ਲੁਧਿਆਣੇ ਦੇ ਤਿੰਨ ਕੱਪੜਾ ਮਜ਼ਦੂਰਾਂ ਦੀ ਦਰਦਨਾਕ ਮੌਤ ਦਾ ਕਸੂਰਵਾਰ ਕੌਣ? ਆਖਰ ਕਦੋਂ ਰੁਕਣਗੇ ਮੁਨਾਫ਼ੇ ਲਈ ਮਜ਼ਦੂਰਾਂ ਦੇ ਕਤਲ? •ਰਣਬੀਰ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 6 ਮਈ 2016 ਦੀ ਰਾਤ 2 ਵਜੇ ਤਿੰਨ ਮਜ਼ਦੂਰ ਲੁਧਿਆਣੇ ਦੀ ਗਿਆਨਚੰਦ ਡਾਈਂਗ (ਜਿਸਨੂੰ ਗੁਲਸ਼ਨ ਹੌਜ਼ਰੀ ਵੀ ਕਹਿੰਦੇ ਹਨ) ਵਿੱਚ ਭੜਕੀ ਅੱਗ ਨਾਲ਼ ਝੁਲਸ ਕੇ ਮਾਰੇ ਗਏ ਹਨ। ਮਾਰੇ ਜਾਣ ਵਾਲ਼ੇ ਆਸ਼ੂਤੋਸ਼ ਬੰਟੀ ਝਾਅ ਦੀ ਉਮਰ 28 ਸਾਲ ਸੀ ਅਤੇ ਉਸਦੀ ਤਿੰਨ ਮਹੀਨਿਆਂ ਦੀ ਇੱਕ ਬੱਚੀ ਹੈ। ਸ਼ਤੀਸ਼ ਰਾਊਤ ਦੀ ਉਮਰ 25 ਸਾਲ ਸੀ ਅਤੇ ਉਸਦੇ ਤਿੰਨ ਅਤੇ ਦੋ ਸਾਲ ਦੇ ਦੋ ਬੱਚੇ ਹਨ। 21 ਸਾਲ ਦੇ ਭੋਲਾ ਕੁਮਾਰ ‘ਤੇ ਆਪਣੇ ਟੱੱਬਰ ਦੀ ਅਹਿਮ ਜ਼ਿੰਮੇਵਾਰੀ ਸੀ। ਦੋ-ਦੋ ਲੱਖ ਰੁਪਏ ਦੀ ਨਿਗੂਣੀ ਮਦਦ ਦਾ ਭਰੋਸਾ ਦੇ ਕੇ ਕਾਰਖਾਨਾ ਮਾਲਕ ਨੇ ਸਦਮੇ ਦਾ ਸ਼ਿਕਾਰ ਪੀੜਤ ਪਰਿਵਾਰਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਪੁਲੀਸ ਨੇ ਮਾਮਲਾ ਰਫ਼ਾ-ਦਫਾ ਕਰਨ ਲਈ ਫੈਕਟਰੀ ਮਾਲਕ ਦੀ ਹਰ ਤਰ੍ਹਾਂ ਨਾਲ਼ ਮਦਦ ਕੀਤੀ ਹੈ। ਏਨੀ ਭਿਆਨਕ ਘਟਨਾ ਤੋਂ ਬਾਅਦ ਪੁਲੀਸ ਦਾ ਸਹੀ ਕਦਮ ਤਾਂ ਇਹ ਹੁੰਦਾ ਕਿ ਮਾਲਕ, ਮੈਨੇਜ਼ਰ ਸਮੇਤ ਹੋਰ ਵਿਅਕਤੀਆਂ ਦੀ ਤੁਰੰਤ ਗ੍ਰਿਫਤਾਰੀ ਹੁੰਦੀ ਅਤੇ ਮਜ਼ਦੂਰਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ। ਪੁਲੀਸ ਨੇ ਇਹ ਕਿਵੇਂ ਮੰਨ ਲਿਆ ਕਿ ਇਹ ਸਿਰਫ਼ ਇੱਕ ਹਾਦਸਾ ਸੀ? ਜਾਂਚ-ਪੜਤਾਲ ਲਈ ਇਹ ਜ਼ਰੂਰੀ ਸੀ ਕਿ ਮਾਲਕਾਂ ਅਤੇ ਹੋਰ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਪਰ ਪੁਲੀਸ ਤੋਂ ਅਜਿਹੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਪੁਲੀਸ ਨੇ ਠੀਕ ਆਪਣੇ ਕਿਰਦਾਰ ਮੁਤਾਬਿਕ ਕਾਰਵਾਈ ਕੀਤੀ ਹੈ!

ਕਾਰਖਾਨੇ ਵਿੱਚ ਅਤੇ ਆਸ-ਪਾਸ ਦੇ ਵੱਡੇ ਇਲਾਕੇ ਵਿੱਚ ਰਾਤ ਤੋਂ ਹੀ ਸੈਂਕੜੇ ਪੁਲਸੀਏ ਤੈਨਾਤ ਕਰ ਦਿੱਤੇ ਗਏ। ਲਾਸ਼ਾਂ ਨੂੰ ਫਟਾ-ਫਟ ਹਸਪਤਾਲ ਪਹੁੰਚਾ ਦਿੱਤਾ ਗਿਆ। ਸਵੇਰੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਾਲਕ ਖਿਲਾਫ਼ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਜਾਇਜ਼ ਮੁਆਵਜ਼ੇ ਦੀ ਮੰਗ ਕਰ ਰਹੇ ਮਜ਼ਦੂਰਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਮਜ਼ਦੂਰ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ, ਮਾਲਕ, ਠੇਕੇਦਾਰਾਂ, ਮਾਲਕਾਂ ਦੇ ਹੋਰ ਦਲਾਲਾਂ ਨੇ ਸਦਮੇ ਦਾ ਸ਼ਿਕਾਰ ਪੀੜਤ ਪਰਿਵਾਰ ਉੱਤੇ ਤਰ੍ਹਾਂ-ਤਰ੍ਹਾਂ ਨਾਲ਼ ਸਮਝੌਤੇ ਲਈ ਦਬਾਅ ਪਾਇਆ ਅਤੇ 174 ਦੀ ਧਾਰਾ ਤਹਿਤ ਸਾਰਾ ਮਾਮਲਾ ਰਫਾ-ਦਫਾ ਕਰ ਦਿੱਤਾ ਗਿਆ। ਮਦਦ ਦੇ ਨਾਂ ‘ਤੇ ਸਿਰਫ਼ ਦੋ ਲੱਖ ਰੁਪਏ ਦਿੱਤੇ ਗਏ। ਯੂਨੀਅਨ ਨੇ ਵੀਹ ਲੱਖ ਮੁਆਵਜ਼ੇ ਦੀ ਮੰਗ ਰੱਖੀ ਸੀ। ਯੂਨੀਅਨ ਦੇ ਆਉਣ ਤੋਂ ਪਹਿਲਾਂ ਮਾਲਕ ਸਿਰਫ਼ ਵੀਹ ਹਜ਼ਾਰ ਰੁਪਏ ਦੇਣ ਦੀ ਗੱਲ ਕਹਿ ਰਿਹਾ ਸੀ। ਜਦੋਂ ਯੂਨੀਅਨ ਦੀ ਅਗਵਾਈ ਵਿੱਚ ਧਰਨਾ ਲੱਗਿਆ, ਨਾਅਰੇਬਾਜ਼ੀ ਹੋਈ ਤਾਂ ਤੁਰੰਤ ਮਾਲਕ ਦੋ ਲੱਖ ਰੁਪਏ ਦੇਣ ਦੀ ਗੱਲ ਕਹਿਣ ਲੱਗਿਆ। ਜੇਕਰ ਪੀੜਤ ਪਰਿਵਾਰ ਡਟੇ ਰਹਿੰਦੇ ਤਾਂ ਇਲਾਕੇ ਦੇ ਮਜ਼ਦੂਰਾਂ ਦੀ ਵੱਡੀ ਗਿਣਤੀ ਉਹਨਾਂ ਨਾਲ਼ ਖੜੀ ਹੁੰਦੀ ਅਤੇ ਇਸਤੋਂ ਕਿਤੇ ਵੱਧ ਮੁਆਵਜ਼ਾ ਮਿਲ਼ ਸਕਦਾ ਸੀ ਅਤੇ ਮਾਲਕ ਖਿਲਾਫ਼ ਸਖਤ ਕਾਰਵਾਈ ਕਰਵਾਈ ਜਾ ਸਕਦੀ ਸੀ। ਇਸ ਤਰ੍ਹਾਂ ਮਾਲਕ ਦੇ ਪੱਖ ਵਿੱਚ ਪੁਲੀਸ-ਪ੍ਰਸ਼ਾਸਨ ਨੇ ਬਹੱਦ ਘਟੀਆ ਕਾਰਗੁਜ਼ਾਰੀ ਪੇਸ਼ ਕੀਤੀ ਅਤੇ ਤਿੰਨ ਮਜ਼ਦੂਰਾਂ ਦੀ ਭਿਆਨਕ ਮੌਤ ਨੂੰ ਜੇਬਾਂ ਭਰਨ ਲਈ ਵਰਤਿਆ। ਵੋਟ-ਵਟੋਰੂ ਪਾਰਟੀਆਂ ਦਾ ਮਜ਼ਦੂਰ ਵਿਰੋਧੀ ਕਿਰਦਾਰ ਵੀ ਇਸ ਮਾਮਲੇ ਵਿੱਚ ਵੀ ਨੰਗਾ ਹੋਇਆ ਹੈ। ਅਕਾਲੀ ਦਲ, ਭਾਜਪਾ, ਆਪ, ਕਾਂਗਰਸ ਜਾਂ ਕਿਸੇ ਵੀ ਹੋਰ ਵੋਟ ਪਾਰਟੀ ਦੇ ਲੀਡਰਾਂ ਨੇ ਮਜ਼ਦੂਰਾਂ ਦੇ ਪੱਖ ਵਿੱਚ ਅਤੇ ਮਾਲਕ-ਪੁਲੀਸ ਖਿਲਾਫ਼ ਅਵਾਜ਼ ਨਹੀਂ ਉਠਾਈ। ਇਸ ਹਮਾਮ ਵਿੱਚ ਇਹ ਸਾਰੇ ਨੰਗੇ ਹਨ।

ਜੇਕਰ ਮਜ਼ਦੂਰਾਂ ਦੀ ਮੌਤ ਅੱਗ ਲੱਗਣ ਨਾਲ਼ ਹੋਈ ਹੈ ਅਤੇ ਇਹ ਇੱਕ ਹਾਦਸਾ ਹੈ ਤਾਂ ਇਸਦਾ ਕਸੂਰਵਾਰ ਸਪੱਸ਼ਟ ਰੂਪ ਵਿੱਚ ਮਾਲਕ ਹੀ ਹੈ। ਕਾਰਖਾਨੇ ਵਿੱਚ ਅੱਗ ਲੱਗਣ ਤੋਂ ਬਚਾਅ ਦਾ ਕੋਈ ਪ੍ਰਬੰਧ ਨਹੀਂ ਹੈ। ਅੱਗ ਲੱਗਣ ‘ਤੇ ਬੁਝਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਰਾਤ ਸਮੇਂ ਜਦ ਮਜ਼ਦੂਰ ਕੰਮ ‘ਤੇ ਅੰਦਰ ਹੁੰਦੇ ਹਨ ਤਾਂ ਬਾਹਰ ਤੋਂ ਜਿੰਦਰਾ ਲਗਾ ਦਿੱਤਾ ਜਾਂਦਾ ਹੈ। ਉਸ ਰਾਤ ਵੀ ਗੇਟ ਨੂੰ ਤਾਲਾ ਲੱਗਿਆ ਸੀ। ਜਿਸ ਕਮਰੇ ਵਿੱਚ ਅੱਗ ਲੱਗੀ ਉਸ ਤੋਂ ਬਾਹਰ ਨਿੱਕਲਣ ਦਾ ਇੱਕ ਹੀ ਰਾਹ ਸੀ ਜਿੱਥੇ ਭਿਆਨਕ ਅੱਗ ਭੜਕੀ ਹੋਈ ਸੀ। ਐਂਮਰਜੰਸੀ ਵਾਲ਼ੀ ਹਾਲਤ ਵਿੱਚ ਬਾਹਰ ਨਿੱਕਲਣ ਦਾ ਕੋਈ ਹੋਰ ਰਾਹ ਨਹੀਂ ਸੀ। ਇਹ ਕਾਰਖਾਨਾ ਇੱਕ ਵੱਡਾ ਕਾਰਖਾਨਾ ਹੈ ਜਿੱਥੇ ਲਗਭਗ 500 ਮਜ਼ਦੂਰ ਕੰਮ ਕਰਦੇ ਹਨ। ਕਰੋੜਾਂ ਦਾ ਕਾਰੋਬਾਰ ਕਰਨ ਵਾਲ਼ੇ, ਅਥਾਹ ਮੁਨਾਫ਼ਾ ਕਮਾਉਣ ਵਾਲ਼ੇ, ਹਰ ਸੁੱਖ-ਸੁਵਿਧਾ ਦਾ ਅਨੰਦ ਲੈਣ ਵਾਲ਼ੇ, ਅੱਯਾਸ਼ੀ ‘ਤੇ ਪਾਣੀ ਦੀ ਤਰ੍ਹਾਂ ਪੈਸਾ ਵਹਾਉਣ ਵਾਲ਼ੇ ਮਾਲਕ ਕੋਲ਼ ਕੀ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧਾਂ ਲਈ ਵੀ ਪੈਸਾ ਨਹੀਂ ਹੈ? ਦੌਲਤ ਅਥਾਹ ਹੈ, ਪਰ ਇਹ ਸਰਮਾਏਦਾਰ ਮਜ਼ਦੂਰਾਂ ਨੂੰ ਮਨੁੱਖ ਨਹੀਂ ਸਮਝਦੇ।  ਇਹਨਾਂ ਲਈ ਮਜ਼ਦੂਰ ਕੀੜੇ-ਮਕੌੜੇ ਹਨ ਜਾਂ ਸਿਰਫ਼ ਮਸ਼ੀਨਾਂ ਦੇ ਪੁਰਜੇ ਹਨ। ਕਾਰਖਾਨਾ ਸਿਰਫ਼ 7 ਤਰੀਕ ਨੂੰ ਬੰਦ ਰਿਹਾ ਹੈ। ਅੱਠ ਤਰੀਕ, ਐਤਵਾਰ ਤੋਂ ਕਾਰਖਾਨਾ ਫਿਰ ਤੋਂ ਚਲਾ ਦਿੱਤਾ ਗਿਆ ਹੈ। ਮਾਲਕ ਨੂੰ ਕੀ ਫ਼ਰਕ ਪੈਂਦਾ ਹੈ। ਤਿੰਨ ਮਜ਼ਦੂਰ ਹੀ ਤਾਂ ਮਰੇ ਹਨ!

ਇਸ ਲਈ ਇਹ ਕਹਿਣਾ ਜਰ੍ਹਾ ਵੀ ਅਤਿਕਥਨੀ ਨਹੀਂ ਹੈ ਕਿ ਇਹ ਮੌਤਾਂ ਹਾਦਸੇ ‘ਚ ਹੋਈਆਂ ਮੌਤਾਂ ਨਹੀਂ ਹਨ ਸਗੋਂ ਮੁਨਾਫ਼ੇ ਖਾਤਰ ਕੀਤੇ ਗਏ ਕਤਲ ਹਨ।

ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਰਤ ਵਿਭਾਗ ਦੇ ਅਫ਼ਸਰਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਨ੍ਹਾਂ ਦੀ ਕਾਰਖਾਨਿਆਂ ਵਿੱਚ ਸੁਰੱਖਿਆ ਦੇ ਪ੍ਰਬੰਧ ਕਰਾਉਣ ਦੀ ਜ਼ਿੰਮੇਵਾਰੀ ਹੈ। ਕਾਰਖਾਨਾ ਗੇਟ ਉੱਤੇ ਕੋਈ ਬੋਰਡ ਵੀ ਨਹੀਂ ਹੈ। ਮਜ਼ਦੂਰਾਂ ਨੂੰ ਈ.ਐਸ.ਆਈ., ਪੀ.ਐਫ., ਪਹਿਚਾਣ ਪੱਤਰ, ਬੋਨਸ, ਘੱਟੋ-ਘੱਟ ਤਨਖਾਹ ਜਿਹੇ ਕਨੂੰਨੀ ਕਿਰਤ ਹੱਕ ਵੀ ਨਹੀਂ ਮਿਲ਼ਦੇ। ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ ਨਹੀਂ ਹਨ। ਸਰਕਾਰੀ ਕਿਰਤ ਅਫ਼ਸਰ ਇਸ ਗੱਲ ਦਾ ਜਵਾਬ ਦੇਣ ਕਿ ਆਖਿਰ ਕਿਰਤ ਵਿਭਾਗ ਦੇ ਨੱਕ ਹੇਠ ਇਹ ਕਾਰਖਾਨਾ ਚੱਲ ਕਿਵੇਂ ਰਿਹਾ ਹੈ? ਆਖਰ ਕਿੰਨੀ ਰਿਸ਼ਵਤ ਲੈ ਕੇ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਨਾਲ਼ ਖੇਡਿਆ ਗਿਆ ਹੈ? ਇਹਨਾਂ ਕਿਰਤ ਅਫ਼ਸਰਾਂ ਨੂੰ ਜੇਲ੍ਹ ‘ਚ ਡੱਕਿਆ ਜਾਣਾ ਚਾਹੀਦਾ ਹੈ ਪਰ ਉਹਨਾਂ ‘ਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਹੋਈ ਹੈ।

ਜਿਨ੍ਹਾਂ ਕਾਰਨਾਂ ਕਰਕੇ 6 ਮਈ ਨੂੰ ਤਿੰਨ ਮਜ਼ਦੂਰ ਦਰਦਨਾਕ ਮੌਤ ਮਰੇ ਹਨ ਉਹ ਕਾਰਨ ਸਿਰਫ਼ ਗਿਆਨਚੰਦ ਡਾਈਂਗ ਤੱਕ ਹੀ ਸੀਮਤ ਨਹੀਂ ਹਨ। ਲੁਧਿਆਣਾ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਕਾਰਖਾਨਿਆਂ ਵਿੱਚ ਇਹੋ ਹਾਲਤਾਂ ਹਨ। ਕਿਤੇ ਕਾਰਖਾਨਿਆਂ ਦੀ ਇਮਾਰਤਾਂ ਡਿੱਗਣ ਕਾਰਨ ਮਜ਼ਦੂਰ ਮਾਰੇ ਜਾ ਰਹੇ ਹਨ, ਕਿਤੇ ਖਸਤਾਹਾਲ ਬੁਆਇਲਰ ਤੇ ਡਾਇੰਗ ਮਸ਼ੀਨਾਂ ਫਟ ਰਹੀਆਂ ਹਨ ਅਤੇ ਕਿਤੇ ਮਜ਼ਦੂਰ ਕਾਰਖਾਨਿਆਂ ‘ਚ ਅੱਗ ਨਾਲ਼ ਸੜ ਰਹੇ ਹਨ। ਸਨਅਤੀ ਹਾਦਸਿਆਂ ਵਿੱਚ ਕਦੇ ਵੀ ਮਾਲਕ ਨਹੀਂ ਮਰਦਾ, ਹਮੇਸ਼ਾਂ ਗਰੀਬ ਮਜ਼ਦੂਰ ਹੀ ਮਾਰੇ ਜਾਂਦੇ ਹਨ। ਚਲਦੇ ਕਾਰਖਾਨਿਆਂ ਨੂੰ ਮਾਲਕ ਬਾਹਰੋਂ ਜਿੰਦਰਾ ਲਗਾ ਕੇ ਚਲੇ ਜਾਂਦੇ ਹਨ (ਖਾਸਕਰ ਰਾਤ ਨੂੰ)। ਮਜ਼ਦੂਰਾਂ ਨੂੰ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋਣ ਲਈ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ। ਹਾਦਸਾ ਹੋਣ ‘ਤੇ ਸਰਕਾਰ, ਪੁਲਿਸ, ਪ੍ਰਸ਼ਾਸਨ, ਕਿਰਤ ਅਫ਼ਸਰ ਦੀ ਮਦਦ ਨਾਲ਼ ਸਰਮਾਏਦਾਰ ਮਾਮਲੇ ਰਫ਼ਾ-ਦਫਾ ਕਰ ਦਿੰਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਮਾਲਕ ਹਾਦਸੇ ਦਾ ਸ਼ਿਕਾਰ ਮਜ਼ਦੂਰਾਂ ਨੂੰ ਪਛਾਨਣ ਤੋਂ ਹੀ ਇਨਕਾਰ ਕਰ ਦਿੰਦੇ ਹਨ। ਮਜ਼ਦੂਰਾਂ ਨੂੰ ਨਾ ਤਾਂ ਕੋਈ ਪਹਿਚਾਣ ਪੱਤਰ ਦਿੱਤਾ ਜਾਂਦਾ ਹੈ ਅਤੇ ਨਾ ਹੀ ਪੱਕਾ ਹਾਜ਼ਰੀ ਕਾਰਡ। ਈ.ਐਸ.ਆਈ. ਤੇ ਈ.ਪੀ.ਐਫ. ਸਹੂਲਤਾਂ ਬਾਰੇ ਤਾਂ ਮਜ਼ਦੂਰਾਂ ਦੇ ਵੱਡੇ ਹਿੱਸੇ ਨੂੰ ਪਤਾ ਵੀ ਨਹੀਂ ਹੈ। ਇਨ੍ਹਾਂ ਹਾਲਤਾਂ ਵਿੱਚ ਮਾਲਕਾਂ ਲਈ ਹਾਦਸਿਆਂ ਦੀਆਂ ਘਟਨਾਵਾਂ ਨੂੰ ਦਬਾਉਣਾ ਅਸਾਨ ਹੋ ਜਾਂਦਾ ਹੈ।

ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸਰਮਾਏਦਾਰਾਂ ਦੇ ਜੰਗਲ਼ ਰਾਜ ਨੂੰ ਚੁਣੌਤੀ ਦੇਣੀ ਪਵੇਗੀ। ਮਜ਼ਦੂਰਾਂ ਨੂੰ ਲੁੱਟਣ, ਦਬਾਉਣ, ਕੁਚਲਣ ਵਾਲ਼ੇ ਸਰਮਾਏਦਾਰਾਂ,  ਸਰਕਾਰ, ਪੁਲੀਸ, ਪ੍ਰਸ਼ਾਸਨ, ਕਿਰਤ ਵਿਭਾਗ, ਸਿਆਸੀ ਲੀਡਰਾਂ, ਗੁੰਡਿਆਂ ਦੇ ਨਾਪਾਕ ਗਠਜੋੜ ਨੂੰ ਆਪਣੇ ਲੋਹ ਏਕੇ ਦੇ ਦਮ ‘ਤੇ ਲਲਕਾਰਨਾ ਹੋਵੇਗਾ। ਮਜ਼ਦੂਰਾਂ ਨੂੰ ਕੀੜੇ-ਮਕੌੜੇ ਅਤੇ ਮਸ਼ੀਨਾਂ ਦੇ ਪੁਰਜ਼ੇ ਸਮਝਣ ਵਾਲ਼ੀ ਸਰਮਾਏਦਾਰ ਜਮਾਤ ਨੂੰ ਆਪਣੇ ਨਿਆਂਪੂਰਣ ਘੋਲ਼ ਰਾਹੀਂ ਦੱਸਣਾ ਹੋਵੇਗਾ ਕਿ ਅਸੀਂ ਮਨੁੱਖ ਹਾਂ, ਕਿ ਅਸੀਂ ਇਹ ਗੁਲਾਮੀ ਵਾਲ਼ੀ ਜਿੰਦਗੀ ਹੋਰ ਨਹੀਂ ਜੀਵਾਂਗੇ। ਮਜ਼ਦੂਰਾਂ ਨੂੰ ਇਕਮੁੱਠ ਹੋ ਕੇ ਕਾਰਖਾਨਿਆਂ ਵਿੱਚ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕਰਾਉਣੇ ਹੋਣਗੇ। ਮਜ਼ਦੂਰਾਂ ਦੇ ਜਾਗੇ ਬਿਨਾਂ, ਇੱਕਮੁੱਠ ਹੋਏ ਬਿਨਾਂ ਉਹਨਾਂ ਦੀ ਜ਼ਿੰਦਗੀ ਨਹੀਂ ਬਦਲਣ ਵਾਲ਼ੀ। ਮਜ਼ਦੂਰਾਂ ਦੇ ਇਸ ਸੰਘਰਸ਼ ਵਿੱਚ ਹਰ ਇਨਸਾਫ਼ਪਸੰਦ ਵਿਅਕਤੀ ਨੂੰ, ਹਰ ਇਨਸਾਫ਼ਪਸੰਦ ਨੌਜਵਾਨ, ਵਿਦਿਆਰਥੀ, ਬੁੱਧੀਜੀਵੀ ਨੂੰ ਅੱਗੇ ਵਧ ਕੇ ਸਾਥ ਦੇਣਾ ਚਾਹੀਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements