ਮੱਧ ਪ੍ਰਦੇਸ਼ – ਨਵਜਨਮੇ ਬੱਚਿਆਂ ਦਾ ਨਰਕ •ਸਿਕੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਰਜਿਸਟਰਾਰ ਜਨਰਲ ਆਫ਼ ਇੰਡੀਆ ਦੀ ਐੱਸ.ਆਰ.ਐੱਸ ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਭਾਜਪਾ ਸ਼ਾਸਤ ਮੱਧ ਪ੍ਰਦੇਸ਼ ਵਿੱਚ ਹੁੰਦੀ ਹੈ। ਇਸ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਵਿੱਚ ਜਨਮਦੇ 1000 ਬੱਚਿਆਂ ਵਿੱਚੋਂ 52 ਆਪਣਾ ਪਹਿਲਾ ਜਨਮ-ਦਿਵਸ ਵੀ ਨਹੀਂ ਮਨਾ ਪਾਉਂਦੇ। ਇਸ ਤਰ੍ਹਾਂ ਮੱਧ ਪ੍ਰਦੇਸ਼ ਦੀ ਬਾਲ ਮੌਤ ਦਰ 52 ਹੈ ਜੋ ਸਰਵੇ ਕੀਤੇ ਗਏ ਰਾਜਾਂ ਵਿੱਚੋਂ ਸਭ ਤੋਂ ਜ਼ਿਆਦਾ ਹੈ। ਪੇਂਡੂ ਖੇਤਰਾਂ ਦੀ ਹਾਲਤ ਹੋਰ ਵੀ ਚਿੰਤਾਜਨਕ ਹੈ ਜਿੱਥੇ ਇਹ ਅੰਕੜਾ 57 ‘ਤੇ ਜਾ ਪਹੁੰਚਦਾ ਹੈ (58 ਲੜਕੀਆਂ ਅਤੇ 55 ਲੜਕੇ )। ਸ਼ਹਿਰੀ ਖੇਤਰਾਂ ਵਿੱਚ ਜਿੱਥੇ 1000 ਨਵ-ਜਨਮੀਆਂ ਲੜਕੀਆਂ ਵਿੱਚ 35 ਦੀ ਮੌਤ 1 ਸਾਲ ਦੇ ਅੰਦਰ ਹੋ ਜਾਂਦੀ ਹੈ, ਉੱਥੇ ਹੀ ਪੇਂਡੂ ਖੇਤਰਾਂ ਵਿੱਚ ਇਹ ਅੰਕੜਾ 58 ਹੈ। ਪੇਂਡੂ ਖੇਤਰਾਂ ਦੇ 70% ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਹੈ ਅਤੇ ਇਲਾਜ਼ ਦਾ ਕੋਈ ਉੱਚਿਤ ਪ੍ਰਬੰਧ ਨਹੀਂ। ਪੰਜ ਸਾਲ ਦੀ ਉਮਰ ਵਾਲੇ 1000 ਬੱਚਿਆਂ ਵਿੱਚੋਂ 65 ਦੀ ਮੌਤ ਹੋ ਜਾਂਦੀ ਹੈ, ਜਿਹਨਾਂ ਵਿੱਚੋਂ 70 ਲੜਕੀਆਂ ਹਨ ਅਤੇ 60 ਲੜਕੇ। ਪੰਜ ਸਾਲ ਤੋਂ ਘੱਟ ਉਮਰ ਦੇ ਇਹਨਾਂ ਬੱਚਿਆਂ ਵਿੱਚੋਂ 45 ਫੀਸਦੀ ਦੀ ਮੌਤ ਕੁਪੋਸ਼ਣ ਕਰਕੇ ਹੁੰਦੀ ਹੈ, ਭਾਵ ਇਹ ਸਿੱਧਾ-ਸਿੱਧਾ ਗ਼ਰੀਬੀ ਕਰਕੇ ਹੈ।

ਇਸ ਤਰਾਂ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਸਰਮਾਏਦਾਰਾ ਢਾਂਚਾ ਬਹੁਤ ਸਾਰੇ ਬੱਚਿਆਂ ਤੋਂ ਉਹਨਾਂ ਦੀਆਂ ਜ਼ਿੰਦਗੀਆਂ ਖੋਹ ਰਿਹਾ ਹੈ।  ਇਹ ਸਿੱਧੇ-ਸਿੱਧੇ ਇੱਕ ਅਜਿਹੇ ਪ੍ਰਬੰਧ ਵੱਲੋਂ ਕੀਤੇ ਗਏ ਕਤਲ ਹਨ ਜਿੱਥੇ ਇੱਕ ਪਾਸੇ ਤਾਂ ਦੌਲਤ ਦੇ ਅੰਬਾਰ ਲੱਗ ਰਹੇ ਹਨ ਅਤੇ ਦੂਜੇ ਪਾਸੇ ਵੱਡੀ ਗਿਣਤੀ ਲੋਕ ਇਸ ਹੱਦ ਤਕ ਗ਼ਰੀਬੀ ਨਾਲ ਗ੍ਰਸਤ ਹਨ ਕਿ ਆਪਣੇ ਬੱਚਿਆਂ ਨੂੰ ਚੰਗਾ ਭੋਜਨ, ਚੰਗੀ ਸਿੱਖਿਆ, ਚੰਗਾ ਦਵਾ-ਇਲਾਜ਼ ਤੱਕ ਨਹੀਂ ਦੇ ਪਾਉਂਦੇ।  ਇਹ ਸਾਰੀਆਂ ਅਲਾਮਤਾਂ ਇੱਕ ਅਜਿਹੇ ਢਾਂਚੇ ਵਿੱਚ ਹੀ ਖ਼ਤਮ ਹੋ ਸਕਦੀਆਂ ਹਨ ਜਿੱਥੇ ਪੈਦਾਵਾਰ ਮੁਨਾਫ਼ੇ ਦੀ ਖ਼ਾਤਰ ਨਹੀਂ ਸਗੋਂ ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੋਵੇਗੀ। ਬਹੁਤ ਸਾਰੇ ਬੱਚੇ ਕੁਪੋਸ਼ਣ ਦਾ ਹੀ ਸ਼ਿਕਾਰ ਹੋ ਕੇ ਮਰ ਜਾਂਦੇ ਹਨ ਜਦਕਿ ਹਰ ਸਾਲ ਲੱਖਾਂ ਟਣ ਅਨਾਜ ਗੋਦਾਮਾਂ ਵਿੱਚ ਪਿਆ ਸੜ੍ਹ ਜਾਂਦਾ ਹੈ ਜਾਂ ਦਾਰੂ ਦੀਆਂ ਕੰਪਨੀਆਂ ਨੂੰ ਦੇ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਲੋਕਾਂ ਦੀ ਆਮ ਵਰਤੋਂ ਵਿੱਚ ਲੱਗਣ ਵਾਲੀਆਂ ਦਵਾਈਆਂ ਵਿੱਚੋਂ ਵੀ ਇਹ ਨਿੱਜੀ ਕੰਪਨੀਆਂ ਢੇਰ ਮੁਨਾਫ਼ੇ ਕਮਾਉਂਦੀਆਂ ਹਨ ਅਤੇ ਲੋਕਾਂ ਨੂੰ ਲੁੱਟਦੀਆਂ ਹਨ। ਇਸ ਲਈ ਇਸ ਪੂਰੇ ਢਾਂਚੇ ਨੂੰ ਅੱਜ ਬਦਲਣਾ ਪੈਣਾ ਹੈ ਅਤੇ ਇਸ ਢਾਂਚੇ ਖਿਲਾਫ ਜੰਗ ਛੇੜਨ ਵਿੱਚ ਮੋਹਰੀ ਭੂਮਿਕਾ ਅੱਜ ਦੇ ਨੌਜਵਾਨਾਂ ਸਿਰ ਹੀ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements