ਮਾਂ-ਬੋਲੀ ਪੰਜਾਬੀ ‘ਤੇ ਉਸਤਾਦ ਦਾਮਨ ਦੀਆਂ ਚਾਰ ਕਵਿਤਾਵਾਂ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1. ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ‘ਚ ਪਲ਼ਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।

ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

2. ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ,
ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

3. ਜਦੋਂ ਕਦੇ ਪੰਜਾਬੀ ਦੀ ਗੱਲ ਕਰਨਾਂ

ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ,
ਫਾਂ ਫਾਂ ਕਰਦਾ ਫੂੰ ਫੂੰ ਆਉਂਦਾ ।
ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ,
ਚਾਂ ਚਾਂ ਕਰਦਾ ਚੂੰ ਚੂੰ ਆਉਂਦਾ।

ਉਹ ਬੋਲਦਾ ਬੋਲਦਾ ਟੁਰੀ ਜਾਂਦਾ,
ਖ਼ੌਰੇ ਮੇਰੇ ਬੁੱਲ੍ਹਾਂ ਨੂੰ ਸਿਉਂ ਆਉਂਦਾ।
ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ,
ਕੋਈ ਤੀਸਰਾ ਇਹਦੇ ਵਿਚ ਕਿਉਂ ਆਉਂਦਾ।

4. ਉਰਦੂ ਦਾ ਮੈਂ ਦੋਖੀ ਨਾਹੀਂ

ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।

ਬੁੱਲਾ ਮਿਲ਼ਿਆ ਏਸੇ ਵਿੱਚੋਂ,
ਏਸੇ ਵਿੱਚੋਂ ਵਾਰਿਸ ਵੀ।
ਧਾਰਾਂ ਮਿਲ਼ੀਆਂ ਏਸੇ ਵਿੱਚੋਂ,
ਮੇਰੀ ਮਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।

ਇਹਦੇ ਬੋਲ ਕੰਨਾਂ ਵਿਚ ਪੈਂਦੇ,
ਦਿਲ ਮੇਰੇ ਦੇ ਵਿੱਚ ਨੇ ਰਹਿੰਦੇ ।
ਤਪਦੀਆਂ ਹੋਈਆਂ ਰੇਤਾਂ ਉੱਤੇ,
ਇੱਕ ਠੰਡੀ ਛਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।

ਇਹਦੇ ਦੁੱਧਾਂ ਦੇ ਵਿੱਚ ਮੱਖਣੀ,
ਮੱਖਣਾਂ ਵਿੱਚ ਘਿਓ ਦੀ ਚੱਖਣੀ।
ਡੱਬ ਖੜੱਬੀ ਦੁੱਧਲ ਜੇਹੀ,
ਇੱਕ ਸਾਡੀ ਗਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements