ਮੱਧ-ਸਾਗਰ ਵਿੱਚ ਸ਼ਰਨਾਰਥੀ ਮੌਤਾਂ : ਇੱਕ ਸਾਮਰਾਜੀ ਅਪਰਾਧ •ਅਮਨਦੀਪ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਮਰਾਜੀ ਜੰਗਾਂ ਅਤੇ ਅੱਤਿਆਚਾਰਾਂ ਦੇ ਕੇਂਦਰ ਬਣ ਚੁੱਕੇ ਮੱਧ-ਪੂਰਬ ਅਤੇ ਲੀਬੀਆ ਵਿੱਚੋਂ ਉਜਾੜੇ ਗਏ ਲੱਖਾਂ ਲੋਕਾਂ ਦਾ ਦਰਿਆ ਯੂਰਪ ਵੱਲ ਨੂੰ ਵਹਿੰਦਾ ਜਾ ਰਿਹਾ ਹੈ। ਇਹਨਾਂ ਲੋਕਾਂ ਨੂੰ ਸ਼ਰਨਾਰਥੀ ਕਹਿੰਦੇ ਹਨ। ਇਹਨਾਂ ਦੀ ਤਰਾਸਦੀ ਵੇਖੋ, ਪਹਿਲਾਂ ਇਹਨਾਂ ‘ਤੇ ਜੰਗਾਂ ਥੋਪੀਆਂ ਗਈਆਂ, ਇਹਨਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ ਤਬਾਹ ਕੀਤੇ ਗਏ ਅਤੇ ਇਹਨਾਂ ਨੂੰ ਆਪਣੇ ਹੀ ਮੁਲਕਾਂ ਵਿੱਚ ਸ਼ਰਨਾਰਥੀ ਬਣਾ ਦਿੱਤਾ ਗਿਆ।  ਹੁਣ ਜਦੋਂ ਉਸ ਜੰਗੀ ਤੇ ਮਾਰੂ ਮਹੌਲ ਤੋਂ ਜਾਨ ਬਚਾਉਣ ਲਈ ਇਹਨਾਂ ਨੇ ਯੂਰਪ ਤੋਂ ਪਨਾਹ ਮੰਗੀ ਤਾਂ ਉੱਥੇ ਵੀ ਇਹਨਾਂ ਨੂੰ ਸ਼ਰਨ ਨਹੀਂ ਮਿਲੀ। ਅੱਜ ਹਾਲਤ ਇਹ ਹੈ ਕਿ ਵਾੜਬੰਦੀ ਕਰਕੇ, ਸਰਹੱਦਾਂ ਸੀਲ ਕਰਕੇ, ਪੁਲਸ-ਫ਼ੌਜ ਲਾਕੇ ਇਹਨਾਂ ਲੋਕਾਂ ਨੂੰ ਯੂਰਪ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀ ਆਪਣੇ ਪਰਿਵਾਰਾਂ ਸਮੇਤ ਯੂਰਪ ਪਹੁੰਚਣ ਲਈ ਮੱਧ-ਸਾਗਰ ਦੀ ਜੋਖ਼ਮ ਭਰੀ ਯਾਤਰਾ ਕਰਨ ਲਈ ਮਜ਼ਬੂਰ ਹਨ। ਉਹ ਲੁਟੇਰੇ ਤਸਕਰਾਂ ਦੇ ਭਰੋਸੇ ਮੱਛੀਆਂ ਫੜਨ ਵਾਲੀਆਂ ਨਿੱਕੀਆਂ ਕਿਸ਼ਤੀਆਂ ਵਿੱਚ ਸਵਾਰ ਹੋ ਜਾਂਦੇ ਹਨ ਜਿਹੜੀਆਂ ਕਿ ਸਮੁੰਦਰੀ ਯਾਤਰਾ ਕਰਨ ਦੇ ਅਯੋਗ ਹਨ। ਇਹਨਾਂ ਕਿਸ਼ਤੀਆਂ ਵਿੱਚ ਜੀ.ਪੀ.ਐੱਸ. ਅਤੇ ਟੈਲੀਫੋਨ ਵੀ ਨਹੀਂ ਹੁੰਦੇ ਜਿਸ ਕਾਰਨ ਕਿਸੇ ਸੰਕਟ ਦੀ ਘੜੀ ਬੇਸਹਾਰਾ ਯਾਤਰੀ ਕਿਸੇ ਨੂੰ ਸੰਪਰਕ ਵੀ ਨਹੀਂ ਕਰਪਾਉਂਦੇ. ਅਕਸਰ ਇਹ ਹੁੰਦਾ ਹੈ ਕਿ 20-30 ਜਾਣਿਆਂ ਲਈ ਬਣੀਆਂ ਬੇੜੀਆਂ ਵਿੱਚ 100 ਤੋਂ ਵੱਧ ਲੋਕਾਂ ਨੂੰ ਤੂੜ ਕੇ ਮੌਤ ਦੇ ਮੂੰਹ ਵੱਲ ਤੋਰ ਦਿੱਤਾ ਜਾਂਦਾ ਹੈ। ਪਿਛਲੇ ਤਿੰਨ ਸਾਲਾਂ ਵਿੱਚ 12,000 ਤੋਂ ਵੀ ਵੱਧ ਸ਼ਰਨਾਰਥੀ ਇਹ ਔਖਾ ਸਫ਼ਰ ਤੈਅ ਕਰਦੇ ਹੋਏ ਮੱਧ-ਸਾਗਰ ਵਿੱਚ ਡੁੱਬਕੇ ਆਪਣੀ ਜਾਨ ਗਵਾ ਚੁੱਕੇ ਹਨ। ਇਹਨਾਂ ਮੁਸਾਫ਼ਿਰਾਂ ਲਈ ਮੱਧ-ਸਾਗਰ ਇੱਕ ਵਿਸ਼ਾਲ ਕਬਰਸਤਾਨ ਵਿੱਚ ਤਬਦੀਲ ਹੋ ਗਿਆ ਹੈ। 2015 ਵਿੱਚ ਆਪਣੇ ਪਰਿਵਾਰ ਨਾਲ਼ ਸਮੁੰਦਰ ਪਾਰ ਕਰਦੇ ਇੱਕ ਬੱਚੇ ਦੀ ਸਮੁੰਦਰ ਕੰਢੇ ਹੋਈ ਮੌਤ ਦੀ ਇੱਕ ਦਰਦਨਾਕ ਤਸਵੀਰ ਨਾਲ਼ ਇਹ ਮੁੱਦਾ ਪੂਰੀ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਇਆ ਸੀ। ਪਰ ਲੀਬੀਆ ਦੇ ਤੱਟ ‘ਤੇ ਰੋਜ਼ਾਨਾ ਹੀ ਇਹ ਸਾਗਰ ਗਲ-ਸੜ ਚੁੱਕੀਆਂ ਲਾਸ਼ਾਂ ਉਗਲਦਾ ਰਹਿੰਦਾ ਹੈ ਜਿਹਨਾਂ ਦੀਆਂ ਤਸਵੀਰਾਂ ਅਤੇ ਚਰਚਾ ਮੀਡੀਆ ਚੈਨਲਾਂ ਅਤੇ ਅਖ਼ਬਾਰਾਂ ਵਿੱੱਚੋਂ ਗਾਇਬ ਰਹਿੰਦੀ ਹੈ। ਸਿਰਫ 2016 ਵਿੱਚ ਮੱਧ-ਸਾਗਰ ਵਿੱਚ ਮਰਨ ਵਾਲਿਆਂ ਦੀ ਗਿਣਤੀ 5,000 ਤੋਂ ਵੱਧ ਹੈ।  ਸਾਲ 2015 ਵਿੱਚ ਇਹ ਗਿਣਤੀ 3,371 ਅਤੇ ਸਾਲ 2014 ਵਿੱਚ ਇਹ ਲੱਗਭੱਗ 3,000 ਸੀ। ਇਸ ਤੋਂ ਅਲਾਵਾ 1,440 ਸ਼ਰਨਾਰਥੀ ਯੂਰਪ ਜਾਣ ਵਾਲ਼ੇ ਜ਼ਮੀਨੀ ਰਸਤਿਆਂ ‘ਤੇ ਮਾਰੇ ਗਏ ਹਨ। ਤੁਰਕੀ ਵਿੱਚ 100 ਤੋਂ ਵੱਧ ਸਰਹੱਦੀ ਪੁਲਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ. ਸ਼ਰਨਾਰਥੀਆਂ ਦੀਆਂ ਮੌਤਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਬਾਵਜੂਦ ਇਸਦੇ ਕਿ ਯੂਰਪ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਦੋ-ਤਿਹਾਈ ਦੀ ਗਿਰਾਵਟ ਆਈ ਹੈ, 2015 ਵਿੱਚ ਸ਼ਰਨਾਰਥੀਆਂ ਦੀ ਗਿਣਤੀ ਘਟਕੇ 3,58,000 ਰਹਿ ਗਈ ਹੈ ਜੋ ਪਹਿਲਾਂ 10 ਲੱਖ ਤੋਂ ਉੱਪਰ ਸੀ। ਇਹ ਯੂਰਪੀ ਯੂਨੀਅਨ ਵੱਲੋਂ ਸ਼ਰਨਾਰਥੀਆਂ ਲਈ ਦਰਵਾਜ਼ੇ ਬੰਦ ਕਰਨ ਦਾ ਸਿੱਧਾ ਅਸਰ ਹੈ ਕਿ ਜ਼ਿੰਦਗੀ ਦੇ ਵਸੀਲਿਆਂ ਦੀ ਭਾਲ ਵਿੱਚ ਉਹ ਜਾਨਲੇਵਾ ਰਾਹਾਂ ਉੱਤੇ ਸਫ਼ਰ ਕਰਨ ਲਈ ਮਜ਼ਬੂਰ ਹਨ ਅਤੇ ਮੌਤਾਂ ਦਾ ਇਹ ਦਰਦਨਾਕ ਸਿਲਸਿਲਾ ਜਾਰੀ ਹੈ।

ਇਸ ਸੰਗੀਨ ਮਸਲੇ ਪ੍ਰਤੀ ਤਕੜੇ ਸਾਮਰਾਜੀ ਮੁਲਕਾਂ ਦੇ ਦੋਗਲੇ ਰਵੱਈਏ ਬਾਰੇ ਅਸੀਂ ‘ਲਲਕਾਰ’ ਦੇ ਪਿਛਲੇ ਅੰਕਾਂ ਵਿੱਚ ਲਿਖਦੇ ਰਹੇ ਹਾਂ। ਇਸ ਲੇਖ ਵਿੱਚ ਅਸੀਂ ਪਿਛਲੇ ਇੱਕ ਸਾਲ ਵਿੱਚ ਸਾਮਰਾਜੀ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਸ਼ਰਨਾਰਥੀਆਂ ਪ੍ਰਤੀ ਦਮਨਕਾਰੀ ਨੀਤੀਆਂ ਵਿੱਚ ਕੀਤੇ ਵਿਸਥਾਰਾਂ ਦੀ ਚਰਚਾ ਕਰਾਂਗੇ। ਯੂਰਪੀ ਸਰਕਾਰੀ ਏਜੰਸੀਆਂ ਲਗਾਤਾਰ ਸ਼ਰਨਾਰਥੀਆਂ ਦੀਆਂ ਮੌਤਾਂ ਦਾ ਪੂਰਾ ਦੋਸ਼ ਮਨੁੱਖੀ ਤਸਕਰਾਂ ਸਿਰ ਮੜਦੀਆਂ ਆਈਆਂ ਹਨ ਜਿਵੇਂ ਕਿ ਇਹ ਕਹਿਣਾ ਕਿ ‘ਉਹ ਖਰਾਬ ਮੌਸਮ ਵਿੱਚ ਚਲਦੇ ਹਨ’.ਅਤੇ ਹੁਣ ਮਨੁੱਖੀ ਸਮੱਗਲਰਾਂ ਨੂੰ ਰੋਕਣ ਦੇ ਬਹਾਨੇ ਆਪਣੀਆਂ ਫ਼ੌਜੀ ਸ਼ਕਤੀਆਂ ਦਾ ਪਸਾਰਾ ਕੀਤਾ ਜਾ ਰਿਹਾ ਹੈ ਜਿਸਦਾ ਅਸਲ ਨਿਸ਼ਾਨਾ ਨਿਹੱਥੇ ਪਰਵਾਸੀ/ਸ਼ਰਨਾਰਥੀ ਹੁੰਦੇ ਹਨ। ਪਰ ਮਨੁੱਖੀ ਤਸਕਰਾਂ ਦੀ ਹੋਂਦ ਵੀ ਤਾਂ ਉਹਨਾਂ ਨੀਤੀਆਂ ਦੀ ਹੀ ਪੈਦਾਵਾਰ ਹੈ ਜੋ ਸ਼ਰਨਾਰਥੀਆਂ ਨੂੰ ਇਸ ਤਰ੍ਹਾਂ ਲੁਕ-ਲੁਕ ਕੇ ਸਰਹੱਦਾਂ ਲੰਘਣ ਲਈ ਮਜ਼ਬੂਰ ਕਰ ਰਹੀਆਂ ਹਨ। ਆਓ ਜਾਣੀਏ ਕਿ ਯੂਰਪੀ ਯੂਨੀਅਨ ਇਸ ਸ਼ਰਨਾਰਥੀ ਸੰਕਟ ਨਾਲ਼ ਨਜਿੱਠਣ ਲਈ ਕਿਹੜੇ ਹਥਕੰਡੇ ਅਪਣਾ ਰਿਹਾ ਹੈ। ਯੂਨਾਨ ਵਿੱਚ 60,000 ਅਤੇ ਇਟਲੀ ਵਿੱਚ 1,20,000 ਲੋਕ ਸ਼ਰਨਾਰਥੀ ਬਣਕੇ ਭੀੜ-ਭੜਾਕੇ ਵਾਲ਼ੇ ਕੈੰਪਾਂ ਵਿੱਚ ਨਜ਼ਰਬੰਦ ਹਨ ਜੋ ਬਰਫ਼ਬਾਰੀ ਅਤੇ ਕੜਾਕੇ ਦੀ ਠੰਡ ਵਿੱਚ ਵੀ ਟੈਂਟਾਂ ਵਿੱਚ ਰਹਿਣ ਲਈ ਮਜ਼ਬੂਰ ਹਨ। ਇਹਨਾਂ ਨੂੰ ਪਨਾਹ ਦੇਣ ਨੂੰ ਲੈਕੇ ਯੂਰਪੀ ਮੁਲਕਾਂ ਵਿੱਚ ਚਲਦੀ ਆਪਸੀ ਖਿੱਚੋ-ਤਾਣ ਕਰਕੇ ਇਹ ਇੱਥੇ ਮਹੀਨਿਆਂ ਬੱਧੀ ਕੈਦ ਰਹਿੰਦੇ ਹਨ ਅਤੇ ਜ਼ਿਆਦਾਤਰ ਵਾਪਸ ਉੱਥੇ ਹੀ ਭੇਜ ਦਿੱਤੇ ਜਾਂਦੇ ਹਨ ਜਿਥੋਂ ਉਹ ਜਾਨ ਬਚਾਕੇ ਆਏ ਹਨ। ਪਿਛਲੇ ਸਾਲ 1,00,000 ਤੋਂ ਵੱਧ ਸ਼ਰਨਾਰਥੀਆਂ ਨਾਲ਼ ਇਹੀ ਕੀਤਾ ਗਿਆ। ਪਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਅਤੇ ਸ਼ਰਨਾਰਥੀਆਂ ਪ੍ਰਤੀ ਨਫ਼ਰਤ ਭੜਕਾਉਣ ਲਈ ਹਾਕਮ ਜਮਾਤਾਂ ਅੰਨੀ ਕੌਮਪ੍ਰਸਤੀ ਦਾ ਸਹਾਰਾ ਲੈ ਰਹੀਆਂ ਹਨ ਜੋ ਯੂਰਪ ਵਿੱਚ ਫਾਸੀਵਾਦੀ ਤਾਕਤਾਂ ਦੀ ਜ਼ਮੀਨ ਹੋਰ ਮਜ਼ਬੂਤ ਕਰ ਰਿਹਾ ਹੈ। ਇਸ ਨਾਲ਼ ਲੋਕਾਂ ਦੀ ਰਾਏ ਆਪਣੇ ਹੱਕ ਵਿੱਚ ਕਰਕੇ ਸ਼ਰਨਾਰਥੀਆਂ ਦੇ ਸਾਰੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।

ਆਪਰੇਸ਼ਨ ਸੋਫੀਆ: ਯੂਰਪੀ ਯੂਨੀਅਨ ਅਤੇ ਨਾਟੋ ਆਪਰੇਸ਼ਨ ਸੋਫੀਆ ਨੂੰ ਅੰਜ਼ਾਮ ਦੇ ਰਹੇ ਹਨ ਜਿਸ ਤਹਿਤ ਮੱਧ-ਸਾਗਰ ਵਿੱਚ ‘ਲੀਬੀਆਈ ਤੱਟ ਗਾਰਡ’ ਨਾਮ ਦੀ ਇੱਕ ਜਲ-ਸੈਨਾ ਤੈਨਾਤ ਕੀਤੀ ਗਈ ਹੈ। ਇਸ ਦੇ ਸਮੁੰਦਰੀ ਜੰਗੀ-ਜਹਾਜ਼ ਅਤੇ ਕਿਸ਼ਤੀਆਂ ਦਿਨ-ਰਾਤ ਸਮੁੰਦਰ ਵਿੱਚ ਗਸ਼ਤ ਲਗਾਉਂਦੇ ਰਹਿੰਦੇ ਹਨ। ਇਸ ਆਪਰੇਸ਼ਨ ਲਈ ਹਥਿਆਰ ਅਤੇ ਸੈਨਿਕ ਜਰਮਨੀ, ਇਟਲੀ, ਇੰਗਲੈਂਡ, ਬੈਲਜੀਅਮ ਅਤੇ ਯੂਨਾਨ ਤੋਂ ਆਉਂਦੇ ਹਨ। ਸੋਫੀਆ ਦੇ ਜਹਾਜ਼ਾਂ ਨੇ ਪਰਵਾਸੀਆਂ ਦੀਆਂ ਕਈ ਲੱਕੜ ਦੀਆਂ ਕਿਸ਼ਤੀਆਂ ਤਬਾਹ ਕੀਤੀਆਂ ਜੋ ਕੁੱਝ ਹੱਦ ਤੱਕ ਲੰਬੇ ਸਫ਼ਰ ਕਰਨ ਦੇ ਯੋਗ ਸਨ। ਨਤੀਜ਼ੇ ਵਜੋਂ, ਇਹਨਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਹੁਣ ਸਮੱਗਲਰ ਨਿੱਕੀਆਂ ਹਵਾ ਨਾਲ਼ ਭਰੀਆਂ ਰਬੜ ਦੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ ਅਤੇ ਸਫ਼ਰ ਦਿਨ ਦੀ ਬਜਾਏ ਰਾਤ ਨੂੰ ਕੀਤਾ ਜਾਂਦਾ ਹੈ। ਪਰ ਇਹ ਸਮੁੰਦਰੀ ਸਫ਼ਰ ਦੇ ਅਯੋਗ ਕਿਸ਼ਤੀਆਂ ਅਕਸਰ ਘਾਤਕ ਸਾਬਤ ਹੁੰਦੀਆਂ ਹਨ। ਕਈ ਵਾਰ ਇਹਨਾਂ ਦੀ ਹਵਾ ਨਿਕਲ ਜਾਂਦੀ ਹੈ ਅਤੇ ਜ਼ਿਆਦਾਤਰ ਇਹਨਾਂ ਵਿੱਚ ਲੀਬੀਆ ਦੇ ਤੱਟ ਤੋਂ ਕੌਮਾਂਤਰੀ ਸਾਗਰ ਤੱਕ ਦੇ ਸਫ਼ਰ ਜਿਹਨਾਂ ਹੀ ਤੇਲ ਹੁੰਦਾ ਹੈ, ਯੂਰਪੀ ਤੱਟ ਤੱਕ ਦਾ ਨਹੀਂ। ਅਜਿਹੀ ਹਾਲਤ ਵਿੱਚ ਬੇਸਹਾਰਾ ਯਾਤਰੀਆਂ ਦੀ ਕਿਸੇ ਬਚਾਅ ਦਲ ‘ਤੇ ਹੀ ਟੇਕ ਹੁੰਦੀ ਹੈ। 21 ਅਕਤੂਬਰ ਦੀ ਰਾਤ ਨੂੰ ਲੀਬਿਆਈ ਤੱਟ ਗਾਰਡ ਨੇ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਉੱਤੇ ਹਮਲਾ ਕੀਤਾ ਜਿਸ ਵਿੱਚ 153 ਲੋਕ ਸਵਾਰ ਸਨ. ਇਸ ਹਮਲੇ ਕਾਰਨ 30 ਲੋਕ ਡੁੱਬ ਗਏ। ਇਹ ਘਟਨਾ ਇੱਕ ‘ਨਿੱਜੀ ਬਚਾਅ ਦਲ’ ਦੀ ਕਿਸ਼ਤੀ ਦੇ ਸਾਹਮਣੇ ਹੋਈ ਜੋ ਉਹਨਾਂ ਨੂੰ ਲਾਇਫ਼ ਜੈਕਟਾਂ ਵੰਡ ਰਹੀ ਸੀ।ਅਗਸਤ ਵਿੱਚ ‘ਡਾਕਟਰ ਬਿਨ ਸਰਹੱਦਾਂ’ ਨਾਮ ਦੀ ਜਥੇਬੰਦੀ ਦੇ ਇੱਕ ਜਹਾਜ਼, ਜੋ ਸ਼ਰਨਾਰਥੀਆਂ ਨੂੰ ਸਮੁੰਦਰ ਵਿਚੋਂ ਬਚਾਉਂਣ ਦਾ ਕੰਮ ਕਰਦਾ ਹੈ, ਉੱਤੇ ਲੀਬੀਆਈ ਤੱਟ ਗਾਰਡ ਨੇ ਹਮਲਾ ਕੀਤਾ. ਲੀਬੀਆਈ ਤੱਟ ਗਾਰਡ ਵਾਰ-ਵਾਰ ਆਪਣੀ ਹੱਦ ਤੋਂ ਬਾਹਰ ਵੀ ਦਖ਼ਲਅੰਦਾਜ਼ੀ ਕਰਦਾ ਰਿਹਾ ਹੈ ਅਤੇ ਸ਼ਰਨਾਰਥੀ ਕਿਸ਼ਤੀਆਂ ਨੂੰ ਧੱਕੇ ਨਾਲ਼ ਲੀਬੀਆ ਵਾਪਸ ਭੇਜਦਾ ਰਿਹਾ ਹੈ। ਇਹ ਸਾਰੀਆਂ ਕਾਰਵਾਈਆਂ ਕੌਮਾਂਤਰੀ ਸਮੁੰਦਰੀ ਕਾਨੂੰਨਾਂ ਦੀ ਉਲੰਘਣਾ ਹਨ. ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਕਸਰ ਦੁਰਘਟਨਾ ਵਾਲ਼ੀ ਥਾਂ ‘ਤੇ ਨਿੱਜੀ ਬਚਾਅ ਦਲ ਹੀ ਪਹਿਲਾਂ ਪਹੁੰਚਦੇ ਹਨ ਜੋ ਹੁਣ ਤੱਕ ਹਜ਼ਾਰਾਂ ਜਾਨਾਂ ਬਚਾਅ ਚੁੱਕੇ ਹਨ। ਜਦ ਕਿ ਨਾਟੋ ਦੇ ਜਹਾਜ਼ ਬਚਾਅ ਕਰਮੀਆਂ ਨੂੰ ਧਮਕਾਉਣ ਜਾਂ ਹਮਲੇ ਦੀਆਂ ਕਾਰਵਾਈਆਂ ਕਰਦੇ ਹੀ ਨਜ਼ਰ ਆਉਂਦੇ ਹਨ।

ਯੂਰਪੀ ਸਰਹੱਦ ਅਤੇ ਤੱਟ ਗਾਰਡ ਏਜੰਸੀ: ਯੂਰਪੀ ਸਰਹੱਦਾਂ ਦੀ ਨਿਗਰਾਨੀ ‘ਫ਼ਰੰਟੈਕਸ’ ਨਾਮ ਦੀ ਏਜੰਸੀ ਕਰਦੀ ਸੀ। ਪਰ ਅਕਤੂਬਰ ਦੇ ਸ਼ੁਰੂ ਵਿੱਚ ਇਸਦੀ ਥਾਂ ‘ਯੂਰਪੀ ਸਰਹੱਦ ਅਤੇ ਤੱਟ ਗਾਰਡ ਏਜੰਸੀ’ ਨਾਮ ਦੀ ਇੱਕ ਨਵੀਂ ਏਜੰਸੀ ਕਾਇਮ ਕੀਤੀ ਗਈ ਹੈ। ਇਸਦਾ ਮਕਸਦ ਵੀ ਸੈਨਿਕ ਸ਼ਕਤੀ ਦਾ ਪਸਾਰ ਕਰਨਾ ਹੈ। ਇਸ ਨਵੀਂ ਏਜੰਸੀ ਕੋਲ਼ ਪਰਵਾਸੀਆਂ ਨੂੰ ਠੱਲ੍ਹਣ ਅਤੇ ਵਾਪਸ ਭੇਜਣ ਲਈ ਫ਼ਰੰਟੈਕਸ ਨਾਲੋਂ ਜ਼ਿਆਦਾ ਸ਼ਕਤੀਆਂ ਦੇ ਨਾਲ਼-ਨਾਲ਼ ਵੱਧ ਸੈਨਿਕ ਅਤੇ ਸਾਧਨ ਵੀ ਹਨ, ਜਿਹਨਾਂ ਵਿਚ 1500 ਪੱਕੇ ਸਰਹੱਦੀ ਸੈਨਿਕ, ਸਮੁੰਦਰੀ ਅਤੇ ਹਵਾਈ ਜਹਾਜ਼, ਹੈਲੀਕਾਪਟਰ ਸ਼ਾਮਲ ਹਨ। ਇਸਦਾ ਸਲਾਨਾ ਬਜ਼ਟ 36,70,00,000 ਪੌਂਡ ਦਾ ਹੈ।ਇਸਦੇ ਸੈਨਿਕਾਂ ਨੂੰ ਮਨੁੱਖੀ ਤਸਕਰੀ ਦਾ ਜਾਲ਼ ਤਬਾਹ  ਕਰਨ ਅਤੇ ਪਰਵਾਸੀਆਂ ਨੂੰ ਡੱਕਣ ਲਈ ਸਿਖਲਾਈ ਦਿੱਤੀ ਗਈ ਹੈ।ਇਸਦਾ ਮਕਸਦ ਮੱਧ-ਸਾਗਰ ਵਿੱਚ ਮਨੁੱਖੀ ਜ਼ਿੰਦਗੀਆਂ ਬਚਾਉਣਾ ਨਹੀਂ ਸਗੋਂ ਉਹਨਾਂ ਨੂੰ ਯੂਰਪ ਤੋਂ ਬਾਹਰ ਰੱਖਣਾ ਹੈ.

ਸਰਹੱਦਾਂ ਦੀ ਵਾੜ ਬੰਦੀ: ਮਾਰਚ 2016 ਵਿੱਚ ਜਰਮਨੀ ਨੇ ਤੁਰਕ ਸਰਕਾਰ ਨਾਲ਼ ਇੱਕ ਸਮਝੌਤਾ ਕੀਤਾ ਜਿਸ ਤੋਂ ਬਾਅਦ ਤੁਰਕੀ ਨੇ ਸੀਰੀਆ ਨਾਲ਼ ਆਪਣੀ ਸਰਹੱਦ ਨੂੰ ਤਕੜੀਆਂ ਕੰਧਾਂ ਅਤੇ ਵਾੜਬੰਦੀ ਕਰਕੇ ਸੀਲ ਕਰ ਦਿੱਤਾ। ਉੱਥੇ ਤੁਰਕ ਪੁਲਸ ਅਤੇ ਸੈਨਿਕਾਂ ਦਾ ਪਹਿਰਾ ਰਹਿੰਦਾ ਹੈ ਜੋ ਹੁਣ ਤੱਕ 100 ਤੋਂ ਵੱਧ ਪਰਵਾਸੀਆਂ ਨੂੰ ਬੇਰਹਿਮੀ ਨਾਲ਼ ਗੋਲ਼ੀ ਮਾਰ ਚੁੱਕੇ ਹਨ. ਯੂਰਪੀ ਯੂਨੀਅਨ ਇਸੇ ਤਰ੍ਹਾਂ ਦੀ ਵਾੜਬੰਦੀ ਲਈ ਅਫ਼ਰੀਕੀ ਮੁਲਕਾਂ ਨਾਲ਼ ‘ਪਰਵਾਸ ਪੱਤੇਦਾਰੀਆਂ’ ਕਰ ਚੁੱਕਾ ਹੈ  ਅਫ਼ਰੀਕੀ ਹਾਕਮਾਂ ‘ਤੇ ਸਹਿਮਤੀ ਲਈ ਦਬਾਅ ਬਣਾਉਂਣ ਵਾਸਤੇ ਉਹਨਾਂ ਦੇ ਵਿਕਾਸ ਫੰਡ ਰੋਕਣ ਦੀ ਧਮਕੀ ਦਿੱਤੀ ਗਈ. ਇਹਨਾਂ ਸਮਝੌਤਿਆਂ ਵਿੱਚ ਇਹ ਵੀ ਸ਼ਾਮਲ ਹੈ ਕਿ ਯੂਰਪ ਵਿਚ ਮੌਜੂਦ ਸ਼ਰਨਾਰਥੀਆਂ ਨੂੰ ਉੱਤਰੀ ਅਫਰੀਕਾ ਭੇਜ ਕੇ ਕੈੰਪਾਂ ਵਿੱਚ ਨਜ਼ਰਬੰਦ ਕੀਤਾ ਜਾਵੇਗਾ. ਸ਼ਰਨਾਰਥੀਆਂ ਨੂੰ ਲੀਬੀਆ ਪਹੁੰਚਣ ਤੋਂ ਰੋਕਣ ਲਈ ਇਹਨਾਂ ਮੁਲਕਾਂ ਦੀਆਂ ਤਾਨਾਸ਼ਾਹ ਸਰਕਾਰਾਂ ਨੂੰ ਹਥਿਆਰ, ਉੱਨਤ ਤਕਨੀਕ ਅਤੇ ਪੈਸੇ ਵੀ ਦਿੱਤੇ ਜਾ ਰਹੇ ਹਨ. ਯਾਨੀ ਜਾਨ ਬਚਾ ਕੇ ਆਏ ਪਰਵਾਸੀਆਂ ਤੋਂ ਆਪਣਾ ਪੱਲਾ ਛੁਡਾਉਂਣਾ ਹੀ ਇਹਨਾਂ ਦਾ ਮਕਸਦ ਹੈ। ਇਹ ਸੌਦਾ ਆਪਣੇ ਆਪ ਵਿੱਚ ਸ਼ਰਨਾਰਥੀਆਂ ‘ਤੇ ਹੋਈ 1951 ਦੀ ‘ਜਿਨੇਵਾ ਕਨਵੈਂਸ਼ਨ’ ਦੀ ਉਲੰਘਣਾ ਹੈ. ਜਰਮਨੀ ਅਜਿਹੇ ਸਮਝੌਤੇ ਮਿਸਰ ਅਤੇ ਟਿਊਨੀਸ਼ੀਆ ਨਾਲ਼ ਵੀ ਕਰਨ ਦੀ ਝਾਕ ਵਿੱਚ ਹੈ। ਟਿਊਨੀਸ਼ੀਆਈ ਸਰਹੱਦੀ ਸੈਨਿਕ ਬੱਲ ਨੂੰ ਜਰਮਨ ਫੈਡਰਲ ਪੁਲਸ ਆਧੁਨਿਕ ਤਕਨੀਕ, ਹਥਿਆਰ ਅਤੇ ਸਿਖਲਾਈ ਨਾਲ਼ ਲੈਸ ਕਰ ਰਹੀ ਹੈ।

ਹੁਣ ਅਸੀਂ ਮੱਧ-ਸਾਗਰ ਵਿੱਚ ਵਧ ਰਹੀਆਂ ਮੌਤਾਂ ਦੇ ਅਸਲ ਕਾਰਨ ਨੂੰ ਚੰਗੀ ਤਰਾਂ ਪਛਾਣ ਸਕਦੇ ਹਾਂ। ਪਰ ਇਸ ਸਖ਼ਤ ਪ੍ਰਬੰਧ ਦੇ ਬਾਵਜੂਦ ਪਰਵਾਸੀ ਸਾਰੇ ਖਤਰੇ ਸਹੇੜ ਕੇ ਯੂਰਪ ਜਾ ਰਹੇ ਹਨ। ਆਖਰ ਕਿਓਂ? ਕਈ ਸ਼ਰਨਾਰਥੀਆਂ ਨੇ ਦੱਸਿਆ ਹੈ ਕਿ ਜਦੋਂ ਉਹ ਆਪਣੇ ਮੁਲਕਾਂ ਤੋਂ ਤੁਰੇ ਸੀ ਤਾਂ ਉਹ ਯੂਰਪ ਨਹੀਂ ਸੀ ਆਉਣਾ ਚਾਹੁੰਦੇ.  ਉਹ ਲੀਬੀਆ ਹੀ ਜਾਣਾ ਚਾਹੁੰਦੇ ਸਨ, ਪਰ ਉੱਥੇ ਉਹਨਾਂ ਨੇ ਸਿਰਫ ਹਿੰਸਾ ਅਤੇ ਜੰਗ ਦੀ ਮਾਰ ਹੀ ਝੱਲੀ ਹੈ। ਇਸ ਕਰਕੇ ਉਹਨਾਂ ਨੇ ਸਮੁੰਦਰੀ ਰਸਤੇ ਤੋਂ ਯੂਰਪ ਆਉਣ ਦਾ ਮੁਸ਼ਕਲ ਫੈਸਲਾ ਲਿਆ। ਉਹ ਲੋਕ ਅੱਜ ਹਰ ਥਾਂ ਜੰਗ ਦਾ ਸੰਤਾਪ ਹੰਢਾ ਰਹੇ ਹਨ। ਇਸ ਤਰ੍ਹਾਂ ਸ਼ਰਨਾਰਥੀ ਸਾਮਰਾਜੀਆਂ ਤੋਂ ਦੋ ਅਰਥਾਂ ਵਿੱਚ ਪੀੜਤ ਹਨ: ਪਹਿਲਾ ਇਹ ਕਿ ਅਫਗਾਨਿਸਤਾਨ, ਇਰਾਕ, ਸੀਰੀਆ, ਲੀਬੀਆ ਅਤੇ ਯਮਨ ਦੇ ਲੋਕਾਂ ਉੱਤੇ ਜੰਗ ਥੋਪ ਕੇ ਅਮਰੀਕਾ ਅਤੇ ਉਸਦੇ ਯੂਰਪੀ ਸੰਗੀਆਂ ਨੇ ਕਰੋੜਾਂ ਲੋਕਾਂ ਦੇ ਘਰ ਉਜਾੜੇ ਅਤੇ ਰੋਜ਼ੀ-ਰੋਟੀ ਖੋਈ, ਦੂਜਾ ਇਹ ਕਿ ਸਰਹੱਦਾਂ ਰੋਕ ਕੇ, ਸ਼ਰਨ ਲੈਣ ਦਾ ਹੱਕ ਕੁਚਲ ਕੇ ਅਤੇ ਵੱਡੇ ਪੱਧਰ ਉੱਤੇ ਜਬਰਨ ਵਾਪਸੀ ਦੇ ਪ੍ਰੋਗਰਾਮ ਲਾਗੂ ਕਰਕੇ ਉਹਨਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਛੱਡਿਆ. ਪਰ ਜੰਗਾਂ ਛੇੜਨ ਵਾਲਿਆਂ ਦੀ ਹਮੇਸ਼ਾ ਵਾਰੇ-ਨਿਆਰੇ ਰਹੇ ਹਨ। ਸਾਮਰਾਜੀ ਤਾਕਤਾਂ ਇਹਨਾਂ ਦੇਸ਼ਾਂ ਵਿੱਚ ਆਪਣੀਆਂ ਕਠਪੁਤਲੀਆਂ ਸਰਕਾਰਾਂ ਬਿਠਾ ਕੇ ਕੁਦਰਤੀ ਸ੍ਰੋਤਾਂ ਦੇ ਭੰਡਾਰਾਂ ਦੀ ਲੁੱਟ ਤੋਂ ਅੰਨ੍ਹਾ ਮੁਨਾਫ਼ਾ ਕਮਾ ਰਹੀਆਂ ਹਨ। ‘ਮਨੁੱਖੀ ਅਧਿਕਾਰਾਂ ਦੀ ਰਾਖੀ’ ਦੇ ਪਖੰਡ ਕਰਕੇ, ਲੀਬੀਆ ਅਤੇ ਸੀਰੀਆ ਦੇ ਲੋਕਾਂ ਦੀ ‘ਸੁਰੱਖਿਆ’ ਬਹਾਨੇ ਕੀਤੀ ਦਖਲਅੰਦਾਜ਼ੀ ਦਾ ਅਸਲ ਮਕਸਦ ਵੀ ਇਹੀ ਸੀ। ਇਹਨਾਂ ਜੰਗਾਂ ਨੇ ਹੀ ਲੱਖਾਂ ਲੋਕਾਂ ਨੂੰ ਆਪਣੇ ਮੁਲਕਾਂ ਵਿੱਚ ਸ਼ਰਨਾਰਥੀ ਬਣਾ ਦਿੱਤਾ ਜੋ ਕੰਗਾਲੀ ਅਤੇ ਮੌਤ ਦੇ ਸਾਏ ਹੇਠ ਜਿਉਂਣ ਦੀ ਬਜਾਏ ਸਰਹੱਦਾਂ ਟੱਪਣ ਦਾ ਖਤਰਾ ਸਹੇੜਨਾ ਬੇਹਤਰ ਸਮਝਦੇ ਹਨ। ਹੁਣ ਇਹਨਾਂ ਪਰਵਾਸੀਆਂ ਨੂੰ ਯੂਰਪ ਤੋਂ ਬਾਹਰ ਰੱਖਣ ਲਈ ਕਾਇਮ ਕੀਤੇ ਪ੍ਰਬੰਧ ਤੋਂ ਹਥਿਆਰ ਬਣਾਉਣ ਵਾਲੀਆਂ ‘ਏਅਰਬਸ’ ਅਤੇ ‘ਥੇਲਸ’ ਵਰਗੀਆਂ ਯੂਰਪੀ ਕੰਪਨੀਆਂ ਖਰਬਾਂ ਡਾਲਰਾਂ ਦਾ ਧੰਦਾ ਚਲਾ ਰਹੀਆਂ ਹਨ ਅਤੇ ਆਪਣੀ ਜਾਨ ਬਚਾਉਂਣ ਲਈ ਹਰ ਹੀਲਾ ਕਰਨ ਨੂੰ ਤਿਆਰ ਲੋਕਾਂ ਤੋਂ ਮਨੁੱਖੀ ਸਮੱਗਲਰ ਵੀ ਖਰਬਾਂ ਦਾ ਮੁਨਾਫ਼ਾ ਕਮਾ ਰਹੇ ਹਨ।

ਮੱਧ-ਸਾਗਰ ਵਿੱਚ ਹੋ ਰਹੀਆਂ ਹਜ਼ਾਰਾਂ ਮੌਤਾਂ ਕੋਈ ਦੁਰਘਟਨਾਵਾਂ ਨਹੀਂ ਹਨ, ਸਗੋਂ ਇੱਕ ਕਤਲੇਆਮ ਹਨ। ਇਸਦੇ ਜ਼ਿੰਮੇਵਾਰ ਅਮਰੀਕਾ, ਜਰਮਨੀ, ਇਟਲੀ, ਯੂਨਾਨ, ਇੰਗਲੈਂਡ ਸਮੇਤ ਤਮਾਮ ਯੂਰਪੀ ਯੂਨੀਅਨ ਦੇ ਬਾਕੀ ਮੁਲਕਾਂ ਦੇ ਹਾਕਮ ਹਨ। ਸ਼ਰਨਾਰਥੀਆਂ ਅਤੇ ਪਰਵਾਸੀਆਂ ਦਾ ਸਵਾਲ ਲੁੱਟ ਅਤੇ ਮਨਾਫੇ ਦੀ ਖਾਤਰ ਥੋਪੀਆਂ ਜਾਂਦੀਆਂ ਸਾਮਰਾਜੀ ਜੰਗਾਂ ਅਤੇ ਕੌਮਾਂ ਦੇ ਸਰਹੱਦੀ ਬਟਵਾਰਿਆਂ ਨਾਲ਼ ਜੁੜਿਆ ਹੋਇਆ ਹੈ। ਇਹ ਦੋਵੇਂ ਇਸ ਸਰਮਾਏਦਾਰਾ ਢਾਂਚੇ ਦੀ  ਉਪਜ ਹਨ। ਮੱਧ-ਸਾਗਰ ਸਮੇਤ ਲਗਾਤਾਰ ਵਧਦੇ ਕਤਲੇਆਮਾਂ ਨੂੰ ਨੱਥ ਪਾਉਣ ਲਈ ਸਮਾਜਾਵਾਦੀ ਪ੍ਰੋਗਰਾਮ ‘ਤੇ ਅਧਾਰਤ ਕੌਮਾਂਤਰੀ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਨਵੀਂ ਇਨਕਲਾਬੀ ਲੋਕ ਲਹਿਰ ਦੀ ਲੋੜ ਹੈ ਜਿਹੜੀ ਕਿ ਇਸ ਢਾਂਚੇ ਨੂੰ ਢਾਹ ਕੇ ਮਨੁੱਖਤਾ ਨੂੰ ਜੰਗਾਂ, ਸਰਹੱਦਾਂ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਤੋਂ ਨਿਜ਼ਾਤ ਦੇਵੇ ਅਤੇ ਇੱਕ ਅਜਿਹਾ ਸਮਾਜ ਉਸਾਰੇ ਜਿੱਥੇ ਇਹ ਧਰਤੀ ਸਭ ਦੇ ਲਈ ਹੋਵੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements