ਮਾਂ-ਬੋਲੀ •ਰਸੂਲ ਹਮਜਾਤੋਵ

untitled

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੁਪਨੇ ਬੜੀ ਵਚਿੱਤਰ ਦੁਨੀਆਂ ਹੁੰਦੇ ਨੇ।
ਅੱਜ ਸੁਪਨੇ ਵਿੱਚ ਦੇਖਾਂ — ਮੈਂ ਮਰਿਆ ਹੋਇਆ।
ਸਿਖ਼ਰ ਦੁਪਹਿਰੇ ਦਾਗ਼ਿਸਤਾਨ ਦੀ ਵਾਦੀ ਵਿੱਚ
ਸੀਨੇ ਗੋਲ਼ੀ ਖਾਧੀ, ਮੈਂ ਨਿਰਜਿੰਦ ਪਿਆ।

ਕੋਲ਼ੋਂ ਦੀ ਰੌਲ਼ਾ ਪਾਉਂਦੀ ਇੱਕ ਨਦੀ ਵਹੇ।
ਅੱਜ ਕਿਸੇ ਨੂੰ ਚੇਤਾ, ਨਾ ਹੀ ਲੋੜ ਮੇਰੀ।
ਜਿਸ ਧਰਤੀ ਤੋਂ ਜੰਮਿਆ, ਅੱਜ ਉਡੀਕ ਰਿਹਾਂ,
ਕਦ ਬਣ ਜਾਵਾਂ ਮੈਂ ਉਸੇ ਦੀ ਇੱਕ ਢੇਰੀ।

ਮੈਂ ਅੰਤਮ ਸਾਹਾਂ ‘ਤੇ, ਕਿਸੇ ਨੂੰ ਪਤਾ ਨਹੀਂ,
ਨਾ ਕੋਈ ਅੱਜ ਵਿਦਾ ਕਹਿਣ ਹੀ ਆਏਗਾ।
ਸਿਰਫ਼ ਕਿਤੇ ਅਸਮਾਨੀ ਚੀਲ੍ਹਾਂ ਚੀਕਦੀਆਂ,
ਹਿਰਨੀਆਂ ਨੂੰ ਬੇਵਸ ਕਿਤੇ ਹਾਉਂਕਾ ਆਏਗਾ।

ਨਾ ਕੋਈ ਮੇਰੀ ਮੜ੍ਹੀ ‘ਤੇ ਆ ਕੇ ਰੋਏਗਾ,
(ਕਿ) ਤੁਰ ਗਿਆ ਮੈਂ, ਜਦ ਸੀ ਜੀਵਨ ਦੀ ਸਿਖ਼ਰ ਦੁਪਹਿਰ,
ਨਾ ਮਾਂ, ਨਾ ਕੋਈ ਬੋਲੀ, ਨਾ ਕੋਈ ਚੰਨਮੁਖੀ।
ਨਾ ਕੋਈ ਹੋਰ, ਤੇ ਨਾ ਹੀ ਕੋਈ ਵੀ ਨੌਹਾਗਰ।

ਮੈਂ ਇੰਝ ਪਿਆ ਨਿਸੱਤਾ ਸਾਂ ਦਮ ਤੋੜ ਰਿਹਾ,
ਅਚਨਚੇਤ ਮੇਰੇ ਕੰਨੀਂ ਕੋਈ ‘ਵਾਜ ਪਈ।
ਦੋ ਬੰਦੇ ਨੇੜੇ ਸਨ ਆ ਰਹੇ; ਉਹਨਾਂ ਵਿੱਚ
ਮੇਰੀ ਮਾਂ-ਬੋਲੀ ਵਿੱਚ ਚਰਚਾ ਚੱਲ ਰਹੀ।

ਸਿਖ਼ਰ ਦੁਪਹਿਰੇ ਦਾਗ਼ਿਸਤਾਨ ਦੀ ਵਾਦੀ ਵਿੱਚ,
ਮੈਂ ਦਮ ਤੋੜਾਂ, ਪਰ ਉਹ ਗੱਲੀਂ ਮਸਤ ਵੈਲੀ
ਕਿਸੇ ਹਸਨ ਦੀ ਖ਼ਚਰ-ਵਿੱਦਿਆ ਦੀਆਂ, ਜਾਂ ਕੋਈ
ਚਾਰ-ਸੌ-ਵੀਹੀ ਦੀਆਂ ਜੋ ਕੀਤੀ ਸੀ ਕਿਸੇ ਅਲੀ।

ਅਧਮੋਇਆ, ਮੈਂ ਮਾਂ-ਬੋਲੀ ਦੀ ਧੁਨੀ ਸੁਣੀ,
ਜਾਨ ਪਈ; ਤੇ ਇਸ ਚਾਨਣ ਦੀ ਘੜੀ ਆਈ,
ਕਿ ਮੇਰੇ ਦੁੱਖਾਂ ਦਾ ਦਾਰੂ ਮਾਂ-ਬੋਲੀ,
ਨਾ ਕੋਈ ਵੈਦ ਹਕੀਮ, ਨਾ ਕੋਈ ਜਾਦੂਗਰੀ।

ਇਕਨਾਂ ਦਾ ਦੁੱਖ ਹਰਨ ਪਰਾਈਆਂ ਬੋਲੀਆਂ ਵੀ,
ਪਰ ਮੈਂ ਉਹਨਾਂ ਵਿੱਚ ਨਹੀਂ ਕੁੱਝ ਗਾ ਸਕਦਾ।
ਕੂਚ-ਤਿਆਰੀ ਅੱਜ ਕਰਾਂ ਜੇ ਮੈਂ ਜਾਣਾਂ,
ਕੱਲ ਨੂੰ ਕਾਲ ਮੇਰੀ ਬੋਲੀ ਖਾ ਸਕਦਾ।

ਉਸ ਲਈ ਮੇਰੇ ਦਿਲ ਵਿੱਚ ਸਦਾ ਹੀ ਕਸਕ ਰਹੇ,
ਜੋ ਕਹਿੰਦੇ ਨੇ ਗ਼ਰੀਬ ਇਸਨੂੰ ਕਹਿਣ ਦਿਉ।
ਬੇਸ਼ੱਕ ਮਹਾਂਸਭਾ ਦੇ ਮੰਚ ਤੋਂ ਨਾ ਗੂੰਜੇ,
ਮੇਰੀ ਮਾਂ-ਬੋਲੀ ਮੇਰੇ ਲਈ ਰਹਿਣ ਦਿਉ।

ਕੀ ਮਹਿਮੂਦ ਨੂੰ ਸਮਝਣ ਲਈ ਮੇਰੇ ਵਾਰਿਸ,
ਉਸਦੇ ਉਲੱਥੇ ਹੀ ਸੱਚਮੁਚ ਪੜ੍ਹਨ ਪੜ੍ਹਾਉਣਗੇ?
ਕੀ ਸਚਮੁੱਚ ਮੈਂ ਹਾਂ ਉਸ ਅੰਤਮ ਟੋਲੀ ‘ਚੋਂ
ਜੋ ਅਵਾਰ ਬੋਲੀ ਵਿੱਚ ਲਿਖਣਗੇ ਗਾਉਣਗੇ?

ਮੈਨੂੰ ਪਿਆਰਾ ਜੀਵਨ ਤੇ ਦੁਨੀਆਂ ਸਾਰੀ,
ਇਸਦੀ ਹਰ ਨੁੱਕਰ ਤੋਂ ਮੈਂ ਘੋਲੀ ਵਾਰੀ:
ਸੋਵੀਅਤਾਂ ਦੀ ਭੂਮੀ ਪਰ ਸਭ ਤੋਂ ਪਿਆਰੀ,
ਜਿਸਨੂੰ ਮਾਂ-ਬੋਲੀ ਵਿੱਚ ਗਾਵਾਂ ਉਮਰ ਸਾਰੀ।

ਸਖਾਲੀਨ ਤੋਂ ਬਾਲਟਿਕ ਤੱਕ — ਫੁੱਲਾਂ ਲੱਦੀ
ਤੇ ਸਵਤੰਤਰ ਪਿਆਰੀ ਇਸ ਸਭ ਧਰਤੀ ਤੋਂ,
ਮੈਂ ਤਨ, ਮਨ, ਧਨ ਸਭ ਵਾਰਾਂ, ਜੇ ਲੋੜ ਪਵੇ:
ਕਬਰ ਬਣੇ ਪਰ ਮੇਰੀ ਦੂਰ ਨਾ ਆਉਲ ਤੋਂ।

ਤਾਂ ਕਿ ਆਊਲ ਦੇ ਨੇੜੇ ਮੇਰੀ ਕਬਰ ਉੱਤੇ
ਕਦੀ ਕਦੀ ਫਿਰ ਲੱਗੇ ਸਭਾ ਅਵਾਰਾਂ ਦੀ,
(ਜੋ) ਮਾਂ-ਬੋਲੀ ਵਿੱਚ ਯਾਦ ਕਰਨ ਹਮਵਤਨ ਰਸੂਲ—
ਤਸਾਦਾ ਦੇ ਹਮਜ਼ਾਤ ਦਾ ਜੋ ਬੇਟਾ ਸੀ।

* ਆਊਲ — ਦਾਗਿਸਤਾਨ ਦੇ ਪਹਾੜੀ ਇਲਾਕੇ ਦੇ ਨਿੱਕੇ-ਨਿੱਕੇ ਪਿੰਡਾਂ ਨੂੰ ਆਊਲ ਕਿਹਾ ਜਾਂਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements