ਮਦਦ (ਚੈਕਸਲੋਵਾਕੀਆਈ ਕਹਾਣੀ) •ਜੂਲੀਅਸ ਫੂਚਿਕ

 

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਪੇਨ ਵਿੱਚ 1936 ਵਿੱਚ ਖੱਬੇਪੱਖ ਦੀ ਸਰਕਾਰ ਦਾ ਫਾਸੀਵਾਦੀ ਜਰਨਲ ਫਰੈਂਕੋ ਵੱਲੋਂ ਤਖਤਾਪਲਟ ਕਰ ਦਿੱਤਾ ਗਿਆ ਸੀ। ਸੰਸਾਰ ਭਰ ਵਿੱਚੋਂ ਅਗਾਂਹਵਧੂ, ਇਨਕਲਾਬੀ ਕਾਰਕੁੰਨ, ਬੁੱਧੀਜੀਵੀ ਉਸ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਏ। ਚੈਕੋਸਲੋਵਾਕੀਆ ਦੇ ਕਮਿਊਨਿਸਟ ਆਗੂ ਜੂਲੀਅਸ ਫੂਚਿਕ ਦੀ ਇਹ ਕਹਾਣੀ ਇਸ ਖਾਨਾਜੰਗੀ ਵਿੱਚ ਚੈਕੋਸਲੋਵਾਕੀਆ ਦੇ ਕੁੱਝ ਬੱਚਿਆਂ ਵੱਲੋਂ ਨਿਵੇਕਲੇ ਢੰਗ ਨਾਲ਼ ਇਨਕਲਾਬੀ ਤਾਕਤਾਂ ਦੀ ਮਦਦ ਕੀਤੇ ਜਾਣ ਬਾਰੇ ਹੈ। – ਸੰਪਾਦਕ

ਉੱਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਘੇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ਼ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ।

ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ ਆਏ ਅਤੇ ਬੱਚਿਆਂ ਦੀਆਂ ਚੀਥੜੇ-ਚੀਥੜੇ ਹੋ ਗਈਆਂ ਲਾਸ਼ਾਂ ਦੇ ਦੁਆਲ਼ੇ ਇਕੱਠੇ ਹੋ ਗਏ। ਅੰਤ ਉਨ੍ਹਾਂ ਨੇ ਲਾਸ਼ਾਂ ਨੂੰ ਚੁੱਕਿਆ ਅਤੇ ਸਕੂਲ ਦੀ ਇਮਾਰਤ ਵਿੱਚ ਲਿਜਾ ਰੱਖਿਆ, ਜਿੱਥੋਂ ਕੁਝ ਸਮਾਂ ਪਹਿਲਾਂ ਉਹ ਹੱਸਦੇ-ਖੇਡਦੇ ਆਏ ਸਨ।

ਸਰਕਾਰੀ ਫੋਟੋਗ੍ਰਾਫਰ ਆਇਆ ਅਤੇ ਉਸ ਨੇ ਬੜੇ ਰੁੱਖੇ ਜਿਹੇ ਢੰਗ ਨਾਲ਼ ਉਸ ਹੌਲਨਾਕ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਬੰਦ ਕੀਤਾ। ਦਹਿਸ਼ਤ ਕਾਰਨ, ਉਸ ਦਾ ਸਲੀਕਾ ਗਾਇਬ ਹੋ ਗਿਆ ਸੀ।

ਤਿੰਨ ਦਿਨਾਂ ਅੰਦਰ ਉਹ ਦਸਤਾਵੇਜ਼ ਪੈਰਿਸ, ਲੰਡਨ ਅਤੇ ਪ੍ਰਾਗ ਪਹੁੰਚ ਗਏ। ਅਖ਼ਬਾਰਾਂ ਨੇ ਉਸ ਨੂੰ ਪਹਿਲੇ ਪੰਨਿਆਂ ‘ਤੇ ਛਾਪਿਆ।

ਇਹ ਬਹਾਰ ਦੀ ਰੁੱਤ ਸੀ।

ਕੋਲੇ ਦੇ ਡਿੱਪੂ ਦੇ ਪਿੱਛੇ ਇਕੱਲਾ ਖੜ੍ਹਾ ਰੁੱਖ ਫੁੱਲਾਂ ਨਾਲ਼ ਭਰਿਆ ਹੋਇਆ ਸੀ, ਜੋ ਉਸ ਇਲਾਕੇ ਵਿੱਚ ਧੂੰਏਂ ਦੇ ਸਮੁੰਦਰ ਵਿੱਚ ਜਗਦੀ ਮਸ਼ਾਲ ਵਾਂਗ ਜਾਪਦਾ ਸੀ ਅਤੇ ਸਾਹਮਣੇ ਖਾਲੀ ਜਗ੍ਹਾ ਵੱਲ ਸੰਕੇਤ ਕਰਦਾ ਹੋਇਆ ਜਿਵੇਂ ਬੱਚਿਆਂ ਨੂੰ ਖੇਡਣ ਲਈ ਜੀ ਆਇਆਂ ਕਹਿ ਰਿਹਾ ਹੋਵੇ।

ਜਿਸ ਦਿਨ ਦੀ ਗੱਲ ਮੈਂ ਕਰ ਰਿਹਾ ਹਾਂ, ਉਸ ਦਿਨ ਛੇ ਮੁੰਡੇ ਉੱਥੇ ਖੇਡਣ ਆਏ ਸਨ। ਉਹ ਬੈਠ ਗਏ ਅਤੇ ਇੱਕ-ਦੂਜੇ ਦੇ ਸਿਰ ਨਾਲ਼ ਸਿਰ ਜੋੜ ਲਏ।

ਫਰਾਂਤਾ ਨੇ ਆਪਣੇ ਸਕੂਲ ਦੀ ਕਾਪੀ ਖੋਲ੍ਹੀ ਅਤੇ ਉਸ ਵਿੱਚੋਂ ਅਖ਼ਬਾਰ ਦਾ ਇੱਕ ਪੰਨਾ ਕੱਢਿਆ। ਉਸ ਅਖ਼ਬਾਰ ‘ਤੇ ਇੱਕ ਬੱਚੇ ਦਾ ਚਿਹਰਾ ਉਨ੍ਹਾਂ ਵੱਲ ਦੇਖ ਰਿਹਾ ਸੀ, ਜਿਸਦਾ ਸਿਰ ਬੰਬ ਨਾਲ ਨਸ਼ਟ ਹੋ ਚੁੱਕਾ ਸੀ।

ਏਲ ਮੁਇਤ ਪਿੰਡ ਦਾ ਮੁੰਡਾ।

ਫਰਾਂਤਾ ਪੂਰੇ ਵਿਸ਼ਵਾਸ ਨਾਲ਼ ਪੜ੍ਹਨ ਲੱਗਾ। ਤਦ ਉਸ ਦੀ ਅਵਾਜ਼ ਬੱਚਿਆਂ ਵਰਗੀ ਨਹੀਂ ਸੀ। ਉਸ ਨੇ ਉਹ ਖ਼ਬਰ ਪੜ੍ਹੀ, ਜਿਸ ਵਿੱਚ ਏਲ ਮੁਇਤ ਉੱਤੇ ਹੋਈ ਬੰਬਾਰੀ ਦਾ ਵਰਨਣ ਸੀ, ਫਾਸਿਸਟਾਂ ਦੀ ਤਬਾਹੀ ਦਾ ਵਰਨਣ ਸੀ ਅਤੇ ਉਸ ਤਬਾਹੀ ਦੇ ਵਿਰੁੱਧ ਰੋਸ ਦਾ ਵਰਨਣ ਸੀ।

ਉਨ੍ਹਾਂ ਮੁੰਡਿਆਂ ਨੂੰ ਲੱਗਿਆ ਕਿ ਏਲ ਮੁਇਤ ਦੇ ਉਹ ਬੱਚੇ ਉਹ ਖ਼ੁਦ ਹੀ ਹਨ। ਉਨ੍ਹਾਂ ਵਾਂਗੂੰ ਹੀ ਉਹ ਸਕੂਲ ‘ਚੋਂ ਨਿੱਕਲ਼ ਕੇ ਬੰਟੇ ਖੇਡਣ ਗਏ ਸਨ ਅਤੇ ਮੌਤ ਅਚਾਨਕ ਉਨ੍ਹਾਂ ‘ਤੇ ਬਾਜ਼ ਵਾਂਗ ਝਪਟ ਪਈ ਸੀ।

ਉਨ੍ਹਾਂ ਅੱਖਾਂ ਉਤਾਂਹ ਕਰ ਕੇ ਅਕਾਸ਼ ਵੱਲ ਦੇਖਿਆ, ਅਕਾਸ਼ ਵਿੱਚ ਬੱਦਲ ਦੌੜੇ ਜਾ ਰਹੇ ਸਨ। ਉੱਥੇ ਕੋਈ ਦੁਸ਼ਮਣ ਨਹੀਂ ਸੀ, ਪਰ ਜਦੋਂ ਉਨ੍ਹਾਂ ਧਿਆਨ ਲਗਾਇਆ ਤਾਂ ਅਚਾਨਕ ਦੁਸ਼ਮਣ ਦੇ ਕਈ ਚਿਹਰੇ ਦਿਖਾਈ ਦਿੱਤੇ ਅਤੇ ਫਿਰ ਉਨ੍ਹਾਂ ਨੂੰ ਲੱਗਿਆ ਜਿਵੇਂ ਏਲ ਮੁਇਤ ਦੇ ਬੱਚੇ ਉਸ ਦੁਸ਼ਮਣ ਦੇ ਖਿਲਾਫ਼ ਉਨ੍ਹਾਂ ਤੋਂ ਮਦਦ ਮੰਗ ਰਹੇ ਹੋਣ।

ਕੀ ਉਹ ਮਦਦ ਕਰਨਗੇ?

ਬੇਸ਼ੱਕ!

ਪਰ ਮਦਦ ਕਰਨਗੇ ਕਿਵੇਂ?

ਉਨ੍ਹਾਂ ਅਖ਼ਬਾਰ ਵਿੱਚ ਦੇਖਿਆ, ਸਪੇਨੀ ਲੋਕਾਂ ਦੀ ਸਹਾਇਤਾ ਲਈ ਉਗਰਾਹੀ; ਪੰਜ, ਦਸ, ਪੰਜਾਹ, ਸੌ ਕਰਾਊਨ ਇੱਕ ਕਾਲਮ ਵਿੱਚ ਸਹਾਇਤਾ ਦੇਣ ਵਾਲ਼ਿਆਂ ਦੀ ਲੰਬੀ ਸੂਚੀ ਸੀ।

ਤਦੇ ਉਨ੍ਹਾਂ ਛੇ ਮੁੰਡਿਆਂ ਦੀਆਂ ਬਾਰ੍ਹਾਂ ਜੇਬਾਂ ‘ਚੋਂ ਰਾਸ਼ੀ ਨਿੱਕਲ਼ੀ। ਕੁੱਲ ਮਿਲ਼ਾ ਕੇ ਅੱਧਾ ਕਰਾਊਨ ਵੀ ਨਹੀਂ ਸੀ।

”ਕੱਲ੍ਹ ਮੈਂ ਹੋਰ ਲਿਆਵਾਂਗਾ।” ਇੱਕ ਮੁੰਡੇ ਨੇ ਕਿਹਾ।

”ਪਰ ਕੱਲ੍ਹ ਤੱਕ”

”ਕੱਲ੍ਹ ਤਕ ਕੌਣ ਜਾਣੇ ਕੀ ਹੋ ਜਾਏ।”

”ਅੱਜ ਹੀ ਕਰੀਏ।”

ਨਿਰਾਸ਼ਾ ਭਰੀਆਂ ਅੱਖਾਂ ਦੂਰ ਤਕ ਦੇਖ ਰਹੀਆਂ ਸਨ। ”ਕਿੰਨਾ ਚੰਗਾ ਹੋਵੇ ਇੱਥੇ ਕਿਤੇ ਡਿੱਗਿਆ ਨੋਟ ਮਿਲ਼ ਜਾਵੇ ਜਾਂ ਕਿਸੇ ਦਾ ਬਟੂਆ ਡਿੱਗਿਆ ਮਿਲ਼ ਜਾਏ।”

ਪਰ ਕੋਈ ਨੋਟ ਜਾਂ ਬਟੂਆ ਨਹੀਂ ਮਿਲ਼ਿਆ।

ਛੇ ਦਿਮਾਗਾਂ ਨੇ ਬੜਾ ਸੋਚਿਆ।

ਅਚਾਨਕ ਏਂਤੋਨੀਨ ਨੇ ਕਿਹਾ, ”ਮੇਰੇ ਕੋਲ਼ ਚਾਕੂ ਵਾਲ਼ਾ ਪੈੱਨ ਹੈ।”

”ਚਾਕੂ ਵਾਲੇ ਪੈੱਨ ਨਾਲ਼ ਕੀ ਹੋਵੇਗਾ?”

”ਜੇਕਰ ਮੈਂ ਇਸ ਨੂੰ ਵੇਚ ਦਿਆਂ?”

ਦਸ ਅੱਖਾਂ ਏਂਤੋਨੀਨ ਉੱਤੇ ਟਿਕ ਗਈਆਂ। ਕੀ ਉਹ ਆਪਣੀ ਜਾਇਦਾਦ ਵੇਚ ਦੇਵੇਗਾ?

ਤਦ ਹੀ ਫਰਾਂਤਾ ਜੋਸ਼ ਨਾਲ਼ ਖੜ੍ਹਾ ਹੋ ਗਿਆ। ਬਾਕੀ ਪੰਜ ਮੁੰਡੇ ਵੀ ਖੜ੍ਹੇ ਹੋ ਗਏ। ਫਰਾਂਤਾ ਨੇ ਏਂਤੋਨੀਨ ਦਾ ਹੱਥ ਫੜ ਕੇ ਦੇਖਿਆ। ਫਿਰ ਬਿਨਾਂ ਕੁਝ ਬੋਲਿਆਂ ਚਾਕੂ ਵਾਲ਼ੇ ਪੈੱਨ ਦੇ ਕੋਲ ਆਪਣੀ ਪਾਲਿਸ਼ ਵਾਲ਼ੀ ਡੱਬੀ ਰੱਖ ਦਿੱਤੀ, ਜੋ ਜੀਵ-ਜੰਤੂਆਂ ਦਾ ਰੈਣ-ਬਸੇਰਾ ਸੀ। ਭਾਵੇਂ ਉਹ ਏਂਤੋਨੀਨ ਦੇ ਚਾਕੂ ਵਾਲ਼ੇ ਪੈੱਨ ਜਿੰਨੀ ਮਹਿੰਗੀ ਨਹੀਂ ਸੀ, ਫੇਰ ਵੀ ਉਸ ਵਿੱਚ ਫਰਾਂਤਾ ਦੇ ਜੀਵਨ ਦਾ ਇਤਿਹਾਸ ਸੀ।

ਰੂਦਾ ਨੇ ਆਪਣੇ ਹੱਥਾਂ ਵਿੱਚ ਆਖ਼ਰੀ ਵਾਰ ਤੇਰ੍ਹਾਂ ਬੰਟਿਆਂ ਨੂੰ ਮਲ਼ਿਆ। ਜਦ ਜੋਜ਼ਫ ਨੇ ਆਪਣੀ ਸੀਟੀ ਨੂੰ ਸਭ ਦੇ ਸਾਹਮਣੇ ਰੱਖਿਆ ਤਾਂ ਰੂਦਾ ਨੂੰ ਬੜੀ ਸ਼ਰਮ ਆਈ ਅਤੇ ਉਸ ਨੇ ਆਪਣਾ ਚੌਦ੍ਹਵਾਂ ਬੰਟਾ ਵੀ ਤੇਰ੍ਹਾਂ ਬੰਟਿਆਂ ਵਿੱਚ ਸ਼ਾਮਲ ਕਰ ਦਿੱਤਾ, ਜਿਸ ਨਾਲ਼ ਉਹ ਹਮੇਸ਼ਾਂ ਜਿੱਤਦਾ ਹੁੰਦਾ ਸੀ।

ਸਾਰੀਆਂ ਜੇਬਾਂ ਖਾਲੀ ਹੋ ਗਈਆਂ। ਉਨ੍ਹਾਂ ‘ਚੋਂ ਜੋ ਚੀਜ਼ਾਂ ਨਿੱਕਲ਼ੀਆਂ, ਉਹ ਸਨ, ਚਾਕੂ ਵਾਲ਼ਾ ਪੈੱਨ, ਡੱਬੀ, ਸੀਟੀ, ਬੰਟੇ, ਰੱਸੀ, ਕਾਗਜ਼ ਦਾ ਬਣਿਆ ਬਟੂਆ, ਗੁਲੇਲ, ਪਲਾਚੀਨਕਾ ਦੀ ਫੋਟੋ (ਪਲਾਚੀਨਕਾ ਉਸ ਸਮੇਂ ਦਾ ਪ੍ਰਸਿੱਧ ਫੁਟਬਾਲ ਖਿਡਾਰੀ) ਅਤੇ ਇਸ ਪ੍ਰਕਾਰ ਦੀਆਂ ਹੋਰ ਚੀਜ਼ਾਂ! ਸਾਰੇ ਮੁੰਡਿਆਂ ਨੇ ਆਪਣੇ ਉਸ ਖ਼ਜ਼ਾਨੇ ਨੂੰ ਗਹਿਰੀਆਂ ਨਜ਼ਰਾਂ ਨਾਲ਼ ਤੱਕਿਆ, ਫਿਰ ਉਨ੍ਹਾਂ ਨੇ ਇਸ ਦੀ ਵਿੱਕਰੀ ਲਈ ਫਰਾਂਤਾ ਅਤੇ ਏਂਤੋਨੀਨ ਨੂੰ ਚੁਣਿਆ।

ਵਲਤਾਵਾ ਨਦੀ ਦੇ ਸੱਜੇ ਕਿਨਾਰੇ ਉੱਤੇ ਇੱਕ ਪੁਰਾਣਾ ਕਸਬਾ ਵਸਿਆ ਹੋਇਆ ਹੈ। ਉੱਥੋਂ ਦੀਆਂ ਅਵੱਲੀਆਂ, ਟੇਢੀਆਂ, ਤੰਗ ਗਲ਼ੀਆਂ ਵਿੱਚ ਇੱਕ ‘ਯਹੂਦੀ’ ਦੀ ਦੁਕਾਨ ‘ਤੇ ਗ਼ਰੀਬ ਲੋਕ ਆਪਣੀਆਂ ਦੁੱਖ-ਤਕਲੀਫਾਂ ਲੈ ਕੇ ਆਇਆ ਕਰਦੇ ਹਨ।

ਫਰਾਂਤਾ ਤੇ ਏਂਤੋਨੀਨ ਆਪਣੀਆਂ ਜੇਬਾਂ ਵਿੱਚ ਭਰੇ ਹੋਏ ਖ਼ਜ਼ਾਨੇ ਨੂੰ ਮਜ਼ਬੂਤੀ ਨਾਲ਼ ਸਾਂਭ ਕੇ ਲੋਕਾਂ ਦੀ ਭੀੜ ‘ਚੋਂ ਹੁੰਦੇ ਹੋਏ, ਉਸ ਯਹੂਦੀ ਦੀ ਦੁਕਾਨ ਵੱਲ ਵਧ ਰਹੇ ਸਨ। ਉਨ੍ਹਾਂ ਦੇ ਪਿੱਛੇ ਕੁਝ ਦੂਰੀ ‘ਤੇ ਉਨ੍ਹਾਂ ਦੇ ਚਾਰੇ ਮਿੱਤਰ ਵੀ ਆ ਰਹੇ ਸਨ।

ਆਈਜੈਕ ਨਾਮ ਦਾ ਉਹ ਬੁੱਢਾ ਯਹੂਦੀ ਆਪਣੀ ਦੁਕਾਨ ਵਿੱਚ ਕਾਊਂਟਰ ਦੇ ਪਿੱਛੇ ਖੜ੍ਹਾ ਸੀ। ਬੱਚਿਆਂ ਨੇ ਆਪਣੀਆਂ ਚੀਜ਼ਾਂ ਜੇਬਾਂ ‘ਚੋਂ ਕੱਢ ਕੇ ਕਾਊਂਟਰ ‘ਤੇ ਰੱਖ ਦਿੱਤੀਆਂ ਤੇ ਫਿਰ ਉਸ ਦੇ ਚਿਹਰੇ ‘ਤੇ ਆਪਣੀਆਂ ਅੱਖਾਂ ਗੱਡ ਦਿੱਤੀਆਂ।

ਆਈਜੈਕ ਨੇ ਉਨ੍ਹਾਂ ਚੀਜ਼ਾਂ ਨੂੰ ਇੱਕ ਟੱਕ ਵੇਖਿਆ ਤੇ ਬੁੜਬੁੜਾਇਆ, ”ਕੀ ਕਰਾਂ ਇਨ੍ਹਾਂ ਦਾ?” ਫਰਾਂਤਾ ਨੇ ਕਿਹਾ, ”ਇਹ ਸਭ ਕੁਝ ਵੇਚਣ ਵਾਸਤੇ ਹੈ।”

ਆਈਜੈਕ ਉੱਥੇ ਆਉਣ ਵਾਲ਼ੇ ਲੋਕਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ। ਉਹ ਉਨ੍ਹਾਂ ਦੀ ਗੱਲ ਸੁਣ ਕੇ ਹੀ ਉਨ੍ਹਾਂ ਦੇ ਮਨ ਦੀ ਗੱਲ ਬੁੱਝ ਲੈਂਦਾ ਸੀ। ਪਰ ਫਰਾਂਤਾ ਦੀ ਅਵਾਜ਼ ਬਿਲਕੁਲ ਅਲੱਗ ਕਿਸਮ ਦੀ ਲੱਗ ਰਹੀ ਸੀ।

ਫਰਾਂਤਾ ਨੇ ਕਿਹਾ, ”ਇਹ ਚੀਜ਼ਾਂ ਸਿਗਰਟਾਂ ਖ਼ਰੀਦਣ ਵਾਸਤੇ ਨਹੀਂ ਹਨ।”

”ਹੂੰ ਤਾਂ ਫਿਰ ਸਿਨਮਾ ਦੇਖਣ ਲਈ ਹੋਣਗੀਆਂ?” ਆਈਜੈਕ ਨੇ ਕਿਹਾ।

”ਨਹੀਂ!” ਫਰਾਂਤਾ ਨੇ ਤਲਖ਼ੀ ਨਾਲ਼ ਕਿਹਾ, ”ਇਹ ਸਪੇਨ ਦੀ ਜੰਗ ਲਈ ਹਨ।”

ਇਹ ਕਹਿੰਦਿਆਂ ਹੀ ਫਰਾਂਤਾ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਕਿਤੇ ਉਹ ਯਹੂਦੀ ਪੁਲੀਸ ਨੂੰ ਖ਼ਬਰ ਨਾ ਕਰ ਦੇਵੇ। ਪੁਲੀਸ ਆ ਕੇ ਉਨ੍ਹਾਂ ਦਾ ਖ਼ਜ਼ਾਨਾ ਹੜੱਪ ਕਰ ਜਾਵੇਗੀ ਤੇ ਏਲ ਮੁਇਤ ਦੇ ਬੱਚਿਆਂ ਨੂੰ ਸਹਾਇਤਾ ਨਹੀਂ ਭੇਜੀ ਜਾ ਸਕੇਗੀ। ਉਸ ਸਮੇਂ ਉਸ ਨੇ ਕਾਊਂਟਰ ‘ਤੇ ਪਈਆਂ ਆਪਣੀਆਂ ਚੀਜ਼ਾਂ ਨੂੰ ਇਕੱਠੀਆਂ ਕਰਨਾ ਚਾਹਿਆ।

”ਜ਼ਰਾ ਦੇਖਣ ਦਿਓ।” ਆਈਜੈਕ ਨੇ ਕਿਹਾ। ਉਸ ਨੇ ਡੱਬੀ ਚੁੱਕ ਕੇ ਉਸ ਨੂੰ ਧਿਆਨ ਨਾਲ਼ ਦੇਖਿਆ, ”ਹਾਂ ਏਨੀ ਬੁਰੀ ਨਹੀਂ ਹੈ, ਪਰ ਮੈਂ ਏਸ ਦੇ ਦੋ ਕਰਾਊਨ ਤੋਂ ਵੱਧ ਨਹੀਂ ਦੇ ਸਕਦਾ ਅਤੇ ਇਹ ਚਾਕੂ ਵਧੀਆ ਕਾਰੀਗਰੀ ਦਾ ਨਮੂਨਾ ਹੈ ਅੱਛਾ, ਤਾਂ ਸਪੇਨ ਦੀ ਜੰਗ ਵਾਸਤੇ? ਬਹੁਤ ਵਧੀਆ ਕਾਰੀਗਰੀ ਦਾ ਨਮੂਨਾ ਹੈ, ਪੰਜ ਕਰਾਊਨ ਮੇਰੇ ਖਿਆਲ ਵਿੱਚ।”

ਮੁੰਡਿਆਂ ਦੇ ਸਾਹ ਰੁਕੇ ਹੋਏ ਸਨ।

ਆਈਜੈਕ ਇੱਕ-ਇੱਕ ਚੀਜ਼ ਨੂੰ ਚੁੱਕ ਕੇ ਉਸ ਨੂੰ ਧਿਆਨ ਨਾਲ਼ ਦੇਖਦਾ ਹੋਇਆ, ਉਸ ਦੀ ਕੀਮਤ ਦਾ ਅੰਦਾਜ਼ਾ ਲਾਉਂਦਾ ਰਿਹਾ। ਅਖ਼ੀਰ ਉਸ ਨੇ ਦਰਾਜ ਵਿੱਚੋਂ ਵੀਹ ਕਰਾਊਨ ਕੱਢੇ ਅਤੇ ਇੱਕ-ਇੱਕ ਕਰਕੇ ਗਿਣਦੇ ਹੋਏ ਕਾਊਂਟਰ ਉੱਤੇ ਰੱਖ ਦਿੱਤੇ।

ਅਨੁਵਾਦ – ਸਤਪਾਲ ਭੀਖੀ

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ