ਮਾਂ ਇੱਕ ਅਤਿਅੰਤ ਪ੍ਰਸੰਗਿਕ ਪੁਸਤਕ • ਸੱਤਿਆਵ੍ਰਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

[ਮੈਕਸਿਮ ਗੋਰਕੀ (1868-1936) ਸਾਹਿਤ ਵਿੱਚ ਉਹ ਪਹਿਲੇ ਲੇਖਕ ਸਨ ਜਿਨ੍ਹਾਂ ਨੇ ਸਾਫ਼ ਤੌਰ ’ਤੇ ਮਜ਼ਦੂਰ ਜਮਾਤ ਦੀ ਯੁੱਗ-ਪਲਟਾਊ ਤਾਕਤ ਨੂੰ ਪਛਾਣਿਆ, ਉਸਦੇ ਅੰਦਰ ਲੁਕੇ ਹੋਏ ਮਨੁੱਖਤਾ ਦੇ ਰੌਸ਼ਨ ਭਵਿੱਖ ਨੂੰ ਦੇਖਿਆ, ਮਨੁੱਖਤਾ ਅਤੇ ਜ਼ਿੰਦਗੀ ਦੇ ਪ੍ਰਤੀ ਉਸਦੇ ਉਚ ਆਵੇਗ ਨਾਲ਼ ਭਰੇ ਪਿਆਰ ਦੀ ਰੌਸ਼ਨੀ ਵਿੱਚ ਆਪਣੀ ਲੇਖਣੀ ਨੂੰ ਡੁਬੋਇਆ ਅਤੇ ਹੇਨਰਿਕ ਮਾਨ ਦੇ ਸ਼ਬਦਾਂ ਵਿੱਚ, ‘‘ਪਹਿਲੀ ਵਾਰ ਸਾਹਿਤ ਵਿੱਚ ਉਸ ਜਮਾਤ ਦੇ ਆਗੂਆਂ ਨੂੰ ਨਾਇਕ ਦੇ ਰੂਪ ਵਿੱਚ ਪੇਸ਼ ਕੀਤਾ ਜਿਸਦੀ ਅਜੇ ਤੱਕ ਕਦੇ ਪ੍ਰਤੀਨਿਧਤਾ ਨਹੀਂ ਹੋਈ ਸੀ।’’ ਪਹਿਲੀ ਵਾਰ ਕਿਰਤੀਆਂ ਦੀ ਜ਼ਿੰਦਗੀ, ਉਹਨਾਂ ਦੀ ਤਾਕਤ, ਉਹਨਾਂ ਦੇ ਪਿਆਰ, ਉਹਨਾਂ ਦੀ ਬੇਇੰਤਹਾ ਨਫ਼ਰਤ, ਉਹਨਾਂ ਦੀ ਅਪੂਰਵ ਸੰਘਰਸ਼ਸ਼ੀਲਤਾ ਨੂੰ, ਉਹਨਾਂ ਦੇ ਪੂਰੇ ਸਮਾਜ ਨੂੰ, ਉਹਨਾਂ ਦੀਆਂ ਕਦਰਾਂ-ਕੀਮਤਾਂ ਨੂੰ ਅਤੇ ਉਹਨਾਂ ਦੁਆਰਾ ਲਿਆਏ ਜਾਣ ਵਾਲੇ ਸੁਨਹਿਰੀ ਨਵੀਂ ਸਵੇਰ ਨੂੰ ਗੋਰਕੀ ਨੇ ਸਾਹਿਤ ਦੇ ਪੰਨਿਆਂ ’ਤੇ ਉਤਾਰਿਆ।
ਅੱਜ ਜਦ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆਂ ਦੇ ਪੈਮਾਨੇ ’ਤੇ ਪੂੰਜੀਵਾਦੀ ਕੋਹੜ ਦਾ ਜਖ਼ਮ ਰਿਸ ਰਿਹਾ ਹੈ, ਜਰਜਰ ਅਤੇ ਅਣਮਨੁੱਖੀ ਪੰੂਜੀਵਾਦ ਦਾ ਅਸਲ ਚਿਹਰਾ ਸਾਰਿਆਂ ਦੇ ਸਾਹਮਣੇ ਉਜਾਗਰ ਹੋ ਚੁੱਕਾ ਹੈ, ਜਦ ਪੰੂਜੀਵਾਦ ਇਤਿਹਾਸ ਨੂੰ ਅੱਗੇ ਵਧਾਉਣ ਵਾਲ਼ੀ ਸਾਰੀ ਭੌਤਿਕ ਅਤੇ ਆਤਮਿਕ ਤਾਕਤ ਗਵਾ ਚੁਕਿਆ ਹੈ ਉਦੋਂ ਇਤਿਹਾਸ ਨੂੰ ਅੱਗੇ ਵੱਲ ਗਤੀ ਦੇਣ ਵਾਲ਼ੀ ਜਮਾਤ ਨੂੰ ਕੇਂਦਰ ਵਿੱਚ ਰੱਖਕੇ ਲਿਖੀ ਗਈ, ਗੋਰਕੀ ਦੀ ਅਮਰ ਰਚਨਾ, ‘ਮਾਂ’ ਇੱਕ ਮਹੱਤਵਪੂਰਨ ਪੁਸਤਕ ਬਣ ਜਾਂਦੀ ਹੈ।
ਉਸ ਸਮੇਂ ਰੂਸ ਦੇ ਮਜ਼ਦੂਰਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਸੰਘਰਸ਼ਾਂ ਦੀ ਇਹ ਤਸਵੀਰ ਸਾਡੇ ਦੇਸ਼ ਉਤੇ ਵੀ ਓਨੇ ਹੀ ਸਟੀਕ ਰੂਪ ਵਿੱਚ ਲਾਗੂ ਹੁੰਦੀ ਹੈ। ਅਸੀਂ ਇਸ ਅੰਕ ਵਿੱਚ ਉਸੇ ਅਮਰ ਨਾਵਲ ਦੀ ਇੱਕ ਪਛਾਣ ਛਾਪ ਰਹੇ ਹਾਂ ਜੋ ਪੂਰੇ ਸੰਸਾਰ-ਸਾਹਿਤ ਦੇ ਵਿਕਾਸਕ੍ਰਮ ਵਿੱਚ ਇੱਕ ਮੀਲ ਪੱਥਰ ਕਿਹਾ ਜਾਂਦਾ ਹੈ। ਸੰਪਾਦਕ]
 
ਮੈਕਸਿਮ ਗੋਰਕੀ ਦੇ ਵਿਸ਼ਵ ਪ੍ਰਸਿੱਧ ਨਾਵਲ ‘ਮਾਂ’ ਦੇ ਕੇਂਦਰ ਵਿੱਚ ਰੂਸ ਦੇ ਨਿਝਨੀ ਨੋਵਗੋਰੋਦ ਨਾਮਕ ਕਸਬੇ ਦੇ ਉਪਨਗਰ ਸੋਰਮੋਵੋ ਦੇ ਮਜ਼ਦੂਰਾਂ ਦੁਆਰਾ 1902 ਦੇ ਮਈ ਦਿਵਸ ਦੇ ਮੌਕੇ ’ਤੇ ਕੀਤਾ ਗਿਆ ਮੁਜ਼ਾਹਰਾ ਹੈ। ਇਹ ਮੁਜਾਹਰਾ ਅਤੇ ਬਾਅਦ ਵਿਚ ਮੁਜਾਹਰਾ-ਕਾਰੀਆਂ ’ਤੇ ਚਲਾਇਆ ਗਿਆ ਮੁਕੱਦਮਾ ਇਸ ਨਾਵਲ ਦਾ ਕੇਂਦਰੀ ਵਿਸ਼ਾ ਹੈ। ਨਾਵਲ ਦੇ ਦੋ ਪ੍ਰਮੁੱਖ ਕਿਰਦਾਰਾਂ- ਮਾਂ ਪੇਲਾਗੇਆ ਨਿਲੋਵਨਾ ਅਤੇ ਪੁੱਤਰ ਪਾਵੇਲ ਵਲਾਸੋਵ ਲਈ ਮੁੱਖ ਤੌਰ ’ਤੇ ਸੋਰਮੋਵੋ ਦੀ ਇੱਕ ਮਜ਼ਦੂਰ ਔਰਤ ਅਤੇ ਪੁੱਤਰ ਪਿਓਤਰ ਜਾਲੋਮੋਵ, ਜਿਸਨੂੰ 1902 ਦੇ ਮਈ ਦਿਨ ਵਿੱਚ ਭਾਗ ਲੈਣ ਦੇ ਦੇਸ਼ ਕਾਰਨ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜਲਾਵਤਨੀ ਦੀ ਸਜਾ ਦਿੱਤੀ ਗਈ ਸੀ, ਦੇ ਜੀਵਨ ਨੂੰ ਅਧਾਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ : ਇਸਤੋਂ ਇਲਾਵਾ ਹੋਰ ਵੀ ਪਾਤਰਾਂ ਨੂੰ ਵੀ ਅਸਲ ਜ਼ਿੰਦਗੀ ਦੇ ਕਿਰਦਾਰਾਂ ਤੋਂ ਲਿਆ ਗਿਆ ਹੈ।
ਪਰ ਇਸ ਨਾਵਲ ਦੀ ਮੁੱਖ ਵਿਸ਼ੇਸ਼ਤਾਈ ਇਸਦੇ ਪਾਤਰਾਂ ਦਾ ਅਸਲ ਵਿਅਕਤੀਆਂ ਨਾਲ਼ ਮੇਲ ਖਾਣਾ ਨਹੀਂ ਹੈ, ਸਗੋਂ ਉਸ ਪ੍ਰਕਿਰਿਆ ਨੂੰ ਦਰਸਾਉਣਾ ਹੈ ਜਿਸ ਦੁਆਰਾ ਉਸ ਸਮੇਂ ਦੇ ਰੂਸ ਦੇ ਆਮ ਮਜ਼ਦੂਰ ਅਤੇ
ਕਿਸਾਨ ਰਾਜਨੀਤਕ ਰੂਪ ਵਿੱਚ ਜਾਗਰੂਕ ਹੋ ਰਹੇ ਸਨ, ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜਿਸ ਰਾਜਨੀਤਕ ਚੇਤਨਾ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਆਪਣੇ ਨਾਵਲ ਜ਼ਰੀਏ ਪ੍ਰਮੁੱਖਤਾ ਨਾਲ਼ ਉਭਾਰ ਰਹੇ ਸਨ, ਉਸੇ ਚੇਤਨਾ ਦੇ ਨਤੀਜੇ ਵੱਜੋਂ 1905-1907 ਦੇ ਅਸਫ਼ਲ ਇਨਕਲਾਬ ਦੀ ਭਿਆਨਕ ਹਾਰ ਅਤੇ ਦਮਨ ਦੇ ਬਾਵਜੂਦ ਕੇਵਲ ਬਾਰਾਂ ਵਰ੍ਹਿਆਂ ਦੇ ਫ਼ਰਕ ਨਾਲ਼ ਹੀ ਸਿਰਫ਼ ਰੂਸ ਵਿੱਚ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਗਿਆ। ਰੂਸ ਦਾ ਨਵੰਬਰ, 1917 ਦਾ ਸਮਾਜਵਾਦੀ ਇਨਕਲਾਬ ਜਿਸਨੇ ਸਮੁੱਚੇ ਸੰਸਾਰ ਅਤੇ ਉਸਦਾ ਭਵਿੱਖ ਦੂਰ ਰਸ ਤੌਰ ’ਤੇ ਪ੍ਰਭਾਵਿਤ ਕੀਤਾ, ਉਸ ਸਮੇਂ ਦੇ ਰੂਸ ਦੇ ਮਜ਼ਦੂਰਾਂ ਦੀ ਜ਼ਿੰਦਗੀ ਕਿਸੇ ਵੀ ਨਜ਼ਰ ਤੋਂ ਸੰਸਾਰ ਦੇ ਕਿਸੇ ਵੀ ਦੇਸ਼ ਦੇ ਮਜ਼ਦੂਰਾਂ ਤੋਂ ਭਿੰਨ ਨਹੀਂ ਸੀ। ਗੋਰਕੀ ਵਿੱਚ ਇਸ ਜ਼ਿੰਦਗੀ ਵਲ, ਡੂੰਘੀ ਨਫ਼ਰਤ ਹੈ ਜੋ ਨਾਵਲ ਦੇ ਪਹਿਲੇ ਕੁਝ ਪੰਨਿਆਂ ’ਤੇ ਹੀ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਮਸ਼ੀਨੀ ਢੰਗ ਨਾਲ਼ ਬੱਝੇ ਇੱਕ ਆਮ ਮਜ਼ਦੂਰ ਦਾ ਚਿੜਚਿੜਾ ਅਤੇ ਝਗੜਾਲੂ ਸੁਭਾਅ ਉਸਦੀ ਘਰੇਲੂ ਅਤੇ ਸਮਾਜਿਕ ਜ਼ਿੰਦਗੀ ਵਿੱਚ ਹਰ ਪਲ ਇੱਕ ਅਜਿਹਾ ਜ਼ਹਿਰ ਘੋਲ਼ਦਾ ਰਹਿੰਦਾ ਹੈ ਕਿ ਉਹ ਜ਼ਿੰਦਗੀ ਦੇ ਭਿਆਨਕ ਨਰਕ ਦੀ ਕਲਪਨਾ ਤੋਂ ਵੀ ਵੱਧ ਤਸੀਹੇ ਦੇਣ ਵਾਲ਼ਾ ਲੱਗਦਾ ਹੈ। ਗੋਰਕੀ ਦੁਆਰਾ 1907 ਵਿੱਚ ਖਿੱਚਿਆ ਰੂਸੀ ਮਜ਼ਦੂਰਾਂ ਦਾ ਇਹ ਨੀਰਸ, ਮਸ਼ੀਨੀ ਅਤੇ ਨਰਕੀ ਜੀਵਨ ਚਿੱਤਰ ਸਾਡੇ ਆਪਣੇ ਦੇਸ਼ ਦੇ ਮਜ਼ਦੂਰਾਂ ਦੇ ਜੀਵਨ ਦੇ ਕਿੰਨਾ ਨੇੜੇ ਹੈ ਇਸਨੂੰ ਸਹਿਜ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਅਜਿਹਾ ਹੀ ਮਹਿਸੂਸ ਕਰਦੀ ਸੀ ਮਾਂ ਪੇਲਾਗੇਆ ਨਿਲੋਵਨਾ ਜਦੋਂ ਮਜ਼ਦੂਰ ਬਸਤੀ ਦੇ ਉਸਦੇ ਨਿੱਕੇ ਜਿਹੇ ਮਕਾਨ ਵਿੱਚ ਪਾਵੇਲ ਅਤੇ ਉਸਦੇ ਸਾਥੀ ਆਪਣੀ ਅਧਿਐਨ ਮੰਡਲੀ ਵਿੱਚ ਦੂਰ ਦੇਸ਼ ਦੇ ਮਜ਼ਦਰਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰਦੇ ਸਨ, ਉਹਨਾਂ ਦੇ ਸੰਘਰਸ਼ਾਂ ਦੀ ਜਿੱਤ ਵਿੱਚ ਖੁਸ਼ੀ ਦਾ ਅਹਿਸਾਸ ਕਰਦੇ ਸਨ ਅਤੇ ਅਸਫ਼ਲਤਾ ਵਿੱਚ ਦੁੱਖ ਦਾ। ਉਥੇ ਹੀ ਉਸਦੇ ਉਸ ਨਿੱਕੇ ਜਿਹੇ ਕਮਰੇ ਵਿੱਚ ਸੋਰਮੋਵੋ ਦੇ ਮਜ਼ਦੂਰਾਂ ਅੰਦਰ ਦੁਨੀਆਂ ਦੇ ਮਜ਼ਦੂਰਾਂ ਨਾਲ਼ ਭਾਈਚਾਰੇ ਦੀ ਭਾਵਨਾ ਦਾ ਅਹਿਸਾਸ ਪੈਦਾ ਹੋਣਾ ਸ਼ੁਰੂ ਹੋਇਆ।
ਨਾਵਲ ਦੋ ਦੋ ਭਾਗ ਹਨ। ਪਹਿਲੇ ਭਾਗ ਵਿੱਚ ਪੇਲਾਗੇਆ ਨਿਲੋਵਨਾ ਅਤੇ ਉਸਦੇ ਸ਼ਰਾਬੀ ਅਤੇ ਝਗੜਾਲੂ ਪਤੀ ਮਿਖਾਈਲ ਵਲਾਸੋਵ ਦੀ ਪਰਿਵਾਰਕ ਜ਼ਿੰਦਗੀ ਦੀ ਇੱਕ ਸੰਖੇਪ ਤਸਵੀਰ ਖਿੱਚੀ ਗਈ ਹੈ ਜੋ ਹੋਰਨਾਂ ਲੱਖਾਂ ਮਜ਼ਦੂਰਾਂ ਦੀ ਜ਼ਿੰਦਗੀ ਦੀ ਤਰ੍ਹਾਂ ਹੈ ਜਿਨ੍ਹਾ ਲਈ ਦਿਨ ਦੀ ਸ਼ੁਰੂਆਤ ਕਾਰਖ਼ਾਨੇ ਦੀ ਸੀਟੀ ਦੀ ਕੰਨ ਪਾੜੂ ਚੀਕ ਨਾਲ਼ ਹੁੰਦੀ ਹੈ, ਦਿਨ ਮਸ਼ੀਨਾਂ ਦੇ ਰੌਲ਼ੇ ਅਤੇ ਕਾਲਖ ਵਿੱਚ ਗੁਜ਼ਰਦਾ ਹੈ ਅਤੇ ਅੰਤ ਹੁੰਦਾ ਹੈ ਸ਼ਰਾਬ ਅਤੇ ਪਰਿਵਾਰ ਵਿੱਚ ਗਾਲ਼ੀ-ਗੋਲ਼ੋਚ ਨਾਲ਼। ਅਕਾਰ ਦੇ ਨਜ਼ਰਈਏ ਤੋਂ ਮਿਖਾਈਲ ਵਲਾਸੋਵ ਨੂੰ ਨਾਵਲ ਵਿੱਚ ਭਾਵੇਂ ਬਹੁਤ ਥੋੜੀ ਜਿਹੀ ਥਾਂ ਹੀ ਮਿਲ਼ੀ ਹੈ ਪਰ ਉਸਦੀ ਸੰਪੂਰਣ ਜ਼ਿੰਦਗੀ ਆਮ ਮਜ਼ਦੂਰਾਂ ਦੀ ਜ਼ਿੰਦਗੀ ਦੀ ਅਤਿਅੰਤ ਤੀਖਣਤਾ ਨਾਲ਼ ਪ੍ਰਤੀਨਿਧਤਾ ਕਰਦੀ ਹੈ। ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਪਾਵੇਲ ਨੇ ਵੀ ਉਸੇ ਢੰਗ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਅੰਦਰ ਇੱਕ ਬੇਚੈਨੀ ਸੀ, ਇੱਕ ਅਜਿਹੀ ਉਥਲ-ਪੁਥਲ ਸੀ ਜਿਸਨੇ ਜਲਦੀ ਹੀ ਉਸਦਾ ਰਸਤਾ ਬਦਲ ਦਿੱਤਾ। ਕਾਰਖਾਨੇ ਅਤੇ ਮਜ਼ਦੂਰ ਬਸਤੀ ਦੀ ਜੋ ਜ਼ਿੰਦਗੀ ਹੋਰਨਾਂ ਹਜ਼ਾਰਾਂ ਮਜ਼ਦੂਰਾਂ ਨੂੰ ਏਨੀ ਸੁਭਾਵਕ ਲੱਗਦੀ ਸੀ ਪਾਵੇਲ ਦਾ ਉਸ ਵਿੱਚ ਦਮ ਘੁੱਟਦਾ ਸੀ। ਪਾਵੇਲ ਦੇ ਬਿਲਕੁਲ ਹੀ ਅਲੱਗ ਕਿਸਮ ਦੇ ਸਾਥੀ, ਉਸਦੀ ਪੁਸਤਕਾਂ ਵਿੱਚ ਰੁਚੀ, ਸ਼ਰਾਬ ਅਤੇ ਅਸ਼ਲੀਲ ਭਾਸ਼ਾ ਵੱਲ ਉਸਦੀ ਨਫ਼ਰਤ, ਉਸਦਾ ਹਰ ਹਫ਼ਤੇ ਦੇ ਅੰਤ ’ਚ ਸ਼ਹਿਰ ਜਾਣਾ, ਛੁੱਟੀ ਦੇ ਸਮੇਂ ਘਰ ਦੇ ਕੰਮਾਂ ਵਿੱਚ ਮਾਂ ਦੀ ਮਦਦ ਕਰਨਾ, ਵਰਗੀਆਂ ਢੇਰ ਦੂਜੀਆਂ ਗੱਲਾਂ ਉਸਦੇ ਵਿਵਹਾਰ ਵਿੱਚ ਸਨ ਜੋ ਪੇਲਾਗੇਆ ਨਿਲੋਵਨਾ ਨੂੰ ਸੁੱਖ ਤਾਂ ਦਿੰਦੀਆਂ ਸਨ ਪਰ ਨਾਲ਼ ਹੀ ਇੱਕ ਅਣਜਾਣਿਆ ਜਿਹਾ ਡਰ ਵੀ ਉਸਦੇ ਦਿਲ ਵਿੱਚ ਪੈਦਾ ਕਰਦੀਆਂ ਸਨ। ਇਸ ਤਰ੍ਹਾਂ ਦਾ ਵਿਵਹਾਰ ਉਸ ਲਈ ਬਿਲਕੁਲ ਹੀ ਨਵਾਂ ਸੀ। ਉਸਦੀ ਸਾਰੀ ਜ਼ਿੰਦਗੀ ਆਪਣੇ ਪਤੀ ਦੀਆਂ ਗਾਲ਼ਾਂ ਸੁਣਦੇ, ਹੱਥੋਂ ਮਾਰ ਖਾਂਦੇ ਲੰਘਦੀ ਸੀ ਜਿੱਥੇ ਉਹ ਹਮੇਸ਼ਾਂ ਨਿੱਕੀ ਜਿਹੀ ਚੂਹੀ ਦੀ ਤਰ੍ਹਾਂ ਡਰੀ-ਡਰੀ ਰਹਿੰਦੀ ਸੀ। ਇਹ ਜ਼ਿੰਦਗੀ ਜਿਉਂਦੇ ਹੋਏ ਉਹ ਦੁਖ, ਅਣਦੇਖੀ ਅਤੇ ਅਪਮਾਨ ਸਹਿਣ ਦੀ ਆਦੀ ਹੋ ਗਈ ਸੀ, ਉਹ ਇਸਨੂੰ ਜ਼ਿੰਦਗੀ ਦਾ ਸੁਭਾਵਿਕ ਅਤੇ ਜ਼ਰੂਰੀ ਹਿੱਸਾ ਮੰਨ ਚੁੱਕੀ ਸੀ। ਉਸਦੇ ਆਸ-ਪਾਸ ਦੇ ਸਾਰੇ ਮਜ਼ਦੂਰ ਪਰਿਵਾਰਾਂ ਦੀ ਜ਼ਿੰਦਗੀ ਵੀ ਇਸ ਤੋਂ ਅਲੱਗ ਨਹੀਂ ਸੀ। ਇਸੇ ਲਈ, ਇਸ ਜ਼ਿੰਦਗੀ ਵਿੱਚ ਤਬਦੀਲੀ ਉਸਨੂੰ ਸੁਖ ਦਾ ਅਹਿਸਾਸ ਤਾਂ ਕਰਾਉਂਦੀ ਸੀ ਪਰ ਇਸ ’ਤੇ ਉਸਨੂੰ ਵਿਸ਼ਵਾਸ ਵੀ ਨਹੀਂ ਹੋ ਰਿਹਾ ਸੀ।
ਪਾਵੇਲ, ਆਂਦਰੇਈ ਨਿਖੋਦਕਾ, ਨਿਕੋਲਾਈ ਵੇਸੋਵਸ਼ਿਚਕੋਵ ਅਤੇ ਸ਼ਹਿਰ ਦੇ ਸਾਥੀ ਨਤਾਸ਼ਾ, ਸਾਸ਼ਾ ਜਿਹੇ ਲੋਕਾਂ ਦੁਆਰਾ ਸ਼ੁਰੂ ਕੀਤਾ ਗਿਆ ਅਧਿਐਨ-ਚੱਕਰ ਜ਼ੋਰ ਫ਼ੜਨ ਲੱਗਿਆ। ਮਾਂ ਲਈ ਇਹ ਸਾਰੇ ਲੋਕ ਇੱਕ ਅਜਨਬੀ ਦੁਨੀਆਂ ਤੋਂ ਆਏ ਹੋਏ ਲੱਗਦੇ ਸਨ ਉਤਸ਼ਾਹ, ਉਮੰਗ, ਜੋਸ਼ ਅਤੇ ਪਿਆਰ ਨਾਲ਼ ਡੁੱਲ-ਡੁੱਲ ਪੈਂਦੀ ਉਨ੍ਹਾਂ ਦੀ ਦੁਨੀਆਂ ਉਸਨੂੰ ਖੁਦ ਆਪਣੀ ਜ਼ਿੰਦਗੀ ਦੀ ਯਾਦ ਦਵਾਉਂਦੀ ਸੀ, ਉਸਨੂੰ ਆਪਣੀ ਜਵਾਨੀ ਦੀਆਂ ਉਹਨਾਂ ਪਾਰਟੀਆਂ ਦੀ ਯਾਦ ਆਉਂਦੀ ਸੀ ਜਿੱਥੇ ਸ਼ਰਾਬ ਨਾਲ਼ ਚੂਰ ਲੋਕ ਆਪਸ ਵਿੱਚ ਲੜਦੇ, ਇੱਕ ਦੂਸਰੇ ’ਤੇ ਅਸ਼ਲੀਲ ਗਾਲ਼ਾਂ ਦੀ ਬਾਰਸ਼ ਕਰਦੇ ਅਤੇ ਸ਼ਰਮ ਦੇ ਮਾਰੇ ਉਸਦਾ ਸਿਰ ਝੁਕ ਜਾਂਦਾ ਸੀ। ਪਾਵੇਲ ਅਤੇ ਉਸਦੇ ਸਾਥੀਆਂ ਦੇ ਵਿੱਚ ਹੋਣ ਵਾਲ਼ੀਆਂ ਬਹਿਸਾਂ-ਚਰਚਾਵਾਂ ’ਚੋਂ ਉਹ ਹੋਲ਼ੀ-ਹੋਲ਼ੀ ਸਮਝਣ ਲੱਗ ਪਈ ਕਿ ਜਿਸ ਦੁੱਖ, ਅਣਦੇਖੀ ਅਤੇ ਅਪਮਾਨ ਨੂੰ ਉਹ ਜ਼ਿੰਦਗੀ ਦਾ ਸਥਾਈ ਅਤੇ ਜ਼ਰੂਰੀ ਅੰਗ ਮੰਨ ਚੁੱਕੀ ਸੀ ਉਹ ਹਮੇਸ਼ਾਂ ਤੋਂ ਹੀ ਇਸ ਤਰਾਂ ਨਹੀਂ ਸੀ। ਇੱਕ ਸਮਾਂ ਸੀ ਜਦੋਂ ਲੋਕ ਬਰਾਬਰ ਹੁੰਦੇ ਸਨ, ਜਦੋਂ ਕੋਈ ਮਾਲਕ ਅਤੇ ਉਸ ਲਈ ਕੰਮ ਕਰਨ ਵਾਲ਼ਾ ਮਜ਼ਦੂਰ ਨਹੀਂ ਹੁੰਦਾ ਸੀ ਜਦੋਂ ਈਰਖ਼ਾ, ਵੈਰ ਅਤੇ ਝਗੜੇ ਦਾ ਸਾਮਰਾਜ ਨਹੀਂ ਸੀ, ਜਦ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਨਹੀਂ ਸਨ। ਹੋਲ਼ੀ-ਹੋਲ਼ੀ ਉਹ ਇਹ ਵੀ ਸਮਝਣ ਲੱਗੀ ਕਿ ਜਦੋਂ ਤੋਂ ਇਹ ਗੈਰਬਰਾਬਰੀ ਪੈਦਾ ਹੋਈ ਹੈ ਉਦੋਂ ਤੋਂ ਹੀ ਉਸਦੇ ਵਿਰੁੱਧ ਸੰਘਰਸ਼ ਦੀ ਵੀ ਸ਼ੁਰੂਆਤ ਹੋ ਗਈ ਅਤੇ ਉਸਤੋਂ ਬਾਅਦ ਇਹ ਸੰਘਰਸ਼ ਹਰ ਯੁਗ ਅਤੇ ਹਰ ਦੇਸ਼ ਵਿੱਚ ਹਰ ਸਮੇਂ ਚਲਦਾ ਰਿਹਾ ਹੈ।
ਜਲਦੀ ਹੀ ਪਾਵੇਲ ਅਤੇ ਉਸਦੇ ਸਾਥੀਆਂ ਵੱਲੋਂ ਮਜ਼ਦੂਰਾਂ ਲਈ ਪਰਚੇ ਛਪਣੇ ਸ਼ੁਰੂ ਹੋ ਗਏ। ਸਿੱਧੀ ਸਾਦੀ ਭਾਸ਼ਾ ਵਿੱਚ ਲਿਖੇ ਇਹਨਾਂ ਪਰਚਿਆਂ ਵਿੱਚ ਮਜ਼ਦੂਰਾਂ ਨੂੰ ਦੱਸਿਆ ਜਾਂਦਾ ਕਿ ਉਹਨਾਂ ਦੀ ਲਗਾਤਾਰ ਨਿੱਘਰਦੀ ਹੋਈ ਹਾਲਤ ਦੇ ਕੀ ਕਾਰਨ ਹਨ, ਮਾਲਕ ਕਿਸ ਤਰ੍ਹਾਂ ਧੋਖੇਬਾਜੀ ਨਾਲ਼ ਉਹਨਾਂ ਨੂੰ ਲੁੱਟਦੇ ਹਨ, ਇਸ ਲੁੱਟ ਵਿਰੁੱਧ ਕਿਸ ਤਰ੍ਹਾਂ ਰੂਸ ਦੇ ਦੂਜੇ ਹਿੱਸਿਆਂ ਵਿੱਚ ਅਤੇ ਸੰਸਾਰ ਦੇ ਦੂਜੇ ਦੇਸ਼ਾਂ ਦੇ ਮਜ਼ਦੂਰਾਂ ਨੇ ਲੜਾਈ ਵਿੱਢ ਰੱਖੀ ਹੈ। ਪਰਚਿਆਂ ਵਿੱਚ ਛਪੀ ਸੱਚਾਈ ਤੋਂ ਮਜ਼ਦੂਰ ਪ੍ਰਭਾਵਿਤ ਹੁੰਦੇ ਪਰ ਆਪਣੇ ਆਪ ਨੂੰ ਲਾਚਾਰ ਤੇ ਗੈਰ ਜਥੇਬੰਦ ਪਾਉਂਦੇ। ਇਸ ਸਭ ਦੇ ਬਾਵਜੂਦ ਮਜ਼ਦੂਰ ਬਸਤੀ ਦੇ ਜ਼ਿਆਦਾਤਰ ਮਜ਼ਦੂਰ ਪਾਵੇਲ ਅਤੇ ਉਸਦੇ ਸਾਥੀਆਂ ਦੀ ਇਮਾਨਦਾਰੀ, ਸੰਘਰਸ਼ਸ਼ੀਲਤਾ ਨੂੰ ਦਿਲ ਹੀ ਦਿਲ ਵਿੱਚ ਚਾਹੁਣ ਲੱਗੇ ਅਤੇ ਇੱਕ ਕੋਪੇਕ ਦੀ ਘਟਨਾ ਤੋਂ ਬਾਅਦ ਤਾਂ ਉਹਨਾਂ ਦੀ ਸਿੱਕਾ ਹੀ ਜਮ ਗਿਆ।
ਕਾਰਖਾਨੇ ਕੋਲ਼ ਜ਼ਮੀਨ ਦਲਦਲੀ ਸੀ। ਨਵਾਂ ਡਾਇਰੈਕਟਰ ਦਲਦਲ ਨੂੰ ਸੁਕਾ ਕੇ ਜ਼ਮੀਨ ਨੂੰ ਇਸਤੇਮਾਲ ਲਾਇਕ ਬਣਾਉਣਾ ਚਾਹੁੰਦਾ ਸੀ। ਇਸਦੇ ਲਈ ਉਸਨੇ ਹਰੇਕ ਮਜ਼ਦੂਰ ਦੀ ਤਨਖ਼ਾਹ ਵਿੱਚੋਂ ਇੱਕ ਕੋਪੇਕ (ਰੂਸੀ ਪੈਸਾ) ਦੀ ਕਟੌਤੀ ਕਰਨ ਦਾ ਹੁਕਮ ਜਾਰੀ ਕੀਤਾ। ਆਪਮੁਹਾਰੇ ਹੀ ਮਜ਼ਦੂਰਾਂ ਵੱਲੋਂ ਇਸ ਉਪਰ ਤਿੱਖੀ ਪ੍ਰਤੀਕਿਰਿਆ ਹੋਈ। ਕੰਮ ਬੰਦ ਕਰਕੇ ਜਲਸੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਰਖ਼ਾਨੇ ਦੇ ਬਜ਼ੁਰਗ ਮਜ਼ਦੂਰਾਂ ਦੀ ਬੇਨਤੀ ਉਤੇ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਵੀ ਪਾਵੇਲ ਨੇ ਵੀ ਭਾਗ ਲਿਆ। ਭਾਵੇਂ ਉਸਦਾ ਪ੍ਰਸਤਾਵ, ਕਿ ਇਸ ਕਟੌਤੀ ਦੇ ਵਿਰੋਧ ਵਿੱਚ ਕੰਮ ਬੰਦ ਕਰ ਦਿੱਤਾ ਜਾਵੇ, ਮਜ਼ਦੂਰਾਂ ਦੇ ਬਹੁਮਤ ਨੂੰ ਮਨਜ਼ੂਰ ਨਹੀਂ ਸੀ ਪਰ ਪ੍ਰਬੰਧਕਾਂ ਦੁਆਰਾ ਘਬਰਾਕੇ ਕਟੌਤੀ ਵਾਪਸ ਲਏ ਜਾਣ ਕਾਰਨ ਪਾਵੇਲ ਅਤੇ ਉਸਦੇ ਸਾਥੀਆਂ ਦੀ ਲੋਕਪਿ੍ਰਅਤਾ ਵਧੀ। ਪਰ ਜਦੋਂ ਇਸ ਘਟਨਾ ਤੋਂ ਤੁਰੰਤ ਬਾਅਦ ਪੁਲਸ ਨੇ ਪਾਵੇਲ ਅਤੇ ਹੋਰ ਕਈ ਮਜ਼ਦੂਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਤਾਂ ਇੱਕ ਵਾਰ ਫੇਰ ਨਿਰਾਸ਼ਾ ਬੇਹਿੰਮਤੀ ਦਾ ਆਲਮ ਛਾਉਣ ਲੱਗਾ।
ਅਜਿਹੇ ਸਮੇਂ ਵਿੱਚ ਮਾਂ, ਜੋ ਹੁਣ ਤੱਕ ਆਪਣੇ ਪੁੱਤਰ ਅਤੇ ਸਾਥੀਆਂ ਦੇ ਉਦੇਸ਼ਾਂ ਨੂੰ ਕਾਫ਼ੀ ਹੱਦ ਤੱਕ ਸਮਝ ਚੁੱਕੀ ਸੀ, ਨੇ ਆਪਣੇ ਪੁੱਤਰ ਦੇ ਕੰਮਾਂ ਵਿਚ ਹਿੱਸਾ ਲੈਣ ਦਾ ਨਿਰਣਾ ਕੀਤਾ। ਪੇਲਾਗੇਆ ਨਿਲੋਵਨਾ ਦਾ ਦਿਆਲੂ ਅਤੇ ਇਨਸਾਫ਼ਪਸੰਦ ਦਿਲ, ਉਸਦੀ ਨੇਕੀ ਅਤੇ ਜ਼ਿੰਦਗੀ ਬਾਰੇ ਉਸਦੀ ਦਿ੍ਰਸ਼ਟੀ, ਪਾਵੇਲ ਦੀ ਗਿ੍ਰਫ਼ਤਾਰੀ ਕਾਰਨ ਉਸਦੇ ਦੁਖ ਦੇ ਬਾਵਜੂਦ, ਉਸਨੂੰ ਆਪਣੇ ਪੁੱਤਰ ਦਾ ਰਸਤਾ ਚੁਨਣ ਲਈ ਮਜਬੂਰ ਕਰ ਦਿੰਦੀ ਹੈ। ਗੁਪਤ ਤੌਰ ’ਤੇ ਪਰਚਿਆਂ ਦਾ ਵੰਡਿਆ ਜਾਣਾ ਜਾਰੀ ਰਹਿੰਦਾ ਹੈ।
ਪਾਵੇਲ ਅਤੇ ਉਸਦੇ ਸਾਥੀਆਂ ਦੀ ਜੇਲ੍ਹ ਦੀ ਰਿਹਾਈ ਤੋਂ ਬਾਅਦ ਜ਼ੋਰ-ਸ਼ੋਰ ਨਾਲ਼ ਮਈ-ਦਿਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਹ ਲੋਕ ਮਹਿਸੂਸ ਕਰਨ ਲੱਗਦੇ ਹਨ ਕਿ ਹੁਣ ਉਹਨਾਂ ਨੂੰ ਖੁੱਲ੍ਹੇ ਤੌਰ ’ਤੇ ਸਭ ਦੇ ਸਾਹਮਣੇ ਆਪਣੇ ਉਦੇਸ਼ਾਂ ਨੂੰ ਸਪੱਸ਼ਟ ਰੂਪ ਵਿੱਚ ਰੱਖਣਾ ਚਾਹੀਦਾ ਹੈ। ਮਜ਼ਦੂਰਾਂ ਦੀ ਤਿਆਰੀ ਦੇ ਨਾਲ਼ ਹੀ ਪ੍ਰਸ਼ਾਸਨ ਦੀਆਂ ਤਿਆਰੀਆਂ ਵੀ ਜ਼ੋਰ ਫ਼ੜਦੀਆਂ ਹਨ। ਜਦੋਂ ਪਹਿਲੀ ਮਈ ਨੂੰ ਮੁਜ਼ਾਹਰੇ ਦੌਰਾਨ ਮਜ਼ਦੂਰਾਂ ਨੂੰ ਪਤਾ ਲੱਗਦਾ ਹੈ ਕਿ ਪੁਲੀਸ ਦੇ ਨਾਲ਼ ਖੁਦ ਗਵਰਨਰ ਵੀ ਮੌਕੇ ’ਤੇ ਪਹੁੰਚਿਆ ਹੈ ਤਾਂ ਉਹ ਵੀ ਜੋ ਮੁਜ਼ਾਹਰੇ ਵਿੱਚ ਸ਼ਾਮਿਲ ਨਹੀਂ ਸਨ ਇਹਨਾਂ ਬਹਾਦਰ ਨੌਜਵਾਨਾਂ ਵੱਲ ਖਿੱਚੇ ਗਏ। ਮਈ ਦਿਨ ਦਾ ਮੁਜਾਹਰਾ ਅਤੇ ਇਸ ਤੋਂ ਬਾਅਦ ਹੋਈਆਂ ਗਿ੍ਰਫ਼ਤਾਰੀਆਂ ਦੇ ਨਾਲ਼ ਹੀ ਨਾਵਲ ਦਾ ਪਹਿਲਾ ਭਾਗ ਸਮਾਪਤ ਹੁੰਦਾ ਹੈ।
ਪਹਿਲੇ ਭਾਗ ਦੇ ਆਰੰਭ ਵਿੱਚ ਆਪਣੇ ਵਰਗੀਆਂ ਹੀ ਹਜ਼ਾਰਾਂ ਕਿਰਤੀ ਔਰਤਾਂ ਦੀ ਤਰ੍ਹਾਂ ਪੇਲਾਗੇਆ ਨਿਲੋਵਨਾ ਪੂਰੀ ਜ਼ਿੰਦਗੀ ਮਿਹਨਤ ਕਰਦੇ ਹੋਏ ਆਪਣੇ ਸ਼ਰਾਬੀ ਪਤੀ ਦੇ ਲੜਾਈ ਝਗੜਿਆਂ ਅਤੇ ਮਾਰ-ਕੁੱਟ ਤੋਂ ਬੇਹੱਦ ਦੁਖੀ, ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਤੋਂ ਵਾਂਝੀ ਹੈ। ਪਰ ਜਦੋਂ ਉਸਦਾ ਪੁੱਤਰ ਪਾਵੇਲ ਕਾਰਖਾਨਾ ਬਸਤੀ ਦੇ ਲੋਕਾਂ ਦੀ ਜ਼ਿੰਦਗੀ ਦੇ ਜਿਉਣ ਢੰਗ ਨੂੰ ਛੱਡ ਕੇ ਇਨਕਲਾਬੀ ਬਣ ਜਾਂਦਾ ਹੈ ਤਾਂ ਇਸ ਨਵੀਂ ਚੀਜ਼ ਨੂੰ ਬੱਚਿਆਂ ਵਰਗੀ ਉਤਸੁਕਤਾ ਨਾਲ਼ ਸਮਝਣ ਦੀ ਕੋਸ਼ਿਸ਼ ਕਰਦੀ ਹੋਈ ਮਾਂ ਪੇਲਾਗੇਆ ਨਿਲੋਵਨਾ ਆਪ ਵੀ ਉਹੀ ਰਸਤਾ ਚੁਣ ਲੈਂਦੀ ਹੈ। ਆਂਦਰੇਈ ਵਰਗੇ ਮਜ਼ਦੂਰ ਸਾਥੀਆਂ ਅਤੇ ਕਿਸਾਨ ਰੀਬਿਨ ਵਰਗੇ ਕਿਰਦਾਰਾਂ ਦੇ ਰੂਪ ਵਿੱਚ ਨਵੀਂ ਦੁਨੀਆਂ ਦੇ ਲੋਕ ਸਾਹਮਣੇ ਆਉਂਦੇ ਹਨ ਅਤੇ ਸਾਹਮਣੇ ਆਉਂਦੀ ਹੈ ਸੰਘਰਸ਼ ਦੀ ਪਵਿੱਤਰ ਅੱਗ ਵਿੱਚ ਤਪ ਕੇ ਆਮ ਲੋਕਾਂ ਦੀ ਅੰਦਰੂਨੀ ਕਾਇਆਪਲਟ ਦੀ ਕਹਾਣੀ। ਪਾਵੇਲ ਅਤੇ ਉਸਦੇ ਸਾਥੀ ਜਿਸ ਨਵੀਂ ਦੁਨੀਆਂ ਲਈ ਸੰਘਰਸ਼ ਕਰ ਰਹੇ ਹਨ ਆਂਦਰੇਈ ਉਸਦਾ ਇੱਕ ਬਹੁਤ ਹੀ ਜੀਵੰਤ ਤਸਵੀਰ ਖਿੱਚਦਾ ਹੈ ‘‘ਮੈ ਜਾਣਦਾ ਹਾਂ ਕਿ ਇਕ ਸਮਾਂ ਅਜਿਹਾ ਜ਼ਰੂਰ ਹੀ ਆਵੇਗਾ ਜਦੋਂ ਲੋਕ ਖ਼ੁਦ ਆਪਣੀ ਸੁੰਦਰਤਾ ਉਤੇ ਹੈਰਾਨ ਹੋਣਗੇ, ਜਦੋਂ ਉਹਨਾਂ ਵਿੱਚੋਂ ਹਰੇਕ ਦੂਸਰੇ ਲਈ ਇੱਕ ਤਾਰੇ ਵਾਂਗ ਰੋਸ਼ਨ ਹੋਵੇਗਾ। ਧਰਤੀ ਉਤੇ ਅਜ਼ਾਦ ਇਨਸਾਨ ਦਾ ਵਾਸ ਹੋਵੇਗਾ। ਸਾਰਿਆਂ ਦੇ ਦਿਲ ਵਿਸ਼ਾਲ ਹੋਣਗੇ, ਈਰਖਾ ਅਤੇ ਵਾਰ-ਭਾਵ ਨਹੀਂ ਹੋਵੇਗਾ ਅਤੇ ਉਦੋਂ ਕੁਦਰਤ ਇਨਸਾਨ ਦੀ ਸੇਵਾ ਕਰੇਗੀ ਅਤੇ ਉਚ ਮਨੁੱਖੀ ਕਦਰਾਂ ਕੀਮਤਾਂ ਦਾ ਸਾਮਰਾਜ ਕਾਇਮ ਹੋਵੇਗਾ ਕਿਉਂਕਿ ਅਜ਼ਾਦ ਇਨਸਾਨਾਂ ਲਈ ਕੁਝ ਵੀ ਅਸੰਭਵ ਨਹੀਂ ਹੈ ਅਤੇ ਉਦੋਂ ਲੋਕ ਸੱਚਾਈ ਅਤੇ ਅਜ਼ਾਦੀ ਨਾਲ਼ ਜਿਉਂਣਗੇ, ਜ਼ਿੰਦਗੀ ਦੀ ਸੁੰਦਰਤਾ ਲਈ ਜਿਉਂਣਗੇ ਅਤੇ ਸਭ ਤੋਂ ਸੁੰਦਰ, ਸਭ ਤੋਂ ਚੰਗੇ ਲੋਕ ਹੋਣਗੇ ਜੋ ਸਾਰੀ ਦੁਨੀਆਂ ਨੂੰ ਪਿਆਰ ਕਰਦੇ ਹੋਣ। ਨਵੀਂ ਜ਼ਿੰਦਗੀ ਦੇ ਉਹ ਲੋਕ ਮਹਾਨ ਹੋਣਗੇ ਅਤੇ ਅਜਿਹੀ ਜ਼ਿੰਦਗੀ ਲਈ ਮੈਂ ਕੁਝ ਵੀ ਕਰ ਸਕਦਾ ਹਾਂ।’’
ਉਹਨਾਂ ਲੋਕਾਂ ਲਈ ਜੋ ਹਿੰਸਾ-ਅਹਿੰਸਾ ਦੇ ਸਵਾਲ ਨੂੰ ਲੈ ਕੇ ਇੱਕ ਕਦੇ ਨਾ ਮੁੱਕਣ ਵਾਲ਼ੀ ਬਹਿਸ ਵਿੱਚ ਉਲਝੇ ਰਹਿੰਦੇ ਹਨ, ਜੋ ਜਾਬਰ ਸੱਤਾ ਦੁਆਰਾ ਸੈਂਕੜੇ ਤਰੀਕਿਆਂ ਨਾਲ਼ ਰੋਜ਼ਾਨਾ ਅਤੇ ਹਰ ਪਲ ਹੋਣ ਵਾਲ਼ੀ ਹਿੰਸਾ ਤੋਂ ਅੱਖਾਂ ਬੰਦ ਕਰੀ ਰੱਖਦੇ ਹਨ ਪਰ ਵਿਰੋਧ ਵਿੱਚ ਉਠੇ ਕਿਸੇ ਵੀ ਕਦਮ ਨੂੰ ਹਿੰਸਕ ਕਰਾਰ ਦਿੰਦੇ ਹਨ- ਉਹਨਾਂ ਲਈ ਇੱਕ ਬੇਹੱਦ ਸ਼ਾਨਦਾਰ ਉਤਰ ਆਂਦਰੇਈ ਦੇ ਸ਼ਬਦਾਂ ਵਿੱਚ, ‘‘ਅੱਜ ਅਸੀਂ ਕੁਝ ਲੋਕਾਂ ਨਾਲ਼ ਨਫ਼ਰਤ ਕਰਨ ਲਈ ਮਜਬੂਰ ਹਾਂ, ਤਾਂ ਕਿ ਇੱਕ ਅਜਿਹਾ ਸਮਾਂ ਆਵੇ ਜਦੋਂ ਅਸੀਂ ਸਭ ਨੂੰ ਪਿਆਰ ਕਰ ਸਕੀਏ। ਜੋ ਕੋਈ ਵੀ ਤਰੱਕੀ ਦੇ ਰਸਤੇ ਵਿੱਚ ਰੋੜਾ ਹੈ, ਜੋ ਕੋਈ ਵੀ ਖ਼ੁਦ ਆਪਣੇ ਲਈ ਇੱਜਤ ਅਤੇ ਸੁਰੱਖਿਆ ਦੇ ਲਾਲਚ ਵਿੱਚ ਲੋਕਾਂ ਨੂੰ ਵੇਚਦਾ ਹੈ, ਸਾਡਾ ਦੁਸ਼ਮਣ ਹੈ। ਜੇ ਕੋਈ ਜੂਡਸ ਇਮਾਨਦਾਰ ਲੋਕਾਂ ਦੇ ਰਾਹ ਵਿੱਚ ਰਕਾਵਟ ਪੈਦਾ ਕਰਦਾ ਹੈ ਤਾਂ ਮੈਂ ਖ਼ੁਦ ਜੂਡਸ ਕਹਾਵਾਂਗਾ ਜੇ ਮੈਂ ਉਸਦਾ ਖਾਤਮਾ ਨਹੀਂ ਕਰਦਾ ਤਾਂ। ਤੁਸੀਂ ਕਹਿੰਦੇ ਹੋ ਮੈਨੂੰ ਕੋਈ ਅਧਿਕਾਰ ਨਹੀਂ ਹੈ? ਪਰ ਉਹ ਸਾਡੇ ਮਾਲਕ-ਕੀ ਉਹਨਾਂ ਨੂੰ ਫ਼ੌਜਾਂ, ਜੱਲਾਦ, ਵੇਸਵਾਘਰ ਅਤੇ ਜੇਲ੍ਹਖਾਨੇ, ਜਲਾਵਤਨੀ ਦੀਆਂ ਥਾਂਵਾਂ ਅਤੇ ਉਹ ਸਭ ਸਰਾਪੇ ਸਾਧਨ ਰੱਖਣ ਦਾ ਅਧਿਕਾਰ ਹੈ ਜਿਨ੍ਹਾਂ ਜ਼ਰਿਏ ਉਹ ਆਪਣੀਆਂ ਸੁਵਿਧਾਵਾਂ ਦੀ ਰੱਖਿਆ ਕਰਦੇ ਹਨ? ਜੇਕਰ ਮੈਨੂੰ ਹਥਿਆਰ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ ਤਾਂ ਕੀ ਇਹ ਮੇਰਾ ਕਸੂਰ ਹੈ? ਮੈਂ ਇਸ ਨੂੰ ਬਿਨਾਂ ਕਿਸੇ ਉਲਝਣ ਤੋਂ ਚੁੱਕਾਂਗਾਂ। ਜੇ ਉਹ ਸਾਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰ ਦਿੰਦੇ ਹਨ ਤਾਂ ਇਹ ਮੇਰਾ ਵੀ ਅਧਿਕਾਰ ਹੈ ਕਿ ਮੈਂ ਆਪਣੀ ਬਾਂਹ ਉਪਰ ਕਰਾਂ ਅਤੇ ਉਸਦੇ ਸਿਰ ਵਿੱਚ ਸੱਟ ਮਾਰਾਂ ਜੋ ਦੂਜਿਆਂ ਦੀ ਤੁਲਨਾ ਵਿੱਚ ਮੇਰੇ ਜ਼ਿਆਦਾ ਨੇੜੇ ਆ ਗਿਆ ਏ ਅਤੇ ਜੋ ਦੂਜਿਆਂ ਦੀ ਤੁਲਨਾ ਵਿੱਚ ਮੇਰੇ ਉਦੇਸ਼ ਨੂੰ ਵੱਧ ਹਾਨੀ ਪੁਹੰਚਾ ਸਕਦਾ ਹੈ। ਜ਼ਿੰਦਗੀ ਇਹੋ ਜਿਹੀ ਹੀ ਹੈ। ਪਰ ਮੈਂ ਅਜਿਹੀ ਜ਼ਿੰਦਗੀ ਦੇ ਵਿਰੁੱਧ ਹਾਂ, ਮੈਂ ਨਹੀਂ ਚਾਹੁੰਦਾ ਕਿ ਇਹ ਅਜਿਹੀ ਹੋਵੇ। ਮੈਂ ਜਾਣਦਾ ਹਾਂ ਕਿ ਉਹਨਾਂ ਦੇ ਲਹੂ ਵਿੱਚੋਂ ਕੁਝ ਵੀ ਪੈਦਾ ਨਹੀਂ ਹੁੰਦਾ, ਉਹ ਬਾਂਝ ਹੈ। ਜਦੋਂ ਸਾਡਾ ਲਹੂ ਮੀਂਹ ਦੀ ਤਰ੍ਹਾਂ ਇਸ ਧਰਤੀ ਉਤੇ ਡੁੱਲ੍ਹਦਾ ਹੈ ਤਾਂ ਸੱਚਾਈ ਜਨਮ ਲੈਂਦੀ ਹੈ। ਪਰ ਉਹਨਾਂ ਦਾ ਲਹੂ ਤਾਂ ਬਸ ਸੁੱਕ ਜਾਂਦਾ ਹੈ।’’
ਅਤੇ ਪਾਵੇਲ ਦੇ ਸ਼ਬਦਾਂ ਵਿੱਚ, ‘‘ਇਹ ਅਪਰਾਧ ਹੈ ਮਾਂ। ਲੱਖਾਂ ਲੋਕਾਂ ਦੀ ਹੱਤਿਆ। ਇਨਸਾਨੀ ਰੂਹਾਂ ਦੀ ਹੱਤਿਆ। ਕੀ ਤੂੰ ਇਸ ਨੂੰ ਸਮਝਦੀ ਏਂ? ਰੂਹ ਦੇ ਹਤਿਆਰੇ। ਕੀ ਤੂੰ ਸਾਡੇ ਅਤੇ ਉਹਨਾਂ ਵਿਚਕਾਰ ਫ਼ਰਕ ਨੂੰ ਸਮਝਦੀ ਏਂ? ਜਦੋਂ ਅਸੀਂ ਕਿਸੇ ਨੂੰ ਮਾਰਦੇ ਹਾਂ ਤਾਂ ਇਹ ਸਾਡੇ ਲਈ ਨਫ਼ਰਤ ਭਰਿਆ, ਸ਼ਰਮਨਾਕ ਅਤੇ ਦੁਖਦਾਈ ਹੁੰਦਾ ਹੈ। ਪਰ ਉਹ ਹਜ਼ਾਰਾਂ ਲੋਕਾਂ ਨੂੰ ਬੇਦਰਦੀ ਨਾਲ਼ ਠੰਡੇਪਣ ਨਾਲ਼ ਮਾਰ ਦਿੰਦੇ ਹਨ ਅਤੇ ਇਸਤੋਂ ਉਹਨਾਂ ਨੂੰ ਕੋਈ ਬੇਚੈਨੀ ਨਹੀਂ ਹੁੰਦੀ ਸਗੋਂ ਸੰਤੁਸ਼ਟੀ ਮਿਲਦੀ ਹੈ ਅਤੇ ਉਹ ਇੱਕੋ ਇੱਕ ਕਾਰਣ, ਜਿਸ ਲਈ ਉਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ, ਉਸ ਸੋਨੇ ਅਤੇ ਚਾਂਦੀ ਦੀ ਸੁਰੱਖਿਆ ਹੈ। ਜਿਸਦੀ ਬਦੌਲਤ ਉਹ ਸਾਨੂੰ ਆਪਣੇ ਗੁਲਾਮ ਬਣਾਈ ਰੱਖਦੇ ਹਨ। ਜਰ੍ਹਾ ਸੋਚੋ ਤਾਂ ਜਦੋਂ ਉਹ ਹੱਤਿਆ ਕਰਦੇ ਹਨ ਅਤੇ ਆਪਣੀ ਆਤਮਾ ਨੂੰ ਗੰਦਾ ਕਰਦੇ ਹਨ ਤਾਂ ਉਹ ਆਪਣੀ ਜ਼ਿੰਦਗੀ ਦੀ ਸੁਰੱਖਿਆ ਨਹੀਂ ਕਰ ਰਹੇ ਹੁੰਦੇ ਸਗੋਂ ਜਾਇਦਾਦ ਦੀ। ਅਜਿਹੀਆਂ ਚੀਜ਼ਾਂ ਜੋ ਇਨਸਾਨ ਤੋਂ ਬਾਹਰ ਹਨ, ਉਹ ਨਹੀਂ ਜੋ ਉਸਦੇ ਅੰਦਰ ਹਨ।’’
ਦੂਜੇ ਭਾਗ ਵਿੱਚ ਪੂਰੀ ਤਰਾਂ ਮਾਂ ਦਾ ਕਿਰਦਾਰ ਨਜ਼ਰ ਆਉਂਦਾ ਹੈ। ਪਾਵੇਲ ਦੀ ਗਿ੍ਰਫ਼ਤਾਰੀ ਤੋਂ ਬਾਅਦ ਉਹ ਕਾਰਖ਼ਾਨਾ ਬਸਤੀ ਦੇ ਮਕਾਨ ਨੂੰ ਛੱਡਕੇ ਪਾਵੇਲ ਦੇ ਹੀ ਸਾਥੀ ਨਿਕੋਲਾਈ ਇਵਾਨੋਵਿਚ ਦੇ ਕੋਲ ਰਹਿਣ ਲੱਗਦੀ ਹੈ ਅਤੇ ਪੂਰੀ ਤਰ੍ਹਾਂ ਨਾਲ਼ ਨਵੀਂ ਦੁਨੀਆਂ, ਇੱਕ ਬੇਹਤਰ ਦੁਨੀਆਂ ਲਈ ਸੰਘਰਸ਼ ਵਿੱਚ ਆਪਣੀ ਭੂਮਿਕਾ ਨਿਭਾਉਣ ਲੱਗਦੀ ਹੈ। ਉਹ ਪਿੰਡ ਦੇ ਕਿਸਾਨਾਂ ਲਈ ਛਪੇ ਅਖ਼ਬਾਰ ਅਤੇ ਪਰਚਿਆਂ ਨੂੰ ਦੂਰ-ਦੁਰਾਡੇ ਦੀਆਂ ਥਾਂਵਾਂ ਤੱਕ ਪਹੁੰਚਾਉਂਦੀ ਹੈ, ਜੇਲ੍ਹ ਤੋਂ ਭੱਜੇ ਸਾਥੀਆਂ ਲਈ ਲੁਕਣ ਦਾ ਪ੍ਰਬੰਧ ਕਰਦੀ ਹੈ, ਜਖ਼ਮੀ ਸਾਥੀਆਂ ਲਈ ਦੇਖਭਾਲ ਅਤੇ ਸੇਵਾ ਸੰਭਾਲ ਦਾ ਕੰਮ ਕਰਦੀ ਹੈ। ਇਹ ਸਭ ਕਰਦੇ ਹੋਏ ਉਹ ਸਿਰਫ਼ ਪਾਵੇਲ ਹੀ ਨਹੀਂ ਉਹਨਾਂ ਸਭ ਦੀ ਮਾਂ ਦੀ ਥਾਂ ਲੈ ਲੈਂਦੀ ਹੈ ਜੋ ਇੱਕ ਨਿਆਂਪੂਰਣ ਯੁੱਧ ਦੇ ਸਿਪਾਹੀ ਹਨ।
ਇਸ ਦੂਜੇ ਭਾਗ ਵਿੱਚ ਮੁੱਖ ਤੌਰ ’ਤੇ ਸ਼ਹਿਰੀ ਪਿਛੋਕੜ ਦੇ ਮੱਧਵਰਗੀ ਬੁੱਧੀਜੀਵੀਆਂ ਦਾ ਵਰਣਨ ਹੈ ਜੋ ਇਨਕਲਾਬ ਲਈ ਆਪਣੀ ਸਹਿਯੋਗੀ ਭੂਮੀਕਾ ਨਿਭਾ ਰਹੇ ਸਨ। ਗੋਰਕੀ ਦੀ ਤਿੱਖੀ ਨਜ਼ਰ ਇਹਨਾਂ ਮੱਧਵਰਗੀ ਬੁੱਧੀਜੀਵੀਆਂ ਦੀਆਂ ਕਮੀਆਂ ਵੀ ਫੜਦੀ ਹੈ। ਨਿਕੋਲਾਈ ਇਵਾਨੋਵਿਚ ਦੀ ਭੈਣ ਸੋਫ਼ੀਆ ਬਾਰੇ ਗੋਰਕੀ ਕਹਿੰਦੇ ਹਨ, ‘‘ਸੋਫ਼ੀਆ ਉਸ ਕਿਸ਼ੋਰੀ ਦੀ ਤਰ੍ਹਾਂ ਸੀ ਜੋ ਚਾਹੁੰਦੀ ਸੀ ਕਿ ਦੂਜੇ ਉਸ ਨਾਲ਼ ਸਿਆਣਿਆਂ ਵਰਗਾ ਵਿਵਹਾਰ ਕਰਨ। ਉਹ ਕਿਰਤ ਦੀ ਪਵਿੱਤਰਤਾ ਬਾਰੇ ਗੱਲਾਂ ਕਰਦੀ ਸੀ ਪਰ ਆਪਣੇ ਅਰਾਜਕ ਜਿਉਂਣ ਢੰਗ ਨਾਲ਼ ਹਮੇਸ਼ਾਂ ਮਾਂ ਦਾ ਕੰਮ ਵਧਾਉਂਦੀ ਰਹਿੰਦੀ ਸੀ : ਉਹ ਅਜ਼ਾਦੀ ਬਾਰੇ ਬਹੁਤ ਵੱਡੀਆਂ-ਵੱਡੀਆਂ, ਉਚੀਆਂ-ਉਚੀਆਂ ਗੱਲਾਂ ਕਰਦੀ ਸੀ ਪਰ ਆਪਣੀ ਅਸਹਿਣਸ਼ੀਲਤਾ ਅਤੇ ਅੰਤਹੀਣ ਤਰਕਾਂ ਨਾਲ਼ ਹਮੇਸ਼ਾਂ ਦੂਜਿਆਂ ਨੂੰ ਦਬਾਉਂਦੀ ਰਹਿੰਦੀ ਸੀ।’’ ਨਿਕੋਲਾਈ ਇਵਾਨੋਵਿਚ ਬਾਰੇ ਉਹ ਮਾਂ ਜ਼ਰੀਏ ਕਹਿੰਦੇ ਹਨ, ‘‘ਖੋਖੋਲ ਦੀ ਤਰ੍ਹਾਂ ਉਹ ਲੋਕਾਂ ਬਾਰੇ ਬਿਨਾਂ ਕਿਸੇ ਈਰਖਾ ਦੇ ਗੱਲ ਕਰਦਾ ਸੀ, ਸੰਸਾਰ ਦੀਆਂ ਬੁਰਾਈਆਂ ਲਈ ਉਹ ਸਭ ਨੂੰ ਦੋਸ਼ ਦਿੰਦਾ ਸੀ ਪਰ ਨਵੀਂ ਜ਼ਿੰਦਗੀ ਵਿੱਚ ਉਸਦਾ ਵਿਸ਼ਵਾਸ ਆਂਦਰੇਈ ਵਾਂਗ ਪੱਕਾ ਨਹੀਂ ਸੀ ਅਤੇ ਨਾ ਹੀ ਉਸ ਜਿੰਨਾਂ ਸਪੱਸ਼ਟ। ਪਰ ਇਸ ਸਭ ਦੇ ਬਾਵਜੂਦ ਇਨਕਲਾਬ ਦੇ ਰਾਹ ਆਏ ਮੱਧਵਰਗੀ ਪਿੱਠਭੂਮੀ ਦੇ ਬੁੱਧੀਜੀਵੀਆਂ ਦੀ ਭੂਮਿਕਾ ਲਈ ਗੋਰਕੀ ਪੂਰਾ ਇਨਸਾਫ਼ ਕਰਦੇ ਹਨ।
ਦੂਜੇ ਭਾਗ ਦੀ ਕਹਾਣੀ ਦੀਆਂ ਕੁੱਝ ਮੁੱਖ ਘਟਨਾਵਾਂ ਹਨ- ਮਾਂ ਅਤੇ ਸੋਫ਼ੀਆ ਦੁਆਰਾ ਕਿਸਾਨਾਂ ਲਈ ਛਪੇ ਅਖ਼ਬਾਰ ਅਤੇ ਪਰਚੇ ਰੀਬਿਨ ਤੱਕ ਪਹੁੰਚਾਉਣੇ, ਯੇਗੋਰ ਇਵਾਨੋਵਿਚ ਨਾਮਕ ਇੱਕ ਸਾਥੀ ਦੀ ਮੌਤ ਤੋਂ ਬਾਅਦ ਕਬਰਸਤਾਨ ਵਿੱਚ ਪੁਲੀਸ ਦੁਆਰਾ ਲਾਠੀਚਾਰਜ, ਰੀਬਿਨ ਦੀ ਗਿ੍ਰਫ਼ਤਾਰੀ, ਪਾਵੇਲ ਅਤੇ ਉਸਦੇ ਸਾਥੀਆਂ ਖਿਲਾਫ਼ ਮੁਕੱਦਮਾ ਅਤੇ ਜਲਾਵਤਨੀ ਦੀ ਸਜ਼ਾ, ਅਦਾਲਤ ਵਿੱਚ ਪਾਵੇਲ ਦੁਆਰਾ ਦਿੱਤੇ ਗਏ ਭਾਸ਼ਣ ਦੇ ਅਧਾਰ ’ਤੇ ਛਾਪੇ ਗਏ ਪਰਚਿਆਂ ਨੂੰ ਇੱਕ ਸਥਾਨ ’ਤੇ ਪਹੁੰਚਾਉਂਦੇ ਹੋਏ ਮਾਂ ਦੀ ਗਿ੍ਰਫ਼ਤਾਰੀ।
ਰੀਬਿਨ ਦੇ ਕੰਮ ਸਥਾਨ ਉਤੇ ਮਾਂ ਅਤੇ ਸੋਫ਼ੀਆ ਦੀ ਜਾਣ-ਪਹਿਚਾਣ ਹੋਰਨਾਂ ਮਜ਼ਦੂਰਾਂ ਤੋਂ ਇਲਾਵਾ ਇੱਕ ਅਜਿਹੇ ਮਜ਼ਦੂਰ ਨਾਲ਼ ਹੋਈ ਜੋ ਪੂੰਜੀਪਤੀਆਂ ਦੇ ਕਾਰਨਾਮਿਆਂ ਦੀ ਇੱਕ ਚਲਦੀ-ਫਿਰਦੀ ਤਸਵੀਰ ਸੀ। ‘‘ਉਹ ਕਿਉਂ ਸਾਨੂੰ ਕੰਮ ਦੇ ਬੋਝ ਨਾਲ਼ ਮਾਰਦੇ ਹਨ? ਉਹ ਕਿਉਂ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਲੁੱਟਦੇ ਹਨ? ਸਾਡਾ ਮਾਲਕ-ਮੈਂ ਨੇਫੂਦੇਵ ਕਾਰਖ਼ਾਨੇ ਵਿੱਚ ਕੰਮ ਕਰਦਾ ਸੀ- ਮੇਰੇ ਮਾਲਕ ਨੇ ਇੱਕ ਅਭਿਨੇਤਰੀ ਲਈ ਇੱਕ ਸੋਨੇ ਦਾ ਟਬ ਅਤੇ ਇੱਕ ਸੋਨੇ ਦੀ ਚਿਲਮਚੀ ਤੇਹਫ਼ੇ ਵਿੱਚ ਦਿੱਤੀ। ਮੇਰੀ ਪੂਰੀ ਤਾਕਤ ਅਤੇ ਸਾਰੀ ਜ਼ਿੰਦਗੀ ਉਸ ਬਰਤਨ ਨੂੰ ਬਣਾਉਣ ’ਚ ਲੰਘ ਗਈ!……ਇੱਕ ਵਿਅਕਤੀ ਨੇ ਮੈਨੂੰ ਕੰਮ ਦੇ ਬੋਝ ਨਾਲ਼ ਮਾਰ ਸੁੱਟਿਆ ਤਾਂ ਕਿ ਉਹ ਮੇਰੇ ਲਹੂ ਨਾਲ਼ ਆਪਣੀ ਪ੍ਰੇਮਕਾ ਨੂੰ ਖੁਸ਼ ਕਰ ਸਕੇ! ਉਸਨੇ ਮੇਰੀ ਜ਼ਿੰਦਗੀ ਦੇ ਲਹੂ ਨਾਲ਼ ਆਪਣੀ ਪੇ੍ਰਮਕਾ ਲਈ ਸੋਨੇ ਦੀ ਚਿਲਮਚੀ ਖਰੀਦੀ! ਮੇਰੇ ਮਾਲਕਾਂ ਨੇ ਮੈਨੂੰ ਲੁੱਟ ਲਿਆ-ਮੇਰੀ ਜ਼ਿੰਦਗੀ ਦੇ ਚਾਲ਼ੀ ਵਰ੍ਹਿਆਂ ਦੀ ਲੁੱਟ-ਚਾਲ਼ੀ ਵਰ੍ਹੇ।’’ ਰੀਬਿਨ ਦੇ ਸ਼ਬਦਾਂ ਵਿੱਚ, ‘‘ਜਦੋਂ ਇੱਕ ਮਸ਼ੀਨ ਕਿਸੇ ਮਜ਼ਦੂਰ ਦੀ ਬਾਂਹ ਕੱਟ ਦਿੰਦੀ ਹੈ ਜਾਂ ਉਸਦੀ ਜਾਨ ਲੈ ਲੈਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਮਜ਼ਦੂਰ ਦਾ ਕਸੂਰ ਸੀ। ਪਰ ਜਦ ਉਹ ਇੱਕ ਵਿਅਕਤੀ ਦਾ ਸਾਰਾ ਲਹੂ ਚੂਸ ਕੇ ਉਸਨੂੰ ਕੂੜੇ ਦੀ ਤਰ੍ਹਾਂ ਸੁੱਟ ਦਿੰਦੇ ਹਨ ਤਾਂ ਇਸਦਾ ਕੋਈ ਕਾਰਨ ਨਹੀਂ ਦੱਸਿਆ ਜਾਂਦਾ। ਉਹ ਕਿਉਂ ਹੁਣ ਸਾਡੇ ਉਤੇ ਅੱਤਿਆਚਾਰ ਕਰਦੇ ਹਨ? ਸਿਰਫ਼ ਮਜ਼ੇ ਲਈ, ਆਪਣੀ ਖੁਸ਼ੀ ਲਈ ਤਾਂਕਿ ਉਹ ਇਸ ਧਰਤੀ ਉਤੇ ਮੌਜ ਕਰ ਸਕਣ-ਇਨਸਾਨੀ ਲਹੂ ਦੀ ਕੀਮਤ ਉਤੇ ਉਹ ਜੋ ਚਾਹੇ ਖਰੀਦਣ-ਅਭਿਨੇਤਰੀਆਂ, ਦੌੜ ਦੇ ਘੌੜੇ, ਚਾਂਦੀ ਦੇ ਚਾਕੂ, ਸੁਨਹਿਰੀ ਤਸ਼ਤਰੀਆਂ, ਬੱਚਿਆਂ ਲਈ ਮਹਿੰਗੇ ਖਿਡੌਣੇ।’’
ਮੁੱਕਦਮੇ ਦੌਰਾਨ ਪਾਵੇਲ ਦੁਆਰਾ ਦਿੱਤਾ ਗਿਆ ਬਿਆਨ ਸਾਰੇ ਸੰਘਰਸ਼ ਦੇ ਤੱਤ ਨੂੰ ਨਪੇ-ਤੁਲੇ ਸ਼ਬਦਾਂ ਵਿੱਚ ਸਾਫ਼ ਤੌਰ ’ਤੇ ਸਾਹਮਣੇ ਰੱਖ ਦਿੰਦਾ ਹੈ। ਉਹ ਕਹਿੰਦਾ ਹੈ, ‘‘ਅਸੀਂ ਇਨਕਲਾਬੀ ਹਾਂ ਅਤੇ ਜਦੋਂ ਤੱਕ ਇੱਸ ਧਰਤੀ ਉਤੇ ਕੁਝ ਲੋਕ ਬੈਠੇ-ਬੈਠੇ ਆਦੇਸ਼ ਦਿੰਦੇ ਰਹਿਣਗੇ ਅਤੇ ਦੂਜਿਆਂ ਨੂੰ ਆਗਿਆ ਮੰਨਣ ਦਾ ਕੰਮ ਕਰਨਾ ਪਵੇਗਾ, ਅਸੀਂ ਇਨਕਲਾਬੀ ਹੀ ਰਹਾਂਗੇ। ਜਿਸ ਸਮਾਜ ਦੇ ਸਵਾਰਥਾਂ ਦੀ ਰੱਖਿਆ ਕਰਨ ਲਈ ਤੁਹਾਨੂੰ ਆਦੇਸ਼ ਦਿੱਤਾ ਗਿਆ ਹੈ ਅਸੀਂ ਉਸਦੇ ਵਿਰੁੱਧ ਹਾਂ ; ਅਸੀਂ ਤੁਹਾਡੇ ਅਤੇ ਤੁਹਾਡੇ ਸਮਾਜ ਦੇ ਕੱਟੜ ਦੁਸ਼ਮਣ ਹਾਂ ਅਤੇ ਜਦੋਂ ਤੱਕ ਸਾਡੀ ਜਿੱਤ ਨਹੀਂ ਹੁੰਦੀ, ਸਾਡੇ ਵਿੱਚ ਕੋਈ ਮੇਲ਼-ਜੋਲ਼ ਅਸੰਭਵ ਹੈ ਅਤੇ ਇਹ ਨਿਸ਼ਚਿਤ ਹੈ ਕਿ ਜਿੱਤ ਸਾਡੀ ਮਜ਼ਦੂਰਾਂ ਦੀ ਹੀ ਹੋਵੇਗੀ। ਤੁਹਾਡੇ ਮਾਲਕ ਉਨੇ ਤਾਕਤਵਰ ਨਹੀਂ ਜਿੰਨੇ ਤੁਸੀਂ ਸੋਚਦੇ ਹੋ।’’ ਭਾਵੇਂ ਨਾਵਲ ਦਾ ਅੰਤ ਪਾਵੇਲ ਅਤੇ ਉਸਦੇ ਸਾਥੀਆਂ ਦੀ ਗਿ੍ਰਫ਼ਤਾਰੀ ਨਾਲ਼ ਹੁੰਦਾ ਹੈ, ਇਸਦੇ ਬਾਵਜੂਦ ਵੀ ਪਾਠਕ ਲਈ ਮਜ਼ਦੂਰ ਜਮਾਤ ਦੀ ਜਿੱਤ ਨਿਸ਼ਚਿਤ ਦਿਖਾਈ ਦਿੰਦੀ ਹੈ, ਮਾਂ ਦੇ ਸ਼ਬਦਾਂ ਵਿੱਚ, ‘‘ਲਹੂ ਦਾ ਸਾਰਾ ਸਾਗਰ ਵੀ ਸੱਚ ਨੂੰ ਡੁਬੋ ਨਹੀਂ ਸਕਦਾ।’’

ਅੰਕ-01 ਜੁਲਾਈ-ਸਤੰਬਰ-2007 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s