ਲੁਧਿਆਣੇ ਦੇ ਸਨਅਤੀ ਮਜ਼ਦੂਰ ਨੇ ਡੀ.ਸੀ. ਦਫ਼ਤਰ ‘ਤੇ ਹੱਕੀ ਮੰਗਾਂ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 30 ਜੂਨ ਨੂੰ ਲੁਧਿਆਣੇ ਦੇ ਸਨਅਤੀ ਮਜ਼ਦੂਰਾਂ ਨੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਡੀ.ਸੀ. ਦਫਤਰ ‘ਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਪਹਿਲਾਂ ਤਿੱਖੀ ਧੁੱਪ ਤੇ ਫਿਰ ਘੰਟਿਆਂ ਬੱਧੀ ਮੀਂਹ-ਨੇਰ੍ਹੀ ਦੇ ਬਾਵਜੂਦ ਮਜ਼ਦੂਰ ਵੱਡੀ ਗਿਣਤੀ ਵਿੱਚ ਪਹੁੰਚੇ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਅਵਾਜ਼ ਬੁਲੰਦ ਕੀਤੀ। ਡੀ.ਸੀ. ਦਫਤਰ ਦੇ ਗੇਟ ਤੱਕ ਪੁੱਜਣ ‘ਤੇ ਲਾਈਆਂ ਪੁਲੀਸ ਦੀਆਂ ਰੋਕਾਂ ਮਜ਼ਦੂਰਾਂ ਦੇ ਰੋਹ ਅੱਗੇ ਟਿਕ ਨਾ ਸਕੀਆਂ। ਅਸਮਾਨ ਗੂੰਜਵੇਂ ਨਾਅਰਿਆਂ ਨਾਲ਼ ਭਰਤ ਨਗਰ ਚੌਂਕ ਤੋਂ ਡੀ.ਸੀ. ਦਫਤਰ ਗੇਟ ਤੱਕ ਪੈਦਲ ਮਾਰਚ ਕੀਤਾ ਗਿਆ। ਵਰ੍ਹਦੇ ਮੀਂਹ ਵਿਚਕਾਰ ਮਜ਼ਦੂਰ ਧਰਨੇ-ਮੁਜ਼ਾਹਰੇ ਵਿੱਚ ਡਟੇ ਰਹੇ, ਜੋਰਦਾਰ ਨਾਅਰੇ ਬੁਲੰਦ ਕਰਦੇ ਰਹੇ, ਮਜ਼ਦੂਰ ਆਗੂਆਂ ਦੇ ਭਾਸ਼ਣ ਧਿਆਨ ਨਾਲ਼ ਸੁਣਦੇ ਰਹੇ।। ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਸ਼ਾਸਨ ਨੂੰ ਮਜ਼ਦੂਰਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਮਜ਼ਦੂਰ ਯੂਨੀਅਨਾਂ ਨੇ ਮੰਗ ਕੀਤੀ ਕਿ ਕਾਰਖਾਨਿਆਂ ਵਿੱਚ ਹਾਦਸਿਆਂ ਤੋਂ ਮਜ਼ਦੂਰਾਂ ਦੀ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ, ਹਾਦਸਾ ਹੋਣ ‘ਤੇ ਪੀੜਤਾਂ ਨੂੰ ਜਾਇਜ ਮੁਆਵਜ਼ਾ ਮਿਲ਼ੇ, ਦੋਸ਼ੀ ਮਾਲਕਾਂ ਨੂੰ ਸਖਤ ਸਜ਼ਾਵਾਂ ਹੋਣ, ਮਜ਼ਦੂਰਾਂ ਦੀਆਂ ਉਜਰਤਾਂ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇ, ਸਰਕਾਰ ਵੱਲ਼ੋਂ ਘੱਟੋ-ਘੱਟ ਤਨਖਾਹ 15 ਹਜ਼ਾਰ ਕੀਤੀ ਜਾਵੇ, ਸਾਰੇ ਮਜ਼ਦੂਰਾਂ ਨੂੰ ਈ.ਐਸ.ਆਈ. ਦੀ ਸਹੂਲਤ ਪ੍ਰਾਪਤ ਹੋਵੇ, ਔਰਤ ਮਜ਼ਦੂਰਾਂ ਨਾਲ਼ ਭੇਦਭਾਵ ਬੰਦ ਕੀਤਾ ਜਾਵੇ ਅਤੇ ਉਹਨਾਂ ਨੂੰ ਬਰਾਬਰ ਕੰਮ ਦੀ ਮਰਦ ਮਜ਼ਦੂਰਾਂ ਬਰਾਬਰ ਤਨਖਾਹ ਦਿੱਤੀ ਜਾਵੇ, ਕਾਰਖਾਨਿਆਂ ਵਿੱਚ ਮਜ਼ਦੂਰਾਂ ਨਾਲ਼ ਕੁੱਟਮਾਰ ਤੇ ਬਦਸਲੂਕੀ ਬੰਦ ਕੀਤੀ ਜਾਵੇ, ਮਜ਼ਦੂਰਾਂ ਦੇ ਪਛਾਣ ਪੱਤਰ, ਹਾਜ਼ਰੀ ਕਾਰਡ ਬਣਾਏ ਜਾਣ, ਬੋਨਸ ਤੇ ਈ.ਪੀ.ਐਫ. ਲਾਗੂ ਕੀਤਾ ਜਾਵੇ। ਯੂਨੀਅਨ ਨੇ ਮੰਗ ਕੀਤੀ ਹੈ ਕਿ ਕਿਰਤ ਕਨੂੰਨਾਂ ਦੀ ਉਲੰਘਣਾ ਕਰਨ ਵਾਲ਼ੇ ਕਾਰਖਾਨਾ ਮਾਲਕਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਜ਼ਦੂਰ ਜੱਥੇਬੰਦੀਆਂ ਨੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਦੇ ਕਦਮਾਂ ਦਾ ਸਖਤ ਵਿਰੋਧ ਕਰਦੇ ਹੋਏ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਬੁਲਾਰਿਆਂ ਨੇ ਕਿਹਾ ਕਿ ਸਨਅਤੀ ਮਜ਼ਦੂਰਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲੱਕ ਤੋੜ ਮਹਿੰਗਾਈ ਨੇ ਮਜ਼ਦੂਰਾਂ ਦਾ ਕਚੂਮਰ ਕੱਢ ਦਿੱਤਾ ਹੈ। ਮਜ਼ਦੂਰਾਂ ਦੀ ਮਿਹਨਤ ਦੀ ਲੁੱਟ ਰਾਹੀਂ ਸਰਮਾਏਦਾਰ ਬੇਹਿਸਾਬ ਸੁੱਖ-ਸਹੂਲਤਾਂ ਮਾਣ ਰਹੇ ਹਨ ਤੇ ਮਜ਼ਦੂਰ ਭਿਆਨਕ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਜੀਣ ‘ਤੇ ਮਜ਼ਬੂਰ ਕਰ ਦਿੱਤੇ ਗਏ ਹਨ। ਕਾਰਖਾਨਿਆਂ ਵਿੱਚ ਕਿਰਤ ਕਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧ ਨਹੀਂ ਹਨ। ਸਨਅਤੀ ਹਾਦਸਿਆਂ ਵਿੱਚ ਮਜ਼ਦੂਰਾਂ ਨੂੰ ਗੰਭੀਰ ਸੱਟਾਂ, ਅਪੰਗਤਾ ਤੇ ਮੌਤ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪੀੜਤ ਨੂੰ ਇਨਸਾਫ਼ ਵੀ ਨਹੀਂ ਮਿਲ਼ਦਾ। ਕਾਰਖਾਨਿਆਂ ਵਿੱਚ ਘੱਟੋ-ਘੱਟ ਤਨਖਾਹ, ਮਹਿੰਗਾਈ ਅਨੁਸਾਰ ਤਨਖਾਹ ਵਾਧੇ, ਈ.ਐਸ.ਆਈ., ਫੰਡ, ਬੋਨਸ, ਛੁੱਟੀਆਂ, ਪਛਾਣ ਪੱਤਰ, ਹਾਜ਼ਰੀ ਆਦਿ ਨਾਲ਼ ਸਬੰਧਤ ਕਿਰਤ ਕਨੂੰਨ ਵੀ ਲਾਗੂ ਨਹੀਂ ਹੈ। ਸਰਕਾਰਾਂ ਪਹਿਲਾਂ ਤੋਂ ਮੌਜੂਦ ਕਿਰਤ ਕਨੂੰਨ ਲਾਗੂ ਕਰਾਉਣ ਅਤੇ ਇਨ੍ਹਾਂ ਵਿੱਚ ਮਜ਼ਦੂਰ ਪੱਖੀ ਸੁਧਾਰ ਲਾਗੂ ਕਰਨ ਦੀ ਥਾਂ ਇਹਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰ ਰਹੀਆਂ ਹਨ। ਸਭਨਾਂ ਪਾਰਟੀਆਂ ਨਾਲ਼ ਸਬੰਧਤ ਕੇਂਦਰ ਤੇ ਸੂਬਾ ਸਰਕਾਰਾਂ ਨੇ ਮਜ਼ਦੂਰ ਹੱਕਾਂ ‘ਤੇ ਜ਼ੋਰਦਾਰ ਹਮਲਾ ਵਿੱਢ ਰੱਖਿਆ ਹੈ। ਕੇਂਦਰ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਤਾਂ ਮਜ਼ਦੂਰਾਂ ਦੇ ਹੱਕਾਂ ‘ਤੇ ਹਮਲਾ ਹੋਰ ਵੀ ਤੇਜ਼ ਹੋ ਗਿਆ ਹੈ। ਮਜ਼ਦੂਰਾਂ ਦੇ ਜੱਥੇਬੰਦ ਸੰਘਰਸ਼ ਨੂੰ ਕੁਚਲਣ ਲਈ ਕਾਲ਼ੇ ਕਨੂੰਨ ਲਿਆਂਦੇ ਜਾ ਰਹੇ ਹਨ। ਮਜ਼ਦੂਰ ਘੋਲ਼ਾਂ ਨੂੰ ਕੁਚਲਣ ਲਈ ਸਰਕਾਰੀ ਜ਼ਾਬਰ ਢਾਂਚੇ ਦੇ ਦੰਦ ਹੋਰ ਤਿੱਖੇ ਕੀਤੇ ਜਾ ਰਹੇ ਹਨ।

ਬੁਲਾਰਿਆਂ ਨੇ ਕਿਹਾ ਮਜ਼ਦੂਰਾਂ ਨੂੰ ਮਾਲਕਾਂ ਅਤੇ ਸਰਕਾਰੀ ਪ੍ਰਬੰਧ ਵੱਲੋਂ ਉਹਨਾਂ ਨਾਲ਼ ਕੀਤੇ ਜਾ ਰਹੇ ਲੁੱਟ, ਜ਼ਬਰ ਅਨਿਆਂ ਖਿਲਾਫ਼ ਵਿਸ਼ਾਲ ਤੇ ਜੁਝਾਰੂ ਲਹਿਰ ਖੜੀ ਕਰਨੀ ਪਵੇਗੀ। ਮਜ਼ਦੂਰਾਂ ਦੀਆਂ ਹਾਲਤਾਂ ਵਿੱਚ ਸੁਧਾਰ ਖੁਦ ਮਜ਼ਦੂਰਾਂ ਦੇ ਫੌਲਾਦੀ ਘੋਲ਼ ਰਾਹੀਂ ਹੀ ਹੋ ਸਕਦਾ ਹੈ।

ਮੁਜ਼ਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਸਕੱਤਰ ਵਿਸ਼ਵਨਾਥ, ਨੌਜਵਾਨ ਭਾਰਤ ਸਭਾ ਦੀ ਆਗੂ ਬਲਜੀਤ, ਬਿਗੁਲ ਮਜ਼ਦੂਰ ਦਸਤਾ ਵੱਲੋਂ ਵਿਸ਼ਾਲ, ਆਦਿ ਨੇ ਸੰਬੋਧਿਤ ਕੀਤਾ। ਉਹਨਾਂ ਤੋਂ ਇਲਾਵਾ ਮੋਲਡਰ ਐੈਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ ਨੇ ਵੀ ਮਜ਼ਦੂਰਾਂ ਨੂੰ ਸੰਬੋਧਿਤ ਕੀਤਾ।

ਮੁਜ਼ਾਹਰੇ ਦੀ ਤਿਆਰੀ ਅਤੇ ਮਜ਼ਦੂਰਾਂ ਵਿੱਚ ਜਾਗਰੂਕਤਾ ਲਈ ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਤਿੰਨ ਹਫਤਿਆਂ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਨਅਤੀ ਮਜ਼ਦੂਰਾਂ ਵਿਚਕਾਰ ਜ਼ੋਰਦਾਰ ਮੁਹਿੰਮ ਚਲਾਈ ਗਈ। ਹਜ਼ਾਰਾਂ ਪਰਚਿਆਂ, ਪੋਸਟਰਾਂ, ਅਨੇਕਾਂ ਨੁੱਕੜ ਸਭਾਵਾਂ, ਕਾਰਖਾਨਾ ਗੇਟ ਮੀਟਿੰਗਾਂ ਆਦਿ ਰਾਹੀਂ ਲੁਧਿਆਣੇ ਦੇ ਲੱਖਾਂ ਸਨਅਤੀ ਮਜ਼ਦੂਰਾਂ ਤੱਕ ਹੱਕ, ਸੱਚ, ਇਨਸਾਫ ਦਾ ਹੋਕਾ ਦਿੱਤਾ ਗਿਆ, ਮਜ਼ਦੂਰਾਂ ਨੂੰ ਆਪਣੇ ਮੰਗਾਂ-ਮਸਲਿਆਂ ਲਈ ਉੱਠ ਖੜੇ ਹੋਣ ਦਾ ਸੱਦਾ ਦਿੱਤਾ ਗਿਆ।

•ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements