ਲੁਕਵੇਂ ਪਰਚੇ – 2 •ਗੁਰਚਰਨ ਸਿੰਘ ਸਹਿੰਸਰਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ : ਲਲਕਾਰ ਅੰਕ 16, 1-15 ਅਕਤੂਫ਼ਰ 2018)

1935 ਦੇ ਆਖ਼ਰੀ ਦਿਨ ਸਨ। ਅੰਮਿ੍ਰਤਸਰ ਪਿੱਪਲੀ ਸਾਹਿਬ ਦੇ ਗੁਰਦਵਾਰੇ ਸਾਡਾ ਇਕ ਘੋਰਨਾ ਸੀ। ਉਥੋਂ ਦਾ ਗਰੰਥੀ ਸਾਡਾ ਝਾਲੂ ਸੀ। ‘ਲਾਲ ਢੰਡੋਰੇ’ ਦੀ ਅੰਮਿ੍ਰਤਸਰ ਵਾਸਤੇ ਵੰਡ ਦਾ ਇਕ ਹਜ਼ਾਰ ਪਰਚਾ ਉਸ ਦੇ ਪਾਸ ਆਇਆ। ਉਸ ਪਾਸੋਂ ਪਰਚਾ ਲਿਆਉਣ ਵਾਲਾ ਸਾਡਾ ਇਕ ਸਾਥੀ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਤੇ ਉਹ ਹਫ਼ਤਾ ਭਰ ਉਥੇ ਨ ਜਾ ਸਕਿਆ। ਇਸ ਦੇਰੀ ਨਾਲ ਉਹ ਘਾਬਰ ਗਿਆ ਤੇ ਉਸ ਨੇ ਪਤਾ ਲੱਗ ਜਾਣ ਦੇ ਡਰ ਤੋਂ ਸਾਰਾ ਪਰਚਾ ਹੀ ਫੂਕ ਸੁੱਟਿਆ।

ਪਤਾ ਲੱਗਣ ਉਤੇ ਅਸੀਂ ਬੜਾ ਕਲਪੇ, ਐਨਾ ਨੁਕਸਾਨ ਤੋਂ ਨਹੀਂ, ਜਿੰਨਾ ਘੋਰਨੇ ਦੀ ਕਮਜ਼ੋਰੀ ਦਿਖਾ ਜਾਣ ਦੀ ਨਮੋਸ਼ੀ ਤੋਂ। ਇਸ ਲਈ ਗਰੰਥੀ ਦੀ ਕਾਇਰਤਾ ਦਾ ਦੰਡ ਭਰਨ ਲਈ ਅਸਾਂ ਸਲਾਹ ਕੀਤੀ ਕਿ ਏਨਾ ਪਰਚਾ ਇਥੋਂ ਅੰਮਿ੍ਰਤਸਰੋਂ ਆਪ ਛਪਵਾ ਲਿਆ ਜਾਏ।

ਪਰਾਗਦਾਸ ਦੇ ਚੌਂਕ ਵਿਚ ਇਹ ਹਰਨਾਮ ਸਿੰਘ ਦਾ ਪਰੈਸ ਸੀ। ਸਾਡਾ ਇਕ ਵਰਕਰ ਤਰਲੋਕ ਸਿੰਘ ਗੁਲਸ਼ਨ ਉਥੇ ਕੰਪੋਜ਼ੀਟਰੀ ਸਿਖਦਾ ਸੀ। ਮੈਂ ਉਸ ਦੇ ਰਾਹੀਂ ਹਰਨਾਮ ਸਿੰਘ ਨਾਲ ਛਪਾਈ ਦੀ ਗੱਲ ਕੀਤੀ। ਹਰਨਾਮ ਸਿੰਘ ਮੰਨ ਗਿਆ। ‘ਲਾਲ ਢੰਡੋਰੇ’ ਉਤੇ ਦਾਤਰੀ ਹਥੌੜੇ ਦਾ ਛੱਪ ਰਿਹਾ ਨਿਸ਼ਾਨ ਕਿਰਲੀ ਵਰਗੀ ਦਾਤਰੀ ਦੀ ਅਜੀਬ ਕਿਸਮ ਦੀ ਮੂਰਤ ਸੀ। ਅਸਾਂ ਬਲਾਕ ਬਨਵਾਉਣ ਵਾਲੇ ਆਪਣੇ ਇਕ ਜਾਣੂੰ ਤੋਂ ਉਹੋ ਜਿਹੇ ਦਾਤਰੀ ਹਥੌੜੇ ਦੇ ਨਿਸ਼ਾਨਾਂ ਦੇ ਬਲਾਕੇ ਬਣਵਾ ਲਏ। ਜਦ ਸ਼ਾਮ ਨੂੰ ਪਰੈਸ ਵਿਚ ਛੁੱਟੀ ਹੋ ਕੇ ਬਾਕੀ ਕੰਪੋਜ਼ੀਟਰ ਚਲੇ ਗਏ ਤਾਂ ਹਰਨਾਮ ਸਿੰਘ ਤੇ ਤਰਲੋਕ ਸਿੰਘ ਨੇ ਰਾਤੋ ਰਾਤ ਸਾਰਾ ਪਰਚਾ ਕੰਪੋਜ਼ ਕਰ ਲਿਆ ਤੇ ਤੜਕੇ ਸਵੇਰੇ ਬਿਨਾਂ ਪਰੈਸ ਦਾ ਨਾਂ ਦਿਤਿਆਂ ਛਾਪ ਕੇ ਸਾਡੇ ਹਵਾਲੇ ਕਰ ਦਿੱਤਾ।

ਪਰਚਾ ਵੰਡ ਦਿੱਤਾ ਗਿਆ। ਅਸੀਂ ਸੁਰਖਰੂ ਹੋ ਗਏ।

ਇਸ ਤੋਂ ਕੁਝ ਹੀ ਦਿਨ ਬਾਅਦ ਜ਼ੋਸ਼ ਗਰੁੱਪ ਦੀ ਇਕ ਮਜ਼ਦੂਰ ਕਾਨਫ਼ਰੰਸ ਸੀ। ਉਹਨਾਂ ਨੇ ਇਸ ਕਾਨਫ਼ਰੰਸ ਲਈ ਗੁਰਮੁੱਖੀ ਦਾ ਇਸ਼ਤਿਹਾਰ ਉਸੇ ਹਰਨਾਮ ਸਿੰਘ ਤੋਂ ਛਪਵਾਇਆ। ਉਸ ਨੇ ਜ਼ੋਸ਼ ਹੋਰਾਂ ਤੋਂ ਤਾਂ ਦਾਤਰੀ ਹਥੌੜੇ ਦੇ ਨਿਸ਼ਾਨਾਂ ਦਾ ਬਲਾਕ ਬਨਾਉਣ ਲਈ ਪੈਸੇ ਲੈ ਲਏ, ਪਰ ਕਰਮਾਂ ਮਾਰੇ ਨੇ ਉਹ ਪੈਸੇ ਬਚਾਉਣ ਦੇ ਲਾਲਚ ਵਿਚ ਨਵੇਂ ਬਲਾਕ ਨ ਬਣਵਾਏ ਤੇ ਉਹੀ ‘ਲਾਲ ਢੰਡੋਰੇ’ ਵਾਲੇ ਬਲਾਕ, ਜੋ ਅਜੇ ਉਥੇ ਹੀ ਪਏ ਸਨ, ਉਹਨਾਂ ਦੇ ਇਸ਼ਤਿਹਾਰ ਉਤੇ ਛਾਪ ਦਿੱਤੇ ਤੇ ਇਸ਼ਤਿਹਾਰ ਉਤੇ ਪਰੈਸ ਦਾ ਨਾਂ ਨ ਛਪਿਆ।

ਇਹਨਾਂ ਬਲਾਕਾਂ ਦੀ ਛਪਾਈ ਤੋਂ ਸੀ. ਆਈ. ਡੀ. ਨੂੰ ‘ਲਾਲ ਢੰਡੋਰੇ’ ਦੀ ਸਾਡੀ ਛਪਾਈ ਵਾਲੀ ਇਸ ਥਾਂ ਦਾ ਪਤਾ ਲੱਗ ਗਿਆ।

ਉਹਨਾਂ ਅਮਰ ਸਿੰਘ ਤੇਗ ਨੂੰ ਜੋ ਜੋਸ਼ ਗਰੁੱਪ ਦੀ ਮੁੱਛ ਸੀ, ਆ ਫੜਿਆ, ਜਿਸ ਦੇ ਨਾਂ ਤੇ ਇਸ਼ਤਿਹਾਰ ਛਪੇ ਸਨ। ਤੇਗ ਨੇ ਪਰੈਸ ਦੱਸ ਦਿੱਤੀ। ਪੁਲੀਸ ਨੇ ਉਸ ਨੂੰ ਫੜ ਕੇ ਪਰੈਸ ਵਾਲੇ ਹਰਨਾਮ ਸਿੰਘ ਨੂੰ ਆ ਨੱਪਿਆ। ਬੱਚਿਆਂ ਦੀ ਇੱਟਾਂ ਦੀ ਰੇਲ ਵਾਂਗ ਉਸ ਨੇ ਤਰਲੋਕ ਸਿੰਘ ਨੂੰ ਦੱਸ ਦਿੱਤਾ ਤੇ ਤਰਲੋਕ ਸਿੰਘ ਨੇ ਮੈਨੂੰ। ਸਾਡੇ ਤਿੰਨਾਂ ਤੇ ਮੁਕੱਦਮਾ ਚੱਲਿਆ। ਤਰਲੋਕ ਸਿੰਘ ਸਰਕਾਰੀ ਗਵਾਹ ਬਣ ਗਿਆ। ਪਰ ਸਜ਼ਾ ਉਸ ਨੂੰ ਵੀ ਹੋ ਗਈ। ਮੈਂ 25 ਜਨਵਰੀ 1936 ਨੂੰ ਫੜਿਆ ਗਿਆ ਤੇ ਸਾਨੂੰ 6 ਮਈ 1936 ਨੂੰ 4 ਮਹੀਨੇ ਦੀ ਸਜ਼ਾ ਹੋਈ।

ਜਦ ਮੈਂ 5 ਸਤੰਬਰ ਨੂੰ ਰਿਹਾ ਹੋ ਕੇ ਆਇਆ ਤਾਂ ਅਸਾਂ ‘ਕਿਰਤੀ’ ਦੇ ਨਾਲ ਉਰਦੂ ‘ਕਿਰਤੀ’ ਵੀ ਕੱਢ ਲਿਆ ਤੇ ਇਹਨਾਂ ਦੋਹਾਂ ਦੀ ਛਪਾਈ ਵਾਸਤੇ ਆਪਣਾ ਪਰੈਸ ਲਾ ਲਿਆ। ਪੰਜਾਬੀ ਲਈ ਤਾਂ ਲਾਹੌਰ ਵਾਲੀ ਪਰੈਸ ਲੈ ਆਂਦੀ ਤੇ ਉਰਦੂ ਵਾਸਤੇ ਅਲੱਗ ਬੜੇ ਕੱਦ ਦੀ ਲਿਥੋ ਮਸ਼ੀਨ ਖ਼ਰੀਦ ਲਈ। ਹੁਣ ਸਾਨੂੰ ਲੁਕਵੇਂ ਪਰਚਿਆਂ ਲਈ ਹੋਰ ਬੰਦੋਬਸਤ ਕਰਨਾ ਪਿਆ।

1937 ਦੇ ਅਖ਼ੀਰ ਤਕ ਪੰਜਾਬ ਵਿਚ ਅਲੋਪ ਕੰਮ ਕਰ ਗ਼ਦਰ ਪਾਰਟੀ ਦੇ ਆਏ ਹੋਏ ਵਰਕਰ ਇਕ ਇਕ ਦੋ ਦੋ ਕਰਕੇ ਤਕਰੀਬਨ ਸਭ ਗਰਿਫ਼ਤਾਰ ਕਰ ਲਏ ਗਏ। ‘ਲਾਲ ਢੰਡੋਰਾ’ ਬੰਦ ਹੋ ਗਿਆ। ਪੰਜਾਬ ਵਿਚ ਅੰਗਰੇਜ਼ੀ ਰਾਜ ਦੀ ਸਾਡੇ ਅਖ਼ਬਾਰਾਂ ਉਤੇ ਲਿਆਂਦੀ ਸਾਹੜ ਸਤੀ ਦੇ ਕਾਰਨ ਅਸੀਂ ‘ਕਿਰਤੀ’ ਅਖ਼ਬਾਰ ਤੇ ਆਪਣਾ ਪਰੈਸ ਯੂ. ਪੀ. ਵਿਚ ਮੇਰਠ ਸ਼ਹਿਰ ਲੈ ਗਏ, ਜਿਥੇ ਅੰਗਰੇਜ਼ੀ ਰਾਜ ਚਲਾਉਣ ਦਾ ਬੋਝ ਕਾਂਗਰਸੀ ਸਰਕਾਰ ਨੇ ਚੁੱਕ ਲਿਆ ਸੀ ਤੇ ਅਸੀਂ ਉਸ ਦੇ ਆਸਰੇ ਆਪਣੇ ਅਖ਼ਬਾਰ ਤੇ ਪਰੈਸ ਉਥੇ ਲੈ ਗਏ।

‘ਕਿਰਤੀ ਲਹਿਰ’ ਦੇ ਪਰਚੇ ਪੰਜਾਬ ਸਰਕਾਰ ਜ਼ਬਤ ਕਰ ਕੇ ਉਹਨਾਂ ਦਾ ਪੰਜਾਬ ਵਿਚ ਲਿਆਉਣਾ ਤੇ ਗਾਹਕਾਂ ਨੂੰ ਪੁਚਾਉਣਾ ਹੋ ਗਿਆ। ਸਾਡੇ ਵਰਕਰ ਮੇਰਠ ਤੋਂ ਛਪਿਆ ਹੋਇਆ ਪਰਚਾ ਲੈ ਜਾਂਦੇ ਤੇ ਸਾਰੇ ਪੰਜਾਬ ਵਿਚ ਇਕੱਲੇ ਇਕੱਲੇ ਗਾਹਕ ਨੂੰ ਪੁਚਾਉਂਦੇ। ਅੰਗਰੇਜ਼ੀ ਸਰਕਾਰ ਆਪਣੇ ਸਾਰੇ ਜਤਨਾਂ ਦੇ ਬਾਵਜੂਦ ਇਸ ਵੰਡਾਈ ਨੂੰ ਨ ਰੋਕ ਸਕੇੀ। ਪੰਜਾਬ ਸਰਕਾਰ ਪਰਚੇ ਨੂੰ ਫ਼ੜਨ ਲਈ ਸਹਾਰਨਪੁਰ ਵਾਲੇ ਪਾਸੋਂ ਬੌਰਾਂ ਲਾਈ ਰੱਖਦੀ ਰਹੀ ਤੇ ਅਸੀਂ ਪਰਚਾ ਦਿੱਲੀ ਦੇ ਰਸਤੇ ਪੁਚਾਉਂਦੇ ਰਹੇ।

ਇਸ ਸਮੇਂ ਵਿਚ ਅਸੀਂ ਆਪਣੀ ਪਾਰਟੀ ਦੇ ਇਨਕਲਾਬੀ ਐਲਾਨ ਛਾਪਣ ਲਈ ਉਦੋਂ ਤਕ ਦੀ ਵਧੀਆ ਸਾਈਕਲੋ ਸਟਾਈਲ ਮਸ਼ੀਨ ਤੇ ਉਸ ਦਾ ਸਮਾਨ ਖ਼ਰੀਦ ਲਿਆ ਤੇ ਇਸ ਨੂੰ ਚੂਹੜਕਾਣੇ (ਜ਼ਿਲ੍ਹਾ ਸ਼ੇਖੂਪੁਰ) ਇਲਾਕੇ ਦੇ ਪਿੰਡ ਕੋਟ ਸੋਂਧੇ ਵਿਚ ਮੁਹੱਬਤ ਸਿੰਘ ਦੇ ਹਵਾਲੇ ਕਰ ਦਿੱਤਾ, ਜਿਥੇ ਮਸਾਲਾ ਦੇਣਾ ਸਾਡਾ ਕੰਮ ਸੀ ਤੇ ਛਾਪਣਾ ਤੇ ਸਾਡੇ ਤੱਕ ਪੁਚਾਉਣਾ ਉਸ ਦਾ।

ਸੀ. ਆਈ. ਡੀ. ਦੀ ਪਹੁੰਚ ਤੇ ਸਰਕਾਰ ਅੰਗਰੇਜ਼ੀ ਦੀ ਮਾਰ ਤੋਂ ਬਚਣ ਲਈ ਵਿਰਕੈਤ ਦਾ ਇਲਾਕਾ ਸਾਡਾ ਸਭ ਤੋਂ ਸੁਰੱਖਿਅਤ ਸਿਰ ਲੁਕਵਾਂ ਸੀ। ਸ਼ੇਖੂਪੁਰੇ ਤੋਂ ਲੈ ਕੇ ਸਾਂਗਲੇ ਤੇ ਕਾਲੇਕੀ ਦੀ ਮੰਡੀ ਤੱਕ ਸਾਰੀ ਵਿਕਰੈਤ ਤੇ ਨਣਕਾਣੇ ਤੋਂ ਲੈ ਕੇ ਸਯਦ ਵਾਲੇ ਤਕ ਵਿਰਕਾਂ ਦੀ ਕੁੜਮਾਂਚਾਰੀ ਸਾਡਾ ਯਾਗਸਤਾਨ ਸਨ। ਇਸ ਇਲਾਕੇ ਵਿਚ ਅਸੀਂ ਅਲੋਪ ਹੁੰਦੇ ਹੋਏ ਵੀ ਖੁਲ੍ਹੇ ਡੁਲ੍ਹੇ ਫਿਰਦੇ ਤੇ ਕਈ ਦਿਨ ਦੀਆਂ ਲੰਮੀਆਂ ਮੀਟਿੰਗਾਂ ਕਰ ਲੈਂਦੇ ਸਾਂ। ਸਰਕਾਰ ਨੂੰ ਸਾਡੀ ਕੋਈ ਚੁਗਲੀ ਨਹੀਂ ਸੀ ਕਰਦਾ।

ਵਿਰਕਾਂ ਵਿਚ ਪੁਰਾਣੇ ਭਾਈਚਾਰੇ ਤੇ ਬਰਾਦਰੀ ਦੇ ਸਨੇਹ ਦਾ ਰਿਵਾਜ ਅਜੇ ਬੜਾ ਪਰਬਲ ਸੀ। ਉਹਨਾਂ ਵਿਚ ਰਿਸ਼ਤੇਦਾਰੀ ਤੇ ਬਰਾਦਰੀ ਦਾ ਹੇਜ ਪਿਆਰ, ਮੇਲ ਮਿਲਾਪ, ਅੱਖ ਲਿਹਾਜ਼, ਮੂੰਹ ਮੁਲਾਹਜ਼ਾ ਤੇ ਕਬੀਲਾ ਪਰਵਰੀ ਦੇ ਭਾਵਾਂ ਦਾ ਅਜੇ ਪੂਰਾ ਜ਼ੋਰ ਸੀ। ਪਰਾਹੁਣਾਚਾਰੀ ਤੇ ਲਾਈਆਂ ਦੀ ਲਾਜ ਰੱਖਣ ਦੇ ਸਾਰੇ ਗੁਣ ਮੌਜੂਦ ਸਨ। ਇਹਨਾਂ ਦੇ ਆਪਸ ਵਿਚ ਭਾਵੇਂ ਕਿੰਨਾ ਵੱਟ ਵਿਰੋਧ ਹੋਵੇ, ਪਰ ਆਪਣਾ ਵੱਟ ਕੱਢਣ ਲਈ ਸਰਕਾਰੇ ਦਰਬਾਰੇ ਜਾ ਕੇ ਚੁਗਲੀ ਕਰਨੀ ਅਜੇ ਬਹੁਤ ਹੀ ਘੱਟ ਸੀ। ਕਿਸੇ ਦੇ ਕਿੰਨੇ ਤੇ ਕਿਹੋ ਜਿਹੇ ਪਰਾਹੁਣੇ ਆ ਜਾਣ ਤੇ ਉਹ ਕਿੰਨੇ ਦਿਨ ਰਹਿਣ, ਨ ਘਰ ਵਾਲੇ ਅਕਦੇ ਸਨ ਤੇ ਨ ਆਂਢ ਗਵਾਂਢ ਕੁਝ ਗੌਲਦਾ ਸੀ।

ਕੋਟ ਸੋਂਧੇ ਦੇ ਵਿਰਕ ਸਾਰੀ ਵਿਰਕੈਤ ਨਾਲੋਂ ਚੰਗਾ ਮੰਨਿਆਂ ਦੰਨਿਆਂ ਘਰਾਣਾ ਸਨ। ਬਰਾਦਰੀ ਤਾਂ ਕਿਤੇ ਰਹੀ ਸਰਾਕਰ ਦੀ ਥੋੜ੍ਹੇ ਕੀਤਿਆਂ ਇਹਨਾਂ ਦੇ ਮੂੰਹ ਨਹੀਂ ਸੀ ਆਉਂਦੀ। ਇਹਨਾਂ ਦੀ ਪਰਾਹੁਣਾਚਾਰੀ ਤੇ ਸਰਕਾਰੇ ਮੂੰਹ ਨ ਮਾਰਨ ਦੀਆਂ ਸਿਫ਼ਤਾਂ ਸਾਡੇ ਲੁਕਵੇਂ ਕੰਮ ਵਾਸਤੇ ਬੜਾ ਗੁਣਕਾਰੀ ਸਾਬਤ ਹੋਈਆਂ ਤੇ ਸੀ. ਆਈ. ਡੀ. ਦੇ ਸੂੰਘਿਆਂ ਨੂੰ, ਭਾਵੇਂ ਉਹ ਸਾਡੇ ਮਗਰ ਫਿਰਦੇ ਉਥੇ ਚਲੇ ਵੀ ਜਾਣ, ਪੰਜਾਬ ਵਿਚ ਸਭ ਤੋਂ ਵੱਡੇ ਸਾਡੇ ਇਸ ਗੜ੍ਹ ਤੇ ਪਿੜ ਦੀ ਵਾਸ਼ਨਾਂ ਤਕ ਨਾ ਆਈ ਤੇ ਇਹ 1942 ਤਕ ਸਾਡਾ ਸ਼ਰਨ ਆਸਰਾ ਬਣਿਆ ਰਿਹਾ।

ਮੁਹੱਬਤ ਸਿੰਘ ਚੰਗਾ ਖਾਂਦਾ ਪੀਂਦਾ ਤੇ ਖੁਆਉਣ ਪਿਆਉਣ ਵਾਲਾ ਖੁਲ੍ਹੇ ਦਿਲ ਦਾ ਵਿਰਕ ਜੱਟ ਸੀ। ਉਸ ਦਾ ਪਿੰਡ ਤੇ ਘਰ ਨ ਸਿਰਫ਼ ਸਾਡੇ ਛਪਾਈ ਦੇ ਅਲੋਪਵੇਂ ਕੰਮ ਦਾ ਹੀ ਘੋਰਨਾ ਸੀ, ਸਗੋਂ ਪੰਜਾਬ ਵਿਚ ਸਭ ਤੋਂ ਵੱਡਾ ਸੁਰੱਖਿਅਤ ਤੇ ਭਰੋਸੇਯੋਗ ਆਸਰਾ ਸੀ। ਸਾਡੇ ਬਾਹਰੋਂ ਟਾਪੂਆਂ ਵਿਚੋਂ ਗ਼ਦਰ ਪਾਰਟੀ ਦੇ ਆਏ ਨਵੇਂ ਅਲੋਪ ਵਰਕਰ, ਜਦ ਤਕ ਉਹਨਾਂ ਦੇ ਕੰਮ ਕਾਰ ਦਾ ਕਿਤੇ ਯੋਗ ਪ੍ਰਬੰਧ ਨ ਹੋ ਜਾਂਦਾ, ਉਹ ਉਥੇ ਰੱਖ ਲੈਂਦਾ ਜਾਂ ਅਗਾਂਹ ਆਪਣੇ ਕਿਸੇ ਰਿਸ਼ਤੇਦਾਰ ਜਾਂ ਲਿਹਾਜੂ ਪਾਸ ਰਖਵਾ ਦਿੰਦਾ।

ਇਸ ਤੋਂ ਇਲਾਵਾ ਨ ਕੇਵਲ ਸਾਡੇ ਪੰਜਾਬ, ਸਗੋਂ ਹੋਰਨਾਂ ਸੂਬਿਆਂ ਤੋਂ ਵੀ ਕੰਮ ਭੰਨੇ ਤੇ ਥੱਕੇ ਟੁੱਟੇ ਜਾਂ ਸਿਹਤ ਗਵਾ ਬੈਠੇ ਲੀਡਰ ਜਾਂ ਵਰਕਰ ਉਥੇ ਮਹੀਨਾ ਖੰਡ ਜਾਂ ਰਹਿੰਦੇ ਤੇ ਮਨ ਆਇਆ ਦੁਧ ਦਹੀਂ, ਮੱਖਣ ਘਿਓ ਤੇ ਆਂਡੇ ਮਾਸ ਖਾ ਖਾ ਤਕੜੇ ਹੋ ਕੇ ਚਲੇ ਜਾਂਦੇ। ਅਜੇ ਕੁਮਾਰ ਘੋਸ਼ ਦੋ ਮਹੀਨੇ ਉਥੇ ਰਿਹਾ ਤੇ ਕਲਕੱਤੇ ਤੋਂ ਇਸਮਾਇਲ ਤੇ ਕੁਝ ਹੋਰ ਸਰੀਰੋਂ ਮਾਂਦੇ ਪੈ ਗਏ ਪ੍ਰਸਿਧ ਵਰਕਰ ਆਏ ਤੇ ਮੁੜੱਤਣ ਦੂਰ ਕਰ ਕੇ ਗਏ। ਸਾਡੇ ਕਿਰਤੀਆਂ ਲਈ ਤਾਂ ਉਸ ਦਾ ਘਰ ਆਪਣਾ ਘਰ ਸੀ ਤੇ ਉਸ ਦੀ ਬਰਾਦਰੀ ਆਪਣੀ ਬਰਾਦਰੀ।

ਘਰ ਵਿਚ ਨਿਰਾ ਮੁਹੱਬਤ ਸਿੰਘ ਹੀ ਪਾਰਟੀ ਦਾ ਬੰਦਾ ਨਹੀਂ ਸੀ, ਸਗੋਂ ਉਸ ਦਾ ਸਾਰਾ ਕਟੁੰਬ ਤੇ ਕੋੜਮਾਂ ਪਾਰਟੀ ਦੇ ਸਨ। ਉਸ ਦਾ ਮਾਂ ਪਿਓ, ਭੈਣਾਂ ਮਾਨ ਕੌਰ, ਪਰਸਿੰਨ ਕੌਰ ਤੇ ਉਸ ਦਾ ਸਹੁਰਾ ਘਰ, ਉਸ ਦੀ ਵਹੁਟੀ, ਖ਼ੁਦ ਉਸ ਦੇ ਸਾਂਗਲੇ ਲਾਗੇ ਸਹੁਰੇ, ਸਭ ਪਾਰਟੀ ਦੇ ਸਹਾਇਕ, ਹਿਤਾਇਸ਼ੀ, ਸਨੇਹੀ ਤੇ ਰਖਸ਼ਕ ਸਨ। ਇਹਨੀਂ ਥਾਂਈ ਅਸੀਂ ਮੁਹੱਬਤ ਸਿੰਘ ਵਾਂਗੂੰ ਹੀ ਸਤਕਾਰੇ, ਨਿਵਾਜੇ ਤੇ ਸਾਂਭੇ ਜਾਂਦੇ ਸਾਂ। ਪਾਰਟੀ ਨਾਲ ਇਸ ਘਰ ਦੇ ਸਬੰਧ ਮੇਲ ਤੇ ਸਨੇਹ ਦਾ ਤੰਦ ਐਨਾ ਮੁਹੱਬਤ ਸਿਘ ਨਹੀਂ ਸੀ, ਜਿੰਨਾ ਉਸ ਦੀ ਭੈਣ ਮਾਨ ਕੌਰ ’ਤੇ ਪਰਸਿੰਨ ਕੌਰ ਜਿੰਨ੍ਹਾਂ ਦੇ ਵਿਸ਼ਾਲ ਹਿਰਦੇ, ਚੰਗੇ ਤੇ ਬੀਬੇ ਸੁਭਾਅ ਤੇ ਭੈਣ ਪਿਆਰ ਦੇ ਕਾਰਨ ਸਾਨੂੰ ਇਸ ਘਰ ਵਿਚ ਭਾਵੇਂ ਮੁਹੱਬਤ ਸਿੰਘ ਹੋਵੇ ਤੇ ਭਾਵੇਂ ਨ ਹੋਵੇ, ਆਸਰਾ ਰਿਹਾ ਤੇ ਸਾਡੇ ਤੇ ਬਣੀ ਔਖੀ ਤੋਂ ਔਖੀ ਵੇਲੇ ਵੀ ਇਸ ਘਰ ਦੇ ਦਰਵਾਜ਼ੇ ਸਾਡੀ ਲਈ ਬੰਦ ਨ ਹੋਏ।

ਚੰਗੇ ਖਾਂਦੇ ਪੀਂਦੇ ਜ਼ਿਮੀਂਦਾਰ ਦੇ ਚੈਂਚਲ ਤੇ ਛੁਲਛਲੇ ਸਭਾਅ ਦੇ ਕਾਰਨ ਮੁਹੱਬਤ ਸਿੰਘ ਪਾਰਟੀ ਦੇ ਸਰਗਰਮ ਕੰਮ ਤੋਂ ਵਿਚ ਵਿਚ ਮੱਠਾ ਪੈ ਤੇ ਘਰ ਬਹਿ ਜਾਂਦਾ ਰਿਹਾ। ਪਰ ਭੈਣ ਮਾਨ ਕੌਰ ਨੇ ਉਸ ਨੂੰ ਪਾਰਟੀ ਨਾਲੋਂ ਟੁਟਣ ਨ ਦਿੱਤਾ ਤੇ ਹਰ ਵਾਰ ਜੋੜੀ ਰੱਖਿਆ। ਜਦ ਜੰਗ ਮਚ ਪੈਣ ਉਤੇ ਮੁਹੱਬਤ ਸਿੰਘ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ ਤਾਂ ਵੀ ਭੈਣ ਮਾਨ ਕੌਰ ਤੇ ਉਸ ਦੇ ਰਿਸ਼ਤੇਦਾਰਾਂ ਨੇ ਪਾਰਟੀ ਵਰਕਰਾਂ ਨੂੰ ਘਰ ਆਏ ਨਹੀਂ ਮੋੜਿਆ ਤੇ ਕੋਟ ਸੋਂਧਾ ਤੇ ਪਰਸਿੰਨ ਦਾ ਸਹੁਰਾ ਘਰ ਉਸੇ ਤਰ੍ਹਾਂ ਸਾਡਾ ਛਪਾਈ ਦਾ ਤੇ ਰਾਜਸੀ ਆਸਰੇ ਦਾ ਘੋਰਨਾ ਬਣੇ ਸੀ. ਆਈ. ਡੀ. ਦੀ ਤਾੜ ਤੋਂ ਸਾਨੂੰ ਹੱਥ ਦੇ ਕੇ ਰੱਖਦੇ ਰਹੇ।

ਇਹਨਾਂ ਦੋ ਭੈਣਾਂ ਨੇ 1935 ਵਿਚ ਸਾਨੂੰ ਪਰੈਸ ਖਰੀਦਣ ਵਾਸਤੇ ਆਪਣੇ ਤੇ ਆਪਣੀ ਭਰਜਾਈ ਦੇ ਸਾਰੇ ਜ਼ੇਵਰ ਦਿੱਤੇ ਸਨ, ਜਿੰਨ੍ਹਾਂ ਨੂੰ ਵੇਚ ਕੇ ਪਰੈਸ ਖਰੀਦਿਆਂ ਗਿਆ। (ਬਾਅਦ ਵਿਚ ਪਾਰਟੀ ਨੇ ਉਹ ਪੈਸੇ ਮੋੜ ਦਿੱਤੇ)।

ਲੁਕਵੇਂ ਕੰਮਾਂ ਵਿਚੋਂ ਸਾਡਾ ਸਭ ਤੋਂ ਵੱਧ ਲਕੋ ਕੇ ਰੱਖਣ ਵਾਲਾ ਇਹ ਛਪਾਈ ਦਾ ਕੰਮ ਸੀ ਇਸ ਲਈ ਇਸ ਨੂੰ ਕੋਟ ਸੋਂਧੇ ਦੇ ਘੋਰਨੇ ਵਿਚ ਲੈ ਗਏ ਤੇ ਇਹ ਕੰਮ ਮੁਹੱਬਤ ਸਿੰਘ ਦੇ ਹਵਾਲੇ ਕੀਤਾ। ਉਸ ਨੇ ਅਗਾਂਹ ਇਸ ਦੇ ਚੰਗੇ ਬਚਾਅ ਦੀ ਖਾਤਰ ਇਸ ਨੂੰ ਕਈਆਂ ਰਖਣਿਆਂ ਵਿਚ ਵੰਡ ਦਿੱਤਾ। ਸਾਡਾ ਬੜਾ ਹੀ ਇਤਬਾਰੀ ਬੰਦਾ ਜਾ ਕੇ ਸਮਾਨ ਕੋਟ ਸੋਂਧੇ ਦੇ ਆਉਂਦਾ ਤੇ ਛਪਿਆ ਹੋਇਆ ਅਖ਼ਬਾਰ ਤੇ ਸਾਹਿਤ ਸ਼ਾਹਦਰਿਉਂ ਜਾ ਕੇ ਲੈ ਆਉਂਦਾ।

ਕੋਟ ਸੋਂਧਾ ਲਾਹੌਰ ਸਰਗੋਧਾ ਸੜਕ ਉਤੇ 32ਵੇਂ ਮੀਲ ਤੋਂ ਸੱਜੇ ਹੱਥ ਅੱਧ ਕੁ ਮੀਲ ਪੈਂਦਾ ਸੀ। ਇਸ 32ਵੇਂ ਮੀਲ ਉਤੇ ਬਾਜ਼ੀਗਰਾਂ ਦੀਆਂ ਟੱਪਰੀਆਂ ਸਨ। ਸਾਈਕਲੋ ਸਟਾਈਲ ਦਾ ਕਾਗਜ਼, ਸਿਆਹੀ ਤੇ ਹੋਰ ਲੋੜੀਂਦੀਆਂ ਵਸਤਾਂ ਇਹਨਾਂ ਟੱਪਰੀਵਾਸੀਆਂ ਵਿਚ ਇਕ ਬਾਜ਼ੀਗਰ ਮਾਈ ਪਾਸ ਪਹੁੰਚ ਜਾਂਦੀਆਂ ਤੇ ਮਾਈ ਦੀ ਟਪਰੀ ਵਿਚੋਂ ਛਪਾਈ ਵਾਲੇ ਘੋਰਨੇ ਵਿਚ। ਛਪਤਾਂ ਛਪ ਕੇ ਮੁੜ ਟਪਰੀ ਵਿਚ ਆ ਜਾਂਦੀਆਂ ਤੇ ਇਥੋਂ ਮੁਹੱਬਤ ਸਿੰਘ ਦਾ ਰੱਖਾ ਮਿਰਾਸੀ ਇਹਨਾਂ ਨੂੰ ਸ਼ਾਹਦਰੇ ਜੀ. ਟੀ. ਰੋਡ ਦੇ ਮੋੜ ਉਤੇ ਡਾਕਟਰ ਬਾਲ ਕਿਸ਼ਨ ਪਾਸ ਛੱਡ ਆਉਂਦਾ। ਡਾਕਟਰ ਇਹਨੂੰ ਸਰਕਾਰ ਦੇ ਆਬਕਾਰੀ ਮਾਲਖ਼ਾਨੇ ਵਿਚ ਰਖਵਾ ਦਿੰਦਾ ਤੇ ਫੇਰ ਉਥੋਂ ਵੰਡਣ ਵਾਲਾ ਸਾਥੀ ਲੈ ਜਾਂਦਾ।

ਏਥੇ ਘੋਰਨੇ ਵਿਚ ਇਹ ਸਮਾਨ ਤੇ ਲੇਖਾਂ ਦੇ ਕਟੇ ਕਟਾਏ ਸਟੈਂਸਿਲ ਪਹੁੰਚ ਜਾਂਦੇ ਤੇ ਛਪਤਕਾਰ ਜਗੀਰ ਸਿੰਘ ਇਹਨਾਂ ਨੂੰ ਮਸ਼ੀਨ ਉਤੇ ਵੇਲ ਦਿੰਦਾ। ਜਗੀਰ ਸਿੰਘ ਕੋਟ ਸੋਂਧੇ ਦਾ ਨਵਾਂ ਨਵਾਂ ਦਸਵੀਂ ਪਾਸ ਕਰ ਕੇ ਆਇਆ ਗੱਭਰੂ ਸੀ। ਛਪਾਈ ਦਾ ਸਾਡਾ ਇਹ ਕੰਮ 1941 ਤਕ ਇਥੇ ਰਿਹਾ ਤੇ ਉਸ ਸਮੇਂ ਤੱਕ ਬਿਲਕੁਲ ਅਨਵਿਘਨ ਚਲਦਾ ਰਿਹਾ।

***
(ਅਗਲੇ ਅੰਕ ਵਿੱਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ