਇਹ ਸਿਰਫ਼ ਇੱਕ ਮਿੱਥ ਹੈ ਕਿ ਭਾਰਤ ਵਿੱਚ ਮੰਦਰ ਢਾਹੇ ਜਾਣ ਦਾ ਸਿਲਸਿਲਾ ਮੁਸਲਿਮ ਹਾਕਮਾਂ ਵੱਲੋਂ ਹੀ ਸ਼ੁਰੂ ਕੀਤਾ ਗਿਆ, ਅਸਲ ਵਿੱਚ ਮੰਦਰ ਢਾਹੇ ਜਾਣ ਦਾ ਸਿਲਸਿਲਾ ਭਾਰਤ ਵਿੱਚ ਪਹਿਲਾਂ ਤੋਂ ਹੀ ਜਾਰੀ ਸੀ, ਅਤੇ ਮੁਸਲਿਮ ਹਾਕਮਾਂ ਦੇ ਤੀਜੇ ਅਰਸੇ ਵਿੱਚ ਆ ਕੇ ਸਿਰਫ਼ ਇਸ ਰਵਾਇਤ ਨੂੰ ਅੱਗੇ ਵਧਾਇਆ ਗਿਆ, ਦੂਜੇ ਅਰਸੇ ਦੌਰਾਨ ਮੰਦਿਰ ਢਾਹੇ ਜਾਣ ਦੇ ਕਾਰਨ ਅਲੱਗ ਹਨ। ਭਾਰਤੀ ਇਤਿਹਾਸ ਦੇ ਮੱਧਕਾਲੀਨ ਸਮੇਂ ਵਿੱਚ ਹਿੰਦੂ ਰਾਜਿਆਂ ਦੁਆਰਾ ਇੱਕ-ਦੂਜੇ ਉੱਤੇ ਹਮਲਿਆਂ ਅਤੇ ਕਬਜ਼ਿਆਂ ਦੌਰਾਨ ਇੱਕ-ਦੂਜੇ ਦੇ ਇਲਾਕੇ ਵਿੱਚ ਮੰਦਿਰਾਂ ਨੂੰ ਢਾਹੁਣ ਅਤੇ ਮੂਰਤੀਆਂ ਤੋੜਨ ਜਾਂ ਚੁੱਕ ਕੇ ਲੈ ਜਾਣ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਇੱਥੇ ਅਸੀਂ ਕੁਝ ਕੁ ਉਦਾਹਰਨਾਂ ਹੀ ਦੇਵਾਂਗੇ।

642 ਈਸਵੀ ਵਿੱਚ ਪੱਲਵ ਵੰਸ਼ ਦੇ ਰਾਜੇ ਨਰਸਿਮ੍ਹਾਵਰਮਨ ਪਹਿਲੇ ਨੇ ਚਾਲੂਕਾ ਰਾਜ ਦੀ ਰਾਜਧਾਨੀ ਵਿੱਚੋਂ ਗਣੇਸ਼ ਦੀ ਮੂਰਤੀ ਲੁੱਟ ਲਈ ਸੀ, ਪੰਜਾਹ ਸਾਲਾਂ ਬਾਅਦ ਜਦੋਂ ਚਾਲੂਕਾ ਵੰਸ਼ ਦੇ ਰਾਜਿਆਂ ਨੇ ਉੱਤਰ ਭਾਰਤ ਵੱਲ ਰੁਖ਼ ਕੀਤਾ ਤਾਂ ਉਹਨਾਂ ਇਹੀ ਕੁਝ ਉੱਥੇ ਦੁਹਰਾਇਆ, ਅੱਠਵੀਂ ਸਦੀ ਵਿੱਚ ਬੰਗਾਲੀ ਫ਼ੌਜਾਂ ਨੇ ਕਸ਼ਮੀਰ ਦੇ ਰਾਜੇ ਲਲਿਤਅਦਿੱਤਿਆ ਤੋਂ ਬਦਲਾ ਲੈਣ ਲਈ ਕਸ਼ਮੀਰ ਦੇ ਰਾਜਕੀ ਦੇਵਤੇ ਵਿਸ਼ਨੂੰ ਵੈਕੁੰਠਾ ਦੀ ਮੂਰਤੀ ਤੋੜੀ। ਨੌਵੀਂ, ਦਸਵੀਂ ਸਦੀ ਵਿੱਚ ਇਹ ਸਿਲਸਿਲਾ ਜਾਰੀ ਰਹਿੰਦਾ ਹੈ, 11ਵੀਂ ਸਦੀ ਵਿੱਚ ਚੋਲ ਵੰਸ਼ ਦੇ ਰਾਜੇ ਰਜੇਂਦਰ ਪਹਿਲੇ ਨੇ ਆਸ-ਪਾਸ ਦੇ ਰਾਜਾਂ ਜਿਵੇਂ ਚਾਲੂਕਾ ਰਾਜਵੰਸ਼, ਉੜੀਸਾ ਦਾ ਕਲਿੰਗਾ ਰਾਜ, ਬੰਗਾਲ ਦਾ ਪਾਲ ਰਾਜਵੰਸ਼ ਤੇ ਪੂਰਬੀ ਚਾਲੂਕਾ ਰਾਜਵੰਸ਼ ਸ਼ਾਮਲ ਹਨ, ਨੂੰ ਹਰਾ ਕੇ ਉੱਥੋਂ ਦੇ ਰਾਜਕੀ ਦੇਵਤਿਆਂ ਦੀਆਂ ਮੂਰਤੀਆਂ ਆਪਣੇ ਰਾਜ ਵਿੱਚ ਲਿਆ ਕੇ ਰੱਖੀਆਂ। ਇੱਥੋਂ ਤੱਕ ਕਿ ਤੁਰਕਾਂ ਦੇ ਉੱਤਰੀ ਭਾਰਤ ਵਿੱਚ ਆਪਣੀ ਸਲਤਨਤ ਕਾਇਮ ਕਰਨ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਰਿਹਾ, 11ਵੀਂ ਤੇ 12ਵੀਂ ਸਦੀ ਵਿੱਚ ਪਰਮਾਰ ਰਾਜਵੰਸ਼ ਦੇ ਰਾਜਿਆਂ ਨੇ ਗੁਜਰਾਤ ਦੇ ਜੈਨ ਮੰਦਰਾਂ ਨੂੰ ਨਿੱਠ ਕੇ ਲੁੱਟਿਆ, 1460 ਵਿੱਚ ਉੜੀਸਾ ਦੇ ਰਾਜੇ ਕਪਿਲੇਂਦਰ ਨੇ ਤਮਿਲ ਇਲਾਕੇ ਨੂੰ ਜਿੱਤਣ ਤੋਂ ਬਾਅਦ ਉੱਥੋਂ ਦੇ ਸ਼ਿਵਾ ਤੇ ਵੈਸ਼ਨਵ ਮੰਦਰਾਂ ਨੂੰ ਢਹਾ ਦਿੱਤਾ, 1514 ਵਿੱਚ ਵਿਜੈਨਗਰ ਰਾਜ ਦੇ ਕ੍ਰਿਸ਼ਨਾਦੇਵਰੀਆ ਨੇ ਉਦਯਗਿਰੀ ਨੂੰ ਹਰਾਉਣ ਤੋਂ ਬਾਅਦ ਉੱਥੋਂ ਦੇ ਬਾਲਾਕ੍ਰਿਸ਼ਨਾ ਮੰਦਰ ਨੂੰ ਲੁੱਟਿਆ ਤੇ ਉੱਥੋਂ ਦੀ ਮੂਰਤੀ ਚੁੱਕ ਕੇ ਲੈ ਗਿਆ। ਇਹੋ ਜਿਹੀਆਂ ਹੋਰ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਹੋਰ ਤਾਂ ਹੋਰ, 11ਵੀਂ ਸਦੀ ਦੇ ਪਿਛਲੇ ਅੱਧ ਵਿੱਚ ਕਸ਼ਮੀਰ ਦੇ ਰਾਜੇ ਹਰਸ਼ ਨੇ ਮੰਦਰਾਂ ਦੀਆਂ ਮਹਿੰਗੀਆਂ ਧਾਤਾਂ ਜਿਵੇਂ ਸੋਨੇ ਤੇ ਚਾਂਦੀ ਦੀਆਂ ਬਣੀਆਂ ਮੂਰਤੀਆਂ ਨੂੰ ਪਿਘਲਾ ਕੇ ਰਾਜਕੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਬਾਕਾਇਦਾ ਮੰਤਰਾਲਾ ਕਾਇਮ ਕੀਤਾ ਹੋਇਆ ਸੀ। ਇਹਨਾਂ ਉਦਾਹਰਨਾਂ ਤੋਂ ਸਪੱਸ਼ਟ ਸਿੱਧ ਹੁੰਦਾ ਹੈ ਕਿ ਮੰਦਰਾਂ ਨੂੰ ਢਾਹੁਣ ਤੇ ਮੂਰਤੀਆਂ ਨੂੰ ਤੋੜੇ ਜਾਣ ਦਾ ਸਿਲਸਿਲਾ ਭਾਰਤ ਵਿੱਚ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹੀ ਜਾਰੀ ਸੀ।

ਮੁਸਲਿਮ ਸੁਲਤਾਨਾਂ ਦੁਆਰਾ ਮੰਦਰ ਢਾਹੁਣ ਦਾ ਪਹਿਲਾ ਅਰਸਾ 10ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਸ਼ੁਰੂ ਹੁੰਦਾ ਹੈ। 986 ਈਸਵੀ ਵਿੱਚ ਗਜ਼ਨਵੀ ਸੁਲਤਾਨ ਸਬੁਕਤਿਗਿਨ ਨੇ (ਰਾਜਕਾਲ 977-997) ਕਾਬੁਲ ਵਿੱਚ ਹਿੰਦੂਸ਼ਾਹੀ ਰਾਜ ਉੱਤੇ ਹਮਲਾ ਕੀਤਾ ਜਿਹੜਾ ਕਾਬੁਲ ਤੋਂ ਲੈ ਕੇ ਉੱਤਰ-ਪੱਛਮੀ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸਨੇ ਹਿੰਦੂਸ਼ਾਹੀ ਰਾਜੇ ਨੂੰ ਹਰਾਇਆ ਅਤੇ ਕਾਬੁਲ ਤੋਂ ਪੂਰਬ ਵਿੱਚ ਸਥਿਤ ਹਿੰਦੂਸ਼ਾਹੀ ਨਗਰ ਲਾਮਘਨ ਨੂੰ ਲੁੱਟਿਆ ਅਤੇ ਮੰਦਿਰਾਂ ਨੂੰ ਢਾਹ ਦਿੱਤਾ। ਇਸ ਤੋਂ ਬਾਅਦ ਸਬੁਕਤਿਗਿਨ ਦੇ ਪੁੱਤਰ ਤੇ ਉੱਤਰਾਧਿਕਾਰੀ ਅਤੇ ਮੰਦਰਾਂ ਨੂੰ ਢਾਹੁਣ ਲਈ ਇਤਿਹਾਸ ਵਿੱਚ “ਜ਼ਿਆਦਾ ਮਸ਼ਹੂਰ” ਮਹਿਮੂਦ ਗਜ਼ਨਵੀ ਨੇ ਉੱਤਰੀ ਭਾਰਤ ਉੱਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ। ਅਜਿਹੇ ਹੀ ਇੱਕ ਹਮਲੇ ਵਿੱਚ 1026 ਵਿੱਚ ਉਸਨੇ ਗੁਜਰਾਤ ਸਥਿਤ ਸੋਮਨਾਥ ਮੰਦਰ ਉੱਤੇ ਹਮਲਾ ਕੀਤਾ ਅਤੇ ਮੰਦਰ ਤੇ ਮੂਰਤੀ ਤੋੜ ਕੇ ਲੁੱਟਮਾਰ ਕੀਤੀ। ਸੋਮਨਾਥ ਮੰਦਰ ਉੱਤੇ ਹਮਲੇ ਨੂੰ ਹੀ ਹਿੰਦੂਵਾਦੀ ਇਤਿਹਾਸਕਾਰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ “ਇਤਿਹਾਸਕ ਦੁਸ਼ਮਣੀ” ਦੀ ਸ਼ੁਰੂਆਤ ਵਜੋਂ ਪ੍ਰਚਾਰਦੇ ਹਨ। ਪਰ ਮਹਿਮੂਦ ਗਜ਼ਨਵੀ ਤੱਕ ਤੁਰਕ ਹਮਲਾਵਰਾਂ ਦਾ ਮਕਸਦ ਭਾਰਤ ਵਿੱਚ ਆਪਣਾ ਰਾਜ ਕਾਇਮ ਕਰਨਾ ਨਹੀਂ ਸੀ, ਉਹਨਾਂ ਦੇ ਹਮਲੇ ਸਿਰਫ਼ ਲੁੱਟਮਾਰ ਤੱਕ ਸੀਮਤ ਸਨ। ਇਸ ਤੋਂ ਬਾਅਦ ਤਾਜਿਕ ਮੂਲ ਦੇ ਘੁਰੀਦ ਘਰਾਣੇ ਅਤੇ ਤੁਰਕਾਂ ਦੇ ਗੁਲਾਮ ਜਨਰਲਾਂ ਨੇ ਗਜ਼ਨਵੀ ਰਾਜਵੰਸ਼ ਦਾ ਤਖ਼ਤਾਪਲਟ ਦਿੱਤਾ ਅਤੇ ਉਹਨਾਂ ਨੇ ਉੱਤਰੀ ਭਾਰਤ ਵਿੱਚ ਸਥਾਈ ਤੌਰ ਉੱਤੇ ਰਾਜ ਕਾਇਮ ਕਰਨ ਦੀ ਸ਼ੁਰੂਆਤ ਕੀਤੀ ਜਿਸਦੀ ਰਾਜਧਾਨੀ ਦਿੱਲੀ ਸ਼ਹਿਰ ਬਣਿਆ। ਇਸ ਤਰ੍ਹਾਂ ਕੁਤਬਦੀਨ ਐਬਕ, ਇਲਤੁਤਮਿਸ਼ ਅਤੇ ਬਾਅਦ ਵਿੱਚ ਖਿਲਜੀ ਸੁਲਤਾਨਾਂ ਨੇ ਦਿੱਲੀ ਸਲਤਨਤ ਨੂੰ ਕਾਇਮ ਕੀਤਾ ਅਤੇ ਪੱਕੇ ਪੈਰੀਂ ਕੀਤਾ। ਇਸ ਕਾਲ਼ ਵਿੱਚ ਵੀ ਮੰਦਰ ਢਾਹੁਣ ਦੀਆਂ ਘਟਨਾਵਾਂ ਹੋਈਆਂ ਜੋ ਮੁਗਲ ਕਾਲ਼ ਵਿੱਚ ਵੀ ਜਾਰੀ ਰਹੀਆਂ। ਲੱਗਭੱਗ ਸੱਤ ਸਦੀਆਂ ਦਾ ਇਸ ਦੌਰ (986-1729 ਈਸਵੀ) ਜਿਸ ਵਿੱਚ ਮੁਸਲਿਮ ਹਾਕਮਾਂ ਵੱਲੋਂ ਮੰਦਰ ਤੋੜਨ ਦਾ ਪਹਿਲਾ ਅਤੇ ਦੂਜਾ ਦੌਰ ਸ਼ਾਮਲ ਹੈ, ਵਿੱਚ ਮੰਦਰ ਢਾਹੇ ਜਾਣ ਦੀਆਂ ਵੱਧ ਤੋਂ ਵੱਧ 80 ਘਟਨਾਵਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਿਕਰ ਜਾਂ ਸਬੂਤ ਮਿਲਦਾ ਹੈ, ਇਹ ਅੰਕੜਾ ਸੰਘੀਆਂ ਦੇ 60,000 ਮੰਦਰ ਢਾਹੇ ਜਾਣ ਦੇ ਭਾਰੀ-ਭਰਕਮ ਅੰਕੜੇ ਤੋਂ ਕਿਤੇ ਘੱਟ ਹੈ।

ਹੁਣ ਅਸੀਂ ਮੰਦਰ ਤੋੜਨ ਦੀਆਂ ਘਟਨਾਵਾਂ ਪਿੱਛੇ ਅਸਲ ਕਾਰਕਾਂ ਬਾਰੇ ਗੱਲ ਕਰਦੇ ਹਾਂ। ਇਹ ਕਾਰਕ ਸਿਆਸੀ ਕਾਰਕ ਹਨ, ਨਾ ਕਿ ਧਾਰਮਿਕ ਜਿਵੇਂ ਕਿ ਹਿੰਦੂਵਾਦੀ ਇਤਿਹਾਸਕਾਰਾਂ ਵੱਲੋਂ ਪ੍ਰਚਾਰਿਆ ਜਾਂਦਾ ਹੈ। ਮੱਧਕਾਲੀਨ ਭਾਰਤ ਇੱਕ ਜਗੀਰੂ ਸਮਾਜ ਸੀ ਜਿਸ ਵਿੱਚ ਜਗੀਰੂ ਜਮਾਤ ਹਾਕਮ ਜਮਾਤ ਸੀ ਅਤੇ ਜਿਸਦੀ ਹਕੂਮਤ ਦਾ ਸਰੂਪ ਰਾਜਾਸ਼ਾਹੀ ਦਾ ਸੀ। ਕਿਸੇ ਵੀ ਰਾਜਸੱਤ੍ਹਾ ਲਈ ਵਿਆਪਕ ਲੋਕਾਈ ਦੀ ਆਮ-ਸਹਿਮਤੀ ਤੋਂ ਬਿਨਾਂ ਸਿਰਫ਼ ਤਲਵਾਰ ਦੇ ਜ਼ੋਰ ਉੱਤੇ ਰਾਜ ਕਰਨਾ ਬਹੁਤੇ ਲੰਬੇ ਸਮੇਂ ਲਈ ਸੰਭਵ ਨਹੀਂ ਹੁੰਦਾ। ਮੱਧਕਾਲ ਵਿੱਚ ਰਾਜਾ ਆਪਣੀ ਸੱਤ੍ਹਾ ਦੀ ਜਾਇਜ਼ਤਾ ਨੂੰ ਧਰਮ ਦੇ ਨਾਲ ਜੋੜ ਕੇ ਪੇਸ਼ ਕਰਦਾ ਸੀ, ਭਾਵ ਜਗੀਰੂ ਹਕੂਮਤ ਦੀ ਰਾਜਸੱਤ੍ਹਾ ਧਰਮ ਤੇ ਰਾਜਸ਼ਾਹੀ ਦੇ ਗੱਠਜੋੜ ਉੱਤੇ ਟਿਕੀ ਹੋਈ ਸੀ। ਯੂਰਪ ਵਿੱਚ ਚਰਚ ਅਤੇ ਰਾਜਾਸ਼ਾਹੀ ਦਾ ਗੱਠਜੋੜ ਸੀ, ਉਵੇਂ ਹੀ ਭਾਰਤ ਵਿੱਚ ਇਸ ਗੱਠਜੋੜ ਦਾ ਰੂਪ ਬ੍ਰਾਹਮਣਵਾਦ ਅਤੇ ਰਾਜਸ਼ਾਹੀ ਦੇ ਗੱਠਜੋੜ ਦੇ ਰੂਪ ਵਿੱਚ ਸੀ। ਰਾਜਾ ਬ੍ਰਾਹਮਣਵਾਦ ਅਨੁਸਾਰ ਦੇਵਤਿਆਂ ਦਾ ਨੁਮਾਇੰਦਾ ਸੀ, ਜਿਸਨੂੰ ਹਕੂਮਤ ਕਰਨ ਦੀ ਆਗਿਆ ਸਿੱਧੀ ਦੇਵਤਿਆਂ ਤੋਂ ਮਿਲੀ ਹੋਈ ਸੀ ਜਿਸ ਕਰਕੇ ਉਸ ਦੀ ਸੱਤ੍ਹਾ ਖਿਲਾਫ਼ ਵਿਦ੍ਰੋਹ ਦੇਵਤਿਆਂ ਖਿਲਾਫ਼ ਵਿਦ੍ਰੋਹ ਸੀ। ਇਸ ਗੱਠਜੋੜ ਦਾ ਕਰਮਕਾਂਡੀ ਰੂਪ ਇੱਕ ਰਾਜਕੀ ਦੇਵਤਾ ਅਤੇ ਉਸ ਦੇਵਤੇ ਦਾ ਰਾਜਸੱਤ੍ਹਾ ਦੀ ਛਤਰਛਾਇਆ ਪ੍ਰਾਪਤ ਮੰਦਰ ਸੀ। ਰਾਜਕੀ ਮੰਦਰ ਤੇ ਉੱਥੇ “ਬਿਰਾਜਮਾਨ” ਰਾਜਕੀ ਦੇਵਤੇ ਦੀ ਮੂਰਤੀ ਉਹ ਦੈਵੀ ਸ਼ਕਤੀ ਸੀ ਜੋ ਰਾਜੇ ਦੀ “ਤਾਕਤ ਦਾ ਸ੍ਰੋਤ” ਸੀ, ਮੰਦਰ ਦੀ ਤਬਾਹੀ ਰਾਜੇ ਦੀ ਤਾਕਤ ਦਾ ਖਾਤਮਾ ਮੰਨਿਆ ਜਾਂਦਾ ਸੀ, ਭਾਵ ਇੱਕ ਰਾਜੇ ਲਈ ਦੂਜੇ ਰਾਜੇ ਨੂੰ ਸਿਰਫ਼ ਜੰਗ ਦੇ ਮੈਦਾਨ ਵਿੱਚ ਹਰਾਉਣਾ ਕਾਫ਼ੀ ਨਹੀਂ ਸੀ, ਉਸ ਲਈ ਆਪਣੀ ਜਿੱਤ ਨੂੰ ਪੱਕਿਆਂ ਕਰਨ ਲਈ ਅਤੇ ਹਾਰੇ ਹੋਏ ਰਾਜੇ ਦੇ ਰਾਜ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨ ਲਈ ਉਸ ਰਾਜੇ ਦੀ ਤਾਕਤ ਦਾ ਦੈਵੀ ਸਰੋਤ ਨਸ਼ਟ ਕਰਨਾ ਵੀ ਲਾਜ਼ਮੀ ਹੁੰਦਾ ਸੀ। ਰਾਜੇ, ਮੰਦਰ, ਦੇਵਤੇ ਅਤੇ ਉਸਦੇ ਰਾਜ ਵਿਚਾਲੇ ਸਬੰਧ ਕਿੰਨਾ ਗੂੜ੍ਹੀ ਤਰ੍ਹਾਂ ਜੁੜਿਆ ਹੋਇਆ ਸੀ, ਇਹ ਛੇਵੀਂ ਸਦੀ ਦੀ ਇੱਕ ਲਿਖਤ ਬ੍ਰਹਤਸੰਹਿਤਾ ਵਿੱਚ ਇਸ ਜ਼ਿਕਰ ਤੋਂ ਹੋਰ ਸਪੱਸ਼ਟ ਹੋ ਜਾਂਦਾ ਹੈ, “ਜੇ ਮੰਦਰ ਵਿੱਚ ਬਿਰਾਜਮਾਨ ਸ਼ਿਵਲਿੰਗ, ਮੂਰਤੀ ਜਾਂ ਮੰਦਰ ਹੀ ਕਿਸੇ ਕਾਰਨ ਟੁੱਟ ਜਾਂਦਾ ਹੈ, ਕਿਸੇ ਦੂਜੀ ਥਾਂ ਲਿਜਾਇਆ ਜਾਂਦਾ ਹੈ, ਰੋਣ, ਬੋਲਣ ਜਾਂ ਅਜਿਹੀ ਕੋਈ ਹੋਰ ਹਰਕਤ ਕਰਦਾ ਹੈ ਜਿਸਦਾ ਕੋਈ ਸਾਫ਼ ਕਾਰਨ ਨਾ ਹੋਵੇ, ਤਾਂ ਇਹ ਰਾਜੇ ਅਤੇ ਉਸਦੇ ਰਾਜ ਦੀ ਤਬਾਹੀ ਦਾ ਸੰਕੇਤ ਕਰਦਾ ਹੈ।” ਇਸ ਤਰ੍ਹਾਂ ਰਾਜਕੀ ਮੰਦਰ ਅਤੇ ਉੱਥੇ ਰੱਖੀ ਰਾਜਕੀ ਦੇਵਤੇ ਦੀ ਮੂਰਤੀ ਪੂਰੀ ਤਰ੍ਹਾਂ ਨਾਲ ਇੱਕ ਸਿਆਸੀ ਸੰਸਥਾ ਸੀ ਜਿਸਨੂੰ ਰਾਜੇ ਵੱਲੋਂ ਚੋਖਾ ਦਾਨ ਅਤੇ ਵਿੱਤ-ਪੋਸ਼ਣ ਹੁੰਦਾ ਸੀ ਜਿਸ ਕਾਰਨ ਅਜਿਹੇ ਮੰਦਰਾਂ ਕੋਲ ਖ਼ਾਸ ਕਰਕੇ ਦੌਲਤ ਦੇ ਵੱਡੇ ਭੰਡਾਰ ਹੁੰਦੇ ਸਨ।

ਹਿੰਦੂ ਰਾਜਿਆਂ ਦੀਆਂ ਆਪਸੀ ਲੜਾਈਆਂ ਦੌਰਾਨ ਵੀ ਰਾਜਕੀ ਮੰਦਰ ਇਸੇ ਕਾਰਨ ਕਰਕੇ ਨਿਸ਼ਾਨਾ ਬਣਦੇ ਸਨ। ਇੱਕ ਰਾਜਾ ਜਦੋਂ ਦੂਜੇ ਰਾਜੇ ਉੱਤੇ ਹਮਲਾ ਕਰਦਾ ਸੀ ਤਾਂ ਉਹ ਨਾ ਸਿਰਫ਼ ਰਾਜੇ ਦੀ ਇਸ ‘ਲੋਕ’ ਉੱਤੇ ਸੱਤ੍ਹਾ ਸਮਾਪਤ ਕਰਦਾ ਸੀ, ਸਗੋਂ ਉਹ ਰਾਜੇ ਦੀ ਸੱਤ੍ਹਾ ਦਾ ਦੈਵੀ ਸ੍ਰੋਤ ਵੀ ਖਤਮ ਕਰਦਾ ਸੀ, ਭਾਵ ਹਾਰੇ ਹੋਏ ਰਾਜੇ ਦੀ ਸੱਤ੍ਹਾ ਦੀ ਜਾਇਜ਼ਤਾ ਖਤਮ ਕਰਦਾ ਸੀ। ਮੰਦਰ ਦੇ ਟੁੱਟਣ ਅਤੇ ਮੂਰਤੀ ਦੇ ਚੁੱਕੇ ਜਾਣ ਤੋਂ ਬਾਅਦ ਸਬੰਧਤ ਰਾਜੇ ਨੂੰ ਰਾਜ ਕਰਨ ਦਾ ਅਧਿਕਾਰ ਨਹੀਂ ਰਹਿ ਜਾਂਦਾ ਸੀ। ਇਹੀ ਰਵਾਇਤ ਤੁਰਕਾਂ ਅਤੇ ਮੁਗਲਾਂ ਵੱਲੋਂ ਸਲਤਨਤ ਕਾਇਮ ਕਰਨ ਵੇਲ਼ੇ ਜਾਰੀ ਰਹੀ, ਉਹ ਜਦੋਂ ਕਿਸੇ ਰਾਜੇ ਨੂੰ ਹਰਾਉਂਦੇ ਤੇ ਉਸਦੇ ਰਾਜ ਉੱਤੇ ਕਬਜ਼ਾ ਕਰਦੇ ਤਾਂ ਉਸਦੇ ਰਾਜਕੀ ਮੰਦਿਰ ਨੂੰ ਢਾਹ ਦਿੰਦੇ। ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜੇ ਰਾਜੇ ਉਹਨਾਂ ਦੀ ਅਧੀਨਗੀ, ਭਾਵ ਆਪਣੇ ਇਲਾਕੇ ਵਿੱਚੋਂ ਲਗਾਨ ਵਸੂਲ ਕੇ ਦੇਣਾ ਮੰਨ ਲੈਂਦੇ ਸਨ, ਉਹਨਾਂ ਇਲਾਕਿਆਂ ਵਿੱਚ ਮੰਦਰ ਢਾਹੁਣ ਦੀਆਂ ਘਟਨਾਵਾਂ ਦਾ ਨਾ ਦੇ ਬਰਾਬਰ ਜ਼ਿਕਰ ਮਿਲਦਾ ਹੈ, ਇਹ ਵੀ ਧਿਆਨ ਦੇਣ ਯੋਗ ਹੈ ਕਿ ਇੱਕ ਵਾਰ ਕਿਸੇ ਇਲਾਕੇ ਨੂੰ ਜਿੱਤ ਲੈਣ ਤੋਂ ਬਾਅਦ ਉਸ ਇਲਾਕੇ ਵਿੱਚ ਮੰਦਰ ਢਾਹੁਣ ਦੀ ਘਟਨਾ ਦਾ ਜ਼ਿਕਰ ਵੀ ਬੇਹੱਦ ਘੱਟ ਮਿਲਦਾ ਹੈ। ਅਜਿਹਾ ਅਕਸਰ ਉਦੋਂ ਹੀ ਹੋਇਆ ਮਿਲਦਾ ਹੈ ਜਦੋਂ ਅਧੀਨਗੀ ਸਵੀਕਾਰ ਕਰ ਚੁੱਕਾ ਰਾਜਾ ਬਗਾਵਤ ਕਰ ਦਿੰਦਾ ਸੀ ਜਾਂ ਕਬਜ਼ਾਏ ਹੋਏ ਇਲਾਕੇ ਵਿੱਚ ਕੋਈ ਬਗਾਵਤ ਖੜੀ ਹੋ ਜਾਂਦੀ ਸੀ। ਇਸ ਤੋਂ ਉਲਟ, ਮੁਸਲਿਮ ਸੁਲਤਾਨਾਂ ਵੱਲੋਂ ਆਪਣੇ ਰਾਜ ਵਿੱਚ ਮੰਦਰਾਂ ਨੂੰ ਦਾਨ ਦੇਣ, ਮੰਦਰਾਂ ਦੇ ਨਾਮ ਜਗੀਰਾਂ ਲਗਵਾਉਣ ਅਤੇ ਮੰਦਰਾਂ ਦੀ ਉਸਾਰੀ ਲਈ ਧਨ-ਦੌਲਤ ਦੇਣ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਮੰਦਰ ਢਾਹੁਣ ਦੀਆਂ ਘਟਨਾਵਾਂ ਉੱਥੇ-ਉੱਥੇ ਹੀ ਹੋਈਆਂ ਜਿੱਥੇ-ਜਿੱਥੇ ਮੁਸਲਿਮ ਸੁਲਤਾਨ ਅੱਗੇ ਵਧ ਰਹੇ ਸਨ, ਇਸ ਤਰ੍ਹਾਂ ਇਹ ਹਿੰਦੂ ਰਾਜਿਆਂ ਵੱਲੋਂ ਇੱਕ-ਦੂਜੇ ਦੇ ਮੰਦਰ ਢਾਹੁਣ ਦੇ ਘਟਨਾਕ੍ਰਮ ਤੋਂ ਉੱਕਾ ਹੀ ਵੱਖਰਾ ਨਹੀਂ ਹੈ। ਸਿਰਫ਼ ਇਤਿਹਾਸ ਦੀ ਗਲਤ ਵਿਆਖਿਆ ਕਰਨ ਲਈ ਅਤੇ ਜਾਣਬੁੱਝ ਕੇ ਇਤਿਹਾਸਕ ਘਟਨਾਵਾਂ ਨੂੰ ਅਸਲ ਸਥਿਤੀਆਂ ਨਾਲੋਂ ਤੋੜ ਕੇ ਪੇਸ਼ ਕਰਨ ਲਈ ਮੰਦਰ ਤੋੜੇ ਜਾਣ ਪਿਛਲੇ ਅਸਲੀ ਸਿਆਸੀ ਕਾਰਕਾਂ ਨੂੰ ਲੁਕਾਇਆ ਜਾ ਸਕਦਾ ਹੈ, ਤੇ ਲੁਕਾਇਆ ਜਾਂਦਾ ਹੈ।

ਮੁਸਲਿਮ ਹਮਲਾਵਰਾਂ ਵੱਲੋਂ ਸ਼ੁਰੂ ਵਿੱਚ ਮੰਦਰ ਤੋੜੇ ਜਾਣ ਪਿੱਛੇ ਕਾਰਨ ਬਾਅਦ ਵਿੱਚ ਜਾ ਕੇ ਜਦੋਂ ਹਮਲਾਵਰ ਹੋਣ ਦੀ ਥਾਂ ਉਹ ਭਾਰਤ ਵਿੱਚ ਸਥਾਈ ਤੌਰ ਉੱਤੇ ਹਕੂਮਤ ਕਰਨ ਲੱਗੇ, ਮੰਦਰ ਤੋੜੇ ਜਾਣ ਪਿਛਲੇ ਕਾਰਨਾਂ ਨਾਲੋਂ ਅਲੱਗ ਸਨ। ਜਿਵੇਂ ਕਿ ਉੱਪਰ ਜ਼ਿਕਰ ਆਇਆ ਹੈ ਕਿ ਰਾਜ ਦੀ ਸਰਪ੍ਰਸਤੀ ਹਾਸਲ ਮੰਦਰਾਂ ਕੋਲ ਅਪਾਰ ਧਨ-ਦੌਲਤ ਹੁੰਦੀ ਸੀ, ਇਹ ਧਨ-ਦੌਲਤ ਮੁਸਲਿਮ ਹਮਲਾਵਰਾਂ ਦੇ ਹਮਲਿਆਂ ਦਾ ਕਾਰਨ ਬਣੀ। ਤੁਰਕਾਂ ਨੇ ਅਜਿਹੀ ਸਥਾਈ ਫ਼ੌਜ ਰੱਖਣ ਦਾ ਚਲਣ ਸ਼ੁਰੂ ਕੀਤਾ ਜਿਸ ਵਿੱਚ ਫੌਜੀਆਂ ਨੂੰ ਬਾਕਾਇਦਾ ਨਿਯਮਿਤ ਤਨਖਾਹ ਮਿਲਦੀ ਸੀ ਪਰ ਇਸ ਤਨਖਾਹ ਦਾ ਬੰਦੋਬਸਤ ਉਹ ਲੁੱਟਮਾਰ ਲਈ ਕੀਤੇ ਗਏ ਹਮਲਿਆਂ ਰਾਹੀਂ ਕਰਦੇ ਸਨ। ਉੱਤਰੀ ਭਾਰਤ ਉੱਤੇ ਕੀਤੇ ਗਏ ਸ਼ੁਰੂਆਤੀ ਹਮਲਿਆਂ ਦਾ ਮਕਸਦ ਮੁੱਖ ਤੌਰ ਉੱਤੇ ਇਹੀ ਸੀ। ਅਫਗਾਨਿਸਤਾਨ ਵਿੱਚ ਹਕੂਮਤ ਕਾਇਮ ਕਰ ਰਹੇ ਤੁਰਕ ਸੁਲਤਾਨਾਂ ਦੇ ਹਮਲਿਆਂ ਦਾ ਸ਼ਿਕਾਰ ਸਿਰਫ਼ ਉੱਤਰੀ ਭਾਰਤ ਹੀ ਨਹੀਂ ਬਣਿਆ, ਇਰਾਨ ਉੱਤੇ ਵੀ ਉਹਨਾਂ ਨੇ ਲਗਾਤਾਰ ਅਜਿਹੇ ਹਮਲੇ ਕੀਤਾ ਅਤੇ ਤੁਰਕਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਿਆ ਕਿ ਇਰਾਨ ਦੀ ਆਬਾਦੀ ਇਸਲਾਮ ਧਰਮ ਨੂੰ ਹੀ ਮੰਨਦੀ ਸੀ। ਮਿਸਾਲ ਵਜੋਂ, 1026 ਵਿੱਚ ਸੋਮਨਾਥ ਮੰਦਰ ਨੂੰ ਲੁੱਟਣ ਤੋਂ ਬਾਅਦ, 1029 ਵਿੱਚ ਮਹਿਮੂਦ ਗਜ਼ਨਵੀ ਨੇ ਇਰਾਨ ਦੇ ਸ਼ਹਿਰ ‘ਰੇਅ’ ਨੂੰ ਤਬਾਹ ਕਰ ਦਿੱਤਾ ਅਤੇ ਲੱਖਾਂ ਦੀਨਾਰ ਕੀਮਤ ਦੀ ਧਨ-ਦੌਲਤ ਲੁੱਟੀ। ਹੋਰ ਤਾਂ ਹੋਰ, ਜਿਸ ਮੁਹਿੰਮ ਤਹਿਤ ਉਸਨੇ ਸੋਮਨਾਥ ਮੰਦਰ ਉੱਤੇ ਚੜਾਈ ਕੀਤੀ ਸੀ, ਉਸੇ ਮੁਹਿੰਮ ਵਿੱਚ ਉਸਨੇ ਮੁਲਤਾਨ ਉੱਤੇ ਵੀ ਹਮਲਾ ਕੀਤਾ ਸੀ, ਸ਼ਹਿਰ ਵਿੱਚ ਲੁੱਟਮਾਰ ਕੀਤੀ ਅਤੇ ਮਸਜਿਦ ਤੱਕ ਢਾਹ ਦਿੱਤੀ। ਹਿੰਦੂਵਾਦੀ ਕੌਮਪ੍ਰਸਤ ਇਤਿਹਾਸਕਾਰ ਤੁਰਕਾਂ ਦੇ ਹਮਲਿਆਂ ਨੂੰ ਧਾਰਮਿਕ ਹਮਲੇ ਬਣਾ ਕੇ ਪੇਸ਼ ਕਰਨ ਲਈ, ਇਹ ਸਿੱਧ ਕਰਨ ਲਈ ਕਿ ਇਹਨਾਂ ਹਮਲਿਆਂ ਦਾ ਅਧਾਰ ਹਿੰਦੂ ਧਰਮ ਲਈ ਮੁਸਲਿਮਾਂ ਦੀ “ਨਫ਼ਰਤ” (ਜੋ ਉਹਨਾਂ ਅਨੁਸਾਰ ਅੱਜ ਵੀ ਮੁਸਲਮਾਨਾਂ ਅੰਦਰ ਭਰੀ ਹੋਈ ਹੈ, ਭਾਵ ਇਹ ਨਫ਼ਰਤ ਇਤਿਹਾਸਕ ਹੈ!!) ਅਤੇ ਇਸਲਾਮ ਧਰਮ ਦੇ ਮੂਰਤੀ-ਪੂਜਾ ਦੇ ਵਿਰੋਧੀ ਹੋਣ ਦੇ ਨੁਕਤੇ ਨੂੰ ਬਣਾ ਕੇ ਪੇਸ਼ ਕਰਨ ਲਈ ਉਸ ਸਮੇਂ ਦੇ ਪੂਰੇ ਇਤਿਹਾਸ ਨੂੰ ਲੁਕਾ ਜਾਂਦੇ ਹਨ ਅਤੇ ਇਤਿਹਾਸ ਨੂੰ ਲੁਕਾਉਣਾ ਹੀ ਉਹਨਾਂ ਦੀ ਇਤਿਹਾਸਕਾਰੀ ਹੈ।

ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੇ ਇਤਿਹਾਸਕ ਸ੍ਰੋਤ ਉਸ ਸਮੇਂ ਦੇ ਤੁਰਕਾਂ ਦੇ ਦਰਬਾਰੀ ਵਿਦਵਾਨ ਹੀ ਹਨ ਜਿਹੜੇ ਮੌਲਵੀ ਆਦਿ ਹੀ ਹੁੰਦੇ ਸਨ ਤੇ ਜਿਹਨਾਂ ਦਾ ਮਕਸਦ ਸੁਲਤਾਨ ਦੀ ਉਸਤਤੀ ਕਰਨਾ ਹੁੰਦਾ ਸੀ, ਉਹ ਸੁਲਤਾਨ ਦੇ ਹਮਲਿਆਂ ਦੇ ਅਸਲ ਮਕਸਦ ਨੂੰ ਧਾਰਮਿਕ ਰੰਗਤ ਦੇ ਕੇ ਅਜਿਹਾ ਕਰਦੇ ਸਨ ਅਤੇ ਸੁਲਤਾਨ ਨੂੰ ਇਸਲਾਮ ਦਾ ਰਾਖਾ, ਸੱਚਾ ਮੁਸਲਮਾਨ ਸਿੱਧ ਕਰਦੇ ਸਨ ਕਿਉਂਕਿ ਸੁਲਤਾਨ ਦੀ ਹਕੂਮਤ ਦੀ ਜਾਇਜ਼ਤਾ ਇਸੇ ਨਾਲ ਜੁੜੀ ਹੋਈ ਸੀ ਅਤੇ ਸੁਲਤਾਨ ਇਸ ਕੰਮ ਲਈ ਮੌਲਵੀਆਂ ਨੂੰ ਰਾਜਕੀ ਸਰਪ੍ਰਸਤੀ ਤੇ ਅਹੁਦੇ ਦਿੰਦਾ ਸੀ, ਬਿਲਕੁਲ ਬਾਕੀ ਸਭਨਾਂ ਧਰਮਾਂ ਦੇ ਜਗੀਰੂ ਰਾਜਿਆਂ ਵਾਂਗ। ਪਰ ਸੰਘੀ ਇਤਿਹਾਸਕਾਰਾਂ ਦੀ ਬੇਈਮਾਨੀ ਇੱਥੇ ਹੀ ਨਹੀਂ ਰੁਕਦੀ, ਉਹ ਮੁਸਲਿਮ ਹਾਕਮਾਂ ਦੇ ਦਰਬਾਰੀ ਵਿਦਵਾਨਾਂ ਦੇ ਬਿਆਨਾਂ ਨੂੰ ਤਾਂ ਇਤਿਹਾਸਕ ਸਬੂਤ ਵਜੋਂ ਪੇਸ਼ ਕਰਦੇ ਹਨ, ਪਰ ਹਿੰਦੂ ਤੇ ਜੈਨ ਰਾਜਿਆਂ ਦੇ ਦਰਬਾਰੀ ਵਿਦਵਾਨਾਂ ਤੇ ਉਸ ਸਮੇਂ ਦੇ ਇਹਨਾਂ ਧਰਮਾਂ ਨਾਲ ਸਬੰਧਿਤ ਹੋਰ ਲੇਖਕਾਂ ਦੇ ਬਿਆਨਾਂ ਨੂੰ ਗੋਲ਼ ਕਰ ਜਾਂਦੇ ਹਨ ਜਿਵੇਂ ਕਿ ਸੋਮਨਾਥ ਮੰਦਰ ਉੱਤੇ ਹਮਲੇ ਬਾਰੇ ਗੱਲ ਕਰਨ ਸਮੇਂ ਹੁਣ ਤੱਕ ਹੁੰਦਾ ਆਇਆ ਹੈ ਜਿੱਥੇ ਇਸ ਇੱਕ ਇਤਿਹਾਸਕ ਘਟਨਾ ਦੇ ਮੁਸਲਿਮ, ਹਿੰਦੂ ਤੇ ਜੈਨ ਧਰਮ ਨਾਲ ਜੁੜੇ ਲੇਖਕਾਂ ਦੇ ਬਿਆਨ ਆਪਸ ਵਿੱਚ ਉੱਕਾ ਹੀ ਨਹੀਂ ਮਿਲਦੇ, ਇਸ ਬਾਰੇ ਵਧੇਰੇ ਵਿਸਥਾਰ ਵਿੱਚ ਰੋਮਿਲਾ ਥਾਪਰ ਦੀ ਇਸੇ ਘਟਨਾ ਨੂੰ ਅਧਾਰ ਬਣਾ ਕੇ ਲਿਖੀ ਕਿਤਾਬ ਪੜ੍ਹੀ ਜਾ ਸਕਦੀ ਹੈ ਜਿਸ ਵਿੱਚ ਉਹਨਾਂ ਨੇ ਅਲੱਗ-ਅਲੱਗ ਇਤਿਹਾਸਕ ਸ੍ਰੋਤਾਂ ਨੂੰ ਚੰਗੀ ਤਰ੍ਹਾਂ ਫਰੋਲਿਆ ਹੈ।

ਜਿਸ ਤਰ੍ਹਾਂ ਅੱਜ ਸੰਘ ਆਪਣਾ ਬੋਗਸ ਕੌਮਵਾਦ ਪੂਰੇ ਮੁਲਕ ਉੱਤੇ ਥੋਪ ਰਿਹਾ ਹੈ ਅਤੇ ਇਸ ਲਈ ਇਤਿਹਾਸ ਦੀ ਆਪਣੀ ਤੋੜੀ-ਮਰੋੜੀ ਵਿਆਖਿਆ ਦਾ ਇਸਤੇਮਾਲ ਕਰ ਰਿਹਾ ਹੈ, ਜਿਸ ਵਿੱਚ ਲੋਕਾਂ ਦੇ ਮਨਾਂ ਵਿੱਚ ਬੈਠੀਆਂ ਮਿਥਾਂ ਤੇ ਤੁਅੱਸਬ ਉਹਨਾਂ ਲਈ ਮੱਦਦਗਾਰ ਸਾਬਿਤ ਹੋ ਰਹੇ ਹਨ, ਅਜਿਹੇ ਸਮੇਂ ਵਿੱਚ ਇਤਿਹਾਸ ਦੀ ਸਹੀ ਜਾਣਕਾਰੀ ਭਾਵ ਇਤਿਹਾਸਕ ਤੱਥ ਤੇ ਉਹਨਾਂ ਦੀ ਇਤਿਹਾਸਕਤਾ ਵਿੱਚ ਰੱਖ ਕੇ ਕੀਤੀ ਵਿਆਖਿਆ ਤੇ ਅੱਜ ਦੇ ਸੰਦਰਭ ਵਿੱਚ ਉਹਨਾਂ ਦੀ ਅਹਿਮੀਅਤ, ਨੂੰ ਆਮ ਲੋਕਾਈ ਤੱਕ ਤੇ ਖਾਸ ਕਰਕੇ ਬੌਧਿਕ ਤਬਕੇ ਤੱਕ ਲੈ ਕੇ ਜਾਣਾ, ਸੰਘੀ ਫਿਰਕਾਪ੍ਰਸਤ ਫਾਸਿਸਟਾਂ ਦਾ ਟਾਕਰਾ ਖੜਾ ਕਰਨ ਵਿੱਚ ਰੁੱਝੇ ਕਾਰਕੁੰਨਾਂ ਨੂੰ ਇਤਿਹਾਸਕ ਜਾਣਕਾਰੀਆਂ ਨਾਲ ਲੈੱਸ ਕਰਨਾ ਸਾਰੀਆਂ ਅਗਾਂਹਵਧੂ ਤਾਕਤਾਂ ਲਈ ਬੇਹੱਦ ਜ਼ਰੂਰੀ ਕਾਰਜ ਬਣ ਚੁੱਕਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements