ਮਾਤਾ ਬੇਨਤੀ ਦੇਵੀ ਨਮਿਤ ਸ਼ਰਧਾਜਲੀ ਸਮਾਗਮ •ਪੱਤਰ ਪ੍ਰੇਰਕ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀਂ ਮਿਤੀ 1 ਜਨਵਰੀ 2017 ਨੂੰ ਇਨਕਲਾਬੀ ਜਮਹੂਰੀ ਲਹਿਰ ਦੇ ਸਰਗਰਮ ਕਾਰਕੁੰਨ ਮਾਸਟਰ ਹਰੀਸ਼ ਪੱਖੋਵਾਲ ਦੇ ਮਾਤਾ ਸ਼੍ਰੀਮਤੀ ਬੇਨਤੀ ਦੇਵੀ ਜੀ 95 ਸਾਲ ਦੀ ਉਮਰ ਹੰਢਾਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ। ਜਿਕਰਯੋਗ ਹੈ ਕਿ ਮਾਸਟਰ ਹਰੀਸ਼ ਪੱਖੋਵਾਲ ਜੀ ਲੰਬੇ ਸਮੇਂ ਤੋਂ ਅਜੋਕੇ ਲੋਟੂ ਸਰਮਾਏਦਾਰਾ ਢਾਂਚੇ ਦੇ ਬਦਲ ਵਿੱਚ ਇੱਕ ਲੋਕਪੱਖੀ ਸਮਾਜਕ ਢਾਂਚਾ ਸਿਰਜਣ ਲਈ ਜੂਝਦੇ ਰਹੇ ਹਨ। ਇਸੇ ਕਰਕੇ ਮਾਸਟਰ ਹਰੀਸ਼ ਜੀ ਦਾ ਘਰ ਇਨਕਲਾਬੀ ਜਮਹੂਰੀ ਲਹਿਰ ਲਈ ਲਗਾਤਾਰ ਵਿਚਾਰਕ ਤੇ ਸਿਆਸੀ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ ਹੈ। ਜਿਸ ਕਰਕੇ ਮਾਸਟਰ ਜੀ ਦੇ ਘਰ ਲੋਕ ਲਹਿਰ ਨੂੰ ਪ੍ਰਣਾਏ ਸਾਥੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ/ਹੈ। ਮਾਸਟਰ ਹਰੀਸ਼ ਜੀ ਦੇ ਮਾਤਾ ਬੇਨਤੀ ਦੇਵੀ ਜੀ ਨਿੱਘੇ ਸੁਭਾਅ ਦੇ ਮਾਲਕ ਸਨ। ਘਰ ਆਉਣ ਵਾਲੇ ਸਾਰੇ ਸਾਥੀਆਂ ਪ੍ਰਤੀ ਉਹਨਾਂ ਦਾ ਮੋਹ, ਅਪਣੱਤ, ਉਹਨਾਂ ਦੀ ਫਿਰਕਮੰਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਇੱਕੋ ਜਿਹੀ ਸੀ। ਘਰ ਆਏ ਸਾਥੀਆਂ ਦੀ ਸੇਵਾ ਕਰਨਾ, ਉਹਨਾਂ ਨਾਲ਼ ਗੱਲ਼ਾਂ ਬਾਤਾਂ ਕਰਨੀਆਂ ਮਾਤਾ ਦੇ ਸੁਭਾਅ ਦਾ ਹਿੱਸਾ ਸੀ। ਏਨੀ ਵੱਡੀ ਉਮਰ (95 ਸਾਲ) ਦੀ ਉਮਰ ਦੇ ਹੋਣ ਦੇ ਬਾਵਜੂਦ ਆਖਰ ਤੱਕ ਵੀ ਮਾਤਾ ਨੂੰ ਸਾਰਿਆਂ ਨੇ ਹਮੇਸ਼ਾ ਜਿੰਦਾਦਿਲੀ ਤੇ ਮੋਹ ਪਿਆਰ ਦੀ ਮੂਰਤ ਵਜੋਂ ਵੇਖਿਆ। ਪਿਛਲੀ 1 ਜਨਵਰੀ ਨੂੰ ਉਹਨਾਂ ਦੇ ਦੇਹਾਂਤ ਦੀ ਖਬਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਉਹਨਾਂ ਨੂੰ ਜਾਨਣ ਵਾਲੇ ਇਨਕਲਾਬੀ ਕਾਰਕੁੰਨਾਂ ਲਈ ਵੀ ਬਹੁਤ ਤਕਲੀਫਦੇਹ ਸੀ।

ਬੀਤੀ 8 ਜਨਵਰੀ ਨੂੰ ਮਾਤਾ ਬੇਨਤੀ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ ਬਿਨ੍ਹਾਂ ਕਿਸੇ ਧਾਰਮਿਕ ਰਸਮ ਤੇ ਰੀਤੀ-ਰਿਵਾਜਾਂ ਤੋਂ ਪੱਖੋਵਾਲ ਵਿਖੇ ਕੀਤਾ ਗਿਆ। ਮਾਸਟਰ ਹਰੀਸ਼ ਜੀ ਨੇ ਸਮਾਜ ਅੰਦਰ ਜੜ੍ਹ ਹੋ ਚੁੱਕੀਆਂ ਰਸਮਾਂ ਦੇ ਉੱਲਟ ਚਲਦਿਆਂ ਮਾਤਾ ਜੀ ਦਾ ਸ਼ਰਧਾਂਜਲੀ ਸਮਾਗਮ ਕਰਕੇ ਇੱਕ ਨਵੀਂ ਪਿਰਤ ਪਾਈ ਹੈ। ਸ਼ਰਧਾਂਜਲੀ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ ਤੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਸਮੇਤ ਇਨਕਲਾਬੀ ਲਹਿਰ ਦੇ ਕਾਰਕੁੰਨ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸ਼ਰਧਾਂਜਲੀ ਦੇਣ ਪਹੁੰਚੇ ਲੋਕਾਂ ਨੇ ਮਾਤਾ ਜੀ ਦੇ ਨਿੱਘੇ ਤੇ ਸਭ ਨੂੰ ਆਪਣਾ ਬਣਾ ਲੈਣ ਵਾਲੇ ਸੁਭਾਅ ਦੀ ਗੱਲ਼ ਕੀਤੀ ਤੇ ਮਾਤਾ ਜੀ ਨਾਲ਼ ਆਵਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਨਕਲਾਬੀ ਕਾਰਕੁੰਨਾਂ ਨੇ ਮਾਤਾ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕਰਨ ਦੇ ਨਾਲ਼-ਨਾਲ਼ ਦੇਸ਼ ਦੀਆਂ ਮੌਜੂਦਾ ਹਾਲਤਾਂ ‘ਤੇ ਸਿਆਸੀ ਤਕਰੀਰਾਂ ਵੀ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਮੌਜ਼ੂਦਾ ਲੋਟੂ ਨਿਜ਼ਾਮ ਅੰਦਰ ਦੇਸ਼ ਦੀ ਕਿਰਤੀ ਅਵਾਮ ਦੇ ਹੱਕਾਂ ‘ਤੇ ਹੱਲਾ ਬੋਲਕੇ ਸਰਕਾਰਾਂ ਸ਼ਰੇਆਮ ਸਰਮਾਏਦਾਰਾਂ ਦੀ ਸੇਵਾ ਕਰਨ ਲੱਗੀਆਂ ਹੋਈਆਂ ਹਨ। ਉਹਨਾਂ ਦੇਸ਼ ਅੰਦਰ ਵਧ ਰਹੀ ਫਿਰਕੂ ਫਾਸੀਵਾਦ ਦੀ ਹਨੇਰੀ ਦਾ ਇੱਕਮੁੱਠ ਟਾਕਰਾ ਕਰਨ ਲਈ ਲੋਕਾਂ ਦੀਆਂ ਹੱਕੀ ਮੰਗਾਂ ‘ਤੇ ਲਹਿਰ ਉਸਾਰਨ ਤੇ ਮੌਜੂਦਾ ਮਨੁੱਖਦੋਖੀ ਢਾਂਚੇ ਨੂੰ ਉਲੱਦ ਕੇ ਸਮਾਜਵਾਦੀ ਢਾਂਚਾ ਸਥਾਪਤ ਕਰਨ ਦੀ ਗੱਲ ਤੇ ਜ਼ੋਰ ਦਿੱਤਾ। ਇਸ ਮੌਕੇ ਰਿਸ਼ਤੇਦਾਰਾਂ ਸਮੇਤ ‘ਨੌਜਵਾਨ ਭਾਰਤ ਸਭਾ’ ਵੱਲੋਂ ਛਿੰਦਰਪਾਲ, ‘ਇਨਕਲਾਬੀ ਕੇਂਦਰ’ ਵੱਲੋਂ ਕੰਵਲਜੀਤ ਖੰਨਾ, ‘ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ’ ਦੇ ਲਖਵਿੰਦਰ, ‘ਡੀਟੀਐਫ’ ਦੇ ਸਾਬਕਾ ਆਗੂ ਜੋਗਿੰਦਰ ਅਜ਼ਾਦ ਤੇ ਇਨਕਲਾਬੀ ਲਹਿਰ ਦੇ ਹੋਰਨਾਂ ਕਾਰਕੁੰਨਾਂ ਨੇ ਵੀ ਸੰਬੋਧਨ ਕੀਤਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements