ਲੁਧਿਆਣੇ ਦੇ ਮਜ਼ਦੂਰਾਂ ਦਾ ਆਪਣੇ ਹੱਕਾਂ ਲਈ ਲੁਧਿਆਣਾ ਵਿਖੇ ਰੋਹ ਭਰਪੂਰ ਮੁਜਾਹਰਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

5 ਅਕਤੂਬਰ 2018 ਨੂੰ ਮਜ਼ਦੂਰ ਜਥੇਬੰਦੀਆਂ ‘ਕਾਰਖਾਨਾ ਮਜ਼ਦੂਰ ਯੂਨੀਅਨ’, ‘ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ’, ‘ਗੋਬਿੰਦ ਰਬੜ ਲਿਮਿਟਡ ਮਜ਼ਦੂਰ ਸੰਘਰਸ਼ ਕਮੇਟੀ’ ਤੇ ‘ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ)’ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਦਫ਼ਤਰ ਅੱਗੇ ਰੋਹ ਭਰਪੂਰ ਮਜਾਹਰਾ ਕਰਕੇ ਆਪਣੇ ਹੱਕ ਲਾਗੂ ਕਰਾਉਣ ਲਈ ਮੰਗ ਪੱਤਰ ਸੌਂਪਿਆ। ਮਜ਼ਦੂਰਾਂ ਨੇ ਕੰਗਣਵਾਲ ਤੋਂ ਡੀਸੀ ਦਫਤਰ ਤੱਕ 22 ਕਿ.ਮੀ. ਲੰਮਾ ਪੈਦਲ ਮਾਰਚ ਵੀ ਕੀਤਾ। ਮਜ਼ਦੂਰਾਂ ਨੇ ਮੰਗ ਕੀਤੀ ਕਿ ਘੱਟੋ-ਘੱਟ ਤਨਖਾਹ ਵੀਹ ਹਜ਼ਾਰ ਰੁਪਏ ਮਹੀਨੇ ਕੀਤੀ ਜਾਵੇ, ਕੀਤੇ ਕੰਮ ਦੇ ਪੈਸੇ ਹੜੱਪਣ ਵਾਲ਼ੇ ਅਤੇ ਕਿਰਤ ਕਨੂੰਨਾਂ ਦੀ ਉਲੰਘਣਾ ਕਰਨ ਵਾਲ਼ੇ ਮਾਲਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਪੰਦਰਾਂ ਸੌ ਤੋਂ ਵਧੇਰੇ ਮਜ਼ਦੂਰਾਂ ਦੀ ਕਈ ਮਹੀਨਿਆਂ ਦੀ ਤਨਖਾਹ ਅਤੇ ਹੋਰ ਪੈਸਾ ਹੜੱਪ ਕੇ ਭੱਜਣ ਵਾਲ਼ੇ ਗੋਬਿੰਦ ਰਬੜ ਲਿਮਿਟਡ ਦੇ ਮਾਲਕ ਵਿਨੋਦ ਪੋਦਾਰ ਨੂੰ ਗਿਰਫ਼ਤਾਰ ਕੀਤਾ ਜਾਵੇ ਅਤੇ ਮਜ਼ਦੂਰਾਂ ਦਾ ਸਾਰਾ ਪੈਸਾ ਦਵਾਇਆ ਜਾਵੇ, ਕਾਰਖਾਨਿਆਂ ਵਿੱਚ ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧ, ਪਹਿਚਾਣ ਪੱਤਰ, ਹਾਜ਼ਰੀ, ਈਐਸਆਈ, ਈਪੀਐਫ, ਔਰਤਾਂ ਨੂੰ ਮਰਦਾਂ ਬਰਾਬਰ ਤਨਖਾਹ ਤੇ ਹੋਰ ਸਾਰੇ ਕਿਰਤ ਕਨੂੰਨ ਲਾਗੂ ਹੋਣ। ਮਜ਼ਦੂਰ ਬਸਤੀਆਂ ਵਿੱਚ ਸਾਫ਼-ਸਫਾਈ, ਪਾਣੀ, ਬਿਜ਼ਲੀ, ਪੱਕੀਆਂ ਗਲ਼ੀਆਂ ਆਦਿ ਸਹੂਲਤਾਂ ਲਾਗੂ ਹੋਣ। ਗਰੀਬ ਅਬਾਦੀ ਵਾਲ਼ੇ ਇਲਾਕੇ ਵਿੱਚ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਖੋਲ੍ਹੀਆਂ ਜਾਣ। ਗਰੀਬਾਂ ਨੂੰ ਸਰਕਾਰੀ ਸਕੀਮਾਂ ਤਹਿਤ ਸਾਰੀਆਂ ਸਹੂਲਤਾਂ ਦੀ ਗਰੰਟੀ ਕੀਤੀ ਜਾਵੇ। ਸਰਕਾਰੀ ਅਦਾਰਿਆਂ ਵਿੱਚ ਗਰੀਬਾਂ ਖਾਸਕਰ ਨਾਲ਼ ਭੇਦਭਾਵ ਬੰਦ ਹੋਵੇ। 

ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ 1500 ਤੋਂ ਵਧੇਰੇ ਮਜ਼ਦੂਰਾਂ ਨਾਲ਼ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲ਼ੇ ਗੋਬਿੰਦ ਰਬੜ ਲਿਮਿਟਡ ਦੇ ਮਾਲਕ ਵਿਨੋਦ ਪੋਦਾਰ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਅਤੇ ਮਜ਼ਦੂਰਾਂ ਦੀ ਮਿਹਨਤ ਦਾ ਸਾਰਾ ਪੈਸਾ ਦਵਾਇਆ ਜਾਵੇ।

ਡੀਸੀ ਲੁਧਿਆਣਾ ਨੂੰ ਲੁਧਿਆਣਾ ਜਿਲੇ੍ਹ ਦੇ ਪੇਂਡੂ ਮਜ਼ਦੂਰਾਂ ਦੀ ਦਿਹਾੜੀ ਵਾਧੇ, ਬਿਜਲੀ ਬਿੱਲ ਮਾਫ ਕਰਨ, ਕਰਜ਼ਾ ਮਾਫੀ, ਨਰੇਗਾ ਦੇ ਜੌਬ ਕਾਰਡ ਬਣਾਉਣ ਅਤੇ ਕੀਤੇ ਕੰਮ ਦੇ ਪੈਸੇ ਦੀ ਅਦਾਇਗੀ ਆਦਿ ਮਸਲਿਆਂ ਸਬੰਧੀ ਵੀ ਇੱਕ ਮੰਗ ਪੱਤਰ ਸੌਂਪਿਆ ਗਿਆ। 

ਮਜ਼ਦੂਰਾਂ ਦੇ ਇਕੱਠ ਨੂੰ ‘ਕਾਰਖਾਨਾ ਮਜ਼ਦੂਰ ਯੂਨੀਅਨ’ ਦੇ ਪ੍ਰਧਾਨ ਲਖਵਿੰਦਰ, ‘ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ’ ਦੇ ਪ੍ਰਧਾਨ ਰਾਜਵਿੰਦਰ, ‘ਗੋਬਿੰਦ ਰਬੜ ਲਿਮਿਟਡ ਮਜ਼ਦੂਰ ਸੰਘਰਸ਼ ਕਮੇਟੀ’ ਦੇ ਆਗੂ ਕਿ੍ਰਸ਼ਨ ਕੁਮਾਰ, ‘ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ)’ ਦੇ ਆਗੂ ਸੁਖਦੇਵ ਭੂੰਦੜੀ, ‘ਟੈਕਸਟਾਈਲ-ਹੌਜ਼ਰੀ ਮਜ਼ਦੂਰ’ ਯੂਨੀਅਨ ਦੀ ਆਗੂ ਬਲਜੀਤ ਆਦਿ ਨੇ ਸੰਬੋਧਿਤ ਕੀਤਾ। ਇਹਨਾਂ ਤੋਂ ਇਲਾਵਾ‘ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ’ ਦੇ ਪ੍ਰਧਾਨ ਹਰਜਿੰਦਰ ਸਿੰਘ, ਆਦਿ ਨੇ ਸੰਬੋਧਿਤ ਕੀਤਾ। 

ਇਸ ਮੁਜਾਹਰੇ ਦੀ ਤਿਆਰੀ ਲਈ ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਇੱਕ ਮਹੀਨਾ ਲੁਧਿਆਣਾ ਦੀ ਮਜ਼ਦੂਰ ਅਬਾਦੀ ਵਿੱਚ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਨੁੱਕੜ ਸਭਾਵਾਂ, ਪੈਦਲ ਮਾਰਚ, ਮਸ਼ਾਲ ਮਾਰਚ, ਸਾਈਕਲ ਰੈਲੀਆਂ, ਨੁੱਕੜ ਸਭਾਵਾਂ, ਘਰ-ਘਰ ਪ੍ਰਚਾਰ ਆਦਿ ਤਰੀਕਿਆਂ ਰਾਹੀਂ ਪ੍ਰਚਾਰ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਰਚਾ ਵੰਡਿਆ ਗਿਆ ਅਤੇ ਪੋਸਟਰ ਲਗਾਏ ਗਏ। ਇਸ ਪ੍ਰਚਾਰ ਮੁਹਿੰਮ ਦੌਰਾਨ ਲੁਧਿਆਣਾ ਦੇ ਲੱਖਾਂ ਮਜ਼ਦੂਰਾਂ ਤੱਕ ਆਪਣੇ ਹੱਕਾਂ ਲਈ ਇਕਮੁੱਠ ਹੋਣ ਦਾ ਸੁਨੇਹਾ ਪਹੁੰਚਾਇਆ ਗਿਆ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ